ਫੈਡਰਲ ਸਰਕਾਰ ਵਲੋਂ ਊਰਜਾ ਖੇਤਰ ਲਈ 1.6 ਬਿਲੀਅਨ ਡਾਲਰ ਦੀ ਫੰਡਿੰਗ ਦਾ ਐਲਾਨ

ਓਟਵਾ (ਨਦਬ) : ਫੈਡਰਲ ਸਰਕਾਰ ਵਲੋਂ ਊਰਜਾ ਉਦਯੋਗ ਦੇ ਸੰਕਟ ਨੂੰ ਦੇਖਦਿਆਂ 1.6 ਬਿਲੀਅਨ ਦੀ ਫੰਡਿੰਗ ਦਾ ਐਲਾਨ ਕੀਤਾ ਗਿਆ ਹੈ। ਐਡਮਿੰਟਨ ਸੈਂਟਰ ਦੇ ਐਮਪੀ ਨੇ ਕਿਹਾ ਕਿ ਅਸੀਂ ਸੂਬਾ ਵਾਸੀ ਜਾਣਦੇ ਹਾਂ ਕਿ ਸਾਡਾ ਊਰਜਾ ਉਦਯੋਗ ਸੰਕਟ ਵਿਚ ਘਿਰਿਆ ਹੋਇਆ ਹੈ ਤੇ ਇਸ ਦਰਦ ਨੂੰ ਮਹਿਸੂਸ ਵੀ ਕਰਦੇ ਹਾਂ। ਕੁਦਰਤੀ ਸਰੋਤਾਂ ਬਾਰੇ ਮੰਤਰੀ ਅਮਰਜੀਤ ਸੋਹੀ ਨੇ ਕਿਹਾ ਕਿ ਸਾਡੀ ਸਰਕਾਰ ਹਮੇਸ਼ਾ ਤੇਲ ਅਤੇ ਗੈਸ ਸੈਕਟਰ ਦੇ ਨਾਲ ਖੜ੍ਹੀ ਹੈ। ਅਸੀਂ ਜਾਣਦੇ ਹਾਂ ਕਿ ਜਦੋਂ ਅਲਬਰਟਾ ‘ਤੇ ਕੋਈ ਸੰਕਟ ਹੋਵੇ ਤਾਂ ਉਹ ਕਨੇਡਾ ਉੱਤੇ ਹੀ ਹੈ।
ਦੱਸਣਾ ਬਣਦਾ ਹੈ ਊਰਜਾ ਖੇਤਰ ਲਈ ਐਲਾਨ ਰਾਸ਼ੀ ਦਾ ਬਹੁਤਾ ਹਿੱਸਾ ਕਰਜ਼ ਦੇ ਰੂਪ ਵਿਚ ਉਪਲਬਧ ਹੋਵੇਗਾ। ਇਸ ਵਿਚੋਂ ਇਕ ਬਿਲੀਅਨ ਦਾ ਨਿਵੇਸ਼ ਐਕਸਪੋਰਟ ਵਿਕਾਸ ਵਿਚ ਕੀਤਾ ਜਾਵੇਗਾ ਤਾਂ ਜੋ ਕੰਪਨੀਆਂ ਨਵੀਂਆਂ ਤਕਨੀਕਾਂ ਅਪਣਾ ਸਕਣ। 500 ਮਿਲੀਅਨ ਬਿਜ਼ਨਸ ਡਵੈਲਪਮੈਂਟ ਬੈਂਕ ਵਲੋਂ ਤਿੰਨ ਸਾਲਾਂ ਵਿਚ ਕਮਰਸ਼ੀਅਲ ਵਿੱਤੀ ਸ਼ੁਰੂਆਤਾਂ ਵਿਚ ਨਿਵੇਸ਼ ਕੀਤਾ ਜਾਵੇਗਾ। 50 ਮਿਲੀਅਨ ਕੁਦਰਤੀ ਸਰੋਤ ਕਨੇਡਾ ਦੇ ਸਫ਼ਾਈ ਵਿਕਾਸ ਪ੍ਰੋਗਰਾਮ ਅਧੀਨ ਖਰਚੇ ਜਾਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਾਲ ਨਿਸਚਤ ਤੌਰ ‘ਤੇ ਸੰਕਟ ਵਿਚ ਘਿਰੇ ਊਰਜਾ ਉਦਯੋਗ ਨੂੰ ਸੁਖਾਲਾ ਸਾਹ ਆਵੇਗਾ। ਅਲਬਰਟਾ ਪ੍ਰੀਮੀਅਰ, ਰੇਚਲ ਨੋਟਲੇ ਨੇ ਫੈਡਰਲ ਸਰਕਾਰ ਦੇ ਐਲਾਨ ਨੂੰ ਰੱਦ ਕਰਦਿਆਂ ਕਿਹਾ ਕਿ ਆਰਥਕ ਮੰਦੀ ਗ੍ਰਸਤ ਸੂਬੇ ਲਈ ਇਹ ਕਾਫੀ ਨਹੀ। ਉਨ੍ਹਾਂ ਕਿਹਾ ਕਿ ਜੇਕਰ ਫੈਡਰਲ ਸਰਕਾਰ ਸੱਚਮੁਚ ਸੂਬੇ ਦੀ ਸਹਾਇਤਾ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਪਾਈਪ ਲਾਈਨ ਨੂੰ ਪ੍ਰਵਾਨਗੀ ਦੇਣੀ ਚਾਹੀਦੀ ਹੈ।

Leave a Reply

Your email address will not be published. Required fields are marked *