fbpx Nawidunia - Kul Sansar Ek Parivar

ਸੁਖਪਾਲ ਖਹਿਰਾ ਨੇ ਬਣਾਈ ‘ਪੰਜਾਬੀ ਏਕਤਾ ਪਾਰਟੀ’

ਚੰਡੀਗੜ੍ਹ (ਨਦਬ) :  ਆਮ ਆਦਮੀ ਪਾਰਟੀ (ਆਪ) ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਚੁੱਕੇ ਸੁਖਪਾਲ ਸਿੰਘ ਖਹਿਰਾ ਪੰਜਾਬੀ ਏਕਤਾ ਪਾਰਟੀ ਬਣਾ ਕੇ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜਨ ਦੇ ਰੌਂਅ ਵਿਚ ਹਨ। ਸ੍ਰੀ ਖਹਿਰਾ ਨੇ ਮੰਗਲਵਾਰ ਨੂੰ ਆਪਣੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ, ਸੂਤਰਾਂ ਅਨੁਸਾਰ ਉਨ੍ਹਾਂ ਨੇ ਇਕ ਦਿਨ ਪਹਿਲਾਂ ਹੀ ਚੋਣ ਕਮਿਸ਼ਨ ਕੋਲੋਂ ‘ਪੰਜਾਬੀ ਏਕਤਾ ਪਾਰਟੀ’ ਰਜਿਸਟਰਡ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਸ੍ਰੀ ਖਹਿਰਾ ਵੱਲੋਂ ਬਣਾਈ ਰਣਨੀਤੀ ਤਹਿਤ ਉਹ ਪਾਰਟੀ ਬਣਾਉਣ ਮਗਰੋਂ ਬੈਂਸ ਭਰਾਵਾਂ ਦੀ ‘ਲੋਕ ਇਨਸਾਫ ਪਾਰਟੀ’ਅਤੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੇ ‘ਪੰਜਾਬ ਮੰਚ’ ਨਾਲ ਤਾਲਮੇਲ ਕਰ ਕੇ ਪਹਿਲਾਂ ਹੀ ਬਣਾਏ ਪੰਜਾਬ ਜਮਹੂਰੀ ਗਠਜੋੜ (ਪੀਡੀਏ) ਦੀ ਸਿਆਸੀ ਛਤਰੀ ਹੇਠ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜ ਸਕਦੇ ਹਨ। ਬਠਿੰਡਾ ਹਲਕੇ ਵਿਚ ਬਰਗਾੜੀ ਮੋਰਚੇ ਦਾ ਜ਼ਿਆਦਾ ਪ੍ਰਭਾਵ ਪੈਣ ਕਾਰਨ ਅਕਾਲੀ ਦਲ ਦਾ ਹੇਠਲੇ ਪੱਧਰ ਤਕ ਭਾਰੀ ਸਿਆਸੀ ਨੁਕਸਾਨ ਹੋਇਆ ਹੈ। ਸ੍ਰੀ ਖਹਿਰਾ ਨੂੰ ਹੱਲਾਸ਼ੇਰੀ ਦੇਣ ਵਾਲੇ ਯੂਨਾਈਟਿਡ ਅਕਾਲੀ ਦਲ ਦਾ ਵੀ ਇਥੇ ਸਿਆਸੀ ਆਧਾਰ ਹੈ। ਲਿਹਾਜ਼ਾ ਸ੍ਰੀ ਖਹਿਰਾ ਬਠਿੰਡਾ ਤੋਂ ਚੋਣ ਲੜ ਕੇ ਸਿਆਸੀ ਸਥਿਤੀ ਦਾ ਲਾਹਾ ਲੈਣ ਦੀ ਤਾਕ ਵਿਚ ਹਨ।
ਜਾਣਕਾਰੀ ਅਨੁਸਾਰ ਪੀਡੀਏ ਦੀ ਮੀਟਿੰਗ ਅਗਲੇ ਹਫਤੇ ਲੁਧਿਆਣਾ ਵਿਚ ਹੋਣ ਦੀ ਸੰਭਾਵਨਾ ਹੈ, ਜਿਸ ਵਿਚ ਖਹਿਰਾ ਵਲੋਂ ਬਣਾਈ ਜਾ ਰਹੀ ਨਵੀਂ ਪਾਰਟੀ, ਬੈਂਸ ਭਰਾ ਅਤੇ ਡਾ. ਗਾਂਧੀ ਦਾ ਪੰਜਾਬ ਮੰਚ ਚੋਣ ਬਾਰੇ ਰਣਨੀਤੀ ਬਣਾਉਣਗੇ। ਸੂਤਰਾਂ ਅਨੁਸਾਰ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੀ ਲੋਕ ਸਭਾ ਹਲਕਾ ਲੁਧਿਆਣਾ ਤੋਂ ਚੋਣ ਮੈਦਾਨ ਵਿਚ ਨਿੱਤਰ ਸਕਦੇ ਹਨ। ਆਮ ਆਦਮੀ ਪਾਰਟੀ ਦੇ ਬਾਗ਼ੀ ਧੜੇ ਨਾਲ ਜੁੜੇ ਵਿਧਾਇਕ ਮਾਸਟਰ ਬਲਦੇਵ ਸਿੰਘ ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਚੋਣ ਲੜਨ ਦੀਆਂ ਕਨਸੋਆਂ ਹਨ। ਹਾਲਾਂਕਿ ਸੰਪਰਕ ਕਰਨ ‘ਤੇ ਉਨ੍ਹਾਂ ਕਿਹਾ ਕਿ ਫਿਲਹਾਲ ਇਸ ਸਬੰਧੀ ਕੋਈ ਫੈਸਲਾ ਨਹੀਂ ਲਿਆ ਅਤੇ ਅਗਲੇ 15 ਦਿਨਾਂ ਵਿਚ ਸਾਰੀ ਰਣਨੀਤੀ ਬਣਾ ਲਈ ਜਾਵੇਗੀ।
ਇਸ ਤੋਂ ਪਹਿਲਾਂ ਸ੍ਰੀ ਖਹਿਰਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਹਰੇਕ ਚੋਣ ਲੜਨ ਲਈ ਤਿਆਰ ਹਨ ਅਤੇ ਕਿਸੇ ਵੀ ਚੋਣ ਤੋਂ ਨਹੀਂ ਭੱਜਣਗੇ। ਉਨ੍ਹਾਂ ਕਿਹਾ ਕਿ ਅਧਿਕਾਰਤ ਤੌਰ ‘ਤੇ ਆਪਣੀ ਪਾਰਟੀ ਦਾ ਐਲਾਨ ਕਰ ਦਿੱਤਾ ਹੈ ਅਤੇ ਪੀਡੀਏ ਦੀ ਅਗਲੇ ਹਫਤੇ ਹੋਣ ਵਾਲੀ ਮੀਟਿੰਗ ਵਿਚ ਸਾਰਿਆਂ ਦੀ ਰਾਏ ਅਨੁਸਾਰ ਹੀ ਉਹ ਲੋਕ ਸਭਾ ਚੋਣ ਲੜਨ ਬਾਰੇ ਕੋਈ ਫੈਸਲਾ ਲੈਣਗੇ। ਸ੍ਰੀ ਖਹਿਰਾ ਨੇ ‘ਆਪ’ ਪੰਜਾਬ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਉਨ੍ਹਾਂ ਦੇ ਅਸਤੀਫੇ ਉਪਰ ਉਠਾਏ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਸਾਫ ਅਰਥ ਹੈ ਕਿ ਉਨ੍ਹਾਂ ਨੇ ‘ਆਮ ਆਦਮੀ ਪਾਰਟੀ’ ਤੋਂ ਨਾਤਾ ਤੋੜ ਲਿਆ ਹੈ। ਇਸ ਲਈ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਕੋਈ ਤੁਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਇਹ ਆਗੂ (ਸਿਸੋਦੀਆ ਤੇ ਮਾਨ) ਇੰਨੇ ਹੀ ਔਖੇ ਹਨ ਤਾਂ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਸ਼ਿਕਾਇਤ ਕਰਕੇ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰਵਾ ਦੇਣ। ਉਨ੍ਹਾਂ ਕਿਹਾ ਕਿ ਬਾਗੀ ਧਿਰ ਨਾਲ ਜੁੜੇ ਵਿਧਾਇਕ ਮਾਸਟਰ ਬਲਦੇਵ ਸਿੰਘ ਵੀ ਜਲਦ ਹੀ ਅਸਤੀਫਾ ਦੇ ਦੇਣਗੇ ਅਤੇ ਹੋਰ ਵਿਧਾਇਕ ਵੀ ਪਾਰਟੀ ਛੱਡ ਸਕਦੇ ਹਨ। ਪਾਰਟੀ ਤੋਂ ਅਸਤੀਫਾ ਦੇਣ ਮਗਰੋਂ ਸ੍ਰੀ ਖਹਿਰਾ ਅੱਜ ਇਕੱਲੇ ਹੀ ਮੀਡੀਆ ਮੂਹਰੇ ਰੁਬਰੂ ਹੋਏ।

Share this post

Leave a Reply

Your email address will not be published. Required fields are marked *