ਸਾਰੇ ਰੋਗਾਂ ਦੀ ਜੜ੍ਹ ਸਰੀਰ ਅੰਦਰ ਬਾਹਰੀ ਤੱਤਾਂ ਦਾ ਜਮਾਵੜਾ

ਸੰਜੀਵ ਕੁਮਾਰ ਸ਼ਰਮਾ
ਰੋਗ ਅਜਿਹਾ ਸ਼ਬਦ ਹੈ ਜਿਸ ਨੂੰ ਸੁਣਦਿਆਂ ਹੀ ਅਸੀਂ ਸਾਰੇ ਚੁਕੰਨੇ ਜਿਹੇ ਹੋ ਜਾਂਦੇ ਹਾਂ ਤੇ ਡਰ ਜਾਂਦੇ ਹਾਂ। ਲੇਕਿਨ ਕੀ ਅਸੀਂ ਜਾਣਦੇ ਹਾਂ ਕਿ ਜੇਕਰ ਇਹ ਰੋਗ ਨਾ ਹੋਣ ਤਾਂ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਸਾਡੇ ਸਰੀਰ ਦੇ ਅੰਦਰ ਕੋਈ ਵਿਕਾਰ ਪੈਦਾ ਹੋ ਗਿਆ ਹੈ। ਰੋਗ ਤਾਂ ਬਿਨਾਂ ਸੁਆਰਥ ਇਕ ਮਿੱਤਰ ਬਣ ਕੇ ਸਾਨੂੰ ਸੰਭਲ ਜਾਣ ਦੀ ਚੇਤਾਵਨੀ ਦਿੰਦੇ ਹਨ ਤਾਂ ਕਿ ਅਸੀਂ ਸੁਚੇਤ ਹੋ ਜਾਈਏ ਅਤੇ ਉਸ ਵਿਕਾਰ ਨੂੰ ਦੂਰ ਕਰਨ ਲਈ ਆਪਣੀ ਕੋਸ਼ਿਸ਼ ਆਰੰਭ ਕਰ ਦੇਈਏ। ਰੋਗ ਸਾਨੂੰ ਕੁਦਰਤ ਦੇ ਨਿਯਮਾਂ ‘ਤੇ ਚੱਲਣ, ਭਾਵ ਸਿਹਤਮੰਦ ਰਹਿਣ ਦੀ ਸਿੱਖਿਆ ਦਿੰਦੇ ਹਨ।
ਨੇਚਰੋਪੈਥੀ ਅਨੁਸਾਰ ਸਾਰੇ ਰੋਗਾਂ ਦੀ ਜੜ੍ਹ ਸਰੀਰ ਦੇ ਅੰਦਰ ਬਾਹਰੀ ਤੱਤਾਂ ਦਾ ਜਮ੍ਹਾਂ ਹੋਣਾ ਹੈ। ਇਹ ਬਾਹਰੀ ਤੱਤ ਸਾਡੇ ਗਲਤ ਖਾਣ-ਪਾਣ, ਗਲਤ ਜੀਵਨ-ਸ਼ੈਲੀ, ਗਲਤ ਆਦਤਾਂ ਕਰਕੇ ਪੈਦਾ ਹੁੰਦੇ ਹਨ। ਜਿਵੇਂ ਜਿਵੇਂ ਇਹ ਬਾਹਰੀ ਤੱਤ ਸਰੀਰ ਦੇ ਅੰਦਰ ਵਧਦੇ ਜਾਂਦੇ ਹਨ, ਤਿਵੇਂ ਤਿਵੇਂ ਰੋਗਾਣੂਆਂ-ਜੀਵਾਣੂਆਂ ਨੂੰ ਵਧਣ-ਫੁੱਲਣ ਲਈ ਢੁੱਕਵਾਂ ਵਾਤਾਵਰਣ ਮਿਲਣ ਲੱਗ ਜਾਂਦਾ ਹੈ ਅਤੇ ਉਨ੍ਹਾਂ ਦੀ ਸੰਖਿਆ ਤੇਜ਼ੀ ਨਾਲ ਵਧਣ ਲੱਗ ਜਾਂਦੀ ਹੈ। ਆਮ ਹਾਲਤਾਂ ਵਿਚ ਸਾਡੇ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਸਰੀਰ ਅੰਦਰ ਦਾਖਲ ਹੋਣ ਵਾਲੇ ਰੋਗਾਣੂਆਂ-ਜੀਵਾਣੂਆਂ ਨੂੰ ਖਤਮ ਕਰਨ ਲਈ ਕਾਫੀ ਹੁੰਦੀ ਹੈ; ਪਰ ਬਾਹਰੀ ਤੱਤਾਂ ਦੇ ਵਧਣ ਨਾਲ ਇਹ ਸ਼ਕਤੀ ਕਮਜ਼ੋਰ ਪੈ ਜਾਂਦੀ ਹੈ ਅਤੇ ਵੱਖੋ-ਵੱਖਰੇ ਰੋਗਾਂ ਦਾ ਜਨਮ ਹੁੰਦਾ ਹੈ। ਭਗਵਤ ਗੀਤਾ ਵਿਚ ਭਗਵਾਨ ਸ੍ਰੀ ਕ੍ਰਿਸ਼ਨ ਕਹਿੰਦੇ ਹਨ :
ਯੁਕਤਾਹਾਰਵਿਹਾਰਸਯੈ ਯੁਕਤਾਚੇਸ਼ਟਸਯੈ ਕਰਮਸੁ।
ਯੁਕਤਾਸਵਪਨਾਵਬੋਧਸਯੈ ਯੋਗੋ ਭਵਤਿ ਦੁਖਹਾ£
ਅਰਥਾਤ ”ਜਿਹੜਾ ਮਨੁੱਖ ਸਹੀ ਮਾਤਰਾ ਵਿਚ ਭੋਜਨ ਕਰਦਾ ਹੈ, ਜਿਸ ਦਾ ਵਿਹਾਰ ਸਹੀ ਹੈ, ਜਿਹੜਾ ਸਮੇਂ ‘ਤੇ ਸੌਂਦਾ ਅਤੇ ਜਾਗਦਾ ਹੈ, ਅਤੇ ਜਿਸ ਦਾ ਨਿੱਤ ਦਾ ਕਾਰ-ਵਿਹਾਰ ਨਿਯਮਤ ਹੈ, ਉਸ ਵਿਅਕਤੀ ਵਿਚ ਯੋਗ, ਭਾਵ ਅਨੁਸ਼ਾਸਨ ਆ ਜਾਂਦਾ ਹੈ। ਅਜਿਹਾ ਵਿਅਕਤੀ ਦੁੱਖਾਂ ਅਤੇ ਰੋਗਾਂ ਤੋਂ ਦੂਰ ਰਹਿੰਦਾ ਹੈ।” ਪਰ ਜਿਹੜਾ ਵਿਅਕਤੀ ਇਨ੍ਹਾਂ ਗੱਲਾਂ ਦਾ ਧਿਆਨ ਨਹੀਂ ਰੱਖਦਾ, ਉਹ ਰੋਗਾਂ ਨਾਲ ਗ੍ਰਸਿਆ ਰਹਿੰਦਾ ਹੈ। ਅਜਿਹੇ ਵਿਅਕਤੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਆਲੋਚਨਾ ਕੀਤੀ ਗਈ ਹੈ: ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ£ ਜਾਂ ਫਿਰ
ਖਾਤ ਪੀਤ ਅਨੇਕ ਬਿੰਜਨ ਜੈਸੇ ਭਾਰ ਬਾਹਕ ਖੋਤ£
ਸਰੀਰ ਵਿਚੋਂ ਬਾਹਰੀ ਤੱਤਾਂ ਨੂੰ ਕੱਢਣ ਲਈ ਕੁਦਰਤ ਤੀਬਰ ਰੋਗਾਂ ਦਾ ਸਹਾਰਾ ਲੈਂਦੀ ਹੈ। ਤੀਬਰ ਰੋਗ ਉਹ ਰੋਗ ਹਨ ਜਿਹੜੇ ਆਉਂਦੇ ਤਾਂ ਬਹੁਤ ਤੇਜ਼ੀ ਨਾਲ ਹਨ ਪਰ ਬਹੁਤ ਥੋੜ੍ਹੀ ਦੇਰ ਲਈ ਰਹਿੰਦੇ ਹਨ। ਖਾਂਸੀ, ਜੁਕਾਮ, ਬੁਖਾਰ, ਉਲਟੀਆਂ, ਦਸਤ, ਧੱਫੜ ਹੋਣਾ ਜਾਂ ਫੋੜਾ ਨਿਕਲਣਾ ਕੁਝ ਮੁੱਖ ਤੀਬਰ ਰੋਗ ਹਨ। ਪਰ ਜੇਕਰ ਅਸੀਂ ਇਨ੍ਹਾਂ ਤੀਬਰ ਰੋਗਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਤਾਂ ਇਹ ਘਾਤਕ ਰੋਗਾਂ ਜਿਵੇਂ ਕਿ ਦਮਾ, ਬਲੱਡ ਪ੍ਰੈੱਸ਼ਰ, ਸ਼ੂਗਰ, ਦਿਲ ਦੇ ਰੋਗ, ਕੈਂਸਰ, ਅਲਜ਼ਾਈਮਰ ਦਾ ਰੂਪ ਲੈ ਲੈਂਦੇ ਹਨ ਅਤੇ ਮੌਤ ਦਾ ਕਾਰਨ ਤਕ ਬਣ ਜਾਂਦੇ ਹਨ।
ਉਪਰੋਕਤ ਰੋਗਾਂ ਦੇ ਲੱਛਣਾਂ ਦੇ ਉਭਰਨ ‘ਤੇ ਐਲੋਪੈਥਿਕ ਪ੍ਰਣਾਲੀ ਵਿਚ ਦਵਾਈਆਂ ਨਾਲ ਉਨ੍ਹਾਂ ਨੂੰ ਦਬਾ ਦਿੱਤਾ ਜਾਂਦਾ ਹੈ, ਜਿਸ ਨਾਲ ਰੋਗੀ ਨੂੰ ਲਗਦਾ ਹੈ ਕਿ ਉਹ ਸਿਹਤਮੰਦ ਹੋ ਗਿਆ ਹੈ ਜਦਕਿ ਇਨ੍ਹਾਂ ਦਵਾਈਆਂ ਨਾਲ ਰੋਗ ਦਾ ਕਾਰਨ ਦੂਰ ਨਹੀਂ ਹੁੰਦਾ ਬਲਕਿ ਉਸ ਦੇ ਬਾਹਰੀ ਲੱਛਣ ਹੀ ਦੂਰ ਹੁੰਦੇ ਹਨ। ਲੇਕਿਨ ਜਦੋਂ ਦਵਾਈਆਂ ਦਾ ਪ੍ਰਭਾਵ ਖ਼ਤਮ ਹੋ ਜਾਂਦਾ ਹੈ ਤਾਂ ਇਹ ਲੱਛਣ ਕਿਸੇ ਦੂਜੇ ਰੂਪ ਵਿਚ ਪ੍ਰਗਟ ਹੁੰਦੇ ਹਨ ਅਤੇ ਰੋਗੀ ਕਦੇ ਵੀ ਰੋਗਾਂ ਤੋਂ ਛੁਟਕਾਰਾ ਨਹੀਂ ਪਾਉਂਦਾ ਹੈ। ਇਸ ਦੇ ਉਲਟ ਨੇਚਰੋਪੈਥੀ ਪੰਜ ਤੱਤਾਂ ਧਰਤੀ, ਜਲ, ਵਾਯੂ, ਆਕਾਸ਼ ਅਤੇ ਅਗਨੀ, ਜਿਨ੍ਹਾਂ ਨਾਲ ਇਸ ਸਰੀਰ ਦੀ ਰਚਨਾ ਹੋਈ ਹੈ (ਪੰਚ ਤਤੁ ਮਿਲਿ ਕਾਇਆ ਕੀਨੀ), ਦੀ ਵਰਤੋਂ ਨਾਲ ਹੀ ਰੋਗੀ ਦੀ ਤੰਦਰੁਸਤੀ ਨੂੰ ਬਹਾਲ ਕਰਦੀ ਹੈ ਅਤੇ ਉਸ ਨੂੰ ਮਾਨਸਿਕ ਅਤੇ ਆਤਮਿਕ ਪੱਖੋਂ ਵੀ ਨਿਰੋਗ ਕਰਦੀ ਹੈ। ਜੰਗਲ ਵਿਚ ਰਹਿੰਦੇ ਪੰਛੀ ਜਾਂ ਜਾਨਵਰ ਆਪਣੀ ਸੰਪੂਰਨ ਜ਼ਿੰਦਗੀ ਵਿਚ ਤੰਦਰੁਸਤ ਰਹਿੰਦੇ ਹਨ ਕਿਉਂਕਿ ਉਹ ਜ਼ਮੀਨ ‘ਤੇ ਸੌਂਦੇ ਹਨ, ਤਾਜ਼ਾ ਪਾਣੀ ਪੀਂਦੇ ਹਨ, ਸਾਫ਼-ਸੁਥਰੀ ਹਵਾ ਲੈਂਦੇ ਹਨ, ਖੁੱਲ੍ਹੇ ਅਸਮਾਨ ਥੱਲੇ ਵਿਚਰਦੇ ਹਨ, ਸੂਰਜ ਦੀ ਰੌਸ਼ਨੀ ਵਿਚ ਰਹਿੰਦੇ ਹਨ ਅਤੇ ਕੁਦਰਤ ਦੁਆਰਾ ਪੈਦਾ ਕੀਤੀਆਂ ਵਸਤਾਂ ਜਿਵੇਂ ਘਾਹ, ਫਲ, ਪੱਤੇ ਖਾਂਦੇ ਹਨ। ਕੁਦਰਤ ਆਪ ਹੀ ਉਨ੍ਹਾਂ ਦਾ ਧਿਆਨ ਰੱਖਦੀ ਹੈ। ਉਨ੍ਹਾਂ ਨੂੰ ਆਪਣੀ ਤੰਦਰੁਸਤੀ ਨੂੰ ਕਾਇਮ ਰੱਖਣ ਲਈ ਕਿਸੇ ਡਾਕਟਰ, ਵੈਦ ਜਾਂ ਹਸਪਤਾਲ ਦੀ ਲੋੜ ਨਹੀਂ ਪੈਂਦੀ।
ਨਿਯਮਿਤ ਤੌਰ ‘ਤੇ ਕੁਦਰਤ ਪਿਸ਼ਾਬ, ਪਸੀਨੇ, ਪਖਾਨੇ ਅਤੇ ਪ੍ਰਾਣਾਂ (ਸਾਹ) ਰਾਹੀਂ ਬਾਹਰੀ ਤੱਤਾਂ ਨੂੰ ਸਾਡੇ ਸਰੀਰ ਵਿਚੋਂ ਬਾਹਰ ਕੱਢਦੀ ਹੈ। ਨੇਚਰੋਪੈਥੀ ਸਾਨੂੰ ਇਹੀ ਸਿਖਾਉਂਦੀ ਹੈ ਕਿ ਬਿਮਾਰੀਆਂ ਤੋਂ ਕਿਵੇਂ ਬਚੀਏ ਅਤੇ ਦਵਾਈਆਂ ਲੈਣ ਦੀ ਥਾਂ ਕੁਦਰਤੀ ਤਰੀਕਿਆਂ ਨਾਲ ਹੀ ਆਪਣੀ ਤੰਦਰੁਸਤੀ ਨੂੰ ਬਹਾਲ ਕਰੀਏ। ਆਓ ਹੁਣ ਦੇਖੀਏ ਕਿ ਕਿਵੇਂ ਅਸੀਂ ਕੁਦਰਤੀ ਤਰੀਕਿਆਂ ਨਾਲ ਸਾਡੇ ਰੋਜ਼ਮੱਰ੍ਹਾ ਦੀ ਜ਼ਿੰਦਗੀ ਵਿਚ ਆਉਣ ਵਾਲੇ ਰੋਗਾਂ ਦਾ ਇਲਾਜ ਕਰ ਸਕਦੇ ਹਾਂ ਅਤੇ ਤੰਦਰੁਸਤ ਰਹਿ ਸਕਦੇ ਹਾਂ।
ਕਬਜ਼: ਸਰ ਵਿਲੀਅਮ ਆਰਬੁਟਨੋਟ ਲੇਨ (ਬ੍ਰਿਟਿਸ਼ ਡਾਕਟਰ ਅਤੇ ਸਰਜਨ) ਦੇ ਅਨੁਸਾਰ ‘ਕਬਜ਼ ਆਧੁਨਿਕ ਸਮਾਜ ਵਿਚ ਪੈਦਾ ਹੋਣ ਵਾਲੀਆਂ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ’। ਕਬਜ਼ ਤੋਂ ਰਾਹਤ ਪਾਉਣ ਲਈ ਸਭ ਤੋਂ ਪਹਿਲਾਂ ਤਾਂ ਜੀਭ ਦੇ ਸੁਆਦ ‘ਤੇ ਲਗਾਮ ਲਗਾਉਣੀ ਪਵੇਗੀ। ਆਚਾਰ, ਮਿਰਚ-ਮਸਾਲੇ, ਤਲੀਆਂ ਵਸਤਾਂ, ਮੈਦਾ ਤੋਂ ਪ੍ਰਹੇਜ਼ ਕਰਨਾ ਪਵੇਗਾ। ਇਸ ਤੋਂ ਇਲਾਵਾ ਰੋਜ਼ ਸਵੇਰੇ ਉੱਠ ਕੇ ਖਾਲੀ ਪੇਟ ਦੋ ਗਿਲਾਸ ਗਰਮ ਪਾਣੀ ਨਿੰਬੂ ਪਾ ਕੇ ਪੀਓ। ਸਵੇਰੇ-ਸ਼ਾਮ 4-5 ਚਮਚ ਚੋਕਰ (ਛਾਣ-ਬੂਰਾ) ਦੇ ਖਾਓ। ਦਿਨ ਵਿਚ ਵੀ 4-5 ਗਲਾਸ ਗਰਮ ਪਾਣੀ ਨੀਂਬੂ ਪਾ ਕੇ ਪੀਓ। ਫਲਾਂ ਅਤੇ ਸਬਜ਼ੀਆਂ ਦੀ ਵੱਧ ਤੋਂ ਵੱਧ ਵਰਤੋਂ ਕਰੋ। ਪੇਟ ‘ਤੇ ਸਵੇਰੇ-ਸ਼ਾਮ ਖਾਣੇ ਤੋਂ ਬਾਅਦ 2 ਘੰਟੇ ਗਿੱਲੀ ਪੱਟੀ ਲਪੇਟੀ ਜਾ ਸਕਦੀ ਹੈ। ਬਹੁਤ ਪੁਰਾਣੀ ਕਬਜ਼ ਹੋਵੇ ਤਾਂ ਇਹ ਪੱਟੀ ਸਾਰੀ ਰਾਤ ਲਪੇਟੀ ਜਾ ਸਕਦੀ ਹੈ। ਇਸ ਤੋਂ ਇਲਾਵਾ ਧੁੰਨੀ ਦੇ ਆਲੇ-ਦੁਆਲੇ ਸੱਜੇ ਤੋਂ ਖੱਬੇ (ਘੜੀ ਦੀ ਦਿਸ਼ਾ ਵਿਚ) 10-15 ਮਿੰਟ ਸੁੱਕੀ ਮਾਲਿਸ਼ ਕਰੋ।
ਜ਼ੁਕਾਮ: ਜ਼ੁਕਾਮ ਦਾ ਸਭ ਤੋਂ ਵੱਡਾ ਕਾਰਨ ਕਬਜ਼ ਜਾਂ ਵੱਡੀ ਅੰਤੜੀ ਵਿਚ ਮਲ ਦਾ ਭਰਿਆ ਰਹਿਣਾ ਹੈ। ਇਸ ਤੋਂ ਇਲਾਵਾ ਗੰਦੀ ਹਵਾ ਵਿਚ ਰਹਿਣ ਨਾਲ, ਕਮਰੇ ਦੇ ਸਾਰੇ ਦਰਵਾਜ਼ੇ ਬੰਦ ਕਰਕੇ ਸੌਣ ਨਾਲ ਅਤੇ ਤਾਜ਼ੀ ਹਵਾ ਨਾ ਮਿਲਣ ਕਰਕੇ ਹੁੰਦਾ ਹੈ। ਜ਼ੁਕਾਮ ਤੋਂ ਰਾਹਤ ਪਾਉਣ ਲਈ ਸਵੇਰੇ ਉਠ ਕੇ ਵਮਨ/ਕੁੰਜਲ ਕਿਰਿਆ (2-3 ਗਲਾਸ ਕੋਸੇ ਪਾਣੀ ਦੇ ਨਮਕ ਪਾ ਕੇ ਪੀਣਾ ਅਤੇ ਫੇਰ ਨਾਲ ਹੀ ਉਸ ਨੂੰ ਉਲਟੀ ਕਰ ਕੇ ਕੱਢ ਦੇਣਾ) ਕਰੋ। ਕੁਝ ਮਿੰਟ ਤਾਜ਼ਾ ਹਵਾ ਵਿਚ ਪ੍ਰਾਣਾਯਾਮ ਅਤੇ ਅਨੁਲੋਮ-ਵਿਲੋਮ ਕਰੋ। ਸਵੇਰੇ 8-9 ਵਜੇ ਧੁੱਪ-ਇਸ਼ਨਾਨ ਕਰੋ। ਦਿਨ ਵਿਚ 2-3 ਵਾਰ ਭਾਫ ਲਓ (ਪਾਣੀ ਵਿਚ 2-3 ਬੂੰਦਾਂ ਨੀਲਗਿਰੀ/ ਯੂਕਲਿਪਟਸ ਤੇਲ ਦੀਆਂ ਪਾ ਸਕਦੇ ਹੋ)। ਬਰਾਬਰ ਮਾਤਰਾ ਵਿਚ ਤੁਲਸੀ ਦਾ ਰਸ, ਅਦਰਕ ਦਾ ਰਸ ਅਤੇ ਸ਼ਹਿਦ ਮਿਲਾ ਕੇ ਉਸ ਵਿਚ ਚੁਟਕੀ ਕੁ ਕਾਲੀ ਮਿਰਚ ਅਤੇ ਸੇਂਧਾ ਨਮਕ ਮਿਲਾ ਕੇ ਦਿਨ ਵਿਚ 2-2 ਘੰਟੇ ਬਾਅਦ ਇਕ ਛੋਟਾ ਚਮਚ ਲੈਣ ਨਾਲ ਛੇਤੀ ਹੀ ਆਰਾਮ ਆ ਜਾਵੇਗਾ।
ਖਾਂਸੀ : ਖਾਂਸੀ ਕੁਦਰਤ ਦੁਆਰਾ ਸਾਹ ਦੀ ਨਾਲੀ ਜਾਂ ਗਲੇ ਵਿਚ ਫਸੇ ਹੋਏ ਰੇਸ਼ੇ ਨੂੰ ਹਵਾ ਦੇ ਝਟਕੇ ਨਾਲ ਬਾਹਰ ਕੱਢਣ ਲਈ ਕੁਦਰਤ ਦੁਆਰਾ ਅਪਣਾਇਆ ਗਿਆ ਢੰਗ ਹੈ। ਜਿੰਨਾ ਵੱਧ ਰੇਸ਼ਾ ਹੋਵੇਗਾ, ਓਨੀ ਵੱਧ ਆਵਾਜ਼ ਹੋਵੇਗੀ। ਖਾਂਸੀ ਦੇ ਇਲਾਜ ਲਈ ਦਿਨ ਵਿਚ 2-3 ਵਾਰ ਗਰਮ ਪਾਣੀ ਵਿਚ ਸੇਂਧਾ ਨਮਕ ਪਾ ਕੇ ਗਰਾਰੇ ਕਰੋ। ਇਸੇ ਤਰ੍ਹਾਂ ਅੱਧਾ ਚਮਚ ਹਲਦੀ ਸ਼ਹਿਦ ਵਿਚ ਮਿਲਾ ਕੇ 2-3 ਵਾਰ ਖਾਉ। ਜੇਕਰ ਖਾਂਸੀ ਲਗਾਤਾਰ ਆ ਰਹੀ ਹੋਵੇ ਤਾਂ ਅਦਰਕ ਜਾਂ ਮੁਲੱਠੀ ਦਾ ਇਕ ਟੁਕੜਾ ਮੂੰਹ ਵਿਚ ਪਾ ਕੇ ਚੂਸਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਅਦਰਕ, ਮੋਟੀ ਇਲਾਇਚੀ, ਦਾਲ ਚੀਨੀ, ਮੁਲੱਠੀ, ਕਾਲੀ ਮਿਰਚ ਪਾ ਕੇ ਕਾੜ੍ਹਾ ਬਣਾ ਸਕਦੇ ਹੋ ਜਿਸ ਨੂੰ ਸੇਂਧਾ ਨਮਕ ਜਾਂ ਸ਼ਹਿਦ ਪਾ ਕੇ ਦਿਨ ਵਿਚ 3-4 ਵਾਰ ਚਾਹ ਦੀ ਤਰ੍ਹਾਂ ਗਰਮ-ਗਰਮ ਪੀਤਾ ਜਾਵੇ। ਜੇਕਰ ਖਾਂਸੀ ਨਾਲ ਸਾਹ ਵਗੈਰਾ ਚੜ੍ਹਦਾ ਹੋਵੇ ਤਾਂ ਇਕ ਚਮਚ ਮੇਥੇ ਪਾਣੀ ਵਿਚ ਉਬਾਲ ਕੇ ਸ਼ਹਿਦ ਪਾ ਕੇ ਗਰਮ-ਗਰਮ ਪੀਤਾ ਜਾ ਸਕਦਾ ਹੈ।
ਦਸਤ ਅਤੇ ਉਲਟੀਆਂ: ਦਸਤ ਜਾਂ ਉਲਟੀਆਂ ਰਾਹੀਂ ਕੁਦਰਤ ਸਾਡੇ ਪੇਟ ਦੀ ਸਫਾਈ ਕਰਦੀ ਹੈ ਅਤੇ ਰੋਗ ਦੇ ਕਾਰਨਾਂ ਨੂੰ ਪੇਟ ਵਿਚੋਂ ਬਾਹਰ ਕੱਢ ਕੇ ਵਿਅਕਤੀ ਨੂੰ ਨਿਰੋਗ ਬਣਾਉਂਦੀ ਹੈ। ਦਸਤ ਜਾਂ ਉਲਟੀ ਆਉਣ ਤੋਂ ਬਾਅਦ ਰੋਗੀ ਨੂੰ ਪਾਣੀ ਵਿਚ ਨਿੰਬੂ ਦਾ ਰਸ, ਹਲਕਾ ਸੇਂਧਾ ਨਮਕ ਅਤੇ ਦੇਸੀ ਖੰਡ ਮਿਲਾ ਕੇ ਪਿਲਾਉ। ਢਿੱਡ ਦੇ ਉਪਰ ਮਿੱਟੀ ਜਾਂ ਪਾਣੀ ਦੀ ਗਿੱਲੀ ਪੱਟੀ ਦਾ ਪ੍ਰਯੋਗ ਕਰੋ। ਜੇਕਰ ਬਦਹਜ਼ਮੀ ਹੋਈ ਹੋਵੇ ਤਾਂ ਵਮਨ/ਕੁੰਜਲ ਕਿਰਿਆ ਨਾਲ ਪੇਟ ਦੀ ਸਫਾਈ ਕਰ ਲੈਣੀ ਚਾਹੀਦੀ ਹੈ। ਦਸਤ ਲੱਗਣ ‘ਤੇ ਦਿਨ ਵਿਚ 5-6 ਵਾਰ ਦਹੀਂ ਜਾਂ ਲੱਸੀ ਪੀਣ ਨਾਲ ਰੋਗੀ ਨੂੰ ਛੇਤੀ ਹੀ ਆਰਾਮ ਆ ਜਾਵੇਗਾ।
ਬੁਖਾਰ: ਜਦੋਂ ਵੀ ਬੁਖਾਰ ਆਵੇ ਤਾਂ ਸਮਝ ਲਉ ਕਿ ਸਰੀਰ ਦੇ ਅੰਦਰ ਬਾਹਰੀ ਤੱਤਾਂ ਦੀ ਮਾਤਰਾ ਵੱਧ ਗਈ ਹੈ ਅਤੇ ਕੁਦਰਤ ਨੇ ਸਾਡੇ ਸਰੀਰ ਦਾ ਤਾਪਮਾਨ ਵਧਾ ਕੇ ਅੰਦਰ ਪੈਦਾ ਹੋ ਰਹੇ ਕੀਟਾਣੂਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਹੈ। ਜੇਕਰ ਅਸੀਂ ਬੁਖਾਰ ਨੂੰ ਰੋਕ ਦਿੰਦੇ ਹਾਂ ਤਾਂ ਉਹ ਬਾਹਰੀ ਤੱਤ ਸਰੀਰ ਦੇ ਕਿਸੇ ਵੀ ਹਿੱਸੇ ‘ਤੇ ਅਸਰ ਕਰ ਦਿੰਦੇ ਹਨ ਅਤੇ ਦੂਸਰਾ ਰੋਗ ਪੈਦਾ ਕਰ ਦਿੰਦੇ ਹਨ। ਬੁਖਾਰ ਤੇਜ਼ ਹੋਵੇ ਤਾਂ ਗਿੱਲੀ ਪੱਟੀ ਸਿਰ ‘ਤੇ ਅਤੇ ਪੇਟ ‘ਤੇ ਰੱਖਣੀ ਚਾਹੀਦੀ ਹੈ। ਪੂਰੇ ਪਿੰਡੇ ਨੂੰ ਗਿੱਲੇ ਕੱਪੜੇ ਨਾਲ ਪੂੰਝਦੇ ਰਹਿਣਾ ਚਾਹੀਦਾ ਹੈ। ਜੇਕਰ ਬੁਖਾਰ ਠੰਢ ਲੱਗ ਕੇ ਚੜ੍ਹ ਰਿਹਾ ਹੋਵੇ ਤਾਂ ਗਰਮ ਪਾਣੀ ਵਿਚ ਨਿੰਬੂ ਅਤੇ ਚੁਟਕੀ ਕੁ ਕਾਲੀ ਮਿਰਚ ਪਾ ਕੇ ਥੋੜ੍ਹੀ-ਥੋੜ੍ਹੀ ਦੇਰ ਬਾਅਦ ਪਿਆਉਂਦੇ ਰਹੋ। ਜੇਕਰ ਬੁਖਾਰ ਠੰਢ ਲੱਗ ਕੇ ਨਾ ਚੜ੍ਹਿਆ ਹੋਵੇ ਤਾਂ ਗਰਮ ਦੀ ਥਾਂ ਤਾਜ਼ੇ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਐਸੀਡਿਟੀ: ਅਨਿਯਮਿਤ, ਅਣ-ਉਚਿਤ ਮੇਲ, ਜ਼ਿਆਦਾ ਮਿਰਚ-ਮਸਾਲਿਆਂ ਵਾਲੇ ਭੋਜਨ ਖਾਣ ਨਾਲ ਐਸੀਡਿਟੀ ਹੁੰਦੀ ਹੈ। ਐਸੀਡਿਟੀ ਹੋਣ ‘ਤੇ ਵਮਨ ਜਾਂ ਕੁੰਜਲ ਰਾਹੀਂ ਪੇਟ ਦੀ ਸਫਾਈ ਕਰਨੀ ਚਾਹੀਦੀ ਹੈ। ਦਿਨ ਵਿਚ 3-4 ਵਾਰੀ ਕੋਸੇ ਪਾਣੀ ਵਿਚ ਨਿੰਬੂ ਦਾ ਰਸ ਅਤੇ ਸ਼ਹਿਦ ਪਾ ਕੇ ਪੀਓ। ਜਿਵੇਂ-ਜਿਵੇਂ ਠੀਕ ਹੋਣ ਲੱਗੋ ਤਾਂ ਕੋਸੇ ਪਾਣੀ ਦੀ ਥਾਂ ਤਾਜ਼ੇ ਪਾਣੀ ਦੀ ਵਰਤੋਂ ਕਰੋ। ਕੱਚਾ ਠੰਢਾ ਦੁੱਧ ਜਾਂ ਲੱਸੀ ਥੋੜ੍ਹੀ-ਥੋੜ੍ਹੀ ਦੇਰ ਬਾਅਦ ਘੁੱਟ-ਘੁੱਟ ਭਰ ਕੇ ਪੀਓ। ਮੂੰਹ ਵਿਚ 1-2 ਲੌਂਗ ਜਾਂ ਅਦਰਕ ਦਾ ਟੁਕੜਾ ਪਾ ਕੇ ਚੂਸਦੇ ਰਹੋ। ਜੇਕਰ ਪੇਟ ਵਿਚ ਗੈਸ ਹੋਵੇ ਤਾਂ ਇਕ ਛੋਟਾ ਜਿਹਾ ਟੁਕੜਾ ਹੀਂਗ ਦਾ ਕੋਸੇ ਪਾਣੀ ਨਾਲ ਲੈ ਸਕਦੇ ਹੋ।
ਉਪਰ ਦਿੱਤੇ ਹਰੇਕ ਰੋਗ ਦਾ ਇਲਾਜ ਕਾਫੀ ਹੱਦ ਤਕ ਇਕੋ ਤਰ੍ਹਾਂ ਦਾ ਹੈ ਅਤੇ ਇਕ ਬਿਮਾਰੀ ਦਾ ਇਲਾਜ ਕਰਨ ‘ਤੇ ਦੂਜੀ ਆਪਣੇ ਆਪ ਹੀ ਠੀਕ ਹੋ ਜਾਂਦੀ ਹੈ। ਇਹੀ ਨੇਚਰੋਪੈਥੀ ਦੀ ਵਿਸ਼ੇਸ਼ਤਾ ਹੈ ਕਿ ਇਹ ਰੋਗ ਦਾ ਨਹੀਂ, ਸਗੋਂ ਰੋਗੀ ਦਾ ਇਲਾਜ ਕਰਦੀ ਹੈ। ਨੇਚਰੋਪੈਥੀ ਦਾ ਇਕ ਸਭ ਤੋਂ ਮਹੱਤਵਪੂਰਣ ਸਿਧਾਂਤ ”ਸਾਰੇ ਰੋਗ ਇਕ, ਉਨ੍ਹਾਂ ਦਾ ਕਾਰਨ ਇਕ ਅਤੇ ਉਨ੍ਹਾਂ ਦਾ ਇਲਾਜ ਵੀ ਇਕ” ਹੈ। ਇਸ ਲੇਖ ਦਾ ਮਕਸਦ ਪਾਠਕਾਂ ਨੂੰ ਨਾ ਸਿਰਫ ਇਲਾਜ ਦੀ ਇਸ ਪ੍ਰਣਾਲੀ ਬਾਰੇ ਜਾਣੂ ਕਰਵਾਉਣਾ ਹੈ, ਸਗੋਂ ਇਹ ਵੀ ਯਤਨ ਕਰਨਾ ਹੈ ਕਿ ਪਾਠਕ ਇਸ ਪ੍ਰਣਾਲੀ ਨੂੰ ਜਿੰਨਾ ਵੱਧ ਹੋ ਸਕੇ, ਅਪਨਾਉਣ। ਇਸ ਲਈ ਸਭ ਤੋਂ ਜ਼ਰੂਰੀ ਇਸ ਪ੍ਰਣਾਲੀ ਉਤੇ ਵਿਸ਼ਵਾਸ ਕਰਨਾ ਹੈ। ਜਿੰਨਾ ਸਬਰ ਨਾਲ ਅਸੀਂ ਇਸ ਪ੍ਰਣਾਲੀ ਨੂੰ ਅਪਣਾਵਾਂਗੇ, ਓਨਾ ਹੀ ਵੱਧ ਦਵਾਈਆਂ ਦੇ ਮਾਰੂ ਪ੍ਰਭਾਵਾਂ ਤੋਂ ਬਚਾਂਗੇ ਅਤੇ ਆਪਣੇ ਤਨ ਅਤੇ ਮਨ ਨੂੰ ਨਿਰੋਗ ਬਣਾਵਾਂਗੇ।
ਨੇਚਰੋਪੈਥੀ ਅਨੁਸਾਰ ਤੰਦਰੁਸਤ ਵਿਅਕਤੀ ਦੀਆਂ ਨਿਸ਼ਾਨੀਆਂ
r ਜਿਸ ਨੂੰ ਚੰਗੀ ਭੁੱਖ ਲੱਗੇ।
r ਜਿਸ ਨੂੰ ਗੂੜ੍ਹੀ ਨੀਂਦ ਆਉਂਦੀ ਹੋਵੇ।
r ਜਿਸ ਦਾ ਸਿਰ ਠੰਢਾ, ਪੇਟ ਨਰਮ ਅਤੇ ਪੈਰ ਗਰਮ ਰਹਿੰਦੇ ਹੋਣ।
r ਜਿਸ ਦੀ ਜੀਭ ਗੁਲਾਬੀ, ਸਾਫ ਅਤੇ ਮੁਲਾਇਮ ਰਹਿੰਦੀ ਹੋਵੇ।
r ਜਿਸ ਦੀਆਂ ਅੱਖਾਂ ਸਾਫ ਅਤੇ ਚਮਕਦਾਰ ਹੋਣ।
r ਜਿਸ ਦੀ ਚਮੜੀ ਮੁਲਾਇਮ, ਲਚਕੀਲੀ ਅਤੇ ਚਿਕਨੀ ਹੋਵੇ।
r ਜਿਹੜਾ ਹਮੇਸ਼ਾ ਤਰੋ-ਤਾਜ਼ਾ, ਊਰਜਾਵਾਨ ਅਤੇ ਚੜ੍ਹਦੀ-ਕਲਾ ਵਿਚ ਰਹਿੰਦਾ ਹੋਵੇ।
r ਜਿਹੜਾ ਆਸ਼ਾਵਾਦੀ ਹੋਵੇ।
r ਜਿਸਦਾ ਸਰੀਰ ਲਚਕੀਲਾ ਹੋਵੇ।
r ਜਿਸ ਵਿਚ ਗੁੱਸਾ, ਨਫਰਤ ਅਤੇ ਈਰਖਾ ਦੀ ਭਾਵਨਾ ਨਾ ਹੋਵੇ।
ਬਾਹਰੀ ਤੱਤਾਂ ਨੂੰ ਦੂਰ ਕਰਨ ਲਈ ਕੁਝ ਨੁਕਤੇ
r ਇਸ਼ਨਾਨ ਰੋਜ਼ਾਨਾ, ਤਾਜ਼ੇ ਪਾਣੀ ਨਾਲ ਕਰੋ। ਇਹ ਸਾਡੇ ਤਨ ਨੂੰ ਸਾਫ ਕਰੇਗਾ ਅਤੇ ਸਾਨੂੰ ਨਿਰੋਗ ਰੱਖੇਗਾ। ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ। ਜੇਕਰ ਪਾਣੀ ਜ਼ਿਆਦਾ ਠੰਢਾ ਹੋਵੇ ਤਾਂ ਠਾਰ ਭੰਨ੍ਹੀ ਜਾ ਸਕਦੀ ਹੈ।
r ਨਹਾਉਣ ਤੋਂ ਬਾਅਦ ਪੂਰੇ ਪਿੰਡੇ ਨੂੰ ਚੰਗੀ ਤਰ੍ਹਾਂ ਰਗੜ ਕੇ ਪੂੰਝੋ। ਹਰੇਕ ਹਿੱਸੇ ਨੂੰ ਪੰਜ-ਛੇ ਵਾਰੀ ਰਗੜੋ। ਇਸ ਨਾਲ ਨਾ ਕੇਵਲ ਖ਼ੂਨ ਦਾ ਦੌਰਾ ਸਹੀ ਹੋਵੇਗਾ, ਸਗੋਂ ਰੋਮ ਵੀ ਖੁੱਲ੍ਹਣਗੇ ਅਤੇ ਬਾਹਰੀ ਤੱਤ ਵੀ ਪਸੀਨੇ ਰਾਹੀਂ ਬਾਹਰ ਨਿਕਲਣਗੇ।
r ਰੋਜ਼ਾਨਾ ਘੱਟੋ-ਘੱਟ ਅੱਧਾ ਘੰਟਾ ਵਾਯੂ-ਇਸ਼ਨਾਨ ਕਰੋ। ਖੁੱਲ੍ਹੀ ਹਵਾ ਵਿਚ ਘੁੰਮਣ ਨਾਲ ਭੁੱਖ ਤੇ ਹਾਜ਼ਮਾ ਸ਼ਕਤੀ ਵਧਦੀ ਹੈ। ਚਮੜੀ ਰਾਹੀਂ ਤਾਜ਼ੀ ਹਵਾ ਸਰੀਰ ਦੇ ਅੰਦਰ ਪ੍ਰਵੇਸ਼ ਕਰਦੀ ਹੈ ਤੇ ਅੰਦਰਲੇ ਸਾਰੇ ਅੰਗਾਂ ਨੂੰ ਊਰਜਿਤ ਕਰਦੀ ਹੈ। ਮਾਸਪੇਸ਼ੀਆਂ ਤੰਦਰੁਸਤ ਤੇ ਮਜ਼ਬੂਤ ਹੋ ਜਾਂਦੀਆਂ ਹਨ ਅਤੇ ਚੰਗੀ ਨੀਂਦ ਆਉਂਦੀ ਹੈ।
r ਧੁੱਪ-ਇਸ਼ਨਾਨ ਵੀ ਸਰੀਰ ਲਈ ਓਨਾ ਹੀ ਲਾਜ਼ਮੀ ਹੈ। ਧੁੱਪ ਇਸ਼ਨਾਨ ਲੈਣ ਨਾਲ ਸਰੀਰ ਦਾ ਨਿਰਮਾਣ ਕਾਰਜ, ਖ਼ੂਨ ਵਿਚ ਲਾਲ ਅਤੇ ਸਫੇਦ ਕਣਾਂ ਦੀ ਮਾਤਰਾ ਅਤੇ ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ ਵਧਦੀ ਹੈ। ਸਰੀਰ ਲਈ ਲੋੜੀਂਦੇ ਵਿਟਾਮਿਨ-ਡੀ ਦੀ ਕਮੀ ਰੋਜ਼ਾਨਾ ਕੁਝ ਮਿੰਟਾਂ ਦੇ ਧੁੱਪ-ਇਸ਼ਨਾਨ ਨਾਲ ਹੀ ਪੂਰੀ ਹੋ ਜਾਂਦੀ ਹੈ। ਕਦੇ ਵੀ ਮੂੰਹ ਢੱਕ ਕੇ ਨਾ ਸੌਂਵੋ। ਇਸ ਨਾਲ ਜਿਹੜੀ ਜਹਿਰੀਲੀ ਗੈਸ ਅਸੀਂ ਸਾਹ ਰਾਹੀਂ ਬਾਹਰ ਕੱਢਦੇ ਹਾਂ, ਉਹੀ ਫੇਰ ਸਾਹ ਰਾਹੀਂ ਅੰਦਰ ਲੈ ਜਾਂਦੇ ਹਾਂ ਜਿਸ ਨਾਲ ਖੂਨ ਦੂਸ਼ਿਤ ਹੋ ਜਾਂਦਾ ਹੈ ਅਤੇ ਕਈ ਤਰ੍ਹਾਂ ਦੇ ਰੋਗਾਂ ਨੂੰ ਜਨਮ ਦਿੰਦਾ ਹੈ।
r ਕੁਦਰਤੀ ਵੇਗਾਂ ਭਾਵ ਮਲ, ਮੂਤਰ, ਡਕਾਰ, ਛਿੱਕ, ਉਲਟੀ, ਗੈਸ ਨੂੰ ਕਦੇ ਨਾ ਰੋਕੋ। ਇਹ ਸਰੀਰ ਵਿਚ ਕਈ ਤਰ੍ਹਾਂ ਦੇ ਵਿਕਾਰਾਂ ਦਾ ਕਾਰਣ ਬਣ ਸਕਦਾ ਹੈ। ਇਸੇ ਤਰ੍ਹਾਂ ਖਾਂਸੀ-ਜ਼ੁਕਾਮ ਹੋਣ ‘ਤੇ ਬਲਗਮ ਜਾਂ ਰੇਸ਼ੇ ਨੂੰ ਵੀ ਨਾਲੋ-ਨਾਲ ਬਾਹਰ ਕੱਢਦੇ ਰਹੋ। ਹਮੇਸ਼ਾ ਖੱਬੀ ਕਰਵਟ ਲੈ ਕੇ ਸੌਂਵੋ। ਇਸ ਨਾਲ ਪਾਚਣ ਕਿਰਿਆ ਦਰੁਸਤ ਰਹਿੰਦੀ ਹੈ, ਦਿਲ ਅਤੇ ਜਿਗਰ ਸਹੀ ਕਾਰਜ ਕਰਦੇ ਹਨ, ਅਤੇ ਮਲ ਦੀ ਨਿਕਾਸੀ ਆਸਾਨੀ ਨਾਲ ਹੁੰਦੀ ਹੈ। ਕਹਿੰਦੇ ਹਨ ਸਿੱਧਾ ਸੌਂਵੇ ਯੋਗੀ, ਪੁੱਠਾ ਸੌਂਵੇ ਭੋਗੀ, ਸੱਜੇ ਸੌਂਵੇ ਰੋਗੀ, ਖੱਬੇ ਸੌਂਵੇ ਨਿਰੋਗੀ।
ਮੋਬਾਈਲ : 98147-11605

Leave a Reply

Your email address will not be published. Required fields are marked *