ਕ੍ਰਿਸ਼ਨਾ ਸੋਬਤੀ : ਜਿਨ੍ਹਾਂ ਨੇ ਹਿੰਦੀ ਭਾਸ਼ੀ ਸਮਾਜ ਨੂੰ ਦੱਸਿਆ ਕਿ ਇਸਤਰੀ ਹੋਣਾ ਕੀ ਹੁੰਦਾ ਹੈ…

ਪ੍ਰਿਯਦਰਸ਼ਨ
94 ਸਾਲ ਦੀ ਉਮਰ ਵਿਚ ਮੌਤ ਸ਼ੌਕ ਦਾ ਵਿਸ਼ਾ ਨਹੀਂ ਹੁੰਦੀ। ਕ੍ਰਿਸ਼ਨਾ ਸੋਬਤੀ ਦੇ ਸਬੰਧ ਵਿਚ ਇਹ ਸ਼ੌਕ ਹੋਰ ਬੇਮਾਇਨੇ ਹੋ ਜਾਂਦਾ ਹੈ, ਜਿਨ੍ਹਾਂ ਦਾ ਪੂਰਾ ਜੀਵਨ ਅਤੇ ਸਾਹਿਤ ਜੀਵਣ, ਖ਼ੁਸ਼ੀਆਂ ਅਤੇ ਗੱਲਾਂ ਦਾ ਅਦਭੁੱਤ ਮਸ਼ਾਲ ਰਿਹਾ ਹੈ।
ਹਾਲ ਹੀ ਦੇ ਵਰ੍ਹਿਆਂ ਵਿਚ ਉਹ ਮੈਨੂੰ ਆਪਣੇ ਬੇਹੱਦ ਸੰਖੇਪ ਨਾਵਲ ‘ਏ ਲੜਕੀ’ ਦੀ ਬਜ਼ੁਰਗ ਨਾਇਕਾ ਦੀ ਯਾਦ ਦਿਵਾਉਂਦੀ ਰਹੀ ਸੀ, ਜਿਸ ਦੇ ਦਿਲੋ-ਦਿਮਾਗ਼ ‘ਤੇ ਉਮਰ ਨਾਮ ਦਾ ਕੋਈ ਵੱਟ, ਕੋਈ ਝੁਰਰੀ ਦਾ ਅਹਿਸਾਸ ਤੱਕ ਨਹੀਂ ਮਿਲਦਾ ਸੀ। ਇਸ ਤੋਂ ਇਲਾਵਾ ਹਾਲ ਦੇ ਦਿਨਾਂ ਵਿਚ ਉਹ ਲਗਾਤਾਰ ਬਿਮਾਰ ਰਹਿ ਰਹੀ ਸੀ। ਬੀਤੇ ਵਰ੍ਹੇ ਉਨ੍ਹਾਂ ਨੂੰ ਜਦੋਂ ਗਿਆਨਪੀਠ ਸਨਮਾਨ ਦਿੱਤਾ ਜਾ ਰਿਹਾ ਸੀ ਤਾਂ ਵੀ ਉਹ ਸਮਾਗਮ ਦੀ ਥਾਂ ਹਸਪਤਾਲ ਵਿਚ ਸਨ। ਪਰ ਇਹ ਸਮਝਣਾ ਜ਼ਰੂਰੀ ਹੈ ਕਿ ਕ੍ਰਿਸ਼ਨਾ ਸੋਬਤੀ ਦੇ ਹੋਣ ਦਾ ਮੁੱਲ ਕੀ ਸੀ ਅਤੇ ਉਨ੍ਹਾਂ ਦੇ ਜਾਣ ਦਾ ਮਤਲਬ ਕੀ ਹੈ। ਉਹ ਕਿਹੋ ਜਿਹੀ ਪਰੰਪਰਾ ਲੈ ਕੇ ਆਈ ਅਤੇ ਕਿਹੋ ਜਿਹੀ ਲੀਕ ਛੱਡ ਕੇ ਗਈ ਹੈ।
ਕ੍ਰਿਸ਼ਨਾ ਸੋਬਤੀ ਹਿੰਦੀ ਵਿਚ ਖ਼ਾਸ ਕਰਕੇ ਇਸਤਰੀ ਲੇਖਣ ਦੇ ਸ਼ਾਂਤ ਸ਼ੀਤਲ ਤਲਾਬ ਵਿਚ ਅਜਿਹੇ ਪੱਥਰ ਵਾਂਗ ਸੀ, ਜਿਸ ਨੇ ਪੂਰੇ ਤਲਾਬ ਨੂੰ ਹਲਚਲਾਂ ਨਾਲ ਭਰ ਦਿੱਤਾ। ਬੇਸ਼ੱਕ, ਉਨ੍ਹਾਂ ਤੋਂ ਪਹਿਲਾਂ ਦੀਆਂ ਨਾਇਕਾਵਾਂ ਵੀ ਆਜ਼ਾਦ ਅਤੇ ਸਵੈਮਾਣ ਨਾਲ ਭਰੀਆਂ ਦਿਖਾਈ ਦਿੰਦੀਆਂ ਸਨ, ਆਪਣੇ ਵਿਅਕਤੀਤਵ ਨੂੰ ਖੋਜਦੀਆਂ ਸਨ, ਪਰ ਉਹ ਬੜੀਆਂ ਸੁਘੜ ਗੁੱਡੀਆਂ ਵਾਂਗ ਸਨ, ਜੋ ਚੰਗੀਆਂ ਤਾਂ ਲਗਦੀਆਂ ਹਨ, ਪਰ ਅਜਿਹੀਆਂ ਜੀਵਨ ਭਰਪੂਰ ਨਹੀਂ ਕਿ ਸਾਨੂੰ ਪ੍ਰੇਸ਼ਾਨ ਕਰ ਸਕਣ। ਕ੍ਰਿਸ਼ਨਾ ਸੋਬਤੀ ਨੇ ਪਹਿਲਾ ਕੰਮ ਇਹੀ ਕੀਤਾ ਕਿ ਇਨ੍ਹਾਂ ਗੁੱਡੀਆਂ ਨੂੰ ਹੱਡ-ਮਾਸ ਦੀਆਂ ਔਰਤਾਂ ਵਿਚ ਬਦਲਿਆ ਤੇ ਫਿਰ ਉਹ ਜ਼ੁਬਾਨ ਦਿੱਤੀ ਜੋ ਮਰਦਵਾਦ ਦੇ ਕੰਨ ਵਿਚ ਸ਼ੀਸ਼ੇ ਵਾਂਗ ਪੈਂਦੀ ਸੀ।
ਉਨ੍ਹਾਂ ਦਿਨਾਂ ਦੇ ਹਿੰਦੀ ਸੰਸਾਰ ਵਿਚ ਆਪਣੀ ਦੇਹ ਤੋਂ ਘਬਰਾਈ, ਸ਼ਰਮਾਈ, ਉਸ ਨੂੰ ਲੁਕਾਉਣ ਅਤੇ ਉਸ ਦੀਆਂ ਕਾਮਨਾਵਾਂ ਨੂੰ ਨਾ ਦਿਖਣ ਦੇ ਲੱਖ ਯਤਨ ਕਰਦੀਆਂ ਨਾਇਕਾਵਾਂ ਨੇ ਕ੍ਰਿਸ਼ਨਾ ਸੋਬਤੀ ਦੇ ਨਾਵਲ ‘ਮਿਤਰੋ ਮਰਜਾਨੀ’ ਦੇ ਪ੍ਰਕਾਸ਼ਨ ਮਗਰੋਂ ਅਚਾਨਕ ਦੇਖਿਆ ਕਿ ਉਨ੍ਹਾਂ ਵਿਚਾਲੇ ਇਕ ਮਿਤਰੋ ਖੜ੍ਹੀ ਹੈ ਜੋ ਆਪਣੀ ਦੇਹ ਨੂੰ ਲੈ ਕੇ ਕਦੇ ਵੀ ਦੁਚਿਤੀ ਵਿਚ ਨਹੀਂ ਰਹੀ, ਉਹ ਆਪਣੇ ਪਤੀ ਤੋਂ ਕੁੱਟ ਵੀ ਖਾ ਲੈਂਦੀ ਹੈ, ਪਰ ਉਸ ਦੇ ਵਿਅਕਤੀਤਵ ਦੀ ਜੋ ਚਮਕ ਹੈ, ਉਸ ਵਿਚ ਜੋ ਸੰਘਰਸ਼ ਦਾ ਮਾਦਾ ਹੈ, ਉਹ ਕਦੇ ਖ਼ਤਮ ਹੁੰਦਾ ਹੀ ਨਹੀਂ।
ਹਿੰਦੀ ਭਾਸ਼ੀ ਸਮਾਜ ਨੂੰ ਦੱਸਿਆ-ਇਸਤਰੀ ਹੋਣਾ ਕੀ ਹੁੰਦਾ ਹੈ :
ਆਉਣ ਵਾਲੇ ਤਮਾਮ ਵਰ੍ਹਿਆਂ ਵਿਚ ਕ੍ਰਿਸ਼ਨਾ ਸੋਬਤੀ ਇਸ ਤਰ੍ਹਾਂ ਦੇ ਜੀਵਨ ਬਾਰੇ ਵਾਰ-ਵਾਰ ਲਿਖਦੀ ਅਤੇ ਜਿਉਂਦੀ ਰਹੀ। ‘ਡਾਰ ਸੇ ਬਿਛੜੀ’, ‘ਜ਼ਿੰਦਗੀਨਾਮਾ’, ‘ਸੂਰਜਮੁਖੀ ਅੰਧੇਰੇ ਕੇ’, ‘ਦਿਲੋ ਦਾਨਿਸ਼’, ‘ਸਮਯ ਸਰਗਮ’ ਵਰਗੀਆਂ ਢੇਰ ਸਾਰੀਆਂ ਰਚਨਾਵਾਂ ਰਚੀਆਂ ਜੋ ਵੱਖ ਵੱਖ ਕਿਰਦਾਰਾਂ ਅਤੇ ਕਹਾਣੀਆਂ ਵਿਚ ਢਲ ਕੇ ਵਾਰ-ਵਾਰ ਕ੍ਰਿਸ਼ਨਾ ਸੋਬਤੀ ਦੀ ਆਪਣੀ ਜੀਵਨ ਦ੍ਰਿਸ਼ਟੀ ਦੇ ਬੇਬਾਕ ਬਿਆਨ ਵਾਂਗ ਸਾਹਮਣੇ ਆਉਂਦੀਆਂ ਰਹੀਆਂ।
ਉਹ ਬਹੁਤ ਡੂੰਘੇ ਅਰਥਾਂ ਵਿਚ ਨਾਰੀਵਾਦੀ ਨਹੀਂ ਸਨ, ਸ਼ਾਇਦ ਖ਼ੁਦ ਨੂੰ ਅਜਿਹੇ ਕਿਸੇ ਵਿਸ਼ੇਸ਼ਣ ਵਿਚ ਢਾਲੇ ਜਾਣ ਤੋਂ ਝਿਜਕ ਵੀ ਕਰਦੇ ਸਨ, ਪਰ ਉਨ੍ਹਾਂ ਦੇ ਨਾਵਲਾਂ ਨੇ ਹਿੰਦੀ ਲੇਖਣ ਦੀ ਉਹ ਖਿੜਕੀ ਖੋਲ੍ਹੀ, ਹਿੰਦੀ ਭਾਸ਼ੀ ਸਮਾਜ ਨੂੰ ਉਹ ਦੁਨੀਆ ਦਿਖਾਈ ਜਿਸ ਵਿਚ ਇਸਤਰੀ ਹੋਣ ਦਾ ਮਤਲਬ ਦੇਵੀ ਜਾਂ ਦਾਸੀ ਹੋਣਾ ਨਹੀਂ, ਹੱਡ-ਮਾਸ ਦੀਆਂ ਉਹ ਕੁੜੀਆਂ ਹੋਣਾ ਵੀ ਹੁੰਦਾ ਹੈ ਜਿਨ੍ਹਾਂ ਦੀਆਂ ਆਪਣੀਆਂ ਇਛਾਵਾਂ ਹੁੰਦੀਆਂ ਹਨ, ਜਿਨ੍ਹਾਂ ਦੀਆਂ ਆਪਣੀ ਨਿਰਾਸ਼ਾਵਾਂ ਹੁੰਦੀਆਂ ਹਨ, ਜਿਨ੍ਹਾਂ ਦੀਆਂ ਆਪਣੀਆਂ ਅਸਫਲਤਾਵਾਂ ਹੁੰਦੀਆਂ ਹਨ, ਪਰ ਇਨ੍ਹਾਂ ਸਭ ਦੇ ਬਾਵਜੂਦ ਜਿਨ੍ਹਾਂ ਅੰਦਰ ਲੜਨ ਅਤੇ ਜਿਉਣ ਦਾ ਆਪਣਾ ਮਾਦਾ ਵੀ ਹੁੰਦਾ ਹੈ।
ਅੱਜ ਜੇਕਰ ਹਿੰਦੀ ਦੇ ਨਾਰੀ ਲੇਖਣ ਨੇ ਆਪਣੀ ਵੱਖਰੀ ਥਾਂ-ਜ਼ਮੀਨ ਅਤੇ ਦ੍ਰਿਸ਼ਟੀ ਬਣਾਈ ਹੈ ਤਾਂ ਇਸ ਵਿਚ ਕੁਝ ਯੋਗਦਾਨ ਕ੍ਰਿਸ਼ਨਾ ਸੋਬਤੀ ਦੇ ਲੇਖਣ ਦਾ ਵੀ ਹੈ। ਦਰਅਸਲ, ਕ੍ਰਿਸ਼ਨਾ ਸੋਬਤੀ ਇਕ ਪੂਰੀ ਪਰੰਪਰਾ ਦਾ ਵਿਸਥਾਰ ਹੈ। ਜਿਸ ਨੂੰ ਸਮਝਣ ਲਈ ਸਾਨੂੰ ਹਿੰਦੀ ਦੇ ਦਾਇਰੇ ਤੋਂ ਬਾਹਰ ਜਾਣਾ ਪਏਗਾ। ਇਹ ਇਤਫ਼ਾਕ ਨਹੀਂ ਹੈ ਕਿ ਵੀਹਵੀਂ ਸਦੀ ਦੇ ਤੀਸਰੇ ਦਹਾਕੇ ਵਿਚ ਤਿੰਨ ਵੱਡੀਆਂ ਲੇਖਕਾਵਾਂ ਲਗਭਗ ਇਕੋ ਵੇਲੇ ਪੈਦਾ ਹੁੰਦੀਆਂ ਹਨ-ਮਹਾਂਸ਼ਵੇਤਾ ਦੇਵੀ, ਕ੍ਰਿਸ਼ਨਾ ਸੋਬਤੀ ਤੇ ਕੁਰਰਤੁਲਏਨ ਹੈਦਰ।
ਤਿੰਨ੍ਹਾਂ ਵਿਚ ਬੱਸ ਇਕ-ਇਕ ਸਾਲ ਦਾ ਅੰਤਰ ਹੈ। ਇਸ ਤੋਂ ਕੁਝ ਵਰ੍ਹੇ ਪਹਿਲਾਂ ਅਮ੍ਰਿਤਾ ਪ੍ਰੀਤਮ ਆਉਂਦੀ ਹੈ ਤੇ ਉਨ੍ਹਾਂ ਤੋਂ ਕੁਝ ਵਰ੍ਹੇ ਪਹਿਲਾਂ ਇਸਮਤ ਚੁਗਤਈ। ਪਤਾ ਨਹੀਂ, ਭਾਰਤੀ ਉਪ ਮਹਾਂਦੀਪ ਵਿਚ ਇਕੋ ਸਮੇਂ ਇਹ ਕਿਹੜਾ ਸਾਂਚਾ ਸੀ ਜਿਸ ਵਿਚ ਵਿਦਰੋਹ ਦੀਆਂ ਇਹ ਮੂਰਤਾਂ ਆਕਾਰ ਲੈ ਰਹੀਆਂ ਸਨ, ਪਰ ਇਨ੍ਹਾਂ ਬਹੁਤ ਸਮਰਥ ਲੇਖਕਾਵਾਂ ਅਤੇ ਨਾਰੀਆਂ ਨੇ ਭਾਰਤੀ ਨਾਰੀ ਦਾ ਉਹ ਝੰਡਾ ਫਹਿਰਾਇਆ, ਜਿਸ ਦੀ ਸ਼ਾਇਦ ਮਜਾਜ਼ ਨੇ ਕਦੇ ਉਨ੍ਹੀਂ ਦਿਨੀਂ ਕਲਪਨਾ ਕੀਤੀ ਸੀ-
ਮਾਥੇ ਪੇ ਤੇਰੇ ਆਂਚਲ ਯੇ ਬਹੁਤ ਖ਼ੂਬ ਹੈ ਲੇਕਿਨ
ਇਸ ਆਂਚਲ ਸੇ ਤੂ ਏਕ ਪਰਚਮ ਬਨਾ ਲੇਤੀ ਤੋ ਅੱਛਾ ਥਾ।
ਤਾਂ ਇਹ ਉਹ ਪਰੰਪਰਾ ਹੈ, ਜਿਸ ਨੇ ਕ੍ਰਿਸ਼ਨਾ ਸੋਬਤੀ ਨੂੰ ਬਣਾਇਆ ਅਤੇ ਜਿਸ ਨੂੰ ਕ੍ਰਿਸ਼ਨਾ ਸੋਬਤੀ ਨੇ ਬਣਾਇਆ।
ਲੇਖਣ ਵਿਚ ਜ਼ਿੰਦਗੀ :
ਕ੍ਰਿਸ਼ਨਾ ਸੋਬਤੀ ਦੇ ਲੇਖਣ ਵਿਚ ਜੋ ਜ਼ਿੰਦਗੀ ਦਿਖਾਈ ਦਿੰਦੀ ਹੈ, ਉਹੀ ਉਨ੍ਹਾਂ ਦੇ ਜੀਵਨ ਵਿਚ ਵੀ ਨਜ਼ਰ ਆਉਂਦੀ ਰਹੀ ਹੈ। ਬੇਸ਼ੱਕ ਬਾਅਦ ਦੇ ਵਰ੍ਹਿਆਂ ਵਿਚ ਉਨ੍ਹਾਂ ਦੀਆਂ ਰਚਨਾਵਾਂ ਵਿਚ ਬਿਮਾਰੀ ਤੇ ਬੁਢਾਪੇ ਦਾ ਪ੍ਰਛਾਵਾਂ ਦਿਖਾਈ ਦਿੰਦਾ ਹੈ ਪਰ ਬੇਬਸੀ ਨਹੀਂ।
ਇਸ ਸਮੇਂ ਦੌਰਾਨ ਉਹ ‘ਸਮਯ ਸਰਗਮ’ ਵਰਗਾ ਨਾਵਲ ਲਿਖਦੇ ਹਨ ਤੇ ਉਸ ਤੋਂ ਬਾਅਦ ਵੀ ਦੋ ਦਹਾਕੇ ਤੋਂ ਜ਼ਿਆਦਾ ਸਮੇਂ ਤੱਕ ਸਰਗਰਮ ਰਹਿੰਦੇ ਹਨ। ਇਸ ਸਰਗਰਮੀ ਦੇ ਕਈ ਪੱਖ ਹਨ। ਕਰੀਬ ਦੋ ਵਰ੍ਹੇ ਪਹਿਲਾਂ ਉਨ੍ਹਾਂ ਦਾ ਆਤਮਕਥਾ ਨਾਵਲ ‘ਗੁਜਰਾਤ ਪਾਕਿਸਤਾਨ ਸੇ ਗੁਜਰਾਤ ਹਿੰਦੁਸਤਾਨ’ ਆਉਂਦਾ ਹੈ, ਜਿਸ ਵਿਚ ਉਹ ਵੰਡ ਦੀ ਤਰਾਸਦੀ ਵਿਚਾਲੇ ਇਕ ਛੋਟੀ ਜਿਹੀ ਰਿਆਸਤ ਦੀ ਕਹਾਣੀ ਕਹਿੰਦੇ ਹਨ ਅਤੇ ਇਸ ਗੱਲ ਵੱਲ ਧਿਆਨ ਖਿੱਚਦੇ ਹਨ ਕਿ ਸਰਹੱਦਾਂ ਦੇ ਆਰ-ਪਾਰ ਚੱਲ ਰਹੀ ਸਿਆਸਤ ਕਿੰਨੀ ਤਰ੍ਹਾਂ ਦੀ ਵਹਿਸ਼ਤ ਪੈਦਾ ਕਰਦੀ ਹੈ, ਉਸ ਨੇ ਕਿਸ ਕਿਸ ਤਰ੍ਹਾਂ ਦੇ ਬਟਵਾਰੇ ਕਰ ਦਿੱਤੇ ਹਨ।
ਸ਼ਾਇਦ ਇਹ ਜ਼ਿੰਦਗੀ ਹੀ ਸੀ, ਜਿਸ ਨੇ ਕ੍ਰਿਸ਼ਨਾ ਜੀ ਨੂੰ ਲੈ ਕੇ ਵਿਚਾਰਕ ਤੌਰ ‘ਤੇ ਸਰਗਰਮ ਬਣਾਈ ਰੱਖਿਆ। ਕੁਝ ਵਰ੍ਹੇ ਪਹਿਲਾਂ ਜਦੋਂ ਹਿੰਦੀ ਦੇ ਬੁੱਧੀਜੀਵੀਆਂ ਨੇ ਸਮਾਜ ਵਿਚ ਵਧਦੀ ਅਸਹਿਣਸ਼ੀਲਤਾ ਦੇ ਖ਼ਿਲਾਫ਼ ਮੁਹਿੰਮ ਚਲਾਈ ਅਤੇ ਇਕ ਪ੍ਰੋਗਰਾਮ ਰੱਖਿਆ ਤਾਂ ਉਥੇ ਉਹ ਵਹੀਲਚੇਅਰ ‘ਤੇ ਪਹੁੰਚੀ ਅਤੇ ਉਨ੍ਹਾਂ ਨੇ ‘ਬਾਬਰੀ ਸੇ ਦਾਦਰੀ ਤੱਕ’ ਦੀਆਂ ਘਟਨਾਵਾਂ ਨੂੰ ਅੰਡਰਲਾਈਨ ਕੀਤਾ। ਉਨ੍ਹਾਂ ਨਾਲ ਜਦੋਂ ਵੀ ਮੁਲਾਕਾਤ ਕੀਤੀ, ਉਹ ਬੇਹੱਦ ਮਹਿਕ ਨਾਲ ਭਰੀ, ਸਮਕਾਲੀ ਸਵਾਲਾਂ ਨਾਲ ਹੀ ਨਹੀਂ, ਬਿਲਕੁਲ ਤਤਕਾਲੀ ਸੰਦਰਭਾਂ ‘ਤੇ ਵੀ ਉਤਸਕ ਦਿਖਾਈ ਦਿੱਤੇ ਅਤੇ ਹਮੇਸ਼ਾ ਬਰਾਬਰੀ ਦੇ ਪੱਖ ਵਿਚ ਮੋਹਰੀ ਨਜ਼ਰ ਆਏ। ਦੋ ਵਰ੍ਹੇ ਪਹਿਲਾਂ ਉਨ੍ਹਾਂ ਨਾਲ ਮੇਰੀ ਆਖ਼ਰੀ ਮੁਲਾਕਾਤ ਉਨ੍ਹਾਂ ਦੇ ਘਰ ਹੋਈ। 92 ਪਾਰ ਦੀ ਕ੍ਰਿਸ਼ਨਾ ਜੀ ਨਾਲ ਉਸ ਮੁਲਾਕਾਤ ਤੋਂ ਪਹਿਲਾਂ ਮੇਰੀ ਪਤਨੀ ਸਮਿਤਾ ਅਤੇ ਮੈਂ ਇਹ ਸੋਚ ਰਹੇ ਸੀ ਕਿ ਉਹ ਕੁਝ ਕਮਜ਼ੋਰ ਹੋਣਗੇ।
ਬੇਸ਼ੱਕ ਸਰੀਰਕ ਤੌਰ ‘ਤੇ ਉਹ ਕੁਝ ਕਮਜ਼ੋਰ ਸਨ, ਪਰ ਕਿਸੇ ਵੀ ਪੱਖ ਤੋਂ ਕਮਜ਼ੋਰ ਨਹੀਂ ਦਿਖਾਈ ਦਿੱਤੇ ਅਤੇ ਦੋ ਘੰਟੇ ਤੱਕ ਲਗਾਤਾਰ ਕਈ ਵਿਸ਼ਿਆਂ ‘ਤੇ ਗੱਲ ਕਰਦੇ ਰਹੇ। ਉਨ੍ਹਾਂ ਨੂੰ ਮਿਲ ਕੇ ਪਰਤਦਿਆਂ ਸਾਨੂੰ ਲੱਗਾ ਕਿ ਸਾਡੇ ਅੰਦਰ ਵੀ ਇਕ ਨਵੀਂ ਯਾਦ ਦਾ ਸੰਚਾਰ ਹੋ ਚੁੱਕਾ ਹੈ। ਉਹ ਯਾਦਾਂ ਨਾਲ ਵੀ ਭਰੇ ਹੋਏ ਸਨ ਤੇ ਯੋਜਨਾਵਾਂ ਨਾਲ ਵੀ ਲੈਸ। ਉਹ ਹਸਪਤਾਲ ਜਾ ਜਾ ਕੇ ਆਉਂਦੇ ਰਹਿੰਦੇ ਸਨ- ਜਿਵੇਂ ਵਾਰ ਵਾਰ ਕਿਸੇ ਅਣਜਾਣ ਖ਼ੁਦਾ ਤੋਂ ਇਕਬਾਲ ਦਾ ਇਹ ਸ਼ੇਅਰ ਕਹਿ ਕੇ ਪਰਤ ਆਉਂਦੇ ਹੋਣ-
ਬਾਗੇ ਬਹਿਸ਼ਤ ਸੇ ਮੁਝੇ ਹੁਕਮੇ ਸਫ਼ਰ ਦਿਆ ਥਾ ਕਿਉਂ
ਕਾਰੇ ਜਹਾਂ ਦਰਾਜ਼ ਹੈ ਅਬ ਮਿਰਾ ਇੰਤਜ਼ਾਰ ਕਰ।
ਬੇਸ਼ੱਕ ਕੰਮ ਬਹੁਤ ਹਨ- ਸਮਾਜ ਨੂੰ ਸੁੰਦਰ ਬਣਾਉਣ ਦਾ, ਮਨੁੱਖ ਨੂੰ ਉਸ ਦੀ ਮਨੁੱਖਾ ਵਾਪਸ ਕਰਨ ਦਾ, ਸਮਾਂ ਤੇ ਸਭਿਅਤਾ ਨੂੰ ਜ਼ਿਆਦਾ ਖੁਸ਼ਹਾਲ ਬਣਾਉਣ ਦਾ। ਕ੍ਰਿਸ਼ਨਾ ਜੀ ਹੁਣ ਚਲੇ ਗਏ ਹਨ ਤੇ ਸਾਡੇ ਜ਼ਿੰਮੇ ਇਹ ਕੰਮ ਛੱਡ ਗਏ ਹਨ।

Leave a Reply

Your email address will not be published. Required fields are marked *