ਪਲੀ ਨੇ ਮਨਾਇਆ 16ਵਾਂ ਸਾਲਾਨਾ ਅੰਤਰਰਾਸ਼ਟਰੀ ਮਾਂ-ਬੋਲੀ ਦਿਨ

ਸਰ੍ਹੀ (ਨਦਬ) : ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਵਲੋਂ 23 ਫਰਵਰੀ ਨੂੰ ਸਰ੍ਹੀ ਸਥਿਤ ਕਵਾਂਟਲਿਨ ਪਾਲਿਟਿਕਨਿਕ ਯੂਨੀਵਰਸਿਟੀ (ਕੇ.ਪੀ.ਯੂ) ਵਿਚ ਆਪਣਾ ਸੋਲ੍ਹਵਾਂ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਮਨਾਇਆ ਗਿਆ। ਪਲੀ, ਇਸ ਦੀ ਲੰਮੇ ਸਮੇਂ ਤੋਂ ਸਹਿਯੋਗੀ ਰਹੀ ਜਥੇਬੰਦੀ ਦੀਪਕ ਬਿਨਿੰਗ ਫਾਊਂਡੇਸ਼ਨ (ਡੀ.ਬੀ.ਐਫ.), ਜਿਸ ਨੇ ਕਵਾਂਟਲਿਨ ਨੂੰ ਵਿਦਿਆਰਥੀਆਂ ਦੀ ਸਹਾਇਤਾ ਵਾਸਤੇ ਦੋ ਲੱਖ ਡਾਲਰ ਦਿੱਤੇ ਹਨ, ਤਿੰਨਾਂ ਸੰਸਥਾਵਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਸਿਰੇ ਚੜ੍ਹਾਇਆ ਗਿਆ। ਥਾਂ ਦੇ ਨਾਲ ਨਾਲ ਬਾਕੀ ਦੇ ਲੋੜੀਂਦੇ ਖਰਚੇ ਵੀ ਯੂਨੀਵਰਸਿਟੀ ਵਲੋਂ ਹੀ ਦਿੱਤੇ ਗਏ।
ਪ੍ਰੋਗਰਾਮ ਦੀ ਸ਼ੁਰੂਆਤ ਪਲੀ ਦੀ ਮੈਂਬਰ ਪ੍ਰਭਜੋਤ ਕੌਰ ਨੇ ਕੇ ਪੀ.ਯੂ, ਡੀ.ਬੀ.ਐਫ. ਅਤੇ ਸਾਰਿਆਂ ਨੂੰ ਜੀ ਆਇਆਂ ਕਿਹਾ। ਪਲੀ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਸਾਰਿਆਂ ਦਾ ਸਵਾਗਤ ਕਰਦਿਆਂ ਸਾਊਥ ਏਸ਼ੀਅਨ ਮੀਡੀਏ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਐਲਿਮੈਂਟਰੀ, ਸੈਕੰਡਰੀ ਤੇ ਪੋਸਟ-ਸੈਂਕੰਡਰੀ ਅਦਾਰਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਐਲ ਏ ਮੈਥੇਸਨ ਸਕੂਲ ਦੀ ਅਧਿਆਪਕਾ ਅਤੇ ਭਾਈਚਾਰੇ ਵਿਚ ਸਰਗਮਰ ਐਨੀ ਓਹਾਨਾ ਨੇ ਮੁੱਖ ਭਾਸ਼ਨ ਦਿੱਤਾ। ਜਸ਼ਨ ਵਾਲੀ ਥਾਂ ‘ਤੇ ਵਿਦਿਆਰਥੀਆਂ ਦੇ ਲਿਖਤੀ ਕੰਮਾਂ ਦੀ ਨੁਮਾਇਸ਼ ਲਾਈ ਗਈ। ਸਕੂਲਾਂ ਦੇ 14 ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗੀਤ, ਕਵਿਤਾਵਾਂ, ਕਹਾਣੀਆਂ ਤੇ ਭਾਸ਼ਣਾਂ ਨੇ ਸਰੋਤਿਆ ਦਾ ਧਿਆਨ ਖਿੱਚੀ ਰੱਖਿਆ। ਇਨ੍ਹਾਂ ਵਿਦਿਆਰਥੀਆਂ ਚ ਸ਼ਾਮਲ ਸੁਖਮਨ ਕੰਬੋਅ, ਸਾਹਿਬ ਕੰਬੋਅ (ਗਰੀਨ ਟਿੰਬਰਜ਼ ਐਲਿਮੈਂਟਰੀ), ਗੁਰਜੀਤ ਰੰਧਾਵਾ (ਕੇ ਪੀ ਯੂ), ਰਾਜੀਵ ਕਲੇਰ, ਸੈਮੀ ਗਿੱਲ, ਹਰਲੀਨ ਫਗੂੜਾ, ਹਰਮੀਨ ਫਗੂੜਾ, ਕੀਰਤ ਢਿੱਲੋਂ, ਅਸ਼ਮੀਨ ਗਿੱਲ (ਪਰਿੰਸਸ ਮਾਰਗਰੈਟ ਸੈਂਕੰਡਰੀ) ਰਵੀਨ ਗਰੇਵਾਲ, ਪ੍ਰਭਜੋਤ ਵਸ਼ਿਸ਼ਟ, ਕਰਮਨ ਗਿੱਲ, ਅਮਨਵੀਰ ਕੌਰ ਤੇ ਜੈਸਮੀਨ ਧਾਲੀਵਾਲ (ਐਲ ਏ ਮੈਥੇਸਨ) ਸ਼ਾਮਲ ਸਨ। ਐਲ ਏ ਮੈਥੇਸਨ ਦੇ ਰਸਵੀਨ, ਜਸਮੀਨ ਸੈਣੀ, ਕੋਮਲ ਧਾਮੀ, ਪੂਨੀਤ ਬੈਂਸ, ਕੀਰਤ ਕਲੇਰ ਤੇ ਹਰਮਨ ਗਿੱਲ ਵਲੋਂ ਬਣਾਈ ਛੋਟੀ ਫਿਲਮ ‘ਤਲਾਕ’ ਵੀ ਦਿਖਾਈ ਗਈ। ਪਲੀ ਵਲੋਂ ਹਰ ਵਿਦਿਆਥੀ ਨੂੰ ਸਰਟੀਫਿਕੇਟ ਤੇ ਦੋ ਕਹਾਣੀ ਸੰਗ੍ਰਿਹ ਦਿੱਤੇ ਗਏ। ਇਹ ਕਹਾਣੀ ਸੰਗ੍ਰਹਿ ਢਾਹਾਂ ਇਨਾਮ ਵਾਲਿਆਂ ਵਲੋਂ ਛਾਪੇ ਗਏ ਹਨ।
ਪਲੀ ਦੇ ਮੀਤ ਪ੍ਰਧਾਨ ਸਾਧੂ ਬਿਨਿੰਗ ਨੇ ਭਾਈਚਾਰੇ ਨੂੰ ਇਹ ਅਪੀਲ ਕੀਤੀ ਕਿ ਉਹ ਪੰਜਾਬੀ ਨੂੰ ਹਰ ਪੱਧਰ ‘ਤੇ ਅੱਗੇ ਲਿਆਉਣ ਲਈ ਸਰਗਰਮੀਆਂ ਦਾ ਹਿੱਸਾ ਬਣਨ। ਉਨ੍ਹਾਂ ਸਭ ਨੂੰ ਵੰਗਾਰਿਆ ਕਿ ਉਹ ਓਟਾਵਾ ਵਿਚ ਫੈਸਲੇ ਕਰਨ ਵਾਲਿਆਂ ਤੱਕ ਇਹ ਗੱਲ ਪਹੁੰਚਾਣ ਕਿ ਉਹ ਕਨੇਡਾ ਦੀ ਭਾਸ਼ਾ ਨੀਤੀ ਨੂੰ ਮੁੜ ਵਿਚਾਰਨ ਤੇ ਉਸ ਵਿਚ ਲੋੜੀਂਦੀਆਂ ਤਬਦੀਲੀਆਂ ਕਰਨ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਸਾਡੇ ਭਾਈਚਾਰੇ ਵਲੋਂ ਇਸ ਮੁਲਕ ਦੀ ਉਸਾਰੀ ਵਿਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਤੇ ਸਾਡੀ ਮਾਂ-ਬੋਲੀ ਕਨੇਡਾ ਵਿਚ ਅਜੇ ਵੀ ਵਿਦੇਸ਼ੀ ਬੋਲੀ ਹੈ। ਸਾਡੀ ਮਾਂ-ਬੋਲੀ ਨੂੰ ਹੁਣ ਤੱਕ ਇਸ ਮੁਲਕ ਵਿਚ ‘ਲੈਂਡਡ ਇਮੀਗਰੈਂਟ’ ਦਾ ਰੁਤਬਾ ਮਿਲ਼ ਜਾਣਾ ਚਾਹੀਦਾ ਸੀ। ਪਲੀ ਨੇ ਸਰ੍ਹੀ ਦੇ ਸਕੂਲ ਟਰੱਸਟੀ ਗੈਰੀ ਥਿੰਦ ਤੇ ਪਰਿੰਸਸ ਮਾਰਗਰੈਟ ਸੈਕੰਡਰੀ ਸਕੂਲ ਦੀ ਅਧਿਆਪਕਾ ਪ੍ਰੀਤ ਢਿੱਲੋਂ ਨੂੰ ਸਨਮਾਨਤ ਕੀਤਾ। ਬੀ.ਸੀ. ਦੀ ਲੈਜਿਸਲੇਚਰ ਐਸੰਬਲੀ ਵਲੋਂ ਪਲੀ ਨੂੰ ਸਰਟੀਫੀਕੇਟ ਆਫ ਐਪਰੀਸੀਏਸ਼ਨ ਦੇ ਕੇ ਸਨਮਾਨਤ ਕੀਤਾ ਗਿਆ। ਇਹ ਸਨਮਾਨ ਦੇਣ ਵੇਲੇ ਬੀ.ਸੀ. ਦੇ ਪੰਜ ਵਿਧਾਇਕ ਬਰੂਸ ਰਾਲਸਟਨ, ਰਚਨਾ ਸਿੰਘ, ਜਿੰਨੀ ਸਿੰਮਜ਼, ਜਗਰੂਪ ਬਰਾੜ ਅਤੇ ਹੈਰੀ ਬੈਂਸ ਹਾਜ਼ਰ ਸਨ। ਅਖੀਰ ਵਿਚ ਬਲਵੰਤ ਸਿੰਘ ਸੰਘੇੜਾ ਨੇ ਪਲੀ ਵਲੋਂ ਵਿਸ਼ੇਸ਼ ਕਰਕੇ ਸਾਊਥ ਏਸ਼ੀਅਨ ਮੀਡੀਏ ਦਾ, ਪਲੀ ਦੇ ਵਲੰਟੀਅਰ ਅਤੇ ਭਾਈਚਾਰੇ ਦਾ ਲਗਾਤਾਰ ਮਿਲ਼ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਸਮਾਗਮ ਦੀ ਸਫਲਤਾ ਲਈ ਉਨ੍ਹਾਂ ਪਲੀ ਦੇ ਟੀਮ ਮੈਂਬਰਾਂ ਸਾਧੂ ਬਿਨਿੰਗ, ਪ੍ਰਭਜੋਤ ਕੌਰ, ਹਰਮੋਹਨਜੀਤ ਸਿੰਘ ਪੰਧੇਰ, ਦਇਆ ਜੌਹਲ, ਪਾਲ ਬਿਨਿੰਗ, ਪਰਵਿੰਦਰ ਧਾਰੀਵਾਲ, ਰਜਿੰਦਰ ਸਿੰਘ ਪੰਧੇਰ ਅਤੇ ਰਣਬੀਰ ਜੌਹਲ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *