ਕੀ ਕਹਿ ਰਿਹੈ ਕਰਨਾਟਕ…

ਮਨੋਰੰਜਨ ਭਾਰਤੀ
ਕਰਨਾਟਕ ਵਿਚ ਪੰਜ ਸੀਟਾਂ ‘ਤੇ ਜ਼ਿਮਨੀ ਚੋਣਾਂ ਹੋਈਆਂ ਹਨ, ਜਿਨ੍ਹਾਂ ਵਿਚੋਂ ਚਾਰ ਸੀਟਾਂ ‘ਤੇ ਕਾਂਗਰਸ-ਜੇ.ਡੀ.ਯੂ. ਗਠਜੋੜ ਨੇ ਜਿੱਤ ਦਰਜ ਕੀਤੀ ਹੈ। ਕਰਨਾਟਕ ਵਿਚ ਵਿਧਾਨ ਸਭਾ ਦੀਆਂ ਦੋ ਸੀਟਾਂ ਲਈ ਚੋਣਾਂ ਹੋਈਆਂ ਸਨ, ਜਿਸ ਵਿਚ ਜਾਮਕੰਡੀ ਸੀਟ ਨੂੰ ਕਾਂਗਰਸ ਦੇ ਨਿਆਮਾਗੌੜਾ ਨੇ ਕਰੀਬ 40 ਹਜ਼ਾਰ ਵੋਟਾਂ ਨਾਲ ਜਿੱਤਿਆ। ਜਦੋਂ ਕਿ ਰਾਮਨਗਰਮ ਦੀ ਸੀਟ ਨੂੰ ਮੁੱਖ ਮੰਤਰੀ ਦੀ ਪਤਨੀ ਅਨੀਤਾ ਕੁਮਾਰਾਸਵਾਮੀ ਨੇ ਇਕ ਲੱਖ ਵੋਟਾਂ ਨਾਲ ਜਿੱਤਿਆ। ਇਥੋਂ ਭਾਜਪਾ ਦੇ ਨਾਲ ਅਜੀਬ ਹਾਦਸਾ ਹੋ ਗਿਆ ਸੀ। ਭਾਜਪਾ ਦੇ ਉਮੀਦਵਾਰ ਨੇ ਵੋਟਾਂ ਤੋਂ ਤਿੰਨ ਦਿਨ ਪਹਿਲਾਂ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ, ਜਿਸ ਨਾਲ ਭਾਜਪਾ ਕੋਲ ਹੱਥ ਮਲਣ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿ ਗਿਆ ਸੀ। ਉਥੇ ਬੇਲਾਰੀ ਦੀ ਲੋਕ ਸਭਾ ਸੀਟ ਨੂੰ ਕਾਂਗਰਸ ਨੇ ਕਰੀਬ ਢਾਈ ਲੱਖ ਵੋਟਾਂ ਨਾਲ ਜਿੱਤਿਆ ਹੈ ਜਦਕਿ ਜੇ.ਡੀ.ਐਸ. ਦੇ ਸ਼ਿਵਰਾਮੇਗੌੜਾ ਨੇ ਮਾਂਡਿਆ ਦੀ ਸੀਟ ਕਰੀਬ ਸਵਾ ਤਿੰਨ ਲੱਖ ਵੋਟਾਂ ਨਾਲ ਜਿੱਤੀ ਹੈ। ਜਦਕਿ ਭਾਜਪਾ ਨੂੰ ਸਿਰਫ਼ ਇਕ ਹੀ ਥਾਂ ਸਫਲਤਾ ਮਿਲੀ, ਉਹ ਹੈ ਸ਼ਿਮੋਗਾ ਜਿਥੋਂ ਯੇਦੀਯੂਰਪਾ ਦੀ ਸੀਟ ਤੋਂ ਉਨ੍ਹਾਂ ਦੇ ਪੁੱਤਰ ਰਾਘਵੇਂਦਰ ਨੇ 50 ਹਜ਼ਾਰ ਵੋਟਾਂ ਨਾਲ ਜਿੱਤੀ ਹੈ। ਇਥੋਂ ਬੇਲਾਰੀ ਲੋਕ ਸਭਾ ਸੀਟ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਕਿਉਂਕਿ 2004 ਤੋਂ ਲੈ ਕੇ ਹੁਣ ਤੱਕ ਇਹ ਸੀਟ ਭਾਜਪਾ ਦੇ ਕਬਜ਼ੇ ਵਿਚ ਰਹੀ ਅਤੇ ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਇਕ ਜ਼ਿਮਨੀ ਚੋਣ ਵਿਚ ਭਾਜਪਾ ਇਹ ਸੀਟ ਹਾਰ ਜਾਂਦੀ ਹੈ। ਉਹ ਵੀ ਉਦੋਂ ਜਦੋਂ 7-8 ਮਹੀਨਿਆਂ ਬਾਅਦ ਫੇਰ ਤੋਂ ਲੋਕ ਸਭਾ ਚੋਣਾਂ ਹੋਣ ਵਾਲੀਆਂ ਹਨ। ਵੈਸੇ ਬੇਲਾਰੀ ਦੀ ਸੀਟ ਤੋਂ ਸੋਨੀਆ ਗਾਂਧੀ ਵੀ ਜਿੱਤ ਚੁੱਕੀ ਹੈ 1999 ਵਿਚ। ਪਰ ਇਹ ਸੀਟ ਉਸ ਤੋਂ ਬਾਅਦ ਕਾਂਗਰਸ ਦੇ ਹੱਥ ਤੋਂ ਨਿਕਲ ਗਈ। ਦਰਅਸਲ, ਬੇਲਾਰੀ ਜਾਣਿਆ ਜਾਂਦਾ ਹੈ ਰੇਡੀ ਭਰਾਵਾਂ ਲਈ, ਖ਼ਾਸ ਕਰਕੇ ਜਨਾਰਦਨ ਰੈਡੀ ਅਤੇ ਉਨ੍ਹਾਂ ਦੇ ਦੋ ਭਰਾਵਾਂ ਕਰੂਣਾਕਰਨ ਅਤੇ ਸੋਮਸ਼ੇਖਰ ਰੈਡੀ ਲਈ। ਇਹ ਖਣਨ ਮਾਫ਼ੀਆ ਦੇ ਰੂਪ ਵਿਚ ਜਾਣੇ ਜਾਂਦੇ ਹਨ, ਜਿਨ੍ਹਾਂ ਕੋਲ ਬੇਸ਼ੁਮਾਰ ਸੰਪਤੀ ਹੈ। ਇਕ ਸਮੇਂ ਵਿਚ ਜਨਾਰਦਨ ਰੈਡੀ ਨੇ 43 ਕਰੋੜ ਦਾ ਸੋਨੇ ਅਤੇ ਹੀਰਿਆਂ ਨਾਲ ਮੜ੍ਹਿਆ ਮੁਕਟ ਤਿਰੂਪਤੀ ਵਿਚ ਭਗਵਾਨ ਨੂੰ ਚੜ੍ਹਾਇਆ ਸੀ। ਇਹ ਹਮੇਸ਼ਾ ਤੋਂ ਭਾਜਪਾ ਦੇ ਸਮਰਥਕ ਰਹੇ ਹਨ। ਉਹ ਤਸਵੀਰ ਲੋਕਾਂ ਨੂੰ ਹਾਲੇ ਵੀ ਯਾਦ ਹੈ ਜਿਸ ਵਿਚ ਸੁਸ਼ਮਾ ਸਵਰਾਜ ਨੇ ਜਨਰਾਦਨ ਰੈਡੀ ਅਤੇ ਉਨ੍ਹਾਂ ਦੇ ਭਰਾ ਦੇ ਸਿਰ ‘ਤੇ ਹੱਥ ਰੱਖਿਆ ਹੋਇਆ ਹੈ। ਖ਼ੈਰ, ਇਨ੍ਹਾਂ ਤਮਾਮ ਚੀਜ਼ਾਂ ਤੋਂ ਇਲਾਵਾ ਬੇਲਾਰੀ ਦੀ ਚੋਣ ਇਸ ਲਈ ਮਹੱਤਵਪੂਰਨ ਹੈ ਕਿ ਕਰਨਾਟਕ ਵਿਚ ਕਾਂਗਰਸ ਅਤੇ ਜੇ.ਡੀ.ਐਸ. ਗਠਜੋੜ ਨੂੰ ਲੈ ਕੇ ਤਮਾਮ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾਂਦੀਆਂ ਰਹੀਆਂ ਹਨ। ਇਥੋਂ ਤੱਕ ਕਿ ਕਿਹਾ ਗਿਆ ਹੈ ਕਿ ਇਹ ਸਰਕਾਰ 2019 ਤੱਕ ਚੱਲ ਨਹੀਂ ਸਕੇਗੀ, ਇਹ ਵੀ ਕਿਹਾ ਗਿਆ ਕਿ ਸਿਰਫ਼ ਯੇਦੀਯੂਰੱਪਾ ਹੀ ਕਰਨਾਟਕ ਨੂੰ ਚੰਗੀ ਸਰਕਾਰ ਦੇ ਸਕਦੇ ਹਨ। ਪਰ ਇਸ ਜਿੱਤ ਨੇ ਸਾਰੀਆਂ ਅਟਕਲਾਂ ‘ਤੇ ਪਾਣੀ ਫੇਰ ਦਿੱਤਾ ਹੈ। ਕਰਨਾਟਕ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਜ਼ਰੂਰੀ ਨਹੀਂ ਹੈ ਕਿ ਚੋਣਾਂ ਲਈ ਕੋਈ ਦੇਸ਼ ਵਿਆਪੀ ਗਠਜੋੜ ਹੋਵੇ। ਕਰਨਾਟਕ ਨੇ ਸਿੱਧ ਕਰ ਦਿੱਤਾ ਹੈ ਕਿ ਜੇਕਰ ਕਾਂਗਰਸ ਵੱਖ ਵੱਖ ਸੂਬਿਆਂ ਵਿਚ ਭਾਜਪਾ ਵਿਰੋਧੀ ਪਾਰਟੀਆਂ ਨਾਲ ਗਠਜੋੜ ਕਰਦੀ ਹੈ ਤਾਂ ਵੀ ਭਾਜਪਾ ਨੂੰ ਮਾਤ ਦਿੱਤੀ ਜਾ ਸਕਦੀ ਹੈ। ਵੈਸੇ ਕਰਨਾਟਕ ਵਿਚ ਜੇ.ਡੀ.ਐਸ. ਤਾਮਿਲਨਾਡੂ ਵਿਚ ਡੀ.ਐਮ.ਕੇ., ਆਂਧਰਾ ਪ੍ਰਦੇਸ਼ ਵਿਚ ਤੇਲਗੁਦੇਸ਼ਮ, ਬਿਹਾਰ ਵਿਚ ਆਰ.ਜੇ.ਡੀ., ਉਤਰ ਪ੍ਰਦੇਸ਼ ਵਿਚ ਸਪਾ ਅਤੇ ਬਸਪਾ ਜੇਕਰ ਇਹ ਸਮੀਕਰਨ ਤਿਆਰ ਕਰ ਲਏ ਜਾਣ ਤਾਂ 2019 ਵਿਚ ਭਾਜਪਾ ਨੂੰ ਸਖ਼ਤ ਟੱਕਰ ਦਿੱਤੀ ਜਾ ਸਕਦੀ ਹੈ। ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ, ਹਰਿਆਣਾ, ਹਿਮਾਚਲ ਅਤੇ ਉਤਰਾਖੰਡ ਵਿਚ ਕਾਂਗਰਸ ਅਤੇ ਭਾਜਪਾ ਦੀ ਸਿੱਧੀ ਟੱਕਰ ਹੈ ਪਰ ਭਾਜਪਾ ਦੀ ਦਿੱਕਤ ਹੈ, ਉਹ ਇਨ੍ਹਾਂ ਸੂਬਿਆਂ ਵਿਚ ਆਪਣੀ ਚਰਮ ਸੀਮਾ ਤੱਕ ਜਾ ਚੁੱਕੀ ਹੈ ਅਤੇ ਉਸ ਨਾਲੋਂ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਜਾ ਸਕਦਾ ਹੈ। ਇਹੀ ਕਾਰਨ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਰਨਾਟਕ ਦੀਆਂ ਇਨ੍ਹਾਂ ਜ਼ਿਮਨੀ ਚੋਣਾਂ ਦਾ ਮਹੱਤਵ ਕਾਫ਼ੀ ਵੱਧ ਗਿਆ ਹੈ। ਇਸ ਨੇ ਇਕ ਰਸਤਾ ਦਿਖਾਇਆ ਹੈ। ਬੱਸ ਇਕੱਠੇ ਰਹਿਣ ਦੀ ਜ਼ਰੂਰਤ ਹੈ ਅਤੇ 2019 ਲਈ ਇਕ ਨਵੀਂ ਸਰਕਾਰ ਲਈ ਦਿੱਲੀ ਦੂਰ ਨਹੀਂ ਹੈ।