ਪਾਈਪਲਾਈਨ ਮਸਲੇ ‘ਤੇ ਸਰਕਾਰੀ ਰਵੱਈਏ ਤੋਂ ਨਾਰਾਜ਼ ਟਰੱਕਾਂ ਦਾ ਕਾਫ਼ਲਾ ਓਟਵਾ ਲਈ ਰਵਾਨਾ

ਓਟਵਾ (ਨਦਬ) : ਐਨਰਜੀ ਸੈਕਟਰ ਲਈ ਓਟਵਾ ਸਰਕਾਰ ਵੱਲੋਂ ਮਿਲਣ ਵਾਲੇ ਘੱਟ ਸਮਰਥਨ ਕਾਰਨ ਤੇ ਪਾਈਪਲਾਈਨ ਦੇ ਕੰਮ ਨੂੰ ਅੱਗੇ ਤੋਰਨ ਲਈ ਵੀ ਫੈਡਰਲ ਸਰਕਾਰ ਵੱਲੋਂ ਕੋਈ ਮਦਦ ਨਾ ਮਿਲਣ ਕਾਰਨ 100 ਟਰੱਕਾਂ ਦਾ ਕਾਫਲਾ ਅਲਬਰਟਾ ਤੋਂ ਪਾਰਲੀਆਮੈਂਟ ਹਿੱਲ ਲਈ ਰਵਾਨਾ ਹੋ ਗਿਆ ਹੈ।
ਯੂਨੀਈਟਿਡ ਵੁਈ ਰੋਲ ਕਾਫਲਾ 14 ਫਰਵਰੀ, ਵੀਰਵਾਰ ਨੂੰ ਅਲਬਰਟਾ ਦੇ ਰੈੱਡ ਡੀਅਰ ਤੋਂ ਰਵਾਨਾ ਹੋਇਆ ਹੈ ਤੇ ਇਸ ਦੇ ਅਗਲੇ ਮੰਗਲਵਾਰ ਤਿੰਨ ਦਿਨ ਦੀ ਰੈਲੀ ਲਈ ਓਟਵਾ ਪਹੁੰਚਣ ਦੀ ਆਸ ਹੈ। ਆਪਣੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕਰਨ ਲਈ ਤੇ 100,000 ਡਾਲਰ ਇੱਕਠੇ ਕਰਨ ਲਈ ਗਰੁੱਪ ਵੱਲੋਂ ਯੈਲੋ ਵੈਸਟ ਮੁਜ਼ਾਹਰਾਕਾਰੀਆਂ ਨੂੰ ਵੀ ਇਸ ਰੈਲੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।
ਇਨ੍ਹਾਂ ਦੇ ਮੋਹਰੀ ਪ੍ਰਬੰਧਕ ਗਲੈਨ ਕੈਰਿਟ ਨੇ ਆਖਿਆ ਕਿ ਫੈਡਰਲ ਸਰਕਾਰ ਨੂੰ ਐਨਰਜੀ ਸੈਕਟਰ ਦੇ ਸਮਰਥਕਾਂ ਦੀ ਗੱਲ ਸੁਣਨੀ ਹੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਸਾਡੇ ਤੇਲ ਤੇ ਗੈਸ ਸੈਕਟਰ ਦੀ ਹਾਲਤ ਇਸ ਸਮੇਂ ਮਾੜੀ ਹੈ ਤੇ ਇਹ ਸੈਕਟਰ ਸਮੁੱਚੇ ਦੇਸ਼ ਲਈ ਬਹੁਤ ਚੰਗਾ ਹੈ। ਇਸ ਕਾਫਲੇ ਨੇ ਆਪਣਾ ਪਹਿਲਾ ਪੜਾਅ ਰੇਜਾਈਨਾ ਵਿਚ ਪਾਇਆ। ਕੈਰਿਟ ਨੇ ਆਪਣੇ ਅੰਦਾਜ਼ੇ ਮੁਤਾਬਕ ਦੱਸਿਆ ਕਿ ਇਸ ਸਫਰ ਦੇ ਪਹਿਲੇ ਹਿੱਸੇ ਵਿਚ 100 ਤੋਂ 150 ਦੇ ਨੇੜੇ-ਤੇੜੇ ਟਰੱਕ ਇਸ ਕਾਫਲੇ ਵਿਚ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ 80 ਦੇ ਕਰੀਬ ਟਰੱਕ ਓਟਵਾ ਪਹੁੰਚਣਗੇ।
ਕਈ ਟਰੱਕਾਂ ਉੱਤੇ ਸਾਈਨ ਲੱਗੇ ਸਨ ਕਿ ਅਲਬਰਟਾ ਕੋਲ ਕਾਫੀ ਤੇਲ ਹੈ, ਸਾਊਦੀ ਤੇਲ ਤੋਂ ਪਹਿਲਾਂ ਕਨੇਡੀਅਨ ਤੇਲ ਦੀ ਵਰਤੋਂ ਕਰੋ ਤੇ ਕਾਰਬਨ ਆਇਲ ਟੈਕਸ ਖਤਮ ਕਰੋ। ਕੈਰਿਟ ਨੇ ਆਖਿਆ ਕਿ ਸਾਨੂੰ ਐਨਰਜੀ ਈਸਟ ਲਈ ਪਾਈਪਲਾਈਨਜ਼ ਉੱਤੇ ਫੌਰੀ ਕਾਰਵਾਈ ਕਰਨ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਕਨੇਡਾ ਕੋਲ ਦੁਨੀਆ ਦੇ ਸਭ ਤੋਂ ਵੱਡੇ ਤੇਲ ਭੰਡਾਰਾਂ ਵਿਚ ਤੀਜੇ ਨੰਬਰ ਉੱਤੇ ਤੇਲ ਦੇ ਭੰਡਾਰ ਹਨ ਪਰ ਮੰਦਭਾਗੀ ਗੱਲ ਇਹ ਹੈ ਕਿ ਅਸੀਂ ਆਪਣੇ ਉਤਪਾਦ ਹੀ ਨਹੀਂ ਵਰਤ ਰਹੇ। ਕੈਰਿਟ ਨੇ ਇਹ ਵੀ ਆਖਿਆ ਕਿ ਬਹੁਤ ਹੀ ਦੁੱਖ ਵਾਲੀ ਗੱਲ ਹੈ ਕਿ ਸਰਕਾਰ ਇਸ ਪਾਸੇ ਜੋ ਕੁੱਝ ਵਾਪਰ ਰਿਹਾ ਹੈ, ਉਸ ਵੱਲ ਧਿਆਨ ਨਹੀਂ ਦੇ ਰਹੀ।

Leave a Reply

Your email address will not be published. Required fields are marked *