fbpx Nawidunia - Kul Sansar Ek Parivar

ਫੁਟਬਾਲ ਦਾ ਚਮਕਦਾ ਸਿਤਾਰਾ ਐਡਮਿੰਟਨ ਦਾ ਅਲਫੌਂਸੋ ਡੇਵੀਸ

ਵੈਨਕੂਵਰ-ਨਦਬ: 17 ਸਾਲਾ ਅਲਫੌਂਸੋ ਡੇਵੀਸ ਫੁੱਟਬਾਲ ਦਾ ਸਿਤਾਰਾ ਬਣ ਚੁੱਕਿਆ ਹੈ। ਅਲਫੌਂਸੋ ਡੇਵੀਸ ਦੀ ਜ਼ਿੰਦਗੀ ਬਿਲਕੁਲ ਵੀ ਸਿੱਧ ਪੱਧਰੀ ਨਹੀਂ ਹੈ ਪਰ ਉਸ ਦਾ ਮਕਸਦ ਬਿਲਕੁਲ ਸਾਫ਼ ਤੇ ਸਪਸ਼ਟ ਹੈ। ਉਸ ਨੇ ਫੁਟਬਾਲ ਦਾ ਖਿਡਾਰੀ ਬਣਨਾ ਚਾਹਿਆ ਤੇ ਉਹ ਬਣ ਗਿਆ। ਅੱਜ ਫੁਟਬਾਲ ਉਸ ਦੀ ਜ਼ਿੰਦਗੀ ਹੈ। ਬਕੌਲ ਅਲਫੌਂਸੋ ਡੇਵੀਸ ਵੈਨਕੂਵਰ ਵ੍ਹਾਇਟਕੈਪਸ ਲਈ ਖੇਡਣਾ ਉਸ ਲਈ ਸੁਪਨਾ ਸੱਚ ਹੋਣ ਵਾਂਗ ਹੈ। ਹੁਣ ਉਸ ਦੀ ਅੰਤਰਰਾਸ਼ਟਰੀ ਪੱਧਰ ‘ਤੇ ਪਹਿਚਾਣ ਬਣਨੀ ਸ਼ੁਰੂ ਹੋ ਗਈ ਹੈ। ਜਰਮਨੀ ਜਾਣਾ ਜ਼ਿੰਦਗੀ ਅਤੇ ਖੇਡ ਖੇਤਰ ਵਿਚ ਉਸ ਲਈ ਵੱਡੇ ਪੜਾਅ ਵਾਂਗ ਹੈ।
ਜੇਕਰ ਅਲਫੌਂਸੋ ਡੇਵੀਸ ਦੇ ਸੰਘਰਸ਼ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਹੈਰਾਨੀ ਹੁੰਦੀ ਹੈ ਤੇ ਪਤਾ ਲੱਗਦਾ ਹੈ ਕਿ ਵਿਅਕਤੀ ਨੂੰ ਜਿੰਨੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਓਨਾ ਹੀ ਉਸ, ਦਾ ਵਿਅਕਤੀਤਵ ਨਿੱਖਰ ਕੇ ਲੋਕਾਂ ਸਾਹਮਣੇ ਆਉਂਦਾ ਹੈ।
ਅਲਫੌਂਸੋ ਡੇਵੀਸ ਦਾ ਜਨਮ ਘਾਨਾ ਦੇ ਰਫ਼ਿਊਜੀ ਕੈਂਪ ਵਿਚ ਹੋਇਆ। ਉਸ ਦੇ ਮਾਪੇ ਲਿਬੀਆ ਦੀ ਸਿਵਲ ਖ਼ਾਨਾਜੰਗੀ ਵਿਚੋਂ ਭੱਜ ਕੇ ਆਏ ਸਨ। ਜਦੋਂ ਉਸ ਦੀ ਉਮਰ ਪੰਜ ਸਾਲਾਂ ਦੀ ਸੀ ਤਾਂ ਉਸ ਦਾ ਪਰਿਵਾਰ ਕਨੇਡਾ ਵਿਚ ਆ ਗਿਆ। ਏਥੇ ਆ ਕੇ ਉਹ ਐਡਮਿੰਟਨ ਵਿਚ ਰਿਹਾ, ਜਿੱਥੇ ਪਹਿਲਾਂ ਵੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਰਹਿ ਰਹੇ ਸਨ। ਅਲਫੌਂਸੋ ਦਾ ਕਹਿਣਾ ਹੈ, ”ਮੈਂ 14 ਸਾਲ ਦੀ ਉਮਰ ਵਿਚ ਐਡਮਿੰਟਨ ਛੱਡ ਦਿੱਤਾ। ਧਿਆਨ ਸਿਰਫ਼ ਆਪਣੀ ਖੇਡ ਵੱਲ ਹੀ ਰੱਖਿਆ। ਇਹ ਵੀ ਨਹੀਂ ਪਤਾ ਸੀ ਕਿ ਮੈਂ ਕਰ ਕੀ ਰਿਹਾ ਹਾਂ, ਇਸ ਤੋਂ ਬਾਅਦ ਜਰਮਨੀ ਆਇਆ। ਇੱਥੇ ਨਵੇਂ ਲੋਕ, ਨਵੀਂ ਭਾਸ਼ਾ ਪਰ ਛੇਤੀ ਹੀ ਮੈਂ ਇੱਥੇ ਰਚਮਿਚ ਗਿਆ।” ਬੱਚਿਆਂ ਦੇ ਕਲੱਬਾਂ ਤੋਂ ਹੁੰਦਾ ਹੋਇਆ ਅਲਫੌਂਸੋ ਡੇਵੀਸ ਜਲਦੀ ਹੀ ਸੀਨੀਅਰ ਖਿਡਾਰੀਆਂ ਵਿਚ ਆ ਗਿਆ। 16 ਜੁਲਾਈ 2016 ਵਿਚ ਉਹ ਐਮਐਲਐਸ ਵਿਚ ਸ਼ਾਮਲ ਹੋ ਗਿਆ। ਇਸ ਨਾਲ ਅਲਫੌਂਸੋ ਡੇਵੀਸ ਦੀ ਜ਼ਿੰਦਗੀ ਅਤੇ ਖੇਡ ਵਿਚ ਬਹੁਤ ਤਬਦੀਲੀਆਂ ਆਈਆਂ। ਉਸ ਨੇ ਤਜਰਬੇਕਾਰ ਟੀਮ ਮੈਂਬਰਾਂ ਤੋਂ ਬਹੁਤ ਕੁਝ ਸਿੱਖਿਆ।
ਸਟਰਾਈਕਰ ਕਾਈ ਕਮਾਰਾ ਦਾ ਕਹਿਣਾ ਹੈ ਕਿ ਵ੍ਹਾਈਟਕੈਪਸ ਵਿਚ ਆਉਣ ਤੋਂ ਪਹਿਲਾਂ ਉਸ ਨੇ ਅਲਫੌਂਸੋ ਡੇਵੀਸ ਬਾਰੇ ਸੁਣਿਆ ਸੀ ਤੇ ਉਸ ਦੀ ਤਾਰੀਫ਼ ਵੀ ਹੁੰਦੀ ਸੀ। ਦੂਜੇ ਟੀਮ ਮੈਂਬਰਾਂ ਦਾ ਕਹਿਣਾ ਹੈ ਕਿ ਅਲਫੌਂਸੋ ਦਾ ਵਿਅਕਤੀਤਵ ਅਜਿਹਾ ਹੈ ਕਿ ਸਭ ਨੂੰ ਆਪਣੇ ਵੱਲ ਖਿੱਚਦਾ ਹੈ।
ਵ੍ਹਾÂਟੀਕੈਪਸ ਦੇ ਅਧਿਕਾਰੀ ਲੈਨਰਡੂਜ਼ੀ ਦਾ ਕਹਿਣਾ ਹੈ ਕਿ ਸਾਨੂੰ ਮਾਣ ਹੈ ਕਿ ਸਾਡੇ ਕੋਲ ਅਜਿਹੇ ਨੌਜਵਾਨ ਖਿਡਾਰੀ ਹਨ, ਜਿਨ੍ਹਾਂ ਕਰਕੇ ਸੰਸਥਾ ਦਾ ਨਾਮ ਵੀ ਉੱਚਾ ਹੁੰਦਾ ਹੈ। ਉਨ੍ਹਾਂ ਕਿਹਾ ਕਿ 2026 ਵਿਚ ਕਨੇਡਾ ਵਿਚ ਵਿਸ਼ਵ ਕੱਪ ਹੋਣ ਵਾਲਾ ਹੈ ਤੇ ਸਾਨੂੰ ਉਮੀਦ ਹੈ ਕਿ ਵ੍ਹਾਈਟਕੈਪਸ ਦੇ ਖਿਡਾਰੀ ਉਸ ਵਕਤ ਕਨੇਡਾ ਦੀ ਟੀਮ ਦਾ ਮੁੱਖ ਅੰਗ ਹੋਣਗੇ। ਇਸ ਮਾਮਲੇ ਵਿਚ ਵ੍ਹਾਈਟਕੈਪਸ ਦੇ ਜਨਰਲ ਮੈਨੇਜਰ ਨੂੰ ਅਲਫੌਂਸੋ ਡੇਵੀਸ ‘ਤੇ ਕਾਫ਼ੀ ਉਮੀਦਾਂ ਹਨ।
ਅਸਲ ਵਿਚ ਮਿਹਨਤ ਦੇ ਮਾਮਲੇ ਵਿਚ ਅਲਫੌਂਸੋ ਡੇਵੀਸ ਦੂਜੇ ਖਿਡਾਰੀਆਂ ਤੋਂ ਕਾਫ਼ੀ ਵੱਖ ਹੈ। ਉਹ ਕੋਈ ਵੀ ਦੂਸਰਾ ਕੰਮ ਕਰਨ ਤੋਂ ਪਹਿਲਾਂ ਮਿਹਨਤ ਕਰਨ ਨੂੰ ਵੱਧ ਤਰਜੀਹ ਦਿੰਦਾ ਹੈ ਤੇ ਇਹ ਉਸ ਦੀ ਮਿਹਨਤ ਦਾ ਹੀ ਫ਼ਲ ਹੈ ਜਿਹੜਾ ਇੰਨਾ ਰੰਗ ਲੈ ਕੇ ਆਇਆ ਹੈ ਕਿ ਅੱਜ ਉਹ ਫੁਟਬਾਲ ਦਾ ਸਿਤਾਰਾ ਬਣ ਗਿਆ ਹੈ। ਜਰਮਨ ਦੇ ਫੁਟਬਾਲ ਸਿਤਾਰੇ ਬਾਇਰਨ ਮਿਊਨਿਕ ਦਾ ਕਹਿਣਾ ਹੈ ਕਿ 2023 ਵਿਚ ਅਲਫੌਂਸੋ ਡੇਵੀਸ ਟੀਮ ਵਿਚ ਖੇਡਣ ਲਈ 22 ਮਿਲੀਅਨ ਯੂਐਸ ਡਾਲਰ ਲਵੇਗਾ ਤੇ ਇਹ ਖੇਡ ਉਸ ਦੀ ਦੇਖਣ ਵਾਲੀ ਹੋਵੇਗੀ।
ਪੂਰੇ ਫੁਟਬਾਲ ਜਗਤ ਨੂੰ ਅਲਫੌਂਸੋ ਡੇਵੀਸ ਤੋਂ ਬਹੁਤ ਸਾਰੀਆਂ ਉਮੀਦਾਂ ਹਨ ਤੇ ਇਸ ਖਿਡਾਰੀ ਦੀ ਮਿਹਨਤ ਅਤੇ ਲਗਨ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਉਮੀਦਾਂ ‘ਤੇ ਜ਼ਰੂਰ ਖਰਾ ਉਤਰੇਗਾ।

Share this post

Leave a Reply

Your email address will not be published. Required fields are marked *