ਅਦਾਲਤ ਵਲੋਂ ਉਮਰ ਖਾਦਰ ਨੂੰ ਜ਼ਮਾਨਤੀ ਸ਼ਰਤਾਂ ‘ਚ ਰਾਹਤ ਦੇਣ ਤੋਂ ਇਨਕਾਰ

ਐਡਮਿੰਟਨ (ਨਦਬ) : ਐਡਮਿੰਟਨ ਦੀ ਕੋਰਟ ਆਫ਼ ਕੁਈਨ ਬੈਂਚ ਵਲੋਂ ਉਮਰ ਖਾਦਰ ਦੀ ਅਰਜ਼ੀ ‘ਤੇ ਰਾਖਵਾਂ ਫੈਸਲਾ ਸੁਣਾਉਂਦਿਆਂ ਉਸ ਨੂੰ ਜ਼ਮਾਨਤ ਦੀਆਂ ਸ਼ਰਤਾਂ ਵਿਚ ਕਿਸੇ ਵੀ ਤਰ੍ਹਾਂ ਦੀ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਉਮਰ ਖਾਦਰ ਚਾਹੁੰਦਾ ਸੀ ਕਿ ਜ਼ਮਾਨਤੀ ਸ਼ਰਤਾਂ ਅਧੀਨ ਉਨ੍ਹਾਂ ਨੂੰ ਆਜ਼ਾਦਾਨਾ ਤੌਰ ‘ਤੇ ਸਫ਼ਰ ਕਰਨ ਅਤੇ ਆਪਣੀ ਭੈਣ ਜੈਨਬ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ ਖਾਦਰ ਅਪ੍ਰੈਲ 2015 ਤੋਂ ਜ਼ਮਾਨਤ ‘ਤੇ ਹਨ। ਸੂਬਾਈ ਅਤੇ ਫੈਡਰਲ ਕ੍ਰਾਊਨ ਵਕੀਲਾਂ ਵਲੋਂ ਖਾਦਰ ਦੀਆਂ ਦਲੀਲਾਂ ਦਾ ਬਾਤਰਕ ਵਿਰੋਧ ਕੀਤਾ ਗਿਆ। ਉਮਰ ਖਾਦਰ ਨੂੰ ਅਕਤੂਬਰ 2010 ਵਿਚ ਹੋਰ ਕਈ ਗੁਨਾਹਾਂ ਦੇ ਨਾਲ ਨਾਲ ਇਕ ਅਮਰੀਕੀ ਫ਼ੌਜੀ ਕ੍ਰਿਸ਼ਟੋਫ਼ਰ ਸਪੀਅਰ ਦੇ ਕਤਲ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਉਮਰ ਖਾਦਰ ਦੀ ਅਰਜ਼ੀ ਨੂੰ ਜਸਟਿਸ ਜਿਉਨ ਰੋਸ ਨੇ ਰੱਦ ਕਰਦਿਆਂ ਇਹ ਪ੍ਰਾਵਨ ਕੀਤਾ ਕਿ ਉਸ ਦਾ ਵਿਹਾਰ ਦਰੁਸਤ ਰਿਹਾ ਹੈ ਪਰ ਇਸ ਦੇ ਬਾਵਜੂਦ ਉਸ ਨੂੰ ਕੋਈ ਰਾਹਤ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਹੁਣ ਤੱਕ ਇਸ ਕਿਸਮ ਦਾ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਜਿਸ ਵਿਚ ਦੋਸ਼ੀ ਵਲੋਂ ਪਾਈ ਗਈ ਅਰਜ਼ੀ ‘ਤੇ ਅਦਾਲਤ ਵਲੋਂ ਜ਼ਮਾਨਤੀ ਸ਼ਰਤਾਂ ਵਿਚ ਬਦਲਾਅ ਕੀਤਾ ਗਿਆ ਹੋਵੇ। ਜਸਟਿਸ ਰੋਸ ਅਨੁਸਾਰ ਸੁਰੱਖਿਆ ਪੱਖ ਇਸ ਮਾਮਲੇ ਵਿਚ ਆਪਣੀਆਂ ਉਚਿਤ ਦਲੀਲਾਂ ਦੇਣ ਵਿਚ ਵੀ ਅਸਫ਼ਲ ਰਿਹਾ ਹੈ। ਭੈਣ ਨਾਲ ਗੱਲ ਕਰਨ ਦੇ ਮਾਮਲੇ ਵਿਚ ਉਹ ਸਿਰਫ਼ ਫੋਨ ਜਾਂ ਸਕਾਈਪ ‘ਤੇ ਅੰਗਰੇਜ਼ੀ ਵਿਚ ਉਦੋਂ ਗੱਲ ਕਰ ਸਕਦਾ ਹੈ ਜਦੋਂ ਨਿਗਰਾਨ ਹਾਜ਼ਰ ਹੋਣਗੇ।