ਐਨਡੀਪੀ ਆਗੂ ਪੌਲ ਡੂਅਰ ਨਹੀਂ ਰਹੇ

ਓਟਵਾ – ਐਨਡੀਪੀ ਦੇ ਆਗੂ, ਸਾਬਕਾ ਐਮਪੀ ਅਤੇ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲੇ ਪੌਲ ਡੂਅਰ ਨੇ ਪਿਛਲੇ ਦਿਨੀਂ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ। ਉਨ੍ਹਾਂ ਦੀ ਮੌਤ ਬ੍ਰੇਨ ਕੈਂਸਰ ਕਾਰਨ ਹੋਈ, ਜਿਸ ਦਾ ਖੁਲਾਸਾ ਜੂਨ 2018 ਵਿਚ ਮਾਹਰਾਂ ਵੱਲੋਂ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਹੁਣ ਪੌਲ ਦੇ ਪਰਿਵਾਰ ਵਿਚ ਉਹਨਾਂ ਦੀ ਪਤਨੀ ਜੂਲੀਆ ਅਤੇ ਦੋ ਪੁੱਤਰ ਹਨ। ਓਟਵਾ ਸੈਂਟਰ ਤੋਂ ਉਹਨਾਂ 2006 ਤੋਂ ਲੈ ਕੇ 2015 ਤੱਕ ਪ੍ਰਤੀਨਿਧਤਾ ਕੀਤੀ। ਇਹ ਮਾਣ ਦੇਣ ਲਈ ਉਹਨਾਂ ਨੇ ਓਟਵਾ ਦੇ ਲੋਕਾਂ ਦਾ ਫੇਸਬੁਕ ‘ਤੇ ਇਕ ਪੱਤਰ ਰਾਹੀਂ ਖ਼ਾਸ ਧੰਨਵਾਦ ਕੀਤਾ। ਉਹਨਾਂ ਲਿਖਿਆ ਕਿ ਮੇਰਾ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ ਤੇ ਇਸ ਮੌਕੇ ਮੈਂ ਤੁਹਾਡੇ ਨਾਲ ਕੁਝ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਓਟਵਾ ਵਾਸੀਆਂ ਦਾ ਸਦਾ ਰਿਣੀ ਰਿਹਾ ਹਾਂ ਪਰ ਜਿਸ ਤਰ੍ਹਾਂ ਦਾ ਪਿਆਰ ਅਤੇ ਹੌਸਲਾ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਪਿਛਲੇ ਇੱਕ ਸਾਲ ਦਰਮਿਆਨ ਦਿੱਤਾ, ਉਹ ਮੈਂ ਤੇ ਮੇਰਾ ਪਰਿਵਾਰ ਕਦੇ ਵੀ ਨਹੀਂ ਭੁਲਾ ਸਕਦੇ। ਉਹਨਾਂ ਜ਼ਿੰਦਗੀ ਦਾ ਨੁਕਤਾ ਸਾਂਝਾ ਕਰਦਿਆਂ ਦੱਸਿਆ ਕਿ ਕਈ ਚੁਣੌਤੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਤੁਹਾਡੇ ਕੋਲ ਤੁਰੰਤ ਕੋਈ ਹੱਲ ਨਹੀਂ ਹੁੰਦਾ ਜਿਵੇਂ ਕਿ ਵਾਤਾਵਰਣ ਵਿਚ ਬਦਲਾਅ ਅਤੇ ਪ੍ਰਮਾਣੂ ਹਥਿਆਰਾਂ ਦਾ ਖਤਰਾ ਹੈ ਪਰ ਤੁਸੀਂ ਸਿਰਫ਼ ਚੁਣੌਤੀ ਦਾ ਹੱਲ ਕਰਨ ਵੱਲ ਕੇਂਦਰਿਤ ਨਾ ਹੋਵੋ ਸਗੋਂ ਇਕਾਗਰਚਿਤ ਹੋ ਕੇ ਆਪਣੇ ਦੇਸ਼ ਅਤੇ ਕਮਿਊਨਿਟੀ ਲਈ ਵੱਧ ਚੜ੍ਹ ਕੇ ਬਣਦਾ ਯੋਗਦਾਨ ਪਾਓ।
ਪ੍ਰਧਾਨਮੰਤਰੀ ਜਸਟਿਨ ਟਰੂਡੋ ਵੱਲੋਂ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਗਿਆ ਕਿ ਡੂਅਰ ਓਟਵਾ ਦੀ ਬੁਲੰਦ ਆਵਾਜ਼ ਸੀ। ਉਹਨਾਂ ਨੇ ਅਧਿਆਪਕ, ਰਾਜਨੀਤਿਕ ਆਗੂ, ਮਜ਼ਦੂਰ ਕਾਰਕੁੰਨ ਅਤੇ ਕਮਿਊਨਿਟੀ ਆਗੂ ਦੇ ਰੂਪ ਵਿਚ ਹਮੇਸ਼ਾਂ ਸਮਾਜ ਦੀ ਸੇਵਾ ਕੀਤੀ। ਹਾਊਸ ਆਫ਼ ਕਾਮਨਜ਼ ਵਿਚ ਵੀ ਉਹਨਾਂ ਦਾ ਵਤੀਰਾ ਅਜਿਹਾ ਸੀ ਕਿ ਉਹ ਦੂਜਿਆਂ ਨੂੰ ਲੋਕ ਸੇਵਾ ਲਈ ਪ੍ਰੇਰਿਤ ਕਰਦੇ ਸਨ।
ਦੱਸਣਾ ਬਣਦਾ ਹੈ ਕਿ ਜਦੋਂ ਐਨਡੀਪੀ ਅਧਿਕਾਰਿਤ ਤੌਰ ‘ਤੇ ਵਿਰੋਧੀ ਪਾਰਟੀ ਸੀ ਉਦੋਂ ਡੂਅਰ ਵੱਲੋਂ ਵਿਦੇਸ਼ੀ ਮਾਮਲਿਆਂ ਦੇ ਅਲੋਚਕ ਵਜੋਂ ਬਹੁਤ ਹੀ ਸੁਚੱਜੇ ਤਰੀਕੇ ਨਾਲ ਸੇਵਾਵਾਂ ਨਿਭਾਈਆਂ ਗਈਆਂ ਸਨ।
ਜਾਰਜ ਸਮਿਥ ਨੇ ਪੌਲ ਡੂਅਰ ਬਾਰੇ ਕਿਹਾ ਕਿ ਮੈਂ ਇਸ ਬਹਿਸ ਵਿਚ ਨਹੀਂ ਪੈਂਦਾ ਕਿ ਉਹ ਕਿਸ ਤਰ੍ਹਾਂ ਦਾ ਰਾਜਨੀਤੀਵਾਨ ਸੀ ਪਰ ਉਹ ਇਨਸਾਨ ਬਹੁਤ ਵਧੀਆ ਸੀ। ਸਾਡੇ ਵਿਚੋਂ ਜਿਹੜੇ ਉਸਨੂੰ ਜਾਣਦੇ ਹਨ ਜਾਂ ਜਿਨ੍ਹਾਂ ਨੇ ਉਸ ਨਾਲ ਕੰਮ ਕੀਤਾ ਹੈ ਉਹਨਾ ਨੂੰ ਡੂਅਰ ਦੇ ਜਾਣ ਦਾ ਦਿਲੋਂ ਦੁੱਖ ਮਹਿਸੂਸ ਹੋਇਆ ਹੈ।
ਜਗਮੀਤ ਸਿੰਘ ਨੇ ਕਿਹਾ ਕਿ ਡੂਅਰ ਨੇ ਨੌਜਵਾਨਾਂ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਕੰਮ ਕੀਤਾ ਉਹਨਾਂ ਦਾ ਵਿਸ਼ਵਾਸ ਸੀ ਕਿ ਨੌਜਵਾਨ ਦੁਨੀਆਂ ਨੂੰ ਬਦਲ ਸਕਦੇ ਹਨ। ਉਸਨੇ ਕਨੇਡਾ ਨੂੰ ਹੋਰ ਸੋਹਣਾ ਬਣਾਇਆ। ਡੂਅਰ ਦੀ ਸਾਨੂੰ ਹਮੇਸ਼ਾਂ ਘਾਟ ਰੜਕੇਗੀ।
ਡੱਗ ਫੋਰਡ ਨੇ ਕਿਹਾ ਕਿ ਓਟਵਾ ਸੈਂਟਰ ਦੇ ਲੋਕਾਂ ਲਈ ਪੌਲ ਡੂਅਰ ਦੀ ਪ੍ਰਤੀਬੱਧਤਾ ਨੂੰ ਹਮੇਸ਼ਾਂ ਯਾਦ ਕੀਤਾ ਜਾਵੇਗਾ। ਮੈਨੂੰ ਉਹਨਾਂ ਦੀ ਮੌਤ ਬਾਰੇ ਸੁਣ ਕੇ ਧੱਕਾ ਲੱਗਿਆ ਹੈ।
ਜੇਸਨ ਕੈਨੀ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਵੇਂ ਅਕਸਰ ਕਈਂ ਨੁਕਤਿਆਂ ਨੂੰ ਲੈ ਕੇ ਉਹਨਾਂ ਨਾਲ ਸਹਿਮਤੀ ਨਹੀਂ ਹੁੰਦੀ ਸੀ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਸਿਧਾਂਤਕ, ਪ੍ਰਤੀਬੱਧ, ਲੋਕਾਂ ਪ੍ਰਤੀ ਸੇਵਾ ਭਾਵਨਾ ਨਾਲ ਕੰਮ ਕਰਨ ਅਤੇ ਦੇਸ਼ ਲਈ ਬਿਹਤਰ ਕਰਨ ਵਾਲੇ ਇਨਸਾਨ ਸਨ।
ਲੀਜ਼ਾ ਮੈਕਲੌਡ ਨੇ ਕਿਹਾ ਕਿ ਮੈਨੂੰ ਇਹ ਜਾਣ ਕੇ ਬਹੁਤ ਦੁੱਖ ਲੱਗਿਆ ਕਿ ਓਟਵਾ ਨੇ ਪੌਲ ਡੂਅਰ ਵਰਗਾ ਆਗੂ ਗਵਾ ਲਿਆ ਹੈ।
ਜੌਹਨ ਬੇਅਰਡ ਨੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਪੌਲ ਡੂਅਰ ਵਰਗਾ ਸਾਥੀ ਗਵਾ ਲਿਆ ਹੈ ਜਿਹੜਾ ਦੂਜਿਆਂ ਪ੍ਰਤੀ ਚੰਗੀ ਭਾਵਨਾ ਰੱਖਣ ਵਾਲਾ, ਦਿਆਲੂ ਅਤੇ ਮਹਾਨ ਆਗੂ ਸੀ। ਇਸ ਦੁੱਖ ਵਿਚ ਮੈਂ ਪਰਿਵਾਰ ਦੇ ਨਾਲ ਹਾਂ।
ਐਂਡਰੀਆਾ ਹੋਰਵਾਥ ਨੇ ਕਿਹਾ ਕਿ ਪੌਲ ਡੂਅਰ ਨੇ ਜੋ ਵੀ ਕੀਤਾ ਉਸ ਵਿਚ ਲੋਕਾਂ ਪ੍ਰਤੀ ਪਿਆਰ ਅਤੇ ਦਿਆਲਤਾ ਝਲਕਦੀ ਹੈ। ਸਾਨੂੰ ਹਮੇਸ਼ਾ ਉਹ ਯਾਦ ਆਉਣਗੇ।