ਨਾਟਕ ਵੇਖ ਰਹੇ ਹੋ ? ਰੁਮਾਲ ਨੇੜੇ ਰੱਖਣਾ

ਐੱਸ ਪੀ ਸਿੰਘ
ਭਵਨ ਕਲਾ ਦੇ ਨਮੂਨੇ ਚੰਡੀਗੜ੍ਹ ਸ਼ਹਿਰ ਦੇ ਕਲਾ ਭਵਨ ਵਿਚ ਨ੍ਹਾਮੋ ਚੀਕ-ਚੀਕ ਕੇ ਕਹਿ ਰਹੀ ਸੀ। ਅੰਦਰ ਵਿੰਨ੍ਹਿਆ ਪਿਆ ਸੀ। ਸਾਹਮਣੇ ਕੇਵਲ ਧਾਲੀਵਾਲ ਦੁਆਰਾ ਨਿਰਦੇਸ਼ਤ ਨਾਟਕ ‘ਪੁਲ-ਸਿਰਾਤ’ ਖੇਡਿਆ ਜਾ ਰਿਹਾ ਸੀ। ਧੁਰ ਪਿਛਲੀਆਂ ਕੁਰਸੀਆਂ ਵਿਚ ਮੇਰੇ ਖੱਬੇ ਬੈਠਾ ਸ਼ਖ਼ਸ ਡੁਸਕ ਰਿਹਾ ਸੀ। ਕੁਝ ਪਲਾਂ ਬਾਅਦ ਮੈਂ ਉਹਦੀ ਪਿੱਠ ‘ਤੇ ਹੱਥ ਧਰਿਆ ਤਾਂ ਉਸ ਮੇਰੇ ਵੱਲ ਵੇਖਿਆ, ਫਿਰ ਮੇਰਾ ਹੱਥ ਘੁੱਟ ਦਿੱਤਾ। ਹੁਣ ਕੁਝ ਸੰਭਲ ਗਿਆ ਸੀ। ਨਾਟਕ ਚੱਲ ਰਿਹਾ ਸੀ। ਦੋਜ਼ਖ਼ ‘ਤੇ ਪਾਏ ਵਾਲੋਂ ਬਰੀਕ ਤੇ ਖੰਡਿਓਂ ਤਿੱਖੇ ਪੁਲ-ਸਿਰਾਤ ‘ਤੇ ਉਹ ਔਰਤ ਤੁਰੀ ਜਾ ਰਹੀ ਸੀ। ਕੋਈ ਮੇਰੇ ਪਿੱਛੇ ਬੈਠਾ ਫਿਸ ਪਿਆ ਸੀ। ਮੈਂ ਮੁੜ ਕੇ ਵੇਖਿਆ ਤਾਂ ਉਹਦੇ ਨਾਲ ਬੈਠੀ ਨੇ ਉਹਨੂੰ ਕਲਾਵੇ ਵਿਚ ਲੈ ਕੇ ਸੰਭਲਣ ਲਈ ਕਿਹਾ। ਮੈਂ ਸ਼ੁਕਰ ਕੀਤਾ ਕਿ ਅੱਜ ਮੇਰੀ ਜੇਬ ਵਿਚ ਰੁਮਾਲ ਸੀ। ਅਕਸਰ ਹੀ ਰੁਮਾਲ ਘਰ ਭੁੱਲ ਜਾਂਦਾ ਹਾਂ ਪਰ ਅੱਜ ਬੜੀ ਵਾਰੀ ਕੰਮ ਆਇਆ।
ਇਹ ਸ਼ਨੀਵਾਰ ਦੀ ਭਿੱਜੀ ਸ਼ਾਮ ਦੀ ਗੱਲ ਹੈ। ਉਦੋਂ ਤੋਂ ਨਾਟਕ ਲਗਾਤਾਰਤਾ ਵਿਚ ਚੱਲ ਰਿਹਾ ਹੈ। ਸੰਤਾਲੀ ਦੇ ਪੰਜਾਬ ਦੇ ਪਿੰਡਾਂ ਦੇ ਦ੍ਰਿਸ਼, ਚੁਰਾਸੀ ਦੀ ਪਿੱਠ-ਭੂਮੀ, ਇਹ ਸਭ ਨਿਰਦੇਸ਼ਕ ਦੀ ਜ਼ਹੀਨ ਸਮਝ ਨੇ ਕਲਾ ਭਵਨ ਦੀ ਸੁੰਗੜਵੀਂ ਜਿਹੀ ਸਟੇਜ ‘ਤੇ ਬਾਖ਼ੂਬੀ ਰਚ ਲਿਆ ਸੀ। ਬਾਕੀ ਦੇ ਨਾਟਕ ਲਈ ਮੰਚ ਅਤਿ-ਵਸੀਹ ਹੋ ਚੁੱਕਾ ਹੈ, ਸ਼ਹਿਰ-ਸ਼ਹਿਰ ਫੈਲ ਚੁੱਕਿਆ ਹੈ।
ਵੇਲੇ ਦੀਆਂ ਗਰਦਿਸ਼ਾਂ ਨੇ ਸਵਰਾਜਬੀਰ ਦੇ ਇਸ ਨਾਟਕ ਦਾ ਹਕੀਕੀ ਮੰਚਨ ਜਾਰੀ ਰੱਖਿਆ ਹੈ। ਨਾਟਕ ਹੁਣ ਨਾਟਸ਼ਾਲਾਵਾਂ, ਕਲਾ ਭਵਨਾਂ ਤੋਂ ਬਾਹਰ ਆ ਚੁੱਕਾ ਹੈ। 1947 ਵਾਲਾ ‘ਪਾਕਿਸਤਾਨ ਮੁਰਦਾਬਾਦ’ ਦਾ ਨਾਅਰਾ ਬਹੁਤ ਸਾਰੇ ਸ਼ਹਿਰਾਂ, ਕਸਬਿਆਂ ਵਿਚ ਗੂੰਜ ਰਿਹਾ ਹੈ। ਸੱਤ ਦਹਾਕੇ ਪਹਿਲਾਂ ਵਾਂਗ ਹੀ ਹੁਣ ਵੀ ਹਿਜਰਤ ਦੀ ਚਿਤਾਵਨੀ ਥੋੜ੍ਹ-ਚਿਰੀ ਹੀ ਹੈ। ਚੌਵੀ ਘੰਟਿਆਂ ਵਿਚ ਨਿਕਲ ਜਾਓ, ਹਜੂਮ ਕਹਿ ਰਿਹਾ ਹੈ। ਇਹ ਹਜੂਮ ਦੇਸ਼-ਪ੍ਰੇਮ ਵਿਚ ਓਤ-ਪ੍ਰੋਤ ਹੈ। ਕੁਝ ਵੀ ਕਰ ਗੁਜ਼ਰਨ ਲਈ ਤਿਆਰ, ਸਹਿਣ ਲਈ ਨਹੀਂ। ਬਹੁਤ ਜੋ ਸਹਿ ਲਿਆ ਹੈ। 40 ਤਾਂ ਹੁਣੇ ਮਰਵਾਏ ਹਨ, ਹੁਣ ਤਾਂ 400 ਨੂੰ ਮਾਰਨ ਨਿਕਲਿਆ ਹੈ। ਬਹੁਤ ਹੋ ਚੁੱਕਾ ਬਲਿਦਾਨ, ਹੁਣ ਬਲੀ ਲੈਣ ਦੀ ਜ਼ਿੰਮੇਵਾਰੀ ਸਿਰ ‘ਤੇ ਚੁੱਕੀ ਫਿਰਦਾ ਹੈ।
ਜਿਸ ਵੇਲੇ ਚੰਡੀਗੜ੍ਹ ਵਿਚਲੇ ਕਲਾ ਭਵਨ ਵਿਚ ਪੁਲ-ਸਿਰਾਤ ਖੇਡਿਆ ਜਾ ਰਿਹਾ ਸੀ, ਉਸੇ ਵੇਲੇ ਇਹਦਾ ਦਰਪਣੀ ਦਰਸ਼ਨੀ ਦ੍ਰਿਸ਼ ਦੇਹਰਾਦੂਨ ਵਿਚ ਕੁੜੀਆਂ ਦੇ ਹੋਸਟਲ ਵਿਚ ਮੰਚਿਤ ਹੋ ਰਿਹਾ ਸੀ। ਪਾਕਿਸਤਾਨ ਦੇ ਮੁਰਦਾਬਾਦ ਹੋਣ ਦਾ ਐਲਾਨ ਕਰਦੀ ਭੀੜ ਬਾਹਰ ਲਲਕਾਰੇ ਮਾਰ ਰਹੀ ਸੀ। ਅੰਦਰ 20 ਕੁੜੀਆਂ ਨੇ ਆਪਣੇ ਆਪ ਨੂੰ ਕਮਰਿਆਂ ਵਿਚ ਬੰਦ ਕਰ ਲਿਆ ਸੀ। ਬੱਤੀਆਂ ਬੁਝਾ ਦਿੱਤੀਆਂ ਸਨ। ਘਿਰੇ ਦਾ ਹਨੇਰਾ ਸਾਥੀ ਵੀ ਹੁੰਦਾ ਹੈ, ਦੁਸ਼ਮਣ ਵੀ।
ਸ਼ਹਿਰ ਵਿਚ ਕਸ਼ਮੀਰ ਤੋਂ ਆਏ 3,000 ਤੋਂ ਜ਼ਿਆਦਾ ਵਿਦਿਆਰਥੀ ਹਨ। ਇੱਕ ਸੰਸਥਾਨ ਤਾਂ ਬਾਬਾ ਫ਼ਰੀਦ ਦੇ ਨਾਮ ‘ਤੇ ਹੀ ਹੈ। ਉਹਦੇ ਵਿਦਿਆਰਥੀਆਂ ਨੂੰ ਇੱਕ ਦਿਨ ਪਹਿਲਾਂ ਸੰਸਥਾਨ ਦੇ ਸਾਹਮਣੇ ਹੀ ਭੜਕੀ ਭੀੜ ਨੇ ਕੁੱਟਿਆ ਸੀ। ਮਕਾਨ ਮਾਲਕਾਂ ਨੂੰ ਗੁੱਸਾਈਆਂ ਭੀੜਾਂ ਕਹਿ ਰਹੀਆਂ ਹਨ ਕਿ ਇਸ ਧਰਮ ਦੇ ਕਿਰਾਏਦਾਰਾਂ ਤੋਂ ਇਮਾਰਤ ਨੂੰ ਖਾਲੀ ਕਰਵਾਓ। ਜਿੱਥੇ ਜੋਸ਼ ਘੱਟਣ ਲੱਗਦਾ ਹੈ, ਉੱਥੇ ਪਿੱਛੋਂ ਇੱਕ ਹੇਕ ਉੱਠਦੀ ਹੈ – ਪਾਕਿਸਤਾਨ ਮੁਰਦਾਬਾਦ। ਭੀੜ ਜਵਾਬ ਦਿੰਦੀ ਹੈ – ਮੁਰਦਾਬਾਦ, ਮੁਰਦਾਬਾਦ!
ਸੰਤਾਲੀ ਦੀ ਲਗਾਤਾਰਤਾ ਟੁੱਟਦੀ ਨਹੀਂ ਦਿਸਦੀ। ਅਸੀਂ ਗੱਲ ਵੀ ਕਰ ਰਹੇ ਹਾਂ ਅਤੇ ਗੱਲ ਨਹੀਂ ਵੀ ਕਰ ਰਹੇ। ਖ਼ਬਰਾਂ ਵਿਚ ਕਸ਼ਮੀਰ ਦਾ ਜ਼ਿਕਰ ਹੈ, ਪਾਕਿਸਤਾਨ ਦਾ ਜ਼ਿਕਰ ਹੈ। ਦੇਸ਼ ਦੇ ਨਕਸ਼ੇ ਵੱਲ ਮੂੰਹ ਕਰੋ ਅਤੇ ਸੱਜੀ ਬਾਂਹ ਲੰਬੀ ਕਰੋ। ਘੁਸਪੈਠੀਆਂ ਦਾ ਜ਼ਿਕਰ ਸੁਣੇਗਾ। ਥੋੜ੍ਹਾ ਹੋਰ ਬਾਂਹ ਉਲਾਰੋਗੇ ਤਾਂ ਰੋਹਿੰਗੀਆਂ ਦੇ ਮੁਰਦਾਬਾਦ ਹੋਣ ਦੀ ਕੰਨਸੋਅ ਗੂੰਜੇਗੀ। ‘ਬੰਗਲਾਦੇਸ਼ੀ ਵਾਪਸ ਜਾਓ’ ਤਾਂ ਥੋੜ੍ਹਾ ਉਰਾਂ ਹੀ ਸ਼ੁਰੂ ਹੋ ਜਾਂਦਾ ਹੈ। ਖੱਬੀ ਬਾਂਹ ਉਲਾਰਨ ਦੀ ਬਹੁਤੀ ਲੋੜ ਨਹੀਂ, ਉੱਥੇ ਤਾਂ ਉਸ ਦੇ ਨਾਮ ‘ਤੇ ਸੈਨਾ ਹੈ ਜਿਹੜਾ ਤਾਂਡਵ ਜਾਣਦਾ ਹੈ। ਨਾਲੇ ਕਿਉਂ ਲੱਤਾਂ, ਬਾਹਵਾਂ ਉਲਾਰਨੀਆਂ ਨੇ ਜੇ ਗੁਆਂਢੀ ਹਰਿਆਣੇ ਵਿਚ ਹੀ ਨਾਟਕ ਗਲੀਆਂ ਵਿਚ ਉੱਤਰ ਆਇਆ ਹੈ।
ਅਤਿਵਾਦ ਦੀ ਗੱਲ ਹੋ ਰਹੀ ਹੈ। ਇਸ ਅਣਮਨੁੱਖੀ ਵਰਤਾਰੇ ਦਾ ਢੁਕਵਾਂ ਜਵਾਬ ਦੇਣ ਦੀ ਮੰਗ ਸਮਝ ਆਉਂਦੀ ਹੈ। ਸਖਤ ਕਦਮ ਲੈਣ ਦੀ ਜ਼ਰੂਰਤ ਹੈ। ਸ਼ਹੀਦ ਹੋਏ ਜਵਾਨ ਅਤਿ ਸਾਦਾ ਪਰਿਵਾਰਾਂ ਤੋਂ ਗਏ ਪੁੱਤਰ, ਭਰਾ, ਬਾਪ, ਦੋਸਤ, ਸਾਥੀ, ਗੁਆਂਢੀ ਸਨ। ਉਨ੍ਹਾਂ ਦੇ ਪਰਿਵਾਰਾਂ ਦਾ ਦੁੱਖ ਗੁੱਸੇ ਅਤੇ ਸ਼ੋਰ ਵਿਚ ਗਵਾਚ ਨਾ ਜਾਵੇ, ਇਹ ਵੀ ਧਿਆਨ ਕਰਨਾ ਬਣਦਾ ਹੈ। ਹਰ ਜਵਾਬੀ ਕਾਰਵਾਈ ਇੱਕੋ ਮੰਤਵ ਨਾਲ ਹੋਣੀ ਚਾਹੀਦੀ ਹੈ ਕਿ ਦੁਬਾਰਾ ਇਹ ਕਾਰੇ ਨਾ ਹੋਣ।
ਇਸ ਲਈ ਉਸ ਦੀ ਗੱਲ ਕਰਨੀ ਹੀ ਪੈਣੀ ਹੈ ਜਿਸ ਦੀ ਗੱਲ ਹੋ ਵੀ ਰਹੀ ਹੈ ਪਰ ਨਹੀਂ ਵੀ ਹੋ ਰਹੀ। ਪਾਕਿਸਤਾਨ, ਕਸ਼ਮੀਰ, ਬੰਗਲਾਦੇਸ਼, ਅਤਿਵਾਦੀ, ਘੁਸਪੈਠੀਆ – ਇਹ ਸਭ ਲੁਕਵੇਂ ਸੰਕੇਤਾਂ ਵਾਂਗ ਵਰਤੇ ਜਾ ਰਹੇ ਸ਼ਬਦ ਹਨ, ਕੋਡ-ਵਰਡਜ਼ ਹਨ। ਅਸੀਂ ਮੁਸਲਮਾਨ ਬਾਰੇ ਗੱਲ ਨਹੀਂ ਕਰ ਰਹੇ। ਬਾਹਰ ਭੀੜਾਂ ਇਹ ਲੁਕਵੀਂ, ਸੰਕੇਤਕ ਭਾਸ਼ਾ ਸਮਝ ਰਹੀਆਂ ਹਨ। ਨਾਟਕ ਦੇ ਅਗਲੇ ਦ੍ਰਿਸ਼ ਇਸੇ ਸਮਝ ਦੇ ਆਧਾਰ ‘ਤੇ ਹੀ ਗਲੀਆਂ, ਬਾਜ਼ਾਰਾਂ ਵਿਚ ਖੇਡੇ ਜਾ ਰਹੇ ਹਨ।
1947 ਵਿਚ ਦੇਸ਼ ਨੂੰ ਇੱਕ ਮੁਸਲਮਾਨ ਸਵਾਲ ਦਰਪੇਸ਼ ਆਇਆ ਸੀ। 2019 ਵਿਚ ਦੇਸ਼ ਉਸੇ ਸਵਾਲ ਨਾਲ ਫਿਰ ਰੂਬਰੂ ਹੈ। ਅਸੀਂ ਆਪਣੇ ਅੰਦਰਲੇ ਨਾਲ ਗੱਲ ਕਰਨ ਤੋਂ ਡਰਦੇ ਹਾਂ। 1984 ਵਿਚਲਾ ਕੋਈ ਸਿੱਖ, ਹਿੰਦੂ ਸਵਾਲ ਵੀ ਤਾਂ ਟੱਕਰ ਸਕਦਾ ਹੈ।
ਜ਼ਰਾ ਬਜ਼ੁਰਗ ਹੀ ਸਹੀ, ਪਰ ਅਜੇ ਤਾਂ ਕਾਫ਼ੀ ਸਾਰੇ ਪਾਤਰ ਸਾਡੇ ਪਿੰਡਾਂ, ਸ਼ਹਿਰਾਂ ਵਿਚ ਬੈਠੇ ਹਨ ਜਿਨ੍ਹਾਂ 1947 ਦੇ ਖੂਨੀ ਸਾਕਿਆਂ ਦਾ ਮੰਚ ਵੇਖਿਆ ਸੀ। 1984 ਦੇ ਭੋਗੀ ਤਾਂ ਵਿਧਵਾ ਕਲੋਨੀ ਤੋਂ ਲੈ ਕੇ ਅਖ਼ਬਾਰੀ ਸੁਰਖੀਆਂ ਤੱਕ ਮਿਲ ਪੈਂਦੇ ਹਨ। ਜੇ ਅੰਬਾਲਾ, ਕਰਨਾਲ, ਦੇਹਰਾਦੂਨ ਜਾਂ ਜੰਮੂ ਦੂਰ ਲੱਗਣ ਤਾਂ ਟੀਵੀ ਲਾ ਲੈਣਾ, ਵਿਸ਼ਾਲ ਭਾਰਤੀ ਨਾਟਕ ਮੰਚ ਤੁਹਾਡੇ ਬੈੱਡਰੂਮ ਵਿਚ ਹੀ ਲੱਗ ਜਾਵੇਗਾ। ਇਹ ਹੁਣ ਤੁਹਾਡੀ ਜ਼ਹੀਨ ਬੁੱਧੀ ਤੇ ਨਿਰਭਰ ਹੈ ਕਿ ਤੁਸੀਂ ਹਕੀਕੀ ਤੇ ਨਾਟਕੀ ਦਾ ਫਰਕ ਕਿੰਨਾ ਕੁ ਫੜਦੇ ਹੋ। ਸੁਣਿਆ ਹੈ ਕਿ ਪਿੰਡੇ-ਹੰਢਾਏ ਤੇ ਟੀਵੀ ‘ਤੇ ਰੁਸ਼ਨਾਏ ਵਿਚ ਰਤਾ ਕੁ ਵਿੱਥ ਰਹਿ ਜਾਂਦੀ ਹੈ।
ਭੀੜ ਵਿਚ ਬਹੁਤੇ ਉਹ ਨੇ ਜਿਨ੍ਹਾਂ ਇਹ ਅਕਹਿ ਅਤੇ ਅਸਹਿ ਦੁੱਖ ਟੀਵੀ ਦੇ ਪਰਦੇ ਤੋਂ ਉਧਾਰ ਲੈ ਕੇ ਭੋਗਿਆ ਹੈ। ਵੈਸੇ ਮੈਂ ਹੱਡੀ-ਹੰਢਾਇਆਂ ਨੂੰ ਦੇਹਰਾਦੂਨ ਦੀਆਂ ਕਮਰਾ-ਬੰਦ ਕੁੜੀਆਂ ਦੀਆਂ ਚੀਕਾਂ ਸੁਣਕੇ ਕਮਰ-ਕੱਸੇ ਕਰਕੇ ਗਲੀ ਵਿਚ ਉਮੜਦਿਆਂ ਅਜੇ ਨਹੀਂ ਵੇਖਿਆ।
ਚੁਰਾਸੀ ਵੀ ਸੰਤਾਲੀ ਸੀ, 2019 ਵੀ ਸੰਤਾਲੀ ਏ। 2019 ਚੁਰਾਸੀ ਵੀ ਹੈ।
ਕਲਾ ਭਵਨ ਤੋਂ ਬਾਹਰ ਨਿਕਲ ਕੇ ਮੈਂ ਉਸ ਨੂੰ ਆਪਣੇ ਕੋਲੋਂ ਲੰਘਦਿਆਂ ਵੇਖਿਆ ਜਿਹੜਾ ਮੇਰੇ ਖੱਬੇ ਬੈਠਾ ਡੁਸਕ ਰਿਹਾ ਸੀ। ਉਸ ਮੇਰੇ ਵੱਲ ਵੇਖਿਆ, ਫਿਰ ਮੋਢੇ ‘ਤੇ ਹੱਥ ਧਰ ਅੱਗੇ ਨਿਕਲ ਗਿਆ। ਮੈਨੂੰ ਨਾਮ ਪੁੱਛਣ ਦੀ ਜ਼ਰੂਰਤ ਮਹਿਸੂਸ ਨਹੀਂ ਹੋਈ। ਇਕ ਗੱਲ ਪੱਕੀ ਸੀ – ਹੁਣ ਉਹ ਅਜਨਬੀ ਨਹੀਂ ਸੀ। ਅਸਾਂ ਕੁਝ ਮਿੰਟ ਪਹਿਲੇ ਇੱਕ ਸਾਂਝਾ ਅਤੀਤ ਉਸਾਰ ਲਿਆ ਸੀ। ਹੁਣ ਅਸੀਂ ਇੱਕ ਦੂਜੇ ਦੇ ਵਾਕਫ਼ ਸਾਂ।
ਸੰਤਾਲੀ ਤੇ ਚੁਰਾਸੀ ਮਿਲਣ, 2019 ਨਾਲ ਕਿਸੇ ਅਤੀਤ ਦੀ ਸਾਂਝ ਪਾਉਣ ਤਾਂ ਕੋਈ ਹਕੀਕੀ ਬਦਲਾ ਲਈਏ। ਐਸਾ ਕੋਈ ਰਾਹ ਕੱਢੀਏ ਕਿ ਹੋਸਟਲ ਵਿਚ ਬੰਦ ਕਸ਼ਮੀਰੀ ਕੁੜੀਆਂ ਨਿਡਰ ਹੋ ਕੇ ਪੜ੍ਹਨ, ਵਾਲੋਂ ਬਰੀਕ ਤੇ ਖੰਡਿਓਂ ਤਿੱਖੇ ਪੁਲਾਂ ਤੋਂ ਅਮਨ ਦੀਆਂ ਵਾਦੀਆਂ ਵਿਚ ਸੁਨੇਹੇ ਭੇਜਣ ਕਿ ਕਾਲਜ ਵਿਚ ਅਸੀਂ ਨਾਟਕ ਕਰਨਾ ਹੈ, ਬਾਹਰ ਤਾਂ ਸਭ ਠੀਕ ਠਾਕ ਹੈ। ਸਿਰਫ਼ ਸ਼ਾਮ ਰਤਾ ਭਿੱਜੀ-ਭਿੱਜੀ ਹੈ ਕਿਉਂ ਜੋ ਕੁਝ ਲੋਕਾਂ ਕੋਲ ਰੁਮਾਲ ਨਹੀਂ।
(ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਸੰਤਾਲੀ ਦੇ ਪੱਛਿਆਂ ਦੇ ਘਰੀਂ ਜੰਮਿਆ ਹੁਣ ਚੁਰਾਸੀ ਦੇ ਜ਼ਖਮੀ ਦੋਸਤਾਂ ਨਾਲ ਬੈਠ 2019 ਦਾ ਨਾਟਕ ਵੇਖ ਰਿਹਾ ਹੈ।)