ਏਡਜ਼ ਦੇ ਮਰੀਜ਼ਾਂ ਦਾ ਪੱਕਾ ਇਲਾਜ

– ਡਾ. ਗੁਰੂਮੇਲ ਸਿੱਧੂ
ਜਪਾਨ ਦੇ ਵਿਗਿਆਨੀਆਂ ਨੇ ‘ਏਡਜ਼’ (ਏਆਈਡੀਐਸ : ਐਕੁਆਇਰਡ ਇਮਿਊਨੋ-ਡੈਫੀਸ਼ੈਂਸੀ ਸਿੰਡਰੋਮ) ਕਰਨ ਵਾਲੀ ਵਾਇਰਸ ਐੱਚਆਈਵੀ ਦੇ ਜੀਨਾਂ ਨੂੰ ਸਦਾ ਲਈ ਨਿਕਾਰਾ ਕਰਨ ਦਾ ਰਾਹ ਲੱਭ ਲਿਆ ਹੈ। ਇਸ ਨਵੀਂ ਤਕਨੀਕ ਬਾਰੇ ਲਿਖਣ ਤੋਂ ਪਹਿਲਾਂ ਸੰਖੇਪ ਵਿਚ ਇਹ ਜਾਣਨਾ ਜ਼ਰੂਰੀ ਹੈ ਕਿ ਏਡਜ਼ ਕੀ ਹੈ ਅਤੇ ਇਹ ਬੰਦੇ ਨੂੰ ਹੁੰਦੀ ਕਿਸ ਤਰ੍ਹਾਂ ਹੈ।
ਏਡਜ਼ ਹੋਣ ਦੇ ਕਾਰਨ : ਏਡਜ਼ ਇਕ ਵਾਇਰਸ ਰਾਹੀਂ ਹੁੰਦੀ ਹੈ ਜਿਸ ਨੂੰ ਐੱਚਆਈਵੀ (ਹਿਊਮਨ ਇਮਿਊਨੋ-ਡੈਫੀਸ਼ੈਂਸੀ ਵਾਇਰਸ) ਕਹਿੰਦੇ ਹਨ। ਇਹ ਬਿਮਾਰੀ ਪਿੱਤਰੀ ਵਿਰਸੇ ‘ਚੋਂ ਨਹੀਂ ਮਿਲਦੀ, ਅਰਥਾਤ, ਪੀੜ੍ਹੀ-ਦਰ-ਪੀੜ੍ਹੀ ਨਹੀਂ ਚੱਲਦੀ; ਬੰਦੇ ਦੀਆਂ ਆਪਣੀਆਂ ਕਰਤੂਤਾਂ ਕਾਰਨ ਹੁੰਦੀ ਹੈ। ਕਰਤੂਤਾਂ ਵਿਚ ਮੁੱਖ ਕਾਰਨ ਏਡਜ਼ ਦੇ ਮਰੀਜ਼ਾਂ ਨਾਲ ਸੰਭੋਗ ਹਨ। ਮੂਲ ਰੂਪ ਵਿਚ ਏਡਜ਼ ਦੇ ਮਰੀਜ਼ਾਂ ਦੇ ਤਰਲ ਪਦਾਰਥ ਦਾ ਸਰੀਰ ਦੇ ਅੰਦਰ ਜਾਣਾ ਹੈ। ਤਰਲ ਪਦਾਰਥਾਂ ਵਿਚ ਵੀਰਜ, ਗੁਦਾ ਤੇ ਭਗ ਰਸਾਅ, ਛਾਤੀ ਦਾ ਦੁੱਧ ਆਦਿ ਸ਼ਾਮਿਲ ਹਨ। ਇਹ ਰਸਾਅ ਬੰਦੇ ਦੇ ਅੰਦਰ ਲਹੂ ਵਿਚ ਪ੍ਰਵੇਸ਼ ਕਰ ਜਾਂਦੇ ਹਨ। ਕਾਰਨ ਇਹ ਹੈ ਕਿ ਭਗ, ਗੁਦਾ ਅਤੇ ਮੂੰਹ ਦੀਆਂ ਝਿੱਲੀਆਂ ਨਰਮ ਹੁੰਦੀਆ ਹਨ ਜੋ ਛੇਤੀ ਝਰੀਟੀਆਂ ਜਾਂਦੀਆਂ ਹਨ। ਕੁਝ ਹੋਰ ਕਾਰਨ ਵੀ ਹਨ ਜਿਵੇਂ ਏਡਜ਼ ਵਾਲੇ ਬੰਦੇ ਦਾ ਲਹੂ ਤੰਦਰੁਸਤ ਬੰਦੇ ਵਿਚ ਚਾੜ੍ਹਨਾ, ਨਸ਼ੇ-ਪੱਤੇ ਵਾਲੀਆਂ ਸੂਈਆਂ ਵਰਤਣਾ ਅਤੇ ਦੰਦੀ ਵੱਢਣਾ ਆਦਿ। ਏਡਜ਼ ਵਾਲੇ ਬੰਦੇ ਦੇ ਥੁੱਕ, ਮੁੜ੍ਹਕੇ, ਅੱਥਰੂ ਅਤੇ ਸੀਂਢ ਵਗੈਰ ਵਿਚ ਵੀ ਏਡਜ਼ ਦੇ ਕਣ ਹੁੰਦੇ ਹਨ, ਪਰ ਇਨ੍ਹਾਂ ਦਾ ਤੰਦਰੁਸਤ ਬੰਦੇ ਦੇ ਸਰੀਰ ‘ਤੇ ਪੈਣ/ਲੱਗਣ ਨਾਲ ਏਡਜ਼ ਨਹੀਂ ਹੁੰਦੀ। ਜਿਵੇਂ ਉਪਰ ਲਿਖਿਆ ਹੈ, ਤਰਲ ਪਦਾਰਥਾਂ ਦਾ ਬੰਦੇ ਦੇ ਲਹੂ ਵਿਚ ਜਾਣ ਨਾਲ ਇਹ ਬਿਮਾਰੀ ਹੁੰਦੀ ਹੈ।
ਏਡਜ਼ ਮਰੀਜ਼ ਨੂੰ ਕਿਵੇਂ ਮਾਰਦੀ ਹੈ : ਸਰੀਰ ਦੇ ਲਹੂ ਵਿਚ ਮੁੱਖ ਤੌਰ ‘ਤੇ ਦੋ ਕਿਸਮ ਦੇ ਕੋਸ਼ ਹਨ: ਲਾਲ ਅਤੇ ਚਿੱਟੇ। ਲਾਲ ਕੋਸ਼ ਸਰੀਰ ਵਿਚ ਔਕਸੀਜਨ ਅਤੇ ਤਾਕਤ ਪਹੁੰਚਾਉਂਦੇ ਹਨ ਅਤੇ ਚਿੱਟੇ ਕੋਸ਼ ਰੋਗਾਂ ਤੋਂ ਬਚਾਉਂਦੇ ਹਨ। ਰੋਗ ਦੋ ਕਿਸਮ ਦੇ ਹਨ: ਜਮਾਂਦਰੂ ਅਤੇ ਛੂਤ-ਛਾਤ ਦੇ ਕਟਾਣੂਆਂ ਕਾਰਨ ਲੱਗਣ ਵਾਲੇ। ਏਡਜ਼ ਵਾਇਰਸ ਛੂਤ-ਛਾਤ ਦੀਆਂ ਬਿਮਾਰੀਆਂ ਵਿਚ ਗਣੀ ਜਾਂਦੀ ਹੈ। ਇਹ ਚਿੱਟੇ ਕੋਸ਼ਾਂ ਅੰਦਰ ਦਾਖ਼ਲ ਹੋ ਕੇ, ਆਪਣੇ ਜੀਨਜ਼ ਰਾਹੀਂ, ਸਰੀਰ ਦੇ ਰੋਗ-ਸੁਰੱਖਿਅਤ ਪ੍ਰਬੰਧ ‘ਤੇ ਕਾਬੂ ਪਾ ਲੈਂਦੀ ਹੈ, ਅਰਥਾਤ, ਚਿੱਟੇ ਕੋਸ਼ਾਂ ਨੂੰ ਦਾਗੀ ਕਰਦੀ ਹੈ। ਚਿੱਟੇ ਕੋਸ਼ਾਂ ਅੰਦਰ ਹੋਰ ਕਾਪੀਆਂ ਬਣਾਉਂਦੀ ਹੈ। ਜਦ ਚਿੱਟੇ ਕੋਸ਼ ਵਾਇਰਸ ਦੀਆਂ ਕਾਪੀਆਂ ਨਾਲ ਤੂੜੇ ਜਾਂਦੇ ਹਨ, ਤਾਂ ਫਟ ਜਾਂਦੇ ਹਨ। ਫਟਣ ਮਗਰੋਂ ਵਾਇਰਸ ਦੇ ਕਣ ਨਰੋਗ ਚਿੱਟੇ ਕੋਸ਼ਾਂ ਅੰਦਰ ਦਾਖ਼ਲ ਹੋ ਜਾਂਦੇ ਹਨ। ਇਉਂ ਚੱਕਰ ਚੱਲਦਾ ਰਹਿੰਦਾ ਜਿਸ ਕਰ ਕੇ ਸਰੀਰ ਵਿਚ ਚਿੱਟੇ ਕੋਸ਼ਾਂ ਦੀ ਗਿਣਤੀ ਘਟ ਜਾਂਦੀ ਹੈ। ਸਿਹਤਮੰਦ ਬੰਦੇ ਵਿਚ ਚਿੱਟੇ ਕੋਸ਼ਾਂ ਦੀ ਗਿਣਤੀ 500-1500 ਵਿਚਕਾਰ ਹੁੰਦੀ ਹੈ, ਪਰ ਏਡਜ਼ ਦੇ ਮਰੀਜ਼ਾਂ ਵਿਚ ਇਹ ਘਟ ਕੇ 200 ਤੋਂ ਹੇਠਾਂ ਰਹਿ ਜਾਂਦੀ ਹੈ। ਫਲਸਰੂਪ, ਸਰੀਰ ਵਿਚ ਛੂਤ-ਛਾਤ ਦੀਆਂ ਬਿਮਾਰੀਆਂ ਪੈਦਾ ਕਰਨ ਵਾਲੇ ਕਟਾਣੂਆਂ ਨੂੰ ਰੋਕਣ ਦੀ ਸ਼ਕਤੀ ਨਹੀਂ ਰਹਿੰਦੀ, ਹਰ ਕਿਸਮ ਦੇ ਬਿਮਾਰੀ ਪੈਦਾ ਕਰਨ ਵਾਲੇ ਕਟਾਣੂ (ਬੈਕਟੇਰੀਆ, ਉੱਲੀ ਅਤੇ ਵਾਇਰਸ ਆਦਿ) ਸਰੀਰ ਨੂੰ ਆ ਚਿੰਬੜਦੇ ਹਨ। ਸਰੀਰ ਇੱਕ ਤਰ੍ਹਾਂ ਨਾਲ ਬਿਮਾਰੀਆਂ ਦਾ ਕਬਰਸਤਾਨ ਬਣ ਜਾਂਦਾ ਹੈ। ਅਜਿਹੀ ਹਾਲਤ ਕਰ ਕੇ ਕਿਹਾ ਜਾਂਦਾ ਹੈ ਕਿ ਬੰਦੇ ਨੂੰ ਏਡਜ਼ ਹੋ ਗਈ ਹੈ। ਐਚ.ਆਈ.ਵੀ. ਬਜਾਤੇ ਖ਼ੁਦ ਇਨਸਾਨ ਨੂੰ ਨਹੀਂ ਮਾਰਦੀ, ਇਹ ਹੋਰ ਬਿਮਾਰੀਆਂ ਪੈਦਾ ਕਰਨ ਦਾ ਸਾਧਨ ਬਣਦੀ ਹੈ ਜਿਨ੍ਹਾਂ ਕਰ ਕੇ ਬੰਦਾ ਮੌਤ ਦੇ ਦਰ ‘ਤੇ ਢੁੱਕ ਜਾਂਦਾ ਹੈ।
ਏਡਜ਼ ਦਾ ਕੱਚਾ ਇਲਾਜ : ਸ਼ੁਰੂ ਸ਼ੁਰੂ ਵਿਚ ਏਡਜ਼ ਦਾ ਕੋਈ ਇਲਾਜ ਨਹੀਂ ਸੀ, ਬੰਦੇ ਅਕਸਰ ਮਰ ਜਾਂਦੇ ਸਨ। ਸਮੇਂ ਨਾਲ ਕੁੱਝ ਦਵਾਈਆਂ ਹੋਂਦ ਵਿਚ ਆਈਆਂ ਜਿਨ੍ਹਾਂ ਰਾਹੀਂ ਏਡਜ਼ ‘ਤੇ ਕਾਬੂ ਤਾਂ ਨਹੀਂ ਪਿਆ, ਪਰ ਬੰਦੇ ਮਰਨ ਤੋਂ ਬਚਣ ਲੱਗ ਪਏ। ਇਹ ਦਵਾਈਆਂ ਤਿੰਨ ਪੱਧਰ ‘ਤੇ ਕੰਮ ਕਰਦੀਆਂ ਹਨ। ਪਹਿਲਾ, ਇਹ ਐਚਆਈਵੀ ਨੂੰ ਚਿੱਟੇ ਕੋਸ਼ ਅੰਦਰ ਦਾਖ਼ਲ ਹੋਣ ਤੋਂ ਰੋਕਦੀਆਂ ਹਨ; ਦੂਜਾ, ਵਾਇਰਸ ਦੇ ਚਿੱਟੇ ਕੋਸ਼ਾਂ ਦੇ ਡੀ.ਐਨ.ਏ. ਵਿਚ ਘੁਸਣ ‘ਤੇ ਕਾਬੂ ਪਾਉਂਦੀਆਂ ਹਨ ਅਤੇ ਤੀਜਾ, ਚਿੱਟੇ ਕੋਸ਼ਾਂ ਅੰਦਰ ਹੋਰ ਕਾਪੀਆਂ ਬਣਾਉਣ ‘ਤੇ ਰੋਕ ਲਾਉਂਦੀਆਂ ਹਨ। ਆਮ ਭਾਸ਼ਾ ਵਿਚ ਇਨਾਂ ਦਵਾਈਆਂ ਦੇ ਸਮੂਹ ਨੂੰ ਏਡਜ਼-ਕੌਕਟੇਲ ਕਿਹਾ ਜਾਂਦਾ ਹੈ। ਇਨ੍ਹਾਂ ਦਵਾਈਆਂ ਨੂੰ ਵਰਤਣ ਨਾਲ ਏਡਜ਼ ਵਾਇਰਸ ਨਸ਼ਟ ਨਹੀਂ ਹੁੰਦੀ, ਚਿੱਟੇ ਕੋਸ਼ਾਂ ਵਿਚ ਲੁਕੀ ਰਹਿੰਦੀ ਹੈ। ਜਦ ਚਿੱਟੇ ਕੋਸ਼ ਮਰਦੇ ਹਨ ਤਾਂ ਨਵੇਂ ਕੋਸ਼ਾਂ ਵਿਚ ਦਾਖ਼ਲ ਹੋ ਜਾਂਦੀ ਹੈ।
ਏਡਜ਼ ਦਾ ਪੱਕਾ ਇਲਾਜ : ਹੁਣ ਸਵਾਲ ਇਹ ਹੈ ਕਿ ਜੇ ਐਚ.ਆਈ.ਵੀ. ਦੇ ਬਿਮਾਰੀ ਪੈਦਾ ਕਰਨ ਵਾਲੇ ਜੀਨਜ਼ ਨੂੰ ਨਫਿੱਟ ਕਰ ਦਿੱਤਾ ਜਾਵੇ ਤਾਂ ਏਡਜ਼ ਦਾ ਪੱਕਾ ਇਲਾਜ ਸੰਭਵ ਹੈ। ਜਪਾਨ ਦੇ ਸਾਇੰਸਦਾਨਾਂ ਨੇ ਕੁਝ ਅਜਿਹਾ ਹੀ ਕਰ ਦਿਖਾਇਆ ਹੈ। ਜਪਾਨ ਦੇ ਵਿਗਿਆਨੀ ਯੋਸ਼ੀਜ਼ੂਮੀ ਇਸ਼ੀਨੋ ਨੇ 1987 ਵਿਚ ਡੀਐੱਨਏ ਦੀ ਛੋਟੀ ਜਿਹੀ ਲੜੀ ਲੱਭੀ ਸੀ ਜਿਸ ਨੂੰ ‘ਕ੍ਰਿਸਪਰ’ ਦਾ ਨਾਂ ਦਿੱਤਾ। ਇਹ ਨਾਂ ਦੇਣ ਪਿੱਛੇ ਬਹੁਤ ਸਾਰੀ ਗੁੰਝਲਦਾਰ ਜਨੈਟਿਕ ਤਕਨੋਲੋਜੀ ਹੈ। ਕ੍ਰਿਸਪਰ ਛੋਟੇ-ਮੋਟੇ ਕਟਾਣੂਆਂ ਵਿਚ ਕੁਦਰਤੀ ਹੁੰਦੀ ਹੈ ਜੋ ਜੀਵਾਂ ਦੀਆਂ ਬਿਮਾਰੀਆਂ ਨੂੰ ਰੋਕਣ ਦਾ ਕੰਮ ਕਰਦੀ ਹੈ।
ਹੁਣ ਅਗਲਾ ਸਵਾਲ ਹੈ ਕਿ ਕ੍ਰਿਸਪਰ ਬਿਮਾਰੀਆਂ ਨੂੰ ਕਿਵੇਂ ਰੋਕਦੀ ਹੈ? ਇਹ ਇਕ ਪ੍ਰਕਾਰ ਦੀ ਕੈਂਚੀ ਜਾਂ ਫਾਨਾ ਹੈ ਜੋ ਬਿਮਾਰੀ ਪੈਦਾ ਕਰਨ ਵਾਲੇ ਜੀਨਜ਼ ਨੂੰ ਕੱਟ-ਵੱਡ ਕੇ ਟੁਕੜੇ ਕਰ ਦਿੰਦੀ ਹੈ, ਜਾਂ ਫਾਨੇ ਵਾਂਗ ਡੁਕ ਕੇ ਇਨ੍ਹਾਂ ਦੇ ਕਰਤਵ ਨੂੰ ਨਕਾਰਾ ਬਣਾ ਦਿੰਦੀ ਹੈ। ਫਲਸਰੂਪ, ਜੀਨਜ਼ ਕੰਮ ਕਰਨੋਂ ਹਟ ਜਾਂਦੇ ਹਨ। ਜੇ ਕ੍ਰਿਸਪਰ ਨੂੰ ਏਡਜ਼ ਵਾਇਰਸ ਦੇ ਬਿਮਾਰੀ ਪੈਦਾ ਕਰਨ ਵਾਲੇ ਜੀਨਜ਼ ਵਿਚ ਠੋਕ ਦਿੱਤਾ ਜਾਵੇ ਤਾਂ ਇਹ ਸਦਾ ਲਈ ਬਿਮਾਰੀ ਪੈਦਾ ਕਰਨ ਦੇ ਕਾਬਿਲ ਨਹੀਂ ਰਹਿਣਗੇ।
ਜਪਾਨ ਦੀ ਕੋਬੇ ਯੂਨੀਵਰਸਿਟੀ ਦੇ ਵਿਗਿਆਨੀਆਂ ਮਾਸਾਨੋਰੀ ਕਮਿਓਕਾ ਅਤੇ ਸਾਥੀਆਂ ਨੇ ਕੁਝ ਅਜਿਹਾ ਹੀ ਕੀਤਾ ਹੈ। ਐਚ.ਆਈ.ਵੀ. ਵਿਚ ਦੋ ਜੀਨਜ਼ ਹਨ ਜਿਨ੍ਹਾਂ ਨੂੰ ਟਾਟ ਤੇ ਰੈਵ ਦਾ ਨਾਂ ਦਿੱਤਾ ਹੈ। ਇਹ ਜੀਨਜ਼ ਚਿੱਟੇ ਕੋਸ਼ਾਂ ਵਿਚ ਵਾਇਰਸ ਦੀਆਂ ਕਾਪੀਆਂ ਬਣਾਉਣ ਵਿਚ ਸਹਾਈ ਹੁੰਦੇ ਹਨ। ਕ੍ਰਿਸਪਰ ਨੂੰ ਇਨ੍ਹਾਂ ਜੀਨਜ਼ ਵਿਚ ਫਾਨੇ ਵਾਂਗ ਠੋਕ ਕੇ ਏਡਜ਼ ਦੇ ਪੱਕੇ ਇਲਾਜ ਲਈ ਰਾਹ ਖੁੱਲ੍ਹ ਗਿਆ ਹੈ। ਉਹ ਦਿਨ ਦੂਰ ਨਹੀਂ ਜਦ ਕ੍ਰਿਸਪਰ ਨੂੰ ਏਡਜ਼ ਰੋਕਣ ਦੀ ਬਿਮਾਰੀ ਦੀ ਦਵਾਈ ਵਜੋਂ ਵਰਤਿਆ ਜਾਵੇਗਾ।