ਬਾਵਾ ਬਲਵੰਤ ਦੀਆਂ ਕਵਿਤਾਵਾਂ

ਬਾਵਾ ਬਲਵੰਤ (ਅਗਸਤ 1915 – 1972) ਦਾ ਜਨਮ ਪਿੰਡ ਨੇਸ਼ਟਾ, ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਉਨ੍ਹਾਂ ਦਾ ਬਚਪਨ ਦਾ ਨਾਂ ਮੰਗਲ ਸੈਨ ਸੀ। ਫਿਰ ਬਲਵੰਤ ਰਾਏ ਅਤੇ ਬਾਅਦ ਵਿਚ ਬਾਵਾ ਬਲਵੰਤ ਬਣਿਆਂ। ਉਨ੍ਹਾਂ ਨੂੰ ਸਕੂਲੀ ਵਿੱਦਿਆ ਪ੍ਰਾਪਤ ਕਰਨ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਨੇ ਆਪਣੀ ਮਿਹਨਤ ਨਾਲ਼ ਸੰਸਕ੍ਰਿਤ, ਹਿੰਦੀ, ਉਰਦੂ ਅਤੇ ਫ਼ਾਰਸੀ ਭਾਸ਼ਾਵਾਂ ਸਿੱਖੀਆਂ ਅਤੇ ਸਾਹਿਤ ਦਾ ਅਧਿਐਨ ਕੀਤਾ। ਆਪਣੀਆਂ ਆਰਥਕ ਲੋੜਾਂ ਲਈ ਉਨ੍ਹਾਂ ਨੇ ਗੱਤੇ ਦੇ ਡੱਬੇ ਬਣਾਉਣ ਤੋਂ ਲੈ ਕੇ, ਲਫ਼ਾਫ਼ੇ ਬਣਾਉਣ, ਸੂਤ ਦੀ ਰੰਗਾਈ ਦਾ ਕੰਮ ਅਤੇ ਖੱਦਰ ਦੀਆਂ ਟੋਪੀਆਂ ਬਣਾਉਣ ਦਾ ਕੰਮ ਵੀ ਕੀਤਾ। ਉਨ੍ਹਾਂ ਦੀ ਪਹਿਲੀ ਰਚਨਾ ਸ਼ੇਰ-ਏ-ਹਿੰਦੀ 1830 ਵਿਚ ਉਰਦੂ ਵਿਚ ਛਪੀ, ਜੋ ਅੰਗ੍ਰੇਜ਼ ਸਰਕਾਰ ਨੇ ਜ਼ਬਤ ਕਰ ਲਈ। ਪੰਜਾਬੀ ਵਿਚ ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ; ਮਹਾਂ ਨਾਚ (1941), ਅਮਰ ਗੀਤ (1942), ਜਵਾਲਾਮੁਖੀ (1843), ਬੰਦਰਗਾਹ (1951) ਅਤੇ ਸੁਗੰਧ ਸਮੀਰ (1959) ।
ਪਿੱਪਲ ਦੀਆਂ ਛਾਵਾਂ
ਸਈਓ ਨੀ, ਢਲ ਚਲੀਆਂ ਪਿੱਪਲ ਦੀਆਂ ਛਾਵਾਂ !
ਆਵੇ ਕੌਲ ‘ਕਰਾਰਾਂ ਵਾਲਾ
ਮੈਂ ਕੀ ਸ਼ਗਨ ਮਨਾਵਾਂ ?
ਸਈਓ ਨੀ, ਢਲ ਚਲੀਆਂ ਪਿੱਪਲ ਦੀਆਂ ਛਾਵਾਂ!

ਪਲ ਵਿਚ ਦੇਸ ਪਰਾਇਆ ਹੋਸੀ
ਖੇਡ-ਖਿਲਾਰਾਂ ਵਾਲਾ;
ਨਾ ਖੇਡਾਂ, ਨਾ ਗਲੀਆਂ ਰਹਿਸਨ,
ਨਾ ਗੁਡੀਆਂ ਦੀਆਂ ਮਾਵਾਂ
ਸਈਓ ਨੀ, ਢਲ ਚਲੀਆਂ ਪਿੱਪਲ ਦੀਆਂ ਛਾਵਾਂ!

ਲੁਕ ਜਾਏਗਾ ਟਿਮਕਦਾ ਦੀਵਾ
ਧੁੰਦ ਗੁਬਾਰਾਂ ਉਹਲੇ;
ਅਗਲੇ ਰਾਹ ਵਿਚ ਕੋਈ ਨਾ ਦਿਸਦਾ
ਮੰਜ਼ਲ ਦਾ ਪਰਛਾਵਾਂ
ਚਲੋ ਨੀ, ਢਲ ਚਲੀਆਂ ਪਿੱਪਲ ਦੀਆਂ ਛਾਵਾਂ!

ਚੰਦ-ਕਰਮਾਂ ਦੀ ਨਜ਼ਰ ਨਾ ਆਏ
ਦੂਰ ਕਿਤੇ ਰੁਸ਼ਨਾਈ;
ਅਪਨੀ ਖੇਡ ਨਾ ਬੰਦ ਕਰੇ ਕਿਉਂ
ਸਾਡੀ ਖੇਡ ਮੁਕਾਈ?
ਬੁਝਦਾ ਦੇਖ ਕੇ ਆਲ ਦੁਆਲਾ
ਕੀ ਰੋਵਾਂ? ਕੀ ਗਾਵਾਂ?
ਆਵੋ ਨੀ, ਢਲ ਚਲੀਆਂ ਪਿੱਪਲ ਦੀਆਂ ਛਾਵਾਂ!
ਸਈਓ ਨੀ, ਢਲ ਚਲੀਆਂ ਪਿੱਪਲ ਦੀਆਂ ਛਾਵਾਂ!

ਫੂਲਾਂ ਰਾਣੀ
ਵਿਚ ਬਜ਼ਾਰਾਂ ਰੋਵੇ ਫੂਲਾਂ ਰਾਣੀ !
ਜਿਸ ਨੇ ਮਨ-ਧਰਤੀ ਤੇ ਬਾਗ਼ ਉਗਾਇਆ,
ਨੂਰ ਜਿਹਾ ਜਿਸ ਦੇ ਨੈਣਾਂ ਦਾ ਸਾਇਆ;
ਅੱਜ ਸੋਹਣੇ ਨੈਣਾਂ ‘ਚੋਂ ਜਾਵਣ ਕਿਰਦੇ
ਕੂਲੇ ਕੂਲੇ ਲਖ ਤਾਰੇ ਅਸਮਾਨੀ-
ਵਿਚ ਬਜ਼ਾਰਾਂ ਰੋਵੇ ਫੂਲਾਂ ਰਾਣੀ!

ਸ਼ੀਸ਼-ਜੜਤ ਹੈ ਹੰਝੂਆਂ ਨਾਲ ਵਿਚਾਰਾ
ਮੋਰਛਲੀ ਸਾੜ੍ਹੀ ਦਾ ਪੱਲਾ ਸਾਰਾ;
ਗਰੜ-ਪਰੀ-ਮਖ਼ਮਲ ਦੇ ਬਸਤਰ ਸੋਹਣੇ
ਕਰ ਦਿਤੇ ਹਨ ਮਲਤ ਨਜ਼ਰ ਦੇ ਰੋਣੇ;
ਮੁੱਕ ਚੱਲਿਆ ਹੈ ਦਿਲ-ਝਰਨੇ ਦਾ ਪਾਣੀ-
ਵਿਚ ਬਜ਼ਾਰਾਂ ਰੋਵੇ ਫੂਲਾਂ ਰਾਣੀ!

ਇਕ ਦਿਨ ਜਿਨ੍ਹ ਹੱਥਾਂ ਨੇ ਤਖ਼ਤ ਬਿਠਾਇਆ
ਅਜ ਹੱਥਾਂ ਵਿਚ ਕਾਸਾ-ਭੀਖ ਫੜਾਇਆ!
ਸੂਲਾਂ ਦੀ ਧਰਤੀ ਤੇ ਤੁਰਦੀ ਜਾਏ,
ਅਜ ਰਾਣੀ ਨੂੰ ਖ਼ੈਰ ਨਾ ਕੋਈ ਪਾਏ !
ਪੱਥਰ ਹਨ ਸਭ ਇਸ ਨਗਰੀ ਦੇ ਪ੍ਰਾਣੀ-
ਵਿਚ ਬਜ਼ਾਰਾਂ ਰੋਵੇ ਫੂਲਾਂ ਰਾਣੀ!

ਚੰਦ-ਨਗਰ ਤੋਂ ਪਰ ਜਿਸ ਦੇ ਬਣ ਆਏ,
ਵਿਸਮਾਦਾਂ ਨੇ ਜਿਸ ਦੇ ਵਾਲ ਸਜਾਏ,
ਜੋ ਆਨੰਦ ਲਿਆਈ ਧੁਰ ਮੰਜ਼ਲ ਤੋਂ,
ਉਤਰ ਗਈ ਉਹ ਇਨਸਾਨਾਂ ਦੇ ਦਿਲ ਤੋਂ!
ਖ਼ਾਕ ਬਣੀ ਹੈ ਅਜ ਇਸ ਦੀ ਕੁਰਬਾਨੀ-
ਵਿਚ ਬਜ਼ਾਰਾਂ ਰੋਵੇ ਫੂਲਾਂ ਰਾਣੀ!

ਖਾ ਚੁਕੇ ਤੇਰੇ ਬੁੱਲ੍ਹਾਂ ਦੀ ਲਾਲੀ!
ਕੌਣ ਕਰੇ ਹੁਣ ਹੱਡੀਆਂ ਦੀ ਰਖਵਾਲੀ?
ਹੁਸਨ ਲਈ ਇਹ ਸ਼ਰਤ ਅਨੋਖੀ ਠਹਿਰੀ
ਪਾਲਕ ਹੀ ਇਕ ਦਿਨ ਬਣਦੇ ਹਨ ਵੈਰੀ!
ਜਦ ਇਹ ਹੋਵੇ ਤਾਂ ਕੀ ਕਰੇ ਦੀਵਾਨੀ?
ਵਿਚ ਬਜ਼ਾਰਾਂ ਰੋਵੇ ਫੂਲਾਂ ਰਾਣੀ!

ਪਿੱਟ ਪਿੱਟ ਹੋ ਜਾ ਨੀਲੀ ਫੂਲਾਂ ਰਾਣੀ,
ਲਾਲ ਨਹੀਂ ਜਦ ਖ਼ੂਨ ਰਿਹਾ ਇਨਸਾਨੀ!

ਵਣਜਾਰੇ
ਨਾ ਆਏ ਦੂਰਾਂ ਦੇ ਵਣਜਾਰੇ!
ਜੋ ਗੁੱਡੀਆਂ ਦੀਆਂ ਖੇਡਾਂ ਅੰਦਰ
ਦੇਂਦੇ ਰਹੇ ਸਹਾਰੇ-
ਨਾ ਆਏ ਦੂਰਾਂ ਦੇ ਵਣਜਾਰੇ!

ਸਾਡੇ ਵਿਹੜੇ ਕਿਉਂ ਨਹੀਂ ਆਇਆ
ਹਾਰ-ਸ਼ਿੰਗਾਰਾਂ ਵਾਲਾ?
ਉਮਰ ਤੋਂ ਸਖਣੇ ਤਰਸ ਰਹੇ ਨੇ
ਮੇਰੇ ਅੰਗ ਵਿਚਾਰੇ-
ਨਾ ਆਏ ਦੂਰਾਂ ਦੇ ਵਣਜਾਰੇ!

ਮੇਰੇ ਰਾਤ ਦਿਨਾਂ ਨੇ ਉਸ ਦੇ
ਰਾਹ ਵਿਚ ਗੀਤ ਖਿਲਾਰੇ-
ਨਾ ਆਏ ਦੂਰਾਂ ਦੇ ਵਣਜਾਰੇ!

ਕਿਸ ਕਿਸ ਦੇਸ ਦਿਸੌਰਾਂ ਦੇ ਵਲ
ਬਣ ਭਿਖਿਆਰਨ ਜਾਵਾਂ?
ਉਸ ਦੀ ਪੰਡ ‘ਕਰਾਰਾਂ ਵਾਲੀ
ਕਿਸ ਨੂੰ ਫੋਲ ਵਿਖਾਵਾਂ?
ਕੌਣ ਬਣੇਗਾ ਦਰਦੀ ਮੇਰ ?
ਅਪਣੇ ਭਾਗ ਪਿਆਰੇ!
ਨਾ ਆਏ ਦੂਰਾਂ ਦੇ ਵਣਜਾਰੇ!

ਘਰ ਵਲ ਮੋੜ ਸੁਹਾਗ ਤੂੰ ਮੇਰਾ
ਅੰਤ-ਸੁਹਾਗਾਂ ਵਾਲੇ!
ਡੁਬ ਚੱਲੇ ਹਨ ਨੀਲਾਂ ਦੇ ਵਿਚ
ਆਸਾਂ ਦੇ ਚੰਦ-ਤਾਰੇ-
ਨਾ ਆਏ ਦੂਰਾਂ ਦੇ ਵਣਜਾਰੇ!

ਸਾਂਝ
ਅਸੀਂ ਤੁਸੀਂ ਹਾਂ ਇਕ ਮੰਜ਼ਲ ਦੇ ਰਾਹੀ!
ਦੋਹਾਂ ਨੂੰ ਮੰਜ਼ਲ ਦੀ ਗੋਦ ਪੁਚਾਏ
ਇਕ ਦੂਜੇ ਦੇ ਨੈਣਾਂ ਦੀ ਰੁਸ਼ਨਾਈ-
ਅਸੀਂ ਤੁਸੀਂ ਹਾਂ ਇਕ ਚਾਨਣ ਦੇ ਰਾਹੀ।

ਇਕੋ ਪਿੰਡ ਦੇ ਦੋਵੇਂ, ਬੜੀ ਖ਼ੁਸ਼ੀ ਏ!
ਇਕੋ ਟਾਹਣ ਤੇ ਸਾਡੀ ਆਸ ਹਰੀ ਏ।
ਸਾਡੇ ਖੇਤ ਨੇ ਸਾਂਝੇ ਦੁਖ ਦੇ ਮਾਰੇ,
ਇਕੋ ਬੱਦਲ ਹੇਠ ਨੇ ਸਾਡੇ ਤਾਰੇ।
ਇਕ ਮਿੱਟੀ ਤੋਂ ਸਾਡੇ ਕਲਸ ਮੁਨਾਰੇ;
ਮੈਂ ਤੇਰੇ, ਤੂੰ ਮੇਰੇ ਖੜਾ ਦੁਆਰੇ।
ਪਿੱਪਲਾਂ ਅਤੇ ਖਜੂਰਾਂ ਤੇ ਰਲ ਖੇਡੇ,
ਇਕੋ ਜਹੇ ਨੇ ਜੀਵਨ ਦੇ ਰਾਹ ਟੇਢੇ,
ਸਾਡੀ ਮਰਜ਼ ਦੀ ਇਕੋ ਪਿਆਰ ਦਵਾਈ,
ਅਸੀਂ ਤੁਸੀਂ ਹਾਂ ਇਕ ਮੰਜ਼ਲ ਦੇ ਰਾਹੀ!

ਬੈਠੇ ਸਦੀਆਂ ਖੇਸ ਕਲੀਨ ਵਿਛਾ ਕੇ;
ਗਾਏ ਗੀਤ ਨੇ ਦੋਹਾਂ ਸ਼ਬਦ ਮਿਲਾ ਕੇ।
ਮਧੂ-ਮੱਖੀਆਂ ਨੇ ਮਿਲ ਕੇ ਸ਼ਹਿਦ ਬਣਾਇਆ,
ਇਕ ਤੁਪਕਾ ਵੀ ਦਿਸਦਾ ਨਹੀਂ ਪਰਾਇਆ।
ਤੇਰੀ ਰਾਤ ‘ਚ ਦੀਵੇ ਜਗੇ ਨੇ ਮੇਰੇ,
ਮੇਰੇ ਦਿਨ ਵਿਚ ਨੂਰ ਉਜਾਲੇ ਤੇਰੇ।
ਦੋਹਾਂ ਨੇ ਮਿਲ ਪੰਧ ਅਨੋਖੇ ਭਾਲੇ
ਦੂਰ ਦੂਰ ਚੰਦਾਂ ਤਕ ਜਾਵਣ ਵਾਲੇ।
ਦੋਹਾਂ ਦੀ ਹੈ ਮੌਤ ਮਲੇਛ-ਜੁਦਾਈ,
ਅਸੀਂ ਤੁਸੀਂ ਹਾਂ ਇਕ ਮੰਜ਼ਲ ਦੇ ਰਾਹੀ!

ਆਸ-ਗੀਤ
ਮੁੜ ਮੁੜ ਦੇਖ ਨਾ ਪਿਆ ਪਿਛਾਂਹ-
ਲੰਘ ਗਈ, ਲੰਘ ਜਾਏ,
ਅਗੇ ਹੋਰ ਹੈ ਠੰਢੀ ਛਾਂ-
ਮੁੜ ਮੁੜ ਦੇਖ ਨਾ ਪਿਆ ਪਿਛਾਂਹ ।

ਅੰਤਰ-ਦੀਪ, ਬਾਹਰ ਦੇ ਟਾਪੂ
ਦੂਰ ਟਿਮਕਦੇ ਚੰਦ-ਸਿਤਾਰੇ,
ਸਾਰੇ ਤੇਰੇ ਥਾਂ-
ਮੁੜ ਮੁੜ ਦੇਖ ਨਾ ਪਿਆ ਪਿਛਾਂਹ ।

”ਕੀ ਦੁਖ-ਸੁਖ ਤੇ ਸ਼ਾਮ-ਸਵੇਰੇ ?
ਸ਼ੌਕ-ਜੋਤ ਸੰਗ ਲੰਘ ਹਨੇਰੇ;
ਚਾਨਣ ਗਰਦ ਹੈ ਪੈਰ ਤੇਰੇ ਦੀ
ਦੇਖ ਤੂੰ ਜ਼ਰਾ ਉਤਾਂਹ”,
ਆਖਣ ਉਡਦੇ ਉਡਦੇ ਕਾਂ-
ਮੁੜ ਮੁੜ ਦੇਖ ਨਾ ਪਿਆ ਪਿਛਾਂਹ।

ਚੰਦ-ਨਗਰ ਜਾਂ ਆਵਣ
ਸਾਵੇ ਸਾਵੇ ਖੰਡ ਹਿਨਾ;
ਕਿੱਕਰ ਬਨ ਆਵਣ ਜਾਂ ਆਵਣ
ਉਜੜੇ ਹੋਏ ਗਰਾਂ;
ਪ੍ਰੀਤਮ ਦੇ ਘਰ ਤਕ ਪੀਂਦਾ ਜਾ
ਘੋਲ ਬਹਾਰ ਖ਼ਿਜ਼ਾਂ-
ਮੁੜ ਮੁੜ ਦੇਖ ਨਾ ਪਿਆ ਪਿਛਾਂਹ।

ਮੋਤੀਏ
ਖਿੜੇ ਮੋਤੀਏ ਪਿਆਰੇ ਪਿਆਰੇ,
ਬਾਗ਼-ਅੰਬਰ ਦੇ ਤਾਰੇ!
ਕਿਸੇ ਮਹਾਂ-ਜੋਤੀ ਦਾ ਸਾਇਆ
ਇਨ੍ਹਾਂ ਨਾਜ਼ਕ ਦਿਲਾਂ ਤੇ ਛਾਇਆ;
ਬਦਲ ਗਏ ਨੈਣਾਂ ਵਿਚ ਮੇਰੇ
ਪਹਿਲੇ ਕੁਲ ਨਜ਼ਾਰੇ!
ਖਿੜੇ ਮੋਤੀਏ ਪਿਆਰੇ ਪਿਆਰੇ!

ਕਿਸ ਦੀ ਅੱਖ ਖਿਲਾਰੇ ਪਰੀਆਂ
ਕਲੀਆਂ ਦੇ ਰੋਸ਼ਨਦਾਨਾਂ ‘ਚੋਂ ?
ਹੋ ਸਾਕਾਰ ਜਾਂ ਖੇਲਣ ਜਲਵੇ
ਨਿਕਲ ਕੇ ਮੇਰੇ ਅਰਮਾਨਾਂ ‘ਚੋਂ,
ਝੰਗ ਸਿਆਲਾਂ ਨਾਲ ਤੜਪ ਕੇ
ਮਿਲਦੇ ਜਾਪਣ ਤਖ਼ਤ-ਹਜ਼ਾਰੇ!
ਖਿੜੇ ਮੋਤੀਏ ਪਿਆਰੇ ਪਿਆਰੇ!

ਲੱਖਾਂ ਵਾਰ ਖਿੜੇ ਮੁਰਝਾਏ,
ਅੰਦਰ ਬਾਹਰ ਦੇ ਗੀਤ ਸੁਣਾਏ;
ਪਰ ਤੋੜਨ ਵਾਲੇ ਗ਼ਾਫ਼ਿਲ ਦੀ
ਕਦੀ ਸਮਝ ਨਾ ਆਏ!

ਨਿਕਲ ਕੇ ਇਸ਼ਕ ਮੇਰੇ ਦੀ ਜੋਤੀ,
ਪ੍ਰੀਤਮ ਦੇ ਗਲ ਪੈਣ ਦੀ ਖ਼ਾਤਰ,
ਬਣੀ ਹੈ ਕੂਲੇ ਕੂਲੇ ਮੋਤੀ।
ਹੁਣ ਪ੍ਰੀਤਮ ਸੰਗ ਰਹਿਣਗੇ ਮਿਲ ਕੇ
ਮੇਰੇ ਸਰਵ-ਖਿਲਾਰੇ!
ਖਿੜੇ ਮੋਤੀਏ ਪਿਆਰੇ ਪਿਆਰੇ,
ਬਾਗ਼-ਅੰਬਰ ਦੇ ਤਾਰੇ!

ਦੀਪਕ ਗੀਤ
ਸੀਖਣ ਤੋਂ ਬਿਨ ਬੁਝਦਾ ਜਾਏ!
ਹੱਥ ਤੇਰੇ ਬਿਨ ਬੁਝ ਜਾਏਗਾ
ਮੇਰਾ ਰੰਗ ਰੰਗੀਲਾ ਦੀਵਾ;
ਤੇਲ ਨਕੋ ਨਕ, ਬੱਤੀ ਸਾਬਤ,
ਫੇਰ ਵੀ ਆਣ ਹਨੇਰੇ ਛਾਏ-
ਸੀਖਣ ਤੋਂ ਬਿਨ ਬੁਝਦਾ ਜਾਏ!

ਇਹ ਕੀ ਬੱਸ ਇਕ ਵਾਰ ਜਗਾਇਆ,
ਫੇਰ ਚਮਕਦਾ ਹੱਥ ਨਾ ਲਾਇਆ?
ਅੰਦਰ ਦੀ ਸੜ ਸੜ ਕੇ ਕਾਲਖ
ਦਰਵਾਜ਼ੇ ਤੇ ਜੰਮਦੀ ਜਾਏ;
ਹੱਥ ਤੇਰੇ ਬਿਨ ਕੌਣ ਹਟਾਏ?
ਸੀਖਣ ਤੋਂ ਬਿਨ ਬੁਝਦਾ ਜਾਏ!

ਬਿਨ ਸੀਖਣ ਸੂਰਜ ਬੁਝ ਜਾਏ,
ਇਸ ਬਿਨ ਜੋਤ-ਕੰਵਲ ਕੁਮਲਾਏ।
ਹੇ ਲਹਿਰਾਂ ਵਿਚ ਤੜਪਨ ਵਾਲੀ,
ਹੇ ਚੰਦ ਤਾਰੇ ਸੀਖਣ ਵਾਲੀ,
ਕਾਲੀ ਰਾਤ ‘ਚ ਸੁੰਦਰ ਰਾਣੀ,
ਸੀਖੀ ਚਲ ਇਕ ਮੋਨ ਪਰਾਣੀ,
ਸੀਖਣ ਤੋਂ ਬਿਨ ਬੁਝ ਜਾਏਗਾ
ਮੇਰਾ ਰੰਗ ਰੰਗੀਲਾ ਦੀਵਾ।

ਕਲਪਨਾ
ਅਰੂਪ-ਖੰਭ, ਉਡਾਰਾਂ ਮਹਾਨ, ਤੰਗ ਖਿਲਾਰ;
ਅਰਸ਼ ਦੀ ਆਖ਼ਰੀ ਸੀਮਾ ਤੋਂ ਉਡ ਰਿਹਾ ਹੈ ਸਵਾਰ।
ਬਨਾਂ ‘ਚ, ਬਾਗ਼ ‘ਚ, ਸ਼ਹਿਰਾਂ ‘ਚ, ਜ਼ਿੰਦਗੀ ਹੈ ਉਦਾਸ,
ਕਲਪਨਾ-ਸੋਮੇ ਤੇ ਬੁਝਦੀ ਹੈ ਆ ਕੇ ਰੂਹ ਦੀ ਪਿਆਸ।
ਕਲਪਨਾ-ਪੁਲ ਤੋਂ ਗੁਜ਼ਰ ਕੇ ਹੈ ਯਾਰ ਦਾ ਘਰ ਵੀ,
ਇਸੇ ਖੜਾਕ ਤੋਂ ਖੁਲ੍ਹਦਾ ਹੈ ਮਹਿਲ ਬੇਦਰ ਵੀ।
ਨਵੇਂ ਕਰਮ ਦੀ ਕਲਪਨਾ ਹੈ ਮਾਂ, ਪਿਆਰ ਵੀ ਏ,
ਕਲਪਨਾ ਰਾਗ ਵੀ ਰੂਹ ਦਾ, ਅਮਲ-ਸਤਾਰ ਵੀ ਏ।
ਅਲੋਕ ਸ਼ਕਤੀ ਕਰੇਗਾ ਕਦਰ ਜਹਾਨ ਕਦੋਂ?
ਸਮਝ ‘ਚ ਆਏਗੀ ਇਲਹਾਮ ਦੀ ਜ਼ਬਾਨ ਕਦੋਂ?
ਸਮੇਂ ਦੀ ਰੀੜ੍ਹ ਤਰਸਦੀ ਹੈ ਇਸ ਲਹੂ ਦੇ ਲਈ,
ਵਿਸ਼ਾਲ ਤੱਤ ਤੜਪਦੇ ਨੇ ਏਸ ਰੂਹ ਦੇ ਲਈ।
ਕਲਪਨਾ ਹੀ ਤੋਂ ਨਵੇਂ ਨਿਤ ਜਹਾਨ ਪੈਦਾ ਨੇ,
ਨਵੀਨ ਬਾਗ਼, ਅਨੋਖੇ ਸਮਾਨ ਪੈਦਾ ਨੇ।
ਬਿਨਾਂ ਖ਼ਿਆਲ ਦੇ ਹਰ ਨੂਰ ਗੁਮਨਾਮ ਰਿਹਾ,
ਬਿਨਾਂ ਕਲਪਨਾ ਦੇ ਜੀਣਾ ਵੀ ਇਕ ਹਰਾਮ ਰਿਹਾ।
ਨਵੀਆਂ ਸ਼ਕਤੀਆਂ ਭਾਲੇ ਪੁਰਾਣੇ ਅਰਸ਼ਾਂ ‘ਚੋਂ,
ਮਹਾਨ ਨੂਰ ਵਿਖਾਉਂਦੀ ਹੈ ਕਾਲੇ ਫ਼ਰਸ਼ਾਂ ‘ਚੋਂ।
ਇਹ ਸਿੱਪੀਆਂ ਦੇ ਰਸਾਂ ਤੋਂ ਕਹਾਣੀਆਂ ਲਿਖ ਕੇ,
ਜ਼ਮੀਰ ਮੁਰਦਾ ਜਹਾਨਾਂ ਨੂੰ ਜ਼ਿੰਦਗੀ ਦੇਵੇ।
ਸਰਵ-ਖਿਲਾਰਾ ਕਿਸੇ ਦੀ ਅਮਰ ਕਲਪਨਾ ਏ,
ਅਸੀਂ ਵੀ ਸਾਇਆ-ਕਲਪਨਾ ਦੇ ਹਾਂ ਕਈ ਸਾਏ।
ਕਲਪਨਾ-ਸ਼ਕਤੀ, ਸਦਾ ਹਾਂ ਤੇਰਾ ਪੁਜਾਰੀ ਮੈਂ,
ਅਲੋਕ ਰੂਹ ਦਾ ਕਵੀ ਹਾਂ ਨਹੀਂ ਵਪਾਰੀ ਮੈਂ।

ਕਾਫ਼ਲਾ
ਚਲੋ ਚਲੋ, ਕਾਫ਼ਲੇ ਵਾਲੇ ਚਲੇ ਚਲੇ !

ਆਏ ਹਨ ਸਾਡੇ ਪਿੰਡ ਲਾਗੇ,
ਜਾਗੋ ਜੇ ਨਹੀਂ ਜਾਗੇ;
ਵੱਖ ਵੱਖ ਸੂਰਤ ਤੇ ਵੀ ਹਨ ਸਭ ਮਿਲੇ ਜੁਲੇ !
ਚਲੋ ਚਲੋ, ਕਾਫ਼ਲੇ ਵਾਲੇ ਚਲੇ ਚਲੇ !

ਆਪਣੇ ਹੀ ਤਾਰੇ ਵਿਚ ਗਰਦਸ਼ ਕਰਦੇ,
ਯੁਗਾਂ ਯੁਗਾਂ ਤੋਂ ਦੁਖ-ਸੁਖ ਜਰਦੇ ਜਰਦੇ;
ਮੰਜ਼ਲ ਮੇਲ ‘ਚ ਅਪਣੀ ਜੀਂਦੇ ਮਰਦੇ,
ਸਿੰਧੂ-ਕਾਲ-ਹਨੇਰ ‘ਚ ਡੁਬਦੇ ਤਰਦੇ,
ਆਏ ਹਨ ਲੈ ਕੇ ਸੰਗ ਨਵੇਂ ਸਵੇਰੇ,
ਜਾ ਪਹੁੰਚਣਗੇ ਮੰਜ਼ਲ ਤੇ ਦਿਨ ਰਹੇ ਢਲੇ !
ਚਲੋ ਚਲੋ, ਕਾਫ਼ਲੇ ਵਾਲੇ ਚਲੇ ਚਲੇ !

ਅਧੂਰਾ ਗੀਤ
ਤੇਰਾ ਮੂੰਹ ਚੁੰਮਣਾ ਹੈ ਪਾਪ !
ਪਾਪ ਨਹੀਂ ਜੇ ਚੁੰਮ ਲੈ ਆਖੇਂ
ਮੂੰਹ ਆਪਣੇ ਤੋਂ ਆਪ ।

ਤੇਰਾ ਮੈਂ ਕਰਦਾ ਹਾਂ ਜਾਪ !
ਕਦੇ ਕਰਾਂ ਨਾ ਜੇ ਤੂੰ ਆਖੇਂ
ਅਪਣੀ ਜੀਭ ਤੋਂ ਆਪ ।
ਮੈਂ ਕਰ ਦਿਆਂ ਬਗ਼ਾਵਤ
ਚਾਹੇ ਦੇਂਦਾ ਰਹੇਂ ਸਰਾਪ ।

ਸਾਗਰ ਰਿਹਾ ਹਾਂ ਨਾਪ,
ਦਿਲ ਦੀ ਲਘੂ ਪਿਆਲੀ ਲੇ ਕੇ
ਮੈਂ ਹੁਣ ਅਪਣੇ ਆਪ ।
ਸਾਗਰ ਹੋ ਗਿਆ ਖ਼ਾਲੀ
ਭਰੀ ਨਾ ਲਘੂ ਪਿਆਲੀ੩

ਬੱਦਲ
ਬੱਦਲ, ਹੌਲੀ ਹੌਲੀ ਚੱਲ
ਖੇਤ ਖੜੇ ਨੇ ਕਦ ਤੋਂ ਮੇਰੇ
ਰਸਤਾ ਤੇਰਾ ਮੱਲ –
ਬੱਦਲ, ਹੌਲੀ ਹੌਲੀ ਚੱਲ

ਇਕ ਵਾਰੀ ਤਾਂ ਪਿਆਸ ਬੁਝਾ ਦੇ,
ਮੌਲਣ ਸਭ ਕੁਮਲਾਏ ਬੂਟੇ
ਜੋ ਚੁੱਕੀ ਮੂੰਹ ਦੇਖ ਰਹੇ ਨੇ,
ਉਮਰ ਤੋਂ ਤੇਰੇ ਵੱਲ –
ਬੱਦਲ, ਹੌਲੀ ਹੌਲੀ ਚੱਲ

ਇਕ ਪਲ ਦਾ ਕੀ ਆਉਣਾ ਜਾਣਾ,
ਜਲ ਥਲ ਕਰ ਜਾ ਖ਼ੁਸ਼ਕ ਜ਼ਮਾਨਾ,
ਯੁਗਾਂ ਯੁਗਾਂ ਤੋਂ ਕਹਿਣੀ ਚਾਹਵਾਂ
ਸੁਣ ਜਾ ਮੇਰੀ ਗੱਲ –
ਬੱਦਲ, ਹੌਲੀ ਹੌਲੀ ਚੱਲ

Leave a Reply

Your email address will not be published. Required fields are marked *