ਭਾਰਤ ਨੇ ਰਚਿਆ ਇਤਿਹਾਸ, 71 ਸਾਲ ਵਿਚ ਪਹਿਲੀ ਵਾਰ ਆਸਟਰੇਲੀਆ ‘ਚ ਜਿੱਤੀ ਟੈਸਟ ਸਿਰੀਜ਼

ਸਿਡਨੀ (ਨਦਬ) : ਭਾਰਤ ਅਤੇ ਆਸਟਰੇਲੀਆ ਵਿਚਾਲੇ ਚਾਰ ਮੈਚ ਦੀ ਸੀਰੀਜ਼ ਦਾ ਇਥੇ ਖੇਡਿਆ ਗਿਆ ਆਖ਼ਰੀ ਟੈਸਟ ਡਰਾਅ ਹੋ ਗਿਆ। ਇਸ ਦੇ ਨਾਲ ਹੀ ਭਾਰਤ ਨੇ ਚਾਰ ਟੈਸਟ ਦੀ ਇਹ ਸੀਰੀਜ਼ 2-1 ਨਾਲ ਜਿੱਤ ਲਈ। ਭਾਰਤ ਨੇ 71 ਸਾਲ ਦੇ ਇਤਿਹਾਸ ਵਿਚ ਆਸਟਰੇਲੀਆ ਵਿਚ ਪਹਿਲੀ ਵਾਰ ਟੈਸਟ ਸਿਰੀਜ਼ ਜਿੱਤੀ ਹੈ। ਉਥੇ ਆਸਟਰੇਲੀਆ ਵਿਚ ਸੀਰੀਜ਼ ਜਿੱਤਣ ਵਾਲਾ ਦੁਨੀਆ ਦੀ ਪੰਜਵੀਂ ਤੇ ਏਸ਼ੀਆ ਦੀ ਪਹਿਲੀ ਟੀਮ ਹੈ। ਇਸ ਤੋਂ ਪਹਿਲਾਂ ਇੰਗਲੈਂਡ, ਵੈਸਟਇੰਡੀਜ਼, ਦੱਖਣੀ ਅਫਰੀਕਾ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਆਸਟਰੇਲੀਆ ਵਿਚ ਸੀਰੀਜ਼ ਜਿੱਤ ਚੁੱਕੀਆਂ ਹਨ। ਇਸ ਤੋਂ ਪਹਿਲਾਂ ਮੀਂਹ ਕਾਰਨ ਬਾਰਡਰ-ਗਵਾਸਕਰ ਟਰਾਫੀ ਦੇ ਚੌਥੇ ਅਤੇ ਆਖ਼ਰੀ ਟੈਸਟ ਦੇ ਆਖ਼ਰੀ ਦਿਨ ਦੀ ਖੇਡ ਰੱਦ ਹੋ ਗਈ।
ਮੈਨ ਆਫ਼ ਦੀ ਸੀਰੀਜ਼ : ਪੁਜਾਰਾ ਨੇ 74.42 ਦੀ ਔਸਤ ਨਾਲ 521 ਰਨ ਬਣਾਏ, ਜਿਸ ਵਿਚ ਤਿੰਨ ਸੈਂਕੜੇ ਸ਼ਾਮਲ ਹਨ। ਉਨ੍ਹਾਂ ਨੂੰ ਇਸ ਇਤਿਹਾਸਕ ਜਿੱਤ ‘ਤੇ ਮੈਨ ਆਫ਼ ਦੀ ਸੀਰੀਜ਼ ਚੁਣਿਆ ਗਿਆ। ਇਸ ਤੋਂ ਇਲਾਵਾ ਸਿਡਨੀ ਟੈਸਟ ਵਿਚ 193 ਦੌੜਾਂ ਦੀ ਪਾਰੀ ਦੀ ਬਦੌਲਤ ਮੈਨ ਆਫ਼ ਦੀ ਮੈਚ ਵੀ ਰਹੇ। ਪੁਜਾਰਾ ਪਹਿਲੀ ਵਾਰ ਕਿਸੇ ਟੈਸਟ ਸੀਰੀਜ਼ ਵਿਚ ਮੈਨ ਆਫ਼ ਦੀ ਸੀਰੀਜ਼ ਚੁਣੇ ਗਏ ਹਨ।
ਕਿਉਂ ਨਿਰਾਸ਼ ਦਿਖੇ ਵਿਰਾਟ : ਮੈਚ ਜਿੱਤਣ ਤੋਂ ਬਾਅਦ ਵਿਰਾਟ ਕੋਹਲੀ ਦੀ ਸਪੀਚ ਵਿਚ ਉਨ੍ਹਾਂ ਦੀ ਨਿਰਾਸ਼ਾ ਵੀ ਦਿਖੀ। ਉਨ੍ਹਾਂ ਨੇ ਕਿਹਾ ਕਿ ਅਸੀਂ ਸੀਰੀਜ਼ ਜਿੱਤ ਕੇ ਬਹੁਤ ਖ਼ੁਸ਼ ਹਾਂ, ਪਰ ਇਹ ਸੀਰੀਜ਼ 2-1 ਦੀ ਥਾਂ 3-1 ਨਾਲ ਜਿੱਤਣਾ ਚਾਹੁੰਦੇ ਸੀ। ਉਨ੍ਹਾਂ ਕਿਹਾ ਕਿ ਮੀਂਹ ਅਤੇ ਖ਼ਰਾਬ ਰੌਸ਼ਨੀ ਕਾਰਨ ਅਸੀਂ ਅਜਿਹਾ ਨਹੀਂ ਕਰ ਸਕੇ ਅਤੇ ਇਸ ਲਈ ਅਸੀਂ ਨਿਰਾਸ਼ ਹਾਂ, ਪਰ ਮੌਸਮ ‘ਤੇ ਸਾਡਾ ਵੱਸ ਨਹੀਂ ਚਲਦਾ।
ਇਸ ਟੈਸਟ ਵਿਚ ਭਾਰਤ ਨੇ ਟਾਸ ਜਿੱਤਿਆ ਤੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ। ਉਸ ਨੇ ਸੱਤਵੇਂ ਵਿਕਟ ‘ਤੇ 622 ਦੌੜਾਂ ਬਣਾ ਕੇ ਆਪਣੀ ਪਹਿਲੀ ਪਾਰੀ ਐਲਾਨੀ। ਆਸਟਰੇਲੀਆ ਦੀ ਪਹਿਲੀ ਪਾਰੀ 300 ਦੌੜ ‘ਤੇ ਆਲ ਆਉਟ ਹੋਈ। ਭਾਰਤ ਨੇ ਉਸ ਨੂੰ ਫਾਲੋਆਨ ਦਿੱਤਾ। ਆਸਟਰੇਲੀਆ ਨੇ ਟੈਸਟ ਦੇ ਚੌਥੇ ਦਿਨ ਫਾਲੋਆਨ ਖੇਡਦੇ ਹੋਏ ਦੂਸਰੀ ਪਾਰੀ ਵਿਚ ਬਿਨਾਂ ਵਿਕਟ ਗਵਾਇੰਆ ਛੇ ਦੌੜਾਂ ਹੀ ਬਣਾਈਆਂ ਸਨ ਕਿ ਖ਼ਰਾਬ ਰੌਸ਼ਨੀ ਕਾਰਨ ਤੀਸਰੇ ਸੈਸ਼ਨ ਦਾ ਖੇਡ ਰੱਦ ਕਰਨਾ ਪਿਆ। ਚੌਥੇ ਦਿਨ ਮੀਂਹ ਕਾਰਨ ਪਹਿਲੇ ਸੈਸ਼ਨ ਦਾ ਖੇਡ ਨਾ ਹੋਣ ਸਕਿਆ। ਪੰਜਵੇਂ ਦਿਨ ਵੀ ਮੀਂਹ ਪੈਂਦਾ ਰਿਹਾ। ਪਹਿਲੇ ਸੈਸ਼ਨ ਦਾ ਖੇਡ ਬਰਬਾਦ ਹੋ ਚੁੱਕਾ ਸੀ।
1947 ਤੋਂ ਆਸਟਰੇਲੀਆ ਵਿਚ ਸੀਰੀਜ਼ ਖੇਡ ਰਿਹਾ ਭਾਰਤ : ਟੀਮ ਇੰਡੀਆ ਨੇ ਆਸਟਰੇਲੀਆ ਵਿਚ 1947 ਵਿਚ ਪਹਿਲੀ ਟੈਸਟ ਸੀਰੀਜ਼ ਖੇਡੀ ਸੀ। ਉਦੋਂ ਤੋਂ ਹੁਣ ਤੱਕ ਉਹ 12 ਟੈਸਟ ਸੀਰੀਜ਼ ਖੇਡ ਚੁੱਕਾ ਹੈ। ਇਹ ਉਸ ਦੀ ਪਹਿਲੀ ਸੀਰੀਜ਼ ਜਿੱਤ ਹੈ। ਉਸ ਨੇ ਆਸਟਰੇਲੀਆ ਵਿਚ 8 ਸੀਰੀਜ਼ ਗਵਾਈਆਂ, ਜਦਕਿ ਤਿੰਨ ਡਰਾਅ ਕਰਾਉਣ ਵਿਚ ਸਫਲ ਰਿਹਾ। ਆਸਟਰੇਲੀਆ ਚਿਵ ਉਸ ਨੇ ਦੂਸਰੀ ਵਾਰ ਸੀਰੀਜ਼ ਵਿਚ ਦੋ ਟੈਸਟ ਜਿੱਤੇ ਹਨ। ਇਸ ਤੋਂ ਪਹਿਲਾਂ ਉਸ ਨੇ 1977-78 ਵਿਚ ਪੰਜ ਮੈਚ ਦੀ ਸੀਰੀਜ਼ ਵਿਚ ਦੋ ਟੈਸਟ ਜਿੱਤੇ ਸਨ, ਪਰ ਉਦੋਂ ਆਸਟਰੇਲੀਆ ਨੇ ਤਿੰਨ ਟੈਸਟ ਜਿੱਤ ਕੇ ਸੀਰੀਜ਼ ‘ਤੇ ਕਬਜ਼ਾ ਜਮਾਇਆ ਸੀ।
ਵਿਦੇਸ਼ ਵਿਚ ਭਾਰਤ ਦੀ 19ਵੀਂ ਟੈਸਟ ਸੀਰੀਜ਼ ਜਿੱਤ : ਭਾਰਤੀ ਟੀਮ ਵਿਦੇਸ਼ ਵਿਚ ਹੁਣ ਤੱਕ 82 ਟੈਸਟ ਸੀਰੀਜ਼ ਖੇਡ ਚੁੱਕੀ ਹੈ। ਇਸ ਵਿਚੋਂ ਉਹ ਸਿਰਫ਼ 19 ਨੂੰ ਜਿੱਤਣ ਵਿਚ ਸਫਲ ਰਿਹਾ ਹੈ, ਜਦਕਿ 15 ਡਰਾਅ ਕਰਵਾਏ ਹਨ। ਉਸ ਨੂੰ ਵਿਦੇਸ਼ ਵਿਚ 48 ਟੈਸਟ ਸੀਰੀਜ਼ ਵਿਚ ਹਾਰ ਮਿਲੀ ਹੈ। ਉਸ ਨੇ ਵਿਦੇਸ਼ ਵਿਚ ਇੰਗਲੈਂਡ ਖ਼ਿਲਾਫ਼ 18, ਆਸਟਰੇਲੀਆ ਖ਼ਿਲਾਫ਼ 12, ਵੈਸਟਇੰਡੀਜ਼ ਖ਼ਿਲਾਫ਼ 11, ਨਿਊਜ਼ੀਲੈਂਡ ਖ਼ਿਲਾਫ਼ 9, ਪਾਕਿਸਤਾਨ ਅਤੇ ਸ਼੍ਰੀਲੰਕਾ ਖ਼ਿਲਾਫ਼ 8-8, ਦੱਖਣੀ ਅਫਰੀਕਾ ਖ਼ਿਲਾਫ਼ 7, ਬੰਗਲਾਦੇਸ਼ ਖ਼ਿਲਾਫ਼ 5 ਅਤੇ ਜਿੰਬਾਵੇ ਖ਼ਿਲਾਫ਼ 4 ਟੈਸਟ ਸੀਰੀਜ਼ ਖੇਡੀਆਂ ਹਨ।