ਮੇਰੇ ‘ਤੇ ਬਚਪਨ ਤੋਂ ਹੀ ਕਮਿਊਨਿਸਟ ਵਿਚਾਰਧਾਰਾ ਦਾ ਅਸਰ ਪਿਆ! : ਦਰਸ਼ਨ ਸਿੰਘ

ਤਰਸੇਮ
ਤਰਸੇਮ: ਦਰਸ਼ਨ ਸਿੰਘ ਜੀ, ਉਹ ਕਿਹੋ ਜਿਹੇ ਦਿਨ ਸਨ, ਜਦੋਂ ਤੁਸੀਂ 1948 ‘ਚ ਦਿੱਲੀ ਵਸਦੇ ਅਗਾਂਹ-ਵਧੂ ਲਿਖਾਰੀਆਂ ਦੀ ਸਭਾ ਦੀ ਕਨਵੀਨਰੀ ਕਰਦੇ ਰਹੇ?
ਦਰਸ਼ਨ: ਬੜੀ ਊਰਜਾ ਤੇ ਸੇਕ ਦੇ ਦਿਨ ਸਨ। ਬੜੀ ਕਲਵਲ ਸੀ। ਘੋਲ ਘੁਲਣ ਦੀ ਲਾਲਸਾ ਹੁੰਦੀ ਸੀ। ਪੱਬਾਂ ਭਾਰ ਤੁਰਦੇ ਸਾਂ। ਹਵਾ ‘ਚ ਉਡਦੇ ਸਾਂ। ਦੇਸ਼ ਤੋਂ ਅੰਗਰੇਜ਼ ਚਲੇ ਗਏ ਸਨ। ਅਸੀਂ ਸਮਝਦੇ ਸਾਂ, ਜਿਹੜੀ ਆਜ਼ਾਦੀ ਆਈ ਸੀ, ਉਹ ਸਾਡੇ ਸੁਪਨਿਆਂ ਦੀ ਆਜ਼ਾਦੀ ਨਹੀਂ ਸੀ। ਕਮਿਊਨਿਸਟ ਪਾਰਟੀ ਗੈਰ-ਕਾਨੂੰਨੀ ਸੀ। ਗੁਪਤਵਾਸ ਦੇ ਦਿਨ ਸਨ। ਦਿੱਲੀ ‘ਚ ਪੰਜਾਬ ਪਾਰਟੀ ਦੇ ਕੁਝ ਖੂਫੀਆ ਸੈੱਲ ਕੰਮ ਕਰਦੇ ਸਨ। ਪੰਜਾਬੀ ਅਗਾਂਹ-ਵਧੂ ਲਿਖਾਰੀ ਸਭਾ ਚਲਾਣ ਦਾ ਫੈਸਲਾ ਵੀ ਉਨ੍ਹਾਂ ‘ਚੋਂ ਇਕ ਸੈੱਲ ਨੇ ਕੀਤਾ। ਮੈਨੂੰ ਉਹਦਾ ਕਨਵੀਨਰ ਥਾਪਿਆ ਗਿਆ। ਕੰਮ ਕਲਰਕੀ ਕਿਸਮ ਦਾ ਸੀ। ਚਿੱਠੀਆਂ ਲਿਖਣੀਆਂ ਹੁੰਦੀਆਂ ਸਨ ਤੇ ਮੀਟਿੰਗਾਂ ਦੀ ਕਾਰਵਾਈ। ਇਹਦੇ ਲਈ ਕਦੀ ਕਿਸੇ ਲੇਖਕੀ ਗੁਣ ਦੀ ਲੋੜ ਨਹੀਂ ਸੀ। ਭੱਜ-ਨੱਸ ਚਾਹੀਦੀ ਸੀ। ਨੌਜਵਾਨ ਸਾਂ, ਵਿਹਲਾ ਸਾਂ, ਕਰ ਸਕਦਾ ਸਾਂ।
ਓਦੋਂ ਇਸ ਸਭਾ ਦੀਆਂ ਮੀਟਿੰਗਾਂ ਨਾਟਕਕਾਰ ਹਰਚਰਨ ਸਿੰਘ ਦੇ ਈਸਟ ਪੰਜਾਬ ਕਾਲਜ ‘ਚ ਹੁੰਦੀਆਂ ਸਨ। ਉਨ੍ਹਾਂ ‘ਚ ਪਿਆਰਾ ਸਿੰਘ ਸਹਿਰਾਈ, ਪ੍ਰੋਫੈਸਰ ਰਣਧੀਰ ਸਿੰਘ (ਓਦੋਂ ਉਹ ਕਵੀ ਜ਼ਿਆਦਾ ਤੇ ਚਿੰਤਕ ਘੱਟ ਹੁੰਦਾ ਸੀ), ਦੇਵ ਰਾਜ ਚਾਨਣਾ, ਦੇਵਿੰਦਰ, ਅਮਰ ਸਿੰਘ ਤੇ ਹੋਰ ਕਈ ਲੇਖਕ ਆਉਂਦੇ ਸਨ। ਕਦੀ-ਕਦੀ ਬਲਵੰਤ ਗਾਰਗੀ ਵੀ ਆਉਂਦਾ ਸੀ। ਜਦੋਂ ਕਦੀ ਨ’ਤੇਜ ਦਿੱਲੀ ਆਇਆ ਹੁੰਦਾ, ਉਹ ਵੀ। ਹਰਿਭਜਨ ਸਿੰਘ, ਈਸ਼ਵਰ ਚਿੱਤਰਕਾਰ, ਅਜੀਤ ਕੌਰ ਵੀ ਨੇੜੇ-ਤੇੜੇ ਸਨ। ਆਪੋ ਆਪਣੀ ਮਜਬੂਰੀ ਕਰਕੇ ਬਾਹਾਇਦਾ ਸ਼ਰੀਕ ਨਹੀਂ ਸਨ ਹੋ ਸਕਦੇ। ਸਾਡੇ ਹਮਦਰਦ ਜ਼ਰੂਰ ਸਨ। ਓਦੋਂ ਕੋਈ ਟਾਂਵਾਂ ਹੀ ਲਿਖਾਰੀ ਸੀ, ਜਿਹੜਾ ਸਾਡੀ ਲਹਿਰ ਨਾਲ ਨਹੀਂ ਸੀ, ਭਾਵੇਂ ਉਹ ਸਾਡੇ ਨਾਲ ਜਥੇਬੰਦਕ ਰੂਪ ‘ਚ ਨਹੀਂ ਸੀ ਜੁੜਿਆ ਹੋਇਆ। ਅੰਮ੍ਰਿਤਾ ਵੀ ਆਉਂਦੀ, ਜੇ ਉਹ ਰੇਡਿਊ ਦਾ ਕੰਮ ਨਾ ਕਰ ਰਹੀ ਹੁੰਦੀ। ਪ੍ਰਭਜੋਤ ਫ਼ੌਜੀ ਅਫ਼ਸਰ ਦੀ ਬੀਵੀ ਹੋਣ ਕਰਕੇ ਨਾ ਆ ਸਕਦੀ। ਦੁੱਗਲ ਵੀ ਸਰਕਾਰੀ ਮੁਲਾਜ਼ਮ ਸੀ। ਵੈਸੇ ਉਨ੍ਹਾਂ ਸਾਰਿਆਂ ਦਾ ਸਾਡੇ ਨਾਲ ਮੇਲ-ਜੋਲ ਹੁੰਦਾ ਸੀ। ਮੈਨੂੰ ਯਾਦ ਏ, ਸਾਡੀ ਇਕ ਮੀਟਿੰਗ ਦੀ ਪ੍ਰਧਾਨਗੀ ਕਹਾਣੀਕਾਰ ਸੁਜਾਨ ਸਿੰਘ ਨੇ ਕੀਤੀ। ਡਾ. ਗੋਪਾਲ ਸਿੰਘ ਦਰਦੀ ਸਾਡੇ ਨਾਲ ਸੰਬੰਧਤ ਸਨ। ਸਾਡੇ ਸਾਲਾਨਾ ਸਮਾਗਮ ਦੀ ਪ੍ਰਧਾਨਗੀ ਉਨ੍ਹਾਂ ਕੀਤੀ। ਓਦੋਂ ਜੋ ਕੁਝ ਲਿਖਿਆ ਜਾਂਦਾ ਸੀ, ਤਿੱਖੀ ਛੁਰੀ ਹੁੰਦਾ ਸੀ। ਸਾਰ ਦੇ ਪੱਖੋਂ ਪਰਪੱਕ ਹੁੰਦਾ ਸੀ, ਭਾਵੇਂ ਰੂਪਕ ਪੱਖੋਂ ਕੁਝ ਕੱਚਾ।
ਤਰਸੇਮ: ਤੁਸੀਂ ਖੱਬੇ-ਪੱਖੀ ਲਹਿਰ ਵੱਲ ਕਿਸ ਦੇ ਪ੍ਰਭਾਵ ‘ਚ ਆਏ?
ਦਰਸ਼ਨ: ਮੇਰੇ ‘ਤੇ ਕਮਿਊਨਿਸਟ ਵਿਚਾਰਾਂ ਦਾ ਅਸਰ ਆਪਣੇ ਕਸਬੇ ਦੇ ਦਰਜੀ ਕਾਮਰੇਡ ਨਜ਼ੀਰ ਹੁਸੈਨ ਰਾਹੀਂ ਪਿਆ। ਉਹੀਉ ਸਾਡੀ ਇਕਾਈ ਦਾ ਸਕੱਤਰ ਸੀ। ਉਹਦੇ ਦਫ਼ਤਰ ‘ਚ ਕਿਤਾਬਾਂ ਦੀ ਅਲਮਾਰੀ ਹੁੰਦੀ ਸੀ, ਜਿਹੜੀ ਉਹਨੇ ਮੇਰੇ ਲਈ ਖੋਲ੍ਹ ਦਿੱਤੀ। ਮੈਂ ਇਕ-ਇਕ ਕਰਕੇ ਸਾਰੀਆਂ ਪੜ੍ਹ ਛੱਡੀਆਂ। ਉਨ੍ਹਾਂ ਤੋਂ ਹੀ ਮੈਨੂੰ ਨਵੀਂ ਰੌਸ਼ਨੀ ਮਿਲੀ ਤੇ ਪਤਾ ਲੱਗਾ, ਦੁਨੀਆ ਦੇ ਛੇਵੇਂ ਹਿੱਸੇ ‘ਚ ਨਵੀਂ ਜ਼ਿੰਦਗੀ ਸਿਰਜੀ ਜਾ ਰਹੀ ਸੀ। ਇਹ ਦੂਜੀ ਸੰਸਾਰ ਜੰਗ ਦੇ ਆਖ਼ਰੀ ਸਾਲਾਂ ਦਾ ਸਮਾਂ ਸੀ। ਸਾਡਾ ਜ਼ਿਲ੍ਹਾ ਸਕੱਤਰ ਕਾਮਰੇਡ ਲਾਲ ਸਿੰਘ ਕੰਵਰ ਹੁੰਦਾ ਸੀ। ਬੜਾ ਚੰਗਾ ਬੁਲਾਰਾ ਸੀ ਤੇ ਕਵਿਤਾ ਵੀ ਲਿਖਦਾ ਸੀ। ਪਿਛੋਂ ਲਾਹੌਰ ਕਾਲਜ ‘ਚ ਪੜ੍ਹਨ ਵੇਲੇ ਮੇਰਾ ਖੱਬੇ-ਪੱਖੀ ਵਿਦਿਆਰਥੀਆਂ ਨਾਲ ਵਾਹ ਪਿਆ। ਪੜ੍ਹਨ ਨੂੰ ਬੜਾ ਕੁਝ ਮਿਲਿਆ। ਇਹ ਨਹੀਂ ਕਹਿ ਸਕਦਾ ਕਿ ਕਿਸੇ ਇਕ ਵਿਅਕਤੀ ਦਾ ਮੇਰੇ ਉਤੇ ਕੋਈ ਖਾਸ ਅਸਰ ਹੋਇਆ ਹੋਵੇ। ਸਾਰੇ ਪਾਰਟੀ ਲੀਡਰਾਂ ਨਾਲ ਵਾਕਫ਼ੀ ਸੀ, ਪਰ ਖ਼ਾਸ ਨੇੜ ਕਿਸੇ ਨਾਲ ਵੀ ਨਾ ਹੋਇਆ। ਮੈਨੂੰ ਬੜੇ ਹੀ ਸਾਥੀਆਂ ਤੋਂ ਥੋੜ੍ਹਾ-ਥੋੜ੍ਹਾ ਕੁਝ ਮਿਲਿਆ। ਇਹ ਮੇਰੀ ਕੋਈ ਉਚੇਚੀ ਕੋਸ਼ਿਸ਼ ਕੀਤੇ ਬਿਨਾਂ ਮੇਰੇ ਅੰਦਰ ਸਮੋ ਗਿਆ। ਕੁਝ ਪੂਰਾ ਤੇ ਕੁਝ ਐਵੇਂ ਉਪਰੋਂ-ਉਪਰੋਂ। ਇਹ ਕੁਝ ਸੀ ਕਾਮਰੇਡ ਨਜ਼ੀਰ ਹੁਸੈਨ ਦੀ ਨਿਰਮਾਣਤਾ ਤੇ ਲਗਨ; ਲਾਲ ਸਿੰਘ ਕੰਵਰ ਦੀ ਜਾਦੂ-ਬਿਆਨੀ; ਆਪਣੇ ਕਸਬੇ ਦੇ ਕਮਿਊਨਿਸਟ ਡਾਕਟਰ ਸੰਧੂ ਦੀ ਲੋਕ-ਭਲੇ ਦੀ ਲਾਲਸਾ; ਆਪਣੇ ਸੈੱਲ ਦੇ ਮੁਖੀ ਰਣਧੀਰ ਸਿੰਘ ਦੀ ਸੁਹਿਰਦਤਾ, ਰੌਸ਼ਨ-ਦਿਮਾਗੀ ਤੇ ਕਵਿਤਾ ‘ਚ ਸਵੈ ਤੇ ਸਰਬ ਨੂੰ ਜੋੜਨ ਦੀ ਜਾਂਚ; ਆਪਣੇ ਵਿਦਵਾਨ ਸੈੱਲ-ਸਾਥੀ ਦੇਵ ਰਾਜ ਚਾਨਣਾ ਦਾ ਸਿਦਕ ਤੇ ਹਰ ਕਿਸੇ ਦੀ ਕੰਮ ਆਉਣ ਦੀ ਲਿਲ੍ਹ; ਕਾਮਰੇਡ ਸਤਵੰਤ ਦੀ ਸਾਦਮੁਰਾਦਤਾ ਤੇ ਨਜ਼ਰ ਨਿਸ਼ਾਨੇ ‘ਤੇ ਰੱਖਣ ਦੀ ਯੋਗਤਾ; ਨ’ਤੇਜ ਦਾ ਨਿੱਘ, ਲਿਖਣ-ਪੜ੍ਹਨ ਦਾ ਸ਼ੌਕ ਤੇ ਪਿਆਰ-ਮੁਹੱਬਤ ਨੂੰ ਪਹਿਲੀ ਥਾਂ ਰੱਖਣ ਦੀ ਰੁਚੀ; ਸਹਿਰਾਈ ਜੀ ਦਾ ਤਿਆਗ ਤੇ ਪਰਸੁਆਰਥ; ਜਗਜੀਤ ਸਿੰਘ ਆਨੰਦ ਦਾ ਬੋਲੀ ਦਾ ਮੋਹ ਤੇ ਤਸਵੀਰੀ ਬਿਆਨ। ਏਸ ਤਰ੍ਹਾਂ ਬੜੇ ਹੋਰਨਾਂ ਦਾ ਥੋੜ੍ਹਾ-ਥੋੜ੍ਹਾ। ਇਹ ਸਾਰਾ ਕੁਝ-ਕੁਝ ਕਿਤਾਬਾਂ ‘ਚੋਂ ਪੜ੍ਹੇ ਨਾਲ ਰਲ ਗਿਆ।
ਤਰਸੇਮ: ਸੰਨ 1950 ‘ਚ ਤੁਸੀਂ ਸੋਵੀਅਤ ਦੂਤਾਵਾਸ ਦੇ ਸੂਚਨਾ ਵਿਭਾਗ ‘ਚ ਕੰਮ ਸ਼ੁਰੂ ਕੀਤਾ ਅਤੇ ਤੁਸੀਂ ਮਾਸਕੋ ‘ਚ ਕੰਮ ਕਰਨ ਵਾਲੇ ਪਹਿਲੇ ਅਨੁਵਾਦਕ ਸੀ। ਤੁਸੀਂ ਪੰਜਾਬੀ ਵਿਭਾਗ ਦੀ ਵੀ ਸ਼ੁਰੂਆਤ ਕੀਤੀ। ਡਾ. ਗੁਰਬਖਖ਼ ਸਿੰਘ ਫਰੈਂਕ ਬਾਅਦ ‘ਚ ਆਏ। ਉਸ ਪਿਛੋਂ ਲੇਖਕ ਜੁੜਦੇ ਗਏ। ਡਾ. ਕਰਨਜੀਤ, ਮਨਚੰਦਾ, ਸ਼ਾਇਦ ਸਹਿਰਾਈ ਵੀ। ਕਿਸ ਤਰ੍ਹਾਂ ਦੇ ਅਨੁਭਵ ਰਹੇ ਮੁਢਲੇ ਦੌਰ ‘ਚ?
ਦਰਸ਼ਨ: ਸੋਵੀਅਤ ਦੂਤਾਵਾਸ ਦੇ ਸੂਚਨਾ ਵਿਭਾਗ ਦਾ ਪੰਜਾਬੀ ‘ਚ ਕੰਮ ਬੜਾ ਵਡਮੁੱਲਾ ਸੀ। ਉਹਨੇ ਸਾਡੀ ਪਰੋਖੀ ਪਈ ਜ਼ੁਬਾਨ ‘ਚ ਖ਼ਬਰਨਾਮੇ, ਰਸਾਲੇ, ਪੈਂਫਲੇਟ ਤੇ ਕਿਤਾਬਾਂ ਛਾਪੀਆਂ ਤੇ ਪਾਠਕਾਂ ਤੱਕ ਪਹੁੰਚਾਣ ਦਾ ਉਪਰਾਲਾ ਕੀਤਾ। ਮੈਂ 1951 ‘ਚ ਸਟੈਂਸਲ ਉਤੇ ਹੱਥੀ ਲਿਖ, ਸਪਤਾਹਿਕ ਖ਼ਬਰਨਾਮਾ ਸੋਵੀਅਤ ਯੂਨੀਅਨ ਦੇ ਵਿਚਾਰ ਤੇ ਸਮਾਚਾਰ ਤਿਆਰ ਕਰਨਾ ਸ਼ੁਰੂ ਕੀਤਾ। ਇਹ ਪੰਜਾਬੀ ਦੇ ਅਖ਼ਬਾਰਾਂ ਤੇ ਰਸਾਲਿਆਂ ਨੂੰ, ਅੱਗੋਂ ਪ੍ਰਕਾਸ਼ਤ ਕਰਨ ਲਈ, ਘੱਲਿਆ ਜਾਂਦਾ ਸੀ। ਫੇਰ ਇਹ ਖ਼ਬਰਨਾਮਾ ਹਫ਼ਤੇ ‘ਚ ਦੋ ਵਾਰੀ ਹੋਇਆ ਤੇ ਫੇਰ ਤਿੰਨ ਵਾਰੀ। ਕਦੀ ਹਰ ਰੋਜ਼ ਵੀ ਨਿਕਲਦਾ ਸੀ। ਇਹ ਇਕ ਤਰ੍ਹਾਂ ਦਾ ਮੋਢੀ ਕੰਮ ਸੀ। ਮੈਨੂੰ ਕਾਫ਼ੀ ਮੁਖ਼ਕਲਾਂ ਪੇਸ਼ ਆਈਆਂ। ਵਿਸ਼ੇ ਆਮ ਕੌਮਾਂਤਰੀ ਸਿਆਸਤ, ਵਿਚਾਰਧਾਰਾ, ਵਿਗਿਆਨ, ਖੇਤੀਬਾੜੀ ਤੇ ਸਭਿਆਚਾਰ ਦੇ ਹੁੰਦੇ ਸਨ। ਬੜੇ ਔਖੇ-ਔਖੇ, ਓਪਰੇ ਸ਼ਬਦਾਂ ਦੇ ਪੰਜਾਬੀ ਬਦਲ ਲੱਭਣੇ ਪੈਂਦੇ ਸਨ। ਮੈਂ ਸੰਸਕ੍ਰਿਤਆਈ ਹਿੰਦੀ ਦੀ ਸ਼ਰਨ ਨਾ ਲਈ। ਸ਼ਬਦਕੋਸ਼ ਵੀ ਨਹੀਂ ਸਨ ਹੁੰਦੇ। ਬੜਾ ਘੋਲ ਘੁਲਣਾ ਪੈਂਦਾ ਸੀ। ਇਹ ਕੰਮ ਮੈਂ 1964 ਤੱਕ ਕੀਤਾ। ਮੇਰੇ ਪਿੱਛੋਂ ਇਹ ਕੰਮ ਗੁਰਬਖਖ਼ ਸਿੰਘ ਫਰੈਂਕ ਨੇ ਸਾਂਭਿਆ।
1966 ਦੇ ਸ਼ੁਰੂ ‘ਚ ਮੈਂ ਰੂਸੀ ਕਿਰਤਾਂ ਦੇ ਅਨੁਵਾਦ ਦੇ ਕੰਮ ਲਈ ਮਾਸਕੋ ਗਿਆ ਤੇ ਓਥੇ 1969 ਦੇ ਅਖ਼ੀਰ ਤਕ ਰਿਹਾ। ਪ੍ਰਗਤੀ ਪ੍ਰਕਾਸ਼ਨ ਦੁਨੀਆ ਦੀਆਂ ਲਗਭਗ ਸਭ ਜ਼ੁਬਾਨਾਂ ‘ਚ ਕੰਮ ਕਰਦਾ ਸੀ। ਉਹਦਾ ਭਾਰਤੀ ਵਿਭਾਗ ਬਹੁਤ ਵੱਡਾ ਸੀ। ਹਿੰਦੀ ਤੇ ਉਰਦੂ ਦੇ ਸੈਕਸ਼ਨ 1956 ਤੋਂ ਸ਼ੁਰੂ ਸਨ। ਬੰਗਾਲੀ, ਗੁਜਰਾਤੀ, ਤਾਮਿਲ, ਤੇਲਗੂ ਤੇ ਮਲਿਆਲਮ ਦੇ ਸੈਕਸ਼ਨ ਵੀ ਸਨ। ਮੇਰੇ ਨਾਲ ਇਕ ਰੂਸੀ ਸੰਪਾਦਕ ਹੁੰਦਾ ਸੀ ਤੇ ਉਹਦੀ ਸਹਾਇਤਾ ਲਈ ਉਪ-ਸੰਪਾਦਕ, ਪਰੂਫ-ਰੀਡਰ ਜੋ ਖੁਸ਼ਨਵੀਸੀ ਵੀ ਕਰਦੀ ਸੀ। ਸਾਰੇ ਰੂਸੀ ਸਨ ਤੇ ਉਨ੍ਹਾਂ ਉਚੇਚੀ ਪੰਜਾਬੀ ਸਿੱਖੀ ਸੀ, ਜਿੰਨੀ ਕੁ ਸਿੱਖੀ ਜਾ ਸਕਦੀ ਸੀ। ਜਿਹੜੇ ਕੰਪੋਜ਼ਰ ਤੇ ਛਾਪਕ ਸਨ, ਉਹ ਵੀ ਰੂਸੀ ਸਨ। ਕੰਮ ਹੌਲੀ-ਹੌਲੀ ਹੁੰਦਾ ਸੀ। ਪੂਰੇ ਸਾਲ ਲਈ ਛੋਟੀ ਜਿਹੀ ਯੋਜਨਾ ਹੁੰਦੀ ਸੀ। ਉਹ ਆਰਾਮ ਨਾਲ ਪੂਰੀ ਹੋ ਜਾਂਦੀ ਸੀ। ਕਿਤਾਬ ਸੋਹਣੀ ਛਪ ਕੇ ਪੰਜਾਬ ਪਹੁੰਚ ਜਾਂਦੀ ਸੀ।
ਮੇਰੇ ਬਾਅਦ ਓਥੇ ਗੁਰਬਖਸ਼ ਸਿੰਘ ਫ਼ਰੈਂਕ, ਕਰਨਜੀਤ ਸਿੰਘ ਤੇ ਪ੍ਰੀਤਮ ਸਿੰਘ ਮਨਚੰਦਾ ਆਏ। ਸਹਿਰਾਈ ਨੇ ਸਾਡੇ ਸਭਨਾਂ ਨਾਲੋਂ ਜ਼ਿਆਦਾ ਅਨੁਵਾਦ ਕੀਤਾ, ਪਰ ਉਨ੍ਹਾਂ ਸਾਰੀ ਜ਼ਿੰਦਗੀ ਏਥੇ ਆਪਣੇ ਵਤਨ ਹੀ ਗੁਜ਼ਾਰੀ। ਮੈਂ ਪ੍ਰਗਤੀ ਪ੍ਰਕਾਸ਼ਨ ਦੇ ਨਾਲ-ਨਾਲ ਰੇਡੀਓ ਮਾਸਕੋ ‘ਤੇ ਤਿਆਰ ਕਰਨ ਤੇ ਪੜ੍ਹਨ ਤੇ ਦਸਤਾਵੇਜ਼ੀ ਫ਼ਿਲਮਾਂ ‘ਚ ਪੰਜਾਬੀ ਆਵਾਜ਼ ਭਰਨ ਦਾ ਕੰਮ ਵੀ ਕੀਤਾ।
ਮਾਸਕੋ ‘ਚ ਪੰਜਾਬੀ ਅਨੁਵਾਦ ਤੇ ਪ੍ਰਕਾਸ਼ਨ ਬੜੇ ਹੀ ਨਿਰਾਲੇ ਤਜਰਬੇ ਸਨ। ਇਹ ਸ਼ਾਇਦ ਸੋਵੀਅਤ ਪ੍ਰਬੰਧ ਹੇਠ ਹੀ ਹੋ ਸਕਦੇ ਸਨ। ਇਹ ਕੋਈ ਨਹੀਂ ਸੀ ਵੇਖ ਸਕਦਾ ਕਿ ਏਸ ਕੰਮ ‘ਚ ਸਾਧਨਾਂ ਦਾ ਨਿਵੇਸ਼ ਕਿੰਨਾ ਏ ਤੇ ਉਸ ਤੋਂ ਹੁੰਦੀ ਖੱਟੀ ਕਿੰਨੀ। ਇਕ ਪਲਾਨ ਬਣੀ ਹੁੰਦੀ ਸੀ ਤੇ ਮੁੱਖ ਆਸ਼ਾ ਉਸ ਪਲਾਨ ਨੂੰ ਪੂਰਾ ਕਰਨਾ ਹੁੰਦਾ ਸੀ। ਅਸੀਂ ਅਨੁਵਾਦ ਅੰਗਰੇਜ਼ੀ ਤੋਂ ਕਰਦੇ ਸਾਂ ਤੇ ਉਹਨੂੰ ਸੁਜੋਗ ਤੇ ਪੰਜਾਬੀ ‘ਚ ਅੱਧ-ਪੜ੍ਹੇ ਸੰਪਾਦਕ ਰੂਸੀ ਮੂਲ ਨਾਲ ਮੇਲਦੇ ਸਨ। ਰੂਸੀ ਤੋਂ ਅੰਗਰੇਜ਼ੀ ਅਨੁਵਾਦ ਨਾਲ ਹੀ ਬੜਾ ਫ਼ਰਕ ਪੈ ਜਾਂਦਾ ਸੀ ਤੇ ਅੱਗੋਂ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਨਾਲ ਇਹ ਖੱਪਾ ਹੋਰ ਵੀ ਵਧ ਜਾਂਦਾ ਸੀ। ਏਸ ਤਰ੍ਹਾਂ ਪੰਜਾਬੀ ਅਨੁਵਾਦ ਨੂੰ ਰੂਸੀ ਮੂਲ ਨਾਲ ਮੇਲਣਾ ਸੌਖਾ ਨਹੀਂ ਸੀ ਹੁੰਦਾ। ਪਰ ਸਾਡੇ ਸੰਪਾਦਕ ਬੀਬੇ ਤੇ ਸੁਹਿਰਦ ਸਨ। ਪਲਾਨ ਪੂਰੀ ਕਰਨ ਦੀ ਮਜਬੂਰੀ ਵੀ ਹੁੰਦੀ ਸੀ। ਉਨ੍ਹਾਂ ਨੂੰ ਪੰਜਾਬੀ ਜ਼ੁਬਾਨ ਦੇ ਮਾਮਲੇ ‘ਚ ਆਪਣੀ ਕਮਜ਼ੋਰੀ ਦਾ ਅਹਿਸਾਸ ਵੀ ਹੁੰਦਾ ਸੀ। ਸਾਡਾ ਕਿਹਾ-ਸੁਣਿਆ, ਸਮਝਾਇਆ, ਮੰਨ ਲੈਂਦੇ ਸਨ। ਏਸ ਪ੍ਰਕਿਰਿਆ ‘ਚ ਅਨੁਵਾਦ ‘ਚ ਕਸਰ ਰਹਿ ਜਾਂਦੀ ਸੀ।
ਤਰਸੇਮ: ਤੁਸੀਂ ਜ਼ਿੰਦਗੀ ‘ਚ ਅਨੁਵਾਦ ਨੂੰ ਬੜੀ ਅਹਿਮੀਅਤ ਦਿੱਤੀ ਤੇ ਉਸ ਤੋਂ ਬਾਅਦ ਮੌਲਿਕ ਸਿਰਜਣਾ ਕੀਤੀ। ਕੀ ਤੁਹਾਡੀ ਸਿਰਜਣਾ ‘ਤੇ ਅਨੁਵਾਦ ਦਾ ਪ੍ਰਭਾਵ ਪਿਆ?
ਦਰਸ਼ਨ: ਮੈਂ ਪਹਿਲੋਂ ਕਵਿਤਾ ਲਿਖਦਾ ਸਾਂ। ਚੰਗੇ ਪਰਚਿਆਂ ‘ਚ ਛਪਦਾ ਸਾਂ। ਫੇਰ ਪਤਾ ਨਹੀਂ ਕਦੋਂ ਸ਼ਾਇਰੀ ਦਾ ਸ਼ੌਕ ਮੱਠਾ ਪੈ ਗਿਆ ਤੇ ਅਨੁਵਾਦ ਦਾ ਭੂਤ ਸਵਾਰ ਹੋ ਗਿਆ। ਬੜਾ ਅਨੁਵਾਦ ਕੀਤਾ। ਰਹੀ-ਸਹੀ ਕਸਰ ਮਾਸਕੋ ਨੇ ਪੂਰੀ ਕਰ ਦਿੱਤੀ। ਸਮਝੋ ਰੱਜ ਹੋ ਗਿਆ। ਜਦੋਂ 1969 ‘ਚ ਦੇਸ਼ ਮੁੜਿਆ, ਅਨੁਵਾਦ ਨੂੰ ਤਿਲਾਂਜਲੀ ਦੇ ਦਿੱਤੀ। ਦਫ਼ਤਰ ਵੀ ਮੇਰੇ ਜ਼ਿੰਮੇ ਅੰਗਰੇਜ਼ੀ ਦਾ ਕੰਮ ਲਾਇਆ ਗਿਆ।
ਲੇਖਕ ਚੰਗੀਆਂ ਲਿਖਤਾਂ ਦਾ ਅਨੁਵਾਦ ਕਰੇ, ਇਹ ਬੜੀ ਚੰਗੀ ਚੀਜ਼ ਏ। ਅਨੁਵਾਦ ਮੌਲਿਕ ਲਿਖਣ ਵਾਲੇ ਦੀ ਸਮਰੱਥਾ ਦੂਨ-ਸਵਾਈ ਕਰਦਾ ਏ। ਜੇ ਉਹ ਚੈਖੋਵ ਦੀ ਕਹਾਣੀ ਅਨੁਵਾਦੇ, ਉਹਨੂੰ ਆਪਣਾ ਬਰ ਚੈਖੋਵ ਨਾਲ ਮੇਚਣਾ ਪੈਂਦਾ ਏ। ਇਹਦੇ ਨਾਲ ਉਹਦੀ ਭਾਸ਼ਾ ਦੀ ਲਚਕ ਵਧਦੀ ਏ। ਰਚਨਾ-ਕਰਮ ਦੀ ਸੂਝ ਵਧਦੀ ਏ। ਉਹ ਪਹਿਲਾਂ ਨਾਲੋਂ ਅੱਗੇ ਵੇਖਣ ਲਗਦਾ ਏ। ਜਿਸ ਤਰ੍ਹਾਂ ਕਲਾਸਕੀ ਸੰਗੀਤ ਸਿੱਖਣ ਵਾਲਿਆਂ ਦੇ ਗਲਿਉਂ ਉਸਤਾਦ ਗਾਇਕਾਂ ਦੀਆਂ ਬੰਦਸ਼ਾਂ ਕੱਢੀਆਂ ਜਾਂਦੀਆਂ ਨੇ, ਓਸੇ ਤਰ੍ਹਾਂ ਵੱਡੇ ਪ੍ਰਦੇਸੀ ਲੇਖਕਾਂ ਦੀਆਂ ਰਚਨਾਵਾਂ ਪਰਵਾਨ ਚੜ੍ਹ ਰਹੇ ਲੇਖਕਾਂ ਦੀਆਂ ਕਲਮਾਂ ‘ਚੋਂ ਲੰਘਣੀਆਂ ਚਾਹੀਦੀਆਂ ਨੇ।
ਮੈਂ ਕਈ ਦਹਾਕੇ ਅਨੁਵਾਦ ਕੀਤਾ। ਗਲਪ ਵੀ ਉਲਥਾਇਆ ਤੇ ਵਿਚਾਰਧਾਰਕ ਤੇ ਰਾਜਸੀ ਲਿਖਤਾਂ ਵੀ। ਜਦੋਂ ਮੈਂ ਇਹ ਕੰਮ ਕੀਤਾ, ਮੈਨੂੰ ਇਹ ਸੋਚ ਨਹੀਂ ਸੀ ਆਈ ਕਿ ਕਦੀ ਪੰਜਾਬੀ ‘ਚ ਮੌਲਿਕ ਵੀ ਲਿਖਾਂਗਾ। ਮੌਲਿਕ ਲਿਖਣਾ ਛੱਡ ਅਨੁਵਾਦ ਦਾ ਸ਼ੌਕ ਤੇ ਕਸਬ ਪਾਲਣਾ ਮੇਰਾ ਸੁਚੇਤ ਫ਼ੈਸਲਾ ਸੀ। ਏਸ ਸਮੁੱਚੇ ਤਜਰਬੇ ਦਾ ਥਿੰਦਾ ਮੇਰੇ ਅੰਦਰ ਲੱਗਾ ਰਹਿ ਗਿਆ ਤੇ ਇਹਦਾ ਮੌਲਿਕ ਲਿਖਣ ਵੇਲੇ ਮੈਨੂੰ ਲਾਭ ਹੋਇਆ।
ਤਰਸੇਮ: ਤੁਸੀਂ ਨ’ਤੇਜ ਦੇ ਰੇਖਾ-ਚਿੱਤਰ (ਪੁਸਤਕ: ਅਧ-ਚਾਨਣਾ) ਵਿਚ ਲਿਖਦੇ ਹੋ, ‘ਮੂਲ ਲਿਖਣ ਵਾਲਾ ਅਨੁਵਾਦ ਦੇ ਆਹਰ ਨੂੰ ਬਹੁਤੀ ਮਹੱਤਤਾ ਨਹੀਂ ਦੇਂਦਾ।’ ਹੁਣ ਤੁਸੀਂ ਮੌਲਿਕ ਲੇਖਕ ਹੋ। ਸਾਹਿਤਕਾਰੀ ‘ਚ ਤੁਹਾਡਾ ਨਾਂ ਨਾਮੀ ਲੇਖਕਾਂ ‘ਚ ਸ਼ਾਮਲ ਏ। ਉਪਰੋਕਤ ਟਿੱਪਣੀ ਸੰਬੰਧੀ ਹੁਣ ਕੀ ਵਿਚਾਰ ਏ?
ਦਰਸ਼ਨ: ਵਿਚਾਰ ਬਹੁਤਾ ਬਦਲਿਆ ਨਹੀਂ। ਮੌਲਿਕ ਲੇਖਕ ਸ਼ੌਕ ਨਾਲ ਅਨੁਵਾਦ ਘਟ ਹੀ ਕਰਦਾ ਏ। ਉਹ ਸੋਚਦਾ ਏ, ਦੂਜਿਆਂ ਨੂੰ ਉਲਥਾਣ ਦੀ ਥਾਂ ਕੁਝ ਆਪਣਾ ਹੀ ਕਿਉਂ ਨਾ ਲਿਖ ਲਵਾਂ। ਪਰ ਇਹ ਨਹੀਂ ਕਿ ਮੌਲਿਕ ਲੇਖਕ ਅਨੁਵਾਦ ਨਹੀਂ ਕਰਦੇ। ਜਿਹੜੇ ਲੇਖਕ ਪਰਚੇ ਚਲਾਂਦੇ ਨੇ, ਉਹ ਕਦੀ ਸ਼ੌਕ ਨਾਲ ਤੇ ਕਦੀ ਥਾਂ ਭਰਨ ਦੀ ਮਜਬੂਰੀ ਕਰਕੇ ਅਨੁਵਾਦ ਕਰਦੇ ਰਹਿੰਦੇ ਨੇ। ਪ੍ਰੀਤ-ਲੜੀ ਦਾ ਸੰਪਾਦਨ ਕਰਦਿਆਂ ਨ’ਤੇਜ ਇਹ ਅਕਸਰ ਕਰਦਾ ਰਹਿੰਦਾ ਸੀ। ਕੁਝ ਲੇਖਕ ਕੁਝ ਕਮਾਈ ਕਰਨ ਲਈ ਵੀ ਅਨੁਵਾਦ ਦਾ ਭਾਰ ਚੁੱਕ ਲੈਂਦੇ ਨੇ। ਕਈ ਮੌਲਿਕ ਲੇਖਕਾਂ ਨੇ ਸਾਹਿਤ ਅਕਾਦਮੀ, ਨੈਸ਼ਨਲ ਬੁੱਕ ਟਰੱਸਟ, ਪੰਜਾਬੀ ਯੂਨੀਵਰਸਿਟੀ ਤੇ ਇਕ ਵੇਲੇ ਪ੍ਰਗਤੀ ਪ੍ਰਕਾਸ਼ਨ ਦੇ ਦਿੱਤੇ ਅਨੁਵਾਦ ਕੀਤੇ। ਆਜ਼ਾਦੀ ਤੋਂ ਇਕਦਮ ਬਾਅਦ ਕਈ ਕਮਿਊਨਿਸਟ ਲੇਖਕਾਂ ਨੇ ਕੁਝ ਪ੍ਰਦੇਸੀ ਰਚਨਾਵਾਂ ਦੇ ਅਨੁਵਾਦ ਸ਼ੌਕ ਨਾਲ ਕੀਤੇ।
ਤਰਸੇਮ: ਤੁਸੀਂ ਅਨੁਵਾਦ ਨੂੰ ਬੜਾ ਨੇੜਿਉਂ ਦੇਖਿਆ ਪਰਖਿਆ ਹੈ। ਅਨੁਵਾਦ ਕਿਸ ਤਰ੍ਹਾਂ ਦੀ ਕਲਾ ਹੈ? ਕੀ ਇਹ ਕਲਾ ਏਨੀ ਸੌਖੀ ਹੈ ਕਿ ਹਰ ਜਣਾ-ਖਣਾ ਅਨੁਵਾਦਕ ਬਣ ਸਕਦਾ ਹੈ? ਹੋਰ ਉਹ ਕਿਹੜੀਆਂ ਮਹੱਤਵਪੂਰਨ ਗੱਲਾਂ ਹਨ ਜੋ ਅਨੁਵਾਦ ਨੂੰ ਕਾਰਗਰ ਬਣਾ ਦਿੰਦੀਆਂ ਹਨ?
ਦਰਸ਼ਨ: ਅਨੁਵਾਦ ਮੁੜ-ਰਚਨਾ ਦੀ ਕਲਾ ਹੈ। ਇਹਦੇ ਲਈ ਰਚਨਾ-ਕਰਮ ਦੀ ਸੋਝੀ ਜ਼ਰੂਰੀ ਹੈ। ਅਨੁਵਾਦਕ ਦਾ ਛੋਟਾ-ਮੋਟਾ ਲੇਖਕ ਹੋਣਾ ਜ਼ਰੂਰੀ ਹੈ। ਆਪਣੀ ਭਾਸ਼ਾ ‘ਤੇ ਉਹਨੂੰ ਕਮਾਲ ਹੋਣਾ ਚਾਹੀਦਾ ਹੈ। ਮੂਲ ਲਿਖਤ ਦੀ ਭਾਸ਼ਾ ਨਾਲੋਂ ਅਨੁਵਾਦ ਦੀ ਭਾਸ਼ਾ ਦਾ ਗਿਆਨ ਬਹੁਤ ਜ਼ਆਦਾ ਹੋਣਾ ਚਾਹੀਦਾ ਹੈ। ਮੂਲ ਲਿਖਤ ਦੀ ਭਾਸ਼ਾ ਦਾ ਕੁਝ ਘੱਟ ਗਿਆਨ ਤਾਂ ਚੱਲ ਜਾਂਦਾ ਹੈ ਪਰ ਅਨੁਵਾਦ ਵਾਲੀ ਭਾਸ਼ਾ ਦਾ ਘੱਟ ਗਿਆਨ ਵਾਰਾ ਨਹੀਂ ਖਾਂਦਾ। ਅਨੁਵਾਦਕ ਦਾ ਯਤਨ ਹੋਣਾ ਚਾਹੀਦਾ ਹੈ ਕਿ ਅਨੁਵਾਦ ਹੋਈ ਰਚਨਾ ਅਨੁਵਾਦ ਨਾ ਲੱਗੇ, ਮੌਲਿਕ ਰਚਨਾ ਲਗੇ। ਸਮਝੋ, ਜੇ ਮੂਲ ਲੇਖਕ ਅਨੁਵਾਦ ਵਾਲੀ ਭਾਸ਼ਾ ‘ਚ ਲਿਖੇ ਤਾਂ ਇੰਜ ਲਿਖੇ। ਅਨੁਵਾਦਕ ਦਾ ਨਿਰਮਾਣ ਹੋਣਾ ਵੀ ਜ਼ਰੂਰੀ ਹੈ। ਉਹਨੂੰ ਮੂਲ ਰਚਨਾ ਨੂੰ ਸੋਧਣ ਤੇ ਸਰਲਾਉਣ ਦੇ ਰਾਹ ਨਹੀਂ ਪੈਣਾ ਚਾਹੀਦਾ। ਉਹਦਾ ਮਿਜਾਜ਼, ਸ਼ੈਲੀ, ਬਣਤਰ ਕਾਇਮ ਰੱਖਣੀ ਚਾਹੀਦੀ ਹੈ। ਜੇ ਰਚਨਾ ਦਾ ਪਿਛੋਕੜ ਜਾਣਨ ਦਾ ਉਪਰਾਲਾ ਕੀਤਾ ਜਾਵੇ ਤਾਂ ਉਹਦਾ ਵੀ ਲਾਭ ਹੋ ਸਕਦਾ ਹੈ। ਜੇ ਮੂਲ ਲੇਖਕ ਦੀਆਂ ਵਿਸ਼ੇਸ਼ਤਾਵਾਂ ਦੀ ਸਾਰ ਹੋਵੇ, ਉਹ ਵੀ ਸਹਾਈ ਹੋ ਸਕਦੀ ਹੈ।
ਇਹ ਸਾਰੀਆਂ ਗੱਲਾਂ ਗਲਪ ਰਚਨਾਵਾਂ ਲਈ ਸਾਰਥਕ ਨੇ। ਵਿਚਾਰਧਾਰਾ, ਵਿਗਿਆਨ ਤੇ ਹੋਰਨਾਂ ਅਗਲਪੀ ਰਚਨਾਵਾਂ ਦੇ ਅਨੁਵਾਦ ਲਈ ਸਿਰਫ਼ ਵਿਸ਼ੇ ਦਾ ਗਿਆਨ ਤੇ ਭਾਸ਼ਾ ਦੀ ਕੁਸ਼ਲਤਾ ਨਾਲ ਹੀ ਕੰਮ ਚਲ ਜਾਂਦਾ ਹੈ।
ਸਾਡੀ ਜ਼ੁਬਾਨ ਨੂੰ ਚੋਖੇ ਅਨੁਵਾਦ ਦੀ ਲੋੜ ਹੈ। ਚੋਣਵੀਆਂ ਸੰਸਾਰ ਲਿਖਤਾਂ ਤੇ ਦੂਜੀਆਂ ਭਾਰਤੀ ਭਾਸ਼ਾਵਾਂ ਦੀਆਂ ਚੰਗੀਆਂ ਲਿਖਤਾਂ ਦਾ ਅਨੁਵਾਦ ਹੋਣਾ ਚਾਹੀਦਾ ਹੈ। ਏਸ ਕੰਮ ‘ਚ ਉਨ੍ਹਾਂ ਸੰਸਥਾਵਾਂ ਦਾ ਰੋਲ ਵਡਮੁੱਲਾ ਏ, ਜਿਹੜੀਆਂ ਅਨੁਵਾਦ ਦੇ ਪ੍ਰੋਗਰਾਮ ਚਲਾਂਦੀਆਂ ਨੇ ਤੇ ਜਿਨ੍ਹਾਂ ਕੋਲ ਇਸ ਕੰਮ ਨੂੰ ਸਮਰਪਤ ਸਾਧਨ ਨੇ। ਉਨ੍ਹਾਂ ਨੂੰ ਸੁਯੋਗ ਅਨੁਵਾਦਕ ਲੱਭਣੇ ਚਾਹੀਦੇ ਨੇ। ਅਨੁਵਾਦਾਂ ਦੇ ਸੁਯੋਗ ਸੰਪਾਦਨ ਦਾ ਕੰਮ ਵੀ ਹੋਣਾ ਚਾਹੀਦਾ ਹੈ।
ਬੜਾ ਚੰਗਾ ਹੋਵੇ, ਜੇ ਸਮਰੱਥ ਮੌਲਿਕ ਪੰਜਾਬੀ ਲੇਖਕ ਇਕ-ਅੱਧ ਉਘੀ ਪ੍ਰਦੇਸੀ ਰਚਨਾ ਨੂੰ ਪੰਜਾਬੀ ‘ਚ ਅਨੁਵਾਦੇ, ਭਾਵੇਂ ਉਸ ਤੋਂ ਕਮਾਈ ਕੋਈ ਨਾ ਹੋਵੇ। ਏਸ ਨਾਲ ਸਾਡੀ ਭਾਸ਼ਾ ਤੇ ਸਾਹਿਤ ਦਾ ਭਲਾ ਹੋਵੇਗਾ। ਇਸ ਸਿਲਸਿਲੇ ‘ਚ ਸੁਤਿੰਦਰ ਸਿੰਘ ਨੂਰ ਵਲੋਂ ਦੂਜੀਆਂ ਭਾਸ਼ਾਵਾਂ ਦੇ ਨਾਮਵਰ ਕਵੀਆਂ ਦੀਆਂ ਰਚਨਾਵਾਂ ਦੇ ਪੰਜਾਬੀ ਅਨੁਵਾਦ ਬੜਾ ਚੰਗਾ ਉਦਮ ਏ। ਕਵੀ-ਸੰਪਾਦਕ ਅਵਤਾਰ ਜੰਡਿਆਲਵੀ ਦੀ ਘਾਲਣਾ ਵੀ ਸਲਾਹੁਣਯੋਗ ਏ। ਉਹਦਾ ਸੰਗ੍ਰਹਿ ‘ਵਿਖ਼ਵ ਦੇ ਕਵੀ’ ਕਵਿਤਾ ਦੇ ਹਰ ਰਸੀਏ ਨੂੰ ਪੜ੍ਹਨਾ ਚਾਹੀਦਾ ਏ।
ਮੈਂ ਬਹੁਤਾ ਰੂਸੀ ਸਾਹਿਤ ਹੀ ਅਨੁਵਾਦਿਆ ਹੈ। ਅਨੁਵਾਦੇ ਲੇਖਕ ਮੈਂ ਪਹਿਲੋਂ ਅੰਗਰੇਜ਼ੀ ‘ਚ ਪੜ੍ਹੇ ਹੋਏ ਸਨ। ਬਹੁਤੀਆਂ ਲਿਖਤਾਂ ਦੇ ਪਿਛੋਕੜ ਤੋਂ ਜਾਣੂ ਸਾਂ। ਮਾਸਕੋ ਰਹਿੰਦਿਆਂ ਥੋੜ੍ਹੀ-ਬਹੁਤੀ ਰੂਸੀ ਜ਼ੁਬਾਨ ਸਿੱਖ ਲੈਣ ਬਾਅਦ ਮੈਂ ਅਨੁਵਾਦ ਵੇਲੇ ਅੰਗਰੇਜ਼ੀ ਅਨੁਵਾਦ ਦੇ ਨਾਲ-ਨਾਲ ਰੂਸੀ ਮੂਲ ਨੂੰ ਵੀ ਕੋਲ ਰੱਖ ਲੈਂਦਾ ਸਾਂ। ਅਨੁਵਾਦ ਸੌਖਾ ਤੇ ਵਧੇਰੇ ਸਹੀ ਹੋ ਜਾਂਦਾ ਸੀ। ਬੜੀਆਂ ਗੱਲਾਂ ‘ਚ ਰੂਸੀ ਪੰਜਾਬੀ ਵਰਗੀ ਏ।
ਤਰਸੇਮ: ਰੂਸੀ ਸਾਹਿਤ ਦੇ ਵੱਡੇ ਪੱਧਰ ‘ਤੇ ਅਨੁਵਾਦ ਹੋਣ ਦਾ ਕੀ ਕਾਰਨ ਸੀ? ਹੁਣ ਤੱਕ ਤੁਸੀਂ ਕੀ-ਕੁਝ ਅਨੁਵਾਦ ਕੀਤਾ ਹੈ?
ਦਰਸ਼ਨ: ਰੂਸੀ ਸਾਹਿਤ ਨੇ ਪਸ਼ਕਿਨ, ਟਾਲਸਟਾਏ, ਤੁਰਗੇਨੇਵ, ਦੋਸਤੋਏਵਸਕੀ, ਚੈਖੋਵ, ਗੋਰਕੀ ਜਿਹੇ ਮਹਾਨ ਸਾਹਿਤਕਾਰ ਪੈਦਾ ਕੀਤੇ। ਉਹ ਹਮੇਸ਼ਾ ਹੀ ਬਾਹਰਲੀਆਂ ਭਾਸ਼ਾਵਾਂ ‘ਚ ਉਲਥਾਏ ਜਾਂਦੇ ਰਹੇ। ਇਹ ਅਮਲ ਰੂਸ ‘ਚ ਅਕਤੂਬਰ ਇਨਕਲਾਬ ਪਿਛੋਂ ਕੁਝ ਹੋਰ ਤੇਜ਼ ਹੋਇਆ। ਮੈਂ ਇਨ੍ਹਾਂ ਲੇਖਕਾਂ ਦੀਆਂ ਰਚਨਾਵਾਂ ਅੰਗਰੇਜ਼ੀ ਅਨੁਵਾਦਕਾਂ ਦੇ ਤਰਜਮਿਆਂ ‘ਚ ਪੜ੍ਹੀਆਂ। ਪਿਛੋਂ ਇਨ੍ਹਾਂ ਰਚਨਾਵਾਂ ਨੂੰ ਰੂਸੀ ਅਨੁਵਾਦਕਾਂ ਨੇ ਨਵੇਂ ਸਿਰੋਂ ਉਲਥਾਇਆ ਤੇ ਸੋਵੀਅਤ ਪ੍ਰਕਾਸ਼ਕਾਂ ਨੇ ਛਾਪੀਆਂ। ਅੰਗਰੇਜ਼ੀ ਅਨੁਵਾਦਕਾਂ ਨੂੰ ਅਨੁਵਾਦ ਦਾ ਚੱਜ ਬਹੁਤਾ ਸੀ। ਉਨ੍ਹਾਂ ਦੇ ਅਨੁਵਾਦ ਰੂਸੀ ਅਨੁਵਾਦਕਾਂ ਦੇ ਅਨੁਵਾਦ ਨਾਲੋਂ ਚੰਗੇ ਨੇ। ਜੇ ਕਦੀ ਤੁਹਾਨੂੰ ਚੈਖੋਵ ਦੀ ਕਿਸੇ ਇਕ ਰਚਨਾ ਦੇ ਅੰਗਰੇਜ਼ੀ ਤੇ ਰੂਸੀਆਂ ਦੇ ਅਨੁਵਾਦ ਪੜ੍ਹਨ ਦਾ ਮੌਕਾ ਮਿਲੇ ਤਾਂ ਤੁਹਾਨੂੰ ਅੰਗਰੇਜ਼ੀ ਵਾਂਗ ਚੈਖੋਵ ਬਹੁਤਾ ਪਸੰਦ ਆਏਗਾ। ਚੰਗੇ ਤੇ ਮਾੜੇ ਅਨੁਵਾਦ ਦਾ ਫ਼ਰਕ ਰਿਹਾ ਏ। ਸੋਵੀਅਤ ਵੇਲਿਆਂ ਦੇ ਬਹੁਤੇ ਰੂਸੀ ਅਨੁਵਾਦਕਾਂ ਨੇ ਮੱਖੀ ‘ਤੇ ਮੱਖੀ ਮਾਰਨ ਦੀ ਪਹੁੰਚ ਅਪਣਾਈ। ਰੂਸੀ ਅਨੁਵਾਦਾਂ ਦੀ ਜਿਹੜੀ ਭਰਮਾਰ ਪੰਜਾਬੀ ਤੇ ਹੋਰਨਾਂ ਭਾਰਤੀ ਭਾਸ਼ਾਵਾਂ ‘ਚ ਹੋਈ, ਉਹਦਾ ਕਾਰਨ ਸਮੇਂ ਦੀ ਸਿਆਸਤ ਸੀ। ਸੋਵੀਅਤ ਯੂਨੀਅਨ ਨੇ ਭਾਰਤ ਨੂੰ ਤੇ ਭਾਰਤ ਨੇ ਸੋਵੀਅਤ ਯੂਨੀਅਨ ਨੂੰ ਕੁਝ ਗੰਢਿਆ ਹੋਇਆ ਸੀ ਤੇ ਕੁਝ ਹੋਰ ਗੰਢਣਾ ਚਾਹੁੰਦੇ ਸਨ। ਰੂਸੀ ਸਾਡਾ ਮਨ ਜਿੱਤਣਾ ਚਾਹੁੰਦੇ ਸਨ। ਏਸੇ ਕਰਕੇ ਹੀ ਏਥੇ ਏਨੇ ਪਰਚੇ ਨਿਕਲੇ, ਪੈਂਫ਼ਲੈਟ ਛਪੇ, ਕਿਤਾਬਾਂ ਛਪੀਆਂ। ਇਹ ਪ੍ਰਚਾਰ ਸੀ, ਵਿਹਾਰ ਨਹੀਂ ਸੀ। ਜਦੋਂ ਸੋਵੀਅਤ ਯੂਨੀਅਨ ਨਾ ਰਿਹਾ ਤਾਂ ਇਹ ਕੰਮ ਵੀ ਬੰਦ ਹੋ ਗਿਆ।
ਜਿਥੋਂ ਤੱਕ ਮੇਰੇ ਅਨੁਵਾਦ-ਕਾਰਜ ਦਾ ਸਵਾਲ ਹੈ, ਮੈਂ ਕਈ ਦਹਾਕੇ ਅਨੁਵਾਦ ਕੀਤਾ। ਸ਼ੌਕ ਕਰਕੇ ਅਤੇ ਕਸਬ ਕਰਕੇ। ਪੁਸ਼ਕਿਨ ਦੀ ਕਪਤਾਨ ਦੀ ਧੀ, ਤੁਰਗੇਨੇਵ ਦਾ ਪਿਉ-ਪੁੱਤਰ ਤੇ ਮੂਮੂ, ਚੈਖੋਵ ਦੇ ਤਿੰਨ ਵਰ੍ਹੇ ਤੇ ਕਈ ਕਹਾਣੀਆਂ, ਦੋਸਤੋਏਵਸਕੀ ਦੀਆਂ ਚਿੱਟੀਆਂ ਰਾਤਾਂ, ਗੋਰਕੀ ਦਾ ਮੇਰਾ ਬਚਪਨ, ਓਸਤਰੋਵਸਕੀ ਦਾ ਸੂਰਮੇ ਦੀ ਸਿਰਜਣਾ (ਪਹਿਲਾ ਭਾਗ), ਸ਼ੋਲੋਖੋਵ ਦੀ ਮਨੁੱਖ ਦੀ ਹੋਣੀ ਮੈਂ ਮਾਸਕੋ ਜਾਣ ਤੋਂ ਪਹਿਲਾਂ ਹੀ ਕਰ ਚੁੱਕਾ ਸਾਂ। ਮਾਸਕੋ ‘ਚ ਬੜੀਆਂ ਹੀ ਕਿਤਾਬਾਂ ਕੀਤੀਆਂ। ਉਨ੍ਹਾਂ ‘ਚੋਂ ਟਾਲਸਟਾਏ ਦੀ ਕੱਸਾਕ ਖ਼ਾਸ ਸੀ। ਸੱਚੀ ਗੱਲ ਏ ਕਿ ਸਾਰਾ ਕੁਝ ਮੈਨੂੰ ਯਾਦ ਵੀ ਨਹੀਂ। ਆਪਣੇ ਕੋਲ ਕੀਤੇ ਏਸ ਕੰਮ ਦੀਆਂ ਨਿਸ਼ਾਨੀਆਂ ਵੀ ਕੋਈ ਨਹੀਂ। ਸ਼ਾਇਦ ਲੱਭਣ ਨਾਲ ਕੋਈ ਇਕ-ਅੱਧ ਤਰਜਮਾ ਮਿਲ ਜਾਵੇ।
ਮੈਂ ਆਪਣੀਆਂ ਮੌਲਿਕ ਰਚਨਾਵਾਂ ਦੇ ਪਹਿਲੇ ਸਫ਼ਿਆਂ ‘ਚ ਦਿਤੀ ਆਪਣੇ ਕੀਤੇ ਕੰਮ ਦੀ ਸੂਚੀ ‘ਚ ਆਪਣੇ ਕੀਤੇ ਕੁਝ ਅਨੁਵਾਦ ਵੀ ਸ਼ਾਮਲ ਕਰਦਾ ਹਾਂ। ਕਈ ਵਾਰੀ ਸੋਚਿਆ ਏ, ਇਹ ਅਨੁਵਾਦ ਸ਼ਾਮਲ ਕਰਨੇ ਬੰਦ ਕਰ ਦਿਆਂ। ਪਰ ਇਹ ਸੋਚ ਕੇ ਕਿ ਏਸ ਨਾਲ ਮੇਰੇ ਅਨੁਵਾਦਕ ਮੁੱਢ ਦੀ ਸੂਹ ਲਗਦੀ ਏ, ਰਹਿਣ ਦੇਂਦਾ ਹਾਂ।
ਤਰਸੇਮ: ਕਈ ਵੱਡੇ ਲੇਖਕ ਪੰਜਾਬੀ ‘ਚ ਲਿਖਣ ਨੂੰ ਮਾਨਤਾ ਨਹੀਂ ਦੇਂਦੇ। ਭਾਪਾ ਪ੍ਰੀਤਮ ਸਿੰਘ ਦੇ ਰੇਖਾ-ਚਿੱਤਰ ਮੋਤੀਆਂ ਵਾਲੀ ਸਰਕਾਰ ‘ਚ ਤੁਸੀਂ ਆਖਦੇ ਹੋ, ‘ਮੈਂ ਪੁੱਛਣਾ ਚਾਹੁੰਨਾਂ, ਪੰਜਾਬੀ ‘ਚ ਕਿਉਂ ਲਿਖਦੇ ਹੋ, ਕੀਹਦੇ ਲਈ ਲਿਖਦੇ ਹੋ?’ ਹੁਣ ਏਸ ਸਵਾਲ ਦਾ ਜਵਾਬ ਤੁਸੀਂ, ਅੰਗਰੇਜ਼ੀ ‘ਚ ਲਿਖ ਕੇ ਦੇ ਸਕਦੇ ਸੀ, ਪੰਜਾਬੀ ‘ਚ ਕਿਉਂ ਲਿਖਿਆ?
ਦਰਸ਼ਨ: ਅਸਲ ‘ਚ ਮੈਂ ਓਦੋਂ ਕਿਸੇ ਵੀ ਜ਼ੁਬਾਨ ‘ਚ ਨਹੀਂ ਸਾਂ ਲਿਖ ਰਿਹਾ। ਸਿਰਫ਼ ਪੜ੍ਹ ਕੇ ਹੀ ਗੁਜ਼ਾਰਾ ਕਰ ਲੈਂਦਾ ਸੀ। ਮੈਨੂੰ ਇਸ ਰਾਹ, ਇਕ ਤਰ੍ਹਾਂ, ਭਾਪਾ ਪ੍ਰੀਤਮ ਸਿੰਘ ਨੇ ਹੀ ਪਾਇਆ। ਉਨ੍ਹਾਂ ‘ਆਰਸੀ’ ਬੰਦ ਕਰ ਦਿੱਤੀ ਤੇ ਉਹਦੀ ਥਾਂ ਉਹਦਾ ਨਿਮਾਣਾ ਜਿਹਾ ਬਦਲ, ਅਠਵਰਕੀਆ ਲਿਖਤਮ ਨਵਯੁਗ ਸ਼ੁਰੂ ਕਰਨ ਦਾ ਮਨ ਬਣਾਇਆ। ਉਹਦਾ ਪਹਿਲਾ ਅੰਕ ਨਿਕਲਣ ਵਾਲਾ ਸੀ। ਮੈਂ ਭਾਪਾ-ਜੀ ਨੂੰ ਮਿਲਣ ਉਨ੍ਹਾਂ ਦੇ ਫ਼ਾਰਮ ‘ਤੇ ਗਿਆ ਹੋਇਆ ਸਾਂ। ਚਾਹ ਪੀਂਦਿਆਂ, ਮੈਨੂੰ ਉਹ ਕਹਿਣ ਲਗੇ, ”ਦਰਸ਼ਨ ਸਿੰਘ, ਅਜੀਤ ਕੌਰ ਤੇਰੀ Âੈਡੀ ਪੁਰਾਣੀ ਦੋਸਤ ਏ। ਸਾਡੇ ਪਹਿਲੇ ਅੰਕ ਲਈ ਉਸ ਉਤੇ ਕੁਝ ਲਿਖ ਦੇ।” ਉਸ ਦਿਨ ਬੱਦਲਵਾਈ ਸੀ। ਕੋਈ ਕੋਈ ਕਣੀ ਪੈ ਰਹੀ ਸੀ। ਹਵਾ ਵੀ ਚੰਗੀ ਵਗ ਰਹੀ ਸੀ। ਮੌਸਮ ਦਾ ਅਸਰ ਸੀ ਜਾਂ ਫੇਰ ਭਾਪਾ-ਜੀ ਦੇ ਕਹਿਣ ‘ਚ ਹੀ ਕੁਝ ਸੀ ਕਿ ਮੈਂ ਬਿਨਾਂ ਸੋਚਿਆਂ ਕੁਝ ਲਿਖਣਾ ਮੰਨ ਲਿਆ। ਅਗਲੇ ਪੰਜ-ਸਤ ਦਿਨਾਂ ‘ਚ ਲਿਖ ਵੀ ਧਰਿਆ। ਇਹ ਏਨਾ ਸਾਰਾ ਸੀ ਕਿ ਭਾਪਾ-ਜੀ ਦੇ ਲਿਖਤਮ ਦੇ ਦੋ ਅੰਕ ਭਰ ਜਾਂਦੇ। ਭਾਪਾ-ਜੀ ਨੇ ਸਾਰਾ ਕੁਝ ਇਕੋ ਸਾਹੇ ਪੜ੍ਹਿਆ। ਬੜਾ ਸਲਾਹਿਆ। ਅਜੀਤ ਕੌਰ ਨੂੰ ਪੜ੍ਹਨ ਲਈ ਘੱਲਿਆ। ਫੇਰ ਉਹਨੂੰ ਅਸੀਂ ਕੁਝ ਵਿਤਰ ਕੇ ਲਿਖਤਮ ਦੇ ਇਕੋ ਅੰਕ ‘ਚ ਸਮਾਣ ਜੋਗਾ ਕਰ ਦਿੱਤਾ। ਉਹ ਪਹਿਲੇ ਅੰਕ ‘ਚ ਛਪਿਆ। ਬੜੀਆਂ ਤਾਰੀਫ਼ਾਂ ਹੋਈਆਂ। ਭਾਪਾ-ਜੀ ਨੂੰ ਬੜੀਆਂ ਚਿੱਠੀਆਂ ਆਈਆਂ। ਉਹ ਮੈਨੂੰ ਕਹਿਣ ਲੱਗੇ, ”ਦਰਸ਼ਨ ਸਿੰਘ, ਜੇ ਤੂੰ ਮੈਨੂੰ ਏਸ ਤਰ੍ਹਾਂ ਦਾ ਕੁਝ ਆਪਣੇ ਹੋਰਨਾਂ ਜਾਣੂ ਲੇਖਕਾਂ ਬਾਰੇ ਵੀ ਲਿਖ ਦੇਵੇਂ ਤਾਂ ਮੈਂ ਕਿਤਾਬ ਛਾਪ ਦੇਵਾਂਗਾ।” ਮੈਂ ਲਿਖ ਦਿੱਤਾ। ਛੇ ਕੁ ਮਹੀਨੇ ਲਾਏ। ਭਾਪਾ-ਜੀ ਨੇ ‘ਅੱਧ-ਚਾਨਣਾ’ ਛਾਪ ਦਿੱਤਾ।
ਏਸ ਸੰਗ੍ਰਹਿ ਦਾ ਚੰਗਾ ਸੁਆਗਤ ਹੋਇਆ। ਮੈਨੂੰ ਚੰਗਾ ਲਗਾ। ਭਾਪਾ-ਜੀ ਨੇ ਕਿਹਾ, ”ਕੋਈ ਨਾਵਲ ਲਿਖ, ਯਾਰ।” ਉਨ੍ਹਾਂ ਦੀ ਫਰਮਾਇਸ਼ ‘ਤੇ ਮੈਂ ਆਪਣਾ ਪਹਿਲਾ ਨਾਵਲ ਮੀਂਹ-ਕਣੀ ਦੇ ਦਿਨ ਲਿਖਿਆ ਤੇ ਉਨ੍ਹਾਂ ਦੀ ਫ਼ਰਮਾਇਸ਼ ‘ਤੇ ਹੀ ਨਾਵਲ ‘ਦੇਸ-ਕੁਦੇਸ’। ਉਸ ਪਿਛੋਂ ਸਮਝੋ, ਕੋਈ ਬੰਨ੍ਹ ਟੁੱਟ ਗਿਆ। ਫੇਰ ਭਾਪਾ-ਜੀ ਨੂੰ ਫ਼ਰਮਾਇਸ਼ ਕਰਨ ਦੀ ਲੋੜ ਨਾ ਪਈ। ਲਿਖਣ ਦਾ ਝੱਸ ਪੈ ਗਿਆ। ਦਿਮਾਗ਼ ‘ਚ ਬੜਾ ਕੁਝ ਸੀ। ਉਹ ਨਿਕਲਣ ਨੂੰ ਕਾਹਲਾ ਪੈਣ ਲੱਗਾ। ਫੇਰ ਮੈਂ ਨਾਵਲ ਕੰਡਾ, ਮਿੱਟੀ, ਬੁਝਾਰਤ ਤੇ ਬੱਦਲਾਂ ਦੀ ਪੌੜੀ ਲਿਖੇ। ਬੱਦਲਾਂ ਦੀ ਪੌੜੀ 2003 ‘ਚ ਲਿਖਿਆ, ਪਰ ਛਪਿਆ ਚਾਰ ਸਾਲ ਬਾਅਦ 2007 ‘ਚ। ਕੁਝ ਕਹਾਣੀਆਂ ਵੀ ਲਿਖੀਆਂ ਨੇ। ਆਮ ਤੌਰ ‘ਤੇ ਆਪਣੇ ਦੋ ਨਾਵਲਾਂ ਦੇ ਵਿਚਲੇ ਸਮੇਂ ‘ਚ। ਇਕ ਸੰਗ੍ਰਹਿ ਹਨੇਰੀ ਛਪ ਚੁੱਕਾ ਏ।
ਤਰਸੇਮ: ਤੁਸੀਂ ਕਵਿਤਾ ਲਿਖੀ। ਵੱਡੇ ਰਸਾਲਿਆਂ ‘ਚ ਛਪੀ। ਪੁਸਤਕ ਰੂਪ ਕਿਉਂ ਨਾ ਲੈ ਸਕੀ?
ਦਰਸ਼ਨ: ਕਵਿਤਾ ਪਤਾ ਨਹੀਂ ਜ਼ਿੰਦਗੀ ਦੇ ਕਿਸ ਪੜਾਅ ‘ਤੇ ਵਿਛੜ ਗਈ। ਜਿੰਨੀ ਲਿਖੀ ਸੀ, ਉਹ ਵੀ ਸਾਂਭ ਕੇ ਨਾ ਰੱਖ ਸਕਿਆ। ਜੇ ਸਾਂਭੀ ਹੀ ਨਹੀਂ ਗਈ ਤਾਂ ਪੁਸਤਕ ਰੂਪ ਕਿਵੇਂ ਲੈਂਦੀ? ਵੈਸੇ ਕਵਿਤਾ ਅਜੇ ਮੇਰੇ ਅੰਦਰ ਹੈ। ਉਹ ਵਾਰਤਕ ‘ਚ ਕਦੀ ਫੁੱਟ ਪੈਣੋਂ ਨਹੀਂ ਰਹਿੰਦੀ। ਮੇਰੀ ਵਾਰਤਕ ‘ਚ ਉਹਦੀਆਂ ਪੈੜਾਂ ਗੂਹੜੀਆਂ ਨੇ।
ਤਰਸੇਮ: ਹੁਣ ਕੁਝ ਗੱਲਾਂ ਨਾਵਲ ਬਾਰੇ ਵੀ ਕਰੀਏ। ਤੁਸੀਂ ਨਾਵਲ ਕਿਵੇਂ ਲਿਖਦੇ ਹੋ? ਆਪਣੀ ਸਿਰਜਣ-ਪ੍ਰਕਿਰਿਆ ਬਾਰੇ ਦੱਸੋ?
ਦਰਸ਼ਨ: ਨਾਵਲ ਮੇਰੇ ਮਨ ‘ਚ ਪਹਿਲੋਂ ਕੋਈ ਖਿਆਲ ਜਾਂ ਕਿਸੇ ਪਾਤਰ ਦਾ ਝੌਲਾ ਬਣ ਕੇ ਉਪਜਦਾ ਏ। ਖਿਆਲ ਅਮੂਰਤ ਹੁੰਦਾ ਏ ਤੇ ਝੌਲਾ ਨੈਣ-ਨਕਸ਼ਾਂ ਵਾਲਾ। ਮਿਸਾਲ ਵਜੋਂ, ਨਾਵਲ ਮਿੱਟੀ ਲਿਖਣ ਤੋਂ ਪਹਿਲਾਂ ਮੈਨੂੰ ਪ੍ਰਦੇਸੀ ਵਸਦੇ ਬੰਦਿਆਂ ਦੇ ਹੇਰਵੇ ਦਾ ਖਿਆਲ ਆਇਆ। ਮੈਂ ਚਾਹਿਆ, ਉਹਨੂੰ ਉਹਦੇ ਸਾਰੇ ਰੰਗਾਂ ‘ਚ ਚਿਤਰਿਆ ਜਾਵੇ। ਉਹਦੇ ਲਈ ਫੇਰ ਮੈਂ ਇਕ ਮੁੱਖ ਪਾਤਰ ਲੱਭਿਆ। ਇਹ ਸਵਿਟਜ਼ਰਲੈਂਡ ਵਸਦਾ ਕਵੀ-ਚਿੱਤਰਕਾਰ ਦੇਵ ਸੀ। ਆਪਣੇ ਨਾਵਲ ਦੀ ਕਹਾਣੀ ਮੈਂ ਉਹਦੇ ਦੁਆਲੇ ਗੁੰਦੀ।
ਨਾਵਲ ਮੀਂਹ-ਕਣੀ ਦੇ ਦਿਨ ਦਾ ਖਿਆਲ ਮੈਨੂੰ ਇਕ ਕੰਮ-ਕਾਜੀ ਔਰਤ ਨੂੰ ਵੇਖ ਕੇ ਆਇਆ। ਔਰਤ ਸੁਹਣੀ ਸੀ। ਰਵਾਇਤੀ ਹੁੰਦਿਆਂ ਮਾਡਰਨ ਸੀ। ਕਿਸੇ ਲਾਈਨ ‘ਚ ਨਹੀਂ ਸੀ ਖਲੋਣਾ ਚਾਹੁੰਦੀ। ਵਾਰੀ ਨਹੀਂ ਸੀ ਉਡੀਕਦੀ। ਲੈਣਾ ਸਭ ਕੁਝ ਚਾਹੁੰਦੀ ਸੀ, ਦੇਣਾ ਕੁਝ ਨਹੀਂ। ਜ਼ਿੰਦਗੀ ਨੂੰ ਇਕ-ਵਾਸੀ ਖੇਡ ਸਮਝਦੀ ਸੀ। ਮੈਂ ਨਾਵਲ ਦਾ ਸਾਰਾ ਕੁਝ ਏਸ ਔਰਤ ਦੁਆਲੇ ਖੜ੍ਹਾ ਕੀਤਾ। ਸ਼ੁਰੂ ਦੇ ਫੁਰਨੇ ਤੋਂ ਬਾਅਦ ਹਰ ਨਾਵਲ ਦੀ ਉਸਾਰੀ ਇਕੋ ਤਰ੍ਹਾਂ ਹੁੰਦੀ ਏ।
ਨਾਵਲ ਹਵਾ ‘ਚ ਖੜ੍ਹਾ ਨਹੀਂ ਹੁੰਦਾ। ਉਹਦੀਆਂ ਗੋਆਂ ਉਸਾਰਨੀਆਂ ਪੈਂਦੀਆਂ ਨੇ। ਉਹਦਾ ਚੁਗਿਰਦਾ ਚਾਹੀਦਾ ਹੁੰਦਾ ਏ। ਮੁੱਖ ਪਾਤਰ ਤੋਂ ਛੁਟ ਹੋਰ ਪਾਤਰ ਵੀ। ਉਨ੍ਹਾਂ ਦੀਆਂ ਤੰਦਾਂ ਜੋੜਦੀ ਕੋਈ ਕਹਾਣੀ ਵੀ, ਜਿਦ੍ਹੇ ਪੈਰ ‘ਚ ਉਤਾਰ-ਚੜ੍ਹਾ ਹੋਵੇ। ਇਹ ਸਾਰਾ ਕੁਝ ਸੱਚੀ-ਸੁੱਚੀ ਦਾ ਚਾਹੀਦਾ ਏ। ਹਰ ਪਾਤਰ ਨੂੰ, ਖਾਸ ਕਰਕੇ ਮੁੱਖ ਪਾਤਰਾਂ ਨੂੰ, ਉਨ੍ਹਾਂ ਦੀ ਦੁਨੀਆ ਵੀ ਰਚ ਕੇ ਦੇਣੀ ਪੈਂਦੀ ਏ।
ਮੈਂ ਕਦੀ ਸਵਿਟਜ਼ਰਲੈਂਡ ਨਹੀਂ ਸੀ ਗਿਆ। ਮਿੱਟੀ ਦੇ ਮੁੱਖ ਪਾਤਰ ਮੋਹਨ ਦੀ, ਏਸਥਰ ਤੇ ਕਲਾਰਾ ਦੀ ਦੁਨੀਆ ਰਚਣੀ ਪੈਣੀ ਸੀ। ਉਹ ਖਿਆਲੀ ਨਹੀਂ ਸੀ ਲਗਣੀ ਚਾਹੀਦੀ। ਜੇ ਮੈਂ ਕਿਸੇ ਵੱਡੀ ਜ਼ੁਬਾਨ ਦਾ ਲੇਖਕ ਹੁੰਦਾ ਤਾਂ ਓਥੇ ਜਾਂਦਾ। ਮਹੀਨਾ ਦੋ ਮਹੀਨੇ ਦੇਵ ਕੋਲ ਰਹਿ ਆਉਂਦਾ। ਪਰ ਛੋਟੇ ਸਾਹਿਤ ਦੇ ਲੇਖਕ ਹੋਣ ਕਰਕੇ ਮੈਨੂੰ ਕਲਪਣਾ ਦੀ ਸ਼ਰਨ ਲੈਣੀ ਪਈ। ਮੈਂ ਦਿੱਲੀ ਦੇ ਸਵਿੱਸ ਦੂਤਾਵਾਸ ਨੂੰ ਲਿਖਿਆ ਤਾਂ ਉਨ੍ਹਾਂ ਮੈਨੂੰ ਦੋ ਸੀ.ਡੀ. ਘੱਲੀਆਂ, ਜਿਹੜੀਆਂ ਸਵਿਟਜ਼ਰਲੈਂਡ ਦੀਆਂ ਝਾਕੀਆਂ ਵਿਖਾਂਦੀਆਂ ਸਨ। ਮੈਂ ਉਹ ਵੇਖੀਆਂ। ਦੇਵ ਜਦੋਂ ਦਿੱਲੀ ਆਇਆ, ਕੁਝ ਵਕਤ ਉਹਦੇ ਨਾਲ ਬੈਠਾ। ਇਸ ਸਭ ਕੁਝ ਨਾਲ ਮੈਨੂੰ ਮੁੱਖ ਪਾਤਰਾਂ ਤੇ ਉਨ੍ਹਾਂ ਦੇ ਚੁਗਿਰਦੇ ਦਾ ਅਹਿਸਾਸ ਹੋ ਗਿਆ।
ਮੇਰਾ ਅਗਲਾ ਕਦਮ ਖੁੱਲ੍ਹੀ ਫਾਈਲ ‘ਚ ਬੜਾ ਕੁਝ ਨੋਟ ਕਰਨਾ ਹੁੰਦਾ ਏ। ਪਾਤਰਾਂ ਦਾ ਸੁਭਾਅ, ਅੰਦਾਂ ਅਦਾਵਾਂ, ਮੁਹਾਂਦਰਾ, ਵੇਖ਼, ਰੁਝੇਵੇਂ ਸਭ ਕੁਝ ਦਾ ਵਿਸਥਾਰ ਮੈਂ ਫ਼ਾਈਲ ‘ਚ ਲਿਖਦਾ ਹਾਂ। ਅਨੱਥੀ ਸਫ਼ਿਆਂ ‘ਤੇ। ਕਈ ਦ੍ਰਿਸ਼ ਵੀ। ਗੱਲਾਂ-ਬਾਤਾਂ ਵੀ। ਨਾਵਲ ਸ਼ੁਰੂ ਕਿਵੇਂ ਹੋਵੇ ਤੇ ਮੁੱਕੇ ਕਿਵੇਂ, ਇਹ ਸਾਰਾ ਕੁਝ ਵੀ। ਵਿਚ ਕਿਹੜੀ ਥਾਂ ਉਹ ਕੋਈ ਕਾਟਵਾਂ ਮੋੜ ਕੱਟੇ, ਉਹ ਵੀ। ਬੜਾ ਕੁਝ ਹੋਰ ਵੀ। ਫ਼ਾਈਲ ਭਰ ਜਾਂਦੀ ਏ। ਇਹ ਅੰਤਿਮ ਰੂਪ ‘ਚ ਲਿਖੇ ਕੁਝ ਨਾਲ ਬਹੁਤ ਵੱਡੀ ਹੁੰਦੀ ਏ। ਏਸ ਪ੍ਰਕਿਰਿਆ ‘ਚ ਸਾਰੇ ਪਾਤਰ ਮੇਰੇ ਏਨੇ ਜਾਣੂ ਹੋ ਜਾਂਦੇ ਨੇ ਕਿ ਜੇ ਮੈਨੂੰ ਕਿਤੇ ਰਾਹ ‘ਚ ਮਿਲ ਪੈਣ, ਮੈਂ ਪਛਾਣ ਲਵਾਂ। ਦ੍ਰਿਸ਼ ਵੀ ਅੰਦਰ ਵੱਸ ਜਾਂਦੇ ਨੇ।
ਇਹ ਪੜਾਅ ਪਾਰ ਕਰ ਮੈਂ ਨਾਵਲ ਲਿਖਣਾ ਸ਼ੁਰੂ ਕਰਦਾ ਹਾਂ। ਫ਼ਾਈਲ ‘ਚ ਜੋ ਕੁਝ ਵਰਤਿਆ ਜਾਂਦਾ ਏ, ਫਾੜ ਦੇਂਦਾ ਹਾਂ। ਬੜਾ ਥੋੜ੍ਹਾ-ਥੋੜ੍ਹਾ ਕਰਕੇ ਲਿਖਦਾ ਹਾਂ। ਚੰਗਾ ਨਿੱਠ ਕੇ ਬੈਠਿਆਂ ਵੀ ਦੋ ਕਿਤਾਬੀ ਸਫ਼ਿਆਂ ਤੋਂ ਜ਼ਿਆਦਾ ਨਹੀਂ ਲਿਖਿਆ ਜਾਂਦਾ। ਕੁਝ ਮਹੀਨਿਆਂ ‘ਚ ਨਾਵਲ ਦਾ ਪਹਿਲਾ ਰੂਪ ਤਿਆਰ ਹੋ ਜਾਂਦਾ ਹੈ। ਉਹਨੂੰ ਮੈਂ ਮਹੀਨਾ ਦੋ ਮਹੀਨੇ ਪਿਆ ਰਹਿਣਾ ਦੇਂਦਾ ਹਾਂ, ਪਰ ਮਾਨਸਿਕ ਤੌਰ ‘ਤੇ ਉਹ ਮੇਰੇ ਨਾਲ ਹੀ ਰਹਿੰਦਾ ਏ। ਹੋਰ ਕੰਮ ਕਰਦਾ ਹਾਂ। ਕੋਈ ਕਹਾਣੀ ਲਿਖਦਾ ਹਾਂ। ਪੜ੍ਹਦਾ ਹਾਂ। ਇਹ ਲਿਖੇ ਜਾਣ ਵਾਲੇ ਨਾਵਲ ਤੋਂ ਨੇੜੇ ਰਹਿੰਦਿਆਂ ਉਸ ਤੋਂ ਦੂਰ ਰਹਿਣ ਦਾ ਸਮਾਂ ਹੁੰਦਾ ਏ।
ਫੇਰ ਨਾਵਲ ਦਾ ਅੰਤਿਮ ਰੂਪ ਤਿਆਰ ਕਰਦਾ ਹਾਂ। ਇਹ ਮੋਟੇ ਤੌਰ ‘ਤੇ ਪਹਿਲੇ ਰੂਪ ਵਰਗਾ ਹੀ ਹੁੰਦਾ ਹੈ। ਬਸ ਰੰਗ ਗੂਹੜੇ ਹੁੰਦੇ ਨੇ। ਨਕਸ਼ ਤਿੱਖੇ। ਬਿਆਨ ਕਸਿਆ-ਕਸਿਆ। ਨਿੱਖਰਿਆ। ਟਾਈਪ ਵਾਲੀ ਖੁਸ਼-ਖਤ ਲਿਖਿਆ। ਟਾਈਪ ਕੀਤੇ ਨੂੰ ਪੜ੍ਹਨ ਵੇਲੇ ਵੀ ਸੁਧਾਈ ਹੁੰਦੀ ਰਹਿੰਦੀ ਏ। ਇਹ ਕਿਤਾਬੀ ਸਕਲ ‘ਚ ਛਪਣ ਲਈ ਆਏ ਪਰੂਫ਼ਾਂ ਦੀ ਸਟੇਜ ਤੱਕ ਜਾਰੀ ਰਹਿੰਦੀ ਏ। ਮੈਂ ਬਹੁਤਾ ਤੇਜ਼ ਰਫ਼ਤਾਰ ਨਹੀਂ। ਮੇਰਾ ਤਰੀਕਾ ਚੀੜ੍ਹਾ ਏ। ਬੜੇ ਕਾਗਜ਼ ਕਾਲੇ ਕਰਦਾ ਹਾਂ। ਮੇਂ ਉਨ੍ਹਾਂ ਸੁਭਾਗਿਆਂ ‘ਚੋਂ ਨਹੀਂ, ਜਿਨ੍ਹਾਂ ਦਾ ਸਭ ਕੁਝ ਕਲਮ ਦੇ ਨੋਕ ‘ਤੇ ਹੁੰਦਾ ਏ ਤੇ ਉਹ ਸਾਰਾ ਕੁਝ ਇਕੋ ਸਾਹੇ ਲਿਖ ਜਾਂਦੇ ਨੇ। ਮੈਂ ਛੋਟੇ-ਛੋਟੇ ਕਦਮ ਚੁਕਦਾ ਹਾਂ। ਭੱਜਣ ਜੋਗਾ ਨਹੀਂ।
ਕਿਸੇ ਨਾਵਲ ਦੀ ਇਹ ਪ੍ਰਕਿਰਿਆ ਕਈ ਸਾਲ ਚਲਦੀ ਰਹਿੰਦੀ ਏ ਤੇ ਕਿਸੇ ਦੀ ਕੁਝ ਮਹੀਨੇ। ਕਮਿਊਨਿਸਟ ਲਹਿਰ ‘ਤੇ ਹੁਣੇ-ਹੁਣੇ ਮੁਕਾਏ ਨਾਵਲ ‘ਭਾਊ’ ਦੀ ਫਾਈਲ ਮੈਂ ਦੋ ਸਾਲ ਭਰਦਾ ਰਿਹਾ। ਅੰਤਿਮ ਰੂਪ ‘ਚ ਉਹ ਛੇ ਮਹੀਨਿਆਂ ‘ਚ ਮੁਕੰਮਲ ਹੋਇਆ। ਏਸੇ ਵੇਲੇ ਵੀ ਮੇਰੇ ਕੋਲ ਦੋ ਨਾਵਲਾਂ ਦੀਆਂ ਫ਼ਾਈਲਾਂ ਖੁੱਲ੍ਹੀਆਂ ਪਈਆਂ ਨੇ। ਇਕ ਫ਼ਾਈਲ ਵੰਡਾਰੇ ਪਿੱਛੋਂ ਪੰਜਾਬ ‘ਚ ਆਈਆਂ ਸਮਾਜਕ-ਆਰਥਕ ਤਬਦੀਲੀਆਂ ਨੂੰ ਰੂਪਮਾਨ ਕਰਨ ਦੀ ਏ। ਇਹ ਅਜੇ ਸਿਰਫ਼ ਖਿਆਲ ਏ। ਫੁਰਨਾ। ਅਜੇ ਇਹਦਾ ਮੁੱਖ ਪਾਤਰ ਨਹੀਂ ਲੱਭਾ। ਉਹ ਜ਼ਰੂਰ ਲੁਧਿਆਣੇ ਏ। ਅਜੇ ਮੈਨੂੰ ਟਕਰਿਆ ਨਹੀਂ।
ਮੈਨੂੰ ਸਾਂਵਲਾ ਰੰਗ ਬੜਾ ਚੰਗਾ ਲਗਦਾ ਏ। ਮੈਂ ਸਾਂਵਲੀ ਸਲੋਨੀ ਔਰਤ ਦੀ ਕਹਾਣੀ ਲਿਖਣਾ ਚਾਹੁੰਦਾ ਹਾਂ। ਉਹਦੀ ਫ਼ਾਈਲ ਵੀ ਖੁੱਲ੍ਹੀ ਪਈ ਏ। ਅਜੇ ਉਹਦੇ ‘ਚ ਬਹੁਤਾ ਕੁਝ ਨਹੀਂ ਪਿਆ। ਪਤਾ ਨਹੀਂ ਮੈਂ ਕਦੇ ਏਸ ਜੋਗ ਹੋਵਾਂਗਾ ਕਿ ਇਨ੍ਹਾਂ ਫ਼ਾਈਲਾਂ ਨੂੰ ਨਾਵਲੀ ਰੂਪ ਦੇ ਸਕਾਂ। ਸ਼ਾਇਦ ਉਹ ਇੰਜ ਹੀ ਪਈਆਂ ਰਹਿ ਜਾਣ।
ਤਰਸੇਮ: ਨਾਵਲ ਮਿੱਟੀ ਦੇਵ ਦੀ ਜ਼ਿੰਦਗੀ ਨੂੰ ਅਰਪਿਤ ਨਾਵਲ ਹੈ (ਭਾਵੇਂ ਤੁਸੀਂ ਇਹਨੂੰ ਕਾਲਪਨਿਕ ਪਾਤਰ ਕਹਿੰਦੇ ਹੋ)। ਸਾਹਿਤ ‘ਚ ਵਿਚਰਨ ਵਾਲੇ ਇਸ ਨਾਵਲ ਦੇ ਲਗਭਗ ਸਾਰੇ ਪਾਤਰਾਂ ਨੂੰ ਦੂਰ-ਨੇੜਿਉਂ ਜਾਣਦੇ ਹਨ। ਘਟਨਾਵਾਂ ਵੀ ਜਾਣੀਆਂ-ਪਛਾਣੀਆਂ ਲਗਦੀਆਂ ਨੇ। ਕੀ ਇਸ ਨੂੰ ਜੀਵਨੀ-ਮੂਲਕ ਕਿਹਾ ਜਾ ਸਕਦਾ ਹੈ?
ਦਰਸ਼ਨ: ਨਾਵਲ ਮਿੱਟੀ ਦੇ ਵਿਦੇਸ਼ੀ ਪਾਤਰਾਂ ਨੂੰ ਛੱਡ ਬਾਕੀ ਦੇ ਪਾਤਰ ਏਡੇ ਬੇ-ਪਛਾਣੇ ਵੀ ਨਹੀਂ। ਇਹ ਠੀਕ ਏ ਕਿ ਨਾਵਲ ਦੇ ਮੁੱਖ ਪਾਤਰ ਨੂੰ ਚਿਤਰਨ ਵੇਲੇ ਮੈਂ ਦੇਵ ਨੂੰ ਮੁੱਖ ਰੱਖਿਆ ਏ। ਦੋ-ਤਿੰਨ ਵਾਰੀ ਉਹਦੇ ਨਾਲ ਗੱਲਾਂ ਵੀ ਕੀਤੀਆਂ ਨੇ। ਲਿਖਣ ਵੇਲੇ ਉਹਦੀ ਜ਼ਿੰਦਗੀ ਦੇ ਕਈ ਅੰਸ਼ ਵੀ ਵਰਤੇ ਨੇ। ਪਰ ਏਨੇ ਨਾਲ ਹੀ ਮਿੱਟੀ ਉਹਦੀ ਜੀਵਨੀ ਨਹੀਂ ਬਣ ਜਾਂਦਾ। ਮੇਰੀ ਪਹੁੰਚ ਉਹਦੇ ਵਲ ਕਲਪਿਤ ਪਾਤਰ ਵਾਲੀ ਹੀ ਰਹੀ ਏ। ਮਿੱਟੀ ‘ਚ ਬੜਾ ਕੁਝ ਏ, ਜੋ ਚੰਗੇ ਜਾਂ ਮੰਦੇ ਭਾਗੀ, ਦੇਵ ਦੀ ਜ਼ਿੰਦਗੀ ‘ਚ ਨਹੀਂ। ਕਲਾਰਾ, ਜਿਹੜੀ ਮਜ਼ਬੂਤ ਕਿੱਲੀ ‘ਤੇ ਮੈਂ ਆਪਣਾ ਸਾਰੇ ਦਾ ਸਾਰਾ ਨਾਵਲ ਟੰਗ ਦਿੱਤਾ ਏ, ਸਿਰਫ਼ ਮੋਹਨ ਦੀ ਜ਼ਿੰਦਗੀ ‘ਚ ਏ, ਦੇਵ ਦੀ ਜ਼ਿੰਦਗੀ ‘ਚ ਨਹੀਂ। ਨਾਵਲ ਦਾ ਦੂਜਾ ਅੱਧ ਵੀ ਦੇਵ ਲਈ ਏਡਾ ਆਪਣਾ ਨਹੀਂ। ਮੇਰਾ ਆਸ਼ਾ ਪ੍ਰਦੇਸ ਵਸਦੇ ਲੋਕਾਂ ਦੇ ਉਦਰੇਵੇਂ ਦੀ ਗੁੰਝਲ ਖੋਲ੍ਹਣਾ ਸੀ। ਨਾਵਲ ਦੀ ਕਹਾਣੀ, ਘਟਨਾਵਾਂ, ਪਾਤਰ, ਬਿਆਨ, ਸਭ ਏਸ ਆਸ਼ੇ ਦੇ ਅਧੀਨ ਸਨ।
ਅਸਲ ‘ਚ, ਲੇਖਕ ਖਿਲਾਅ ‘ਚ ਨਹੀਂ ਵਿਚਰ ਸਕਦਾ। ਲਿਖਣ ਵੇਲੇ ਉਹਨੂੰ ਕਿਸੇ ਜਿਊਂਦੇ ਬੰਦੇ ਨੂੰ, ਥੋੜ੍ਹੀ ਬਹੁਤੀ ਹੱਦ ਤੱਕ, ਮੁੱਖ ਰੱਖਣਾ ਹੀ ਪੈਂਦਾ ਏ। ਪਰ ਲੇਖਕ ਮੁੱਖ-ਰੱਖੇ ਪਾਤਰ ਦੇ ਜਿਊਣ ਦੀ ਤਰਕ ਨਹੀਂ ਮੰਨਦਾ, ਆਪਣੇ ਆਸ਼ੇ ਜਾਂ ਕਹਾਣੀ ਦੀ ਤਰਕ ਮੰਨਦਾ ਏ। ਇਸ ਲਈ ਲਿਖਤ ਨੂੰ ਮੁੱਖ-ਰਖੇ ਪਾਤਰ ਦੀ ਜੀਵਨੀ ਨਹੀਂ ਸਮਝਣਾ ਚਾਹੀਦਾ। ਏਸ ਕਿਸਮ ਦੀ ਲਿਖਤ ਨੂੰ ਜੇ ਸਤਈ ਰੂਪ ‘ਚ ਵੇਖੀਏ ਤਾਂ ਜੀਵਨੀ-ਮੂਲਕ ਕਹਿ ਸਕਦੇ ਹੋ, ਪਰ ਇੰਜ ਕਹਿਣਾ ਸਹੀ ਨਹੀਂ ਹੋਏਗਾ।
ਤਰਸੇਮ: ਮਿੱਟੀ ਦਾ ਨਾਇਕ ਮੋਹਨ ਕਵੀ ਤੇ ਚਿੱਤਰਕਾਰ ਹੈ। ਮੋਹਨ ਨਾਂ ਰੱਖਣ ਪਿੱਛੇ, ਕਵੀ ਹੋਣ ਕਰਕੇ, ਤੁਹਾਡੇ ਦਿਮਾਗ਼ ‘ਚ ਮੋਹਨ ਸਿੰਘ ਤਾਂ ਨਹੀਂ ਸੀ ਬੈਠਾ ਹੋਇਆ?
ਦਰਸ਼ਨ: ਨਾਇਕ ਦਾ ਨਾਂ ਮੋਹਨ ਮੈਂ ਐਵੇਂ ਹੀ ਰੱਖ ਦਿੱਤਾ। ਅਸਲ ‘ਚ ਨਾਂ ‘ਚ ਕੁਝ ਨਹੀਂ ਹੁੰਦਾ। ਮੈਨੂੰ ਸਾਵੇ ਪੱਤਰ ਵਾਲੇ ਮੋਹਨ ਸਿੰਘ ਦਾ ਖ਼ਿਆਲ ਉਕਾ ਨਹੀਂ ਸੀ ਆਇਆ। ਵੈਸੇ ਵੀ ਜਿਹੜੀ ਕਵਿਤਾ ਦੇਵ ਲਿਖਦਾ ਏ, ਉਹਦੇ ਪੱਤਰ ਏਨੇ ਸਾਵੇ ਨਹੀਂ।
ਤਰਸੇਮ: ਤੁਸੀਂ ਚਿੱਤਰਕਾਰੀ ਦੇ ਕਿੰਨੇ ਕੁ ਨੇੜੇ ਹੋ, ਮੈਨੂੰ ਨਹੀਂ ਪਤਾ, ਪਰ ਚਿੱਤਰਕਾਰੀ ਸੰਬੰਧੀ ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ ਹਨ। ਨਾਵਲ ਵਿਚਲਾ ਨਾਇਕ ਕੀ ਤੁਸੀਂ ਦੇਵ ਨੂੰ ਧਿਆਨ ‘ਚ ਰੱਖ ਕੇ ਚਿਤਰਿਆ ਹੈ, ਜਾਂ ਇਹ ਕੋਈ ਵੱਖਰਾ ਪਾਤਰ ਹੈ?
ਦਰਸ਼ਨ: ਮੈਨੂੰ ਸੰਗੀਤ ਵਾਂਗ ਹੀ ਚਿੱਤਰਕਾਰੀ ਦਾ ਰਸ ਵੀ ਏ। ਚਿੱਤਰ-ਪ੍ਰਦਰਸ਼ਨੀਆਂ ਵੇਖਦਾ ਹਾਂ। ਉਹਦੇ ਬਾਰੇ ਪੜ੍ਹਦਾ ਹਾਂ। ਨਾਇਕ ਰਚਣ ਵੇਲੇ ਮੇਰੇ ਸਾਹਮਣੇ ਅਮੂਰਤ ਚਿੱਤਰਕਾਰ ਸੀ, ਜਿਸ ਵਿਚ ਦੇਵ ਵੀ ਸਮੋਇਆ ਹੋਇਆ ਸੀ।
ਤਰਸੇਮ: ਨਾਵਲ ਲਿਖਣ ਲਈ ਦੇਵ ਨੂੰ ਹੀ ਕਿਉਂ ਚੁਣਿਆ?
ਦਰਸ਼ਨ: ਦੇਵ ਨੂੰ ਚੁਣਿਆ, ਕਿਉਂ ਜੋ ਉਹ ਚਿੱਤਰਕਾਰ ਸੀ ਤੇ ਕਵੀ। ਪ੍ਰਦੇਸ ਵਸਦਾ ਸੀ। ਮੇਰਾ ਜਾਣੂ ਸੀ। ਕਦੀ-ਕਦੀ ਮਿਲ ਪੈਂਦਾ ਸੀ। ਉਹਦੇ ਨਾਲ ਆਪਣੇ ਮੂਲ ਵਿਚਾਰ ਨੂੰ ਸਾਕਾਰ ਕਰਨ ‘ਚ ਮਦਦ ਮਿਲਦੀ ਸੀ।
ਤਰਸੇਮ: ਪਾਤਰ ਸਿਰਜਦਿਆਂ ਕਿਹੜਾ ਪਾਤਰ ਤੁਹਾਨੂੰ ਵੱਧ ਸਕੂਨ ਦੇਂਦਾ ਹੈ?
ਦਰਸ਼ਨ: ਲਿਖਣ ਤੋਂ ਪਹਿਲਾਂ ਪਾਤਰ ਬੜਾ ਚਿਰ ਮੇਰੇ ਨਾਲ ਰਹਿੰਦੇ ਨੇ। ਮੈਨੂੰ ਚੰਗੀ ਤਰ੍ਹਾਂ ਦਿਸਦੇ ਰਹਿੰਦੇ ਨੇ। ਜਿਹੜੇ ਚੰਗੇ ਚਿਤਰੇ ਜਾਣ, ਉਹੀਉ ਤ੍ਰਿਪਤ ਕਰਦੇ ਨੇ। ਜਦੋਂ ਉਨ੍ਹਾਂ ਨੂੰ ਲਿਖ ਲੈਣਾ ਹਾਂ, ਉਹ ਆਪਣੇ ਆਪ ਹੀ ਡੇਰਾ ਕੂਚ ਕਰ ਜਾਂਦੇ ਹਨ। ਮੇਰੇ ਚੇਤੇ ਤੇ ਕਲਪਨਾ ਦੀ ਸਰਾਂ ਨਵਿਆਂ ਪਾਤਰਾਂ ਲਈ ਖ਼ਾਲੀ ਕਰ ਜਾਂਦੇ ਨੇ।
ਤਰਸੇਮ: ਤੁਸੀਂ ਵਿਸ਼ੇ ਦੀ ਚੋਣ ਕਿਵੇਂ ਕਰਦੇ ਹੋ? ‘ਮਿੱਟੀ’ ਦੇਵ ਬਾਰੇ ਲਿਖਿਆ ਅਤੇ ‘ਬੱਦਲਾਂ ਦੀ ਪੌੜੀ’ ਅੰਮ੍ਰਿਤਾ ਬਾਰੇ। ਕੀ ਇਨ੍ਹਾਂ ਨੂੰ ਜੀਵਨ-ਮੂਲਕ ਨਾਵਲ ਕਿਹਾ ਜਾ ਸਕਦਾ ਹੈ?
ਦਰਸ਼ਨ: ਵਿਸ਼ੇ ਦੀ ਚੋਣ ਸੁਚੇਤ ਕਿਰਿਆ ਵੀ ਏ ਤੇ ਅਚੇਤ ਵੀ। ਅਚੇਤੀ ਹੋਈ ਚੋਣ ਵੀ ਪਿਛੋਂ ਜਾ ਕੇ ਸੁਚੇਤ ਕਿਰਿਆ ਦਾ ਅੰਗ ਬਣ ਜਾਂਦੀ ਏ। ਮਿੱਟੀ ‘ਚ ਜੀਵਨ-ਮੂਲਕ ਹੋਣ ਬਾਰੇ ਮੈਂ ਗੱਲ ਪਹਿਲਾਂ ਵੀ ਕਰ ਚੁੱਕਾ ਹਾਂ। ਨਾਵਲ ਬੱਦਲਾਂ ਦੀ ਪੌੜੀ ਅੰਮ੍ਰਿਤਾ ਦੇ ਜੀਵਨ ‘ਤੇ ਆਧਾਰਤ ਨਹੀਂ। ਉਹਦਾ ਵਿਸ਼ਾ ਸੱਚੇ ਤੇ ਝੂਠੇ ਪਿਆਰ ਦੀ ਸਹਿਜ ਭੇੜ ਅਤੇ ਅੰਤ ਸੱਚੇ ਪਿਆਰ ਦੀ ਖੁਆਰੀ ਏ। ਨਾਵਲ ਦੀ ਕਹਾਣੀ ਪਿਛਲੀ ਸਦੀ ਦੇ ਅੱਧ-ਅੱਸੀਵਿਆਂ ‘ਚ ਖ਼ਤਮ ਹੋ ਜਾਂਦੀ ਏ, ਜਦੋਂ ਅਮਰੀਕਾ ਤੇ ਰੂਸ ਦੀ ਠੰਢੀ ਜੰਗ ਸ਼ਿਖਰਾਂ ‘ਤੇ ਹੁੰਦੀ ਸੀ। ਨਾਵਲ ‘ਚ ਅਜਿਹੇ ਅਹਿਮ ਪਾਤਰ, ਘਟਨਾਵਾਂ ਤੇ ਸਥਿਤੀਆਂ ਨੇ, ਜਿਹੜੀਆਂ ਅੰਮ੍ਰਿਤਾ ਦੀ ਜ਼ਿੰਦਗੀ ‘ਚ ਕਦੀ ਵੀ ਨਹੀਂ ਸਨ ਹੋਈਆਂ। ਨਾਵਲ ਦੇ ਅਸਲੋਂ ਸ਼ੁਰੂ ‘ਚ ਨਾਇਕਾ ਕਿਸੇ ਦੇ ਸਕੂਟਰ ਪਿਛੇ ਬੈਠੀ ਕਨਾਟ ਪਲੇਸ ਜਾ ਰਹੀ ਏ। ਅੰਮ੍ਰਿਤਾ ਨੇ ਏਸ ਤਰ੍ਹਾਂ ਦੇ ਝੂਟੇ ਕਦੀ ਨਹੀਂ ਸਨ ਲਏ। ਨਾਵਲ ਜਿੱਥੇ ਖ਼ਤਮ ਹੁੰਦਾ ਏ, ਨਾਇਕਾ ਅਮਰੀਕੀ ਸੱਦੇ ‘ਤੇ ਅਮਰੀਕਾ ਗਈ ਹੁੰਦੀ ਏ। ਅੰਮ੍ਰਿਤਾ ਏਸ ਤਰ੍ਹਾਂ ਕਦੀ ਅਮਰੀਕਾ ਨਹੀਂ ਸੀ ਗਈ। ਨਾਵਲ ਦੀ ਕਹਾਣੀ ‘ਚ ਅੰਮ੍ਰਿਤਾ ਦੀ ਜ਼ਿੰਦਗੀ ਦੇ ਕੁਝ ਅੰਸ਼ ਹੋ ਸਕਦੇ ਨੇ। ਪਰ ਏਸ ਤਰ੍ਹਾਂ ਦੇ ਅੰਸ਼ ਕਈ ਹੋਰ ਪੰਜਾਬੀ, ਉਰਦੂ ਤੇ ਅੰਗਰੇਜ਼ੀ ਲੇਖਕਾਵਾਂ ਦੇ ਵੀ ਲਏ ਗਏ ਨੇ। ਏਸ ਤਰ੍ਹਾਂ ਨਾਵਲ ਨੂੰ ਕਿਸੇ ਇਕ ਦੀ ਜ਼ਿੰਦਗੀ ਦਾ ਮੂਲਕ ਕਹਿਣਾ ਠੀਕ ਨਹੀਂ ਹੋਏਗਾ। ਕਿਸੇ ਇਕ ਚਿਹਰੇ ਦਾ ਨੱਕ ਜਾਂ ਹੇਠਲਾਂ ਬੁੱਲ੍ਹ ਕਿਸੇ ਹੋਰ ਚਿਹਰੇ ‘ਤੇ ਟਰਾਂਸਪਲਾਂਟ ਕਰ ਦਿੱਤਾ ਜਾਏ ਤਾਂ ਦੂਜਾ ਚਿਹਰਾ ਪਹਿਲਾ ਚਿਹਰਾ ਨਹੀਂ ਬਣ ਜਾਂਦਾ। ਨਾ ਹੀ ਪਹਿਲੇ ਚਿਹਰੇ ਦੀ ਮਾਲਕ ਦੀ ਸ਼ਖਸੀਅਤ ਦੂਜੇ ਚਿਹਰੇ ਦੀ ਮਾਲਕ ਦੀ ਹੋ ਜਾਂਦੀ ਏ। ਮੈਂ ਅੰਮ੍ਰਿਤਾ ਨੂੰ ਬਹੁਤ ਜਾਣਦਾ ਵੀ ਨਹੀਂ ਸਾਂ ਮੰਦੇ ਭਾਗੀਂ, ਮੈਂ ਉਹਨੂੰ ਸੰਨ 1970 ਤੋਂ ਬਾਦ ਕਦੀ ਨਹੀਂ ਮਿਲਿਆ। ਮੈਂ ਉਹਦਾ ਪਰਚਾ ‘ਨਾਗਮਣੀ’ ਵੀ ਨਹੀਂ ਪੜ੍ਹਦਾ। ਅਖ਼ੀਰ ਜਦੋਂ ਮੈਂ ਓਸ ਪਰਚੇ ਦਾ ਚੰਦਾ ਘੱਲਿਆ, ਉਹ ਇਕ ਅੱਧ ਅੰਕ ਬਾਅਦ ਬੰਦ ਹੋ ਗਿਆ।
ਤਰਸੇਮ: ਮਿੱਟੀ ਦੇ ਜੋ ਕਿਰਦਾਰ ਹਨ, ਏਸਥਰ, ਕਲਾਰਾ ਨੂੰ ਛੱਡ ਕੇ, ਉਨ੍ਹਾਂ ਦਾ ਕੀ ਕਹਿਣਾ ਹੈ? ਅਰਥਾਤ ਉਨ੍ਹਾਂ ਨੂੰ ਆਪਣਾ ਕਿਰਦਾਰ ਕਿਹੋ ਜਿਹਾ ਲੱਗਿਆ?
ਦਰਸ਼ਨ: ਮੈਂ ਕਿਸੇ ਵੀ ਆਪਣੇ ਕਲਪਤ, ਅਕਲਪਤ ਜਾਂ ਅਧ-ਕਲਪਤ ਪਾਤਰ ਨੂੰ ਪੁੱਛਿਆ ਨਹੀਂ ਕਿ ਤੁਹਾਡੀ ਤਸਵੀਰਕਸ਼ੀ ਕਿਹੋ ਜਿਹੀ ਹੋਈ ਏ। ਏਸ ਲਈ ਕੁਝ ਨਹੀਂ ਕਹਿ ਸਕਦਾ। ਜਿਥੋਂ ਤੱਕ ਪ੍ਰਦੇਸੀ ਪਾਤਰਾਂ ਦਾ ਸਵਾਲ ਏ, ਕਦੀ ਵੀ ਕੋਈ ਮੇਰੇ ਮੱਥੇ ਨਹੀਂ ਲੱਗਾ। ਇਹ ਜ਼ਰੂਰੀ ਵੀ ਨਹੀਂ ਸੀ।
ਤਰਸੇਮ: ਤੁਸੀਂ ਜੀਵਨ ਦਾ ਬਹੁਤਾ ਹਿੱਸਾ ਲੇਖਕਾਂ ‘ਚ ਹੀ ਗੁਜ਼ਾਰਿਆ ਹੈ, ਚਾਹੇ ਦਿੱਲੀ ਰਹਿੰਦਿਆਂ ਜਾਂ ਮਾਸਕੋ ਰਹਿੰਦਿਆਂ। ਤੁਸੀਂ ਬੜੇ ਲੇਖਕਾਂ ਨੂੰ ਨੇੜਿਉਂ ਵੇਖਿਆ-ਪਰਖਿਆ। ਉਨ੍ਹਾਂ ਨੂੰ ਤੁਸੀਂ ਅੱਧ-ਚਾਨਣਾ ‘ਚ ਪੇਸ਼ ਕੀਤਾ।
ਦਰਸ਼ਨ: ਮੈਂ ਬਹੁਤਾ ਨੇੜਿਉਂ ਨ’ਤੇਜ, ਸਹਿਰਾਈ, ਇਕ ਸਮੇਂ ਤੱਕ ਅਜੀਤ ਕੌਰ, ਪ੍ਰੋਫੈਸਰ ਰਣਧੀਰ ਸਿੰਘ ਤੇ ਦੇਵ ਰਾਜ ਚਾਨਣਾ ਨੂੰ ਤੇ ਇਕ ਵੇਲੇ ਜਗਜੀਤ ਸਿੰਘ ਆਨੰਦ ਨੂੰ ਹੀ ਜਾਣ ਸਕਿਆ। ਬਾਕੀਆਂ ਨਾਲ ਸਰਸਰੀ ਮੁਲਾਕਾਤ ਰਹੀ। ਮਾਸਕੋ ਰਹਿੰਦਿਆਂ ਉਹੀਉ ਲੇਖਕ ਮਿਲਿਆ, ਜਿਹੜਾ ਓਥੇ ਕੁਝ ਦਿਨਾਂ ਲਈ ਆਇਆ। ਜ਼ਿੰਦਗੀ ‘ਚ ਕੰਮ ਦਾ ਬੜਾ ਗਾੜ੍ਹ ਰਿਹਾ ਏ। ਸੁਭਾਅ ਵੀ ਸੰਙਾਊ ਸੀ। ਏਸ ਕਰਕੇ ਬਹੁਤਿਆਂ ਨਾਲ ਬਹੁਤੀ ਗੂਹੜ ਨਹੀਂ ਹੋ ਸਕੀ। ਹੁਣ ਕੰਮ ਬਹੁਤਾ ਨਹੀਂ। ਪਰ ਸੁਭਾਅ ਨਹੀਂ ਬਦਲਿਆ। ਵੱਡੇ ਸ਼ਹਿਰ ‘ਚ ਰਹਿੰਦਾ ਹਾਂ। ਮੇਲ-ਜੋਲ ਝਣਾਂ ਪਾਰ ਕਰਨ ਵਾਂਗ ਏ। ਵੈਸੇ ਵੀ ਜ਼ਿੰਦਗੀ ‘ਚ ਬਹੁਤਾ ਮੱਚ ਨਹੀਂ ਰਿਹਾ।
ਤਰਸੇਮ: ਤੁਸੀਂ ਮਾਸਕੋ, ਰੂਸ, ‘ਚ ਕਾਫ਼ੀ ਦੇਰ ਕੰਮ ਕੀਤਾ। ਕਦੀ ਸਫ਼ਰਨਾਮਾ ਲਿਖਣ ਦਾ ਮਨ ਨਹੀਂ ਬਣਾਇਆ?
ਦਰਸ਼ਨ: ਇਕ ਸਫ਼ਰਨਾਮਾ ਲਿਖਿਆ ਸੀ, ਆਪਣੇ ਰੂਸੀ ਦੋਸਤ ਤੇ ਸਹਿਕਾਰ ਓਲੇਗ ਬੇਨੁਖ ਨਾਲ ਰਲ ਕੇ 1964 ‘ਚ। ਮੈਂ ਕੁਝ ਚਿਰ ਰੂਸ ਗਿਆ ਸਾਂ ਤੇ ਯੂਕਰੇਨ ਨੂੰ ਚੰਗਾ ਘੁੰਮ ਕੇ ਵੇਖਿਆ ਸੀ। ਇਹ ਸਫ਼ਰਨਾਮਾ ਰੂਸੀ, ਯੂਕਰੀਨੀ ਤੇ ਅੰਗਰੇਜ਼ੀ ‘ਚ ਛਪਿਆ ਸੀ। ਏਥੇ ਜਾਇਕੋ ਨੇ ਛਾਪਿਆ ਸੀ। ਓਥੇ ਰਹਿ ਕੇ ਮੈਂ ਕੋਈ ਸਫ਼ਰਨਾਮਾ ਨਹੀਂ ਲਿਖਿਆ। ਪਰ ਮੇਰੇ ਅਨੁਭਵ ਮੇਰੀਆਂ ਲਿਖਤਾਂ ‘ਚ ਲੱਭ ਜਾਂਦੇ ਨੇ। ਸਫ਼ਰਨਾਮਾ ਲਿਖਣਾ ਕੋਈ ਸੋਖੀ ਚੀਜ਼ ਨਹੀਂ। ਜੇ ਤੁਸੀਂ ਆਮ ਵੇਖਦੇ-ਪੜ੍ਹਦੇ ਹੋ, ਉਹ ਨਿਰੀਆਂ ਟੂਰਿਸਟ ਗਾਈਡਾਂ ਹੁੰਦੀਆਂ ਹਨ। ਕੱਚੇ-ਪੱਕੇ ਪਹਿਲੇ ਅਨੁਭਵ।
ਤਰਸੇਮ: ਸੋਵੀਅਤ ਰੂਸ ਵਿਚਲੇ ਵਰਤਾਰੇ ਨੂੰ ਹੁਣ ਦੇ ਸੰਦਰਭ ‘ਚ ਕਿਵੇਂ ਵੇਖਦੇ ਹੋ?
ਦਰਸ਼ਨ: ਮੈਂ ਰੂਸੀ ਸੰਸਥਾਵਾਂ ਨਾਲ ਤਰਤਾਲੀ ਸਾਲ ਕੰਮ ਕੀਤਾ। ਪੌਣੇ ਚਾਰ ਸਾਲ, ਆਮ ਰੂਸੀ ਸ਼ਹਿਰੀਆਂ ਵਾਂਗ, ਮਾਸਕੋ ਰਿਹਾ। ਉਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਕੋਈ ਅੱਠ-ਦਸ ਵਾਰੀ ਰੂਸ ਗਿਆ। ਥੋੜ੍ਹੀ ਬਹੁਤੀ ਰੂਸੀ ਵੀ ਸਿਖ ਲਈ। ਸਾਰਾ ਕੁਝ ਖੁੱਲ੍ਹ ਕੇ ਵੇਖਿਆ ਚਾਖਿਆ। ਮੈਨੂੰ ਓਥੋਂ ਦਾ ਕਾਫ਼ੀ ਕੁਝ ਸਿਫ਼ਤ ਵਾਲਾ ਲੱਗਾ ਤੇ ਕਾਫ਼ੀ ਕੁਝ ਕੁਸਿਫ਼ਤ ਵਾਲਾ। ਪਰ ਅਜੀਬ ਗੱਲ ਸੀ ਕਿ ਓਥੇ ਰਹਿੰਦਿਆਂ ਮੈਨੂੰ ਸਭ ਕੁਝ ਖੁੱਲ੍ਹੀ ਅੱਖੀਂ ਵੇਖ ਲੈਣ ਤੋਂ ਬਾਅਦ ਵੀ ਬਹੁਤ ਨਾ ਰੜਕਿਆ। ਮੈਂ ਪੱਛੜੇ ਦੇਸ ਤੋਂ ਗਿਆ ਸਾਂ। ਮੈਨੂੰ ਉਨ੍ਹਾਂ ਦੀਆਂ ਸਾਧਾਰਨ ਪ੍ਰਾਪਤੀਆਂ ਵੀ ਵੱਡੀਆਂ ਲੱਗੀਆਂ। ਸੋਵੀਅਤ ਸਿਸਟਮ ਨੇ ਸਭਨਾਂ ਲੋਕਾਂ ਨੂੰ, ਘੱਟੋ-ਘੱਟ ਉਹ ਜੋ ਸ਼ਹਿਰਾਂ ‘ਚ ਵਸਦੇ ਸਨ, ਸਭਿਆ, ਸਮਾਨ ਜੀਵਨ ਦਿੱਤਾ। ਪਰ ਆਪ ਰੂਸੀ ਲੋਕ ਇਹਨੂੰ ਕੋਈ ਵੱਡੀ ਗੱਲ ਨਹੀਂ ਸਨ ਸਮਝਦੇ। ਉਹ ਆਪਣੇ ਜੀਵਨ ਦਾ ਮੁਕਾਬਲਾ ਪੱਛਮੀ ਦੇਸ਼ਾਂ ਦੇ ਜੀਵਨ ਨਾਲ ਕਰਦੇ ਸਨ ਤੇ ਆਪਣੇ ਜੀਵਨ ਨੂੰ ਕਾਫ਼ੀ ਕਸਰਵੰਦਾ ਸਮਝਦੇ ਸਨ। ਬੁੱਧੀਮਾਨ ਜ਼ਿਆਦਾ ਹੀ ਔਖੇ ਸਨ। ਆਮ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਲੱਭਣ ‘ਚ ਕਾਫ਼ੀ ਮੁਸ਼ਕਲ ਪੇਸ਼ ਆਉਂਦੀ ਸੀ। ਦੁਕਾਨਾਂ ਸਾਹਮਣੇ ਲਾਈਨਾਂ ਲਗਦੀਆਂ ਸਨ। ਕੌਮ ਦੇ ਸਮੇਂ ਤੇ ਸਾਧਨਾਂ ਦੀ ਬਰਬਾਦੀ ਹੁੰਦੀ ਸੀ। ਲਾਈਨਾਂ ਲੱਗਣ ਤੇ ਬੜੇ ਲਤੀਫ਼ੇ ਹੁੰਦੇ ਸਨ। ਲਤੀਫ਼ੇ ਸੋਵੀਅਤ ਸਿਸਟਮ ਬਾਰੇ ਵੀ ਬਹੁਤ ਸਨ। ਨਿੱਕੀ ਕਹਾਣੀ ਵਰਗੇ ਚੁਸਤ ਤੇ ਅਧ-ਕਹੇ। ਸੰਖੇਪ ਤੇ ਅੰਤ ‘ਚ ਮਰੋੜੀ ਵਾਲੇ। ਜੇ ਕੋਈ ਉਨ੍ਹਾਂ ਨੂੰ ਇਕੱਠਾ ਕਰਕੇ ਸੰਗ੍ਰਹਿ ਕੱਢ ਦੇਂਦਾ ਤੇ ਉਹ ਸਿਸਟਮ ‘ਤੇ ਬਹੁਤ ਹੀ ਕਰਾਰੀ ਟਿੱਪਣੀ ਹੁੰਦੀ। ਰੂਸੀ ਲੋਕ ਆਪ ਬੜੇ ਚੰਗੇ ਤੇ ਨਿੱਘੇ ਸਨ। ਖੁੱਲ੍ਹ ਖੁਲਾਸੇ। ਚੰਗੇ ਜਾਣੂ ਬਣ ਜਾਣ ਪਿਛੋਂ। ਮੈਨੂੰ ਉਹ ਬੜੇ ਆਪਣੇ ਲੋਕਾਂ ਵਾਂਗ ਲਗਦੇ ਸਨ। ਸ਼ਾਇਦ ਏਸੇ ਕਰਕੇ ਉਨ੍ਹਾਂ ਨਾਲ ਵਿਚਰਦਿਆਂ ਮਾੜਾ-ਚੰਗਾ ਬਹੁਤਾ ਅਖਰਦਾ ਨਹੀਂ ਸੀ।
ਸੋਵੀਅਤ ਰੂਸ ਹੁਣ ਨਹੀਂ ਰਿਹਾ। ਪਰ ਉਹ ਰੂਸੀ ਲੋਕਾਂ ਤੇ ਦੁਨੀਆ ਉਤੇ ਡੂੰਘਾ ਤੇ ਦੂਰ-ਰਸ ਅਸਰ ਪਾ ਗਿਆ ਏ। ਉਹਦੇ ਸਦਕਾ ਬਸਤੀਵਾਦ ਦੇ ਖ਼ਾਤਮੇ ‘ਚ ਮਦਦ ਮਿਲੀ। ਭਾਰਤ ਸਮੇਤ ਬੜਿਆਂ ਹੀ ਗੁਲਾਮ ਦੇਸ਼ਾਂ ਦੇ ਗਲੋਂ ਗੁਲਾਮੀ ਦਾ ਜੂਲਾ ਲੱਥਾ। ਸਾਡੀ ਤੇ ਉਨ੍ਹਾਂ ਦੀ ਆਜ਼ਾਦੀ ਮਜ਼ਬੂਤ ਹੋਈ। ਸਾਮਰਾਜ ਨੂੰ ਲਗਾਮ ਪਈ। ਜੇ ਸੋਵੀਅਤ ਯੂਨੀਅਨ ਨਾ ਹੁੰਦਾ, ਤਾਂ ਸ਼ਾਇਦ ਅੱਜ ਵਾਲਾ ਚੀਨ ਤੇ ਅੱਜ ਵਾਲਾ ਭਾਰਤ ਵੀ ਨਾ ਹੁੰਦਾ। ਪੱਛਮ ਸਮੇਤ ਦੁਨੀਆ ਭਰ ‘ਚ ਕਿਰਤੀਆਂ ਦੀ ਹਾਲਤ ਵੀ ਏਨੀ ਸੁਧਰੀ ਨਾ ਹੁੰਦੀ। ਸੋਵੀਅਤ ਰੂਸ ਭਾਵੇਂ ਹੁਣ ਆਪ ਨਹੀਂ ਰਿਹਾ, ਇਹ ਸਾਰਾ ਕੁਝ ਸਦਾ-ਰਹਿਣਾ ਏ।
ਤਰਸੇਮ: ਸ. ਗੁਰਚਰਨ ਸਿੰਘ ਅਨੁਸਾਰ, ‘ਸਮਾਜਵਾਦੀ ਯਥਾਰਥ’ ਨੂੰ ਸੋਵੀਅਤ ਰੂਸ ਨਾਲ ਹੀ ਕਿਉਂ ਨੱਥੀ ਕੀਤਾ ਜਾ ਰਿਹਾ ਹੈ? ਇਸ ਸਵਾਲ ਦਾ ਉਤਰ ਮੈਂ ਤੁਹਾਡੇ ਤੋਂ ਚਾਹਵਾਂਗਾ।
ਦਰਸ਼ਨ: ਏਸ ਦਾ ਸਿੱਧਾ ਜਿਹਾ ਕਾਰਨ ਏ। ਸੋਵੀਅਤ ਰੂਸ ਸਮਾਜਵਾਦ ਨੂੰ ਸਾਕਾਰਨ ਦਾ ਮਹਾਨ ਤਜਰਬਾ ਮੰਨਿਆ ਗਿਆ। ਸਭ ਵਲੋਂ ਸਮਾਜਵਾਦ ਦੇ ਸੰਕਲਪ ਨੂੰ ਏਥੇ ਹੀ ਪਰਖਿਆ ਗਿਆ। ਸੋਵੀਅਤ ਆਗੂਆਂ ਵਲੋਂ ਵੀ ਇਹੋ ਦਾਅਵਾ ਕੀਤਾ ਗਿਆ। ਏਸ ਕਰਕੇ ਉਹ ਸੁਭਾਵਕ ਹੀ ਨੱਥੀ ਹੋ ਜਾਂਦਾ ਏ। ਚੀਨੀ ਸਮਾਜਵਾਦ ਤੇ ਕਿਊਬਨ ਸਮਾਜਵਾਦ ‘ਚ ਵੀ ਪ੍ਰਮੁੱਖ ਗੁਣ ਸੋਵੀਅਤ ਸਮਾਜਵਾਦ ਵਾਲੇ ਹੀ ਨੇ। ਬਾਕੀ ਸਮਾਜਵਾਦੀ ਯਥਾਰਥ ਕਿਤਾਬਾਂ ‘ਚ ਏ ਤੇ ਗਰਮਾ-ਗਰਮ ਭਾਸ਼ਨਾਂ ‘ਚ। ਉਨ੍ਹਾਂ ਨਾਲ ਨੱਥੀ ਹੋਣਾ ਮੁਸ਼ਕਲ ਏ।
ਤਰਸੇਮ: ਦਿੱਲੀ ਵਿਚਲੇ ਕਾਫ਼ੀ ਹਾਊਸ ਦੀ ਅੱਜਕੱਲ੍ਹ ਕੀ ਸਾਰਥਕਤਾ ਹੈ? ਦਿੱਲੀ ਵਿਚਲੇ ਸਾਹਿਤਕ ਮਾਹੌਲ ਬਾਰੇ ਵੀ ਚਾਨਣਾ ਪਾਉ।
ਦਰਸ਼ਨ: ਕਾਫ਼ੀ ਹਾਊਸ ਤੇ ਸਾਹਿਤ ਦਾ ਸੰਬੰਧ ਪੱਛਮੀ ਸੰਕਲਪ ਏ। ਸਾਹਿਤ ਕਾਫ਼ੀ ਦੇ ਪਿਆਲੇ ‘ਚ ਨਹੀਂ ਨਿਕਲਦਾ। ਨਾ ਹੀ ਉਸ ਉਤੇ ਸਿਗਰਟ ਦੇ ਧੂੰਏਂ ‘ਚੋਂ ਤੇ ਨਾ ਹੀ ਉਹਦੀਆਂ ਚੁਸਕਣੀਆਂ ਦੇ ਉਪਜਾਏ ਰੌਲੇ-ਰੱਪੇ ਤੋਂ। ਸਾਰਥਿਕਤਾ ਮੇਲ-ਮਿਲਾਪ ਦੀ ਹੈ। ਮਿਲ-ਬਹਿਣ ਦੀ। ਉਹ ਕਿਤੇ ਵੀ ਹੋ ਸਕਦਾ ਏ। ਮੰਦੇ ਭਾਗੀ, ਮੈਂ ਕਦੀ ਦਿੱਲੀ ਦੇ ਕਾਫ਼ੀ ਹਾਊਸ ‘ਚ ਨਹੀਂ ਬੈਠਾ। ਮੇਰਾ ਛੋਟਾ ਭਰਾ ਅਮਰਜੀਤ ਓਥੇ ਸ਼ਾਮੀ ਰੋਜ਼ ਜਾਂਦਾ ਏ। ਨਾ ਉਹਨੂੰ ਕਦੀਂ ਫ਼ਰਕ ਪਿਆ ਏ, ਨਾ ਮੈਨੂੰ।
ਤਰਸੇਮ: ਹੁਣ ਤੁਸੀਂ ਕਈ ਨਾਵਲ ਲਿਖ ਚੁੱਕੇ ਹੋ। ਤੁਹਾਡਾ ਨਾਵਲ ਸ਼ਾਸਤਰ ਕੀ ਹੈ? ਆਪਣੇ ਨਾਵਲ ਵਿਕਾਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ?
ਦਰਸ਼ਨ: ਮੈਂ ਤਾਂ ਨਾਵਲ ਲਿਖਦਾ ਹਾਂ। ਜਦੋਂ ਨਾਵਲ ਨਹੀਂ ਲਿਖ ਰਿਹਾ ਹੁੰਦਾ, ਕੋਈ ਕਹਾਣੀ ਲਿਖਦਾ ਹਾਂ। ਮੇਰਾ ਸ਼ਾਸਤਰ ਕੋਈ ਨਹੀਂ। ਮੇਰੇ ਨਾਵਲ ਦੇ ਦ੍ਰਿਖ਼ ਤੇ ਪਾਤਰ ਸ਼ਹਿਰੀ ਨੇ। ਪਿੰਡ ਮੇਰੇ ਲਈ ਓਪਰੇ ਨੇ। ਸਾਰੀ ਉਮਰ ਕਸਬੇ ਜਾਂ ਸ਼ਹਿਰ ‘ਚ ਗੁਜ਼ਰੀ ਏ ਵੰਡਾਰੇ ਤੋਂ ਬਾਅਦ ਸਾਰਾ ਸਮਾਂ ਮਹਾਂਨਗਰ ਦਿੱਲੀ ਲੰਘਿਆ। ਮੈਂ ਸਮਕਾਲੀ ਨਾਵਲ ਲਿਖਦਾ ਹਾਂ। ਟਕਸਾਲੀ ਬੋਲੀ ‘ਚ। ਪੰਜਾਬੀ ਦੇ ਸੁੱਚ ਦਾ ਮੈਨੂੰ ਖਬਤ ਏ। ਸਮਝਦਾ ਹਾਂ, ਉਹਦੇ ‘ਚ ਗਲਪ ਲਈ ਸਮਰੱਥਾ ਪੂਰੀ ਏ। ਉਹਨੂੰ ਮੰਗਣ-ਟੰਗਣ ਦੀ ਲੋੜ ਨਹੀਂ। ਇਹ ਵੀ ਸਮਝਦਾ ਹਾਂ ਕਿ ਅੱਜ ਨਾਵਲ ਨੂੰ ਲੋਕ-ਕਹਾਣੀ ਦੇ ਪੱਧਰ ਤੋਂ ਉਪਰ ਉੱਠਣਾ ਚਾਹੀਦਾ ਏ। ਉਹਦੀ ਬੁਣਤੀ ਬਰੀਕ ਤੇ ਸੰਘਣੀ ਹੋਣੀ ਚਾਹੀਦੀ ਏ ਤੇ ਪੇਚ ਦਰ ਪੇਚ ਵੀ। ਪਾਤਰ ਉਸਰਨੇ ਚਾਹੀਦੇ ਨੇ। ਉਨ੍ਹਾਂ ਦੀ ਦੁਨੀਆ ਦਿਸਣੀ ਚਾਹੀਦੀ ਏ। ਬੜੇ ਰੰਗ ਹੋਣੇ ਚਾਹੀਦੇ ਨੇ। ਸਿਰਫ਼ ਕਾਲਾ ਤੇ ਚਿੱਟਾ ਨਹੀਂ। ਕੋਈ ਸੰਦੇਸ਼ ਵੀ ਹੋਣਾ ਚਾਹੀਦਾ ਏ, ਪਰ ਕਿਸੇ ਇਸ਼ਤਿਹਾਰ ਜਾਂ ਪੋਸਟਰ ਵਾਂਗ ਨਹੀਂ, ਸਗੋਂ ਕੁਝ ਏਸ ਤਰ੍ਹਾਂ ਕਿ ਪੜ੍ਹਦਿਆਂ-ਪੜ੍ਹਦਿਆਂ ਪਾਠਕ ਦੇ ਅੰਦਰ ਅਚੇਤ ਹੀ ਘਰ ਕਰ ਜਾਏ। ਮੈਂ ਸ਼ੁਰੂ ਤੋਂ ਹੁਣ ਤੱਕ ਇਨ੍ਹਾਂ ਗੱਲਾਂ ਨੂੰ ਹੀ ਮੁੱਖ ਰਖਿਆ ਹੈ।
ਤਰਸੇਮ: ਤੁਹਾਡਾ ਪਰਿਵਾਰ ਤੁਹਾਡੇ ਸਾਹਿਤਕਾਰ ਹੋਣ ਨੂੰ ਕਿਵੇਂ ਦੇਖਦਾ ਹੈ? ਮੇਰਾ ਭਾਵ ਉਨ੍ਹਾਂ ਦੇ ਸਹਿਯੋਗ ਤੋਂ ਹੈ। ਪੜ੍ਹਿਆ ਸੀ ਕਿ ਤੁਹਾਡੀ ਪਤਨੀ ਲੋਚਨ ਸੰਗੀਤ ਦਾ ਸ਼ੌਕ ਰੱਖਦੇ ਨੇ। ਕੀ ਤੁਹਾਡੇ ਕੰਮ (ਸਾਹਿਤਕਾਰੀ ਤੇ ਗੀਤ-ਸੰਗੀਤ) ਇਕ ਦੂਜੇ ਨੂੰ ਪ੍ਰਭਾਵਤ ਨਹੀਂ ਕਰਦੇ?
ਦਰਸ਼ਨ: ਪਰਿਵਾਰ ‘ਚ ਮੈਨੂੰ ਸਹਿਯੋਗ ਦੀ ਕਮੀ ਨਹੀਂ। ਲਿਖਣਾ ਸ਼ੁਰੂ ਮੈਂ ਜ਼ਿੰਦਗੀ ਦੇ ਬਾਕੀ ਕੰਮ ਮੁਕਾ ਕੇ ਕੀਤਾ ਏ। ਏਸ ਲਈ ਵੀ ਕਿਸੇ ਨੂੰ ਅਖਰਦਾ ਨਹੀਂ। ਸਭ ਸਮਝਦੇ ਨੇ ਕਿ ਚੰਗੇ ਆਹਰੇ ਲਗਾ ਹੋਇਆ ਹਾਂ। ਕੋਈ ਵੀ ਨਹੀਂ ਸਮਝਦਾ ਕਿ ਮੇਰਾ ਲਿਖਣਾ ਕੋਈ ਆਰਥਕ ਘਾਲਣਾ ਏ। ਤੇ ਇਹਦੇ ‘ਚੋਂ ਨਿਕਲਣਾ-ਨੁਕਲਣਾ ਏ। ਕਿਸੇ ਵੱਡੀ ਜ਼ੁਬਾਨ ‘ਚ ਲਿਖਦਾ ਹੁੰਦਾ ਤਾਂ ਹੋਰ ਗੱਲ ਹੁੰਦੀ।
ਮੇਰੇ ਲਿਖਣ ਤੇ ਮੇਰੀ ਪਤਨੀ ਦੇ ਗੌਣ ਦਾ ਸਿੱਧਾ ਸੰਬੰਧ ਕੋਈ ਨਹੀਂ। ਜਿੰਨੀ ਡੂੰਘੀ ਦਿਲਚਸਪੀ ਮੈਨੂੰ ਸੰਗੀਤ ਤੇ ਪਤਨੀ ਦੀ ਗਾਇਕੀ ‘ਚ ਏ, ਓਨੀ ਡੂੰਘੀ ਦਿਲਚਸਪੀ ਉਹਨੂੰ ਮੇਰੇ ਲਿਖਣ ‘ਚ ਨਹੀਂ। ਉਹ ਅੱਜਕੱਲ੍ਹ ਰਿਆਜ਼ ਕਰਨ ਤੋਂ ਕਤਰਾਂਦੀ ਏ ਤੇ ਮੈਨੂੰ ਨੇਮ ਨਾਲ ਲਿਖਦਿਆਂ ਵੇਖ ਕਦੀ-ਕਦੀ ਕਹਿ ਉਠਦੀ ਏ, ”ਕਿਉਂ ਕੀੜੀਆਂ ਮਾਰਦੇ ਰਹਿੰਦੇ ਹੋ? ਕੀਹਨੂੰ ਚਾਹੀਦੈ ਇਹ ਸਭ ਕੁਝ?”
ਤਰਸੇਮ: ਕਮਿਊਨਿਸਟ ਲਹਿਰ ਬਾਰੇ ਜੋ ਤੁਸੀਂ ਨਾਵਲ ਲਿਖਣਾ ਸੀ, ਕੀ ਤੁਸੀਂ ਲਿਖ ਲਿਆ ਹੈ? ਇਸ ਨਾਵਲ ਨੂੰ ਲਹਿਰ ਦੇ ਕਿਸ ਐਂਗਲ ਤੋਂ ਪੇਸ਼ ਕਰ ਰਹੇ ਹੋ?
ਦਰਸ਼ਨ: ਨਾਵਲ ਤਿਆਰ ਏ। ਏਸ ਸਾਲ ਛਪ ਜਾਣਾ ਚਾਹੀਦਾ ਏ। ਇਹ ਕਮਿਊਨਿਸਟ ਲਹਿਰ ਦਾ ਇਤਿਹਾਸ ਨਹੀਂ। ਲਹਿਰ ਮੁੱਖ ਨਾਇਕ ਦੇ ਕੰਮਾਂ ‘ਚੋਂ ਝਾਤ-ਝਾਤ ਦਿਸਦੀ ਏ। ਸਾਰਾ ਵਰਤਾਰਾ 2004 ਦੇ ਦਸ ਕੁ ਹਫ਼ਤਿਆਂ ਦਾ ਏ। ਜੋ ਵੀ ਦਿਸਦਾ ਏ, ਏਸ ਥੋੜ੍ਹੇ ਜਿਹੇ ਸਮੇਂ ਦੀ ਬਾਰੀ ‘ਚੋਂ ਹੀ, ਦਿਸਦਾ ਏ। ਨਾਵਲ ਲੰਮਾ ਨਹੀਂ। ਮੇਰੇ ਬਾਕੀ ਨਾਵਲਾਂ ਵਾਂਗ ਹੀ ਢਾਈ ਕੁ ਸੌ ਸਫ਼ੇ ਦਾ ਏ। ਏਸ ਤੋਂ ਲੰਮੇ ਨਾਵਲ ਦਾ ਸਮਾਂ ਨਹੀਂ, ਖ਼ਾਸ ਕਰਕੇ ਸਾਡੇ ਸਾਹਿਤ ‘ਚ। ਛੋਟੇ ਨਾਵਲ ਵੀ ਨਹੀਂ ਪੜ੍ਹੇ ਜਾਂਦੇ।
ਤਰਸੇਮ: ਜਦੋਂ ਲੇਖਕ ਇਹ ਕਹੇ ਕਿ ‘ਮੈਨੂੰ ਇਨਾਮ-ਇਕਰਾਮ ਦਾ ਲਾਲਚ ਨਹੀਂ’, ਤਾਂ ਕੀ ਉਹ ਇਹ ਚਾਹ ਰਿਹਾ ਹੁੰਦਾ ਹੈ ਕਿ ਕਿਤੇ ਮੈਨੂੰ ਵੀ ਇਨਾਮ ਮਿਲੇ। ਇਨਾਮਾਂ ਬਾਰੇ ਤੁਹਾਡਾ ਨਜ਼ਰੀਆ ਕੀ ਹੈ?
ਦਰਸ਼ਨ: ਇਨਾਮ ਚੰਗੀ ਚੀਜ਼ ਨੇ, ਖ਼ਾਸ ਕਰਕੇ ਸਾਡੇ ਸਾਹਿਤਕਾਰਾਂ ਲਈ, ਜਿੰਨਾ ਨੂੰ ਵੈਸੇ ਕੁਝ ਖ਼ਾਸ ਨਹੀਂ ਲੱਭਦਾ। ਜੇ ਇਨਾਮ ਕਿਸੇ ਨੂੰ ਮਿਲ ਜਾਣ ਤਾਂ ਖੁਸ਼ ਹੋਣਾ ਚਾਹੀਦਾ ਏ। ਇਹ ਨਹੀਂ ਸਮਝਣਾ ਚਾਹੀਦਾ ਕਿ ਮੇਰਾ ਜਾਂ ਕਿਸੇ ਹੋਰ ਦਾ ਹੱਕ ਮਾਰਿਆ ਗਿਆ ਏ। ਪੰਜਾਬੀ ਲੇਖਕ ਕੋਈ ਆਰਥਕ ਘਾਲ ਨਹੀਂ ਘਾਲਦਾ, ਕਾਰ-ਸੇਵਾ ਕਰਦਾ ਏ। ਜੇ ਉਹਨੂੰ ਵਿਚ-ਵਿਚ ਕੁਝ ਮਿਲਦਾ ਰਹੇ, ਤਾਂ ਚੰਗੀ ਗੱਲ ਏ। ਇਨਾਮ ਵਧਣੇ ਚਾਹੀਦੇ ਨੇ। ਸਰਕਾਰ ਵੀ ਦੇਵੇ ਤੇ ਸਮਰੱਥ ਸੰਸਥਾਵਾਂ ਵੀ। ਜਿੰਨੀ ਵੀ ਪੁੱਜਤ ਹੋਵੇ। ਸਾਡੇ ਸਾਹਿਤਕਾਰਾਂ ਨੂੰ ਆਪਣੀ ਵੇਲ ਕਿਸੇ ਨਾ ਕਿਸੇ ਤਣੇ ‘ਤੇ ਚੜ੍ਹਾਣੀ ਹੀ ਪੈਂਦੀ ਏ। ਤਣੇ ਜਿੰਨੇ ਜ਼ਿਆਦਾ ਹੋਣ, ਓਨਾ ਹੀ ਚੰਗਾ ਏ।
ਇਹ ਮੁੱਖ ਰੱਖਣਾ ਜ਼ਰੂਰੀ ਏ ਕਿ ਇਨਾਮ ਦੇਣ ਦੀ ਕਿਰਿਆ ਸਮੂਹਕ ਏ, ਵਿਅਕਤੀਗਤ ਨਹੀਂ। ਕੁਝ ਲੋਕ ਮਿਲ ਕੇ ਵੱਡੇ ਇਨਾਮ ਦਾ ਫ਼ੈਸਲਾ ਕਰਦੇ ਨੇ। ਕਹਿਣ ਨੂੰ ਕੋਈ ਕਾਇਦਾ ਵੀ ਬਣਿਆ ਹੁੰਦਾ ਏ। ਦਬਾਅ ਵੀ ਪੈਂਦੇ ਨੇ। ਖਿੱਚ-ਧੂਹ ਵੀ ਹੁੰਦੀ ਏ। ਆਪੋ-ਆਪਣੇ ਘੋੜੇ ਦੁੜਾਣ ਦੀ ਪਿਰਤ ਵੀ ਹੈ। ਏਸ ਲਈ ਨਿਰੋਲ ਨਿਰਪੱਖਤਾ ਦੀ ਆਸ ਨਹੀਂ ਰੱਖਣੀ ਚਾਹੀਦੀ। ਮੈਂ ਆਪਣੇ ਨਾਵਲ ਬੱਦਲਾਂ ਦੀ ਪੌੜੀ ਤੇ ਮਿੱਟੀ ‘ਚ ਏਸ ਮਸਲੇ ਨੂੰ ਥੋੜ੍ਹਾ ਬਹੁਤ ਲਿਆ ਏ। ਇੰਜ ਹੀ ਹੁੰਦਾ ਏ। ਸਿਰਫ਼ ਸਾਡੀ ਜ਼ੁਬਾਨ ‘ਚ ਹੀ ਨਹੀਂ, ਹੋਰਨਾਂ ਜ਼ੁਬਾਨਾਂ ਵਿਚ ਵੀ। ਇਨਾਮ ਜਿਹਨੂੰ ਮਿਲੇ, ਉਹਨੂੰ ਵੀ ਖੁਸ਼ ਹੋਣਾ ਚਾਹੀਦਾ ਏ ਤੇ ਜਿਹਨੂੰ ਨਾ ਮਿਲੇ ਉਹਨੂੰ ਵੀ। ਮਿਲਣ ਵਾਲੇ ਦੇ ਵਾਰੇ-ਨਿਆਰੇ ਨਹੀਂ ਹੁੰਦੇ ਤੇ ਨਾ ਮਿਲਣ ਵਾਲੇ ਦਾ ਏਡਾ ਕੁਝ ਥੁੜ੍ਹਦਾ ਨਹੀਂ। ਪ੍ਰੇਦਸੀ ਜ਼ੁਬਾਨਾਂ ‘ਚ ਵੱਡਾ ਇਨਾਮ ਮਿਲਣ ਵਾਲੀ ਪੁਸਤਕ ਦੀ ਵਿਕਰੀ ਵਧ ਜਾਂਦੀ ਏ। ਸਾਡੀ ਜ਼ੁਬਾਨ ‘ਚ ਇਹ ਵੀ ਨਹੀਂ ਹੁੰਦਾ।
ਤਰਸੇਮ: ਲਗਦੇ ਹੱਥੀਂ ਇਹ ਵੀ ਦੱਸ ਜਾਉ ਕਿ ਤੁਹਾਡੇ ਆਲੋਚਕਾਂ ਸੰਬੰਧੀ ਕੀ ਪ੍ਰਭਾਵ ਹਨ। ਜੋ ਤੁਹਾਡੀ ਰਚਨਾਵਾਂ ‘ਤੇ ਆਲੋਚਨਾ ਹੋਈ ਹੈ, ਉਹਨੂੰ ਆਧਾਰ ਬਣਾ ਕੇ ਦੱਸੋ।
ਦਰਸ਼ਨ: ਜਿਸ ਭਾਸ਼ਾ ‘ਚ ਆਮ ਆਲੋਚਨਾ ਹੁੰਦੀ ਏ, ਪੜ੍ਹਨੀ ਤੇ ਸਮਝਣੀ ਮੁਸ਼ਕਲ ਏ। ਆਲੋਚਕ ਨੂੰ ਰਚਣ-ਕਿਰਿਆ ਦਾ ਗਿਆਨ ਹੋਣਾ ਜ਼ਰੂਰੀ ਏ। ਸਾਡੇ ਬਹੁਤੇ ਆਲੋਚਕਾਂ ਨੂੰ ਇਹ ਨਹੀਂ। ਬਹੁਤੇ ਰੀਵਿਊਕਾਰ ਕਿਤਾਬ ਨੂੰ ਪੜ੍ਹਦੇ ਨਹੀਂ, ਸੁੰਘਦੇ ਨੇ। ਮੈਂ ਇਕ ਉਘੇ ਰੀਵਿਊਕਾਰ ਦੇ ਇਕੋ ਮਹੀਨੇ ‘ਚ ਕੀਤੇ ਪੰਜ-ਛੇ ਰੀਵਿਊ ਪੜ੍ਹੇ ਨੇ। ਇਸ ਤਰ੍ਹਾਂ ਕੋਈ ਪੜ੍ਹ-ਵਿਚਾਰ ਕੇ ਕਿਵੇਂ ਕਰ ਸਕਦਾ ਏ।
ਮੇਰੇ ਰੀਵਿਊ ਕੁਝ ਚੰਗੇ ਹੋਏ ਨੇ ਤੇ ਕੁਝ ਐਵੇਂ ਜਿਹੇ। ਬਹੁਤੇ ਯਾਦ ਰੱਖਣੇ ਮੁਸ਼ਕਲ ਨੇ ਤੇ ਸਾਂਭ ਰੱਖਣੇ ਤਾਂ ਹੋਰ ਵੀ। ਸਾਂਭ ਕੇ ਕਿਹਨੂੰ ਵਿਖਾਣੇ ਨੇ? ਮੇਰੇ ਨਾਵਲ ਕੰਡਾ ਦਾ ਰੀਵਿਊ ਨਵਾਂ ਜ਼ਮਾਨਾ ‘ਚ ਸੁਰਜੀਤ ਗਿੱਲ ਦਾ ਕੀਤਾ ਛਪਿਆ ਸੀ। ਉਹਨੂੰ ਪੜ੍ਹ ਕੇ ਮੈਨੂੰ ਆਪਣੇ-ਆਪ ਦੀ ਸੋਝੀ ਵਧੀ। ਅਧ-ਚਾਨਣਾ ਦਾ ਰੀਵਿਊ ਸੁਕੀਰਤ ਨੇ ਨਵਾਂ ਜ਼ਮਾਨਾ ‘ਚ ਹੀ ਕੀਤਾ ਸੀ। ਉਹਨੇ ਮੈਨੂੰ ਮੇਰੇ ਬਾਰੇ ਕਾਫ਼ੀ ਕੁਝ ਦੱਸਿਆ। ਸਿਰਜਣਾ ‘ਚ ਕੰਡਾ ਦਾ ਗੁਲਜ਼ਾਰ ਸੰਧੂ ਦਾ ਕੀਤਾ ਮਿੱਟੀ ਤੇ ਬੱਦਲਾਂ ਦੀ ਪੌੜੀ ਦਾ ਸਤਿਵੀਰ ਦਾ ਕੀਤਾ ਰੀਵਿਊ ਵੀ ਏਸੇ ਤਰ੍ਹਾਂ ਦਾ ਸੀ।
ਸਾਡੇ ਕੋਲ ਸਮਰੱਥ ਆਲੋਚਕ ਹਨ। ਉਹ ਬਹੁਤੇ ਉਹੀਉ ਨੇ, ਜਿਹੜੇ ਆਪ ਵੀ ਰਚਦੇ ਨੇ, ਸੁਹਿਰਦ ਨੇ ਤੇ ਸਭ ਕੁਝ ਪੜ੍ਹ-ਵਿਚਾਰ ਕੇ ਲਿਖਦੇ ਨੇ। ਉਨ੍ਹਾਂ ਨੂੰ ਪੜ੍ਹ ਕੇ ਮੂਲ ਰਚਨਾ ਨੂੰ ਪੜ੍ਹਨ ਨੂੰ ਜੀਅ ਕਰਦਾ ਏ। ਉਹ ਬੂਹਾ ਖੋਲ੍ਹਦੇ ਨੇ, ਉਹਨੂੰ ਬਾਹਰੋਂ ਜੰਦਰਾ ਨਹੀਂ ਲਾਂਦੇ। ਸਾਡੇ ਆਮ ਰੀਵਿਊ ਬਾਹਰੋਂ ਜੰਦਰਾ ਮਾਰਨ ਵਾਲੇ ਹੁੰਦੇ ਨੇ।
ਤਰਸੇਮ: ਅੰਤ ‘ਚ ਆਪਣੇ ਪਿਛੋਕੜ ਬਾਰੇ ਪਾਠਕਾਂ ਨੂੰ ਜਾਣਕਾਰੀ ਦਿਉ।
ਦਰਸ਼ਨ: ਵੰਡਾਰੇ ਤੋਂ ਪਹਿਲਾਂ ਲਾਹੌਰ ਪੜ੍ਹਦਾ ਸਾਂ। ਛੋਟੇ ਹੁੰਦਿਆਂ ਤੋਂ ਸਾਹਿਤ ਦੀ ਚੇਟਕ ਲਗੀ ਹੋਈ ਏ। ਜੋ ਮਿਲਦਾ ਸੀ, ਪੜ੍ਹਦਾ ਸਾਂ। ਕਦੀ-ਕਦੀ ਕੁਝ ਲਿਖਦਾ ਵੀ ਸੀ। ਸਿਰਫ਼ ਆਪਣੇ ਲਈ। ਰੁਚੀ ਉਰਦੂ ‘ਚ ਲਿਖਣ ਦੀ ਹੁੰਦੀ ਸੀ।
ਵੰਡਾਰਿਉਂ ਬਾਅਦ ਦਿੱਲੀ ਆਇਆ। ਕਮਿਊਨਿਸਟ ਲਹਿਰ ਨਾਲ ਪਹਿਲੋਂ ਵੀ ਛੂਹ ਹੈ ਸੀ। ਏਧਰ ਆ ਕੇ ਨੇੜੇ ਹੋਇਆ। ਪਾਰਟੀ ਦੇ ਸਿਧਾਂਤਕ ਮਾਸਿਕ ਸਾਡਾ ਜੁਗ ‘ਚ ਕੰਮ ਕੀਤਾ ਤੇ ਪੜ੍ਹਾਈ ਪੂਰੀ ਕੀਤੀ। 1950 ‘ਚ ਪਾਰਟੀ ਦੇ ਕਹੇ ‘ਤੇ ਸੋਵੀਅਤ ਦੂਤਾਵਾਸ ਦੇ ਸੂਚਨਾ ਵਿਭਾਗ ‘ਚ ਕੰਮ ਸ਼ੁਰੂ ਕੀਤਾ। 1993 ਤਕ ਜੁੜਿਆ ਰਿਹਾ। ਵਿਚ ਪੌਣੇ ਚਾਰ ਸਾਲ ਮਾਸਕੋ ਲਾਏ। 1993 ਤੋਂ ਬਾਅਦ ਕੁਝ ਵਰ੍ਹੇ ਐਕਸਪੋਰਟ ਦਾ ਕੰਮ ਕੀਤਾ, ਜਿਹੜਾ ਹੁਣ ਮੇਰੇ ਲੜਕੇ ਨੇ ਸਾਂਭਿਆ ਹੋਇਆ ਏ।

Leave a Reply

Your email address will not be published. Required fields are marked *