ਮਨੂ ਭਾਕਰ ਨੇ ਮੰਗਿਆ ਆਪਣਾ ਇਨਾਮ ਤਾਂ ਮੰਤਰੀ ਹੋ ਗਏ ਨਾਰਾਜ਼

ਬੋਲੇ-ਖੇਡ ‘ਤੇ ਧਿਆਨ ਦੇਵੋ, ਮੁਆਫ਼ੀ ਮੰਗੋ
ਹਰਿਆਣਾ (ਨਦਬ) : ਕੌਮਾਂਤਰੀ ਨਿਸ਼ਾਨੇਬਾਜ਼ੀ ਤੇ ਯੂਥ ਓਲੰਪਿਕ ਵਿਚ ਸ਼ੂਟਿੰਗ ਵਿਚ ਗੋਲਡ ਜਿੱਤਣ ਵਾਲੀ ਮਨੂ ਭਾਕਰ ਦੀ ਪੁਰਸਕਾਰ ਰਾਸ਼ੀ ਨੂੰ ਲੈ ਕੇ ਜਾਰੀ ਵਿਵਾਦ ਦੌਰਾਨ ਹੁਣ ਹਰਿਆਆ ਸਰਕਾਰ ਵਲੋਂ ਜਵਾਬ ਆਇਆ ਹੈ। ਇਕ ਪਾਸੇ ਜਿੱਥੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਮਨੂ ਨੂੰ ਇਨਾਮ ਦੀ ਰਾਸ਼ੀ ਜ਼ਰੂਰ ਮਿਲੇਗੀ, ਉਥੇ ਖੇਡ ਮੰਤਰੀ ਅਨਿਲ ਵਿਜ ਨੇ ਸਲਾਹ ਦਿੱਤੀ ਹੈ ਕਿ ਸਿਰਫ਼ ਖੇਡ ‘ਤੇ ਧਿਆਨ ਦੋਵੇ। ਹਾਲਾਂਕਿ ਖੱਟਰ ਨੇ ਵੀ ਕਿਹਾ ਹੈ ਕਿ ਟਵੀਟ ਕਰਨ ਦਾ ਤਰੀਕਾ ਸਹੀ ਨਹੀਂ ਹੈ। ਜ਼ਿਕਰਯੋਗ ਹੈ ਕਿ ਯੂਥ ਓਲੰਪਿਕ 2018 ਵਿਚ ਗੋਲਡ ਜਿੱਤਣ ਤੋਂ ਬਾਅਦ 16 ਸਾਲ ਦੀ ਮਨੂ ਨੂੰ ਸੁਬਾ ਸਰਕਾਰ ਨੇ 2 ਕਰੋੜ ਰੁਪਏ ਦਾ ਨਕਦ ਪੁਰਸਕਾਰ ਦੇਣ ਦਾ ਵਾਅਦਾ ਕੀਤਾ ਸੀ ਜੋ ਇਸ ਨਿਸ਼ਾਨੇਬਾਜ਼ ਨੂੰ ਹਾਲੇ ਤੱਕ ਨਹੀਂ ਮਿਲਿਆ ਹੈ। ਮਨੂ ਭਾਕਰ ਨੇ ਟਵਿਟੱਰ ‘ਤੇ ਹੀ ਪੁਛਿਆ ਹੈ ਕਿ ਕੀ ਇਹ ਐਲਾਨ ਸਹੀ ਸੀ ਜਾਂ ਫੇਰ ਜੁਮਲਾ ਸੀ।
ਦਰਅਸਲ, ਮਨੂ ਭਾਕਰ ਨੇ ਬੀਤੇ ਸਾਲ ਕਰੀਬ ਤਿੰਨ ਮਹੀਨੇ ਪਹਿਲਾਂ ਬਿਊਨਸ ਆਇਰਸ ਵਿਚ ਹੋਏ ਯੂਥ ਓਲੰਪਿਕ ਖੇਡਾਂ ਵਿਚ ਸ਼ੂਟਿੰਗ ਵਿਚ ਗੋਲਡ ਮੈਡਲ ਜਿੱਤਿਆ, ਤਾਂ ਹਰਿਆਣਾ ਸਰਕਾਰ ਵਲੋਂ ਉਨ੍ਹਾਂ ਨੂੰ ਦੋ ਕਰੋੜ ਰੁਪਏ ਦਾ ਇਨਾਮ ਦਾ ਐਲਾਨ ਕੀਤਾ ਗਿਆ। ਪਰ ਇਨਾਮ ਮਿਲਣ ‘ਤੇ ਜਦੋਂ ਮਨੂ ਨੇ ਸਰਕਾਰ ਨੂੰ ਟਵੀਟ ਕਰਕੇ ਯਾਦ ਕਰਵਾਇਆ ਤਾਂ ਖੇਡ ਮੰਤਰੀ ਨਾਰਾਜ਼ ਹੋ ਗਏ ਤੇ ਮਨੂ ਨੂੰ ਖੇਡਾਂ ਵੱਲ ਨਾ ਸਿਰਫ਼ ਧਿਆਨ ਦੇਣ ਦੀ ਸਲਾਹ ਦਿੱਤੀ, ਸਗੋਂ ਮੁਆਫ਼ੀ ਵੀ ਮੰਗਣ ਲਈ ਕਿਹਾ।