ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕਵਾਇਦ

ਮਹੀਪਾਲ

ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐਸ ਐਸ) ਦੇ ਮੁਖੀ ਮੋਹਣ ਭਾਗਵਤ ਵੱਲੋਂ ਦੁਸਹਿਰੇ ਮੌਕੇ, ਸੰਘ ਦੇ ਨਾਗਪੁਰ ਵਿਚਲੇ ਹੈੱਡ ਕੁਆਟਰ ਤੋਂ ਕੀਤੇ ਗਏ ਸੰਬੋਧਨ ਤੋਂ ਇਹ ਗੱਲ ਫਿਰ ਸਹੀ ਸਿੱਧ ਹੋਈ ਹੈ ਕਿ ‘ਸੰਘ’ ਦੀਆਂ ਨਜ਼ਰਾਂ ਵਿਚ ਸੰਵਿਧਾਨ/ਕਾਨੂੰਨ, ਲੋਕਰਾਜੀ ਕਦਰਾਂ ਤੇ ਸੈਕੁਲਰ ਸਰੋਕਾਰਾਂ ਦੀ ਕਾਣੀ ਕੌਡੀ ਬਰਾਬਰ ਵੀ ਕੀਮਤ ਨਹੀਂ। ਕੇਂਦਰੀ ਮੰਤਰੀਆਂ ਨਿਤਿਨ ਗਡਕਰੀ ਤੇ ਕੇ. ਅਲਫ਼ਾਂਸੋ ਅਤੇ ਮਹਾਰਾਸ਼ਟਰਾ ਦੇ ਮੁੱਖ ਮੰਤਰੀ ਦੇਵਿੰਦਰ ਫੜਨਵੀਸ ਦਾ ਇਸ ‘ਵਿਸਫੋਟਕ ਸਿਆਸੀ ਭਾਸ਼ਣ’ ਦੌਰਾਨ ਦੰਡਵਤ ਖੜ੍ਹੇ ਹੋਣਾ, ਮੋਦੀ ਸਰਕਾਰ ਦੇ ਹੁੰਦਿਆਂ, ਆਰ.ਐਸ.ਐਸ. ਦੀ ਵਧੀ ਹੈਸੀਅਤ, ਪੁੱਗਤ ਅਤੇ ਹਰ ਦਰਜੇ ਦੇ ਸਰਕਾਰੀ ਕਾਰ ਵਿਹਾਰ ‘ਚ ਇਸ ਦੇ ਅਯੋਗ ਦਖ਼ਲ ਦੀ ਪੁਸ਼ਟੀ ਕਰਦਾ ਹੈ। ਇਹ ਮੋਦੀ ਸਰਕਾਰ ਹੀ ਹੈ, ਜਿਸ ਨੇ 2014 ‘ਚ ਗੱਦੀ ‘ਤੇ ਕਬਜ਼ਾ ਕਰਨ ਪਿਛੋਂ, ਸੰਘ ਪ੍ਰਮੁਖ ਦੇ ਨਾਗਪੁਰ ਤੋਂ ਹਰ ਸਾਲ ਦੁਸਹਿਰੇ ਮੌਕੇ ਦਿੱਤੇ ਜਾਣ ਵਾਲੇ ਪਰੰਪਰਾਗਤ ਭਾਸ਼ਣ ਦੀ, ਸਰਕਾਰੀ ਮਾਲਕੀ ਵਾਲੇ ਦੂਰਦਰਸ਼ਨ ਤੋਂ ਅੱਖਰ-ਅੱਖਰ ਪ੍ਰਸਾਰਤ ਕਰਨ ਦੀ ਅਵੱਲੀ ਅਤੇ ਕੋਝੀ ਪਿਰਤ ਪਾਈ ਹੈ। ਮੋਦੀ ਸਰਕਾਰ ਨੇ, ਸੰਘ ਮੁਖੀ ਦੇ ਜ਼ਹਿਰੀਲੇ ਸ਼ਬਦਾਂ ਨੂੰ ‘ਰਾਸ਼ਟਰ ਕੇ ਨਾਮ ਸੰਬੋਧਨ’ ਵਰਗਾ ਦਰਜਾ ਦੇਣ ਦੀ ਹਿਮਾਕਤ ਕੀਤੀ ਹੈ। ਸੰਘ ਦੇ ਅਸਲ ਇਰਾਦੇ ਦੇਸ਼ ਨੂੰ ਕੱਟੜ ਹਿੰਦੂ ਰਾਸ਼ਟਰ ‘ਚ ਤਬਦੀਲ ਕਰਨ ਵੱਲ ਸੇਧਿਤ ਹਨ। ਇਸ ਮਕਸਦ ਦੀ ਪੂਰਤੀ ਲਈ ਸੰਘ ਪਹਿਲਾਂ ਵੀ ਬੜੇ ਵਾਰੀ ਨਿਹੱਥੇ-ਨਿਸੱਤੇ ਬੇਗੁਨਾਹਾਂ ਦੇ ਖੂਨ ਦੇ ਦਰਿਆ ਵਹਾ ਚੁੱਕਾ ਹੈ ਤੇ ਇਹ ਸਾਜ਼ਿਸ਼ਾਂ ਅੱਜ ਵੀ ਬਦਸਤੂਰ ਜਾਰੀ ਹਨ।
ਆਰਐੱਸਐੱਸ ਦੀ ਸਥਾਪਨਾ 1925 ‘ਚ, ਵੇਲੇ ਦੇ ਬਰਤਾਨਵੀ ਬਸਤੀਵਾਦੀ ਹਾਕਮਾਂ ਦੇ ਇਸ਼ਾਰੇ ‘ਤੇ, ਹੋਈ ਸੀ । ਸੁਤੰਤਰਤਾ ਪ੍ਰਾਪਤੀ ਦੇ ਅੰਦੋਲਨ ਦਾ ਨਿੱਤ ਨਵੀਆਂ ਬੁਲੰਦੀਆਂ ਛੂਹਣਾ ਅੰਗਰੇਜ਼ ਸਾਮਰਾਜੀਆਂ ਨੂੰ ਕੰਬਣੀਆਂ ਛੇੜ ਰਿਹਾ ਸੀ। ਇਸ ਲਈ ਉਹ ਭਾਰਤ ‘ਚ ਆਪਣੇ ਰਾਜ ਦੀ ਉਮਰ ਲੰਮੇਰੀ ਕਰਨ ਦੀਆਂ ਤਰਕੀਬਾਂ ਲੱਭ ਰਹੇ ਸਨ। ਸਭ ਤੋਂ ਕਾਰਗਰ ਤਰਕੀਬ ਉਨ੍ਹਾਂ ਨੂੰ ਸੁੱਝੀ, ਲੋਕਾਂ ‘ਚ ਫਿਰਕੇਦਾਰਾਨਾ ਫੁੱਟ ਪਾ ਕੇ ਸੁਤੰਤਰਤਾ ਸੰਗਰਾਮ ਨੂੰ ਜਰਜ਼ਰਾ ਕਰਨ ਦੀ। ਇਸ ਤਰਕੀਬ ਨੂੰ ਅਮਲੀ ਰੂਪ ਦੇਣ ਲਈ ਹੀ ਆਰ.ਐਸ.ਐਸ ਨਾਂਅ ਦਾ ਸੰਦ ਘੜਿਆ ਗਿਆ। ਆਰ.ਐੱਸ.ਐੱਸ ਇਸ ਗੱਲ ‘ਤੇ ਪੂਰਾ ‘ਮਾਣ ਕਰਨ’ ਦਾ ਹੱਕਦਾਰ ਹੈ ਕਿ ਇਹ ਆਪਣੇ ਹੋਂਦ ਵਿਚ ਆਉਣ ਦੀ ਜ਼ਰੂਰਤ ਅਨੁਸਾਰ ਪੂਰਾ ਉਤਰਿਆ ਤੇ ਅੱਜ ਵੀ ਬਦੇਸ਼ੀ ਸਾਮਰਾਜੀਆਂ ਦੇ ਹਿੱਤਾਂ ਦੀ ਰਾਖੀ ਦਾ ਕਾਰਜ ਬਾਖੂਬੀ ਨਿਭਾ ਰਿਹਾ ਹੈ। ਪੂਰੇ ਸੁਤੰਤਰਤਾ ਸੰਗਰਾਮ ਦੌਰਾਨ ਆਰ.ਐਸ.ਐਸ ਜਨ ਸਾਧਾਰਨ ਨੂੰ ਬਸਤੀਵਾਦੀ  ਬਰਤਾਨਵੀ ਹਾਕਮਾਂ ਦਾ ਵਿਰੋਧ ਕਰਨ ਤੋਂ ਵਰਜਦਾ ਰਿਹਾ ਅਤੇ ਉਲਟਾ ਮੁਸਲਮਾਨਾਂ ਨੂੰ ਦੇਸ਼ ‘ਚੋਂ ਖਦੇੜਣ ਦੀਆਂ ਅਪੀਲਾਂ ਕਰਦਾ ਰਿਹਾ। ਦੇਸ਼ ਭਗਤਾਂ ਖਿਲਾਫ਼ ਗਵਾਹੀਆਂ ਦੇਣ ਦਾ ਵੀ ਸੰਘ-ਭਾਜਪਾ ਆਗੂਆਂ  ਦਾ ‘ਚੋਖਾ’ ਰਿਕਾਰਡ ਹੈ। 1947 ‘ਚ ਬਸਤੀਵਾਦੀ ਹਾਕਮਾਂ ਦੀ ਸਾਜ਼ਿਸ਼ ਅਤੇ ਭਾਰਤ ਦੇ ਹਾਕਮਾਂ ਦੀ ਮਿਲੀਭੁਗਤ ਨਾਲ ਹੋਈ ਦੁਖਦਾਈ ਦੇਸ਼ ਵੰਡ ਅਤੇ ਇਸ ਵੰਡ ਦੇ ਸਿੱਟੇ ਵਜੋਂ ਦੋਹੀਂ ਪਾਸੀਂ ਹੋਈ ਵੱਢਾ-ਟੁੱਕੀ ਵਾਲੇ ਮਾਹੌਲ ਵਿਚ ਆਰ.ਐਸ.ਐਸ. ਦੀਆਂ ਚੜ੍ਹਾਂ ਮੱਚੀਆਂ। ਇਸ ਦੇ ਵਲੰਟੀਅਰਾਂ ਨੇ ਨਾ ਕੇਵਲ ਬੇਦੋਸ਼ਿਆਂ ਦੇ ਖੂਨ ਨਾਲ ਹੱਥ ਰੰਗੇ ਬਲਕਿ ਲੋਕ ਮਨਾਂ ‘ਚ ਆਪਣੇ ਵਿਰੋਧੀ ਧਰਮ ਵਾਲਿਆਂ ਬਾਰੇ ਉਪਜੀ ਆਰਜੀ ਨਫਰਤ ਨੂੰ ਸਦੀਵੀ ਰੂਪ ਦੇਣ ਲਈ ਸਿਰਤੋੜ ਯਤਨ ਕੀਤੇ।
ਪਰ ਅੱਜ ਦੇ ਹਾਲਾਤ ਦਾ ਵੱਖਰਾ ਤੇ ਖਤਰਨਾਕ ਪੱਖ ਇਹ ਹੈ ਕਿ ਇਸ ਵੇਲੇ ਦਿੱਲੀ ਦੇ ਰਾਜ-ਭਾਗ ‘ਤੇ ਸੰਘ ਦੇ ਘਿਰਣਾ ਦੇ ਕਾਰਖਾਨੇ ‘ਚੋਂ ਤਿਆਰ ਹੋਈ ਭਾਜਪਾ (ਪੁਰਾਣੀ ਜਨ ਸੰਘ) ਦਾ ਆਗੂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਤੌਰ ‘ਤੇ ਕਾਬਜ਼ ਹੈ। ਇਨ੍ਹਾਂ ਮਨ-ਮਾਫਿਕ ਹਾਲਾਤ ਦਾ ਲਾਹਾ ਲੈਂਦਿਆਂ ਆਰ.ਐਸ.ਐਸ ਨੇ ‘ਚੰਮ ਦੀਆਂ ਚਲਾਈਆਂ’ ਹਨ। ਇਸ ਖੁੱਲ੍ਹ ਖੇਡ ਰਾਹੀਂ ਹੋਈ ਫੌਰੀ ਤਬਾਹੀ ਤਾਂ ਦਰਦਨਾਕ ਹੈ ਹੀ, ਭਵਿੱਖ ‘ਚ ਵੀ ਇਸ ਦੇ ਲਾਜ਼ਮੀ ਬੜੇ ਖਤਰਨਾਕ ਸਿੱਟੇ ਨਿਕਲਣੇ ਤੈਅ ਹਨ। ਮੋਦੀ ਸਰਕਾਰ ਦੀ ਕਾਇਮੀ ਤੋਂ ਤੁਰੰਤ ਪਿਛੋਂ ਬਸਤੀਵਾਦੀ ਹਾਕਮਾਂ ਵੱਲੋਂ ਈਜ਼ਾਦ ਕੀਤੇ ਅਤੇ ਅਜ਼ਮਾਏ ਹੋਏ ‘ਫੁੱਟ ਪਾਓ ਤੇ ਰਾਜ ਕਰੋ’ ਦੇ ਨੁਸਖੇ ‘ਤੇ ਅੱਗੇ ਵਧਦਿਆਂ ਸੰਘੀ ਗਰੋਹਾਂ ਨੇ ਸਭ ਤੋਂ ਪਹਿਲਾਂ ‘ਘਰ ਵਾਪਸੀ’ ਦਾ ਸ਼ਿਗੂਫਾ ਛੱਡਿਆ। ਇਸ ਅਧੀਨ ਹਿੰਦੂ ਧਰਮ ਨੂੰ ਛੱਡ ਕੇ ਹੋਰਨਾ ਧਰਮਾਂ, ਵਿਸ਼ੇਸ਼ ਕਰਕੇ ਈਸਾਈ ਤੇ ਇਸਲਾਮ ਧਰਮ ਨੂੰ ਅਪਨਾਉਣ ਵਾਲਿਆਂ ਨੂੰ ਹਿੰਦੂ ਧਰਮ ‘ਚ ਵਾਪਸ ਸ਼ਾਮਲ ਕਰਨ ਦੀ ਹਮਲਾਵਰ ਦੇਸ਼ ਵਿਆਪੀ ਮੁਹਿੰਮ ਛੇੜੀ ਗਈ। ਇਸ ਮੁਹਿੰਮ ਦਾ ਲੁਕਵਾਂ ਤੇ ਅਸਲੀ ਉਦੇਸ਼ ਈਸਾਈ ਅਤੇ ਮੁਸਲਿਮ ਧਰਮ ਨੂੰ ਮੰਨਣ ਵਾਲਿਆਂ ਖਿਲਾਫ਼ ਹਿੰਦੂ ਧਰਮ ਨੂੰ ਮੰਨਣ ਵਾਲੇ ਜਨ ਸਾਧਾਰਨ ਦੇ ਮਨਾਂ ‘ਚ ਨਫਰਤ ਪੈਦਾ ਕਰਨਾ ਸੀ। ਇਹ ਤੱਥ ਜਾਣਬੁੱਝ ਕੇ ਨਜ਼ਰਅੰਦਾਜ਼ ਕਰ ਦਿੱਤੇ ਗਏ ਕਿ ਲੋਕਾਂ ਨੇ ਕਿਹੜੀਆਂ ਲੋੜਾਂ ਦੀ ਪੂਰਤੀ ਲਈ ਕਿਨ੍ਹਾਂ ਹਾਲਾਤ ‘ਚ ਧਰਮ ਪਰਿਵਰਤਨ ਕੀਤਾ ਸੀ। ਅਨੇਕਾਂ ਥਾਈਂ ਇਸ ਅੱਗ ਭੜਕਾਊ ਪ੍ਰਚਾਰ ਦੇ ਝਾਂਸੇ ‘ਚ ਆਏ ਲੋਕਾਂ ਦਾ ਟਕਰਾਅ ਵੀ ਹੋਇਆ। ਦੇਸ਼ ਦੇ ਸਾਰੇ ਭਾਗਾਂ ਵਿਚ ਗਿਰਜ਼ਾ ਘਰਾਂ ‘ਤੇ ਵਿਉਂਤਬੱਧ ਹਮਲੇ ਕੀਤੇ ਗਏ। ਅੰਤ ਨੂੰ ਚਾਰੇ ਪਾਸਿਆਂ ਤੋਂ ਹੁੰਦੇ ਵਿਰੋਧ ਕਰਕੇ ਅਤੇ ਧਰਮ ਪਰਿਵਰਤਨ ਕਰ ਚੁੱਕੇ ਲੋਕਾਂ ‘ਚੋਂ ਢੁਕਵੇਂ ਹੁੰਗਾਰੇ ਦੀ ਘਾਟ ਕਾਰਨ ਸੰਘੀ ਸੰਗਠਨਾਂ ਨੇ ਇਸ ਮੁਹਿੰਮ ਤੋਂ ਵਕਤੀ ਤੌਰ ‘ਤੇ ਕਿਨਾਰਾ ਕਰ ਲਿਆ। ਪਰ ਇਸ ਵਿਹੁਲੀ ਮੁਹਿੰਮ ਨੇ ਲੋਕ ਮਨਾਂ ‘ਤੇ ਨਾਂਹਪੱਖੀ ਅਸਰ ਨਾ ਪਾਇਆ ਹੋਵੇ ਇਹ ਸੋਚਣਾ ਵੀ ਭਾਰੀ ਭੁੱਲ ਹੋਵੇਗੀ।
ਇਸ ਤੋਂ ਪਿਛੋਂ ਸੰਘ ਦੇ ਸ਼ਾਤਰ ਰਣਨੀਤੀਕਾਰਾਂ ਨੇ ‘ਲਵ ਜਿਹਾਦ’ ਨਾਂਅ ਦੀ ਨਵੀਂ ਕਲੇਸ਼ ਘੁਣਤਰ ਈਜਾਦ ਕਰ ਲਈ। ਅਫਵਾਹਾਂ ਫੈਲਾ ਕੇ ਦੰਗੇ ਕਰਵਾਉਣ ਦੇ ਮਾਹਰ ਸੰਘੀ ਕਾਰਕੁਨਾਂ ਨੇ ਇਹ ਦੁਸ਼ਪਰਚਾਰ ਕੀਤਾ ਕਿ ਮੁਸਲਮਾਨ ਖੁਰਾਕਾਂ ਖਵਾ ਕੇ ਆਪਣੇ ਮੁੰਡਿਆਂ ਨੂੰ ਸਰੀਰਕ ਤੌਰ ‘ਤੇ ਤਕੜੇ ਬਣਾਉਂਦੇ ਹਨ। ਅੱਗੋਂ ਇਹ ਮੁੰਡੇ ਇਨ੍ਹਾਂ ਵੱਲ ਆਕਰਸ਼ਤ ਹੋਣ ਵਾਲੀਆਂ ਹਿੰਦੂ ਪਰਿਵਾਰਾਂ ਦੀਆਂ ਕੁੜੀਆਂ ਨੂੰ ਵਰਗਲਾ ਕੇ ਉਨ੍ਹਾਂ ਕੁੜੀਆਂ ਨਾਲ ਅੰਤਰ ਧਰਮੀ ਵਿਆਹ ਕਰ ਲੈਂਦੇ ਹਨ। ਜਦਕਿ ਇਹ ਜਿਉਂਦਾ-ਜਾਗਦਾ ਸੱਚ ਹੈ ਕਿ ਅੰਤਰ ਧਰਮੀ ਸ਼ਾਦੀਆਂ ਦੇ ਮਾਮਲੇ ਵਿਚ ਹਿੰਦੂ ਅਤੇ ਮੁਸਲਮਾਨ ਦੋਹਾਂ ਧਰਮਾਂ ਦੇ ਪਰਿਵਾਰਾਂ ਦੇ ਵਡੇਰੇ ਇਕੋ ਜਿਹੀ ਦਕਿਆਨੂਸੀ ਪਹੁੰਚ  ਅਪਣਾਉਂਦੇ ਰਹੇ ਹਨ। ਇਹ ਵੀ ਸਥਾਪਤ ਸੱਚ ਹੈ ਕਿ ਭਾਰਤੀ ਸਮਾਜ ਵਿਚ ਨੌਜਵਾਨ ਮੁੰਡੇ ਕੁੜੀਆਂ ਵਲੋਂ ਆਪਣੀ ਮਰਜ਼ੀ ਨਾਲ ਆਪਣੇ ਹੀ ਧਰਮ ਜਾਂ ਬਿਰਾਦਰੀ ਵਿਚ ਵੀ ਵਿਆਹ ਕਰਾਉਣ ਦਾ ਰੁਝਾਨ ਹਾਲੇ ਵੀ ‘ਆਟੇ ‘ਚ ਲੂਣ’ ਦੇ  ਬਰਾਬਰ ਹੀ ਹੈ। ਫਿਰਕੂ ਗਰੋਹਾਂ ਨੇ ਇਹ ਦੁਸ਼ਪਰਚਾਰ ਇਸ ਤੱਥ ਤੋਂ ਜਾਣੂ ਹੋਣ ਦੇ ਬਾਵਜੂਦ ਇਸ ਕਰਕੇ ਵਿੱਢਿਆ ਕਿਉਂਕਿ ਇਸ ਨਾਲ ਫਿਰਕੂ ਨਫਰਤ ਦਾ ਪਸਾਰਾ ਕਰਨ ਦੀ ਉਨ੍ਹਾਂ ਦੀ ਕੋਝੀ ਸਾਜ਼ਿਸ਼ ਸਿਰੇ ਚੜ੍ਹਦੀ ਹੈ। ਸੰਘੀ ਪ੍ਰਚਾਰਕ ਤਾਂ ਇਸ ਮਾਮਲੇ ਵਿਚ ਇਥੋਂ ਤੱਕ ਗਿਰ ਗਏ ਕਿ ਉਨ੍ਹਾਂ ਐਲਾਨ ਕਰਨੇ ਸ਼ੁਰੂ ਕਰ ਦਿੱਤੇ ਕਿ ਹਿੰਦੂਆਂ ਦੇ ਮੁੰਡੇ ਵੀ ਇਸੇ ਤਰ੍ਹਾਂ ‘ਸਿਹਤਮੰਦ’ ਬਣ ਕੇ ਮੁਸਲਮਾਨਾਂ ਦੀਆਂ ਧੀਆਂ ਵਰਗਲਾਉਣਗੇ। ਸਿਰੇ ਦੀ ਗੰਦੀ ਜ਼ਿਹਨੀਅਤ ਦੇ ਮਾਲਕ ਸੰਘੀਆਂ ਦੇ ਹੀ ਧੀਆਂ ਬਾਰੇ ਅਜਿਹੇ ਵਿਚਾਰ ਹੋ ਸਕਦੇ ਹਨ। ਪਿਆਰ ਵਿਆਹ ਵਰਗੇ ਰੂਹ ਨੂੰ ਸਰਸ਼ਾਰ ਕਰਨ ਵਾਲੇ ਜਜ਼ਬੇ ਨੂੰ ਫਿਰਕੂ ਤੇ ਸਾਜ਼ਿਸ਼ੀ ਰੰਗ ਦੇਣ ਬਾਰੇ ਕੋਈ ਸੰਵੇਦਨਸ਼ੀਲ ਮਨੁੱਖ ਤਾਂ ਸੋਚ ਵੀ ਨਹੀਂ ਸਕਦਾ। ਇਸ ਘਟੀਆ ਮੁਹਿੰਮ ਦਾ ਘਿਰਣਤ ਨਮੂਨਾ ਚੇਤਿਆਂ ‘ਚ ਤਾਜ਼ਾ ਕਰੀਏ। ਰਾਜਸਥਾਨ ਦੇ ਰਾਜਸੁਮੰਦ ਵਿਖੇ ਸ਼ੰਭੂ ਲਾਲ ਰੇਗਰ ਨਾਂਅ ਦੇ ਜਨੂੰਨੀ ਨੇ ਅਫ਼ਰਾਜ਼ੁਲ ਨਾਂਅ ਦੇ ਗਰੀਬ ਮੁਸਲਮਾਨ ਮਜ਼ਦੂਰ ਨੂੰ ਪਹਿਲਾਂ ਕੁਹਾੜੇ ਨਾਲ ਵੱਢਿਆ, ਫਿਰ ਉਸ ਦੀ ਮੁਰਦਾ ਦੇਹ ‘ਤੇ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ। ਇਸ ਸਾਰੇ ਕੁਕਰਮ ਦੀ ਸ਼ੰਭੂ ਲਾਲ ਨੇ ਕਿਸੇ ਹੋਰ ਰਾਹੀਂ ਵੀਡੀਓ ਬਣਵਾ ਕੇ ਇਹ ਐਲਾਨ ਕੀਤਾ ਕਿ, ”ਹਿੰਦੂ ਔਰਤਾਂ ਨਾਲ ਸੰਬੰਧ ਰੱਖਣ ਵਾਲੇ ਹਰੇਕ ਮੁਸਲਮਾਨ ਨਾਲ ਇੰਝ ਹੀ ਕੀਤਾ ਜਾਵੇਗਾ।” ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਵੱਡੇ ਪੱਧਰ ‘ਤੇ ਵਾਇਰਲ ਹੋਈ ਜਾਂ ਕੀਤੀ ਗਈ। ਇਥੇ ਇਹ ਤੱਥ ਵੀ ਧਿਆਨ ਗੋਚਰਾ ਹੈ ਕਿ ਮੌਤ ਤੋਂ ਬਾਅਦ ਮੁਸਲਮਾਨਾਂ ਨੂੰ ਜਲਾਇਆ ਨਹੀਂ ਬਲਕਿ ਦਫਨਾਇਆ ਜਾਂਦਾ ਹੈ ਅਤੇ ਇਸ ਤੱਥ ਤੋਂ ਸ਼ੰਭੂ ਲਾਲ ਤੇ ਉਸ ਦੇ ਸਰਪ੍ਰਸਤ ਜਾਣੂ ਨਾ ਹੋਣ ਇਹ ਯਕੀਨ ਕਰਨ ਯੋਗ ਨਹੀਂ। ਪਿਛੋਂ ਪਤਾ ਲੱਗਾ ਕਿ ਮਕਤੂਲ  ਅਫ਼ਰਾਜ਼ੁਲ ਤਾਂ ਬੰਗਾਲ ਤੋਂ ਆਇਆ  ਮੁਸ਼ਕਲ ਨਾਲ ਗੁਜਾਰਾ ਕਰਨ ਵਾਲਾ ਦਿਹਾੜੀਦਾਰ ਸੀ ਜਿਸ ਕੋਲ ਇਸ਼ਕ ਫਰਮਾਉਣ ਦਾ ਨਾਂਅ ਸਮਾਂ ਸੀ ਨਾ ਵੁੱਕਤ। ਮੁਸਲਮਾਨ ਹੋਣ ਕਰਕੇ ਹੀ ਜਿਬਾਹ ਕਰ ਦਿੱਤਾ ਗਿਆ, ਵਿਚਾਰਾ ਗਰੀਬ। ਮੁਸੀਬਤਾਂ ਝੱਲਣ ਲਈ ਪਿੱਛੇ ਬਚ ਗਏ ਉਸ ਦੇ ਪਰਿਵਾਰ ਵਾਸਤੇ ਹਾਅ ਦਾ ਨਾਅਰਾ ਮਾਰਨ ਦੀ ਥਾਂ ਸੰਘ ਦੇ ਨਜ਼ਦੀਕੀਆਂਂ ਵਲੋਂ  ਲੋਕ ਮਾਨਸਿਕਤਾ  ਨੂੰ ਹੋਰ ਗੰਧਲਾ ਕਰਨ ਵਾਸਤੇ ਨਿਰਦਈ ਕਾਤਲ ਸ਼ੰਭੂ ਲਾਲ ਰੇਗਰ ਦੀ ਕਾਨੂੰਨੀ ਪ੍ਰਕਿਰਿਆ ‘ਚ ਮਦਦ ਕਰਨ ਲਈ ਰਕਮ ਇਕੱਠੀ ਕੀਤੀ ਗਈ।
ਦੇਸ਼ ਦੇ ਆਵਾਮ, ਖਾਸ ਕਰ ਕਿਰਤੀ ਸ਼੍ਰੇਣੀ ਨੂੰ ਹਮੇਸ਼ਾਂ ਲਈ ਧਰਮ ਦੇ ਆਧਾਰ ‘ਤੇ ਵੰਡ ਦੇਣ ਦੀ ਸਾਜ਼ਿਸ਼ ਦਾ ਅਗਲਾ ਦਾਅ ਆਰਐਸਐਸ ਵਲੋਂ ਖਾਣ-ਪੀਣ ਦੇ ਵਖਰੇਵਿਆਂ ਦੇ ਨਾਂਅ ‘ਤੇ ਖੇਡਿਆ ਗਿਆ ਤੇ ਮੁੱਖ ਹਥਿਆਰ ਬਣਾਇਆ ਗਿਆ ਗਊ ‘ਮਾਤਾ’ ਨੂੰ। ਕਿਉਂਕਿ ਗਊ ਹਿੰਦੂ ਧਰਮ ‘ਚ ਵਿਸ਼ਵਾਸ ਰੱਖਣ ਵਾਲਿਆਂ ਲਈ ਪੂਜਣ ਯੋਗ ਹੈ ਅਤੇ ਮੁਸਲਮਾਨ ਗਊ ਮਾਸ (ਬੀਫ਼) ਦਾ ਖੁਰਾਕ ਵਜੋਂ ਸੇਵਨ ਕਰਦੇ ਹਨ ਇਸ ਲਈ ਮੁਸਲਮਾਨ ਹਿੰਦੂ ਧਰਮ ਦੇ ਦੁਸ਼ਮਣ ਹਨ ਤੇ ਇਸ ਗੁਨਾਹ ਲਈ ਇਨ੍ਹਾਂ ਨੂੰ ਜਾਂ ਤਾਂ ਕੋਹ-ਕੋਹ ਕੇ ਮਾਰ ਮੁਕਾਓ ਜਾਂ ਭਾਰਤਵਰਸ਼ ‘ਚੋਂ ਡੰਗਰਾਂ ਵਾਂਗੂੰ ਖਦੇੜ ਦਿਓ।” ਇਹ ਸੀ (ਹੈ) ਸੰਘੀਆਂ ਦੇ ਮੁਸਲਿਮ ਵਿਰੋਧੀ ਕੂੜਪਰਚਾਰ ਦਾ ਮੂਲ ਮੰਤਰ। ਇਸ ਆਧਾਰ ‘ਤੇ ਥਾਂ-ਥਾਂ, ਵਿਸ਼ੇਸ਼ ਕਰਕੇ ਉੱਤਰੀ ਤੇ ਮੱਧ ਭਾਰਤ ਦੇ ਸੂਬਿਆਂ ਵਿਚ ਗਊ ਮਾਸ ਦੇ ਸੇਵਨ ਜਾਂ ਵਪਾਰ ਦੇ ਨਾਂ ‘ਤੇ ਫਿਰਕੂ ਗੁੰਡਾ ਗਰੋਹਾਂ ਵਲੋਂ ਮੁਸਲਮਾਨਾਂ ‘ਤੇ ਜਾਨਲੇਵਾ ਹਮਲੇ ਆਮ ਵਰਤਾਰਾ ਬਣ ਗਿਆ। ਅਖ਼ਲਾਕ, ਜੁਨੈਦ, ਪਹਿਲੂ ਖਾਂ ਵਰਗੇ ਕਿੰਨੇ ਹੀ ਨਿਰਦੋਸ਼ ਇਨ੍ਹਾਂ ਫਿਰਕੂ ਟੋਲਿਆਂ ਵਲੋਂ ਜਨਤਕ ਥਾਵਾਂ ‘ਤੇ ਵੱਢ-ਟੁੱਕ ਦਿੱਤੇ ਗਏ ਜਾਂ ਗਿੱਦੜ ਕੁੱਟ ਨਾਲ ਮਾਰ ਮੁਕਾਏ ਗਏ। ਇਹ ‘ਭੀੜ ਇਨਸਾਫ਼’ ਅੱਜ ਵੀ ਜਾਰੀ ਹੈ। ਪਰ ਕਹਿੰਦੇ ਹਨ ਕਿ ਲਹੂ ਸਿਰ ਚੜ੍ਹ ਕੇ ਬੋਲਦਾ ਹੈ ਅਤੇ ਸਚਾਈ ਆਧਾਰਤ ਤੱਥਾਂ ਦੀ ਸਦਾ ਲਈ ਪਰਦਾਪੋਸ਼ੀ ਨਹੀਂ ਕੀਤੀ ਜਾ ਸਕਦੀ। ਸਾਰੇ ਹਿੰਦੂ ਧਰਮ ਨੂੰ ਮੰਨਣ ਵਾਲੇ ਖੁਰਾਕ ਵਜੋਂ ਗਊ ਮਾਸ ਦਾ ਸੇਵਨ ਨਹੀਂ ਕਰਦੇ ਇਹ ਗੱਲ ਸੱਚ ਨਹੀਂ। ਸੰਸਾਰ ਦੇ ਅਨੇਕਾਂ ਦੇਸ਼ਾਂ ਵਾਂਗ ਭਾਰਤ ਵਿਚ ਉੱਤਰ-ਪੂਰਬ ਤੇ ਦੱਖਣੀ ਸੂਬਿਆਂ ਵਿਚ ਹਿੰਦੂ ਧਰਮ ਨੂੰ ਮੰਨਣ ਵਾਲੇ ਲੱਖਾਂ ਟੱਬਰ ਵੀ ਅਜਿਹਾ ਕਰਦੇ ਹਨ। ਭਾਰਤੀ ਜਨਤਾ ਪਾਰਟੀ ਦੀ ਟਿਕਟ ‘ਤੇ ਉੱਤਰ ਪੂਰਬ ਦੇ ਸੂਬੇ ‘ਚੋਂ ਜਿੱਤ ਕੇ ਗ੍ਰਹਿ ਰਾਜ ਮੰਤਰੀ ਬਣਿਆ ‘ਸੱਜਣ’ ਜਨਤਕ ਮੰਚਾਂ ‘ਤੇ ਬਹੁਤ ਵਾਰ ਗਊ ਮਾਸ ਦਾ ਖੁਰਾਕ ਵਜੋਂ ਸੇਵਨ ਕਰਨ ਦੀ ਗੱਲ ਕਬੂਲ ਕਰ ਚੁੱਕਾ ਹੈ। ਪਿਛਲੇ ਦਿਨੀਂ ਜਦੋਂ ਗੋਆ ਵਿਖੇ ਖਾਣ ਲਈ ਗਊ ਮਾਸ ਦੀ ਕਮੀ ਦਾ ‘ਸੰਕਟ’ ਖੜ੍ਹਾ ਹੋਇਆ ਤਾਂ ਉਥੇ ਸੌ ਪਾਪੜ ਵੇਲ ਕੇ ਕਾਇਮ ਹੋਈ ਭਾਜਪਾ ਦੀ ਸਰਕਾਰ ਦੇ ਇੱਕ ਮੰਤਰੀ ਨੇ ਜਨਤਕ ਬਿਆਨ ਦਿੰਦਿਆਂ ਮੰਗ ਕੀਤੀ ਕਿ ਕੇਂਦਰ ਸਰਕਾਰ ਸਾਡੇ ਖਾਣ ਲਈ ਬਦੇਸ਼ਾਂ ਤੋਂ ਮੰਗਵਾ ਕੇ ਗਊ ਮਾਸ ਦਾ ਇੰਤਜ਼ਾਮ ਕਰੇ। ਦੱਖਣੀ ਸੂਬੇ ਕੇਰਲਾ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਆਗੂ ਚੋਣ ਸਭਾਵਾਂ ‘ਚ ਇਹ ਗੌਣ ਗਾਉਂਦੇ ਰਹੇ ਕਿ ਸਾਨੂੰ ਕਿਸੇ ਦੇ ਗਊ ਮਾਸ ਖਾਣ ‘ਤੇ ਕੋਈ ਇਤਰਾਜ਼ ਨਹੀਂ। ਵੈਸੇ ਗੱਲ ਤਾਂ ਇਹ ਵੀ ਪੁੱਛਣੀ ਬਣਦੀ ਹੈ ਕਿ ਭਾਰਤ ਦੌਰੇ ‘ਤੇ ਆਉਣ ਵਾਲੇ ਬਦੇਸ਼ੀ ਰਾਜਨੀਤੀਵਾਨ ਤੇ ਕੂਟਨੀਤਕ ਮਾਹਰ ਜਦ ਇੱਥੇ ਆ ਕੇ ਬੀਫ਼ ਦੀ ਮੰਗ ਕਰਦੇ ਹਨ ਤਾਂ ਕੀ ਉਨ੍ਹਾਂ ਨੂੰ ਬੀਫ਼ ਤੋਂ ਜੁਆਬ ਦੇ ਦਿੱਤਾ ਜਾਂਦਾ ਹੈ? ਇੱਕ ਹੋਰ ਕਰੂਰ ਤੱਥ ਵਿਚਾਰਨਾ ਵੀ ਬੜਾ ਜ਼ਰੂਰੀ ਹੈ। ਭਾਰਤ ਵਿਚ ਅਨੇਕਾਂ ਵੱਡੇ ਕਾਰੋਬਾਰੀ ਬਦੇਸ਼ਾਂ ‘ਚ ਖਾਣ ਲਈ ਗਊ ਮਾਸ ਜਾਂ ਗਾਂ ਵੰਸ਼ ਦੇ ਚਮੜੇ ਤੋਂ ਬਣੀਆਂ ਆਮ ਵਰਤੋਂ ਦੀਆਂ ਚੀਜ਼ਾਂ ਭੇਜ ਕੇ ਅਰਬਾਂ ਡਾਲਰਾਂ ਦੀ ਕਮਾਈ ਕਰ ਰਹੇ ਹਨ। ਇਨ੍ਹਾਂ ਕਾਰੋਬਾਰੀਆਂ ‘ਚੋਂ ਬਹੁਤ ਵੱਡੀ ਗਿਣਤੀ ਹਿੰਦੂ ਧਰਮ ਨੂੰ ਮੰਨਣ ਵਾਲੇ ਹਨ ਅਤੇ ਕਈ ਤਾਂ ਭਾਜਪਾ ਨਾਲ ਵੀ ਜੁੜੇ ਹੋਏ ਹਨ। ਅੰਕੜੇ ਇਹ ਵੀ ਦਸਦੇ ਹਨ ਕਿ ਭਾਜਪਾ ਇਸ ਵੇਲੇ ਸਿਆਸੀ ਚੰਦਾ ਪ੍ਰਾਪਤ ਕਰਨ ਵਾਲੀ ਸਭ ਤੋਂ ਵੱਡੀ ਪਾਰਟੀ ਹੈ ਅਤੇ ਇਸ ਚੰਦੇ ਵਿਚ ਬੀਫ਼ ਕਾਰੋਬਾਰੀਆਂ ਦਾ ਵੀ ਬਹੁਤ ਵੱਡਾ ‘ਯੋਗਦਾਨ’ ਹੈ। ਫਿਰ ਮੁਸਲਮਾਨਾਂ ਦੇ ਖਿਲਾਫ਼ ਇੰਨੀ ਹਾਇ ਤੌਬਾ ਕਿਉਂ ਮਚਾਈ ਜਾ ਰਹੀ ਹੈ? ਕਿਉਂਕਿ ਆਰਐਸਐਸ ਦਾ ਅਸਲ ਨਿਸ਼ਾਨਾ ਦੇਸ਼ ‘ਚ ਫਿਰਕੂ ਵੰਡ (ਧਰੁਵੀਕਰਨ) ਪੈਦਾ ਕਰਨਾ ਹੈ। ਇਸ ਨਿਸ਼ਾਨੇ ਦੀ ਪੂਰਤੀ ਲਈ ਮੁਸਲਮਾਨਾਂ ਨੂੰ ਨਫਰਤ ਦੇ ਪਾਤਰ ਬਣਾ ਕੇ ਪੇਸ਼ ਕੀਤਾ ਜਾਣਾ ਅਤਿ ਜ਼ਰੂਰੀ ਹੈ ਅਤੇ ਗਊ ਮਾਸ ਦਾ ਸੇਵਨ ਕਰਨ ਦਾ ਇਲਜ਼ਾਮ ਲਾ ਕੇ ਆਸਥਾਵਾਨ ਹਿੰਦੂਆਂ ਨੂੰ ਸਹਿਜੇ ਹੀ ਵਰਗਲਾਇਆ ਜਾ ਸਕਦਾ ਹੈ। ਕੈਸਾ ਦੰਭੀ ਚਰਿੱਤਰ ਹੈ ਆਰਐਸਐਸ ਦਾ? ਬੀਫ਼ ਕਾਰੋਬਾਰੀਆਂ ਤੋਂ ਮੋਟੇ ਚੰਦੇ ਲੈਣੇ ਅਤੇ ਉਨ੍ਹਾਂ ਨੂੰ ਆਪਣੀ ਪਾਲਤੂ ਰਾਜਸੀ ਪਾਰਟੀ ਭਾਜਪਾ ‘ਚ ਉੱਚ ਅਹੁਦਿਆਂ ਨਾਲ ਨਿਵਾਜਨਾ। ਪਰ ਉੱਤਰੀ ਅਤੇ ਕੇਂਦਰੀ ਭਾਰਤ ‘ਚ ਗਊ ਮਾਸ ਖਾਣ ਦੇ ਨਾਂਅ ‘ਤੇ ਫਿਰਕੂ  ਕਤਾਰਬੰਦੀ ਤਿੱਖੀ ਕਰਨ ਲਈ ਗਰੀਬ ਮੁਸਲਮਾਨਾਂ ਨੂੰ ਕੁੱਟ-ਕੁੱਟ ਕੇ ਮਾਰ ਦੇਣਾ। ਇਹ ਦੋਗਲਾਪਨ ਨਾ ਕੇਵਲ ਬੇਪਰਦ ਕੀਤੇ ਜਾਣ ਦੀ ਲੋੜ ਹੈ ਬਲਕਿ ਇਸ ਖਿਲਾਫ ਅਮਲੀ ਸੰਗਰਾਮਾਂ ਦੀ ਵੀ ਡਾਢੀ ਲੋੜ ਹੈ।
ਇਸ ਮੁਫੀਦ ਮੌਕੇ ਦਾ ਲਾਭ ਲੈਂਦਿਆਂ ਆਰਐਸਐਸ ਨੇ ਸਕੂਲੀ ਪਾਠਕ੍ਰਮਾਂ ਨਾਲ ਬੜੀ ਜੱਗੋਂ ਤੇਰਵੀਂ ਕੀਤੀ ਹੈ। ਪਿਛਾਂਹਖਿੱਚੂ ਵਿਚਾਰਾਂ ਨਾਲ ਨੱਕੋ ਨੱਕ ਭਰੇ ਦਿਮਾਗਾਂ ਤੇ ਉਜੱਡ ਜ਼ਹਿਣੀਅਤ ਦੇ ਮਾਲਕ ਸੰਘੀ ਕਾਰਕੁਨ ਪਾਠਕ੍ਰਮਾਂ ‘ਚ ਸੋਧ ਕਰਨ ਵਾਲੀਆਂ ਕਮੇਟੀਆਂ ਦੇ ਮੁੱਖੀ ਥਾਪ ਦਿੱਤੇ ਗਏ। ਇਹ ਪਹਿਲਾਂ ਹੀ ਸੰਘ ਹੈੱਡ ਕੁਆਟਰ ਤੋਂ ਪਾਠ ਪੁਸਤਕਾਂ ਵਿਚ ਸੰਘ ਦੀ ਮਰਨਊ ਵਿਚਾਰਧਾਰਾ ਮੁਤਾਬਕ ਫਿਰਕੂ, ਅਣਵਿਗਿਆਨਕ, ਪਿਛਾਂਹਖਿੱਚੂ ਤੇ ਲੋਕਰਾਜ ਵਿਰੋਧੀ ਧਾਰਨਾਵਾਂ ਜੋੜਨ ਦੇ ਦਿਸ਼ਾ ਨਿਰਦੇਸ਼ ਲੈ ਕੇ ਆਏ ਸਨ ਅਤੇ ਇਸੇ ਅਨੁਸਾਰ ਹੀ ਇਨ੍ਹਾਂ ਅਖੌਤੀ ਬੁੱਧੀਜੀਵੀਆਂ ਨੇ ਅਮਲ ਵੀ ਕੀਤਾ। ਸੰਘੀਆਂ ਨੇ ਵਿਰੋਧੀਆਂ ਦੀ ਜ਼ੁਬਾਨਬੰਦੀ ਲਈ ਹਰ ਨਖਿੱਧ ਹਰਬਾ ਵਰਤਿਆ। ਧਮਕੀਆਂ, ਬਦਜੁਬਾਨੀ, ਸ਼ੋਸ਼ਲ ਮੀਡੀਆ ਰਾਹੀਂ ਗੰਦੀਆਂ ਗਾਲ੍ਹਾਂ, ਕੁੱਟਮਾਰ ਤੋਂ ਲੈ ਕੇ ਗੱਲ ਕਤਲਾਂ ਤੱਕ ਜਾ ਪੁੱਜੀ। ਇਸ ਮੁਹਿੰਮ ਦਾ ਸਭ ਤੋਂ ਵੱਡਾ ਨਿਸ਼ਾਨਾ ਬਣੇ ਵਡੇਰੀ ਪ੍ਰਗਤੀਵਾਦੀ ਲਹਿਰ ਦੇ ਉੱਚੇ ਕਿਰਦਾਰਾਂ ਵਾਲੇ ਜਹੀਨ ਆਗੂ ਤੇ ਕਾਰਕੁਨ। ਸੰਘੀਆਂ ਵਲੋਂ ਫੈਲਾਈ ਜਾਂਦੀ ਹਨੇਰਬਿਰਤੀ ਤੋਂ ਲੋਕਾਂ ਨੂੰ ਚੌਕਸ ਕਰਨਾ ਇਨ੍ਹਾਂ ਤਰਕਵਾਦੀ, ਅਗਾਂਹਵਧੂ, ਜਮਹੂਰੀ ਕਾਰਕੁਨਾਂ ਦਾ ਇਕਲੌਤਾ ਕਸੂਰ ਹੈ। ਪਰ ਸਾਡੇ ਸਮਿਆਂ ਦੇ ਇਹ ਬਰੂਨੋ ਆਪਣੀ ਇਤਿਹਾਸਕ ਜ਼ਿੰਮੇਵਾਰੀ ‘ਤੇ ਡਟੇ ਰਹੇ ਤੇ ਅੱਜ ਵੀ ਨਿਭਾਅ ਰਹੇ ਹਨ। ਸੰਘ ਪ੍ਰਮੁਖ ਨੇ  ਨਾਗਪੁਰ ਤੋਂ ਆਪਣੇ ਸੰਬੋਧਨ ਵਿਚ ਇਨ੍ਹਾਂ ਨੂੰ ਇੱਕ ਵਾਰ ਫਿਰ ਅਰਬਨ ਨਕਸਲੀ (ਸ਼ਹਿਰੀ ਨਕਸਲੀ) ਕਹਿ ਕੇ ਭੰਡਿਆ ਹੈ। ਅਸਲ ‘ਚ ਇਹ ਸੰਘ ਦੀ, ਆਪਣੇ ਵਿਚਾਰਧਾਰਕ ਵਿਰੋਧੀਆਂ ਦੀ ਆਮ ਲੋਕਾਂ ਦੇ ਮਨਾਂ ਚ ਨਾਂਹ ਪੱਖੀ ਤਸਵੀਰ ਸਥਾਪਤ ਕਰਨ ਦੀ ਨਵੇਂ ਸ਼ਬਦਾਂ ਵਾਲੀ ਪੁਰਾਣੀ ਤਰਕੀਬ ਹੈ। ਇਸ ਤੋਂ ਪਹਿਲਾਂ ਸੰਘ ਦੇ ਨਫਰਤੀ ਕਾਰਿਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਰਾਸ਼ਟਰ ਧਰੋਹੀ ਅਤੇ ਪਾਕਿਸਤਾਨ ਦੇ ਏਜੰਟ ਕਹਿ ਕੇ ਲੋਕਾਂ ਦੀ ਘਿਰਣਾ ਦਾ ਪਾਤਰ ਬਣਾਉਣ ਦੇ ਕੋਝੇ ਯਤਨ ਕੀਤੇ ਜਾਂਦੇ ਰਹੇ ਸਨ ਅਤੇ ਅੱਜ ਵੀ ਕੀਤੇ ਜਾਂਦੇ ਹਨ। ਸੰਘ ਦੀਆਂ ਹਦਾਇਤਾਂ ਤੇ ਹੂਬਹੂ ਅਮਲ ਕਰਦਿਆਂ ਮੋਦੀ ਸਰਕਾਰ ਨੇ, ਸੁਤੰਤਰਤਾ ਪ੍ਰਾਪਤੀ ਪਿਛੋਂ ਕਾਇਮ ਹੋਏ ਤੇ ਸੀਮਤ ਹੱਦ ਤੱਕ ਵਧੇ-ਫੁੱਲੇ ਲੋਕਰਾਜੀ ਤਕਾਜ਼ਿਆਂ ਦਾ ਵੀ ਰੱਜ ਕੇ ਘਾਣ ਕੀਤਾ ਹੈ। ਇਸ ਅਰਸੇ ਦੌਰਾਨ ਸਥਾਪਤ ਲੋਕ ਰਾਜੀ ਕਦਰਾਂ ਕੀਮਤਾਂ, ਅਦਾਲਤੀ ਫੈਸਲਿਆਂ ਅਤੇ ਕਾਨੂੰਨਾਂ ਨੂੰ ਚਿੱਟੇ ਦਿਨ ਛਿੱਕੇ ਟੰਗ ਕੇ ਘੱਟ ਗਿਣਤੀ ਸਰਕਾਰਾਂ ਨੂੰ ਧੱਕੇ ਨਾਲ ਬਹੁਮਤ ਦਿਵਾਇਆ ਗਿਆ। ਔਰਤ ਵੋਟਰਾਂ ਨੂੰ ਲੁਭਾਉਣ ਅਤੇ ਪਰਿਵਾਰਾਂ ‘ਚ ਡੂੰਘੀ ਪੈਠ ਬਨਾਉਣ ਲਈ ਭਾਜਪਾ ‘ਮਹਿਲਾਓਂ ਕੇ ਸਨਮਾਨ ਮੇਂ-ਭਾਜਪਾ ਮੈਦਾਨ ਮੇਂ’, ‘ਬੇਟੀ ਬਚਾਓ ਬੇਟੀ ਪੜ੍ਹਾਓ’ ਅਤੇ ‘ਮੇਰੀ ਬੇਟੀ ਮੇਰਾ ਅਭਿਮਾਨ’ ਵਰਗੇ ਭੁਲੇਖਾ ਪਾਊ ਨਾਅਰੇ ਲਾਉਂਦੀ ਹੈ। ਭਾਜਪਾ ਦੇ ਪਰਦੇ ਹੇਠ ਅਸਲ ‘ਚ ਆਪਣੀ ਮਰਜ਼ੀ ਅਨੁਸਾਰ ਰਾਜ ਭਾਗ ਚਲਾ ਰਿਹਾ ਆਰਐਸਐਸ ਜਿਸ ਵੇਲਾ ਵਿਹਾ ਚੁੱਕੀ ਮੰਨੂਵਾਦੀ ਵਰਣ ਵਿਵਸਥਾ ਵਰਗੀਆਂ ਪ੍ਰਣਾਲੀਆਂ ਦੀ ਪੁਨਰ ਸਥਾਪਤੀ ਲਈ ਤਰਲੋਮੱਛੀ ਹੋ ਰਿਹਾ ਹੈ, ਉਨ੍ਹਾਂ ਵਿਚ ਨਾਰੀ ਸਮਾਨਤਾ ਤੇ ਸਨਮਾਨ ਲਈ ਕੋਈ ਗੁੰਜਾਇਸ਼ ਹੀ ਨਹੀਂ। ਇਕ ਪਾਸੇ ਆਰਐਸਐਸ ਦਾ ਮਜਬੂਤ ਹੋਣਾ ਤੇ ਨਾਲ ਹੀ ਔਰਤਾਂ ਖਿਲਾਫ਼ ਘਿਨਾਉਣੇ ਅਪਰਾਧਾਂ ਦਾ ਵਧਣਾ ਇਕ-ਦੂਜੇ ਨਾਲ਼ ਪੀਡੇ ਜੁੜੇ ਹੋਏ ਵਰਤਾਰੇ ਹਨ। ਕੇਰਲਾ ਦੇ ਸਬਰੀਮਾਲਾ ਮੰਦਰ ਨਾਲ ਜੁੜੇ ਵਿਵਾਦ ਬਾਰੇ ਦੇਸ਼ ਦੀ ਸਰਵਉੱਚ ਅਦਾਲਤ ਦਾ ਔਰਤਾਂ ਦੇ ਹੱਕ ਵਿਚ ਆਇਆ ਫੈਸਲਾ ਸੰਘਰਸ਼ ਦੇ ਜ਼ੋਰ ਉਲਟਾ ਦੇਣ ਦਾ ਸੰਘ ਮੁਖੀ ਦਾ ਦੁਸ਼ਹਿਰਾ ਭਾਸ਼ਣ ਵਿਚ ਦਿੱਤਾ ਗਿਆ ਸੱਦਾ ਸੰਘ ਪਰਿਵਾਰ ਦੇ ਔਰਤਾਂ ਪ੍ਰਤੀ ਨਜ਼ਰੀਏ ਬਾਰੇ ਕੋਈ ਸ਼ੰਕੇ ਨਹੀਂ ਰਹਿਣ ਦਿੰਦਾ। ਆਰਐੱਸਐੱਸ ਮੁਖੀ ਦੇ ਦੁਸ਼ਹਿਰਾ ਭਾਸ਼ਣ ਦੀ ਦੇਸ਼ ਦੀਆਂ ਕਾਫੀ ਸਾਰੀਆਂ ਬਹੁਭਾਸ਼ਾਈ ਅਖ਼ਬਾਰਾਂ ਨੇ ਚੋਣ ਭਾਸ਼ਣ ਕਹਿ ਕੇ ਖਿੱਲੀ ਉਡਾਈ ਹੈ। ਅਸਲ ‘ਚ ਇਸ ਭਾਸ਼ਣ ਦਾ ਫੌਰੀ ਉਦੇਸ਼ ਕੇਂਦਰ ਦੀ ਮੋਦੀ ਸਰਕਾਰ ਦੀ ਹਰ ਫਰੰਟ ‘ਤੇ ਘੋਰ ਅਸਫਲਤਾ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨਾ ਅਤੇ 2019 ਦੀਆਂ ਆਮ ਚੋਣਾਂ ਵਿਚ ਗਰੀਬੀ, ਮਹਿੰਗਾਈ, ਬੇਰੁਜ਼ਗਾਰੀ, ਕੁਰੱਪਸ਼ਨ, ਕੁਪੋਸ਼ਣ ਵਰਗੇ ਅਸਲੀ ਮੁੱਦਿਆਂ ਦੀ ਥਾਂ ਧਾਰਮਕ ਅਤੇ ਜਜ਼ਬਾਤੀ ਮੁਦਿਆਂ ਦੇ ਆਧਾਰ ‘ਤੇ ਭਾਜਪਾ ਨੂੰ ਜਤਾਉਣ ਦਾ ਕੋਝਾ ਉਪਰਾਲਾ ਹੈ। ਆਰ.ਐਸ.ਐਸ. ਦਾ ਅੰਤਮ ਨਿਸ਼ਾਨਾ ਕੱਟੜ ਹਿੰਦੂ ਰਾਸ਼ਟਰ ਦੀ ਕਾਇਮੀ ਹੈ। ਵਰਤਮਾਨ ਦੌਰ ਵਿਚ ਜਮਹੂਰੀ ਲਹਿਰ ਸਨਮੁੱਖ ਸਭ ਤੋਂ ਵੱਡੀ ਚੁਣੌਤੀ  ਆਰ ਐੱਸ ਐੱਸ ਦੇ ਇਨ੍ਹਾਂ ਖਤਰਨਾਕ ਮਨਸੂਬਿਆਂ ਨੂੰ ਹਾਰ ਦੇਣੀ ਹੈ।
ਇਸ ਦਿਸ਼ਾ ਵੱਲ ਅੱਗੇ ਵਧਦਿਆਂ ਘੱਟ ਗਿਣਤੀਆਂ ਵਿਚਲੇ ਫਿਰਕਾਪ੍ਰਸਤ ਸੰਗਠਨਾਂ ਵਿਰੁੱਧ ਵੀ ਬਰਾਬਰ ਦੇ ਤਿੱਖੇ ਅਤੇ ਬਾਅਸੂਲ ਪੈਂਤੜੇ ਦੀ ਲੋੜ ਹੈ। ਆਵਾਮ ਨੂੰ ਇਹ ਸਮਝਾਉਣਾ ਅਤੀ ਜ਼ਰੂਰੀ ਹੈ ਕਿ ਇਹ ਦੋਵੇਂ ਕਿਸਮ ਦੇ ਫਿਰਕਾਪ੍ਰਸਤ ਦੇਖਣ ਨੂੰ ਬੇਸ਼ਕ ਇੱਕ ਦੂਜੇ ਦੇ ਵਿਰੋਧੀ ਲਗਦੇ ਹਨ ਪਰ ਇਨ੍ਹਾਂ ਦੀਆਂ ਨਫਰਤੀ ਗਤੀਵਿਧੀਆਂ ਇਕ ਦੂਜੇ ਦੀਆਂ ਮਦਦਗਾਰ ਹੁੰਦੀਆਂ ਹਨ। ਕੁਝ ਕੁ ਰਾਜਸੀ ਧਿਰਾਂ ਜੋੜਾਂ ਤੋੜਾਂ ਨਾਲ ਭਾਜਪਾ ਨੂੰ ਹਰਾ ਕੇ ਫਿਰਕਾਪ੍ਰਸਤੀ ਨੂੰ ਹਾਰ ਦੇਣ ਦਾ ਭਰਮ ਫੈਲਾ ਰਹੀਆਂ ਹਨ। ਪਰ ਹਿੰਦੂ ਫਿਰਕਾਪ੍ਰਸਤਾਂ ਖਿਲਾਫ਼ ਲੜਦਿਆਂ ਸਾਡੀ ਸਫਲਤਾ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਅਸੀਂ ਫਿਰਕੂ ਨਾਅਰਿਆਂ ਦੇ ਝਾਂਸੇ ‘ਚ ਆ ਕੇ ਗੁਮਰਾਹ ਹੋਣ ਵਾਲੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਕਿੰਨਾ ਪ੍ਰਭਾਵਤ ਕਰ ਸਕਦੇ ਹਾਂ। ਸਾਨੂੰ ਉਨ੍ਹਾਂ ਨੂੰ ਇਹ ਸਦੀਵੀ ਸੱਚ ਸਮਝਾਉਣ ਦੀ ਲੋੜ ਹੈ ਕਿ ਆਰਐਸਐਸ ਕਿਸੇ ਫਿਰਕੇ ਭਾਵ ਹਿੰਦੂਆਂ ਦੇ ਹਿਤਾਂ ਦੀ ਰਾਖੀ ਲਈ ਨਹੀਂ ਬਲਕਿ ਸਰਮਾਏਦਾਰ ਜਮਾਤ (ਕਾਰਪੋਰੇਟ ਘਰਾਣਿਆਂ) ਦੇ ਹਿਤਾਂ ਦੀ ਰਾਖੀ  ਲਈ ਸਾਰੀ ਕਸਰਤ ਕਰਦਾ ਹੈ ।

Leave a Reply

Your email address will not be published. Required fields are marked *