‘ਦਿ ਪਿਟੀ ਆਫ ਪਾਰਟੀਸ਼ਨ’ : ਭਗਤ ਸਿੰਘ ਦਾ ਕਾਇਲ ਸੀ ਮੰਟੋ

ਆਇਸ਼ਾ ਜਲਾਲ
ਆਪਣੀ ਕਿਤਾਬ ‘ਦਿ ਪਿਟੀ ਆਫ ਪਾਰਟੀਸ਼ਨ’ ਵਿਚ ਮੰਟੋ ਦੇ ਖਾਨਦਾਨ ਦੀ ਜ਼ਹੀਨ ਇਤਿਹਾਸਕਾਰ ਆਇਸ਼ਾ ਜਲਾਲ ਲਿਖਦੀ ਹੈ ਕਿ ਸਆਦਤ ਹਸਨ ਮੰਟੋ ਦੇ ਆਮ ਜਿਹੇ ਵਿੱਦਿਅਕ ਸਫ਼ਰ ਨੂੰ ਉਨ੍ਹ•ਾਂ ਦੇ ਛੋਟੇ ਪਰ ਸ਼ਾਨਦਾਰ ਸਾਹਿਤਕ ਕਰੀਅਰ ਸਦਕਾ ਹੁਲਾਰਾ ਮਿਲਿਆ। ਰਸਮੀ ਪੜ੍ਹ•ਾਈ ਦੀਆਂ ਰੋਕਾਂ ਤੋਂ ਬਾਹਰ ਉਹ ਤੇਜ਼ੀ ਨਾਲ ਸਿੱਖਣ ਵਾਲਾ ਤੇ ਇਨਕਲਾਬੀ ਸਾਹਿਬ ਦਾ ਵਧੀਆ ਪਾਠਕ ਸਾਬਿਤ ਹੋਇਆ। ਅੰਗਰੇਜ਼ ਵਿਰੋਧੀ ਜਜ਼ਬਾਤ ਨਾਲ ਭਰਿਆ, ਪਰ ਕਾਂਗਰਸ ਤੇ ਮੁਸਲਿਮ ਲੀਗ ਦੇ ਆਗੂਆਂ ਨੂੰ ਸ਼ੱਕ ਨਾਲ ਵੇਖਣ ਵਾਲਾ ਮੰਟੋ ਨੌਜਵਾਨਾਂ ਦੇ ਨਾਇਕ (ਸ਼ਹੀਦ) ਭਗਤ ਸਿੰਘ ਦਾ ਕਾਇਲ ਸੀ ਜਿਨ੍ਹ•ਾਂ ਨੂੰ ਅੰਗਰੇਜ਼ ਅਫ਼ਸਰ (ਸਾਂਡਰਸ) ਦੇ ਕਤਲ ਤੇ ਕੇਂਦਰੀ ਅਸੈਂਬਲੀ ਵਿਚ ਬੰਬ ਸੁੱਟਣ ਦੇ ਦੋਸ਼ ਹੇਠ 1931 ਵਿਚ ਲਾਹੌਰ ‘ਚ ਫਾਂਸੀ ਦੇ ਦਿੱਤੀ ਗਈ। ਉਸ ਦੇ ਸ਼ੱਕ ਦਾ ਕਾਰਨ ਉਸ ਵਕਤ ਪੰਜਾਬ ਦਾ ਸਿਆਸੀ ਮਾਹੌਲ ਵੀ ਸੀ ਕਿਉਂਕਿ ਮੋਹਨਦਾਸ ਕਰਮਚੰਦ ਗਾਂਧੀ ਵੱਲੋਂ ਸ਼ਹੀਦ ਭਗਤ ਸਿੰਘ (ਤੇ ਉਨ੍ਹ•ਾਂ ਦੇ ਸਾਥੀਆਂ) ਦੀ ਸਜ਼ਾ-ਏ-ਮੌਤ ਮੁਆਫ਼ ਕਰਨ ਲਈ ਬਰਤਾਨਵੀ ਹਕੂਮਤ ਨੂੰ ਅਪੀਲ ਕਰਨ ਤੋਂ ਨਾਂਹ ਕਰ ਦਿੱਤੇ ਜਾਣ ਕਾਰਨ ਪੰਜਾਬ ਵਿਚ ਧਾਰਮਕ ਵਲਗਣਾਂ ਤੋਂ ਉਪਰ ਉੱਠ ਕੇ ਰੋਸ ਪਾਇਆ ਜਾ ਰਿਹਾ ਸੀ।
ਆਇਸ਼ਾ ਜਲਾਲ ਮੁਤਾਬਕ ਮੈਟ੍ਰਿਕ ਪਾਸ ਕਰਨ ਤੋਂ ਬਾਅਦ ਮੰਟੋ ਨੇ ਹਿੰਦੂ ਸਭਾ ਕਾਲਜ ਵਿਚ ਦਾਖ਼ਲਾ ਲਿਆ। ਦੇਸ਼ ਵਿਚ ਵਧ ਰਹੇ ਸਾਮਰਾਜਵਾਦ ਵਿਰੋਧੀ ਰੋਹ ‘ਚ 1919 ਤੋਂ ਹੀ ਅੰਮ੍ਰਿਤਸਰ ਦੇ ਮੋਹਰੀ ਰਹਿਣ ਕਾਰਨ ਕਾਲਜ ਦਾ ਮਾਹੌਲ ਬੜਾ ਜੋਸ਼ੀਲਾ ਬਣਿਆ ਹੋਇਆ ਸੀ। ਪਹਿਲੀ ਆਲਮੀ ਜੰਗ ਵਿਚ ਤੁਰਕੀ ਦੀ ਹਾਰ ਤੋਂ ਬਾਅਦ ਗਾਂਧੀ ਨੇ ਖ਼ਿਲਾਫ਼ਤ-ਪੱਖੀ ਮੁਸਲਮਾਨਾਂ ਨਾਲ ਹੱਥ ਮਿਲਾ ਲਿਆ। ਇਸ ਗਠਜੋੜ ਨੇ ਗਾਂਧੀ ਦੀ ਰੋਲਟ ਐਕਟ (1919) ਖ਼ਿਲਾਫ਼ ਅਸਹਿਯੋਗ ਅੰਦੋਲਨ ਸ਼ੁਰੂ ਕਰਨ ਕਾਰਨ ਕਾਂਗਰਸ ਪਾਰਟੀ ਅੰਦਰ ਹੋ ਰਹੇ ਆਪਣੇ ਵਿਰੋਧ ਦਾ ਟਾਕਰਾ ਕਰਨ ਵਿਚ ਮਦਦ ਕੀਤੀ। ਇਹ ਐਕਟ ਸਾਮਰਾਜੀ ਹਕੂਮਤ ਨੂੰ ਅਮਨ ਸਮੇਂ ਦੌਰਾਨ ਜੰਗੀ ਐਮਰਜੈਂਸੀ ਵਾਲਾ ਆਰਡੀਨੈਂਸ ਲਾਗੂ ਕਰਨ ਦੇ ਅਖ਼ਤਿਆਰ ਦਿੰਦਾ ਸੀ। ਅੰਮ੍ਰਿਤਸਰ ਦਾ ਜੱਲਿ•ਆਂਵਾਲਾ ਬਾਗ਼ ਅਸਹਿਯੋਗ ਅੰਦੋਲਨ ਦੇ ਦੌਰ ਦੇ ਸ਼ਹੀਦਾਂ ਦਾ ਸਭ ਤੋਂ ਵੱਡਾ ਯਾਦਗਾਰੀ ਸਥਾਨ ਹੈ। ਇਸ ਤੋਂ ਬਾਅਦ ਵੀ ਸ਼ਹੀਦ ਭਗਤ ਸਿੰਘ ਤੇ ਉਨ੍ਹ•ਾਂ ਦੇ ਸਾਥੀਆਂ ਨੇ ਅੰਗਰੇਜ਼ ਹਕੂਮਤ ਦੇ ਨਿਡਰ ਵਿਰੋਧ ਦੀ ਰਵਾਇਤ ਜਾਰੀ ਰੱਖੀ। ਕੌਮ ਲਈ ਭਗਤ ਸਿੰਘ ਦੀ ਕੁਰਬਾਨੀ ਤੋਂ ਪ੍ਰੇਰਿਤ ਹੋ ਕੇ ਸਆਦਤ ਤੇ ਉਸ ਦਾ ਸਕੂਲ ਵੇਲੇ ਦਾ ਦੋਸਤ ਤੇ ਹਮਜਮਾਤੀ ਹਸਨ ਅੱਬਾਸ ਵੀ ਇਨਕਲਾਬੀ ਬਣਨ ਅਤੇ ਅੰਗਰੇਜ਼ਾਂ ਨੂੰ ਮੁਲਕ ਤੋਂ ਬਾਹਰ ਕੱਢ ਦੇਣ ਦੇ ਸੁਪਨੇ ਦੇਖਣ ਲੱਗੇ। ਦਸਵੀਂ ਜਮਾਤ ਵਿਚ ਆਪਣਾ ਸਕੂਲ ਦਾ ਕੰਮ ਕਰਨ ਦੀ ਥਾਂ ਉਨ੍ਹ•ਾਂ ਸੰਸਾਰ ਦਾ ਨਕਸ਼ਾ ਉਲੀਕਿਆ ਤੇ ਇਸ ਬਰੇ-ਸਗੀਰ ‘ਚ ਕਿਸੇ ਨਾਮੀ ਕਮਿਊਨਿਸਟ ਬੁੱਧੀਜੀਵੀ ਦੇ ਸਾਹਮਣੇ ਆਉਣ ਤੋਂ ਕਿਤੇ ਪਹਿਲਾਂ ਮਾਸਕੋ ਵੱਲ ਬਚ ਨਿਕਲਣ ਦੀ ਯੋਜਨਾ ਬਣਾਈ। ਉਨ੍ਹ•ਾਂ ਲਈ ਅੰਮ੍ਰਿਤਸਰ ਹੀ ਮਾਸਕੋ ਸੀ ਤੇ ਇਸ ਦੀਆਂ ਗਲੀਆਂ ਉਹ ਸਥਾਨ ਸਨ ਜਿੱਥੇ ਉਹ ਤਾਨਾਸ਼ਾਹ ਤੇ ਜ਼ਾਲਮ ਹਾਕਮਾਂ ਨੂੰ ਮਿੱਟੀ ‘ਚ ਮਿਲੇ ਦੇਖਣਾ ਚਾਹੁੰਦੇ।
ਮੰਟੋ ਦੇ ਅੰਮ੍ਰਿਤਸਰ ਦੇ ਇਕ ਸਾਥੀ ਬਾਰੇ ਦੱਸਦਿਆਂ ਆਇਸ਼ਾ ਜਲਾਲ ਲਿਖਦੀ ਹੈ ਕਿ ਇਨ੍ਹਾਂ ਉੱਭਰ ਰਹੇ ਇਨਕਲਾਬੀਆਂ ਵਿਚ ਇਕ ਹੋਰ ਸਾਥੀ ਅਬੂ ਸਈਦ ਕੁਰੈਸ਼ੀ ਵੀ ਆਣ ਰਲਿਆ। ਇਨ੍ਹਾਂ ਦੀ ਦੋਸਤੀ ਹੌਲੀਵੁੱਡ ਦੀਆਂ ਅਦਾਕਾਰਾਵਾਂ ‘ਚ ਦਿਲਚਸਪੀ ਕਾਰਨ ਪਈ। ਮੰਟੋ ਫ਼ਿਲਮੀ ਰਸਾਲੇ ਤੇ ਪੋਸਟਰ ਇਕੱਤਰ ਕਰਦਾ ਰਹਿੰਦਾ ਸੀ। ਆਪਣੀਆਂ ਮਨਪਸੰਦ ਹੀਰੋਇਨਾਂ ਦੀਆਂ ਤਸਵੀਰਾਂ ਦੇਖਦਿਆਂ ਉਹ ਖ਼ਿਆਲਾਂ ‘ਚ ਅੰਮ੍ਰਿਤਸਰ ਤੋਂ ਹੌਲੀਵੁੱਡ ਪੁੱਜ ਜਾਂਦੇ। ਸਈਦ ਮੁਕਾਮੀ ਫੋਟੋਗ੍ਰਾਫ਼ਰ ਆਸ਼ਿਕ ਅਲੀ ਦੀ ਦੁਕਾਨ ‘ਤੇ ਮੰਟੋ ਨਾਲ ਹੋਈ ਆਪਣੀ ਪਹਿਲੀ ਮੁਲਾਕਾਤ ਚੇਤੇ ਕਰਦਾ। ਆਸ਼ਿਕ ਅਲੀ ਕੋਲ ਫੋਟੋਗ੍ਰਾਫ਼ੀ ਲਈ ਕੈਮਰੇ ਤੇ ਹੋਰ ਵਾਧੂ ਸਾਜ਼ੋ-ਸਾਮਾਨ ਤੇ ਬੰਬਈ ਦੇ ਫ਼ਿਲਮੀ ਸਿਤਾਰਿਆਂ ਦੀਆਂ ਤਸਵੀਰਾਂ ਲੈਣ ਦਾ ਤਜਰਬਾ ਸੀ। ਉਸ ਦੇ ਸਾਜ਼ੋ-ਸਾਮਾਨ ਤੋਂ ਪ੍ਰਭਾਵਤ ਹੋ ਕੇ ਇਹ ਤਿੰਨੋਂ ਆਪਣੇ ਪਸੰਦੀਦਾ ਫ਼ਿਲਮੀ ਸਿਤਾਰਿਆਂ ਦੀਆਂ ਤਸਵੀਰਾਂ ਫਰੇਮ ਕਰਵਾਉਣ ਲੱਗੇ। ਜਦੋਂ ਇਹ ਸ਼ੌਕ ਮਹਿੰਗਾ ਪੈਣ ਲੱਗਾ ਤਾਂ ਉਨ੍ਹ•ਾਂ ਸਾਮਾਨ ਖ਼ਰੀਦ ਕੇ ਖ਼ੁਦ ਹੀ ਫਰੇਮ ਕਰਨੇ ਸ਼ੁਰੂ ਕਰ ਦਿੱਤੇ। ਸਈਦ ਜਿੱਥੇ (ਸਵੀਡਿਸ਼-ਅਮਰੀਕੀ ਅਦਾਕਾਰਾ) ਗਰੈਟਾ ਗਾਰਬੋ ਦਾ ਮੁਰੀਦ ਸੀ, ਉੱਥੇ ਸਆਦਤ (ਜਰਮਨ-ਅਮੀਰੀਕੀ ਅਦਾਕਾਰਾ) ਮਰਲੀਨ ਡੀਟਰਿਸ਼ ‘ਤੇ ਮੋਹਿਤ ਸੀ।
ਲਾਇਰਜ਼ ਕਲੋਨੀ ਦੇ ਉੱਤਰੀ ਹਿੱਸੇ ਵਿਚਲਾ ਮੰਟੋ ਦਾ ਜੱਦੀ ਘਰ ਉਸ ਦੇ ਸਰਦੇ-ਪੁੱਜਦੇ ਰਿਸ਼ਤੇਦਾਰਾਂ ਦੇ ਮੁਕਾਬਲੇ ਸਾਧਾਰਨ ਜਿਹਾ ਸੀ। ਘਰ ਦੇ ਪੂਰਬੀ ਦਰਵਾਜ਼ੇ ਲਾਗੇ ਮੰਟੋ ਦਾ ਕਮਰਾ ਸੀ ਜਿਸ ਦੀਆਂ ਖਿੜਕੀਆਂ ਉੱਤਰ ਵੱਲ ਸਨ। ਉਸ ਨੇ ਇਸ ਕਮਰੇ ਦਾ ਪ੍ਰੇਰਨਾਦਾਈ ਨਾਂ ਦਾਰ-ਉਲ-ਅਹਿਮਾਰ ਭਾਵ ਲਾਲ ਕਮਰਾ ਰੱਖਿਆ ਹੋਇਆ ਸੀ। ਬੂਹੇ ਨੇੜੇ ਇਕ ਚੁੱਕਵੀਂ ਸੀਟ ਸੀ ਜੋ ਮੁਲਤਾਨੀ ਗੱਦੀ ਨਾਲ ਢਕੀ ਰਹਿੰਦੀ। ਉਸ ਦੀ ਪੜ੍ਹ•ਨ-ਲਿਖਣ ਵਾਲੀ ਮੇਜ਼ ਖਿੜਕੀਆਂ ਵੱਲ ਸੀ ਜੋ ਕਿਤਾਬਾਂ ਨਾਲ ਭਰੀ ਰਹਿੰਦੀ। ਇਸ ਉੱਤੇ ਕਾਰ ਦੀ ਸ਼ਕਲ ਵਾਲੀ ਦਵਾਤ ਹੁੰਦੀ ਜਿਹੜੀ ਵੱਖਰੀ ਹੀ ਦਿਖਾਈ ਦਿੰਦੀ। ਮੇਜ਼ ਦੇ ਖੱਬੇ ਪਾਸੇ ਬਿਲਕੁਲ ਨਾਲ ਕਿਤਾਬਾਂ ਦੀ ਭਰੀ ਛੋਟੀ ਜਿਹੀ ਅਲਮਾਰੀ ਤੇ ਸੱਜੇ ਪਾਸੇ ਅੰਗੀਠੀ ਉੱਤੇ ਭਗਤ ਸਿੰਘ ਦਾ ਬੁੱਤ (ਧੜ) ਸੁਸ਼ੋਭਿਤ ਸੀ।
ਅਬਦੁਲ ਬਾਰੀ ਅਲਗ ਦਾ ਜ਼ਿਕਰ ਕਰਦਿਆਂ ਆਇਸ਼ਾ ਜਲਾਲ ਨੇ ਲਿਖਿਆ: ਜ਼ਿੰਦਗੀ ਸ਼ਾਇਦ ਇੰਜ ਹੀ ਰਵਾਨੀ ਨਾਲ ਕਿਤੇ ਵੀ ਨਾ ਪੁੱਜਣ ਲਈ ਚੱਲਦੀ ਰਹਿੰਦੀ, ਜੇ ਮੰਟੋ ਲਾਸਾਨੀ ਵਾਕਫ਼ੀਅਤ ਨਾ ਪੈਦਾ ਕਰਦਾ। ਉਸ ਦੇ ਅਦਬੀ ਕਰੀਅਰ ‘ਚ ਫੈਸਲਾਕੁਨ ਮੋੜ ਅਪ੍ਰੈਲ 1933 ‘ਚ 21 ਸਾਲ ਦੀ ਉਮਰ ‘ਚ ਆਇਆ, ਜਦੋਂ ਉਹ ਘੁਮੱਕੜ ਸਮਾਜਵਾਦੀ ਪੱਤਰਕਾਰ ਤੇ ਇਤਿਹਾਸਕਾਰ ਅਬਦੁਲ ਬਾਰੀ ਅਲਗ ਨੂੰ ਮਿਲਿਆ। ਬਾਰੀ ਕੋਲ ਅਲੀਗੜ੍ਹ• ਯੂਨੀਵਰਸਿਟੀ ਦੀ ਕੋਈ ਡਿਗਰੀ ਨਹੀਂ ਸੀ, ਪਰ ਉਸ ਨੂੰ ਉੱਥੇ ਪੜ੍ਹ•ੇ ਤੇ ਇਸ ਅਦਾਰੇ ਨਾਲ ਜੁੜੇ ਹੋਣ ਦਾ ਬਹੁਤ ਮਾਣ ਸੀ ਜਿਸ ਤੋਂ ਉਸ ਦੇ ਨਾਂ ਨਾਲ ‘ਅਲਗ’ ਜੁੜਿਆ। ਇੰਗਲਿਸ਼ ਇੰਡੀਆ ਕੰਪਨੀ ਦੀ ਹਕੂਮਤ ਦੇ ਇਤਿਹਾਸ ਉੱਤੇ ਆਧਾਰਤ ਮਸ਼ਹੂਰ ਸਾਮਰਾਜ ਵਿਰੋਧੀ ਕਿਤਾਬ ਲਿਖਣ ਤੋਂ ਇਲਾਵਾ ਬਾਰੀ ਮੁੱਖ ਤੌਰ ‘ਤੇ ਹੀਗਲ ਤੇ ਮਾਰਕਸ ਬਾਰੇ ਵਿਵਾਦਮਈ ਲੇਖ ਜਾਂ ਮੁਹੰਮਦ ਇਕਬਾਲ ਦੀ ਵਿਚਾਰਧਾਰਾ ਤੇ ਸ਼ਾਇਰੀ ‘ਤੇ ਸਿਧਾਂਤਵਾਦੀ ਲਿਖਤਾਂ ਲਿਖਦਾ। ਮੰਟੋ ਆਪਣੇ ਭਵਿੱਖੀ ਮੁਰਸ਼ਦ ਨੂੰ ਪਹਿਲੀ ਵਾਰ ਨਾਮੀ ਉਰਦੂ ਸ਼ਾਇਰ ਅਖ਼ਤਰ ਸ਼ਿਰਾਨੀ ਨਾਲ ਸ਼ਿਰਾਜ ਹੋਟਲ ‘ਚ ਮਿਲਿਆ। ਬਾਰੀ ਉਦੋਂ ਅੰਮ੍ਰਿਤਸਰ ਤੋਂ ਛਪਦੇ ਉਰਦੂ ਰੋਜ਼ਨਾਮਾ ‘ਮੁਸਾਵਤ’ (ਬਰਾਬਰੀ) ਲਈ ਕੰਮ ਕਰਦਾ ਸੀ। ਅਰਥ ਸ਼ਾਸਤਰ ਤੇ ਇਤਿਹਾਸ ਦੇ ਵਿਦਿਆਰਥੀ ਬਾਰੀ ਨੂੰ ਸਾਹਿਤ ਬਾਰੇ ਕੁਝ ਸਮਝ ਨਹੀਂ ਸੀ ਜਿਸ ਕਾਰਨ ਗੱਲਬਾਤ ਦਾ ਰੁਖ਼ ਸਿਆਸਤ ਵੱਲ ਹੋ ਗਿਆ। ਜਦੋਂ ਸਜ਼ਾ-ਏ-ਮੌਤ ਦਾ ਸਵਾਲ ਆਇਆ ਤਾਂ ਮੰਟੋ ਨੇ ਇਸ ਮੁੱਦੇ ‘ਤੇ ਬਾਰੀ ਦੀ ਰਾਇ ਮੰਗੀ। ਬਾਰੀ ਨੇ ਫਰਾਂਸੀਸੀ ਸਾਹਿਤਕਾਰ ਵਿਕਟਰ ਹਿਊਗੋ ਦੀ ਤਕਰੀਰ ਦਾ ਹਵਾਲਾ ਦਿੱਤਾ, ਜਿਸ ਦੇ ਇਕ ਹਿੱਸੇ ਦਾ ਉਰਦੂ ‘ਚ ਤਰਜਮਾ ਕਰਕੇ ਕੋਲਕਾਤਾ ਆਧਾਰਤ ਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਵਲੋਂ ਚਲਾਏ ਜਾਂਦੇ ਅਖ਼ਬਾਰ ‘ਅਲ-ਹਿਲਾਲ’ ਵਿਚ ਛਪਿਆ ਸੀ। ਬਾਰੀ ਨੇ ਹਿਊਗੋ ਦੇ ‘ਦਿ ਲਾਸਟ ਡੇਅ ਆਫ਼ ਏ ਕੰਡੈਂਮਡ ਮੈਨ’ ਦਾ ਵੀ ਹਵਾਲਾ ਦਿੱਤਾ। ”ਮੇਰੇ ਕੋਲ ਕਿਤਾਬ ਹੈ।” ਮੰਟੋ ਨੇ ਜਵਾਬ ਦਿੱਤਾ ਤੇ ਪੁੱਛਿਆ, ”ਕੀ ਤੁਸੀਂ ਪੜ੍ਹ•ਨੀ ਚਾਹੋਗੇ?” ਅਗਲੇ ਦਿਨ ਉਹ ਕਿਤਾਬ ਲੈ ਕੇ ‘ਮੁਸਾਵਤ’ ਦੇ ਦਫ਼ਤਰ ਪੁੱਜ ਗਿਆ। ਆਪਣਾ ਕੰਮ ਕਰਦੇ ਬਾਰੀ ਨੂੰ ਉਡੀਕਦਿਆਂ ਸਆਦਤ ਦੀਆਂ ਅੱਖਾਂ ਕਤਾਰ ‘ਚ ਕੰਮ ਕਰਦੇ ਪੱਤਰਕਾਰਾਂ ‘ਤੇ ਘੁੰਮੀਆਂ। ਸਾਰਿਆਂ ਦੇ ਉਪਰ ਇਕ-ਇਕ ਬੱਲਬ ਜਗ ਰਿਹਾ ਸੀ ਤੇ ਉਹ ਪੀਲੇ ਰੰਗ ਦੇ ਕਾਗਜ਼ ਉੱਤੇ ਉਰਦੂ ਵਿਚ ਲਿਖ ਰਹੇ ਸਨ। ਉਹ ਦੇਖ ਕੇ ਮੰਤਰ-ਮੁਗਧ ਹੋ ਗਿਆ।
ਛੇਤੀ ਹੀ ਹਸਨ ਤੇ ਅਬੂ ਸਈਦ ਵੀ ਬਾਰੀ ਦੇ ਦੋਸਤ ਬਣ ਗਏ ਤੇ ਉਹ ਅੰਮ੍ਰਿਤਸਰ ਦੇ ਰਾਮ ਬਾਗ ‘ਚ ਸ਼ਾਮ ਦੀ ਸੈਰ ਕਰਦੇ। ਜਦੋਂ ਗਰੁੱਪ ਵਿਚ ਕੁਝ ਹੋਰ ਮੈਂਬਰ ਜੁੜ ਗਏ ਤਾਂ ਉਨ੍ਹ•ਾਂ ਕੁਝ ਅਜੀਬ ਨਿਯਮਾਂ ਵਾਲਾ ‘ਫਰੀ ਥਿੰਕਰਜ਼ ਸਰਕਲ’ ਬਣਾ ਲਿਆ। ਇਸ ਦੇ ਨਿਯਮ ਕੁਝ ਇੰਜ ਸਨ- ਸਰਕਲ ਦੇ ਮੈਂਬਰ ਗਰਮੀਆਂ ‘ਚ ਫਲਾਲੈਣ ਦੀਆਂ ਪਤਲੂਨਾਂ ਤੇ ਖਾਕੀ ਕਮੀਜ਼ਾਂ ਪਹਿਨਣਗੇ ਤੇ ਮਹੀਨੇ ‘ਚ ਕਿਸੇ ਇਕ ਜਣੇ ਨੂੰ ਮੂਰਖ ਬਣਾਉਣਾ ਆਦਿ।
ਆਇਸ਼ਾ ਜਲਾਲ ਦੱਸਦੀ ਹੈ ਕਿ ਮੰਟੋ ਦਾ ਕਮਰਾ ਵਿਕਟਰ ਹਿਊਗੋ, ਲਾਰਡ ਲਿਏਟਨ, ਮੈਕਸਿਮ ਗੋਰਕੀ, ਐਨਟਨ ਚੈਖਵ, ਪੁਸ਼ਕਿਨ, ਗੋਗੋਲ, ਦੋਸਤੋਵਸਕੀ, ਆਸਕਰ ਵਾਈਲਡ ਅਤੇ ਮੋਪਾਂਸਾ ਵਰਗੇ ਲੇਖਕਾਂ ਦੀਆਂ ਕਿਤਾਬਾਂ ਨਾਲ ਭਰਿਆ ਪਿਆ ਸੀ। ਬਾਰੀ, ਹਿਊਗੋ ਨੂੰ ਦੁਨੀਆ ਦਾ ਮਹਾਨਤਮ ਨਾਵਲਕਾਰ ਮੰਨਦਾ। ਆਇਸ਼ਾ ਜਲਾਲ ਨੇ ਇਕ ਅਹਿਮ ਘਟਨਾ ਦਾ ਜ਼ਿਕਰ ਇਉਂ ਕੀਤਾ ਹੈ: ਇਸ ਤਿੱਕੜੀ (ਮੰਟੋ, ਹਸਨ ਤੇ ਅਬੂ) ਵਲੋਂ ਆਸਕਰ ਵਾਈਲਡ ਦੇ ਇਕ ਲਘੂ ਨਾਟਕ ‘ਵੇਰਾ’ ਦੇ ਕੀਤੇ ਤਰਜਮੇ ਦੀ ਨਿਗਰਾਨੀ ਬਾਰੀ ਨੇ ਕੀਤੀ ਜੋ ਰੂਸੀ ਨਾਈਲਿਸਟ ਇਨਕਲਾਬੀਆਂ ਬਾਰੇ ਦੁਖਾਂਤਕ ਨਾਟਕ ਸੀ। ਇਹ ਨਾਟਕ ਮਸ਼ਹੂਰੀ ਬਾਰੇ ਸਮਝ ਰੱਖਦੇ ਪ੍ਰਕਾਸ਼ਨ ਨੇ ਪ੍ਰਕਾਸ਼ਤ ਕੀਤਾ। ਸ਼ਹਿਰ ਦੀਆਂ ਕੰਧਾਂ ‘ਤੇ ਕਿਤਾਬ ਦੀ ਇਸ਼ਤਿਹਾਰਬਾਜ਼ੀ ਲਈ ਆਦਮ-ਕੱਦ ਪੋਸਟਰ ਲਾਏ ਗਏ। ਪੋਸਟਰਾਂ ਦੀ ਇਬਾਰਤ, ਜੋ ਬਾਰੀ ਨੇ ਨਾਟਕ ਵਿਚੋਂ ਹੀ ਲਈ ਸੀ, ਰਾਜਧ੍ਰੋਹ ਦੇ ਦੋਸ਼ਾਂ ਨੂੰ ਸੱਦਾ ਦੇਣ ਵਾਲੀ ਸੀ:
ਤਾਨਾਸ਼ਾਹ ਤੇ ਜ਼ਾਲਮ ਹਾਕਮ ਆਪਣੇ ਡਰਾਉਣੇ ਅੰਤ ‘ਤੇ ਜਾ ਪੁੱਜੇ ਹਨ ਰੂਸ ਦੀਆਂ ਸੜਕਾਂ ਬਦਲੇ ਦੇ ਨਾਅਰਿਆਂ ਨਾਲ ਗੂੰਜ ਰਹੀਆਂ ਹਨ।
ਜਿਨ੍ਹ•ਾਂ ਰੋਮਾਨੋਵ (ਰੂਸੀ ਜ਼ਾਰ) ਰਾਜ ਘਰਾਣੇ ਦੇ ਕੱਫਣ ‘ਚ ਆਖ਼ਰੀ ਕਿੱਲ ਠੋਕ ਦਿੱਤੀ ਹੈ।
ਅੰਮ੍ਰਿਤਸਰ ਸਿਆਸੀ ਤਣਾਵਾਂ ਕਾਰਨ ਉਬਾਲੇ ਮਾਰ ਰਿਹਾ ਸੀ। ਗ੍ਰਿਫ਼ਤਾਰੀਆਂ ਆਮ ਗੱਲ ਸੀ ਤੇ ਸਾਮਰਾਜੀ ਹਾਕਮਾਂ ਦੀਆਂ ਜੇਲ੍ਹ•ਾਂ ਭਰੀਆਂ ਪਈਆਂ ਸਨ। ਰਾਹਗੀਰ ਪੋਸਟਰਾਂ ਦਾ ਸਿਰਲੇਖ ਹੀ ਪੜ•੍ਹਦੇ, ਜਦੋਂਕਿ ਕੁਝ ਹੋਰ ਇਸ ਡਰੋਂ ਫਟਾਫਟ ਲਾਂਭੇ ਹੋ ਜਾਂਦੇ ਕਿ ਕਿਤੇ ਉਨ੍ਹ•ਾਂ ਉੱਤੇ ਰਾਜਧ੍ਰੋਹ ਨੂੰ ਹੱਲਾਸ਼ੇਰੀ ਦੇਣ ਦੇ ਇਲਜ਼ਾਮ ਨਾ ਲੱਗ ਜਾਣ। ਪੋਸਟਰ ਅਗਲੇ ਦਿਨ ਹੀ ਲਾਹ ਦਿੱਤੇ ਗਏ। ਬਾਰੀ ਚੁੱਪ-ਚੁਪੀਤੇ ਖਿਸਕ ਗਿਆ ਤੇ ਪੁਲੀਸ ਨੇ ਸਆਦਤ ਤੇ ਅੱਬਾਸ ਨੂੰ ਜੇਲ੍ਹ• ਵਿਚ ਸੁੱਟ ਦਿੱਤਾ। ਜਦੋਂ ਪੁਲੀਸ ਦੀ ਤਫ਼ਤੀਸ਼ੀ ਟੀਮ ਲਾਰੈਂਸ ਕਾਲੋਨੀ ਪੁੱਜੀ ਤੇ ਮੰਟੋ ਦੇ ਇਕ ਰਿਸ਼ਤੇਦਾਰ ਤੋਂ ਪੁੱਛਗਿੱਛ ਕੀਤੀ, ਜੋ ਪੁਲੀਸ ਦਾ ਸਾਬਕਾ ਡੀਐਸਪੀ ਸੀ ਤਾਂ ਉਸ ਨੇ ਪੁਲੀਸ ਨੂੰ ਝਿੜਕਦਿਆਂ ਕਿਹਾ, ”ਇਹ ਸਾਡੇ ਬੱਚੇ ਹਨ, ਜਾਓ ਜਾ ਕੇ ਆਪਣਾ ਕੰਮ ਕਰੋ।” ਅਬੂ ਸਈਦ ਦਾ ਕਹਿਣਾ ਸੀ ਕਿ ਜੇ ਪੁਲੀਸ ਨੇ ਆਪਣੇ ਸਾਬਕਾ ਅਧਿਕਾਰੀ ਦੀ ਗੱਲ ਨਾ ਮੰਨੀ ਹੁੰਦੀ ਤੇ ਆਪਣੇ ਢੰਗ-ਤਰੀਕੇ ਨਾਲ ਕੰਮ ਕਰਦੀ ਤਾਂ ‘ਮੰਟੋ ਵਿਚ ਭਗਤ ਸਿੰਘ ਬਣਨ ਦੀ ਪੂਰੀ ਯੋਗਤਾ’ ਸੀ।
ਸੁਭਾਅ ਪੱਖੋਂ ਬੁਜ਼ਦਿਲ ਤੇ ਡਰਪੋਕ ਹੋਣ ਕਾਰਨ ਅਬਦੁਲ ਬਾਰੀ ਦਾ ਉੱਭਰਦੇ ਇਨਕਲਾਬੀਆਂ ਦਾ ਅਸੰਭਾਵੀ ਮੁਰਸ਼ਦ ਸੀ। ਵਿਦਵਤਾ ਤੋਂ ਇਲਾਵਾ ਨੌਜਵਾਨਾਂ ਦੀਆਂ ਨਜ਼ਰਾਂ ‘ਚ ਬਾਰੀ ਦੀ ਇਕ ਹੋਰ ਯੋਗਤਾ ਉਸ ਦਾ ਭਗਤ ਸਿੰਘ ਵਾਂਗ ਲਾਇਲਪੁਰ ਨਾਲ ਸਬੰਧਤ ਹੋਣਾ ਸੀ। ਮੰਟੋ ਚੇਤੇ ਕਰਦਾ ਕਿ ਉਨ੍ਹ•ਾਂ ਦਾ ਇਹ ਚੁਣਿਆ ਹੋਇਆ ਮੁਰਸ਼ਦ ਅਜਿਹੇ ਮੌਕਿਆਂ ‘ਤੇ ਚਲਾਕੀ ਨਾਲ ਖਿਸਕ ਜਾਣ ਦੀ ਮੁਹਾਰਤ ਰੱਖਦਾ ਸੀ, ਜਦੋਂ ਉਸ ਦੇ ਇਨਕਲਾਬੀ ਵਿਚਾਰਾਂ ਤੇ ਉਸ ਦੇ ਨੌਜਵਾਨ ਚੇਲਿਆਂ ਦੇ ਜੋਸ਼ ਕਾਰਨ ਸਾਮਰਾਜੀ ਹਕੂਮਤ ਦੀ ਦਮਨਕਾਰੀ ਮਸ਼ੀਨਰੀ ਦੇ ਐਕਸ਼ਨ ‘ਚ ਆਉਣ ਦਾ ਖ਼ਤਰਾ ਪੈਦਾ ਹੁੰਦਾ ਜਾਪਦਾ। ਸਾਮਰਾਜੀ ਅਧਿਕਾਰੀਆਂ ਵੱਲੋਂ ‘ਵੇਰਾ’ ਦੇ ਪੋਸਟਰ ਫੜੇ ਜਾਣ ਤਕ ਉਹ ਅਜਿਹਾ ਠਾਠ-ਬਾਠ ਨਾਲ ਕਰਦਾ ਰਿਹਾ। ਅਜਿਹੀਆਂ ਹੋਰ ਅਨੇਕਾਂ ਘਟਨਾਵਾਂ ਬਾਰੀ ਦੀ ਚਲਾਕੀ ਜ਼ਾਹਰ ਕਰਦੀਆਂ ਸਨ। ਅਬੂ ਸਈਦ ਆਖਦਾ, ”ਜੇ ਸਾਡਾ ਰਹਿਨੁਮਾ ਇੰਨਾ ਡਰਪੋਕ ਨਾ ਹੁੰਦਾ ਤਾਂ ਦਾਰ-ਉਲ-ਅਹਿਮਾਰ ਦੀ ਅੰਗੀਠੀ ਉੱਤੇ ਸੁਸ਼ੋਭਿਤ ਭਗਤ ਸਿੰਘ ਦੇ ਬੁੱਤ ਤੋਂ ਪ੍ਰੇਰਨਾ ਲੈ ਕੇ ਕੰਮ ਕਰਨ ਵਾਲੇ ਚਾਰ ਬੱਚਿਆਂ ਦੀਆਂ ਮੂਰਤੀਆਂ ਵੀ ਡੈਂਟਨ, ਰੌਬਸਪਾਈਰੇ, ਮੈਜਿਨੀ, ਲੈਨਿਨ ਤੇ ਤਰੋਤਸਕੀ ਦੇ ਨਾਲ ਕਿਸੇ ਗੈਲਰੀ ‘ਚ ਲੱਗੀਆਂ ਹੁੰਦੀਆਂ।” ਬਾਰੀ ਦੇ ਅਜਿਹੇ ਸੁਭਾਅ ਤੋਂ ਚਿੜਨ ਤੇ ਉਸ ਦੀ ਬੇਇੱਜ਼ਤੀ ਕਰਨ ਦੀ ਥਾਂ ਮੰਟੋ ਇਸ ਨੂੰ ਵੀ ਰੱਬੀ ਮਿਹਰ ਸਮਝਦਾ, ਜੇ ਅਜਿਹਾ ਨਾ ਹੁੰਦਾ ਤਾਂ ਸ਼ਾਇਦ ਉਹ ਵੀ ਅੰਮ੍ਰਿਤਸਰ ਦੇ ਸ਼ਹੀਦਾਂ ਵਜੋਂ ਇਤਿਹਾਸ ਦਾ ਹਿੱਸਾ ਬਣ ਚੁੱਕੇ ਹੁੰਦੇ। ਜ਼ਿੰਦਗੀ ਦਾ ਦੁਖਾਂਤ ਵੇਖੋ ਕਿ ਵੰਡ ਮਗਰੋਂ ਅਬਦੁਲ ਬਾਰੀ ਬ੍ਰਿਟਿਸ਼ ਹਾਈ ਕਮਿਸ਼ਨ ਦੇ ਲਾਹੌਰ ਦਫ਼ਤਰ ‘ਚ ਹੇਠਲੇ ਦਰਜੇ ਦੇ ਮੁਲਾਜ਼ਮ ਵਜੋਂ ਕੰਮ ਕਰਨ ਲੱਗ ਪਿਆ ਸੀ।
ਆਇਸ਼ਾ ਜਲਾਲ ਇਹ ਵੀ ਲਿਖਦੀ ਹੈ: ”ਮੰਟੋ ਨੇ ਆਪਣੀ ਪਹਿਲੀ ਮੂਲ ਕਹਾਣੀ ਬਦਲੇ ਹੋਏ ਨਾਂ ਤਹਿਤ ਛਪਵਾਈ ਤਾਂ ਕਿ ਉਹ ਸਾਮਰਾਜੀ ਹਕੂਮਤ ਦੀਆਂ ਖ਼ੁਫ਼ੀਆ ਏਜੰਸੀਆਂ ਦੀ ਨਜ਼ਰ ਤੋਂ ਬਚ ਸਕੇ। ‘ਵੇਰਾ’ ਦੇ ਪੋਸਟਰਾਂ ਤੋਂ ਹੋਏ ਹੰਗਾਮੇ ਕਾਰਨ ਅਜਿਹਾ ਜ਼ਰੂਰੀ ਵੀ ਸੀ ਜਿਨ੍ਹ•ਾਂ ਨੇ ਸਆਦਤ ਤੇ ਹਸਨ ਅੱਬਾਸ ਨੂੰ ਜੇਲ੍ਹ• ਤਕ ਪਹੁੰਚਾ ਦਿੱਤਾ ਸੀ। ‘ਵੇਰਾ’ ਮਾਮਲੇ ਕਾਰਨ ਲਾਪਤਾ ਹੋਇਆ ਬਾਰੀ ਦੋ ਕੁ ਹਫ਼ਤੇ ਬਾਅਦ ‘ਖ਼ਲਕ’ ਦੀ ਸ਼ੁਰੂਆਤ ਦਾ ਐਲਾਨ ਕਰਦਾ ਅੰਮ੍ਰਿਤਸਰ ਪੁੱਜਾ। ਇਸ ਦੇ ਪਹਿਲੇ ਅੰਕ ਵਿਚ ਮਜ਼ਦੂਰਾਂ ਬਾਰੇ ਅਬੂ ਸਈਦ ਦੀ ਕਹਾਣੀ ਤੇ ਬਾਰੀ ਦਾ ਹੀਗਲ ਤੇ ਮਾਰਕਸ ਬਾਰੇ ਲੇਖ ਛਪਿਆ ਸੀ। ਖ਼ਤਰਾ ਭਾਸਦਿਆਂ ਬਾਰੀ ਦੂਜੇ ਅੰਕ ਦੀਆਂ ਕਾਪੀਆਂ ਮੰਟੋ ਨੂੰ ਸੌਂਪ ਕੇ ਗ਼ਾਇਬ ਹੋ ਗਿਆ। ਖ਼ੁਫ਼ੀਆ ਪੁਲੀਸ ਬਾਰੀ ਨੂੰ ਲੱਭਦਿਆਂ ਮੰਟੋ ਦੇ ਅੰਮ੍ਰਿਤਸਰ ਦੇ ਲੌਇਰਜ਼ ਕਾਲੋਨੀ ਸਥਿਤ ਜੱਦੀ ਘਰ ਪੁੱਜੀ। ਇਸ ਵਾਰ ਮੁੜ ਤੋਂ ਮੰਟੋ ਦਾ ਸੇਵਾਮੁਕਤ ਅਧਿਆਪਕ ਰਿਸ਼ਤੇਦਾਰ, ਜਿਸ ਦੇ ਪੰਜਾਬ ਪੁਲੀਸ ‘ਚ ਸਬੰਧ ਸਨ, ਪੁਲੀਸ ਨੂੰ ਇਹ ਜਚਾਉਣ ਵਿਚ ਸਫਲ ਰਿਹਾ ਕਿ ਬਾਰੀ ਦੇ ਲੇਖ ‘ਚ ਕੁਝ ਖ਼ਤਰਨਾਕ ਨਹੀਂ ਸੀ ਕਿਉਂਕਿ ਲੇਖਕ ਨੇ ਹਾਲੇ ਹੀਗਲ ਜਾਂ ਮਾਰਕਸ ‘ਚੋਂ ਕਿਸੇ ਇਕ ਦੀ ਵਿਚਾਰਧਾਰਾ ਅਪਣਾਉਣੀ ਸੀ।”
-ਆਇਸ਼ਾ ਜਲਾਲ ਅਮਰੀਕਾ ਦੀ ਟਫਟਜ਼ ਯੂਨੀਵਰਸਿਟੀ ਵਿਚ ਮੈਰੀ ਰਿਚਰਡਸਨ ਚੇਅਰ ‘ਤੇ ਇਤਿਹਾਸ ਦੀ ਪ੍ਰੋਫ਼ੈਸਰ ਹੈ। ਇਹ ਲੇਖ ਉਸ ਦੀ ਪੁਸਤਕ ‘ਦਿ ਪਿਟੀ ਆਫ ਪਾਰਟੀਸ਼ਨ’ ਉੱਤੇ ਆਧਾਰਤ ਹੈ। ਇਸ ਸਬੰਧੀ ਉਸ ਨੇ ਪ੍ਰਿੰਸਟਨ ਯੂਨੀਵਰਸਿਟੀ ਵਿਚ ਭਾਸ਼ਣ ਦਿੱਤੇ ਸਨ।

Leave a Reply

Your email address will not be published. Required fields are marked *