ਕ੍ਰਿਕਟ ਦੇ ਆਸਮਾਨ ‘ਤੇ ਛਾ ਗਏ ਵਿਰਾਟ

ਨਵੀਂ ਦਿੱਲੀ: ਹਾਲ ਹੀ ‘ਚ ਭਾਰਤ-ਇੰਗਲੈਂਡ ਦਰਮਿਆਨ ਖੇਡੀ ਗਈ ਵਨ ਡੇਅ ਸੀਰੀਜ਼ ‘ਚ ਵਿਰਾਟ ਕੋਹਲੀ ਨੇ ਆਪਣੇ ਲਾਜਵਾਬ ਪ੍ਰਦਰਸ਼ਨ ਜ਼ਰੀਏ ਪੁਰਸ਼ ਓਡੀਆਈ ਰੈਕਿੰਗ ‘ਚ ਆਪਣੀ ਜਗ੍ਹਾ ਪੱਕੀ ਕਰ ਲਈ। ਭਾਰਤ ਦੇ ਨੌਜਵਾਨ ਸਪਿਨਰ ਕੁਲਦੀਪ ਯਾਦਵ ਵੀ ਟਾਪ 10 ਗੇਂਦਬਾਜ਼ਾਂ ਦੀ ਸੂਚੀ ‘ਚ ਆਪਣੀ ਜਗ੍ਹਾ ਬਣਾਉਣ ‘ਚ ਕਾਮਯਾਬ ਰਹੇ।
ਭਾਵੇਂ ਭਾਰਤ ਇੰਗਲੈਂਡ ਤੋਂ ਵਨ ਡੇਅ ਸੀਰੀਜ਼ ‘ਚ 2-1 ਇੱਕ ਨਾਲ ਹਾਰ ਗਿਆ ਹੈ ਪਰ ਵਿਰਾਟ ਨੇ ਤਿੰਨਾਂ ਮੈਚਾਂ ‘ਚ 75, 45 ਤੇ 71 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਦਿਆਂ ਕੁੱਲ 191 ਰਨ ਬਣਾਏ। ਇਸੇ ਬਦੌਲਤ ਵਿਰਾਟ ਵਨ ਡੇਅ ਰੈਂਕਿੰਗ ‘ਚ ਟਾਪ ਸਥਾਨ ਹਾਸਲ ਕਰ ਸਕਿਆ ਹੈ। ਵਿਰਾਟ ਦੇ ਸਭ ਤੋਂ ਵਧ 911 ਪੁਆਇੰਟ ਹਨ।
ਇਸ ਸੂਚੀ ‘ਚ ਇੰਗਲੈਂਡ ਨੂੰ ਆਪਣੇ ਸੈਂਕੜੇ ਜ਼ਰੀਏ ਆਖਰੀ ਮੈਚ ਜਿਤਾਉਣ ਵਾਲੇ ਰੂਟ ਦੂਜੇ ਸਥਾਨ ‘ਤੇ ਹਨ। ਰੂਟ ਨੇ ਲਾਰਡਸ ਮੈਦਾਨ ‘ਚ 113 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਇਸੇ ਕਾਰਨ ਉਹ ਛੇਵੇਂ ਸਥਾਨ ਤੋਂ ਸਿੱਧਾ ਦੂਜੇ ਸਥਾਨ ਪਹੁੰਚ ਗਏ। ਰੂਟ ਦੇ ਕੁੱਲ ਪੁਆਇੰਟ 818 ਹਨ।
ਤੀਜੇ ਸਥਾਨ ‘ਤੇ ਪਾਕਿਸਤਾਨ ਦੇ ਬੱਲੇਬਾਜ਼ ਬਾਬਰ ਆਜ਼ਮ ਹਨ ਜਦਕਿ ਰੋਹਿਤ ਸ਼ਰਮਾ ਨੂੰ ਚੌਥਾ ਸਥਾਨ ਹਾਸਲ ਹੋਇਆ ਹੈ। ਡੇਵਿਡ ਵਾਰਨਰ ਤੀਜੇ ਤੋਂ ਪੰਜਵੇਂ ਨੰਬਰ ‘ਤੇ ਪਹੁੰਚ ਗਏ ਹਨ ਤੇ ਨਿਊਜ਼ੀਲੈਂਡ ਦੇ ਰਾਸ ਟੇਲਰ ਛੇਵੇਂ ਨੰਬਰ ‘ਤੇ ਹਨ।
ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਅਫਗਾਨਿਸਤਾਨ ਦੇ ਰਾਸ਼ਿਦ ਖਾਨ 763 ਪੁਆਇੰਟਾਂ ਨਾਲ ਗੇਂਦਬਾਜਾਂ ਦੀ ਰੈਕਿੰਗ ‘ਚ ਦੂਜੇ ਸਥਾਨ ਤੇ ਹਨ ਜਦਕਿ ਕੁਲਦੀਪ ਯਾਦਵ 684 ਪੁਆਇੰਟਾਂ ਨਾਲ ਛੇਵੇਂ ਸਥਾਨ ‘ਤੇ ਹਨ।