ਭਾਰਤ ਸਰਕਾਰ ਨੇ ਪਤਨੀਆਂ ਛੱਡਣ ਵਾਲੇ NRI ਲਾੜਿਆਂ ਦੇ ਪਾਸਪੋਰਟ ਕੀਤੇ ਰੱਦ

ਚੰਡੀਗੜ੍ਹ: ਆਪਣੀਆਂ ਪਤਨੀਆਂ ਨੂੰ ਇਕੱਲਿਆਂ ਛੱਡ ਵਿਦੇਸ਼ ਦੌੜਨ ਵਾਲੇ ਅੱਠ ਐਨਆਰਆਈ ਲਾੜਿਆਂ ਦੇ ਪਾਸਪੋਰਟ ਰੱਦ ਕਰ ਦਿੱਤੇ ਗਏ ਹਨ। ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਇਸ ਗੱਲ ਦਾ ਖੁਲਾਸਾ ਕੀਤਾ ਹੈ।
ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਉਨ੍ਹਾਂ ਨੂੰ 70 ਸ਼ਿਕਾਇਤਾਂ ਮਿਲੀਆਂ ਸਨ, ਜਿਸ ‘ਤੇ ਕਾਰਵਾਈ ਕਰਦਿਆਂ ਅੱਠ ਐਨਆਰਆਈਜ਼ ਦੇ ਪਾਸਪੋਰਟ ਰੱਦ ਕਰ ਦਿੱਤੇ ਗਏ ਹਨ। ਉਨ੍ਹਾਂ ਵਿਰੁੱਧ ਲੁੱਕਆਊਟ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ। ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਅਜਿਹੇ ਵਿਆਹਾਂ ਲਈ ਆਨਲਾਈਨ ਪੋਰਟਲ ਤਾਂ ਤਿਆਰ ਕੀਤਾ ਹੋਇਆ ਹੈ ਪਰ ਹਾਲੇ ਇਹ ਚਾਲੂ ਨਹੀਂ ਹੋਇਆ ਹੈ।
ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਬੁੱਧਵਾਰ ਨੂੰ ਸਾਰੇ ਸੂਬਿਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਐਨਆਰਆਈ ਲਾੜਿਆਂ ਦੇ ਵਿਆਹਾਂ ਨੂੰ ਤੁਰੰਤ ਰਜਿਸਟਰ ਕੀਤਾ ਜਾਵੇ ਤਾਂ ਜੋ ਪੋਰਟਲ ਨੂੰ ਤੁਰੰਤ ਚਾਲੂ ਕੀਤਾ ਜਾ ਸਕੇ।
ਮੰਤਰਾਲੇ ਨੇ ਇਸ ਤੋਂ ਪਹਿਲਾਂ ਇਹ ਵੀ ਕਿਹਾ ਸੀ ਕਿ ਐਨਆਰਆਈ ਵਿਆਹਾਂ ਨੂੰ ਸੱਤ ਦਿਨਾਂ ਦੇ ਅੰਦਰ ਅੰਦਰ ਰਜਿਸਟਰ ਕੀਤਾ ਜਾਵੇ ਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਇਸ ਵਿੱਚ ਸ਼ਾਮਲ ਲੋਕਾਂ ਨੂੰ ਪਾਸਪੋਰਟ ਤੇ ਵੀਜ਼ਾ ਨਹੀਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਮੰਤਰਾਲੇ ਨੇ ਇਹ ਵੀ ਤਜਵੀਜ਼ ਹੈ ਕਿ ਆਪਣੀ ਪਤਨੀ ਨੂੰ ਛੱਡ ਜਾਣ ਵਾਲੇ ਐਨਆਰਆਈ ਦੀ ਭਾਰਤ ਵਿੱਚ ਜਾਇਦਾਦ ਵੀ ਜ਼ਬਤ ਕੀਤੀ ਜਾ ਸਕਦੀ ਹੈ।

Leave a Reply

Your email address will not be published. Required fields are marked *