ਮੇਰੀ ਕਵਿਤਾ ਈ ਮੇਰਾ ਵਜੂਦ ਐ – ਪਾਲ ਕੌਰ

ਪਾਲ ਕੌਰ; ਪੰਜਾਬੀ ਦੀ ਜ਼ਹੀਨ ਕਵਿੱਤਰੀ। ਆਪਣੀ ਕਵਿਤਾ ਨੂੰ ਆਪਣਾ ਵਜੂਦ ਮੰਨਣ ਵਾਲੀ ਇਸ ਸ਼ਾਇਰਾ ਦਾ ਬਚਪਨ ਤੋਂ ਜਵਾਨੀ ਤੱਕ ਸਫ਼ਰ ਉਸ ਨੂੰ ਅਜਿਹਾ ਮੁੱਢਲਾ ਅਨੁਭਵ ਪ੍ਰਦਾਨ ਕਰਦਾ ਹੈ; ਜੋ ਉਸ ਦੀ ਸਮੁੱਚੀ ਕਵਿਤਾ ਦਾ ਆਧਾਰ ਬਣ ਜਾਂਦਾ ਹੈ। ਇਸ ਅਨੁਭਵ ਵਿਚ ਸਿਰੇ ਦੀ ਪੀੜ ਹੈ, ਜੋ ਭਾਵੇਂ ਨਿੱਜੀ ਹੈ ਪਰ ਕਵਿਤਾ ਵਿਚ ਸਮੂਹਕ ਪੀੜ ਦੇ ਰੂਪ ਵਿਚ ਪੇਸ਼ ਹੁੰਦੀ ਹੈ। ਦਰਅਸਲ; ਪਾਲ ਕੌਰ ਦਾ ਕਵਿਤਾ ਤੱਕ ਪਹੁੰਚਣ ਦਾ ਜ਼ਰੀਆ ਹੀ ਉਹਦਾ ਅਨੁਭਵ ਹੈ। ਉਹਦਾ ਕਹਿਣਾ ਹੈ – ”ਕਵਿਤਾ ਵਿਚ ਜਿੰਨੀ ਦੇਰ ਤੱਕ ਤੁਹਾਡਾ ਜੀਵਿਆ ਹੋਇਆ ਅਨੁਭਵ ਨਹੀਂ ਆਉਂਦਾ, ਉਹ ਕਵਿਤਾ ਨਹੀਂ ਬਣਦੀ।
ਸੱਤ ਕਾਵਿ ਪੁਸਤਕਾਂ, ਇਕ ਆਲੋਚਨਾ ਪੁਸਤਕ, ਇਕ ਵਾਰਤਕ ਅਤੇ ਦੋ ਸੰਪਾਦਤ ਪੁਸਤਕਾਂ ਦੀ ਰਚੇਤਾ ਪਾਲ ਕੌਰ ਦੀ ਪ੍ਰਤੀਨਿੱਧ ਕਵਿਤਾ ‘ਖੱਬਲ਼’ ਤੋਂ ਉਹਦੇ ਸਮੁੱਚੇ ਕਾਵਿ-ਜਗਤ ਦੀ ਬੁਨਿਆਦ ਬੱਝਦੀ ਹੈ; ਇਸ ’ਚ ਉਹ
ਕਹਿੰਦੀ ਹੈ
ਜਦੋਂ ਮੈਂ ਜੰਮੀ ਸਾਂ,
ਤਾਂ ਮੈਨੂੰ ਦੇਖ ਕੇ ਕਿਸੇ ਨੇ ਪਿੱਠ ਕਰ ਲਈ ਸੀ
ਤੇ ਕਿਸੇ ਨੇ ਮੂੰਹ ਫੇਰ ਲਿਆ ਸੀ!
ਤੇ ਜਿਵੇਂ ਕਹਿੰਦੇ ਨੇ,
ਇੱਕੀ ਦਿਨਾਂ ਵਿਚ ਬੱਚਾ
ਪਿਉ ਦੀ ਪੱਗ ਪਛਾਣ ਲੈਂਦਾ ਏ,
ਮੈਂ ਪਿੱਠ ਪਛਾਣ ਲਈ ਸੀ।
ਅਸੀਂ ਪੁਛਿਆ – ”ਤੁਹਾਡੇ ਮੁਤਾਬਕ ਔਰਤ ਦੇ ਸੰਪੂਰਨ ਹੋਣ ਦਾ ਸੰਕਲਪ ਕੀ ਹੈ? ਕਹਿਣ
ਲੱਗੀ – ”ਆਪਣੇ ਪੈਰਾਂ ’ਤੇ ਖੜੇ ਹੋਣਾ, ਆਪਣੀ ਇਛਾ ਤੇ ਸੋਚ ਮੁਤਾਬਕ ਜੀਣਾ, ਅੰਦਰ ਕੋਈ ਪਿਆਸ ਨਾ ਰਹਿ ਜਾਣਾ ਤੇ ਆਪਣੀ ਸਮੁੱਚਤਾ ਵਿਚ ਹਾਜ਼ਰ ਰਹਿਣਾ।’’
ਬਿਲਕੁਲ ਇਵੇਂ ਦੀ ਹੈ ਪਾਲ ਕੌਰ ਤੇ ਇਵੇਂ ਦੀ ਹੀ ਹੈ ਉਹਦੀ ਕਵਿਤਾ।
ਮੁਲਾਕਾਤੀ : ਸੁਸ਼ੀਲ ਦੁਸਾਂਝ, ਕਰਮਜੀਤ ਸਿਘ
ਟੇਪ ਤੋਂ ਉਤਾਰਾ : ਕਮਲ ਦੁਸਾਂਝ
ਪਿਤਾ, ਪੱਗ ਤੇ ਪਿੱਠ
ਸਵਾਲ : ਕਹਿੰਦੇ ਨੇ, ”ਬੱਚਾ ਜਨਮ ਤੋਂ ਇੱਕੀ ਦਿਨਾਂ ਵਿਚ ਆਪਣੇ ਪਿਉ ਦੀ ਪੱਗ ਪਛਾਣ ਲੈਂਦੈ, ਮੈਂ ਪਿੱਠ ਪਛਾਣ ਲਈ ਸੀ।’’
ਇਹ ਤੁਹਾਡਾ ਕਥਨ ਹੈ। ਕੀ ਮਾਜਰਾ ਹੈ ਇਹ?
ਪਾਲ ਕੌਰ : ਮੇਰੇ ਜਨਮ ਤੋਂ ਪਹਿਲਾਂ ਪੰਜ ਭੈਣਾਂ ਸੀ ਤੇ ਉਨ੍ਹਾਂ ਤੋਂ ਮਗਰੋਂ ਦੋ ਭਰਾ ਸੀ। ਤੇ ਜਦੋਂ ਮੈਂ ਹੋਣ ਵਾਲੀ ਸੀ, ਤਾਂ ਪਿਤਾ ਜੀ ਨੇ ਕਿਹਾ ਕਿ ਸਾਨੂੰ ਹੋਰ ਬੱਚਾ ਨਹੀਂ ਚਾਹੀਦਾ। ਬੱਚਾ ਖ਼ਤਮ ਕਰਨ ਲਈ ਦਾਈ ਤੋਂ ਪੂੜੀਆਂ ਲੈ ਕੇ ਮਾਂ ਨੂੰ ਦਿੱਤੀਆਂ ਗਈਆਂ, ਪਰ ਉਨ੍ਹਾਂ ਨੇ ਕੋਈ ਕੰਮ ਹੀ ਨਾ ਕੀਤਾ। ਮੇਰਾ ਜਨਮ ਹੋ ਗਿਆ। ਤੇ ਉਹ ਮੇਰੀ ਮਾਂ ਨਾਲ ਬੜੇ ਖ਼ਫ਼ਾ ਰਹੇ ਕਿ ਇਕ ਤਾਂ ਬੱਚਾ ਚਾਹੀਦਾ ਨਹੀਂ ਸੀ, ਉਪਰੋਂ ਕੁੜੀ ਜੰਮ ਪਈ। ਮਾਂ ਨਾਲ ਮਹੀਨਾ ਭਰ ਨਹੀਂ ਬੋਲੇ…ਮੈਨੂੰ ਯਾਦ ਐ ਬਹੁਤ ਛੋਟੇ ਸਾਂ, ਮੈਂ ਉਦੋਂ ਕੋਈ 5-6 ਸਾਲ ਦੀ ਹੋ ਗਈ ਸਾਂ, ਪਰ ਉਨ੍ਹਾਂ ਨੇ ਮੇਰੇ ਨਾਲ ਕਦੇ ਗੱਲ ਨਹੀਂ ਕੀਤੀ। ਇਸੇ ਕਰਕੇ ਪਿਤਾ ਦੀ ਪਿੱਠ ਦਾ ਜ਼ਿਕਰ ਮੇਰੀ ਕਵਿਤਾ ਵਿਚ ਆਉਂਦੈ।
ਬਸ ਤੁਸੀ ਸਮਝ ਸਕਦੇ ਹੋ ਕਿ ਮੇਰੀ ਸਮੁੱਚੀ ਕਵਿਤਾ ਦੀ ਬੁਨਿਆਦ ਹੀ ਇਥੋਂ ਬੱਝਦੀ ਹੈ।
ਸਵਾਲ : ਕਵਿਤਾ ਦੀ ਗੱਲ ਤੁਰੀ ਹੈ ਤਾਂ ਤੁਹਾਡੀ ਇਸ ਬਾਰੇ ਹੀ ਬੜੀ ਚਰਚਿਤ ਕਵਿਤਾ ਐ ‘ਖੱਬਲ਼’। ਇਸ ਕਵਿਤਾ ਤਕ ਤੁਸੀ ਕਿਵੇਂ ਪਹੁੰਚਦੇ ਹੋ?
ਪਾਲ ਕੌਰ : ਇਹ ਕਵਿਤਾ ਮੈਂ 1980 ਦੇ ਆਸ-ਪਾਸ ਲਿਖੀ ਐ…20 ਕੁ ਵਰ੍ਹਿਆਂ ਦੀ ਹੋਵਾਂਗੀ ਉਦੋਂ ਮੈਂ…ਲੇਕਿਨ ਇਹਦਾ ਸਾਰਾ ਅਨੁਭਵ ਮੇਰੇ ਜੰਮਣ ਤੋਂ ਹੀ ਐ। ਜਿਵੇਂ ਮੈਂ ਤੁਹਾਨੂੰ ਦੱਸਿਐ ਕਿ ਮੇਰੇ ਜਨਮ ਵੇਲੇ ਮੇਰੇ ਮਾਂ-ਪਿਓ ਦੀ ਪ੍ਰਤੀਕਿਰਿਆ ਕੀ ਸੀ। ਇਹ ਸਭ ਕੁਝ ਮੈਂ ਵੱਡੀ ਹੋ ਕੇ ਸੁਣਦੀ ਆਂ। ਮੇਰੀ ਮਾਂ ਆਪਣੀ ਸਹੇਲੀ ਨਾਲ ਗੱਲ ਕਰ ਰਹੀ ਐ…ਕਿ ਕਿਵੇਂ ਕਿਵੇਂ ਹੋਇਆ…ਇਹ ਅਹਿਸਾਸ ਮੇਰੇ ਅੰਦਰ ਉਸ ਵੇਲੇ ਕਿਤੇ ਬੈਠ ਗਿਆ…ਸਕੂਲ ਵਿਚ ਪੜ੍ਹਦੀ ਸੀ ਉਦੋਂ ਮੈਂ…ਤੇ ਜਦੋਂ ਵੱਡੀ ਹੋਈ ਤਾਂ ਇਹ ਗੱਲਾਂ ਮੇਰੇ ਅੰਦਰ ਕਿਤੇ ਰਿਝਦੀਆਂ ਰਹੀਆਂ ਤੇ ਕਵਿਤਾ ਬਣ ਕੇ ਬਾਹਰ ਨਿਕਲੀਆਂ। ਵੈਸੇ ਮੇਰੀ ਸਿਰਜਣ ਪ੍ਰਕਿਰਿਆ ਇਹੀ ਹੈ ਕਿ ਮੇਰੇ ਮਨ ਵਿਚ ਕੋਈ ਗੱਲ ਬੈਠਦੀ ਐ ਤਾਂ ਉਹ ਨਿਰੰਤਰ ਚਲਦੀ ਰਹਿੰਦੀ ਐ…ਫੇਰ ਮੈਨੂੰ ਜਦੋਂ ਉਹਦੇ ਬਰਾਬਰ ਕੋਈ ਮੈਟਾਫਰ ਮਿਲ ਜਾਂਦੈ…ਤੇ ਉਹ ਫੇਰ ਲਿਖੀ ਜਾਂਦੀ ਆ।
ਜਿਵੇਂ ‘ਖੱਬਲ਼’ਦਾ ਮੈਟਾਫਰ ਐ… ਇਹ ਮੇਰੇ ਕੋਲ ਕਿਧਰੋਂ ਆਇਆ?  ਦਰਅਸਲ ‘ਖੱਬਲ਼’ਅਜਿਹਾ ਘਾਹ ਐ ਜਿਹੜਾ ਇਕ ਤਾਂ ਆਪ ਹੀ ਉਗਦੈ ਤੇ ਜੇ ਤੁਸੀਂ ਇਹਨੂੰ ਪੁੱਟ ਦਿੰਦੇ ਹੋ ਤਾਂ ਇਹ ਫੇਰ ਉਗ ਪੈਂਦੈ…ਇਹਨੂੰ ਕੋਈ ਬੀਜਦਾ ਨਹੀਂ ਐ…ਉਹ ਆਪਣੇ ਆਪ ਉਗਦੈ…ਜੇ ਉਹ ਖੇਤਾਂ ਵਿਚ ਉਗ ਗਿਆ ਤਾਂ ਜਦੋਂ ਖੇਤੀ ਕਰਨੀ ਐ ਤਾਂ ਗੋਡੀ ਕਰਦਿਆਂ ਇਹਨੂੰ ਪੁੱਟ ਸੁੱਟਦੇ ਨੇ…ਤੇ ਉਹ ਫਿਰ ਉੱਗ ਪੈਂਦੇ…ਇਹ ਧਿਆਨ ਆਉਂਦਿਆਂ ਮੈਨੂੰ ਲੱਗਿਆ ਇਹ ਮੇਰੀ ਜ਼ਿੰਦਗੀ ਐ…।
ਜਦੋਂ ਮੈਂ ਜੰਮੀ ਸਾਂ,
ਤਾਂ ਮੈਨੂੰ ਵੇਖ ਕੇ ਕਿਸੇ ਨੇ ਪਿੱਠ ਕਰ ਲਈ ਸੀ
ਤੇ ਕਿਸੇ ਨੇ ਮੂੰਹ ਫੇਰ ਲਿਆ ਸੀ!
ਤੇ ਜਿਵੇਂ ਕਹਿੰਦੇ ਨੇ,
ਇੱਕੀ ਦਿਨਾਂ ਵਿਚ ਬੱਚਾ ਪਿਉ ਦੀ ਪੱਗ ਪਛਾਣ ਲੈਂਦਾ ਏ
ਮੈਂ ਪਿੱਠ ਪਛਾਣ ਲਈ ਸੀ।
ਇਹ ਪਿੱਠ ਮੇਰੇ ਪਿਤਾ ਦੀ ਸੀ ਜੋ ਮੈਂ ਪਛਾਣ ਲਈ ਸੀ। ਇਹੀ ਬੇਸ ਐ ਮੇਰੀ ਸਾਰੀ ਕਵਿਤਾ ਦਾ। ਦੇਸ ਰਾਜ ਕਾਲੀ ਕਹਿੰਦੈ ਕਿ ਇਹ ਕੁਦਰਤ ਦੀ ਕਵਿਤਾ ਐ…ਮੈਂ ਕਹਿਨੀਂ ਆਂ ਇਹ ਕੁਦਰਤ ਤੋਂ ਹੀ ਲਿਆ ਗਿਆ ਰੂਪਕ ਐ। ਜਿਹੜਾ ਬੰਦਾ ਮੇਰੇ ਬਚਪਨ ਨੂੰ ਨਹੀਂ ਜਾਣਦਾ…ਇਸ ਗੱਲ ਤੋਂ ਵਾਕਫ਼ ਨਹੀਂ…ਹੋ ਸਕਦੈ ਇਸ ਗੱਲ ਨੂੰ ਇਵੇਂ ਲੈ ਲਵੇ। ਦੇਖੋ, ਜੀਹਨੇ ਕਵਿਤਾ ਲਿਖਣੀ ਸੀ ਲਿਖ ਦਿੱਤੀ…ਅੱਗੋਂ ਪੜ੍ਹਨ ਵਾਲਾ ਇਹਨੂੰ ਕਿਵੇਂ ਲੈਂਦੈ, ਇਹ ਉਹਦੀ ਸਮਝ ਐ…। ਹੁਣ ਕਾਲੀ ਇਹਨੂੰ ਕੁਦਰਤ ਦੀ ਕਵਿਤਾ ਕਹਿ ਸਕਦੈ ਕਿ ਇਹਦੇ ਵਿਚ ਤਾਂ ਖੱਬਲ ਦੀ ਗੱਲ ਕੀਤੀ ਗਈ ਐ…ਤੁਸੀਂ ਇਹਨੂੰ ਏਦਾਂ ਵੀ ਪੜ੍ਹ ਸਕਦੇ ਓ ਕਿ ਪਾਲ ਕੌਰ ਨੇ ਆਪਣੇ ਨਿੱਜੀ ਅਹਿਸਾਸ ਲਿਖੇ ਨੇ।
ਸਵਾਲ : ‘ਖ਼ਲਾਅਵਾਸੀ’ ਤੋਂ ਲੈ ਕੇ ‘ਪੌਣ ਤੜ੍ਹਾਗੀ’ ਤਕ ਦੇ ਕਾਵਿ ਸੰਗ੍ਰਹਿ ਵਿਚ ਕੋਈ ਵਿਕਾਸ ਦੀ ਰੇਖਾ ਖਿੱਚੀ ਜਾ ਸਕਦੀ ਹੈ?
ਪਾਲ ਕੌਰ : ਜੋ ਵਿਕਾਸ ਰੇਖਾ ਮੇਰੀ ਹੈ, ਮੇਰੇ ਜੀਵਨ ਦੀ ਹੈ, ਉਹੀ ਮੇਰੀ ਕਵਿਤਾ ਦੀ ਹੈ। ਮੈਨੂੰ ਲੱਗਦਾ ਹੈ ਇਹ ਕੰਮ ਅਲੋਚਕਾਂ ਖੋਜੀਆਂ ਤੇ ਪਾਠਕਾਂ ‘ਤੇ ਛੱਡ ਦੇਈਏ ਤਾਂ ਚੰਗਾ ਹੈ। ਹੁਣ ਤੱਕ ਤਾਂ ਮੇਰੇ ਜੀਵਨ, ਮੇਰੀ ਕਵਿਤਾ ਅਤੇ ਉਸ ਉਪਰ ਅਲੋਚਨਾ ਵੀ ਕਾਫ਼ੀ ਛਪ ਚੁੱਕੀ ਹੈ।
ਕਵਿਤਾ, ਦਰਦ, ਗਹਿਰਾਈ
ਸਵਾਲ : ਕਈ ਵਾਰ ਦੇਖਣ ਵਿਚ ਆਇਆ ਹੈ ਕਿ ਔਰਤਾਂ ਦੀ ਕਵਿਤਾ ਵਿਚ ਮਰਦ ਵਿਰੋਧੀ ਸੁਰ ਹੁੰਦੀ ਹੈ। ਉਨ੍ਹਾਂ ਨੂੰ ਵਾਕਿਆ ਹੀ ਮਰਦ ਵਲੋਂ ਦਰਦ ਮਿਲਿਆ ਹੁੰਦਾ ਹੈ ਜਾਂ ਉਹ ਕਿਸੇ ਪਰਿਵਾਰਕ ਜ਼ਿੰਮੇਵਾਰੀ ਤੋਂ ਮੁਕਤ ਹੋ ਕੇ ਆਪਣੀ ਸਿਰਜਣ ਪ੍ਰਕਿਰਿਆ ਵਿਚ ਮਰਦ ਵਿਰੋਧੀ ਸੁਰ ਅਪਣਾ ਲੈਂਦੀ ਹੈ?
ਪਾਲ ਕੌਰ : ਦੇਖੋ…ਦਰਦ ਤਾਂ ਗਹਿਰਾਈ ਦਿੰਦਾ ਈ ਐ ਜ਼ਿੰਦਗੀ ਵਿਚ। ਜਿੰਨਾ ਜ਼ਿਆਦਾ ਤੁਸੀਂ ਸੰਘਰਸ਼ ਕੀਤਾ ਹੁੰਦਾ, ਓਨੀ ਜ਼ਿਆਦਾ ਤੁਹਾਡੀ ਰਚਨਾ ਵਿਚ ਗਹਿਰਾਈ ਹੁੰਦੀ ਐ। ਤੁਹਾਡੀ ਸੋਚ ਵਿਚ, ਤੁਹਾਡੇ ਕੰਮਾਂ ਵਿਚ…ਜੇ ਤੁਸੀਂ ਕਲਾਕਾਰ ਹੋਂ ਤਾਂ ਤੁਹਾਡੇ ਹਰ ਕੰਮ ਵਿਚ ਉਸ ਦਰਦ ਦੀ ਝਲਕ ਪੈਂਦੀ ਹੈ। ਮਰਦ ਖ਼ਿਲਾਫ਼ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਮੈਂ ਸਮਝਦੀ ਆਂ ਉਨ੍ਹਾਂ ਕਵਿਤਰੀਆਂ ਦਾ ਅਨੁਭਵ ਐਸਾ ਰਹਿੰਦੈ…।
ਹੁਣ ਮੈਂ ਤੁਹਾਨੂੰ ਪਿਛਲੇ ਦਿਨਾਂ ਦੀ ਗੱਲ ਸੁਣਾਉਂਦੀ ਆਂ…ਅਸੀਂ ਸੋਲਨ ਗਏ ਸੀ…ਉਥੇ ਆਪਣੀ ਰਚਨਾ ਦੀ ਸਿਰਜਣ ਪ੍ਰਕਿਰਿਆ ਦੇ ਅਹਿਸਾਸ ਸਾਂਝੇ ਕਰਨੇ ਸੀ… ਵਿਸ਼ਾਲ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਦੱਸਿਆ ਕਿ-ਮੇਰੀ ਬੀਵੀ ਨੇ ਮੈਨੂੰ ਸਬੂਤਾਂ ਸਮੇਤ ਕਈ ਵਾਰ ਫੜਿਆ ਤੇ ਮੈਨੂੰ ਮਾਫ਼ ਕਰ ਦਿੱਤਾ। ਦਰਅਸਲ, ਪਹਿਲੇ ਦਿਨ ਤੋਂ ਇਹ ਗੱਲ ਤੁਰੀ ਸੀ…ਉਥੇ ਇਕ ਅਸ਼ੋਕ ਭੰਡਾਰੀ ਸੀ, ਜੀਹਨੇ ਕਿਹਾ-ਮੇਰੇ ਗੁਰੂ ਨੇ ਕਿਹਾ ਕਿ ਜੇ ਤੂੰ ਚੰਗੀ ਸ਼ਾਇਰੀ ਕਰਨੀ ਐ ਤਾਂ ਤੇਰੇ ਕੋਲ ਖੂਬਸੂਰਤ ਔਰਤ ਜ਼ਰੂਰ ਹੋਣੀ ਚਾਹੀਦੀ ਐ…ਅਗਲੇ ਦਿਨ ਜਦੋਂ ਵਿਸ਼ਾਲ ਬੋਲਦੈ ਤਾਂ ਉਹ ਇਹ ਕਹਿ ਰਿਹੈ ਕਿ ਮੇਰੀ ਬੀਵੀ ਨੇ ਮੈਨੂੰ ਕਈ ਵਾਰ ਸਬੂਤਾਂ ਸਮੇਤ ਫੜਿਆ ਪਰ ਮੈਨੂੰ ਮਾਫ਼ ਕਰ ਦਿੱਤਾ। ਇੱਥੇ ਹੁਣ ਮੇਰਾ ਰਿਐਕਸ਼ਨ ਬੜਾ ਤਿੱਖਾ ਸੀ-ਬਈ, ਬੀਵੀਆਂ ਨੂੰ ਤਾਂ ਤੁਸੀਂ ਦੇਵੀ ਬਣਾ ਕੇ ਘਰ ਬਿਠਾ ਦਿਓ ਕਿ ਤੂੰ ਤਾਂ ਬੜੀ ਚੰਗੀ ਐਂ…ਮੈਂ ਜੋ ਮਰਜ਼ੀ ਕਰਾਂ ਤੂੰ ਤਾਂ ਮੈਨੂੰ ਮਾਫ਼ ਕਰ ਈ ਦੇਣੈ…ਤੇ ਫੇਰ ਕਵਿਤਾ ਲਿਖਣ ਲਈ ਇਕ ਹੋਰ ਖੂਬਸੂਰਤ ਔਰਤ ਚਾਹੀਦੀ ਐ…। ਫੇਰ ਮੈਂ ਵਿਸ਼ਾਲ ਨੂੰ ਪੁਛਿਆ ਕਿ ਜੇ ਤੇਰੀ ਥਾਂ ‘ਤੇ ਤੇਰੀ ਪਤਨੀ ਕਵਿਤਰੀ ਐ…ਔਰ ਉਹਦੀ ਜ਼ਿੰਦਗੀ ਵਿਚ ਕੋਈ ਹੋਰ ਬੰਦਾ ਐ…ਤੂੰ ਸਬੂਤ ਸਮੇਤ ਉਹਨੂੰ ਫੜ ਲੈਨੈਂ ਤਾਂ ਫੇਰ ਤੂੰ ਕੀ ਕਰੇਂਗਾ? ਮਾਫ਼ ਕਰ ਦਏਂਗਾ ਓਦਾਂ? ਫੇਰ ਉਹ ਕਹਿੰਦਾ-ਕਰਨਾ ਪੈਂਦੈ ਜੀ…। ਜਿਹੜਾ ਹੁਣ ਥੋਡਾ ਸਵਾਲ ਐ ਤਾਂ ਇਹਨੂੰ ਇਵੇਂ ਕਿਉਂ ਨਹੀਂ ਲਿਆ ਜਾਂਦਾ ਕਿ ਕੋਈ ਕਵਿੱਤਰੀ ਐ, ਉਹਦੀ ਜ਼ਿੰਦਗੀ ਵਿਚ ਕੋਈ ਬੰਦਾ ਆਉਂਦੈ ਤਾਂ ਮਰਦ ਵੀ ਖੁੱਲ੍ਹੇ ਦਿਲ ਨਾਲ ਸਵੀਕਾਰ ਕਰੇ…ਦਰਦ ਵੀ ਆਪੇ ਖ਼ਤਮ ਹੋ ਜਾਏਗਾ। ਮੈਂ ਤਾਂ ਮਨਜੀਤ ਟਿਵਾਣਾ ਦੀ ਮਿਸਾਲ ਦਿੰਦੀ ਹੁੰਦੀ ਆਂ-ਉਹਨੇ ਇਕ ਕਵਿਤਾ (ਪਤੀ ਇਕ ਭੁੱਖਾ ਭੇੜੀਆ) ਕੀ ਲਿਖੀ, ਪੰਜਾਬੀ ਦੇ ਸਾਰੇ ਆਲੋਚਕਾਂ ਨੇ ਉਹਦੀ ਸਾਰੀ ਰਚਨਾ ਈ ਰੱਦ ਕਰ ਦਿੱਤੀ। ਬਾਕੀ ਕਵਿਤਾਵਾਂ ਤਾਂ ਛੱਡੋ, ਇਸ ਕਵਿਤਾ ਦੀ ਵੀ ਇਕੋ ਲਾਈਨ ਫੜ ਕੇ ਰੱਖੀ, ਬਾਕੀ ਕਵਿਤਾ ਦੀ ਗੱਲ ਈ ਨਹੀਂ ਕੀਤੀ…ਬਰਦਾਸ਼ਤ ਈ ਨਹੀਂ ਹੋਈ ਇਨ੍ਹਾਂ ਤੋਂ। ਹੁਣ ਅੰਮ੍ਰਿਤਾ ਵੀ ਇਕ ਥਾਂ ਲਿਖਦੇ ਨੇ ਕਿ ਔਰਤ ਗਿੱਲਾ ਆਟੈ, ਜਿਹਨੂੰ ਅੰਦਰ ਚੂਹੇ ਪੈਂਦੇ ਨੇ ਤੇ ਬਾਹਰ ਕਾਂ। ਅੰਮ੍ਰਿਤਾ ਵੇਲੇ ਵੀ ਇਹੋ ਜਿਹੀਆਂ ਗੱਲਾਂ ਹੁੰਦੀਆਂ ਸਨ ਤੇ ਅੱਜ ਵੀ ਐ…ਹੁਣ ਕਿਹੜਾ ਸੁਸਾਇਟੀ ‘ਚੋਂ ਬਲਾਤਕਾਰ ਵਰਗੀਆਂ ਘਟਨਾਵਾਂ ਰੁਕ ਗਈਆਂ, ਛੇੜਖਾਣੀਆਂ ਰੁਕ ਗਈਆਂ…ਸਗੋਂ ਹੋਰ ਵੀ ਵੱਧ ਗਈਆਂ।
ਸਵਾਲ : ਤੁਸੀਂ ਹੁਣ ਮਨਜੀਤ ਟਿਵਾਣਾ ਦਾ ਜ਼ਿਕਰ ਕੀਤਾ- ਭੁੱਖਾ ਭੇੜੀਆ… ਕਵਿਤਾ ਦੇ ਹਵਾਲੇ ਨਾਲ। ਪੰਜਾਬੀ ਕਵਿਤਾ ਵਿਚ ਜਿਵੇਂ ਤੁਸੀਂ ਹੋ, ਮਨਜੀਤ ਟਿਵਾਣਾ ਜਾਂ ਫੇਰ ਨਿਰੂਪਮਾ ਦੱਤ ਨੇ, ਤੁਸੀਂ ਜਿਸ ਸੁਰ ਵਿਚ ਕਵਿਤਾ ਲਿਖ ਰਹੇ ਹੋ, ਪੰਜਾਬੀ ਵਿਚ ਨਾਰੀ ਕਾਵਿ ਕਿੱਥੇ ਕੁ ਖਲੋਤੈ?
ਪਾਲ ਕੌਰ : ਦੋ-ਤਿੰਨ ਹਿੱਸੇ ਐ ਥੋਡੇ ਸਵਾਲ ਦੇ…ਅੰਮ੍ਰਿਤਾ ਤੋਂ ਬਾਅਦ ਮੈਨੂੰ ਲਗਦੈ ਪੰਜਾਬੀ ਦੀ ਕੋਈ ਵੀ ਕਵਿਤਰੀ ਹਾਲੇ ਉਥੇ ਤੱਕ ਨਹੀਂ ਪੁੱਜੀ…ਜੋ ਥਾਂ ਉਨ੍ਹਾਂ ਬਣਾ ਲਈ ਸੀ…ਔਰ…ਔਰਤ ਦੀਆਂ ਸਮੱਸਿਆਵਾਂ ਦਾ ਜ਼ਿਕਰ ਉਨ੍ਹਾਂ ਦੀ ਤੀਜੀ-ਚੌਥੀ ਕਿਤਾਬ ਵਿਚ ਆਇਆ ਸੀ। ਉਸ ਤੋਂ ਬਾਅਦ ਮਨਜੀਤ ਟਿਵਾਣਾ, ਮਨਜੀਤ ਇੰਦਰਾ, ਪ੍ਰਭਜੋਤ…ਇਨ੍ਹਾਂ ਦੀ ਕਵਿਤਾ ਵਿਚ ਨਾਰੀ ਚਿੰਤਨ ਘੱਟ ਸੀ…। ਮਨਜੀਤ ਟਿਵਾਣਾ ਦੀ ਇਕ-ਅੱਧ ਕਵਿਤਾ ਨੂੰ ਛੱਡ ਕੇ ਉਹਦੀ ਕਵਿਤਾ ਵਿਚ ਹੋਰ ਵੀ ਸਰੋਕਾਰ ਸਨ…। ਥੋੜ੍ਹਾ ਥੋੜ੍ਹਾ ਲਿਖ ਸਾਰੀਆਂ ਰਹੀਆਂ ਸਨ। ਇਹ ਨੂਰ ਸਾਹਿਬ (ਸੁਤਿੰਦਰ ਨੂਰ) ਦੀ ਘਾੜਤ ਸੀ ਕਿ ਉਨ੍ਹਾਂ ਨੇ ਵੱਖਰੇ ਤੌਰ ‘ਤੇ ਨਾਰੀਵਾਦ ਦੀ ਗੱਲ ਸ਼ੁਰੂ ਕਰ ਦਿੱਤੀ। ਪੀਰੂ ਪ੍ਰੇਮਣ ਦੇ ਯੁੱਗ ਵਿਚ…ਜਦੋਂ ਉਹ ਗੁਲਾਬ ਦਾਸੀ ਪਰੰਪਰਾ ਵਿਚ ਆ ਕੇ ਕਵਿਤਾ ਲਿਖਦੀ ਐ…ਨਾਰੀਵਾਦ ਤਾਂ ਉਥੇ ਵੀ ਸੀ…ਪਰ ਜਦੋਂ ਨੂਰ ਸਾਹਿਬ ਨੇ ਨਾਰੀਵਾਦ ਦੀ ਮੁੱਖ ਧਾਰਾ ਨਾਲੋਂ ਵੱਖਰੀ ਗੱਲ ਛੇੜੀ…ਇਹ 2000 ਤੋਂ ਕੁਝ ਦੋ-ਚਾਰ ਸਾਲ ਪਹਿਲਾਂ ਦੀ ਗੱਲ ਐ…ਅਸਲ ਵਿਚ ਜਿਵੇਂ ਵਨੀਤਾ ਕਵਿਤਾ ਲਿਖ ਰਹੀ ਸੀ…ਉਹਦੀ ਕੁਝ ਕਵਿਤਾ ਨਾਰੀਵਾਦੀ ਚਿੰਤਨ ਦੀ ਹੈ…ਸੋ, ਉਹਦਾ ਵੀ ਨਾਂ ਸਥਾਪਤ ਕਰਨ ਦੀ ਗੱਲ ਸੀ…ਪਰ ਮੈਂ ਨਹੀਂ ਮੰਨਦੀ ਕਿ ਵਨੀਤਾ ਦੀ ਬਹੁਤੀ ਕਵਿਤਾ ਵਿਚ ਨਾਰੀ ਚਿੰਤਨ ਹੈ…ਉਹ ਸਮਰਪਣ ਹੈ…ਜਿਵੇਂ ਤਸਕੀਨ ਕਹਿੰਦੈ ਕਿ ਉਹ ਨਤਮਸਤਕੀ ਕਵਿਤਾ ਐ…। ਮੈਨੂੰ ਉਹਦੀ ਕਵਿਤਾ ‘ਚ ਮਰਦ ਪ੍ਰਧਾਨ ਸਮਾਜ ਦੀ ਵਿਰੋਧਤਾ ਏਨੀ ਖੁੱਲ੍ਹੇ ਰੂਪ ਵਿਚ ਨਜ਼ਰ ਨਹੀਂ ਆਉਂਦੀ। ਟਿਵਾਣਾ ਦੀ ਕਵਿਤਾ ਮੈਨੂੰ ਵਨੀਤਾ ਨਾਲੋਂ ਜ਼ਿਆਦਾ ਵਿਰੋਧੀ ਸੁਰ ਦੀ ਲਗਦੀ ਹੈ…ਉਹਦੀ ਕਵਿਤਾ ਵਿਚ ਸੀ ਬਗ਼ਾਵਤ…ਚਾਹੇ ਉਹ ਸਮਕਾਲੀ ਸਬੰਧਾਂ ਵਿਚ ਲਗਾ ਲਓ…ਪਰ ਉਹਦਾ ਨਿੱਜੀ ਜੀਵਨ ਐਸਾ ਸੀ ਕਿ ਹਨੇਰਿਆਂ ਵਿਚ ਗਵਾਚ ਗਈ। ਮਨਜੀਤ ਇੰਦਰਾ ਦੀ ਕਵਿਤਾ ਵਿਚ ਨਾਰੀਵਾਦੀ ਚਿੰਤਨ ਘੱਟ ਐ।
ਮੇਰੀ ਕਵਿਤਾ ‘ਚ ਮੇਰਾ ਵਜ਼ੂਦ ਸ਼ੁਰੂ ਤੋਂ ਐ…ਇਹਦੇ ਵਿਚ ਮਰਦ ਸਮਾਜ ਦਾ ਏਨਾ ਖੁੱਲ੍ਹ ਕੇ ਵਿਰੋਧ ਨਹੀਂ ਐ…ਅਸਲ ‘ਚ ਸੱਤਾ ਦਾ ਵਿਰੋਧ ਐ, ਆਦਮੀ ਦਾ ਨਹੀਂ। ਸੱਤਾ ਦਾ ਵਿਰੋਧ ਉਹੀ ਕਰ ਸਕਦੈ, ਜਿਹੜਾ ਇਹਦੇ ਬਾਰੇ ਜ਼ਰਾ ਸੁਚੇਤ ਹੋਵੇਗਾ। ਆ ਜਿਹੜੀਆਂ ਨਵੀਆਂ ਕੁੜੀਆਂ ਲਿਖ ਰਹੀਆਂ ਨੇ…ਉਨ੍ਹਾਂ ਅੰਦਰ ਚਿਣਗ ਹੈ। ਮਸਲਨ ਬਲਜੀਤ ਮਲਹਾਂਸ ਐ…ਉਹ ਵੀ ਸਮਕਾਲੀ ਸਰੋਕਾਰਾਂ ‘ਤੇ ਵੀ ਲਿਖ ਰਹੀ ਐ…ਨਾਰੀਵਾਦੀ ਚਿੰਤਨ ਵੀ ਹੈ ਉਹਦੀ ਕਵਿਤਾ ਵਿਚ। ਗੁਰਬੀਰ ਕੌਰ ਐ…ਨੀਤੂ ਅਰੌੜਾ ਵੀ ਐ…ਨੀਤੂ ਅਰੌੜਾ ਦੀ ਕਵਿਤਾ ਵਿਚ ਵਿਚਾਰਧਾਰਾ ਜ਼ਿਆਦਾ ਹੈ…ਸ਼ਿਲਪ ਘੱਟ। ਲੇਕਿਨ ਉਹ ਸੁਚੇਤ ਐ…ਉਹਨੇ ਸੁਚੇਤ ਹੋ ਕੇ ਲਿਖਿਐ…। ਅਮਰਜੀਤ ਘੁੰਮਣ ਵੀ ਐ…। ਇਹ ਵੀ ਹੁੰਦੈ ਕਿ ਕਈ ਕਵਿਤਰੀਆਂ ਇਕਦਮ ਬਹੁਤ ਚੜ੍ਹ ਜਾਂਦੀਆਂ ਨੇ…ਪਰ ਬਾਅਦ ‘ਚ ਉਹ ਗੱਲ ਨਹੀਂ ਰਹਿੰਦੀ…ਇਹਦੇ ਵਿਚ ਆਲੋਚਕ ਵੀ ਇਕ ਕਾਰਨ ਐ…ਉਹ ਕਿਸੇ ਨੂੰ ਤਾਂ ਪੂਰੀ ਤਰ੍ਹਾਂ ਉਪਰ ਚੜ੍ਹਾ ਦਿੰਦੇ ਨੇ ਤੇ ਫੇਰ ਉਨ੍ਹਾਂ ਦਾ ਨਾਂ-ਥੇਅ ਹੀ ਨਹੀਂ ਦਿਖਦਾ। ਨੀਤੂ ਅਰੌੜਾ ਨੂੰ ਵੀ ਆਲੋਚਕਾਂ ਨੇ ਸ਼ੁਰੂ ਸ਼ੁਰੂ ਵਿਚ ਉਪਰ ਚੁੱਕਿਆ। ਜਸਲੀਨ ਬਾਰੇ ਤਾਂ ਨੂਰ ਸਾਹਿਬ ਕਹਿਣ ਲੱਗ ਪਏ ਸਨ, ਬਈ ਕਵਿਤਾ ਲਿਖ ਰਹੀ ਐ ਤਾਂ ਬੱਸ ਇਹ ਕੁੜੀ। ਮੈਨੂੰ ਇਹ ਲਗਦੈ ਕਿ ਉਹ ਕਵਿਤਾ ਦੀ ਤਾਰੀਫ਼ ਨਹੀਂ ਹੁੰਦੀ…ਕੁੜੀ ਦੀ ਤਾਰੀਫ਼ ਹੋ ਰਹੀ ਹੁੰਦੀ ਐ। ਜੇ ਹੁਣ ਕੁੜੀ ਇਸ ਸੱਚ ਨੂੰ ਸਮਝ ਲਏ ਤਾਂ ਉਹ ਅੱਗੇ ਵੀ ਨਿਕਲ ਸਕਦੀ ਐ ਤੇ ਜੇ ਨਾ ਸਮਝੇ ਤਾਂ ਜਲਦੀ ਡਿਗ ਵੀ ਜਾਂਦੀ ਐ।
ਇਕ ਪ੍ਰੋਗਰਾਮ ਵਿਚ ਵਨੀਤਾ ਨੇ ਕਵਿਤਾ ਪੜ੍ਹੀ-
ਤੂੰ ਇਕ ਬਿਰਖ਼ ਤੇ ਮੈਂ ਫੁੱਲ ਦੀ ਪੱਤੀ।
ਮੈਂ ਉਸੇ ਵੇਲੇ ਸਵਾਲ ਪੁੱਛ ਲਿਆ ਤੇ ਇਹਦੇ ‘ਤੇ ਨੂਰ ਸਾਹਿਬ ਦਾ ਬੜਾ ਤਿੱਖਾ ਰਿਐਕਸ਼ਨ ਆਇਆ। ਮੈਂ ਪੁਛਿਆ ਸੀ ਕਿ ਜੇ ਅਸੀਂ ਇਕ ਪੱਤੀ ਹੀ ਬਣ ਕੇ ਰਹਿਣੈ ਤਾਂ ਫੇਰ ਸਾਡੀ ਲੜਾਈ ਕਾਹਦੀ ਐ। ਜੇ ਹੁਣ ਅਸੀਂ ਨਾਰੀ ਚਿੰਤਨ ਦੀ ਗੱਲ ਕਰਨੀ ਐ ਤਾਂ ਜਿਹੜੇ ਪ੍ਰਤੀਕ ਵਰਤਣੇ ਨੇ, ਉਹ ਵੀ ਤਾਂ ਉਸ ਹਿਸਾਬ ਨਾਲ ਹੋਣੇ ਚਾਹੀਦੇ ਨੇ…ਤਾਂ ਹੀ ਤਾਂ ਬਦਲਾਅ ਆਏਗਾ।
ਕਵਿਤਾ ਦੀ ਸੋਝੀ
ਸਵਾਲ : ਤੁਹਾਨੂੰ ਲੱਗਦਾ ਹੈ ਕਿ ਕਵਿਤਾ ਨੂੰ ਨਾਰੀਵਾਦ ਵਿਚ ਬੰਨ੍ਹਣ ਦੀ ਲੋੜ ਸੀ?
ਪਾਲ ਕੌਰ :  ਜਦੋਂ ਦੁਨੀਆ ਵਿਚ ਫੈਮੇਨਿਜ਼ਮ ਦੀ ਚਰਚਾ ਹੋ ਰਹੀ ਐ…ਨਾਰੀਵਾਦੀ ਅੰਦੋਲਨ ਚੱਲ ਰਹੇ ਨੇ…ਤੇ ਉਸ ਵੇਲੇ ਪੰਜਾਬੀ ਵਿਚ ਵੀ ਉਹਦੀ ਚਰਚਾ ਕਰਨਾ, ਕਹਿ ਲਓ ਲੋੜ ਸੀ। ਪਰ ਇਹਦੇ ਕੁਝ ਨੁਕਸਾਨ ਵੀ ਨੇ। ਜੇ ਕੁਝ ਕਵਿੱਤਰੀਆਂ ਦਾ ਮੁੱਖ ਧਾਰਾ ‘ਚ ਨਾਂ ਨਹੀਂ ਸੀ ਆਉਂਦਾ ਤਾਂ ਇਧਰ ਆ ਜਾਂਦਾ ਸੀ। ਹੁਣ ਮੇਰੀ ਕਵਿਤਾ ਵੀ ਬਹੁਤ ਸਮਕਾਲੀ ਸਰੋਕਾਰਾਂ ‘ਤੇ ਸੀ ਪਰ ਉਹਨੂੰ ਵੀ ਨਾਰੀਵਾਦ ਵਿਚ ਸ਼ਾਮਲ ਕਰ ਦਿੱਤਾ ਤੇ ਉਹ ਖ਼ਤਮ ਹੋ ਗਈ। ਪੰਜਾਬ ਦੇ ਉਸ ਕਾਲੇ ਦੌਰ ਬਾਰੇ ਮੇਰੀ ਕਵਿਤਾ ਆਈ ਸੀ-
ਅਸੀਂ ਟਾਂਕ ਤੇ ਜਿਸਤ ਹਿੰਦਸੇ
ਸਾਲਮ ਦੀ ਸਾਲਮ ਗਿਣਤੀ ਵਿਚ ਅੱਗੜ ਪਿਛੜ ਪਏ ਸਾਂ
ਪਰ ਸ਼ਾਹੂਕਾਰਾਂ ਦੇ ਲੇਖਿਆਂ ਤੇ ਲੰਡਿਆਂ ਨੇ ਸਾਨੂੰ
ਵੱਖੋ-ਵੱਖ ਖੜ੍ਹਾ ਕਰ ਦਿੱਤਾ ਹੈ
ਟਾਂਕ ਵੱਖਰੇ ਤੇ ਜਿਸਤ ਵੱਖਰੇ।
ਹੁਣ ਇਹ ਕਵਿਤਾ ਉਸ ਵੇਲੇ ਦੇ ਹਾਲਾਤ ‘ਤੇ ਲਿਖੀ ਗਈ ਸੀ…ਪਰ ਉਨ੍ਹਾਂ ਨੇ ਮੇਰੀ ਕਵਿਤਾ ਨੂੰ ਮਰਦ-ਔਰਤ ਦੀ ਕਵਿਤਾ ਬਣਾ ਕੇ ਨਾਰੀਵਾਦ ਦਾ ਹਿੱਸਾ ਬਣਾ ਦਿੱਤਾ। ਕਵਿਤਾ ਦੀ ਗਹਿਰਾਈ ਦੇ ਅਰਥ ਉਹਦੇ ਵਿਚ ਹੀ ਪਏ ਹੁੰਦੇ ਨੇ। ਹੋਰ ਮੇਰੀਆਂ ਕਈ ਕਵਿਤਾਵਾਂ ਸੀ ਜਿਨ੍ਹਾਂ ਨੂੰ ਅਣਗੌਲਿਆਂ ਕੀਤਾ ਗਿਆ…ਉਨ੍ਹਾਂ ਦੇ ਅਰਥ ਬਦਲ ਦਿੱਤੇ।
ਸਵਾਲ : ਤੁਸੀਂ ਉਦੋਂ ਲਿਖਣਾ ਸ਼ੁਰੂ ਕੀਤਾ ਜਦੋਂ ਪ੍ਰਗਤੀਵਾਦੀ ਲਹਿਰ ਤੇ ਫੇਰ ਪ੍ਰਯੋਗਾਵਾਦੀ ਲਹਿਰ ਸੀ। ਤੁਸੀਂ ਇਨ੍ਹਾਂ ਲਹਿਰਾਂ ਵਿਚ ਆਪਣੀ ਕਵਿਤਾ ਨੂੰ ਕਿੱਥੇ ਰੱਖਦੇ ਹੋ ਜਾਂ ਤੁਹਾਡੇ ‘ਤੇ ਉਹਦਾ ਕੀ ਅਸਰ ਰਿਹਾ?
ਪਾਲ ਕੌਰ : ਜਦੋਂ ਮੈਂ ਕਵਿਤਾ ਦੇ ਖੇਤਰ ਵਿਚ ਆਈ ਤਾਂ ਉਦੋਂ ਇਹ ਦੌਰ ਲੰਘ ਚੁੱਕੇ ਸੀ। ਪ੍ਰਯੋਗਸ਼ੀਲਤਾ ਕਿਤੇ ਕਿਤੇ ਬਚੀ ਸੀ। ਦਰਅਸਲ; ਪਾਸ਼ ਤੇ ਪਾਤਰ ਤੋਂ ਬਾਅਦ ਜਿਹੜੀ ਕਵਿਤਾ ਹੈ, ਉਹਦੇ ਵਿਚ ਮੇਰਾ ਜ਼ਿਕਰ ਹੁੰਦਾ ਹੈ…ਉਸ ਦੌਰ ਵਿਚ ਮੇਰੀ ਸ਼ਮੂਲੀਅਤ ਮੰਨੀ ਜਾਂਦੀ ਐ। ਵੈਸੇ ਵੀ ਜਿਹੜੀ ਕਵਿਤਾ ਲਹਿਰਾਂ ਨਾਲ ਜੋੜ ਕੇ ਲਿਖੀ ਜਾਂਦੀ ਐ, ਉਹ ਬਹੁਤ ਘੱਟ ਸਦੀਵੀ ਹੁੰਦੀ ਹੈ। ਲਹਿਰਾਂ ਦੀ ਉਸ ਵੇਲੇ ਆਪਣੀ ਜ਼ਰੂਰਤ ਹੁੰਦੀ ਐ…ਉਹ ਕਵਿਤਾ ਪੂਰਾ ਕਰਦੀ ਐ। ਇਸੇ ਤਰ੍ਹਾਂ ਪੰਜਾਬ ਨਾਲ ਸਬੰਧਤ ਵੀ ਬਹੁਤ ਘੱਟ ਕਵਿਤਾ ਰਹਿ ਗਈ, ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਉਹ ਸਦੀਵੀ ਹੈ। ਉਸ ਵੇਲੇ ਦੀ ਭਾਵੁਕਤਾ ‘ਚ ਜੋ ਕਵਿਤਾ ਲਿਖੀ ਜਾਂਦੀ ਹੈ, ਉਹ ਵਕਤ ਦੇ ਨਾਲ ਨਾਲ ਖ਼ਤਮ ਹੋ ਜਾਂਦੀ ਹੈ।
ਸਵਾਲ : ਜਦੋਂ ਤੁਸੀਂ ਲਿਖਣਾ ਸ਼ੁਰੂ ਕੀਤਾ ਤਾਂ ਤੁਹਾਡਾ ਕੋਈ ਰੋਲ ਮਾਡਲ ਵੀ ਸੀ?
ਪਾਲ ਕੌਰ : ਨਹੀਂ…ਜਦੋਂ ਮੈਂ ਲਿਖਣਾ ਸ਼ੁਰੂ ਕੀਤਾ, ਉਸ ਵੇਲੇ ਤਾਂ ਮੇਰੀ ਜ਼ਿੰਦਗੀ ਹੀ ਮੇਰਾ ਰੋਲ ਮਾਡਲ ਸੀ…ਮੇਰੇ ਆਪਣੇ ਹੀ ਦੁੱਖ-ਦਰਦ ਸੀ। ਹੌਲੀ ਹੌਲੀ ਜਿਵੇਂ ਮੈਂ ਪੜ੍ਹਨਾ ਸ਼ੁਰੂ ਕੀਤਾ…ਲਿਖਣਾ ਸ਼ੁਰੂ ਕੀਤਾ…ਤਾਂ ਸੋਚ ਉਵੇਂ ਉਵੇਂ ਢਲਦੀ ਗਈ।
ਸਵਾਲ : ਕਵਿਤਾ ਵਿਚ ਜਦੋਂ ਥੋਡਾ ਨਿੱਜ ਸਮੂਹ ਵਿਚ ਤਬਦੀਲ ਹੁੰਦੈ ਤਾਂ ਉਹਦੀ ਸੋਝੀ ਤੁਹਾਨੂੰ ਕਿਵੇਂ ਆਈ?
ਪਾਲ ਕੌਰ : ਮੈਂ ਕੋਈ ਜਾਣ-ਬੁਝ ਕੇ ਨਹੀਂ ਕੀਤਾ…ਮੰਨ ਲਓ ਜਦੋਂ ਮੈਂ ਆਪਣੀ ਮਾਂ ਦੇ ਦੁੱਖ ਬਾਰੇ ਲਿਖਦੀ ਹਾਂ…ਪਰਿਵਾਰ ਦੇ ਵਿਹਾਰ ਬਾਰੇ ਲਿਖਦੀ ਹਾਂ ਤਾਂ ਮੈਂ ਸਿਰਫ਼ ਉਨ੍ਹਾਂ ਬਾਰੇ ਨਹੀਂ ਲਿਖ ਰਹੀ ਹੁੰਦੀ…ਮੈਨੂੰ ਪਤਾ ਹੈ ਕਿ ਸਾਡੇ ਸਮਾਜ ਦਾ ਪ੍ਰਬੰਧ ਹੀ ਐਸਾ ਹੈ। ਅਸੀਂ ਕਿਣਕਾ ਮਾਤਰ ਹਾਂ ਤੇ ਜਦੋਂ ਖ਼ੁਦ ਨੂੰ ਸਮੁੱਚ ਦਾ ਹਿੱਸਾ ਮੰਨ ਲੈਂਦੇ ਹਾਂ…ਫੇਰ ਸਾਨੂੰ ਲਗਦੈ ਕਿ ਇਹ ‘ਕੱਲੀ ਪਾਲ ਕੌਰ ਦਾ ਦਰਦ ਨਹੀਂ ਐ…ਇਹ ਸਾਰੀਆਂ ਕੁੜੀਆਂ ਦਾ ਦਰਦ ਐ। ਜਿਵੇਂ ਹੋ ਸਕਦੈ ਕਿ ਬਹੁਤ ਕੁੜੀਆਂ ਨੇ ਇਹੋ ਜਿਹਾ ਸਹਿਣ ਕੀਤਾ ਹੋਵੇ ਪਰ ਉਹ ਲਿਖ ਨਹੀਂ ਸਕੀਆਂ ਮੈਂ ਲਿਖਿਆ।
ਬਾਪ ਨਾਲ ਪਹਿਲੀ ਮੁਲਾਕਾਤ
ਸਵਾਲ : ਚਲੋ ਹੁਣ ਥੋੜ੍ਹਾ ਤੁਹਾਡੇ ਪਰਿਵਾਰ ਵੱਲ ਚਲਦੇ ਹਾਂ। ਪਹਿਲੇ ਸਵਾਲ ਵਿਚ ਹੀ ਤੁਸੀਂ ਆਪਣੇ ਪਿਤਾ ਦੀ ਗੱਲ ਸਾਂਝੀ ਕੀਤੀ। ਪਿਤਾ ਨਾਲ ਜੁੜੀ ਕੋਈ ਅਜਿਹੀ ਗੱਲ, ਜੋ ਤੁਹਾਨੂੰ ਚੰਗੀ ਲੱਗੀ ਹੋਵੇ?
ਪਾਲ ਕੌਰ : ਜਿਵੇਂ ਮੈਂ ਦਸਿਆ ਬਈ ਬਾਪੂ ਜੀ ਨਾਲ ਮੇਰਾ ਕੋਈ ਵਧੀਆ ਰਿਸ਼ਤਾ ਤਾਂ ਹੈ ਨਹੀਂ ਸੀ। ਚੰਗੀ ਗੱਲ ਵੀ ਦਸਦੀ ਹਾਂ। ਪਰ ਪਹਿਲਾਂ ਇਕ ਕਿੱਸਾ ਸੁਣੋ। ਇਕ ਦਿਨ ਬੜੀ ਮਜ਼ੇਦਾਰ ਗੱਲ ਹੋਈ। ਪਹਿਲੇ ਦਿਨ ਸਕੂਲ ਜਾਣਾ ਸੀ ਤੇ ਮੇਰੀ ਵੱਡੀ ਭੈਣ ਨੇ ਦੋ ਮੀਢੀਆਂ ਕਰਕੇ ਮੇਰਾ ਸਿਰ ਵਾਹ ਦਿੱਤਾ ਤੇ ਕਹਿੰਦੀ ਜਾ ਬਾਪੂ ਜੀ ਨੂੰ ਦਿਖਾ ਆ। ਮੈਂ ਵੀ ਬੜੇ ਚਾਅ ਨਾਲ ਭੱਜੀ ਗਈ…ਅੱਗੋਂ ਉਹ ਕਿਸੇ ਕੰਮ ਵਿਚ ਰੁਝੇ ਹੋਏ ਸੀ। ਮੈਂ ਕਿਹਾ-‘ਬਾਪੂ ਜੀ ਮੇਰੀਆਂ ਮੀਢੀਆਂ ਦੇਖੋ…।’ ਕਹਿੰਦੇ-‘ਅੱਛਾ…ਜਾ ਡੱਬੀ ਲੈ ਆ, ਸਾੜ ਦਿੰਦਾ ਆਂ…।’ ਮੈਂ ਵੀ ਭੋਲੇ-ਭਾਅ ਲੈ ਆਈ ਮਾਚਸ…(ਹਾ..ਹਾ..ਹਾ..) ਉਨ੍ਹਾਂ ਨੇ ਡੱਬੀ ਫੜੀ ਤੇ ਗੁੱਸੇ ‘ਚ ਵਗਾਹ ਕੇ ਮਾਰੀ। ਸੋ, ਮੇਰੀ ਆਪਣੇ ਬਾਪ ਨਾਲ ਇਹ ਪਹਿਲੀ ਮੁਲਾਕਾਤ ਸੀ। ਆਪਣੇ ਪੁੱਤਾਂ ਨਾਲ ਬਹੁਤ ਕਰਦੇ ਸੀ… ਮੈਂ ਆਪਣੇ ਭਰਾਵਾਂ ਤੋਂ ਛੋਟੀ ਸੀ ਪਰ ਮੇਰੇ ਨਾਲ ਮਸਾਂ ਈ ਗੱਲ ਕਰਦੇ ਸੀ। ਮੇਰੀਆਂ ਵੱਡੀਆਂ ਭੈਣਾਂ ਨਾਲ ਵੀ ਕਾਰ-ਵਿਹਾਰ ਵਾਲਾ ਰਿਸ਼ਤਾ ਸੀ…ਖ਼ੈਰ, ਮੈਂ ਉਨ੍ਹਾਂ ਤੋਂ ਬਹੁਤ ਛੋਟੀ ਵੀ ਸੀ, ਇਸ ਲਈ ਉਨ੍ਹਾਂ ਨਾਲ ਬਾਪੂ ਜੀ ਦਾ ਕਿਹੋ ਜਿਹਾ ਰਿਸ਼ਤਾ ਸੀ, ਚੰਗੀ ਤਰ੍ਹਾਂ ਨਹੀਂ ਕਹਿ ਸਕਦੀ। ਜਿੰਨਾ ਕੁ ਸੁਣਿਆ, ਓਨਾ ਹੀ ਜਾਣਦੀ ਹਾਂ। ਦੁਨੀਆਦਾਰੀ ਨਿਭਾਉਂਦੇ ਸੀ। ਮੈਂ ਸਮਝਦੀ ਆਂ ਮੇਰਾ ਭਰਾਵਾਂ ਨਾਲ ਹੀ ਮੁਕਾਬਲਾ ਹੁੰਦਾ ਸੀ ਕਿਉਂਕਿ ਮੈਂ ਉਨ੍ਹਾਂ ਨਾਲ ਹੀ ਪਲੀ।
ਉਂਝ ਗ੍ਰੰਥੀ ਸਨ ਪਿਤਾ ਜੀ…ਲਿਖਣ-ਪੜ੍ਹਨ ਦਾ ਵੀ ਸ਼ੌਕ ਸੀ…ਕੁਝ ਕਵਿਤਾਵਾਂ ਵੀ ਲਿਖੀਆਂ…ਜੇਲ੍ਹ ਵੀ ਕੱਟੀ…। ਗੁਰੂ ਗ੍ਰੰਥ ਸਾਹਿਬ ‘ਤੇ ਉਨ੍ਹਾਂ ਨੇ ਲੰਬੀ ਕਵਿਤਾ ਵੀ ਲਿਖੀ ਸੀ। ਮੇਰਾ ਸਭ ਤੋਂ ਪਹਿਲਾਂ ਕਵਿਤਾ ਨਾਲ ਰਿਸ਼ਤਾ ਉਨ੍ਹਾਂ ਦੀ ਲਿਖਤ ਨਾਲ ਹੀ ਹੁੰਦੈ…ਨਗਰ ਕੀਰਤਨ ਜਾਂ ਕਿਸੇ ਧਾਰਮਕ ਪ੍ਰੋਗਰਾਮਾਂ ਵਿਚ ਮੈਂ ਉਨ੍ਹਾਂ ਦੀ ਕਵਿਤਾ ਪੜ੍ਹਦੀ ਹੁੰਦੀ ਸੀ।
ਹਾਂ, ਉਨ੍ਹਾਂ ਦੀ ਇਕ ਗੱਲ ਮੈਨੂੰ ਬਹੁਤ ਚੰਗੀ ਲੱਗੀ। ਮੇਰੀ ਭਰਜਾਈ ਤੇ ਭਰਾ ਦੀ ਬਣਦੀ ਨਹੀਂ ਸੀ…ਦੋ ਬੱਚੇ ਵੀ ਹੋ ਗਏ ਸਨ ਉਨ੍ਹਾਂ ਦੇ। ਮੇਰੇ ਭਰਾ ਨੇ ਬਿਨਾਂ ਤਲਾਕ ਦਿੱਤਿਆਂ ਦੂਸਰਾ ਵਿਆਹ ਕਰਵਾ ਲਿਆ। ਮੇਰੇ ਬਾਪੂ ਜੀ ਨੂੰ ਬਹੁਤ ਬੁਰਾ ਲੱਗਾ। ਉਹ ਸਾਨੂੰ ਛੱਡ ਕੇ ਰਾਜਪੂਰੇ ਵਾਲੇ ਘਰ ਵਿਚ ਭਰਜਾਈ ਤੇ ਦੋਹਾਂ ਬੱਚਿਆਂ ਨਾਲ ਰਹਿਣ ਲੱਗ ਪਏ। ਉਨ੍ਹਾਂ ਨੇ ਉਹ ਘਰ ਵੀ ਮੇਰੇ ਭਤੀਜੇ ਦੇ ਨਾਂ ਕਰ ਦਿੱਤਾ। ਉਨ੍ਹਾਂ ਨੂੰ ਲਗਦਾ ਸੀ ਕਿ ਇਹ ਸਾਡੀ ਨੂੰਹ ਤੇ ਸਾਡੇ ਪੋਤਾ-ਪੋਤੀ ਨੇ…ਮੇਰੇ ਮੁੰਡੇ ਨੇ ਇਨ੍ਹਾਂ ਨੂੰ ਛੱਡ ਕੇ ਚੰਗਾ ਨਹੀਂ ਕੀਤਾ।
ਸਵਾਲ : ਜਦੋਂ ਇਸ ਤਰ੍ਹਾਂ ਬੱਚੀ ਨਾਲ ਆਪਣੇ ਭਰਾਵਾਂ ਦੇ ਮੁਕਾਬਲੇ ਵਿਤਕਰਾ ਹੁੰਦਾ ਹੈ ਤਾਂ ਉਸ ਬੱਚੇ ਦੇ ਮਨ ਵਿਚ ਆਪਣੇ ਭਰਾਵਾਂ ਪ੍ਰਤੀ ਈਰਖ਼ਾ ਵੀ ਆਉਂਦੀ ਐ ਕਿ ਨਹੀਂ?
ਪਾਲ ਕੌਰ : ਹਾਂ ਇਹ ਸੁਭਾਵਕ ਤਾਂ ਹੈ੩ਪਰ ਨਹੀਂ…ਮੇਰੇ ਨਾਲ ਐਵੇਂ ਨਹੀਂ ਹੋਇਆ…ਮੇਰਾ ਗਿਲਾ ਆਪਣੇ ਬਾਪ ਨਾਲ ਹੀ ਰਿਹਾ…ਜਿਹੜੇ ਮੇਰੇ ਵੱਡੇ ਭਰਾ ਸੀ, ਉਹ ਮੈਨੂੰ ਬਹੁਤ ਪਿਆਰ ਕਰਦੇ ਸੀ…ਦੂਸਰਾ ਭਰਾ ਹੈ ਤਾਂ ਮੇਰੇ ਤੋਂ ਵੱਡਾ ਸੀ ਪਰ ਹਾਣੀ ਹੋਣ ਕਾਰਨ ਸਾਡੀ ਲੜਾਈ ਬਹੁਤ ਹੁੰਦੀ ਸੀ ਤੇ ਮੇਰਾ ਵੱਡਾ ਭਰਾ ਮੇਰਾ ਬਹੁਤ ਸਾਥ ਦਿੰਦਾ ਸੀ…ਸੋ, ਭਰਾਵਾਂ ਲਈ ਮੇਰੇ ਮਨ ‘ਚ ਐਸਾ ਕੁਝ ਨਹੀਂ ਆਇਆ। ਭੈਣਾਂ ਨਾਲ ਮੇਰਾ ਦੂਰ ਜਿਹੇ ਦਾ ਰਿਸ਼ਤਾ ਰਿਹਾ ਕਿਉਂਕਿ ਉਹ ਵਿਆਹੀਆਂ ਹੋਈਆਂ ਸੀ…ਪੰਜਾਂ ਵਿਚੋਂ ਜਿਹੜੀ ਸਭ ਤੋਂ ਛੋਟੀ ਸੀ, ਅੱਜ ਕੱਲ੍ਹ ਉਹ ਕੈਨੇਡਾ ਵਿਚ ਐ…ਉਨ੍ਹਾਂ ਦਾ ਵਿਆਹ ਮੇਰੇ ਸਾਹਮਣੇ ਹੋਇਆ… ਮੈਂ ਪਹਿਲੀ ਵਿਚ ਪੜ੍ਹਦੀ ਸੀ ਉਦੋਂ…ਮੇਰੇ ਤੋਂ ਕੋਈ 10-12 ਸਾਲ ਵੱਡੇ ਹੋਣਗੇ…। ਉਨ੍ਹਾਂ ਨਾਲ ਮੇਰਾ ਬਹੁਤ ਪਿਆਰ ਸੀ, ਇਸੇ ਕਰਕੇ ਹੁਣ ਤਕ ਵੀ ਮੇਰਾ ਉਨ੍ਹਾਂ ਨਾਲ ਆਉਣ-ਜਾਣ ਵੀ ਬਣਿਆ ਹੋਇਐ।
ਸਵਾਲ : ਤੁਸੀਂ ਦੱਸਿਆ ਕਿ ਤੁਹਾਡੀਆਂ ਭੈਣਾਂ ਨੂੰ ਪੜ੍ਹਨ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਉਦੋਂ ਹਾਲਾਤ ਹੀ ਐਵੇਂ ਦੇ ਸਨ, ਪਰ ਤੁਹਾਨੂੰ ਇਹ ਮੌਕਾ ਕਿਵੇਂ ਮਿਲ ਗਿਆ, ਜਦ ਕਿ ਤੁਹਾਡੇ ਪਿਤਾ ਜੀ ਇਹ ਸਭ ਪਸੰਦ ਨਹੀਂ ਸੀ ਕਰਦੇ?
ਪਾਲ ਕੌਰ : ਇਹ ਇਸ ਕਰਕੇ ਹੋਇਆ ਕਿ ਮੇਰੇ ਭਰਾ ਸਕੂਲ ਜਾਂਦੇ ਸੀ ਤੇ ਮੈਂ ਜ਼ਿੱਦ ਕੀਤੀ ਕਿ ਮੈਂ ਵੀ ਸਕੂਲ ਜਾਣੈ…ਹਾਲੇ ਮੇਰੀ ਸਕੂਲ ਜਾਣ ਦੀ ਉਮਰ ਨਹੀਂ ਸੀ, ਕਿਤੇ ਕੋਈ ਦਾਖ਼ਲਾ ਨਹੀਂ ਸੀ ਪਰ ਮੈਂ ਆਪੇ ਜਾ ਕੇ ਬਹਿ ਜਾਂਦੀ ਸੀ ਸਕੂਲ ਵਿਚ। ਫੇਰ ਜਦੋਂ ਦਾਖ਼ਲਾ ਲੈਣ ਦਾ ਸਮਾਂ ਆਇਆ ਤਾਂ ਮੇਰੇ ਵੱਡੇ ਭਰਾ ਨੇ ਮੇਰਾ ਸਾਥ ਦਿੱਤਾ ਕਿ ਇਹ ਵੀ ਪੜ੍ਹਨ ਜਾਉਗੀ। ਅਖ਼ੀਰ ਤੱਕ ਮੇਰੀ ਪੜ੍ਹਾਈ ਵਿਚ ਉਨ੍ਹਾਂ ਦਾ ਬਹੁਤ ਯੋਗਦਾਨ ਰਿਹਾ। ਜਦੋਂ ਮੇਰੀ ਪੰਜਵੀਂ ਹੋਈ ਤਾਂ ਬਰੇਕਾਂ ਲੱਗੀਆਂ, ਭਰਾ ਨੇ ਫੇਰ ਮੇਰੀ ਹਮਾਇਤ ਕੀਤੀ…ਫੇਰ ਦਸਵੀਂ ‘ਚ ਜਾ ਕੇ ਬਰੇਕਾਂ ਲੱਗੀਆਂ…ਬਾਅਦ ਦੀ ਪੜ੍ਹਾਈ ਲਈ ਤਾਂ ਮੈਂ ਆਪ ਈ ਅੜ ਜਾਂਦੀ ਸੀ ਕਿ ਮੈਂ ਤਾਂ ਪੜ੍ਹਨਾ ਈ ਪੜ੍ਹਨੈ।
ਸਵਾਲ : ਤੁਹਾਡੀਆਂ ਕਵਿਤਾਵਾਂ ਵੀ ਕਦੇ ਤੁਹਾਡੇ ਪਿਤਾ ਜੀ ਨੇ ਪੜ੍ਹੀਆਂ?
ਪਾਲ ਕੌਰ : ਹਾਂ…ਹਾਂ…। 1980 ਵਿਚ ਹੀ ਮੇਰੀਆਂ ਕਵਿਤਾਵਾਂ ਛਪਣੀਆਂ ਸ਼ੁਰੂ ਹੋ ਗਈਆਂ ਸਨ…ਅਕਾਲੀ ਪੱਤ੍ਰਿਕਾ ਵਿਚ ਅਤੇ  ਅਖ਼ਬਾਰਾਂ ਵਿਚ। ਇਕ ਦਿਨ ਪਿਤਾ ਜੀ ਮੇਰੇ ਭਰਾ ਨਾਲ ਬੈਠੇ ਸ਼ਰਾਬ ਪੀ ਰਹੇ ਸੀ ਤੇ ਉਸ ਦਿਨ ਅਖ਼ਬਾਰ ਵਿਚ ਮੇਰੀਆਂ ਕਵਿਤਾਵਾਂ ਛਪੀਆਂ ਸਨ। ਕਹਿੰਦੇ-‘ਸਾਨੂੰ ਤਾਂ ਸਾਰੀ ਉਮਰ ਲੱਗ ਗਈ…ਆਹ ਡੂਢ ਅੱਖਰ ਪੜ੍ਹੀ ਐ ਤੇ ਇਹਦੀਆਂ ਕਵਿਤਾਵਾਂ ਅਖ਼ਬਾਰਾਂ, ਰਸਾਲਿਆਂ ਵਿਚ ਵੀ ਛਪਣ ਲੱਗ ਗਈਆਂ।’  ਸ਼ ਕਿਤੇ ਨਾ ਕਿਤੇ ਉਨ੍ਹਾਂ ਅੰਦਰ ਕੋਈ ਗੱਠ ਜਿਹੀ ਸੀ।
ਮਾਂ ਦੀ ਬੇਚਾਰਗੀ
ਸਵਾਲ : ਮਾਂ ਬਾਰੇ ਵੀ ਤੁਸੀਂ ਆਪਣੀਆਂ ਕਵਿਤਾਵਾਂ ਵਿਚ ਜ਼ਿਕਰ ਕੀਤਾ ਹੈ। ਉਨ੍ਹਾਂ ਨਾਲ ਤੁਹਾਡਾ ਕਿਹੋ ਜਿਹਾ ਰਿਸ਼ਤਾ ਰਿਹਾ?
ਪਾਲ ਕੌਰ : ਮਾਂ ਵੀ ਪੁੱਤਰਾਂ ਨੂੰ ਹੀ ਜ਼ਿਆਦਾ ਪਿਆਰ ਕਰਦੀ ਸੀ, ਪਿਤਾ ਨੂੰ ਵੀ ਨਹੀਂ ਸੀ ਕਰਦੀ…ਮੇਰੀ ਮਾਂ ਦਰਅਸਲ; ਪੀੜਤ ਸੀ। ਮੇਰੇ ਮਨ ‘ਚ ਔਰਤ ਪ੍ਰਤੀ ਜਿਹੜਾ ਅਕਸ ਬਣਦੈ, ਉਹ ਇਹੀ ਬਣਦੈ…ਮੈਂ ਲਿਖਿਆ ਵੀ ਐ ਕਿਧਰੇ-ਉਹ ਇਹ ਕਿ ਸਾਰੇ ਕੰਮ ਮਾਂ ਕਰਦੀ ਸੀ…ਸਾਰੀਆਂ ਜ਼ਿੰਮੇਵਾਰੀਆਂ ਉਹ ਨਿਭਾਉਂਦੀ ਸੀ…ਤੇ ਫ਼ੈਸਲੇ ਸਿਰਫ਼ ਬਾਪੂ ਜੀ ਲੈਂਦੇ ਸਨ।
ਇਕ ਘਟਨਾ ਮੈਨੂੰ ਯਾਦ ਐ…ਇਕ ਵਾਰ ਪਿਤਾ ਜੀ ਘਰ ਨਹੀਂ ਸੀ ਤੇ ਮਾਂ ਬਿਨਾਂ ਪੁੱਛੇ ਮੇਰੀ ਵੱਡੀ ਭੈਣ ਕੋਲ ਚਲੀ ਗਈ…ਨੇੜੇ ਹੀ ਰਹਿੰਦੀ ਸੀ…ਅਸੀਂ ਖਰੜ੍ਹ ਸੀ ਤੇ ਉਹ ਖਾਨਪੁਰ ਵਿਆਹੀ ਸੀ। ਬੀਜੀ ਜਦੋਂ ਸ਼ਾਮ ਨੂੰ ਆਏ ਤਾਂ ਬਾਪੂ ਜੀ ਨੇ ਉਨ੍ਹਾਂ ਨੂੰ ਬਹੁਤ ਮਾਰਿਆ। ਮੰਜੇ ‘ਤੇ ਨਿਢਾਲ ਜਿਹੇ ਹੋ ਕੇ ਪਏ ਸੀ ਤੇ ਮੇਰਾ ਭਰਾ ਉਦੋਂ ਕਾਲਜ ਪੜ੍ਹਦਾ ਸੀ ਤੇ ਜਦੋਂ ਉਹਨੂੰ ਘਰ ਆ ਕੇ ਪਤਾ ਲੱਗਿਆ ਤਾਂ ਉਹ ਪੂਰੇ ਗੁੱਸੇ ਵਿਚ ਆ ਕੇ ਕਹੇ ਕਿ ਮੈਂ ਤਾਂ ਥਾਣੇ ਜਾਉਂਗਾ। ਮੇਰੀ ਮਾਂ ਉਹਦੇ ਅੱਗੇ ਹੱਥ ਜੋੜ ਕੇ ਖੜ੍ਹ ਗਈ ਕਿ ਨਹੀਂ, ਕੋਈ ਗੱਲ ਨੀਂ ਤੇਰਾ ਬਾਪ ਐ। ਔਰਤ ਦੀ ਇਸ ਬੇਚਾਰਗੀ ਨੇ ਮੇਰੇ ਮਨ ‘ਤੇ ਬਹੁਤ ਅਸਰ ਕੀਤਾ।
ਸਵਾਲ : ਉਂਝ ਕਿਹੋ ਜਿਹੀ ਸੀ ਤੁਹਾਡੀ ਮਾਂ?
ਪਾਲ ਕੌਰ : ਮਾਂ…ਬਾਰੇ ਮੈਨੂੰ ਲਗਦਾ ਰਿਹੈ ਕਿ ਉਹ ਮੇਰੇ ਨਾਲ ਓਨਾ ਤੇਹ ਨਹੀਂ ਕਰਦੀ ਜਿਵੇਂ ਮੇਰੇ ਭਰਾਵਾਂ ਨਾਲ ਕਰਦੀ ਸੀ। ਅਸੀਂ ਪਹਿਲਾਂ ਪਿੰਡੋਂ ਉਠ ਕੇ ਰਾਜਪੁਰੇ ਆ ਗਏ ਤੇ ਰਾਜਪੁਰੇ ਤੋਂ ਚੰਡੀਗੜ੍ਹ ਆ ਗਏ। ਇੱਥੇ ਆ ਕਿ ਮੇਰੀ ਮਾਂ ‘ਕੱਲੀ ਜਿਹੀ ਹੋ ਗਈ…ਸਹੇਲੀਆਂ ਦਾ ਸਾਥ ਛੁਟ ਗਿਆ…ਰਿਸ਼ਤੇਦਾਰੀਆਂ ਦੂਰ ਸੀ…ਉਹਨੂੰ ਆਪਣਾ ਗੁਭ-ਗਲ੍ਹਾਟ ਕੱਢਣ ਵਾਲਾ ਕੋਈ ਮਿਲਦਾ ਨਹੀਂ ਸੀ। ਉਹ ਅਜਿਹਾ ਸਮਾਂ ਸੀ ਜਦੋਂ ਉਹ ਮੇਰੇ ਨਾਲ ਸਾਰੀਆਂ ਗੱਲਾਂ ਕਰ ਲੈਂਦੇ ਸੀ…ਉਦੋਂ ਮੇਰੀ ਉਨ੍ਹਾਂ ਨਾਲ ਦੋਸਤੀ ਹੋਈ। ਜਦੋਂ ਉਨ੍ਹਾਂ ਨੇ ਮੇਰੇ ਨਾਲ ਗੱਲਾਂ ਕਰਨੀਆਂ ਤਾਂ ਮੇਰਾ ਵੀ ਦਿਲ ਕਰਨਾ ਉਨ੍ਹਾਂ ਦੀ ਗੋਦ ਵਿਚ ਸਿਰ ਰੱਖ ਕੇ ਪੈ ਜਾਵਾਂ…ਪਰ ਉਨ੍ਹਾਂ ਨੂੰ ਕਿਉਂਕਿ ਇਸ ਸਭ ਦੀ ਆਦਤ ਨਹੀਂ ਸੀ…ਮੇਰੇ ਸਿਰ ‘ਤੇ ਠੋਲਾ ਮਾਰ ਕੇ ਪਰ੍ਹਾਂ ਕਰਨਾ-‘ਚੱਲ ਸਜਾਈ ਕਾਕੀ ਨਾ ਹੋਵੇ ਤਾਂ’।
ਜਦੋਂ ਮੇਰੀ ਭਰਜਾਈ ਆਈ ਤਾਂ ਘਰ ‘ਚ ਝਗੜੇ ਤਾਂ ਹੁੰਦੇ ਹੀ ਰਹਿੰਦੇ ਸੀ…ਇਕ ਦਿਨ ਮੈਂ ਕਿਤੋਂ ਬਾਹਰੋਂ ਆਈ ਤਾਂ ਮਾਂ ਤੇ ਭਰਜਾਈ ਦੋਵੇਂ ਗੱਲਾਂ ਕਰ ਰਹੀਆਂ ਸੀ-‘ਪਾਲ ਨੇ ਆਹ ਕਰ ਦਿੱਤੈ, ਪਾਲ ਨੇ੩ ਯੇ-ਵੋਹ।’ ਮੈਨੂੰ ਬੜਾ ਗੁੱਸਾ ਆਇਆ ਕਿ ਮੇਰੀ ਮਾਂ ਮੇਰੇ ਬਾਰੇ ਐਦਾਂ ਕਿਉਂ ਬੋਲ ਰਹੀ ਐ…। ਮੈਂ ਉਥੋਂ ਹੀ ਵਾਪਸ ਮੁੜ ਪਈ। ਉਨ੍ਹਾਂ ਨੂੰ ਪਤਾ ਲਗ ਗਿਆ ਕਿ ਪਾਲ ਨੇ ਸਾਡੀਆਂ ਗੱਲਾਂ ਸੁਣ ਲਈਆਂ। ਉਹ ਮੈਨੂੰ ਵਾਪਸ ਜਾਂਦੀ ਨੂੰ ‘ਵਾਜਾਂ ਮਾਰਨ। ਮੈਂ ਕਿਹਾ-‘ਬੱਸ, ਹੁਣ ਮੈਂ ਜਾ ਰਹੀ ਹਾਂ।’ ਬਥੇਰਾ ਰੋਕਿਆ ਉਨ੍ਹਾਂ ਨੇ…ਮੈਂ ਤਾਂ ਤੁਰੀ ਜਾਵਾਂ…ਇਹ ਮੈਨੂੰ ਪਤਾ ਨਹੀਂ ਸੀ ਮੈਂ ਜਾਣਾ ਕਿੱਥੇ ਐ…ਕਾਹਲੀ ਕਾਹਲੀ ਤੁਰਦੀ 35 ਸੈਕਟਰ ਦੇ ਬੱਸ ਅੱਡੇ ‘ਤੇ ਪਹੁੰਚ ਗਈ…ਮੇਰੀ ਮਾਂ ਵੀ ਮਗਰੇ ‘ਵਾਜਾਂ ਮਾਰਦੀ ਤੁਰੀ ਆਵੇ। ਜਦੋਂ ਮੈਂ ਆਪਣੀ ਮਾਂ ਵੱਲ ਦੇਖਿਆ ਤਾਂ ਸ਼ਿਖ਼ਰ ਦੁਪਹਿਰ ਤਪਦੀ ਗਰਮੀ ਵਿਚ ਨੰਗੇ ਪੈਰੀਂ ਤੁਰੀ ਆਵੇ। ਮੈਨੂੰ ਵੀ ਮਹਿਸੂਸ ਹੋਇਆ ਕਿ ਮੇਰੀ ਮਾਂ ਮੇਰੇ ਲਈ ਏਨੀ ਗਰਮੀ ਵਿਚ ਨੰਗੇ ਪੈਰੀਂ ਹੀ ਆ ਗਈ…ਉਹਨੂੰ ਪਤਾ ਹੀ ਨਹੀਂ ਲੱਗਾ ਕਿ ਉਹਨੇ ਚੱਪਲ ਨਹੀਂ ਪਾਈ। ਸੋ, ਮਾਂ ਦੀ ਹਾਲਤ ਦੇਖ ਕੇ ਮੈਂ ਵਾਪਸ ਮੁੜ ਆਈ। ਬੱਸ ਐਵੇਂ ਦਾ ਹੀ ਰਿਸ਼ਤਾ ਰਿਹਾ।
ਵਿਆਹ ਤੋਂ ਇਨਕਾਰੀ
ਸਵਾਲ : ਤੁਹਾਡੇ ਪਿਤਾ ਜੀ ਤੁਹਾਡੀ ਪੜ੍ਹਾਈ ਦੇ ਹੱਕ ਵਿਚ ਨਹੀਂ ਸੀ ਤੇ ਨਾ ਹੀ ਘਰ ਦੀ ਹਾਲਤ ਬਹੁਤੀ ਚੰਗੀ ਸੀ। ਫੇਰ ਤੁਸੀਂ ਆਪਣੀ ਪੜ੍ਹਾਈ ਦਾ ਖ਼ਰਚਾ ਕਿਵੇਂ ਤੇ ਕਿਥੋਂ ਪੂਰਾ ਕੀਤਾ?
ਪਾਲ ਕੌਰ : ਮੇਰੇ ਮਾਂ-ਬਾਪ ਹਰੇਕ ਕਲਾਸ ਤੋਂ ਬਾਅਦ ਹੱਥ ਖੜ੍ਹੇ ਕਰ ਦਿੰਦੇ ਸੀ, ਬਈ ਬੱਸ ਹੋਰ ਨੀਂ ਪੜ੍ਹਨਾ…ਕੁੜੀਆਂ ‘ਤੇ ਏਨਾ ਈ ਪੜ੍ਹਦੀਆਂ ਹੁੰਦੀਆਂ ਨੇ…ਪੰਜਵੀਂ ਤੋਂ ਬਾਅਦ ਈ ਕਹਿਣਾ ਸ਼ੁਰੂ ਹੋ ਗਏ ਸੀ ਕਿ ਕੁੜੀਆਂ ਤਾਂ ਬੱਸ ਏਨਾ ਹੀ ਪੜ੍ਹਨ ਦੀ ਲੋੜ ਹੈ ਜਿੰਨ੍ਹਾਂ ਉਹ ਚਿੱਠੀ-ਪੱਤਰੀ ਲਿਖ ਸਕਣ। ਸੋ ਪਹਿਲਾਂ ਪੰਜਵੀਂ ਤੋਂ ਬਾਅਦ…ਫੇਰ ਦਸਵੀਂ ਤੋਂ ਬਾਅਦ ਬਰੇਕਾਂ ਲਗਦੀਆਂ ਰਹੀਆਂ। ਉਦੋਂ ਤਾਂ ਮੇਰੇ ਭਰਾ ਮਦਦ ਕਰ ਦਿੰਦੇ ਸੀ। ਜਦੋਂ ਮੈਂ ਬੀ.ਏ. ਫਸਟਈਅਰ ‘ਚ ਹੋਈ ਤਾਂ ਕਹਿਣ ਲੱਗੇ ਬੱਸ, ਹੁਣ ਹੋਰ ਨੀਂ…ਮੁੰਡਾ-ਮਾਂਡਾ ਦੇਖ ਕੇ ਵਿਆਹ ਕਰ ਦੇਣੈ…ਉਦੋਂ ਮੇਰੇ ‘ਚ ਆਪਣੇ-ਆਪ ਫ਼ੈਸਲੇ ਲੈਣ ਦੀ ਜੁਰੱਅਤ ਆਉਣੀ ਸ਼ੁਰੂ ਹੋ ਗਈ ਸੀ…ਤੁਸੀਂ ਪੜ੍ਹਾਉਂਦੇ ਕਿ ਨਹੀਂ…ਮੈਨੂੰ ਤਾਂ ਬੱਸ ਪੈਸੇ ਚਾਹੀਦੇ ਨੇ…ਹਾਂ, ਸਾਹਮਣੇ ਨਹੀਂ ਸੀ ਮੈਂ ਉਨ੍ਹਾਂ ਦੇ ਬੋਲਦੀ…ਅੰਦਰੋਂ-ਅੰਦਰੀ ਬਗ਼ਾਵਤ ਲਈ ਤਿਆਰ ਰਹਿੰਦੀ ਸੀ…ਫੇਰ ਜਦੋਂ ਮੈਂ ਕੋਈ ਕੰਮ ਕਰ ਦਿੰਦੀ ਸੀ ਤਾਂ ਉਹ ਮੇਰਾ ਵਿਰੋਧ ਕਰਦੇ ਸਨ ਤਾਂ ਭਰਾ ਕਹਿ ਦਿੰਦਾ ਸੀ ਕੋਈ ਗੱਲ ਜੋ ਹੋ ਗਿਆ ਸੋ ਗਿਆ। ਮੈਂ ਧੱਕੇ ਨਾਲ ਬੀ.ਏ. ਫਸਟਈਅਰ ‘ਚ ਦਾਖ਼ਲਾ ਲੈ ਲਿਆ, ਫਸਟ ਈਅਰ ਦੇ ਪੇਪਰ ਦੇ ਕੇ ਦੋ ਮਹੀਨੇ ਦੀਆਂ ਛੁੱਟੀਆਂ ਆ ਗਈਆਂ…ਮੈਂ ਸੋਚਿਆ ਹੁਣ ਇਨ੍ਹਾਂ ਨੇ ਮੈਨੂੰ ਅੱਗੋਂ ਦਾਖ਼ਲ ਨਹੀਂ ਕਰਨਾ…ਘਰ ਦੇ ਹਾਲਾਤ ਵੀ ਐਸੇ ਸੀ ਕਿ ਉਨ੍ਹਾਂ ਕੋਲ ਪੜ੍ਹਾਉਣ ਲਈ ਏਨੇ ਪੈਸੇ ਵੀ ਨਹੀਂ ਸੀ ਹੁੰਦੇ…ਮੈਂ ਫੇਰ ਉਦੋਂ ਇਕ ਸਰਫ਼ ਕੰਪਨੀ ਜੁਆਇਨ ਕੀਤੀ…ਘਰ ਘਰ ਸਰਫ਼ ਵੇਚ ਕੇ ਥੋੜ੍ਹੇ ਪੈਸੇ ਕਮਾਏ…ਉਹ ਜਾ ਕੇ ਦਾਖ਼ਲਾ ਭਰ ਦਿੱਤਾ…ਐਮ.ਸੀ.ਐਮ. ਵਿਚ ਉਦੋਂ ਮੈਂ ਪੜ੍ਹਦੀ ਸੀ…ਕਿਤਾਬਾਂ ਮੈਨੂੰ ਕਾਲਜ ਤੋਂ ਮਿਲ ਜਾਂਦੀਆਂ ਸੀ…ਫੀਸ ਵੀ ਮੁਆਫ਼ ਹੋ ਜਾਂਦੀ ਸੀ…ਕਿਉਂਕਿ ਮੈਂ ਕਾਲਜ ਦੀਆਂ ਗਤੀਵਿਧੀਆਂ ਵਿਚ ਕਾਫ਼ੀ ਹਿੱਸਾ ਲੈਂਦੀ ਸੀ…। ਬੀ.ਏ. ਤੋਂ ਬਾਅਦ ਮੈਂ ਇਕ ਸਕੂਲ ਵਿਚ ਨੌਕਰੀ ਕੀਤੀ…ਦੋ ਮਹੀਨੇ ਜਿਹੜੇ ਪੈਸੇ ਕਮਾਏ, ਉਨ੍ਹਾਂ ਨਾਲ ਮੈਂ ਐਮ.ਏ. ‘ਚ ਦਾਖ਼ਲਾ ਲਿਆ…।
ਸਵਾਲ : ਜਦੋਂ ਤੁਸੀਂ ਬੀ.ਏ. ਕਰ ਲਈ ਤਾਂ ਘਰ ਦਿਆਂ ਨੇ ਵਿਆਹ ਲਈ ਜ਼ੋਰ ਨਹੀਂ ਪਾਇਆ?
ਪਾਲ ਕੌਰ : ਜਦੋਂ ਤੱਕ ਮੈਂ ਬੀ.ਏ. ਕੀਤੀ, ਉਦੋਂ ਤੱਕ ਮੇਰੇ ਦੋਵੇਂ ਭਰਾਵਾਂ ਦੇ ਵਿਆਹ ਹੋ ਚੁੱਕੇ ਸੀ…ਇਕ ਗੱਲ ਹੋਰ ਵੀ ਮਜ਼ੇਦਾਰ ਸੀ ਕਿ ਮੇਰੀ ਮਾਂ ਮੈਨੂੰ ਭਾਵੇਂ ਵਿਆਹ ਲਈ ਕਹਿੰਦੀ ਰਹਿੰਦੀ ਸੀ ਪਰ ਘਰ ‘ਚ ਮੀਆਂ-ਬੀਵੀ ਦੇ ਝਗੜਿਆਂ ਨੂੰ ਦੇਖ ਕੇ ਉਹ ਖ਼ੁਸ਼ ਵੀ ਸੀ ਕਿ ਮੈਂ ਵਿਆਹ ਨਹੀਂ ਕਰਵਾਇਆ। ਇਹ ਗੱਲ ਉਹਨੇ ਕਹੀ ਨਹੀਂ ਕਦੇ…ਸ਼ਾਇਦ ਇਹ ਉਹਦੇ ਸੰਸਕਾਰ ਸੀ…ਸ਼ਾਇਦ ਉਹ ਖ਼ੁਸ਼ ਸੀ ਕਿ ਇਹਨੂੰ ਦੁੱਖ ਨਹੀਂ ਭੋਗਣਾ ਪਏਗਾ ਜਿਵੇਂ ਉਹ ਭੋਗ ਰਹੀ ਸੀ ਜਾਂ ਉਹਦੀਆਂ ਜਾਣੂ ਔਰਤਾਂ ਭੋਗ ਰਹੀਆਂ ਸਨ।
ਸਵਾਲ : ਤੁਹਾਡੀਆਂ ਵੱਡੀਆਂ ਭੈਣਾਂ ਸੁਖੀ ਸਨ?
ਪਾਲ ਕੌਰ : ਉਨ੍ਹਾਂ ਦਾ ਵੀ ਚੱਲਦਾ ਰਹਿੰਦਾ ਸੀ…ਮਾੜੀ-ਮੋਟੀ ਲੜਾਈ-ਝਗੜੇ ਚੱਲਦੇ ਰਹਿੰਦੇ ਸਨ। ਬਾਕੀ ਮੇਰੇ ਤੋਂ ਉਹ ਬਹੁਤ ਵੱਡੀਆਂ ਸਨ, ਇਸ ਕਰਕੇ ਮੇਰੇ ਨਾਲ ਆਪਣੇ ਦਿਲ ਦੀ ਗੱਲ ਨਹੀਂ ਸੀ ਕਰਦੀਆਂ। ਲੰਘਦੇ-ਵੜਦੇ ਮਾੜਾ-ਮੋਟਾ ਸੁਣ ਲੈਂਦੀ ਸਾਂ। ਜਦੋਂ ਮੈਂ ਐਮ.ਏ. ਦੇ ਪੇਪਰ ਦਿੱਤੇ, ਉਸ ਵੇਲੇ ਤਾਂ ਇਵੇਂ ਸੀ ਕਿ ਹੁਣ ਤਾਂ ਬੱਸ ਮੈਂ ਘਰੋਂ ਬਾਹਰ ਨਿਕਲਣੈ…ਹੁਣ ਹੋਰ ਨਹੀਂ ਰਹਿ ਸਕਦੀ ਮੈਂ ਇਸ ਘਰ ਵਿਚ। ਸੁਨਾਮ ਕੁੜੀਆਂ ਦਾ ਕਾਲਜ ਸੀ…ਅਖ਼ਬਾਰ ਵਿਚ ਇਸ਼ਤਿਹਾਰ ਨਿਕਲਿਆ ਸੀ ਕਿ ਉਥੇ ਪੰਜਾਬੀ ਲੈਕਚਰਾਰ ਦੀ ਲੋੜ ਐ…ਸਿੱਧਾ ਇੰਟਰਵਿਊ ਲਈ ਹੀ ਜਾਣਾ ਸੀ…। ਇਹ 1980-81 ਦੀ ਗੱਲ ਐ…ਮੈਂ ਨਾਹ-ਧੋਹ ਕੇ ਕਮਰੇ ‘ਚ ਆਈ…ਆਉਂਦੀ ਨੇ ਹੀ ਮਾਂ ਨੂੰ ਕਹਿ ਦਿੱਤਾ ਕਿ ਮੈਂ ਨੌਕਰੀ ਲਈ ਚੱਲੀ ਹਾਂ…ਜੇ ਤਾਂ ਮੈਂ ਸ਼ਾਮ ਨੂੰ ਵਾਪਸ ਆ ਗਈ ਠੀਕ ਐ…ਜੇ ਨੌਕਰੀ ਲੱਗ ਗਈ ਤਾਂ ਉਥੇ ਹੀ ਰਹਿ ਪਵਾਂਗੀ। ਉਥੇ ਮੇਰੀ ਸਹੇਲੀ ਰਹਿੰਦੀ ਸੀ…ਮਾਂ ਨੂੰ ਦੱਸਿਆ ਕਿ ਮੈਂ ਉਨ੍ਹਾਂ ਦੇ ਘਰ ਰਹਾਂਗੀ। ਇਹ ਮੇਰਾ ਪਹਿਲਾ ਸਟੈੱਪ ਸੀ ਘਰੋਂ ਬਾਹਰ ਨਿਕਲਣ ਦਾ…ਮੇਰੀ ਨੌਕਰੀ ਲੱਗ ਗਈ ਤੇ ਥੋੜ੍ਹੇ ਦਿਨ ਮੈਂ ਆਪਣੀ ਸਹੇਲੀ ਦੇ ਘਰ ਰਹੀ…ਫੇਰ ਇਕ ਹੋਰ ਕੁਲੀਗ ਨਾਲ ਕਮਰਾ ਕਿਰਾਏ ‘ਤੇ ਲੈ ਕੇ ਰਹਿਣ ਲੱਗ ਪਈ। ਇਹ ਫ਼ੈਸਲਾ ਉਦੋਂ ਹੁੰਦੈ ਕਿ ਮੈਂ ਵਿਆਹ ਨਹੀਂ ਕਰਾਉਣਾ…ਅਸਲ ‘ਚ ਜਦੋਂ ਮੈਂ ਬੀ.ਏ. ਵਿਚ ਸੀ, ਉਨ੍ਹਾਂ ਕੋਲ ਰਹਿ ਰਹੀ ਸੀ ਤਾਂ ਭਰਾਵਾਂ ਦੀਆਂ ਸਮੱਸਿਆਵਾਂ ਵਿਚ ਹੀ ਏਨੇ ਉਲਝੇ ਹੋਏ ਸੀ ਕਿ ਮੇਰੇ ਲਈ ਉਨ੍ਹਾਂ ਕੋਲ ਟਾਈਮ ਵੀ ਨਹੀਂ ਸੀ…ਵਿਆਹ ਤਾਂ ਕਰਨਾ ਚਾਹੁੰਦੇ ਸਨ ਪਰ ਹੋਰ ਉਲਝਣਾਂ ਕਾਰਨ ਕੋਸ਼ਿਸ਼ ਨਹੀਂ ਕੀਤੀ…। ਜਦੋਂ ਮੈਂ ਸੁਨਾਮ ਨੌਕਰੀ ਕਰ ਰਹੀ ਸੀ ਤਾਂ ਉਦੋਂ ਕੋਈ ਮੁੰਡਾ ਉਨ੍ਹਾਂ ਨੇ ਦੇਖਿਆ ਸੀ ਮੇਰੇ ਲਈ ਪਰ ਮੈਂ ਨਾਂਹ ਕਰ ਦਿੱਤੀ। ਕਿਸੇ ਨੇ ਕੁਝ ਨਹੀਂ ਕਿਹਾ…ਬਾਪੂ ਜੀ ਨੇ ਵੀ ਕੋਈ ਗੱਲ ਨਹੀਂ ਕੀਤੀ ਕਿਉਂਕਿ ਉਹ ਭਰਾ-ਭਰਜਾਈ ਦੇ ਅੱਡ ਹੋਣ ਨਾਲ ਬਹੁਤ ਪ੍ਰੇਸ਼ਾਨ ਸੀ। ਮਾਂ ਤੇ ਛੋਟੇ ਭਰਾ ਨੇ ਕਈ ਵਾਰ ਕਿਹਾ। ਪਰ ਬਾਅਦ ਵਿਚ ਮੇਰੇ ਵੱਡੇ ਭਰਾ ਨੇ ਕਿਹਾ ਕਿ ਹੁਣ ਇਹ 30 ਸਾਲ ਦੀ ਹੋ ਗਈ…ਪੀ.ਐਚ.ਡੀ. ਇਹਨੇ ਕਰ ਲਈ…ਹੁਣ ਇਹਨੂੰ ਮੈਂ ਕਿਵੇਂ ਕਹਿ ਸਕਦਾ ਕਿ ਤੂੰ ਇਵੇਂ ਨੀਂ ਇਵੇਂ ਕਰ। ਜੇ ਕੋਈ ਕਹਿੰਦਾ ਵੀ ਤਾਂ ਉਹ ਕਹਿ ਦਿੰਦੇ ਸੀ ਕਿ ਨਹੀਂ ਪਾਲ ਦੀ ਮਰਜ਼ੀ ਐ…ਜਿੱਥੇ ਇਹ ਕਹੇਗੀ, ਜਦੋਂ ਇਹ ਕਹੇਗੀ…ਅਸੀਂ ਕਰ ਦਿਆਂਗੇ…ਪਰ ਉਹਨੂੰ ਅਸੀਂ ਮਜਬੂਰ ਨਹੀਂ ਕਰਨਾ ਕਿ ਤੂੰ ਵਿਆਹ ਕਰ।
ਸਿਖ਼ਰ ਦੇ ਦਿਨ
ਸਵਾਲ : ਜਦੋਂ ਔਰਤ ਆਰਥਕ ਤੌਰ ‘ਤੇ ਮਜ਼ਬੂਤ ਹੁੰਦੀ ਐ ਤਾਂ ਉਹ ਆਪਣੇ ਫ਼ੈਸਲੇ ਆਪ ਲੈ ਸਕਦੀ ਹੈ। ਪਰ ਕੁਦਰਤੀ ਤੌਰ ‘ਤੇ ਹਰ ਬੰਦੇ ਦੀਆਂ ਸਰੀਰਕ ਲੋੜਾਂ ਵੀ ਹੁੰਦੀਆਂ ਹਨ। ਤੁਹਾਨੂੰ ਕਦੇ ਇਵੇਂ ਮਹਿਸੂਸ ਨਹੀਂ ਹੋਇਆ?
ਪਾਲ ਕੌਰ : ਹਾਂ…ਇਹ ਵੀ ਮਹਿਸੂਸ ਹੁੰਦਾ ਹੈ…ਜਦੋਂ ਆਪਾਂ ਗੱਲ ਕਰ ਰਹੇ ਸੀ ਕਿ ਕੁੜੀਆਂ ਸ਼ਾਇਦ ਸਮਲਿੰਗੀ ਨਹੀਂ ਹੁੰਦੀਆਂ ਪਰ ਉਹ ਹਾਲਾਤ ਦਾ ਸ਼ਿਕਾਰ ਜਾਂ ਉਮਰ ਦਾ ਤਕਾਜ਼ਾ ਹੁੰਦਾ ਹੈ…ਸਮੇਂ ਦੇ ਨਾਲ ਨਾਲ ਉਹ ਆਮ ਜ਼ਿੰਦਗੀ ਵਿਚ ਆਉਂਦੀਆਂ ਨੇ। ਇਹ ਸੱਚ ਐ ਕਿ ਜਦੋਂ ਤੁਸੀਂ ਕਿਸੇ ਨੂੰ ਸਪਰਸ਼ ਕਰਦੇ ਓ ਤਾਂ ਸੰਤੁਸ਼ਟ ਮਹਿਸੂਸ ਕਰਦੇ ਓ…ਮੈਂ ਇਹ ਤਾਂ ਨਹੀਂ ਕਹਾਂਗੀ ਕਿ ਮੇਰੇ ਸਮਲਿੰਗੀ ਰਿਸ਼ਤੇ ਬਣੇ ਪਰ ਮੇਰੀਆਂ ਸਹੇਲੀਆਂ ਦੇ ਸਾਥ ਨੇ ਮੈਨੂੰ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਤੁਸੀਂ ਆਪਣੀਆਂ ਸਹੇਲੀਆਂ ਦੀ ਏਨੀ ਕੁ ਨੇੜਤਾ ਹਾਸਲ ਕਰ ਲੈਂਦੇ ਹੋ…ਕਿ ਤੁਹਾਨੂੰ ਉਹਦੇ ‘ਚ ਤਸੱਲੀ ਜਿਹੀ ਮਿਲ ਜਾਂਦੀ ਐ…। ਮੇਰੇ ਮਾਮਲੇ ਵਿਚ ਵਿਰੋਧ ਸੀ…ਪਹਿਲਾਂ ਜਿਹੜਾ ਘਰੋਂ ਸ਼ੁਰੂ ਹੋਇਆ…ਫੇਰ ਉਸ ਬੰਦੇ ਕਾਰਨ, ਜੋ ਮੇਰੀ ਜ਼ਿੰਦਗੀ ਵਿਚ ਆਇਆ…ਉਸ ਗੁੱਸੇ ਵਿਚ ਹੀ ਉਹ ਸਾਰੀ ਉਮਰ ਨਿਕਲ ਗਈ…ਮੈਂ ਉਦੋਂ ਵੀ ਕਹਿੰਦੀ ਸੀ… ਇਹ ਨਹੀਂ ਕਿ ਅੱਜ ਕਹਿੰਦੀ ਆਂ ਕਿ ਜੇ ਉਸ ਵੇਲੇ ਮੈਨੂੰ ਕੋਈ ਅਜਿਹਾ ਬੰਦਾ ਮਿਲ ਜਾਂਦਾ ਜੋ ਮੇਰੇ ਉਸ ਗੁੱਸੇ ਨੂੰ…ਮੇਰੀ ਨਫ਼ਰਤ ਨੂੰ ਖ਼ਤਮ ਕਰ ਦਿੰਦਾ ਤੇ ਸ਼ਾਇਦ ਮੈਂ ਉਹਦੇ ਨਾਲ ਤੁਰ ਪੈਂਦੀ।
ਸਵਾਲ : ਆਪਣੇ ਆਪ ਨੂੰ ਰੋਕਣਾ, ਜ਼ਬਤ ਵਿਚ ਰੱਖਣਾ ਕੀ ਇਹ ਗੈਰ ਕੁਦਰਤੀ ਨਹੀਂ?
ਪਾਲ ਕੌਰ : ਹਾਂ, ਇਹ ਗੈਰ ਕੁਦਰਤੀ ਐ ਪਰ ਜਿਸ ਸਥਿਤੀ ਵਿਚ ਤੁਸੀਂ ਉਸ ਵੇਲੇ ਹੁੰਦੇ ਹੋ, ਤਾਂ ਇਹ ਗੱਲਾਂ ਸਮਝਣ ਦੀ ਤਾਕਤ ਨਹੀਂ ਹੁੰਦੀ…ਜਿਹੜੇ ਬੰਦੇ ਦੇ ਅੰਦਰ ਗੁੱਸਾ ਹੋਵੇ…ਨਫ਼ਰਤ ਹੋਵੇ…ਉਦੋਂ ਉਹ ਨਹੀਂ ਸੋਚਦਾ ਕਿ ਇਹ ਗੈਰ ਕੁਦਰਤੀ ਵਰਤਾਰਾ ਹੈ। ਜੇ ਅੱਜ ਰਾਏ ਦੇਣੀ ਹੋਵੇ ਤਾਂ ਮੈਂ ਕਹਿ ਸਕਦੀ ਹਾਂ ਕਿ ਇਹ ਗੈਰ ਕੁਦਰਤੀ ਹੈ…ਲੇਕਿਨ ਉਸ ਵੇਲੇ ਮੇਰੀ ਮਾਨਸਿਕ ਸਥਿਤੀ ਐਸੀ ਸੀ ਕਿ ਕੁਝ ਸੋਚਣਾ ਹੀ ਨਹੀਂ ਸੀ ਚਾਹੁੰਦੀ। ਦੂਜਾ 19 ਸਾਲ ਜਿਹੜਾ ਬੰਦਾ ਮੇਰਾ ਪਿੱਛਾ ਕਰਦਾ ਰਿਹਾ, ਉਹਨੇ ਵੀ ਮੈਨੂੰ ਇਸ ਚੀਜ਼ ‘ਚੋਂ ਨਿਕਲਣ ਨਹੀਂ ਦਿੱਤਾ…ਮੈਂ ਕਿਸੇ ਹੋਰ ਬਾਰੇ ਸੋਚ ਹੀ ਨਾ ਸਕੀ…ਇਹ ਮੇਰੀ ਜ਼ਿੰਦਗੀ ਦੇ ਸ਼ਿਖਰ ਦੇ ਦਿਨ ਸੀ…ਬਹੁਤ ਵਾਰੀ ਮੈਂ ਉਸ ਬੰਦੇ ਨੂੰ ਵਰਜਦੀ ਰਹੀ ਕਿ ਤੂੰ ਮੇਰੇ ਕੋਲ ਨਾ ਆ…ਕਿਸੇ ਵਾਕਫ਼ ਕੋਲੋਂ ਵੀ ਕਹਾਇਆ…ਪਰ 19 ਸਾਲ ਉਹਨੇ ਬਰਬਾਦ ਕੀਤੇ…ਜਦੋਂ ਉਹ ਬਹੁਤ ਜ਼ਿਆਦਾ ਬਿਮਾਰ ਹੋਇਆ…ਸ਼ਰਾਬ ਬਹੁਤ ਪੀਂਦਾ ਸੀ ਉਹ…ਮੈਨੂੰ ਉਹਦੇ ਜਾਣ ਤੋਂ ਬਾਅਦ  ਪਤਾ ਲੱਗਾ ਕਿ ਉਹਦੀਆਂ ਕਿਡਨੀਆਂ ਫੇਲ ਹੋ ਗਈਆਂ ਸੀ…ਉਠ ਨਹੀਂ ਸੀ ਸਕਦਾ ਮੰਜੇ ਤੋਂ ਤੇ ਉਦੋਂ ਹੀ ਉਹਨੇ ਬੰਦ ਕੀਤਾ ਮੇਰਾ ਪਿਛਾ।
ਜੋ ਵੀ ਐ ਇਹਦੇ ‘ਚੋਂ ਲੰਘਣਾ ਬਹੁਤ ਮੁਸ਼ਕਲ ਹੁੰਦਾ ਹੈ…ਇਕ ਦੌਰ ਐਸਾ ਵੀ ਆਇਆ ਜਦੋਂ ਮੈਂ ਬਿਆਸ ਜਾਣਾ ਸ਼ੁਰੂ ਕਰ ਦਿੱਤਾ… ਦੋ-ਢਾਈ ਸਾਲ ਜਾਂਦੀ ਰਹੀ…ਫੇਰ ਮੈਨੂੰ ਲੱਗਾ ਇਹ ਵੀ ਬਾਕੀ ਸਿਸਟਮ ਤੋਂ ਕੋਈ ਵੱਖ…ਫੇਰ ਮੈਂ ਓਸ਼ੋ ਦੇ ਜਾਂਦੀ ਰਹੀ…ਓਸ਼ੋ ਏਨਾ ਜ਼ਰੂਰ ਕਰ ਦਿੰਦਾ ਐ ਕਿ ਤੁਹਾਨੂੰ ਹਾਲਾਤ ਸਵੀਕਾਰਨ ਦੀ ਤਾਕਤ ਦੇ ਦਿੰਦੈ…। ਓਸ਼ੋ ਤੋਂ ਬਾਅਦ ਇਕ ਬੰਦਾ ਆਇਆ ਮੇਰੀ ਜ਼ਿੰਦਗੀ ਵਿਚ, ਜੀਹਨੇ ਮੇਰੇ ਅੰਦਰਲੀ ਨਫ਼ਰਤ ਖ਼ਤਮ ਕੀਤੀ…ਪਰ ਉਥੇ ਮੈਨੂੰ ਪਤਾ ਸੀ ਕਿ ਸਾਡਾ ਰਿਸ਼ਤਾ ਜੁੜ ਨਹੀਂ ਸਕਦਾ। ਸੋ, ਮੈਂ ਇਨ੍ਹਾਂ ਲੋੜਾਂ ਤੋਂ ਇਨਕਾਰ ਨਹੀਂ ਕਰਦੀ ਪਰ ਹਾਲਾਤ ਐਸੇ ਬਣ ਜਾਂਦੇ ਨੇ…ਕਈ ਵਾਰ ਤੁਸੀਂ ਗੁੱਸੇ ਵਿਚ ਕਿਸੇ ਨੂੰ ਕਹਿ ਦਿੰਦੇ ਹੋ ਕਿ ਮੈਂ ਤੈਨੂੰ ਮਾਰ ਦੇਣੈ…ਪਰ ਤੁਸੀਂ ਉਹਨੂੰ ਮਾਰਦੇ ਤਾਂ ਨਹੀਂ।
ਔਰਤਾਂ, ਦਲਿਤਾਂ ਪ੍ਰਤੀ ਨਜ਼ਰੀਆ
ਸਵਾਲ : ਸਾਮਰਾਜ ਖਿਲਾਫ਼ ਸੁਤੰਤਰਤਾ ਦੀ ਲੜਾਈ ਦੌਰਾਨ ਦਲਿਤਾਂ, ਔਰਤਾਂ, ਪਰੰਪਰਾਵਾਂ ਪ੍ਰਤੀ ਨਜ਼ਰੀਆ ਬਦਲਿਆ, ਕੀ ਤੁਸੀਂ ਸਮਝਦੇ ਹੋ ਕਿ ਉਸ ਨੇ ਭਾਰਤੀ ਘਰਾਂ ਵਿਚ ਕੁੜੀਆਂ ਲਈ ਕੋਈ ਸੁਖਾਵਾਂ ਮਾਹੌਲ ਬਣਾਇਆ? ਜੇ ਨਹੀਂ ਤਾਂ ਉਸ ਦੇ ਕੀ ਕਾਰਣ ਰਹੇ?
ਪਾਲ ਕੌਰ : ਕੁੜੀਆਂ ਲਈ ਕਿੱਥੇ ਬਣਿਆ ਸੁਖਾਵਾਂ ਮਹੌਲ ? ਸੁਤੰਤਰਤਾ ਦੀ ਲੜਾਈ ਬਹੁਤੀ ਵਿਦੇਸ਼ੀ ਰਾਜ ਵਿਰੁੱਧ ਹੀ ਸੀ। ਸਾਮਰਾਜ  ਦੇ ਵਿਰੋਧ ਦਾ ਨਿਖੇੜਾ ਤਾਂ ਕਮਿਊਨਿਸਟ ਹੀ ਕਰ ਰਹੇ ਸਨ। ਭਗਤ ਸਿੰਘ ਵਰਗੇ ਨਾਇਕ, ਜਿਨ੍ਹਾਂ ਕੋਲ ਵਿਚਾਰਧਾਰਾ ਵੀ ਸੀ ਤੇ ਸੰਘਰਸ਼ਸ਼ੀਲ ਵੀ ਸਨ, ਬਹੁਤ ਘੱਟ ਸਨ। ਕਿਰਤੀ ਕਿਸਾਨ ਸੰਘਰਸ਼ਸ਼ੀਲ ਰਹੇ ਪਰ ਸਿਆਸਤ ਨੇ ਉਨ੍ਹਾਂ ਨੂੰ ਅੱਗੇ ਨਾ ਆਉਣ ਦਿੱਤਾ। ਸਿਆਸਤ ਤੇ ਪ੍ਰਤੀਨਿੱਧਤਾ ਤਾਂ ਕਾਂਗਰਸ ਕੋਲ ਸੀ। ਫਿਰ ਸੰਪਰਦਾਇਕਤਾ ਦੀ ਸਿਆਸਤ ਵੱਖਰੀ ਖੜ੍ਹੀ ਹੋ ਗਈ। ਇਸ ਸਾਰੇ ਰੌਲੇ ਘਚੌਲੇ ਵਿਚ ਔਰਤਾਂ ਬਾਰੇ ਕੌਣ ਸੋਚ ਰਿਹਾ ਸੀ। ਦਲਿਤਾਂ ਪ੍ਰਤੀ ਨਜ਼ਰੀਆ ਕਿੱਥੇ ਬਦਲਿਆ? ਸਿਰਫ਼ ਗਾਂਧੀ ਨੇ ਸ਼ੂਦਰ ਦੀ ਥਾਂ ਸ਼ਬਦ ਨਵਾਂ ਦੇ ਦਿੱਤਾ, ਹਰੀਜਨ ! ਹਰੀਜਨ ਤਾਂ ਦੇਵਦਾਸੀਆਂ ਦੇ ਬੱਚਿਆਂ ਨੂੰ ਕਹਿੰਦੇ ਸਨ। ਰਾਣੀ ਝਾਂਸੀ ਦੀ ਸਾਰੀ ਲੜਾਈ ਉਹਦੀ ਹਮਸ਼ਕਲ ਝਲਕਾਰੀ ਬਾਈ ਨੇ ਲੜੀ, ਜੋ ਦਲਿਤ ਸਮਾਜ ਵਿਚੋਂ ਸੀ ਪਰ ਸੁਤੰਤਰਤਾ ਦੇ ਇਤਿਹਾਸ ਵਿਚ ਰਾਣੀ ਝਾਂਸੀ ਹੀ ਜ਼ਿੰਦਾ ਹੈ, ਝਲਕਾਰੀ ਬਾਈ ਲੋਪ ਹੋ ਗਈ। ਵੰਡ ਦੇ ਦੁਖਾਂਤ ਵਿਚ ਪੰਜਾਬੀਆਂ ਨੇ ਕੀ ਕੀਤਾ? ਬਦਲਾਖੋਰੀ ਦਾ ਤੇ ਸੰਪਰਦਾਇਕ ਹਿੰਸਾ ਦਾ ਸ਼ਿਕਾਰ ਸਭ ਤੋਂ ਵੱਧ ਔਰਤ ਬਣੀ। ਕਿੰਨੇ ਹੀ ਮਾਪਿਆਂ ਨੇ ਬਲਾਤਕਾਰ ਦਾ ਸ਼ਿਕਾਰ ਹੋਈਆਂ ਕੈਂਪਾਂ ਵਿਚ ਰੁਲਦੀਆਂ ਆਪਣੀਆਂ ਧੀਆਂ ਨੂੰ ਪਛਾਨਣ ਤੋਂ ਨਾਂਹ ਕਰ ਦਿੱਤੀ। ਸੁਤੰਤਰਤਾ ਤਾਂ ਸਿਰਫ਼ ਰਾਜ ਕਰਨ ਵਾਲਿਆਂ ਦੀ ਤਬਦੀਲੀ ਸੀ। ਔਰਤ ਦੇ ਵਤਨ ਦੇ ਪੰਨੇ ਤਾਂ ਸ਼ਾਇਦ ਇਕ ਦੋ ਹੀ ਪੜ੍ਹੇ ਗਏ ਹੋਣ, ਬਦਲੇ ਤਾਂ ਬੱਸ ਕੁਝ ਲਫ਼ਜ਼ !
ਸਵਾਲ : ਔਰਤ ਨੂੰ ਹੀ ਔਰਤ ਦਾ ਦੁਸ਼ਮਣ ਕਿਹਾ ਜਾਂਦਾ ਹੈ। ਜਿਵੇਂ ਭਰੂਣ ਹਤਿਆ ਵਰਗੇ ਮਾਮਲਿਆਂ ਵਿਚ ਵੀ ਔਰਤ ਨੂੰ ਹੀ ਦੋਸ਼ੀ ਗਰਦਾਨ ਦਿੱਤਾ ਜਾਂਦਾ ਹੈ। ਔਰਤਾਂ ਦੀ ਇਹੋ ਜਿਹੀ ਸਥਿਤੀ ਲਈ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ?
ਪਾਲ ਕੌਰ : ਦਰਅਸਲ; ਸਾਡਾ ਸਿਸਟਮ ਹੀ ਇਹੋ ਜਿਹਾ ਬਣਾ ਦਿੱਤਾ ਗਿਐ…ਜਦੋਂ ਇਹ ਕਿਹਾ ਜਾਂਦੈ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੈ, ਕਿਉਂਕਿ ਜਦੋਂ ਔਰਤ ਖ਼ੁਦ ਵਿਵਸਥਾ ਦਾ ਹਿੱਸਾ ਬਣਦੀ ਐ, ਉਹ ਵਿਵਸਥਾ ਜਿਹਦੇ ਅਸੀਂ ਖ਼ਿਲਾਫ਼ ਹਾਂ, ਜੀਹਨੂੰ ਆਪਾਂ ਮਰਦ ਪ੍ਰਧਾਨ ਸਮਾਜ ਕਹਿਨੇ ਆਂ ਤੇ ਔਰਤ ਜਦੋਂ ਉਹਦਾ ਹਿੱਸਾ ਬਣ ਜਾਂਦੀ ਐ…ਤਾਂ ਉਦੋਂ ਉਹ ਔਰਤ ਦੀ ਦੁਸ਼ਮਣ ਐ। ਤੇ ਉਦੋਂ ਉਹ ਦੂਜੀ ਔਰਤ ਦਾ ਦੁੱਖ ਨਹੀਂ ਸਮਝਦੀ, ਚਾਹੇ ਉਹ ਦੂਜੀ ਔਰਤ ਉਹਦੀ ਨੂੰਹ ਹੋਵੇ ਜਾਂ ਉਹਦੇ ਪਤੀ ਨਾਲ ਜੁੜੀ ਕੋਈ ਦੂਸਰੀ ਔਰਤ ਹੋਵੇ। ਉਸੇ ਵਿਵਸਥਾ ਵਿਚ ਰਹਿ ਕੇ ਆਪਸੀ ਸਮਝ ਨਹੀਂ ਬਣਦੀ। ਜਦੋਂ ਆਪਾਂ ਭਰੂਣ ਹੱਤਿਆ ਦੀ ਗੱਲ ਕਰਦੇ ਆਂ ਤਾਂ ਪਹਿਲਾਂ ਵੇਲਿਆਂ ਵਿਚ ਤਾਂ ਔਰਤ ਪਰਿਵਾਰ ਦਾ ਹਿੱਸਾ ਈ ਉਦੋਂ ਬਣਦੀ ਸੀ ਜਦੋਂ ਉਹ ਪੁੱਤਰ ਨੂੰ ਜਨਮ ਦਿੰਦੀ ਸੀ। ਉਹਨੂੰ ਪਤਾ ਹੁੰਦਾ ਸੀ ਕਿ ਮੈਨੂੰ ਤਾਂ ਹੀ ਇੱਜ਼ਤ ਮਿਲੂ ਜੇ ਮੈਂ ਪੁੱਤ ਨੂੰ ਜਨਮ ਦਿਆਂਗੀ।
ਕਮਿਊਨਿਸਟ ਭਰਾ ਦਾ ਅਸਰ
ਸਵਾਲ : ਤੁਹਾਡੇ ਇਕ ਭਰਾ ਦਾ ਸਬੰਧ ਕਮਿਊਨਿਸਟ ਲਹਿਰ ਨਾਲ ਰਿਹਾ। ਕੀ ਕਮਿਊਨਿਸਟ ਵਿਚਾਰਧਾਰਾ ਨੇ ਤੁਹਾਡੇ ‘ਤੇ ਕੋਈ ਅਸਰ ਪਾਇਆ? ਆਪਣੇ ਭਰਾ ਦੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿਉ।
ਪਾਲ ਕੌਰ : ਹਾਂ, ਮੇਰੇ ਵੱਡੇ ਵੀਰ ਰਜਿੰਦਰ ਸਿੰਘ ਰਾਜ ਨੇ ਮੇਰੀ ਜ਼ਿੰਦਗੀ ਨੂੰ ਬਹੁਤ ਪ੍ਰਭਾਵਤ ਕੀਤਾ। ਕਵਿਤਾ ਵਿਚ ਵੀ ਤੇ ਵਿਚਾਰਧਾਰਾ ਵਿਚ ਵੀ। ਉਨ੍ਹਾਂ ਨੇ ਘਰ ਦਾ ਮਹੌਲ ਵੀ ਬਦਲਿਆ। ਪੜ੍ਹਾਈ ਦੇ ਨਾਲ ਨਾਲ ਜ਼ਿੰਦਗੀ ਦੇ ਹੋਰ ਫ਼ੈਸਲਿਆਂ ਵਿਚ ਵੀ ਉਨ੍ਹਾਂ ਦਾ ਸਾਥ ਮੇਰੇ ਨਾਲ ਰਿਹਾ। ਉਹ ਕਮਿਊਨਿਸਟ ਵਿਚਾਰਧਾਰਾ ਦੇ ਸਨ। ਮੈਂ ਹਾਲੇ ਪੰਜਵੀਂ ਛੇਵੀਂ ਵਿਚ ਹੀ ਪੜ੍ਹਦੀ ਸਾਂ ਤਾਂ ਘਰ ਵਿਚ ਸਾਹਿਤ ਪੜ੍ਹਨ ਨੂੰ ਮਿਲਣ ਲੱਗਾ। ਪਰ ਮਾਂ ਪਿਉ ਵਲੋਂ ਪੜ੍ਹਨ ਦੀ ਆਗਿਆ ਨਹੀਂ ਸੀ। ਮੇਰੀ ਮਾਂ ਬੜੇ ਭੋਲੇਪਣ ‘ਚ ਕਿਹਾ ਕਰਦੀ ਸੀ, ‘ਇਕ ਘੱਟ ਏ, ਜਿਹੜਾ ਇਹ ਪੜ੍ਹ ਪੜ੍ਹ ਕੇ ”ਕੌਮਨਸ਼ਟ” ਹੋ ਗਿਆ ਏ।’ ਫਿਰ ਮੈਂ ਰਾਤ ਨੂੰ ਆਪਣੀਆਂ ਸਕੂਲ ਦੀਆਂ ਕਿਤਾਬਾਂ ਵਿਚ ਲੁਕਾ ਕੇ ਉਹ ਕਿਤਾਬਾਂ ਤੇ ਮੈਗਜ਼ੀਨ ਪੜ੍ਹਦੀ। ਨਕਸਲਵਾੜੀ ਅੰਦੋਲਨ ਵੇਲੇ ਉਹ ਖਾਲਸਾ ਕਾਲਜ, ਚੰਡੀਗੜ੍ਹ ਪੜ੍ਹਦੇ ਸਨ, ਉਸ ਅੰਦੋਲਨ ਨਾਲ ਵੀ ਉਹ ਥੋੜ੍ਹੇ ਬਹੁਤ ਜੁੜੇ ਰਹੇ, ਜੇਲ੍ਹ ਵੀ ਗਏ। ਐਫ਼ ਸੀ ਆਈ ਵਿਚ ਨੌਕਰੀ ਲੱਗੇ ਤਾਂ ਉਹਦੀ ਯੂਨੀਅਨ ਵਿਚ ਸਰਗਰਮ ਰਹੇ ਤੇ ਫਿਰ ਨੌਕਰੀ ਵੀ ਛੱਡਣੀ ਪਈ। ਫਿਰ ਇਕ ਹਫ਼ਤਾਵਾਰੀ ਅਖਬਾਰ ਠਹÂ ÀਰਰÂਸਟÂਦ ੜੋਚਿÂ ਕੱਢਦੇ ਰਹੇ। ਉਨ੍ਹਾਂ ਦੀਆਂ ਸਰਗਰਮੀਆਂ, ਵਿਚਾਰਧਾਰਾ ਤੇ ਹੌਸਲੇ ਨੇ ਮੈਨੂੰ ਹਮੇਸ਼ਾਂ ਪ੍ਰਭਾਵਤ ਕੀਤਾ। ਪਰ ਨਿੱਜੀ ਤੌਰ ‘ਤੇ ਔਰਤ ਸਬੰਧੀ ਉਨ੍ਹਾਂ ਦਾ ਰਵੱਈਆ ਵੀ ਮੇਰੇ ਲਈ ਧੱਕਾ ਹੀ ਸੀ। ਪਰ ਪਿਛੋਂ ਆ ਕੇ ਆਪਣੀਆਂ ਬੇਟੀਆਂ ਦੇ ਪ੍ਰਤੀ ਉਨ੍ਹਾਂ ਦਾ ਰਵੱਈਆ ਬੜਾ ਸਾਰਥਕ ਰਿਹਾ। ਇਹ ਸਮੇਂ ਦੀ ਤੋਰ ਦੀ ਤਬਦੀਲੀ ਮੇਰੇ ਲਈ ਵੀ ਬੜੀ ਸੁਖਾਵੀਂ ਹੈ।
ਸਵਾਲ : ਤੁਹਾਡੀ ਮੁਢਲੀ ਸਿੱਖਿਆ ਕੁੜੀਆਂ ਦੇ ਸਕੂਲ ਵਿਚ ਹੋਈ। ਇਸ ਮਾਹੌਲ ਨੇ ਤੁਹਾਡੀ ਸਖ਼ਸੀਅਤ ਨੂੰ ਕਿਵੇਂ ਪ੍ਰਭਾਵਿਤ ਕੀਤਾ?
ਪਾਲ ਕੌਰ :ਹਾਂ ਜੀ, ਮੁਢਲੀ ਸਿੱਖਿਆ ਕੁੜੀਆਂ ਦੇ ਸਕੂਲ ਵਿਚ ਹੀ ਹੋਈ1 ਮੇਰੇ ਵੱਡੇ ਹੋਣ ਦੇ ਦਿਨਾਂ ਵਿਚ ਇਸ ਚੀਜ਼ ਦਾ ਫ਼ਰਕ ਪਿਆ। ਮੇਰੇ ਅੰਦਰ ਇਕ ਸੰਕੋਚ, ਚੁੱਪ, ਦਰਦ, ਸਹਿਣ ਦੀ ਆਦਤ ਵਿਕਸਤ ਹੋ ਗਈ, ਸ਼ਾਇਦ ਉਸੇ ਨੂੰ ਮੈਂ ਕਵਿਤਾ ਵਿਚ ਲਿਖਿਆ।
ਸਵਾਲ : ਕੀ ਤੁਸੀਂ ਕੁੜੀਆਂ-ਮੁੰਡਿਆਂ ਲਈ ਵੱਖਰੀਆਂ ਸੰਸਥਾਵਾਂ ਦੀ ਵਕਾਲਤ ਕਰਦੇ ਹੋ?
ਪਾਲ ਕੌਰ : ਨਹੀਂ, ਬਿਲਕੁਲ ਨਹੀਂ। ਸਮਾਜ ਨੇ ਸੰਤੁਲਤ ਵਿਕਾਸ ਕਰਨਾ ਹੈ ਤਾਂ ਵੱਖਰੇ ਸਕੂਲ ਕਾਲਜ ਨਹੀਂ ਹੋਣੇ ਚਾਹੀਦੇ। ਛੇੜਖਾਨੀ ਤਾਂ ਹੀ ਘਟ ਸਕਦੀ ਹੈ। ਮੈਂ ਤਾਂ ਆਪਣੀਆਂ ਵਿਦਿਆਰਥਣਾਂ ਨੂੰ ਕਿਹਾ ਕਰਦੀ ਸਾਂ ਕਿ ਕੋਈ ਮੁੰਡਾ ਛੇੜਦਾ ਹੈ ਤਾਂ ਡਰੋ ਨਾ, ਜਾ ਕੇ ਗੱਲ ਕਰੋ ਤੇ ਪੁੱਛੋ ਕਿ ਉਹ ਕੀ ਚਾਹੁੰਦਾ ਹੈ।
ਸਵਾਲ : ਕੁੜੀਆਂ ਦੇ ਸਕੂਲ ਤੋਂ ਇਕਦਮ ਕੋ-ਐਜੁਕੇਸ਼ਨ ਕਾਲਜ ਵਿਚ ਦਾਖਲੇ ਦਾ ਤੁਹਾਡਾ ਕੀ ਅਨੁਭਵ ਰਿਹਾ?
ਪਾਲ ਕੌਰ : ਕਾਲਜ ਵੀ ਕੁੜੀਆਂ ਦਾ ਹੀ ਸੀ, ਐਮ ਸੀ ਐਮ, ਡੀ ਏ ਵੀ, ਚੰਡੀਗੜ੍ਹ। ਪਰ ਕਾਲਜ ਵਿਚ ਆ ਕੇ ਮੇਰੇ ਅੰਦਰ ਹੌਸਲਾ ਆ ਗਿਆ ਸੀ। ਕਾਲਜ ਦਾ ਮਹੌਲ ਵੀ ਚੰਗਾ ਸੀ। ਮੈਂ ਕਵਿਤਾ ਤੇ ਭਾਸ਼ਣ ਮੁਕਾਬਲਿਆਂ ਵਿਚ ਹਿੱਸਾ ਲੈਂਦੀ ਸਾਂ ਤੇ ਇਸ ਲਈ ਦੂਜੇ ਕਾਲਜਾਂ ਵਿਚ ਆਉਣ ਜਾਣ ਹੁੰਦਾ ਰਹਿੰਦਾ ਸੀ। ਇਸ ਲਈ ਸੰਕੋਚ ਤੇ ਘੁਟਣ ਮੇਰੀ ਤਬੀਅਤ ਵਿਚੋਂ ਘਟਣ ਲੱਗੀ।
ਸਵਾਲ : ਜਿਵੇਂ ਦਾ ਤੁਹਾਡਾ ਬਚਪਨ ਰਿਹਾ ਤਾਂ ਤੁਸੀਂ ਕੋਈ ਗੁੱਸੇ ਵਿਚ ਕੋਈ ਅਜਿਹੀ ਸ਼ਰਾਰਤ ਕੀਤੀ ਹੋਵੇ ਤੇ ਤੁਹਾਨੂੰ ਬਾਅਦ ਵਿਚ ਲੱਗਿਆ ਹੋਵੇ ਕਿ ਮੈਨੂੰ ਇਹ ਕਰਨੀ ਨਹੀਂ ਸੀ ਚਾਹੀਦੀ?
ਪਾਲ ਕੌਰ : ਐਸੀਆਂ ਤਾਂ ਕਈ ਘਟਨਾਵਾਂ ਨੇ। ਜਦੋਂ ਮੇਰੀ ਮਾਂ ਮੇਰੇ ਨਾਲੋਂ ਮੇਰੇ ਭਰਾਵਾਂ ਨੂੰ ਜ਼ਿਆਦਾ ਪਿਆਰ ਕਰਦੀ ਸੀ ਤਾਂ ਮੇਰੇ ਅੰਦਰ ਜ਼ਿੱਦ ਆ ਗਈ ਸੀ। ਮੈਨੂੰ ਲਗਦਾ ਸੀ ਜੋ ਉਹ ਕਰਦੇ ਨੇ…ਮੈਂ ਵੀ ਉਹ ਕਰਾਂ। ਮੇਰਾ ਭਰਾ ਗੋਲੀਆਂ (ਬੰਟੇ) ਖੇਡਦਾ ਸੀ…ਮੈਂ ਕਿਹਾ-ਮੈਂ ਵੀ ਖੇਡਣੈ। ਉਹ ਕਹਿੰਦਾ-ਕੁੜੀਆਂ ਥੋੜ੍ਹਾ ਖੇਡਦੀਆਂ ਨੇ ਗੋਲੀਆਂ। ਮੈਂ ਮਨ ਜਿਹਾ ਮਸੋਸ ਕੇ ਘਰ ਆ ਗਈ…ਮੇਰੀ ਮਾਂ ਨੇ ਮੈਨੂੰ ਪੈਸੇ ਦੇ ਕੇ ਕੋਈ ਸੌਦਾ-ਪੱਤਾ ਲੈਣ ਭੇਜਿਆ…ਸਾਮਾਨ ਖ਼ਰੀਦ ਕੇ ਜਿਹੜੇ ਬਾਕੀ ਪੈਸੇ ਬਚੇ ਮੈਂ ਗੋਲੀਆਂ ਖ਼ਰੀਦ ਲਈਆਂ…ਤੇ ਜਦੋਂ ਮੈਂ ਘਰ ਆਈ ਤਾਂ ਝਾੜੂਆਂ ਨਾਲ ਮਾਰ ਪਈ…। (ਹਾ..ਹਾ..ਹਾ..)
ਇਕ ਵਾਰ ਮੇਰੇ ਚਾਚੇ ਦੀ ਧੀ ਕਹਿੰਦੀ-ਮਿਰਚਾਂ ਚੁਗਣ ਜਾਣੀਆਂ ਨੇ…ਦਰਅਸਲ, ਜਿੰਨੀਆਂ ਉਹ ਮਿਰਚਾਂ ਚੁਗਦੀ ਸੀ, ਉਹਦੇ ‘ਚੋਂ ਉਹਨੂੰ ਕੁਝ ਮਿਲ ਜਾਂਦੀਆਂ ਸੀ ਤੇ ਉਹ ਅੱਗੇ ਦੁਕਾਨ ‘ਤੇ ਵੇਚ ਕੇ ਪੈਸੇ ਲੈ ਲੈਂਦੀ ਸੀ…ਮੈਂ ਵੀ ਨਾਲ ਤੁਰ ਪਈ ਓਹਦੇ…ਮਿਰਚਾਂ ਚੁਗੀਆਂ ਸਾਰਾ ਦਿਨ…ਆਪਣਾ ਹਿੱਸਾ ਆ ਕੇ ਦੁਕਾਨ ‘ਤੇ ਵੇਚਿਆ ਤੇ ਫੇਰ ਉਨ੍ਹਾਂ ਪੈਸਿਆਂ ਦੀਆਂ ਗੋਲੀਆਂ ਖ਼ਰੀਦੀਆਂ।
ਜਿਹੜੀ ਗੱਲ ‘ਤੇ ਮੈਨੂੰ ਰੋਕਦੇ ਸੀ…ਹੋਰ ਬਗ਼ਾਵਤ ਕਰਨ ਨੂੰ ਦਿਲ ਕਰਦਾ ਸੀ। ਅਸੀਂ ਖਰੜ੍ਹ ਸਿੰਘ ਸਭਾ ਗੁਰਦੁਆਰੇ ਕੋਲ ਰਹਿੰਦੇ ਸੀ। ਖਰੜ੍ਹ ਦਾ ਸਾਰਾ ਬਾਜ਼ਾਰ ਲੰਘ ਕੇ ਉਥੇ ਰਾਮ ਲੀਲਾ ਲਗਦੀ ਸੀ। ਮੈਨੂੰ ਬੜਾ ਸ਼ੌਕ ਸੀ ਦੇਖਣ ਦਾ…ਭਰਾ ਜਾਂਦੇ ਸੀ ਪਰ ਮੈਨੂੰ ਨਾਲ ਨਹੀਂ ਸੀ ਲੈ ਕੇ ਜਾਂਦੇ …ਉਹ ਆਪਣੇ ਦੋਸਤਾਂ ਨਾਲ ਜਾਂਦੇ ਸੀ…ਘਰ ਦਾ ਹੋਰ ਕੋਈ ਜੀਅ ਜਾਂਦਾ ਨਹੀਂ ਸੀ। ਜਦੋਂ ਮੈਂ ਜ਼ਿਆਦਾ ਜ਼ਿੱਦ ਕਰਨੀ ਤਾਂ ਮਾਂ ਨੇ ਗਵਾਂਢਣਾਂ ਨਾਲ ਭੇਜ ਦੇਣਾ ਤੇ ਕਹਿਣਾ ਕਿ ਨਾਲ ਈ ਮੁੜ ਆਈਂ। ਪਰ ਗਵਾਂਢਣਾਂ ਥੋੜ੍ਹੀ ਦੇਰ ਮਗਰੋਂ ਹੀ ਉਠ ਕੇ ਤੁਰ ਪੈਂਦੀਆਂ ਤੇ ਮੈਨੂੰ ਬੜਾ ਗੁੱਸਾ ਚੜ੍ਹਨਾ ਤੇ ਮੈਂ ਉਨ੍ਹਾਂ ਨਾਲ ਆਉਣਾ ਈ ਨਾ ਉਠ ਕੇ…ਕਹਿ ਦੇਣਾ ਫਲਾਣੀ ਨਾਲ ਆ ਜਾਉਂਗੀ…ਧੀਂਗੜੀ ਨਾਲ ਆ ਜਾਉਂਗੀ…ਇਕ-ਇਕ ਕਰਕੇ ਸਾਰੀਆਂ ਨੇ ਚਲੇ ਜਾਣਾ…ਮੈਂ ‘ਕੱਲੀ ਨੇ ਬਹਿ ਕੇ ਪੂਰੀ ਰਾਤ ਰਾਮ ਲੀਲਾ ਦੇਖਣੀ ਤੇ ਜਦੋਂ ਮੁੱਕਣੀ ਤਾਂ ਐਵੇਂ ਲੋਕਾਂ ਦੇ ਮਗਰ ਮਗਰ ਤੁਰ ਕੇ ਘਰ ਪਹੁੰਚ ਜਾਣਾ। (ਹਾ..ਹਾ..ਹਾ..) ਕੋਈ ਨਾਲ ਜਾਣੂ ਨਹੀਂ ਸੀ ਹੁੰਦਾ ਪਰ ਭੁਲੇਖਾ ਦੇਈ ਰੱਖਣਾ ਕਿ ਮੈਂ ਫਲਾਣੇ ਨਾਲ ਆਂ ਤੇ ਘਰ ਆ ਕੇ ਚੁੱਪ ਕਰਕੇ ਮੰਜੇ ‘ਤੇ ਪੈ ਜਾਣਾ। ਦੋ-ਚਾਰ ਵਾਰ ਕੀਤਾ ਐਦਾਂ ਪਰ ਉਨ੍ਹਾਂ ਨੂੰ ਪਤਾ ਨਹੀਂ ਲੱਗਿਆ। ਸੋ, ਐਵੇਂ ਦੀਆਂ ਖਰਮਸਤੀਆਂ ਵੀ ਕੀਤੀਆਂ ਨੇ।

ਸ਼ਾਇਰ ਨਾਲ ਮੁਹੱਬਤ
ਸਵਾਲ : ਚੱਲੋ, ਹੁਣ ਜਵਾਨੀ ਵੇਲੇ ਦੀ ਗੱਲ ਵੀ ਕਰ ਲੈਂਦੇ ਹਾਂ। ਤੁਸੀਂ ਕਿਸੇ ਸ਼ਾਇਰ ਨਾਲ ਆਪਣੀ ਮੁਹੱਬਤ ਦਾ ਜ਼ਿਕਰ ਕੀਤਾ ਹੈ। ਜਦੋਂ ਉਹਨੇ ਕਿਹਾ ਕਿ ਮੈਂ ਤੈਨੂੰ ਹੋਰ ਕੁਝ ਦੇਵਾਂ ਨਾ ਦੇਵਾਂ ਪਰ ਤੈਨੂੰ ਕਵਿੱਤਰੀ ਜ਼ਰੂਰ ਬਣਾ ਦੇਣੈਂ। ਉਸ ਵਕਤ ਤੁਹਾਡੇ ਮਨ ‘ਤੇ ਕਿਸ ਤਰ੍ਹਾਂ ਦਾ ਅਹਿਸਾਸ ਭਾਰੂ ਹੋਇਆ?
ਪਾਲ ਕੌਰ : ਅਸਲ ‘ਚ ਉਹ ਇਹੀ ਕਹਿ ਰਿਹਾ ਸੀ ਕਿ ਮੈਂ ਤੈਨੂੰ ਏਨਾ ਦਰਦ ਦਿਆਂਗਾ ਕਿ ਤੂੰ ਕਵਿੱਤਰੀ ਬਣ ਜੇਂ ਗੀਂ। ਹੋਰ ਉਹਨੇ ਕਿਹੜਾ ਮੇਰਾ ਗੁਰੂ ਬਣ ਕੇ ਮੈਨੂੰ ਕਵਿੱਤਰੀ ਬਣਾਉਣਾ ਸੀ। ਉਸ ਵੇਲੇ ਤਾਂ ਉਹ ਅਹਿਸਾਸ ਤਕਲੀਫ਼ ਵਾਲਾ ਹੀ ਸੀ…ਮੈਨੂੰ ਇਸ ਗੱਲ ਦੀ ਖ਼ੁਸ਼ੀ ਥੋੜ੍ਹੀ ਸੀ ਕਿ ਮੈਂ ਕਵਿੱਤਰੀ ਬਣਨੈਂ…ਕਵਿੱਤਰੀ ਤਾਂ ਮੈਂ ਹੈ ਹੀ ਸੀ…ਉਸੇ ਦੌਰ ਵਿਚ ਤਾਂ ਉਹ ਮੈਨੂੰ ਮਿਲਿਐ…।
ਸਵਾਲ : ਇਸ ਸ਼ਾਇਰ ਦੀ ਤੁਹਾਡੀ ਜ਼ਿੰਦਗੀ ਵਿਚ ਆਮਦ ਹੋਈ ਕਿਵੇਂ?
ਪਾਲ ਕੌਰ : ਬੱਸ ਉਦੋਂ ਹਾਲਾਤ ਈ ਐਦਾਂ ਦੇ ਬਣ ਗਏ ਕਿ ਪਹਿਲਾਂ ਮੈਂ ਆਪਣੇ ਮਾਂ-ਪਿਓ ਦੇ ਲੜਾਈ-ਝਗੜੇ ਦੇਖਦੀ ਸੀ…ਕੋਈ ਵਧੀਆ ਰਿਸ਼ਤਾ ਨਹੀਂ ਸੀ… ਫੇਰ ਮੇਰੇ ਭਰਾ ਦਾ ਵਿਆਹ ਹੋਇਆ… ਭਰਾ-ਭਰਜਾਈ ਦੇ ਵੀ ਬਹੁਤ ਝਗੜੇ ਹੁੰਦੇ ਸੀ। ਮੈਨੂੰ ਇਵੇਂ ਲਗਦਾ ਸੀ ਕਿ ਜਦੋਂ ਵਿਆਹ ਹੁੰਦੈ ਤਾਂ ਕੁੜੀਆਂ ਦੀ ਜ਼ਿੰਦਗੀ ਬੱਸ ਇਹੋ-ਜਿਹੀ ਹੁੰਦੀ ਐ…। ਪਰ ਨਾਲ ਈ ਦਿਮਾਗ਼ ਵਿਚ ਇਹ ਵੀ ਬਹਿ ਗਿਆ ਕਿ ਜੇ ਬੰਦਾ ਆਪਣੀ ਮਰਜ਼ੀ ਦਾ ਹੋਵੇ…ਪੜ੍ਹਿਆ-ਲਿਖਿਆ ਹੋਵੇ ਤਾਂ ਸ਼ਾਇਦ ਜ਼ਿੰਦਗੀ ਵਧੀਆ ਨਿਕਲ ਸਕਦੀ ਐ। ਉਸੇ ਸੋਚ ਕਾਰਨ ਉਹ ਬੰਦਾ ਮੇਰੀ ਜ਼ਿੰਦਗੀ ਵਿਚ ਆਇਆ। ਇਕ ਇਹ ਵੀ ਗੱਲ ਸੀ ਕਿ ਕੁੜੀਆਂ ਦੇ ਜ਼ਿਹਨ ਵਿਚ ਜਿਹੜਾ ਪਹਿਲਾ ਅਕਸ ਆਉਂਦੈ, ਉਹ ਪਿਤਾ ਜਾਂ ਭਰਾ ਦਾ ਹੁੰਦੈ…ਮੇਰੇ ‘ਤੇ ਮੇਰੇ ਵੱਡੇ ਭਰਾ ਦਾ ਅਕਸ ਭਾਰੂ ਸੀ ਤੇ ਫੇਰ ਤੁਸੀਂ ਆਪਣੇ ਜੀਵਨ ਸਾਥੀ ਵਿਚ ਵੀ ਇਹੋ ਕੁਝ ਤੁਸੱਵਰ ਕਰਦੇ ਹੋ। ਜਿਵੇਂ ਦਾ ਮੇਰਾ ਭਰਾ ਕਾਮਰੇਡ ਸੀ…ਪੜ੍ਹਿਆ-ਲਿਖਿਆ ਸੀ… ਹੱਕ-ਸੱਚ ਲਈ ਲੜਨ ਵਾਲਾ ਸੀ…ਮੇਰੀ ਮਦਦ ਵੀ ਬਹੁਤ ਕਰਦਾ ਸੀ…ਇਸ ਕਰਕੇ ਮੇਰੇ ਜ਼ਿਹਨ ਵਿਚ ਉਨ੍ਹਾਂ ਦਾ ਅਕਸ ਸੀ…ਮੈਂ ਉਹਦੇ ਤੋਂ ਬਹੁਤ ਪ੍ਰਭਾਵਤ ਸੀ…।
ਸਵਾਲ : ਤੁਹਾਡੇ ਅੱਗੇ ਜ਼ਿੰਦਗੀ ਬਹੁਤ ਲੰਬੀ ਪਈ ਸੀ ਤੇ ਇਕ ਘਟਨਾ ਮਗਰੋਂ ਹੀ ਤੁਸੀਂ ਕਦੇ ਵਿਆਹ ਨਾ ਕਰਾਉਣ ਬਾਰੇ ਮਨ ਬਣਾ ਲਿਆ। ਕੀ ਕਾਰਨ ਸੀ ਉਹਦਾ?
ਪਾਲ ਕੌਰ : ਜਿਵੇਂ ਮੈਂ ਤੁਹਾਨੂੰ ਦੱਸਿਐ ਕਿ ਮਨ ਤਾਂ ਬਹੁਤ ਪਹਿਲਾਂ ਹੀ ਵਿਆਹ ਬਾਰੇ ਵਿਚਾਰ ਬਣਾ ਚੁੱਕਾ ਸੀ…ਮਾਂ-ਬਾਪ ਤੇ ਭਰਾ-ਭਰਜਾਈ ਦੇ ਰਿਸ਼ਤਿਆਂ ਨੂੰ ਦੇਖ ਕੇ ਮੈਨੂੰ ਲਗਦਾ ਸੀ ਕਿ ਵਿਆਹ ਨਹੀਂ ਕਰਾਉਣਾ ਚਾਹੀਦਾ। ਮੈਂ ਆਪਣੀ ਜੀਵਨੀ ਵਿਚ ਵੀ ਇਹ ਜ਼ਿਕਰ ਕੀਤੈ ਕਿ ਮੇਰੀ ਮਾਂ ਤਾਂ ਅਨਪੜ੍ਹ ਸੀ ਪਰ ਮੇਰੀ ਭਰਜਾਈ ਤਾਂ ਪੜ੍ਹੀ-ਲਿਖੀ ਸੀ…ਸਰਕਾਰੀ ਨੌਕਰੀ ਕਰਦੀ ਸੀ…ਜਦੋਂ ਲੜਾਈ ਹੋ ਜਾਂਦੀ ਸੀ ਤਾਂ ਮੇਰਾ ਭਰਾ ਕਹਿ ਦਿੰਦਾ ਸੀ-ਮੈਂ ਨੀਂ ਇਹ ਰੱਖਣੀ। ਉਨ੍ਹਾਂ ਦਾ ਇਹ ਸ਼ਬਦ-‘ਮੈਂ ਨੀਂ ਇਹ ਰੱਖਣੀ’ ਮੇਰੇ ਜ਼ਿਹਨ ‘ਚ ਉਸ ਵੇਲੇ ਤੋਂ ਘਰ ਕਰ ਗਿਆ ਜਦੋਂ ਮੈਂ ਜਵਾਨ ਹੋ ਰਹੀ ਸੀ। ਪਹਿਲਾਂ ਮਾਂ ਦਾ ਹਾਲ ਦੇਖ ਰਹੀ ਸੀ, ਫੇਰ ਭਰਜਾਈ ਦੀ ਹਾਲਤ ਮੇਰੇ ਦਿਮਾਗ਼ ‘ਤੇ ਅਸਰ ਕਰ ਗਈ ਕਿ ਔਰਤਾਂ ਦੀ ਤਾਂ ਇਹੋ ਹਾਲਤ ਰਹਿਣੀ ਐ। ਹਾਂ, ਮੈਨੂੰ ਇਹ ਨਹੀਂ ਸੀ ਲਗਦਾ ਕਿ ਮੈਂ ‘ਕੱਲੀ ਰਹਿ ਸਕਦੀ ਆਂ। ਘਰ ਦਾ ਛੋਟਾ ਜਿਹਾ ਸਟੋਰ ਮੇਰਾ ਕਮਰਾ ਸੀ ਤੇ ਫੱਟਾ ਲਾ ਕੇ ਮੈਂ ਇਹਤੇ ਸੌਂਦੀ ਸੀ…ਉਦੋਂ ਮੈਂ ਕਵਿਤਾ ਲਿਖਦੀ ਵੀ ਸੀ ਤੇ ‘ਨਾਗਮਣੀ’ ਵਗੈਰਾ ਵਿਚ ਛਪਣ ਵੀ ਲੱਗ ਗਈ ਸੀ…। ਸੋ, ਘਰ ਦੇ ਹਾਲਾਤ ਦੇਖ ਕੇ ਮੈਨੂੰ ਲਗਦਾ ਸੀ ਕਿ ਇਨ੍ਹਾਂ ਤੋਂ ਵੱਖ ਹੋਣ ਦਾ ਇਕੋ ਤਰੀਕਾ ਹੈ ਕਿ ਵਿਆਹ ਕਰਵਾ ਲਵਾਂ। ਇਸ ਉਧੇੜ-ਬੁਣ ਵਿਚ ਉਹ ਬੰਦਾ ਮੇਰੀ ਜ਼ਿੰਦਗੀ ਵਿਚ ਆਇਆ…ਸੋ, ਜਦੋਂ ਉਹਨੇ ਮੇਰਾ ਭਰੋਸਾ ਤੋੜਿਆ ਤਾਂ ਉਹਦੇ ਲਈ ‘ਕੱਲਾ ਉਹੀ ਜ਼ਿੰਮੇਵਾਰ ਨਹੀਂ ਸੀ…ਇਸ ਵਿਚ ਮੇਰੇ ਬਾਪ ਤੇ ਭਰਾ ਦਾ ਅਕਸ ਵੀ ਸ਼ਾਮਲ ਸੀ।
ਸਵਾਲ : ਤੁਸੀਂ ਬਾਗ਼ੀ ਤਬੀਅਤ ਦੇ ਹੋ ਤੇ ਤੁਹਾਡੀ ਕਵਿਤਾ ਵਿਚ ਵੀ ਬਾਗ਼ੀ ਸੁਰ ਹੈ। ਫੇਰ ਜਦੋਂ ਤੁਹਾਨੂੰ ਪਤਾ ਲਗਦਾ ਹੈ ਕਿ ਉਸ ਬੰਦੇ ਨੇ ਤੁਹਾਨੂੰ ਬਿਨਾਂ ਦੱਸਿਆਂ ਵਿਆਹ ਕਰਵਾ ਲਿਆ ਤੇ ਮੁੜ ਕੇ ਫੇਰ ਉਹ 19 ਸਾਲ ਤੱਕ ਤੁਹਾਡਾ ਪਿੱਛਾ ਕਰਦਾ ਰਿਹਾ। ਤੁਸੀਂ ਸਮਝਾ ਕੇ ਮੋੜਿਆ ਵੀ ਪਰ ਨਹੀਂ ਮੁੜ੍ਹਿਆ ਤਾਂ ਤੁਸੀਂ ਜ਼ੋਰਦਾਰ ਝਟਕੇ ਨਾਲ ਉਹਨੂੰ ਵੱਖ ਕਿਉਂ ਨਹੀਂ ਕੀਤਾ?
ਪਾਲ ਕੌਰ : ਹਾਂ, ਕਈ ਵਾਰ ਮੈਂ ਉਹਨੂੰ ਝਟਕੇ ਨਾਲ ਤੋੜਿਆ ਵੀ, ਪਰ ਅਸਲ ਵਿਚ ਉਹਨੂੰ ਇਕੋ ਗੱਲ ਪ੍ਰੇਸ਼ਾਨ ਕਰਦੀ ਸੀ ਕਿ ਮੈਂ ਵਿਆਹ ਨਹੀਂ ਕਰਵਾਇਆ, ਉਹ ਨਮੋਸ਼ੀ ਨਾਲ ਭਰਿਆ ਪਿਆ ਸੀ। ਮੇਰੀ ਹਾਲਤ ਲਈ ਉਹ ਖ਼ੁਦ ਨੂੰ ਜ਼ਿੰਮੇਵਾਰ ਮੰਨਦਾ ਸੀ ਤੇ ਜੇ ਮੈਂ ਵਿਆਹ ਕਰਵਾ ਲੈਂਦੀ ਤੇ ਸ਼ਾਇਦ ਉਹ ਪਰਤ ਕੇ ਨਾ ਆਉਂਦਾ।
ਸਵਾਲ : ਉਹਦੇ ਬੱਚੇ ਵੀ ਹੋ ਗਏ ਸੀ । ਫੇਰ ਵੀ ਉਹ ਤੁਹਾਨੂੰ ਵਾਰ ਵਾਰ ਆ ਕੇ ਕਹਿੰਦਾ ਸੀ ਕਿ ਆਪਾਂ ਵਿਆਹ ਕਰਵਾ ਲੈਂਦੇ ਹਾਂ। ਚਾਰ ਦਿਨ ਮੈਂ ਤੇਰੇ ਕੋਲ ਰਹਾਂਗਾ ਤੇ ਚਾਰ ਦਿਨ ਆਪਣੇ ਪਰਿਵਾਰ ਕੋਲ। ਮੇਰੇ ਪੁੱਛਣ ਦਾ ਮਤਲਬ ਹੈ ਕਿ ਤੁਹਾਡੇ ਸੁਭਾਅ ਵਿਚ ਜਦੋਂ ਏਨੀ ਸਖ਼ਤੀ ਸੀ ਤਾਂ ਤੁਸੀਂ ਉਹਨੂੰ ਸਖ਼ਤੀ ਨਾਲ ਕਿਉਂ ਨਹੀਂ ਵਰਜਿਆ? ਉਹਦੇ ਪ੍ਰਤੀ ਤੁਹਾਡੇ ਮਨ ‘ਚ ਕਿਤੇ ਨਾ ਕਿਤੇ ਨਰਮ ਗੋਸ਼ਾ ਸੀ?
ਪਾਲ ਕੌਰ : ਦੇਖੋ! ਜਿਹਨੂੰ ਤੁਸੀਂ ਮੁਹੱਬਤ ਕੀਤੀ ਹੋਵੇ…ਉਹਦੇ ਪ੍ਰਤੀ ਦਿਲ ਵਿਚ ਨਰਮਾਈ ਤਾਂ ਰਹਿੰਦੀ ਹੀ ਹੈ…ਵੈਸੇ ਵੀ ਉਹ ਮੈਨੂੰ ਭਾਵੁਕ ਕਰ ਕੇ ਬਲੈਕਮੇਲ ਕਰਦਾ ਸੀ ਕਿ ਮੈਂ ਗੱਡੀ ਹੇਠ ਛਾਲ ਮਾਰ ਦੇਣੀ ਐ…ਪਰ ਮੇਰੇ ਮਨ ਵਿਚ ਇਹ ਕਦੇ ਨੀਂ ਆਇਆ ਕਿ ਮੈਂ ਇਹਦੀ ਗੱਲ ਮੰਨ ਜਾਵਾਂ…ਮੈਨੂੰ ਲਗਦਾ ਸੀ ਕਿ ਇਹ ਜੋ ਕਹਿ ਰਿਹੈ ਉਹ ਗ਼ਲਤ ਐ। ਕਿਵੇਂ ਭਰੋਸਾ ਕਰਦੀ ਮੈਂ ਉਹਦੇ ‘ਤੇ। ਪਹਿਲਾਂ ਉਹਨੇ ਮੈਨੂੰ ਧੋਖਾ ਦੇ ਕੇ ਵਿਆਹ ਕਰਵਾਇਆ…ਫੇਰ ਦੋ ਬੱਚੇ ਵੀ ਸੀ ਉਹਦੇ…ਮੁੜ ਮੇਰੇ ਕੋਲ ਆ ਕੇ ਵਿਆਹ ਕਰਾਉਣ ਦੀਆਂ ਗੱਲਾਂ ਕਰਦਾ ਸੀ। ਭਰੋਸਾ ਕਰਨ ਦੇ ਲਾਇਕ ਨਹੀਂ ਸੀ ਉਹ।
ਸਵਾਲ : ਉਸ ਤੋਂ ਬਾਅਦ ਇਕ ਹੋਰ ਸ਼ਾਇਰ ਵੀ ਆਇਆ ਤੁਹਾਡੀ ਜ਼ਿੰਦਗੀ ਵਿਚ। ਕੀ ਉਹ ਵੀ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ?
ਪਾਲ ਕੌਰ : ਨਹੀਂ…ਐਂ ਤਾਂ ਆਏ ਬੰਦੇ ਜ਼ਿੰਦਗੀ ਵਿਚ, ਜਿਹੜੇ ਦਿਲਚਸਪੀ ਦਿਖਾਉਂਦੇ ਸੀ। ਉਹਨੇ ਮੈਨੂੰ ਲਿਵ ਇਨ ਰਿਲੇਸ਼ਨਸ਼ਿਪ ‘ਚ ਰਹਿਣ ਦਾ ਆਫ਼ਰ ਕੀਤਾ। ਮੈਂ ਉਹਨੂੰ ਪੁਛਿਆ-ਤੈਨੂੰ ਆਪਣੀ ਬੀਵੀ ਤੋਂ ਕੀ ਸਮੱਸਿਐ? ਕਹਿੰਦਾ-ਉਹ ਐਵੇਂ ਕਰਦੀ…ਉਹ ਇਹ ਕਰਦੀ…ਵੋਹ ਕਰਦੀ ਐ…। ਮੈਂ ਕਿਹਾ-ਫੇਰ ਤੂੰ ਕੱਲ੍ਹ ਨੂੰ ਮੈਨੂੰ ਵੀ ਕਹੇਗਾਂ ਕਿ ਮੈਂ ਆਹ ਕਰਾਂ-ਆਹ ਨਾ ਕਰਾਂ। ਜਦੋਂ ਮੇਰੇ ਨਾਲ ਰਿਸ਼ਤੇ ਵਿਚ ਹੋਵੇਂਗਾ ਤਾਂ ਮੇਰੇ ਵਿਚ ਕਮੀਆਂ ਨਜ਼ਰ ਆਉਣਗੀਆਂ ਤੈਨੂੰ। ਉਹ ਮੈਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਦਾ ਸੀ ਕਿ ਆਪਾਂ ਕਿਤੇ ਬਾਹਰ ਚੱਲੀਏ…ਫੇਰ ਉਹਨੇ ਕਹਿਣਾ-ਤੂੰ ਮੇਰੀ ਕਿਤਾਬ ਬਾਰੇ ਲਿਖ…ਫੇਰ ਇਕ ਉਹਨੇ ਮੇਰੇ ਕੋਲ ਐਮਫਿਲ ਦੀ ਕੁੜੀ ਭੇਜ ਦਿੱਤੀ…ਸਿਰੇ ਦੀ ਨਾਲਾਇਕ…ਸਾਰਾ ਡੈਜ਼ਾਟੇਸ਼ਨ ਮੈਨੂੰ ਹੀ ਕਰਨਾ ਪਿਆ…। ਉਹ ਫੇਰ ਮੈਨੂੰ ਕਹੇ ਆਪਾਂ ਕਿਤੇ ਬਾਹਰ ਚਲਦੇ ਆਂ… ਮੈਨੂੰ ਬੜੀ ਅਜੀਬ ਕਚਿਆਣ ਆਉਂਦੀ ਉਹਦੀ ਗੱਲ ’ਤੇ।
ਵਿਆਹ ਦੀ ਸੰਸਥਾ
ਸਵਾਲ : ਸਮਾਜਕ ਸੰਸਥਾ ਵਿਆਹ ਜਿਸ ਨੂੰ ਤੁਸੀਂ ਪ੍ਰਵਾਨ ਨਹੀਂ ਕੀਤਾ, ਕੀ ਇਹ ਸੰਸਥਾ ਇੰਨੀ ਹੀ ਮਾੜੀ ਹੈ ਕਿ ਇਸ ਨੂੰ ਤਿਆਗ ਦੇਣਾ ਚਾਹੀਦਾ ਹੈ?
ਪਾਲ ਕੌਰ : ਨਹੀਂ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਇਸ ਨੂੰ ਤਿਆਗ ਦੇਣਾ ਚਾਹੀਦਾ ਹੈ। ਪਰ ਜਿਸ ਮਨੂ ਸ਼ਾਸਤਰ ਦੀ ਇਹ ਦੇਣ ਹੈ, ਉਸ ਨੇ ਹੀ ਇਸ ਵਿਚ ਦੋ ਇਨਸਾਨਾਂ ਦੀ ਸਾਂਝ ਨਹੀਂ ਸਮਝੀ, ਆਦਮੀ ਲਈ ਹੋਰ ਤੇ ਔਰਤ ਲਈ ਹੋਰ ਅਸੂਲ। ਪਰ ਜੇ ਦੋਵੇਂ ਵਿਅਕਤੀ, ਇਕ ਦੂਜੇ ਨੂੰ ਇਨਸਾਨ ਸਮਝਦੇ ਹੋਣ, ਰਲ ਕੇ ਤੁਰਨ, ਫ਼ੈਸਲਿਆਂ ਵਿਚ ਬਰਾਬਰੀ ਹੈ ਤਾਂ ਰਿਸ਼ਤਾ ਖ਼ੂਬਸੂਰਤ ਹੈ। ਪਰ ਜਿਵੇਂ ਚੱਲ ਰਿਹਾ ਹੈ ਤੇ ਜਿਥੇ ਲੋਕ ਬਦਲਦੇ ਹੀ ਨਹੀਂ, ਉਥੇ ਇਸ ਨਾਲੋਂ ਭੈੜਾ ਨਰਕ ਵੀ ਕੋਈ ਨਹੀਂ।  ਉਂਜ ਲੇਖਕਾਂ/ ਕਲਾਕਾਰਾਂ ਬਾਰੇ ਮੈਂ ਸਮਝਦੀ ਹਾਂ ਕਿ ਜਾਂ ਤਾਂ ਦੋਵੇਂ ਇਕ ਦੂਜੇ ਸਮਝਣ, ਇਕੋ ਜਿਹੀ ਖੁਲ੍ਹ ਦੇਣ। ਨਹੀਂ ਤਾਂ ਫਿਰ ਉਨ੍ਹਾਂ ਨੂੰ ਵਿਆਹ ਨਹੀਂ ਕਰਵਾਣਾ ਚਾਹੀਦਾ। ਕਿਉਂਕਿ ਲੇਖਕਾਂ/ ਕਲਾਕਾਰਾਂ ਨੂੰ ਅਕਸਰ ਆਪਣੀਆਂ  ਪਤਨੀਆਂ/ ਪਤੀਆਂ ਤੋਂ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਦਾ ਮਾਨਸਿਕ ਪੱਧਰ ਨਹੀਂ ਰਲਦਾ। ਜੇ ਮਾਨਸਿਕ ਤਸੱਲੀ ਲਈ ਵਿਆਹ ਤੋਂ ਬਾਹਰ ਹੀ ਜਾਣਾ ਪਵੇ ਤਾਂ ਫਿਰ ਵਿਆਹ ਦੀ ਲੋੜ ਹੀ ਕੀ ਹੈ ?
ਦਰਅਸਲ ਐਦਾਂ ਐ ਨਾ ਸੁਸ਼ੀਲ…ਇਸ ਸੰਸਥਾ ਨੂੰ ਜਿਵੇਂ ਸਾਡੇ ਸਮਾਜ ਨੇ ਲਿਆ ਹੋਇਐ…ਮੈਂ ਉਹਦੇ ਖ਼ਿਲਾਫ਼ ਆਂ। ਮੈਂ ਹੁਣ ਦੇਖਿਆ, ਕਮਲ ਆਪਣਾ ਕੰਮ ਕਰ ਰਹੇ ਸੀ ਤੇ ਤੁਸੀਂ ਚਾਹ ਬਣਾ ਕੇ ਲਿਆਏ…। ਗੱਲ ਤਾਂ ਇਹੀ ਐ ਨਾ ਕਿ ਜੇ ਤੁਸੀਂ ‘ਕੱਠੇ ਕੰਮ ਕਰਕੇ ਘਰ ਆਉਂਦੇ ਹੋ…ਦੋਵੇਂ ਥੱਕੇ ਓ ਤੇ ਅੱਗੋਂ ਪਤੀ ਕਹੇ ਕਿ  ਮੈਂ ਥੱਕਿਆ ਹੋਇਐਂ…ਪਾਣੀ ਪਿਲਾ… ਚਾਹ ਪਿਲਾ…ਆਖ਼ਰ ਉਹ ਵੀ ਥੋਡੇ ਬਰਾਬਰ ਥੱਕ ਕੇ ਆਈ ਐ…ਫੇਰ ਉਹ ਕੋਈ ਆਪਣੇ ਤੌਰ ‘ਤੇ ਕੋਈ ਫ਼ੈਸਲਾ ਨਹੀਂ ਲੈ ਸਕਦੀ…। ਜੇ ਦੋਵੇਂ ਪਤੀ-ਪਤਨੀ ਇਕ-ਦੂਜੇ ਨੂੰ ਸਮਝਦੇ ਨੇ…ਇਕ-ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਨੇ ਤਾਂ ਮੈਂ ਵਿਆਹ ਸੰਸਥਾ ਦੇ ਖ਼ਿਲਾਫ਼ ਨਹੀਂ।
ਸਵਾਲ : ਤੁਹਾਡਾ ਅਹਿਦ ਕਿ ‘ਵੇਲ ਨਹੀਂ ਬਿਰਖ਼ ਬਣਨਾ ਹੈ’ ਕਿੰਨਾ ਕੁ ਪੁੱਗਿਆ?
ਪਾਲ ਕੌਰ : ਹਾਂ, ਇਹ ਪੁੱਗਿਆ ਹੈ। ਦੋਸਤੀਆਂ, ਰਿਸ਼ਤੇਦਾਰੀਆਂ ਦੇ ਨਾਲ ਚਲਦਿਆਂ ਵੀ ਕਿਸੇ ਉਪਰ ਨਿਰਭਰ ਨਾ ਕਰਨ ਦਾ ਅਹਿਦ, ਮੈਨੂੰ ਲੱਗਦਾ ਹੈ ਪੁੱਗਿਆ ਹੈ। ਮੈਂ ਆਪ ਕਿਸੇ ਜ਼ਿੰਮੇਵਾਰੀ ਤੋਂ ਬਚਣ ਲਈ ਕੋਈ ਰਿਸ਼ਤਾ ਨਹੀਂ ਛੱਡਿਆ। ਪਰ ਰਿਸ਼ਤੇ ਵਿਚ, ਜੋ ਕਹੋ, ਉਹ ਕਰੋ ਤੇ ਈਮਾਨਦਾਰੀ ਮੇਰੀ ਕਮਜ਼ੋਰੀ ਹੈ। ਨਹੀਂ ਤਾਂ ਮੈਂ ਅੱਗੇ ਨਿਕਲ ਜਾਂਦੀ ਹਾਂ। ਮੇਰੇ ਭੈਣ ਭਰਾ ਸਭ ਮੇਰੇ ਤੋਂ ਵੱਡੇ ਹੀ ਹਨ। ਭੈਣਾਂ ਤਾਂ ਆਪਣੇ ਘਰ ਪਰਿਵਾਰਾਂ ਵਾਲੀਆਂ ਹਨ, ਕਿਸੇ ‘ਤੇ ਕੀ ਨਿਰਭਰ ਕਰਨਾ ਸੀ। ਭਰਾ ਚਾਹੁੰਦੇ ਸਨ, ਮੈਂ ਹਰ ਸ਼ਨੀ ਐਤਵਾਰ ਉਸੇ ਤਰ੍ਹਾਂ ਉਨ੍ਹਾਂ ਕੋਲ ਜਾਵਾਂ ਜਿਵੇਂ ਮਾਂ ਦੇ ਹੁੰਦਿਆਂ ਜਾਂਦੀ ਸਾਂ। ਪਰ ਮੈਂ ਅਜਿਹਾ ਨਹੀਂ ਕੀਤਾ, ਉਹ ਪੰਜ ਸੱਤ ਵਾਰੀ ਬੁਲਾਉਂਦੇ ਸਨ ਤਾਂ ਜਾਂਦੀ ਸਾਂ। ਇਕ ਦਿਨ ਇਕੱਠੇ ਬੈਠਿਆਂ ਉਨ੍ਹਾਂ ਗਿਲਾ ਕੀਤਾ ਤਾਂ ਮੇਰਾ ਜਵਾਬ ਸੀ ਕਿ ਮੈਂ ਨਹੀਂ ਚਾਹੁੰਦੀ ਸਾਂ ਕਿ ਭਰਜਾਈਆਂ ਸੋਚਣ ਕਿ ਇਹ ਕੁਆਰੀ ਨਨਾਣ ਸਾਡੇ ‘ਤੇ ਬੋਝ ਬਣ ਗਈ ਹੈ। ਜਦੋਂ ਮੇਰਾ ਘਰ ਬਣ ਗਿਆ, ਮੈਂ ਆਰਥਕ ਤੌਰ ‘ਤੇ ਸੌਖੀ ਹੋ ਗਈ, ਉਦੋਂ ਜਾਣ ਲੱਗੀ। ਤਾਂ ਵੀ ਬਿਨਾਂ ਬੁਲਾਏ ਨਹੀਂ। ਇਹੀ ਰਵੱਈਆ ਮੇਰਾ ਦੋਸਤੀਆਂ ਵਿਚ ਵੀ ਰਿਹਾ।
ਬਾਕੀ ਅਗਲੇ ਅੰਕ ਵਿਚ
ਸੰਪੂਰਨ ਔਰਤ ਦਾ ਸੰਕਲਪ
ਸਵਾਲ : ਔਰਤ ਦੇ ਸੰਪੂਰਣ ਹੋਣ ਦਾ ਤੁਹਾਡਾ ਸੰਕਲਪ ਕੀ ਹੈ?
ਪਾਲ ਕੌਰ : ਆਪਣੇ ਪੈਰਾਂ ‘ਤੇ ਖੜ੍ਹੇ ਹੋਣਾ, ਆਪਣੀ ਇੱਛਾ ਤੇ ਸੋਚ ਮੁਤਾਬਕ ਜੀਣਾ, ਅੰਦਰ ਕੋਈ ਪਿਆਸ ਨਾ ਰਹਿ ਜਾਣਾ ਤੇ ਆਪਣੀ ਸਮੁੱਚਤਾ ਵਿਚ ਹਾਜ਼ਰ ਰਹਿਣਾ।
ਸਵਾਲ : ਤੁਹਾਨੂੰ ਕਦੇ ਇਕੱਲਤਾ ਮਹਿਸੂਸ ਨਹੀਂ ਹੋਈ? ਤੁਹਾਨੂੰ ਕਦੇ ਇਹ ਨਹੀਂ ਲੱਗਿਆ ਕਿ ਇੱਕਲੇ ਰਹਿਣ ਦਾ ਮੈਂ ਗ਼ਲਤ ਫ਼ੈਸਲਾ ਲੈ ਲਿਆ?
ਪਾਲ ਕੌਰ : ਐਸਾ ਕਦੀ ਨਹੀਂ ਹੋਇਆ…ਮੈਂ ਜੋ ਵੀ ਫ਼ੈਸਲੇ ਲਏ, ਭਾਵੇਂ ਅੱਜ ਤੋਂ 30 ਸਾਲ ਪਹਿਲਾਂ ਲਏ…ਮੈਨੂੰ ਉਨ੍ਹਾਂ ‘ਤੇ ਕਦੇ ਕੋਈ ਪਛਤਾਵਾ ਨਹੀਂ ਹੋਇਆ… ਮੇਰੇ ਸੁਭਾਅ ਦਾ ਹਿੱਸਾ ਐ ਕਿ ਜਦੋਂ ਮੈਂ ਜ਼ਿੰਦਗੀ ਵਿਚ ਕੋਈ ਫ਼ੈਸਲਾ ਲੈਣਾ ਹੁੰਦੈ ਤਾਂ ਮੈਂ ਪਹਿਲਾਂ ਚੰਗੀ ਤਰ੍ਹਾਂ ਸਾਰੇ ਪੱਖ ਵਿਚਾਰਦੀ ਆਂ। ਜਦੋਂ ਮੈਂ ਵਿਆਹ ਨਾ ਕਰਾਉਣ ਬਾਰੇ ਫ਼ੈਸਲਾ ਲਿਆ ਸੀ ਤਾਂ ਇਹ ਕੋਈ ਭਾਵੁਕ ਨਹੀਂ ਸੀ…ਕਿਉਂਕਿ ਜੇ ਭਾਵੁਕ ਫ਼ੈਸਲਾ ਹੁੰਦਾ ਤਾਂ ਫੇਰ ਇਹ ਸਾਰੀਆਂ ਗੱਲਾਂ ਜ਼ਰੂਰ ਹੁੰਦੀਆਂ ਜੋ ਤੁਸੀਂ ਕਹਿ ਰਹੇ ਓ। ਮੈਂ ਬਹੁਤ ਸੋਚ-ਸਮਝ ਕੇ…ਆਪਣੀ ਸਮਰੱਥਾ ਮੁਤਬਾਕ…ਕਿ ਮੈਂ ਇਹ ਕਰ ਸਕਦੀ ਆਂ…ਤੇ ਮੈਂ ਉਹ ਕੀਤਾ। ਵੈਸੇ ਮੇਰੀ ਕਵਿਤਾ ਮੇਰੇ ਨਾਲ ਨਾਲ ਰਹੀ ਤੇ ਹੁਣ ਤੱਕ ਮੇਰੀਆਂ ਦੋਸਤਾਂ ਨੇ ਵੀ ਮੇਰਾ ਬਹੁਤ ਸਾਥ ਦਿੱਤਾ…ਇਸ ਕਰਕੇ ਕਦੇ ਇਕੱਲਤਾ ਮਹਿਸੂਸ ਨਹੀਂ ਹੋਈ। ਬਹੁਤ ਮੌਕੇ ਅਜਿਹੇ ਵੀ ਆਉਂਦੇ ਨੇ ਜਦੋਂ ਮੈਂ ਬਹੁਤ ਖ਼ੁਸ਼ ਹੁੰਦੀ ਆਂ। ਜਦੋਂ ਮੇਰੀਆਂ ਕੁਲੀਗ ਮੈਨੂੰ ਕਹਿੰਦੀਆਂ ਸਨ- ਅੱਜ ਤਾਂ ਕੋਈ ਨੀਂ…ਕੱਲ੍ਹ ਨੂੰ ਬੁਢਾਪਾ ਆਉਗਾ ਤਾਂ ਕੌਣ ਸਹਾਰਾ ਬਣੂਗਾ…ਬੁਢਾਪਾ ਕੱਟਣਾ ਬਹੁਤ ਔਖਾ ਹੋਊ…ਉਦੋਂ ਇਕੱਲਤਾ ਘੇਰੂਗੀ। ਮੈਂ ਕਿਹਾ-ਬੁੱਢੇ ਤਾਂ ਤੁਸੀਂ ਵੀ ਹੋਣੈ ਤੇ ਕੀ ਪਤਾ ਇਸ ਸੰਸਾਰ ਤੋਂ ਪਹਿਲਾਂ ਕਿਹਨੇ ਚਲੇ ਜਾਣੈ…ਅੱਜ ਦੇ ਯੁੱਗ ‘ਚ ਬੱਚੇ ਤਾਂ ਤੁਹਾਡੇ ਨਾਲ ਰਹਿੰਦੇ ਨਹੀਂ…ਫੇਰ ਥੋਨੂੰ ਕੌਣ ਸੰਭਾਲੂ?
ਮੈਂ ਤੁਹਾਨੂੰ ਇਕ ਘਟਨਾ ਸੁਣਾਉਂਦੀ ਹਾਂ। ਇਕ ਵਾਰ ਮੈਂ ਵਰਕਿੰਗ ਵਿਮੈਨ ਹੋਸਟਲ ‘ਚੋਂ ਨਿਕਲੀ ਤਾਂ ਮੇਰੀ ਸਹੇਲੀ ਵੀ ਮੇਰੇ ਨਾਲ ਸੀ…ਲੈਕਚਰਾਰ ਸੀ ਉਹ ਵੀ…ਅਸੀਂ ਦੋਹਾਂ ਨੇ ਅੰਬਾਲੇ ਵਿਚ ਹਾਊਸਿੰਗ ਬੋਰਡ ਦਾ ਮਕਾਨ ਲਿਆ ਤੇ ਠੀਕ-ਠੂਕ ਕਰਵਾ ਕੇ ਰਹਿਣਾ ਸ਼ੁਰੂ ਕਰ ਦਿੱਤਾ। ਅੰਬਾਲੇ ਵਿਚ ਬੜੀ ਚਰਚਾ ਹੋਈ ਇਹਦੀ ਕਿ ਦੋ ਕੁੜੀਆਂ ਨੇ ‘ਕੱਠੇ ਘਰ ਬਣਾਇਆ…’ਕੱਠੀਆਂ ਰਹਿੰਦੀਆਂ ਨੇ…। ਫੇਰ ਕੁਝ ਸਮੇਂ ਬਾਅਦ ਉਹਦੀ ਜ਼ਿੰਦਗੀ ਵਿਚ ਕੋਈ ਬੰਦਾ ਆ ਗਿਆ ਤੇ ਸਾਡੇ ਵੀ ਮਾੜੇ-ਮੋਟੇ ਲੜਾਈ-ਝਗੜੇ ਚਲਦੇ ਸੀ ਤੇ ਮੈਂ ਵੱਖਰੇ ਰਹਿਣਾ ਸ਼ੁਰੂ ਕਰ ਦਿੱਤਾ। ਮੈਨੂੰ ਲਗਦੈ ਅਸੀਂ ‘ਕੱਠੇ ਰਹਿਣ ਦਾ ਕੋਈ ਗ਼ਲਤ ਫ਼ੈਸਲਾ ਨਹੀਂ ਲਿਆ…ਦੇਖੋ, ਜਦੋਂ ਅਸੀਂ ਆਪਣੇ ਮਾਪਿਆਂ ਤੋਂ ਵੱਖਰੇ ਹੋ ਕੇ ਰਹਿਣਾ ਸ਼ੁਰੂ ਕਰ ਦਿੰਦੇ ਹਾਂ…ਖ਼ਾਸ ਤੌਰ ‘ਤੇ ਕੁੜੀਆਂ ਤਾਂ ਬਹੁਤ ਮੁਸ਼ਕਲ ਹੁੰਦੈ। ਤੇ ਜਦੋਂ ਮੈਂ ਇਹ ਫ਼ੈਸਲਾ ਲਿਆ ਸੀ ਤਾਂ ਇਹਦੇ ਨਾਲ ਹੀ ਮੇਰੇ ਹੋਰ ‘ਕੱਲੇ ਰਹਿਣ ਦੀ ਜ਼ਮੀਨ ਤਿਆਰ ਹੋ ਗਈ। ਮੈਂ ਆਪਣਾ ਘਰ ਵੀ ਖ਼ਰੀਦਿਆ। ਸੋ, ਉਦੋਂ ਤੋਂ ‘ਕੱਲੀ ਰਹਿ ਰਹੀ ਆਂ। ਨਾਲੇ ਝਗੜਾ ਸਿਰਫ਼ ਮਰਦ-ਔਰਤ ਵਿਚਾਲੇ ਨਹੀਂ ਹੁੰਦਾ…ਔਰਤਾਂ ਦੀ ਵੀ ਆਪਸ ਵਿਚ ਟੁੱਟ ਸਕਦੀ ਐ ਕਿਉਂਕਿ ਰੌਲਾ ਤਾਂ ਆਪਣੇ-ਆਪਣੇ ਵਿਚਾਰਾਂ ਦਾ…ਵੱਖਰੇ ਸੁਭਾਅ ਦਾ ਹੈ। ਜਿੰਨੀ ਦੇਰ ਤੱਕ ਤੁਹਾਡੇ ਮਕਸਦ ਇਕ ਨਹੀਂ ਹੋ ਜਾਂਦੇ…ਤੁਹਾਡੀਆਂ ਜ਼ਿੰਦਗੀਆਂ ਇਕ ਨਹੀਂ ਹੋ ਜਾਂਦੀਆਂ…ਓਨੀ ਦੇਰ ਤੱਕ ਤੁਸੀਂ ‘ਕੱਠੇ ਕਿਵੇਂ ਰਹਿ ਸਕਦੇ ਹੋ? ਜਦੋਂ ਤੱਕ ਤੁਹਾਡੀਆਂ ਦਿਸ਼ਾਵਾਂ ਉਲਟ ਨੇ ਤਾਂ ਉਹ ‘ਕੱਠੇ ਕਿਵੇਂ ਕੱਟ ਸਕਦੇ ਨੇ…ਭਾਵੇਂ ਉਹ ਦੋ ਦੋਸਤ ਹੋਣ…ਸਹੇਲੀਆਂ ਹੋਣ ਜਾਂ ਫੇਰ ਪਤੀ-ਪਤਨੀ ਹੋਣ।
ਸਵਾਲ : ਤੁਸੀਂ ਸਾਰੀ ਉਮਰ ਹਰਿਆਣੇ ਵਿਚ ਨੌਕਰੀ ਕੀਤੀ। ਹਰਿਆਣੇ ਵਿਚ ਸਮਾਜ ਕਿਸ ਮੋੜ ‘ਤੇ ਹੈ ਅਤੇ ਇਸ ਵਿਚ ਔਰਤ ਦੀ ਕੀ ਸਥਿਤੀ ਹੈ?
ਪਾਲ ਕੌਰ : ਹਰਿਆਣੇ ਵਿਚ ਬਹੁਤੀ ਅੰਬਾਲੇ ਹੀ ਨੌਕਰੀ ਕੀਤੀ। ਅੰਬਾਲੇ ਵਿਚ ਤਾਂ ਹਰਿਆਣੇ ਦਾ ਪਤਾ ਹੀ ਨਹੀਂ ਲੱਗਦਾ। ਪਰ  ਅੰਦਰਲੇ ਹਰਿਆਣੇ ਵਿਚ ਤਾਂ ਔਰਤਾਂ ਤੇ ਦਲਿਤਾਂ ਉਪੱਰ ਹਿੰਸਾ ਦੀਆਂ ਬਥੇਰੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਆਨਰ ਕਿਲਿੰਗ, ਖਾਪ ਪੰਚਾਇਤਾਂ ਦੇ ਫ਼ੈਸਲੇ, ਦਲਿਤਾਂ ਉਪਰ ਤਸ਼ੱਦਦ ਦੀਆਂ ਖ਼ਬਰਾਂ ਤੁਸੀਂ ਸੁਣਦੇ ਹੀ ਰਹਿੰਦੇ ਹੋ। ਪਿੱਛੇ ਜਿਹੇ ਰੇਲ ਗੱਡੀ ਵਿਚ ਭੀੜ ਦੁਆਰਾ ਜੂਨੈਦ ਨੂੰ ਮਾਰਨ ਦੀ ਘਟਨਾ ਵੀ ਹਰਿਆਣੇ ਵਿਚ ਹੋਈ। ਜਾਟ ਅੰਦੋਲਨ ਵਿਚ ਸਾੜ ਫੂਕ ਤੋਂ ਇਲਾਵਾ ਹਾਈਵੇਅ ਉਪੱਰ ਔਰਤਾਂ ਉੱਪਰ ਤਸ਼ੱਦਦ ਦੀ ਘਟਨਾ ਨੂੰ ਭਾਵੇਂ ਦਬਾਅ ਦਿੱਤਾ ਗਿਆ ਹੈ, ਪਰ ਹੋਈ ਤਾਂ ਬੜੀ ਤ੍ਰਾਸਦੀ ਹੈ। ਪਰ ਸ਼ਹਿਰਾਂ ਦੀ ਸਥਿਤੀ ਵੱਖਰੀ ਤੇ ਬਿਹਤਰ ਹੈ। ਖ਼ਾਸ ਕਰਕੇ ਜਿਥੇ ਪੰਜਾਬੀ ਆਬਾਦੀ ਵੱਧ ਹੈ। ਇਸ ਹਿਸਾਬ ਨਾਲ ਪੰਜਾਬ ਦੀ ਔਰਤ ਦੀ ਸਥਿਤੀ ਹਰਿਆਣੇ ਨਾਲੋਂ ਬਿਹਤਰ ਹੈ।
ਸਵਾਲ : ਰਿਟਾਇਰਮੈਂਟ ਤੋਂ ਬਾਅਦ ਦੀ ਜ਼ਿੰਦਗੀ ਵਿਚ ਕੀ ਬਦਲਾਅ ਆਏ ਹਨ?
ਪਾਲ ਕੌਰ : ਨੌਕਰੀ ਵਿਚ ਸਮੇਂ ਦੇ ਬੰਧਨ ਨੂੰ ਛੱਡ ਕੇ ਬਾਕੀ ਸਭ ਉਸੇ ਤਰ੍ਹਾਂ ਹੈ। ਪਹਿਲਾਂ ਸਮੇਂ ਸਿਰ ਕਾਲਜ ਜਾਣਾ ਹੁੰਦਾ ਸੀ, ਉਥੇ ਜਾ ਕੇ ਵੀ ਸਹੀ ਤਰੀਕੇ ਨਾਲ ਪੇਸ਼ ਹੋਣਾ ਤੇ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਪੜ੍ਹਾਉਣਾ ਹੁੰਦਾ ਸੀ। ਕਾਲਜ ਦੇ ਹੋਰ ਕੰਮ ਵੀ ਕਰਨੇ ਹੁੰਦੇ ਸਨ। ਇਸ ਲਈ ਰਾਤ ਨੂੰ ਕਈ ਵਾਰੀ ਕਲਮ ਜਾਂ ਕਿਤਾਬ ਹੱਥੋਂ ਛੱਡ ਕੇ ਸੌਣਾ ਪੈਂਦਾ, ਤਾਂ ਕਿ ਸਵੇਰੇ ਤਰੋ-ਤਾਜ਼ਾ ਉਠ ਕੇ ਜਾ ਸਕਾਂ। ਹੁਣ ਇਹ ਸਭ ਬੰਧਨ ਨਹੀਂ ਹੈ, ਪੜ੍ਹਨ ਲਿਖਣ ‘ਚ ਦਿਲ ਲੱਗਾ ਹੋਇਆ ਹੈ। ਭਾਵੇਂ ਸਾਰੀ ਰਾਤ ਲੱਗੀ ਰਹਾਂ ਤੇ ਸਵੇਰੇ ਸੁੱਤੀ ਰਹਾਂ, ਕੋਈ ਸਮੱਸਿਆ ਨਹੀਂ।
ਕੁੜੀਆਂ ਪ੍ਰਤੀ ਰਵੱਈਆ
ਸਵਾਲ : ਇਕ ਪਾਸੇ ਔਰਤਾਂ ਅਥਲੀਟ/ ਖਿਡਾਰਨਾਂ ਵਜੋਂ ਉਭਰ ਰਹੀਆਂ ਹਨ ਤੇ ਦੂਜੇ ਪਾਸੇ ਕੰਨਿਆ ਭਰੂਣ ਹੱਤਿਆ ਅਤੇ ਆਏ ਦਿਨ ਬਲਾਤਕਾਰ ਦੀਆਂ ਘਟਨਾਵਾਂ ਇਸ ਵਿਰੋਧਾਭਾਸ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਪਾਲ ਕੌਰ :ਦੋਵੇਂ ਗੱਲਾਂ ਸਮਾਂਤਰ ਚੱਲ ਰਹੀਆਂ ਹਨ। ਕੁਝ ਲੋਕਾਂ ਦੇ ਦਿਮਾਗ ਜ਼ਰਾ ਖੁੱਲ੍ਹ ਗਏ ਹਨ ਤੇ ਉਨ੍ਹਾਂ ਨੇ ਕੁੜੀਆਂ ਨੂੰ ਸਵੀਕਾਰ  ਕਰਨਾ ਅਤੇ ਜ਼ਿੰਦਗੀ ਵਿਚ ਅੱਗੇ ਵਧਣ ਦੇ ਮੌਕੇ ਦੇਣਾ ਸ਼ੁਰੂ ਕਰ ਦਿੱਤਾ ਹੈ। ਪਰ ਕਈ ਲੋਕ ਹਾਲੇ ਵੀ ‘ਪੁੱਤਰ ਦੀ ਦਾਤ’ ਮੰਗਦੇ ਹਨ, ਜਿਸ ਦੀ ਖ਼ਾਹਿਸ਼ ਵਿਚ ਕੁੜੀਆਂ ਨੂੰ ਮਾਰੀ ਜਾਂਦੇ ਐ। ਕਾਰਣ, ਉਹੀ ਪੁਰਾਣੀ ਸੋਚ ਐ, ਜੋ ਦਿਮਾਗਾਂ ਵਿਚ ਘਰ ਕਰ ਚੁੱਕੀ ਹੈ। ਸਮਾਜ ਵਿਚ ਵਧ ਰਹੀਆਂ ਹਿੰਸਾ ਤੇ ਬਲਾਤਕਾਰ ਦੀਆਂ ਘਟਨਾਵਾਂ, ਔਰਤ ਦਾ ਇੱਜ਼ਤ ਦਾ ਪ੍ਰਤੀਕ ਹੋਣਾ, ਦਾਜ ਤੇ ਜਇਦਾਦ ਦੀਆਂ ਸਮੱਸਿਆਵਾਂ ਅਤੇ ਪੁੱਤਰਾਂ ਨਾਲ ਹੀ ਕੁਲ ਦੀ ਰੀਤ ਤੁਰਦੀ ਰਹਿਣ ਵਾਲੀ ਸੋਚ ਆਦਿ ਕਾਰਣ ਹਨ। ਮੈਂ ਵੇਖਿਆ ਹੈ ਕਿ ਕਈ ਥਾਵਾਂ ‘ਤੇ ਤਾਂ ਪੜ੍ਹਾਈ ਵੀ ਕੋਈ ਬਹੁਤਾ ਸਾਰਥਕ ਕੰਮ ਨਹੀਂ ਕਰਦੀ। ਪੜ੍ਹੇ ਲਿਖੇ ਲੋਕ ਵੀ ਭਰੂਣ ਹੱਤਿਆ ਦੇ ਦੋਸ਼ੀ ਹਨ।
ਇਸੇ ਤਰ੍ਹਾਂ ਬਲਾਤਕਾਰ ਦੀਆਂ ਘਟਨਾਵਾਂ ਵੀ ਔਰਤ ਪ੍ਰਤੀ ਜਗੀਰੂ ਰਵੱਈਏ ਦਾ ਨਤੀਜਾ ਹਨ। ਬਹੁਤੇ ਬਲਾਤਕਾਰ ਤਾਂ ਮੁਜਰਮ ਕਿਸਮ ਦੇ ਹੀ ਲੋਕ ਕਰਦੇ ਹਨ, ਜਾਂ ਫਿਰ ਬਦਲਾ ਲੈਣ ਦੀ ਨੀਤੀ ਅਧੀਨ ਕੀਤੇ ਜਾਂਦੇ ਹਨ। ਮੁਜਰਮ ਦੇ ਮੁਜਰਮ ਬਣਨ ਵਿਚ ਸਮਾਜਕ ਤੇ ਆਰਥਕ ਤਾਣਾ-ਬਾਣਾ ਕੰਮ ਕਰਦਾ ਹੈ। ਫਿਰ ਕਾਨੂੰਨ ਦੀ ਢਿੱਲੀ ਤੇ ਲੰਮੀ ਪ੍ਰਕਿਰਿਆ ਵੀ  ਮੁਜਰਿਮਾਂ ਦੇ ਅੰਦਰ ਕਾਨੂੰਨ ਦਾ ਕੋਈ ਡਰ ਪੈਦਾ ਨਹੀਂ ਕਰਦੀ। ਪੂਰੇ ਦੇਸ਼ ਦੇ ਪੱਧਰ ‘ਤੇ ਅੰਦੋਲਨ ਅਤੇ ਕਾਨੂੰਨ ਬਦਲੇ ਜਾਣ ਦੇ ਬਾਵਜੂਦ ਨਿਰਭੈਆ ਦੇ ਦੋਸ਼ੀਆਂ ਨੂੰ ਹਾਲੇ ਫਾਂਸੀ ਨਹੀਂ ਹੋਈ। ਅਜੇ ਉਹ ਗਰੀਬ ਵਰਗ ਵਿਚੋਂ ਹਨ, ਜੇ ਕਿਤੇ ਸਿਆਸੀ ਜਾਂ ਪੈਸੇ ਵਾਲਿਆਂ ਦਾ ਪਿਛੋਕੜ ਹੁੰਦਾ ਤਾਂ ਫੜੇ ਹੀ ਨਾ ਜਾਂਦੇ। ਪੰਜਾਬ ਵਿਚ ਅਸੀਂ ਵੇਖਿਆ ਹੈ ਕਿ ਮੋਗੇ ਵਾਲੇ ਕਾਂਡ ਵਿਚ ਅਗਲਿਆਂ ਪੈਸੇ ਤੇ ਤਾਕਤ ਦੇ ਜ਼ੋਰ ‘ਤੇ ਡਰਾਈਵਰ ਤੇ ਕੰਡਕਟਰ ਤੱਕ ਨੂੰ ਬਚਾ ਲਿਆ ਹੈ। ਇਸ ਮਾਮਲੇ ਵਿਚ ਕੁੜੀ ਦੇ ਮਾਪਿਆਂ ਦਾ ਰੋਲ ਤਾਂ ਹੋਰ ਵੀ ਨਖਿੱਧ ਹੈ, ਜਿਹੜੇ ਪੈਸੇ ਲੈ ਕੇ ਅਦਾਲਤ ਵਿਚ ਆਪਣੇ ਹੀ ਕੇਸ ਦੇ ਖ਼ਿਲਾਫ਼ ਹੋ ਗਏ। ਫਿਰ ਕਿਹੜਾ ਬਲਾਤਕਾਰੀ ਡਰੇਗਾ। ਨਿਰਭੈਆ ਕਾਂਡ ‘ਤੇ ਫ਼ਿਲਮ ਬਣੀ ਸੀ ੀਨਦਅਿ’ਸ ਧਅੁਗਹਟÂਰ ਉਸ ਵਿਚ ਇਕ ਮੁਜਰਮ ਮੁਕੇਸ਼, ਬਲਾਤਕਾਰੀ ਦੀ ਮਾਨਸਿਕਤਾ ਸਾਫ਼ ਸਪੱਸ਼ਟ ਸ਼ਬਦਾਂ ਵਿਚ ਦੱਸ ਰਿਹਾ ਹੈ। ਪਹਿਲੀ ਗੱਲ ਤਾਂ ਉਹ ਨਿਕਲੇ ਹੀ ਕੋਈ ਅਜਿਹਾ ਸ਼ਿਕਾਰ ਕਰਨ ਸਨ। ਫਿਰ ਉਹ ਕਹਿੰਦਾ ਹੈ, ਕੁੜੀ ਕਿਸੇ ਪਰਾਏ ਮੁੰਡੇ ਨਾਲ ਰਾਤ ਨੂੰ ਨਿਕਲੇਗੀ ਤਾਂ ਉਹ ਚੰਗੀ ਕੁੜੀ ਹੈ ਹੀ ਨਹੀਂ, ਇਸ ਲਈ ਉਸ ਉਪੱਰ ਕਿਸੇ ਵੀ ਮਰਦ ਦਾ ਹੱਕ ਹੈ, ਜੋ ਤਾਕਤ ਨਾਲ ਖੋਹ ਲਵੇ। ਫਿਰ ਉਹ ਕਹਿੰਦਾ  ਹੈ, ਜੇ ਉਹ ਚੁੱਪ ਚਾਪ ਬਲਾਤਕਾਰ ਕਰਵਾ ਲੈਂਦੀ ਤਾਂ ਉਹ ਉਸ ਨੂੰ ਮਾਰਦੇ ਨਾ। ਇਸੇ ਮੁਕੇਸ਼ ਦੀ ਪੈਰਵੀ ਕੋਈ ਐਸ ਪੀ ਸ਼ਰਮਾ ਨਾਂ ਦਾ ਵਕੀਲ ਕਰ ਰਿਹਾ ਹੈ, ਉਸ ਦੇ ਵੀ ਐਸੇ ਹੀ ਵਿਚਾਰ ਵਿਖਾਏ ਗਏ ਹਨ। ਹੁਣ ਤੁਸੀਂ ਦੱਸੋ ਇਹ ਗੱਲਾਂ ਕਾਨੂੰਨ ਨੂੰ ਸੁਣਾਈ ਨਹੀਂ ਦਿੰਦੀਆਂ ?
ਸੁਸ਼ੀਲ ਜੀ, ਉਂਜ ਵੀ ਦੁਨੀਆ ਭਰ ਵਿਚ ਸੱਜੇ ਪੱਖੀ, ਰਾਸ਼ਟਰਵਾਦੀ ਤਾਕਤਾਂ ਸਰਗਰਮ ਹਨ ਤੇ ਸਤ੍ਹਾ ਵਿਚ ਆ ਗਈਆਂ ਹਨ। ਕਿਤੇ ਔਰਤਾਂ ਦਾ ਸ਼ੋਸ਼ਕ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦਾ ਰਾਸ਼ਟਰਪਤੀ ਬਣ ਜਾਂਦਾ ਹੈ ਤੇ ਕਿਤੇ ਦੰਗੇ ਭੜਕਾਉਣ ਵਾਲੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਬਣ ਰਹੇ ਹਨ। ਔਰਤਾਂ, ਦਲਿਤਾਂ, ਘੱਟ-ਗਿਣਤੀਆਂ ਅਤੇ ਹੱਕ-ਸੱਚ ਦੀ ਗੱਲ ਕਰਨ ਵਾਲੇ ਬੁੱਧੀਜੀਵੀਆਂ ਦਾ ਗਲਾ ਘੁੱਟਿਆ ਜਾ ਰਿਹਾ ਹੈ। ਇਸ ਸਮੇਂ ਤਾਂ ਇਹ ਹੈ ਕਿ ਜਿਹੜਾ ਨਹੀਂ ਵਿਕੇਗਾ, ਮਾਰਿਆ ਜਾਵੇਗਾ।
ਸਵਾਲ : ਸਕੂਲ ਵਿਚ ਪੜ੍ਹਦਿਆਂ ਅਧਿਆਪਕਾਵਾਂ ਦਾ ਕੁੜੀਆਂ ਪ੍ਰਤੀ ਰਵੱਈਆ ਕਿਹੋ ਜਿਹਾ ਹੁੰਦਾ ਹੈ? ਕੀ ਅਧਿਆਪਕਾਵਾਂ ਘਰੇਲੂ ਮਾਹੌਲ ਤੋਂ ਪਾਰ ਜਾ ਕੇ ਕੁੜੀਆਂ ਨੂੰ ਕੋਈ ਪ੍ਰੇਰਣਾ ਦਿੰਦੀਆਂ ਹਨ?
ਪਾਲ ਕੌਰ : ਬਹੁਤੀਆਂ ਅਧਿਆਪਿਕਾਵਾਂ ਦਾ ਰਵੱਈਆ ਸਾਧਾਰਣ ਹੀ ਹੁੰਦਾ ਹੈ, ਸਿਲੇਬਸ ਕਰਵਾਇਆ ਤੇ ਬੱਸ ਛੁੱਟੀ। ਬਹੁਤ ਹੀ ਘੱਟ ਅਧਿਆਪਿਕਾਵਾਂ ਕੁੜੀਆਂ ਦੇ ਮਨਾਂ ਨੂੰ ਸਮਝ ਕੇ, ਜ਼ਿੰਦਗੀ ਦੇ ਹਾਲਾਤ ਦਾ ਸਾਹਮਣਾ ਹੌਸਲੇ ਨਾਲ ਕਰਨ ਦੀ ਪ੍ਰੇਰਣਾ  ਦੇਂਦੀਆਂ ਹਨ। ਕਿਉਂਕਿ ਘਰੇਲੂ ਮਹੌਲ ਵਿਚੋਂ ਉਹ ਆਪ ਹੀ ਬਾਹਰ ਨਹੀਂ ਨਿਕਲਦੀਆਂ। ਸੁਸ਼ੀਲ ਜੀ, ਪਤੀ-ਪਤਨੀ ਦੋਵੇਂ ਨੌਕਰੀ ਕਰਦੇ ਹਨ ਤਾਂ ਘਰੋਂ ਨਿਕਲਣ ਲੱਗਿਆਂ ਆਦਮੀ ਤਾਂ ਘਰ ਨੂੰ ਘਰ ਛੱਡ ਜਾਂਦਾ ਹੈ, ਪਰ ਘਰ ਔਰਤ ਦੇ ਨਾਲ ਹੀ ਤੁਰ ਪੈਂਦਾ ਹੈ। ਇਸ ਵਾਸਤੇ ਸਾਡਾ ਸਮਾਜਿਕ ਵਰਤਾਰਾ ਤੇ ਔਰਤ ਆਪ ਵੀ ਜ਼ਿੰਮੇਵਾਰ ਹਨ।
ਸਵਾਲ : ਕਾਲਜ ਪੜ੍ਹਦਿਆਂ ਅਧਿਆਪਕਾਂ ਵਿਸ਼ੇਸ਼ ਤੌਰ ‘ਤੇ ਮਰਦ ਅਧਿਆਪਕਾਂ ਦਾ ਆਪਣੀਆਂ ਵਿਦਿਆਰਥਣਾਂ ਪ੍ਰਤੀ ਰਵੱਈਆ ਕੀ ਉਹ ਜਿਹਾ ਹੀ ਹੁੰਦਾ ਹੈ, ਜਿਹੋ ਜਿਹਾ ਅੱਜ-ਕਲ੍ਹ ਅਖ਼ਬਾਰਾਂ ਵਿਚ ਉਛਾਲਿਆ ਜਾਂਦਾ ਹੈ?
ਪਾਲ ਕੌਰ : ਇਸ ਗੱਲ ਨੂੰ ਸਭ ਉਪੱਰ ਕਿਵੇਂ ਲਾਗੂ ਕਰ ਸਕਦੇ ਹਾਂ। ਇਹ ਵਿਅਕਤੀ ਵਿਸ਼ੇਸ਼ ਦੀਆਂ ਗੱਲਾਂ ਹੋ ਸਕਦੀਆਂ ਹਨ। ਹਾਂ ਕਈ ਮਰਦ ਅਧਿਆਪਕਾਂ ਦਾ ਰਵੱਈਆ ਠੀਕ ਨਹੀਂ ਹੁੰਦਾ, ਪਹਿਲਾਂ ਖ਼ਬਰਾਂ ਲੁੱਕੀਆਂ ਛੁਪੀਆਂ ਰਹਿ ਜਾਂਦੀਆਂ ਸਨ। ਪਰ ਹੁਣ ਸੋਸ਼ਲ ਮੀਡੀਆ ਦੇ ਜ਼ਮਾਨੇ ਵਿਚ ਤਾਂ ਵੀਡੀਉ ਬਣ ਕੇ ਸਾਹਮਣੇ ਆ ਜਾਂਦੀਆਂ ਹਨ।
ਸਵਾਲ : ਕਈ ਵਾਰ ਬੰਦੇ ਦਾ ਮਨ ਪੜ੍ਹਨ-ਲਿਖਣ ਨੂੰ ਵੀ ਨਹੀਂ ਕਰਦਾ। ਫਿਰ ਕੀ ਰੁਝੇਵਾਂ ਹੁੰਦੈ?
ਪਾਲ ਕੌਰ : ਬਹੁਤ ਵਾਰੀ ਐਸਾ ਹੁੰਦੈ ਕਿ ਥੋਡਾ ਪੜ੍ਹਨ-ਲਿਖਣ ਨੂੰ ਮਨ ਨਹੀਂ ਕਰਦਾ…ਕੋਈ ਕੰਮ ਕਰਨ ਨੂੰ ਜੀਅ ਨਹੀਂ ਕਰਦਾ…ਫੇਰ ਮੈਂ ਸ਼ਾਪਿੰਗ ਕਰਨ ਚਲੀ ਜਾਂਦੀ ਹਾਂ…ਵਿੰਡੋ ਸ਼ਾਪਿੰਗ…ਇਹਦੇ ਨਾਲ ਮੇਰਾ ਦਿਲ ਬਹੁਤ ਲਗਦੈ…ਜਾਂ ਫੇਰ ਮੈਨੂੰ ਘੁੰਮਣ-ਫਿਰਨ ਦਾ ਬਹੁਤ ਸ਼ੌਕ ਐ…’ਕੱਲੀ ਓ ਈ ਨਿਕਲ ਪੈਂਦੀ ਆਂ। ਇਕ ਵਾਰ ਕਰੈਡਿਟ ਕਾਰਡ ਵਾਲਿਆਂ ਨੇ ਮੈਨੂੰ ਗੋਆ ਵਿਚ ਦੋ ਦਿਨ ਦਾ ਪੈਕੇਜ ਦੇ ਦਿੱਤਾ ਤੇ ਮੇਰਾ ਕਮਰਾ ਬੁੱਕ ਹੋ ਗਿਆ…ਮੈਂ ਆਪਣੀਆਂ ਦੋ-ਚਾਰ ਸਹੇਲੀਆਂ ਨੂੰ ਪੁੱਛਿਆ…ਉਨ੍ਹਾਂ ‘ਚੋਂ ਕੋਈ ਤਿਆਰ ਨਾ ਹੋਈ…ਮੈਂ ਕਿਹਾ- ਦਫ਼ਾ ਹੋਵੋ ਪਰ੍ਹਾਂ…ਆਪਾਂ ‘ਕੱਲਿਆਂ ਨੇ ਜਹਾਜ਼ ਦੀ ਟਿਕਟ ਕਟਾਈ ਤੇ ਗੋਆ ਬੀਚ ਦੀਆਂ ਮੌਜਾਂ ਲਈਆਂ।
ਲਿਵ ਇਨ ਰਿਲੇਸ਼ਨਸ਼ਿਪ ਤੇ ਸਮਲਿੰਗੀ ਰਿਸ਼ਤੇ
ਸਵਾਲ : ਲਿਵ ਇਨ ਰਿਲੇਸ਼ਨਸ਼ਿਪ ਬਾਰੇ ਤੁਸੀਂ  ਕੀ ਸਮਝਦੇ ਹੋ? ਆਪਣੇ ਮੁਲਕ ਵਿਚ ਵੀ ਹੁਣ ਤਾਂ ਇਹਦਾ ਬਹੁਤ ਰੁਝਾਨ ਵਧਦਾ ਜਾ ਰਿਹਾ ਹੈ।
ਪਾਲ ਕੌਰ : ਮੈਂ ਸਮਝਦੀ ਆਂ ਬਈ ਇਹ ਬੰਦੇ-ਬੰਦੇ ‘ਤੇ ਨਿਰਭਰ ਕਰਦੈ…ਹੁਣ ਆਪਣੇ ਸਾਹਮਣੇ ਵਧੀਆ ਉਦਾਹਰਣ ਤਾਂ ਅੰਮ੍ਰਿਤਾ ਤੇ ਇਮਰੋਜ਼ ਦੀ ਹੈ…ਇਹ ਉਨ੍ਹਾਂ ਵੇਲਿਆਂ ਦੀ ਗੱਲ ਐ ਜਦੋਂ ਹਿੰਦੁਸਤਾਨ ਨੂੰ ਪਤਾ ਵੀ ਨਹੀਂ ਸੀ ਹੁੰਦਾ ਕਿ ਲਿਵ ਇਨ ਰਿਲੇਸ਼ਨਸ਼ਿਪ ਵੀ ਕੁਝ ਹੁੰਦੈ। ਤੇ ਇਹ ਬੜਾ ਖ਼ੂਬਸੂਰਤ ਰਿਸ਼ਤਾ ਰਿਹਾ…। ਲਿਵ ਇਨ ਰਿਲੇਸ਼ਨਸ਼ਿਪ ਦੀ ਆਪਣੀ ਕਮਿਟਮੈਂਟ ਐ…ਵਿਆਹ ਤੋਂ ਬਾਅਦ ਇਕ ਦੂਸਰੀ ਤਰ੍ਹਾਂ ਦੀ ਕਮਿਟਮੈਂਟ ਐ…ਲਿਵ ਇਨ  ‘ਚ ਸਿਰਫ਼ ਤੁਸੀਂ ਕਾਨੂੰਨੀ ਵਿਆਹ ਨਹੀਂ ਕਰਦੇ…ਤੁਹਾਨੂੰ ਏਨਾ ਪਤਾ ਹੁੰਦੈ ਕਿ ਜੇ ਥੋਡੀ ਨਾ ਬਣੀ ਤਾਂ ਤੁਸੀਂ ਕਿਸੇ ਵੇਲੇ ਵੀ ਛੱਡ ਕੇ ਜਾ ਸਕਦੇ ਹੋ।
ਸਵਾਲ : ਤੁਹਾਨੂੰ ਇਹ ਨਹੀਂ ਲਗਦਾ ਕਿ ਬੰਦਾ ਜ਼ਿੰਮੇਵਾਰੀ ਨਹੀਂ ਚੁੱਕਣੀ ਚਾਹੁੰਦਾ?
ਪਾਲ ਕੌਰ : ਹਾਂ, ਇਹ ਗੱਲ ਬਿਲਕੁਲ ਠੀਕ ਐ…ਨਵੀਂ ਪੀੜ੍ਹੀ ਦੀ ਸੋਚ ਹੀ ਇਹੀ ਐ…ਉਹ ਨਹੀਂ ਪਰਵਾਰਕ ਜ਼ਿੰਮੇਵਾਰੀ ਚੁੱਕਣਾ ਚਾਹੁੰਦੇ…ਉਨ੍ਹਾਂ ਦੇ ਰਿਸ਼ਤੇ ‘ਚ ਐਸੀਆਂ ਸਮੱਸਿਆਵਾਂ ਆਉਂਦੀਆਂ ਨੇ…ਕਈ ਵਾਰ ਇਹ ਵੀ ਹੁੰਦੈ ਕਿ ਪਤੀ-ਪਤਨੀ ਦੀ ਤਾਂ ਆਪੋ ਵਿਚ ਬਣਦੀ ਐ ਪਰ ਔਰਤ ਦੀ ਮਾਂ-ਬਾਪ ਨਾਲ ਨਹੀਂ ਬਣਦੀ ਤੇ ਉਨ੍ਹਾਂ ਕਰਕੇ ਕਈ ਵਾਰ ਰਿਸ਼ਤਾ ਟੁੱਟ ਜਾਂਦੈ। ਇਸੇ ਲਈ ਤਾਂ ਇਹ ਕਾਨੂੰਨ ਬਣਿਆ ਕਿ ਪਹਿਲਾਂ 6 ਮਹੀਨੇ ‘ਕੱਠੇ ਰਹੋ, ਫੇਰ ਤਲਾਕ ਲਈ ਆਈਓ। ਸਵਾਲ ਲਿਵ ਇਨ ਰਿਲੇਸ਼ਨਸ਼ਿਪ ਵਿਚ ਇਵੇਂ ਨਹੀਂ ਐ…ਕੁੜੀ ਸਾਫ਼ ਕਹਿ ਦਿੰਦੀ ਐ ਕਿ ਮੈਂ ਤੇਰੇ ਮਾਂ-ਪਿਓ ਦੀ ਜ਼ਿੰਮੇਵਾਰੀ ਨਹੀਂ ਲੈ ਸਕਦੀ। ਉਹ ਫ਼ੈਸਲਾ ਕਰ ਲੈਂਦੇ ਨੇ ‘ਕੱਠੇ ਰਹਿਣ ਦਾ…ਨਿਭਦਾ ਕਿੰਨੀ ਦੇਰ ਐ…ਇਹ ਤਾਂ ਉਨ੍ਹਾਂ ਦੇ ਸੁਭਾਅ ‘ਤੇ ਹੀ ਨਿਰਭਰ ਕਰਦੈ। ਮੈਨੂੰ ਲਗਦੈ ਕਿ ਜੇ ਉਨ੍ਹਾਂ ਦੀ ਕਮਿਟਮੈਂਟ ਹੈਗੀ ਐ ਤਾਂ ਕੀ ਫ਼ਰਕ ਪੈਂਦਾ ਐ ਕਿ ਉਨ੍ਹਾਂ ਨੇ ਵਿਆਹ ਕਰਵਾਇਆ ਜਾਂ ਨਹੀਂ। ਉਥੇ ਬੱਚੇ ਦੀ ਸਮੱਸਿਆ ਆਉਂਦੀ ਹੈ ਪਰ ਸਵਾਲ ਤਾਂ ਕਾਨੂੰਨ ਨੇ ਉਹਨੂੰ ਵੀ ਮਾਨਤਾ ਦੇ ਦਿੱਤੀ…ਖ਼ੈਰ! ਅੱਜ ਕੱਲ੍ਹ ਦੇ ਬੱਚੇ ਵੈਸੇ ਵੀ ‘ਸਿਆਣੇ’ ਨੇ…ਉਹ ਬੱਚੇ ਪੈਦਾ ਹੀ ਨਹੀਂ ਕਰਦੇ…ਕੌਣ ਜ਼ਿੰਮੇਵਾਰੀ ਚੁੱਕੇ…ਜ਼ਿੰਮੇਵਾਰੀਆਂ ਤੋਂ ਭੱਜ ਕੇ ਤਾਂ ਉਹ ‘ਕੱਲੇ ਰਹਿਣ ਦਾ ਫ਼ੈਸਲਾ ਕਰਦੇ ਨੇ। ਹੋਰ ਤਾਂ ਹੋਰ ਸਵਾਲ ਤਾਂ ਕਈ ਵਿਆਹ ਕਰਵਾ ਕੇ ਵੀ ਬੱਚਾ ਪੈਦਾ ਨਹੀਂ ਕਰਦੇ। ਉਹ ਆਪਣੀ ਜ਼ਿੰਦਗੀ ਨੂੰ ਇਨਜੌਏ ਕਰਨਾ ਚਾਹੁੰਦੇ ਨੇ…ਇਸ ਲਈ ਪਰਵਾਰਕ ਝਮੇਲਿਆਂ ਵਿਚ ਨਹੀਂ ਪੈਂਦੇ। ਮੈਂ ਬੱਚਿਆਂ ਦੇ ਵਿਹਾਰ ਦੀ ਗੱਲ ਦਸਦੀ ਆਂ। ਮੇਰੀ ਇਕ ਦੋਸਤ ਦੀ ਬੇਟੀ ਆਪਣੀ ਮਾਂ ਨੂੰ ਅਕਸਰ ਕਹਿੰਦੀ ਐ-ਮਾਂ ਮੈਂ ਨਾ ਵਿਆਹ ਕਰਾਉਣੈ ਤੇ ਨਾ ਬੱਚੇ ਪੈਦਾ ਕਰਨੇ…ਫੇਰ ਕਿਉਂ ਝਮੇਲਿਆਂ ਵਿਚ ਪਵਾਂ…ਮੇਰੀ ਬੱਚੇਦਾਨੀ ਹੀ ਕਢਵਾ ਦਿਓ, ਹਰ ਮਹੀਨੇ ਦਾ ਪੰਗਾ ਹੀ ਮੁੱਕੇ। ਸਵਾਲ ਦੱਸੋ, ਮਾਂ ਕੀ ਕਰੇ?
ਸਵਾਲ : ਇਹਦੇ ਨਾਲ ਈ ਤੁਸੀਂ ਸਮਲਿੰਗੀ ਰਿਸ਼ਤਿਆਂ ਬਾਰੇ ਵੀ ਕੁਝ ਦੱਸੋ। ਆਪਣੇ ਮੁਲਕ ‘ਚ ਤਾਂ ਇਹਦਾ ਵਿਰੋਧ ਹੁੰਦਾ ਹੈ ਪਰ ਕਈ ਮੁਲਕਾਂ ਵਿਚ ਇਸ ਰਿਸ਼ਤੇ ਨੂੰ ਮਾਨਤਾ ਵੀ ਮਿਲੀ ਹੋਈ ਹੈ। ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹ ਕੁਦਰਤੀ ਹੈ ਜਾਂ ਗੈਰ ਕੁਦਰਤੀ?
ਪਾਲ ਕੌਰ : ਕੁਝ ਤਾਂ ਕੁਦਰਤੀ ਹੀ ਹੁੰਦੇ ਹਨ। ਸਮਲਿੰਗੀ ਰਿਸ਼ਤੇ ਪੁਰਾਣੇ ਸਮਿਆਂ ਤੋਂ ਸਮਾਜ ਵਿਚ ਮੌਜੂਦ ਸਨ, ਪਰ ਪਹਿਲਾਂ ਸਭ ਕੁਝ ਚੋਰੀ ਹੁੰਦਾ ਸੀ। ਸਵਾਲ ਲੋਕ ਸਵੀਕਾਰ ਕਰ ਰਹੇ ਹਨ, ਭਾਵੇਂ ਕੁੜੀਆਂ ਅਜੇ ਵੀ ਘੱਟ ਸਵੀਕਾਰ ਕਰਦੀਆਂ ਹਨ। ਦੁਨੀਆ ਭਰ ਵਿਚ ਸਮਲਿੰਗੀ ਲੋਕ ਆਪਣੀ ਪਛਾਣ ਲਈ ਜੱਦੋ-ਜਹਿਦ ਕਰ ਰਹੇ ਹਨ। ਜੋ ਕੁਦਰਤੀ ਹਨ, ਸਾਨੂੰ ਉਨ੍ਹਾਂ ਨੂੰ ਸਵੀਕਾਰ ਕਰਨ ਵਿਚ ਕੋਈ ਹਰਜ ਨਹੀਂ ਹੋਣਾ ਚਾਹੀਦਾ। ਜਿੱਥੋਂ ਤੱਕ ਮੇਰੀ ਸਮਝ ਐ…ਮੁੰਡਿਆਂ ਦੇ ਕੁਦਰਤੀ ਨੇ…ਜਿੰਨੇ ਕੁ ਦੇਖੇ ਨੇ…ਉਨ੍ਹਾਂ ਦੇ ਹਾਵ-ਭਾਵ ਦੇਖ ਕੇ ਹੀ ਤੁਸੀਂ ਸਮਝ ਜਾਂਦੇ ਹੋ ਕਿ ਉਹ ਗੇਅ ਨੇ। ਮੈਨੂੰ ਤਾਂ ਇਹੀ ਲਗਦੈ ਇਹ ਕੁਦਰਤੀ ਹੁੰਦੈ। ਕੁੜੀਆਂ ਬਾਰੇ ਮੈਨੂੰ ਘੱਟ ਲਗਦੈ…ਬਈ ਉਹ ਲੈਸਬੀਅਨ ਹੁੰਦੀਆਂ ਨੇ…ਕੁੜੀਆਂ ਬਾਰੇ ਮੈਨੂੰ ਲਗਦੈ ਉਹ ਹਾਲਾਤ ਦਾ ਸ਼ਿਕਾਰ ਹੁੰਦੀਆਂ ਨੇ…ਕਿਸੇ ਨਾ ਕਿਸੇ ਕਾਰਨ ਉਨ੍ਹਾਂ ਦੇ ਮਨ ਵਿਚ ਆਦਮੀ ਪ੍ਰਤੀ ਨਫ਼ਰਤ ਆ ਜਾਂਦੀ ਐ…ਉਨ੍ਹਾਂ ਨੂੰ ਸਹੇਲੀਆਂ ‘ਚੋਂ ਜ਼ਿਆਦਾ ਨੇੜਤਾ ਲਭਦੀ ਐ…ਕੁੜੀਆਂ ਦੀਆਂ ਮਿਸਾਲਾਂ ਵੀ ਘੱਟ ਦੇਖਣ/ਸੁਣਨ ਨੂੰ ਮਿਲਦੀਆਂ ਨੇ। ਆਮ ਤੌਰ ‘ਤੇ ਹੋਸਟਲਾਂ ਵਿਚ ਰਹਿੰਦੀਆਂ ਕੁੜੀਆਂ ਦੇ ਇਸ ਤਰ੍ਹਾਂ ਦੇ ਰਿਸ਼ਤੇ ਬਣ ਜਾਂਦੇ ਨੇ…ਕਿਉਂਕਿ ਇਹ ਉਮਰ ਵੀ ਐਸੀ ਹੁੰਦੀ ਐ…ਤੇ ਬਾਅਦ ਵਿਚ ਉਨ੍ਹਾਂ ਦੀ ਜ਼ਿੰਦਗੀ ਵਿਚ ਕੋਈ ਬੰਦਾ ਆਉਂਦੈ ਤਾਂ ਉਹ ਚੀਜ਼ ਖ਼ਤਮ ਹੋ ਜਾਂਦੀ ਐ। ਇਹੋ ਜਿਹੇ ਰਿਸ਼ਤੇ ਤੁਸੀਂ ਕੁਦਰਤੀ ਨਹੀਂ ਕਹਿ ਸਕਦੇ। ਮੁੰਡੇ ਮੈਂ ਕਈ ਐਸੇ ਦੇਖੇ ਨੇ ਜੋ ਆਪਣੇ ਹਾਲਾਤ ਨਾਲ ਲੜ ਰਹੇ ਨੇ…ਦਿੱਲੀ ਵਿਚ ਇਹਦੀ ਬੜੀ ਵੱਡੀ ਮੁਹਿੰਮ ਚੱਲੀ ਐ। ਸਦੀਆਂ ਤੋਂ ਸਾਡੇ ਸਮਾਜ ਵਿਚ ਇਹ ਕੁਹਜ ਭਰਿਆ ਪਿਆ ਹੈ ਕਿ ਬੱਚੇ ਘਰਾਂ ਵਿਚ ਆਪਣੇ ਹੀ ਨਜ਼ਦੀਕੀ ਰਿਸ਼ਤੇਦਾਰਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ, ਖਾਸਕਰ ਬੱਚੀਆਂ ਤੇ ਫੇਰ ਉਹ ਨਫ਼ਰਤ ਨਾਲ ਭਰ ਜਾਂਦੀਆਂ ਹਨ। ਸਮਾਜ ਦੀਆਂ ਵਰਜਣਾਵਾਂ ਕਰਕੇ ਵੀ ਕੁੜੀਆਂ ਆਪਣੀਆਂ ਕੁਦਰਤੀ ਜ਼ਰੂਰਤਾਂ ਨੂੰ ਦਬਾਅ ਕੇ ਸਹੇਲੀਆਂ ਤੋਂ ਤਸੱਲੀ ਭਾਲਦੀਆਂ ਹਨ। ਪਰ ਉਨ੍ਹਾਂ ਨੂੰ ਕੋਈ ਸਹੀ ਸਾਥੀ ਮਿਲ ਜਾਵੇ ਜੋ ਪਹਿਲਾਂ ਇਸ ਸਥਿਤੀ ਵਿਚੋਂ ਕੱਢੇ, ਤਾਂ ਉਹ ਸਾਧਾਰਣ ਜ਼ਿੰਦਗੀ ਵਿਚ ਵਾਪਸ ਵੀ ਆ ਜਾਂਦੀਆਂ ਹਨ।
ਕਵੀ ਤੇ ਆਲੋਚਕ
ਸਵਾਲ : ਅੱਜ ਪੰਜਾਬੀ ਕਵਿਤਾ ਦੀ ਆਲੋਚਨਾ ਕਿੱਥੇ ਕੁ ਖੜ੍ਹੀ ਐ?
ਪਾਲ ਕੌਰ : ਕਾਫ਼ੀ ਮਜ਼ਬੂਤ ਸਥਿਤੀ ਵਿਚ ਐ…ਵੈਸੇ ਆਲੋਚਨਾ ਵਿਚ ਜਿਹੜੀ ਤਬਦੀਲੀ ਆਈ ਐ…ਭਾਵੇਂ ਅਸੀਂ ਨਾ ਮੰਨੀਏ…ਇਹ ਸਰੰਚਨਾਵਾਦੀਆਂ ਤੋਂ ਆਈ ਐ…ਕਿਉਂਕਿ ਪਹਿਲਾਂ ਕਿਸੇ ਕਵਿਤਾ ਦੀ ਆਲੋਚਨਾ ਕਰਨ ਲੱਗਿਆਂ ਵਿਚਾਰਧਾਰਾ ਪਹਿਲਾਂ ਰੱਖਦੇ ਸੀ, ਕਵਿਤਾ ਨੂੰ ਬਾਅਦ ‘ਚ ਪੜ੍ਹਦੇ ਸੀ। ਅਸੀਂ ਆਪਣੀ ਵਿਚਾਰਧਾਰਾ ਕਵਿਤਾ ‘ਤੇ ਫਿੱਟ ਕਰਦੇ ਸੀ। ਪਰ ਜਦੋਂ ਡਾ. ਹਰਭਜਨ ਸਿੰਘ, ਨੂਰ ਸਾਹਿਬ, ਕੰਵਰ ਸਾਹਿਬ ਨੇ ਕਹਿਣਾ ਸ਼ੁਰੂ ਕੀਤਾ ਕਿ ਕਵਿਤਾ ਪੜ੍ਹੋ ਕਿ ਇਹਦੇ ਵਿਚ ਕੀ ਵਿਚਾਰ ਐ…ਜਦੋਂ ਕਵਿਤਾ ਨੂੰ ਐਦਾਂ ਪੜ੍ਹਨਾ ਸ਼ੁਰੂ ਹੋਇਆ ਤਾਂ ਆਲੋਚਨਾ ਵਿਚ ਵੀ ਤਬਦੀਲੀ ਆਈ। ਦੂਜਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਗੌਡਫਾਦਰ… ਇਹ ਸੱਚ ਐ ਕਿ ਜਦੋਂ ਕਿਸੇ ਨੂੰ ਸਥਾਪਤ ਕਰਨਾ ਹੁੰਦੈ ਤਾਂ ਉਹਦੀ ਉਸੇ ਹਿਸਾਬ ਨਾਲ ਆਲੋਚਨਾ ਹੁੰਦੀ ਰਹੀ ਐ…ਮੈਂ ਇਕ ਥਾਂ ਲਿਖਿਆ ਵੀ ਐ ਕਿ ਜਿਵੇਂ ਕਿਸੇ ਸ਼ਾਇਰਾ ਨੂੰ ਸਥਾਪਤ ਕਰਨਾ ਸੀ ਤਾਂ ਉਹਦਾ ‘ਕੱਲੀ ਦਾ ਨਾਂ ਨਹੀਂ ਸੀ ਲੈਂਦੇ…ਮੇਰਾ ਵੀ ਨਾਲ ਈ ਲੈ ਲਿਆ ਜਾਂਦਾ ਸੀ। ਤਾਂ ਕਿ ਤੁਸੀਂ ਦੋ ਨਾਂ ਹੋਰ ਜੋੜ ਦਿਓ ਤੇ ਜਿਹਦਾ ਨਾਂ ਤੁਸੀਂ ਲੈਣਾ ਹੁੰਦਾ ਹੈ…ਉਹਦੀ ਚਰਚਾ ਜ਼ਿਆਦਾ ਹੋ ਜਾਂਦੀ ਐ।
ਸਵਾਲ ਪਿਛਲੇ ਕੁਝ ਸਮੇਂ ਤੋਂ ਜਿਹੜੀ ਆਲੋਚਨਾ ਹੋ ਰਹੀ ਹੈ…ਜਦੋਂ ਡਾ. ਸਰਬਜੀਤ ਸਿੰਘ ਲਿਖ ਰਹੇ ਨੇ…ਡਾ. ਸੁਰਜੀਤ ਲਿਖ ਰਹੇ ਨੇ…ਤਾਂ ਸਵਾਲ ਤਬਦੀਲੀ ਆਈ ਹੈ ਆਲੋਚਨਾ ਵਿਚ। ਕਈ ਪਾਠਕਾਂ ਦੇ ਬੜੇ ਪਿਆਰੇ ਤੇ ਚਿੰਤਨਸ਼ੀਲ ਪ੍ਰਤੀਕਰਮ ਮਿਲਦੇ ਹਨ। ਸਾਡਾ ਇਕ ਸ਼ਾਇਰ ਵੀ ਐ…ਨਾਂ ਨਹੀਂ ਲੈਂਦੀ ਮੈਂ (ਹਾ..ਹਾ..ਹਾ..), ਉਹਨੂੰ ਆਲੋਚਕ ਕਹਿੰਦੇ ਨੇ ਕਿ ਬਈ ਸਵਾਲ ਤੂੰ ਐਦਾਂ ਲਿਖ…ਤੂੰ ਮਸ਼ਹੂਰ ਹੋ ਜਾਂਏਗਾ…ਉਹਨੇ ਓਦਾਂ ਹੀ ਲਿਖਿਆ। ਉਹਨੇ ਕਵਿਤਾ ਵਿਚ ਐਸੇ ਹੀ ਪ੍ਰਯੋਗ ਕੀਤੇ ਕਿ ਸਵਾਲ ਮੈਂ ਕਿਵੇਂ ਦੀ ਕਵਿਤਾ ਲਿਖਾਂ ਕਿ ਜ਼ਿਆਦਾ ਮਸ਼ਹੂਰ ਹੋ ਜਾਵਾਂ।
ਸਵਾਲ : ਉਚੇਚ ਕਰ ਕੇ ਕਵਿਤਾ ਲਿਖੀ ਜਾਵੇਗੀ, ਕੀ ਉਹਨੂੰ ਕਵਿਤਾ ਦਾ ਦਰਜਾ ਮਿਲ ਜਾਵੇਗਾ?
ਪਾਲ ਕੌਰ : ਨਹੀਂ…ਦੇਖੋ, ਉਹਦੇ ਅੰਦਰ ਦੀ ਸਚਾਈ ਤਾਂ ਨਹੀਂ ਹੈ ਨਾ…ਕਵਿਤਾ ਵਿਚ ਜਿੰਨੀ ਦੇਰ ਤੁਹਾਡਾ ਜੀਵਿਆ ਹੋਇਆ ਅਨੁਭਵ ਨਹੀਂ ਹੁੰਦਾ…ਜਾਂ ਜੇ ਕਿਸੇ ਹੋਰ ਦਾ ਅਨੁਭਵ ਹੈ ਤੇ ਉਹਨੂੰ ਮੈਂ ਚੰਗੀ ਤਰ੍ਹਾਂ ਆਤਮਸਾਤ ਨਹੀਂ ਕਰਦੀ, ਤਾਂ ਕਵਿਤਾ ਦੀ ਉਹ ਡੂੰਘਾਈ ਨਹੀਂ ਮਹਿਸੂਸੀ ਜਾ ਸਕਦੀ। ਸੋਚ ਸਮਝ ਕੇ ਲਿਖਣਾ…ਫਰੇਮਿੰਗ ਕਰਨਾ…ਇਹ ਸਭ ਤਾਂ ਕਵਿਤਾ ਲਈ ਨੁਕਸਾਨਦੇਹ ਹੀ ਹੈ।
ਸਵਾਲ : ਮੈਂ ਸੁਣਿਆ ਹੈ ਕਿ ਕਈ ਕਵੀਆਂ ਦੇ ਆਪਣੇ ਆਪਣੇ ਆਲੋਚਕ ਨੇ ਤੇ ਕਈ ਆਲੋਚਕਾਂ ਦੇ ਆਪਣੇ ਆਪਣੇ ਕਵੀ ਨੇ। ਕੀ ਤੁਹਾਡਾ ਵੀ ਕੋਈ ਆਪਣਾ ਆਲੋਚਕ ਹੈ?
ਪਾਲ ਕੌਰ : ਮੇਰੇ ਬਾਰੇ ਸਾਰਿਆਂ ਨੇ ਲਿਖਿਆ…ਤੁਸੀਂ ਕਿਸੇ ਵੀ ਆਲੋਚਕ ਦਾ ਨਾਂ ਲੈ ਲਓ, 80-90 ਫ਼ੀਸਦੀ ਆਲੋਚਕਾਂ ਨੇ ਮੇਰੇ ਬਾਰੇ ਕਿਸੇ ਨਾ ਕਿਸੇ ਰੂਪ ਵਿਚ ਲਿਖਿਆ ਹੈ।
ਸਵਾਲ :  ਯਾਨੀ ਤੁਸੀਂ ਆਪਣੀ ਆਲੋਚਨਾ ਬਾਰੇ ਸੰਤੁਸ਼ਟ ਹੋ? ਆਪਣੇ ਬਾਰੇ ਵੀ ਤੇ ਆਪਣੀ ਕਵਿਤਾ ਬਾਰੇ ਵੀ?
ਪਾਲ ਕੌਰ : ਹਾਂ, ਮੈਂ ਸੰਤੁਸ਼ਟ ਹਾਂ…ਆਪਣੇ ਪ੍ਰਤੀ ਸੰਤੁਸ਼ਟ ਹਾਂ…ਇਕ ਸਮਾਂ ਸੀ ਜਦੋਂ ਮੈਨੂੰ ਲਗਦਾ ਸੀ ਕਿ ਮੈਨੂੰ ਅਣਗੌਲਿਆਂ ਕੀਤਾ ਗਿਐ ਤੇ ਇੰਜ ਹੋਇਆ ਵੀ ਸੀ ਪਰ ਸਵਾਲ ਪਿਛਲੇ ਕੁਝ ਸਾਲਾਂ ਤੋਂ ਐਸਾ ਨਹੀਂ। ਮੇਰੀ ਕਵਿਤਾ ਨੂੰ ਡਾ. ਸਰਬਜੀਤ ਸਿੰਘ, ਡਾ. ਸੁਰਜੀਤ ਸਿੰਘ, ਡਾ. ਕਰਮਜੀਤ ਸਿੰਘ, ਹਰਵਿੰਦਰ ਭੰਡਾਲ, ਤਸਕੀਨ, ਦੇਸ ਰਾਜ ਕਾਲੀ, ਮਨਦੀਪ ਸਨੇਹੀ ਅਤੇ ਹੋਰ ਕਈ ਖੋਜਾਰਥੀਆਂ ਨੇ ਚੰਗੀ ਤਰ੍ਹਾਂ ਸਮਝਿਆ ਹੈ।
ਸਵਾਲ : ਕੋਈ ਆਲੋਚਕ ਕਿਸੇ ਨੂੰ ਕਵੀ ਬਣਾ ਸਕਦਾ ਹੈ? ਕੀ ਕਵੀ ਨੂੰ ਆਲੋਚਕ ਦੀ ਜ਼ਰੂਰਤ ਹੁੰਦੀ ਹੈ?
ਪਾਲ ਕੌਰ : ਦੇਖੋ, ਆਲੋਚਕ ਦੀ ਇਸ ਤਰ੍ਹਾਂ ਤਾਂ ਜ਼ਰੂਰਤ ਹੈ ਕਿ ਉਹ ਕਵੀ ਨੂੰ ਕਹਿ ਸਕੇ ਕਿ ਐਦਾਂ ਵੀ ਲਿਖਿਆ ਜਾ ਸਕਦਾ ਹੈ। ਉਹਨੂੰ ਸੁਝਾਅ ਦੇ ਸਕਦਾ ਹੈ…ਸਕਾਰਾਤਮਕ ਨਜ਼ਰੀਏ ਨਾਲ ਉਹਨੂੰ ਦੱਸ ਸਕਦਾ ਹੈ…ਤੇ ਕਵੀ ਨੂੰ ਲੈਣਾ ਵੀ ਚਾਹੀਦਾ ਹੈ ਐਦਾਂ ਕਿ ਇਹ ਗੱਲ ਠੀਕ ਹੈ। ਹਾਂ, ਪਰ ਕੋਈ ਕਿਸੇ ਨੂੰ ਕਵੀ ਨਹੀਂ ਬਣਾ ਸਕਦਾ।
ਪੀ.ਐਚ.ਡੀ. ਦਾ ਗੋਰਖਧੰਦਾ
ਸਵਾਲ : ਤੁਸੀਂ ਅਧਿਆਪਨ ਖੇਤਰ ਵਿਚ ਲੰਬਾ ਸਮਾਂ ਰਹੇ ਹੋ। ਕਾਲਜਾਂ-ਯੂਨੀਵਰਸਿਟੀਆਂ ਵਿਚ ਪੜ੍ਹਾਇਆ ਹੈ। ਉਥੇ ਪੀ.ਐਚ.ਡੀ. ਕਰਾਉਣ ਦੇ ਨਾਂ ‘ਤੇ ਜੋ ਗੋਰਖ-ਧੰਦਾ ਚੱਲ ਰਿਹਾ ਹੈ, ਤੁਸੀਂ ਉਹਦਾ ਕੋਈ ਉਪਾਅ ਵੀ ਦੱਸ ਸਕਦੇ ਹੋ?
ਪਾਲ ਕੌਰ : ਦੇਖੋ, ਜਿੱਥੇ ਸਮੱਸਿਆ ਹੁੰਦੀ ਹੈ, ਉਹਦਾ ਹੱਲ ਵੀ ਉਥੇ ਹੀ ਹੁੰਦਾ ਹੈ। ਯੂਨੀਵਰਸਿਟੀਆਂ ਵਿਚ ਬੈਠੇ ਲੋਕ ਹੀ ਇਹਦਾ ਕਾਰਨ ਨੇ…ਤੇ ਉਨ੍ਹਾਂ ਕੋਲ ਹੀ ਇਸ ਨੂੰ ਹੱਲ ਕਰਨ ਦਾ ਉਪਾਅ ਹੈ। ਆਪਾਂ-ਤੁਸੀਂ ਤਾਂ ਇਹਦਾ ਕੋਈ ਹੱਲ ਕਰ ਨਹੀਂ ਸਕਦੇ। ਜਾਂ ਫੇਰ ਵੀ.ਸੀ. ਬੈਠੇ ਨੇ ਕਿ ਉਹ ਸਖ਼ਤੀ ਕਰਨ, ਉਨ੍ਹਾਂ ‘ਤੇ ਚੈੱਕ ਰੱਖਣ। ਜਦੋਂ ਵੀ ਕੋਈ ਗਾਈਡ ਕਿਸੇ ਨੂੰ ਪੀ.ਐਚ.ਡੀ. ਕਰਾਉਂਦੈ…ਤਾਂ ਐਗਜ਼ਾਮੀਨਰ ਲਾਉਣ ਲਈ ਬਾਕਾਇਦਾ ਕਮੇਟੀ ਬਣੀ ਹੁੰਦੀ ਹੈ ਤੇ ਉਹਦੇ ‘ਤੇ ਟਿੱਕ ਵੀ.ਸੀ. ਨੇ ਕਰਨਾ ਹੁੰਦੈ। ਮੰਨ ਲਓ, ਤੁਸੀਂ ਪੀ.ਐਚ.ਡੀ. ਕਰਵਾਈ ਐ ਤਾਂ ਤੁਸੀਂ ਉਹਦੇ ‘ਚ ਆਪਣੇ ਦੋਸਤਾਂ ਨੂੰ ਹੀ ਐਗਜ਼ਾਮੀਨਰ ਬਣਾਓਗੇ…ਸਵਾਲ ਜੇ ਤੁਸੀਂ 3 ਨਾਂ ਲੈ ਦਿੱਤੇ ਤਾਂ ਵੀ.ਸੀ. ਕੀ ਕਰੂ…ਤਿੰਨਾਂ ‘ਚੋਂ ਹੀ ਟਿੱਕ ਕਰੂਗਾ ਕਿ ਬਈ ਇਹ ਆਏਗਾ ਵਾਈਵਾ ਲੈਣ…ਐਸ ਬੰਦੇ ਕੋਲ ਥੀਸਜ਼ ਜਾਊਗਾ…ਸਵਾਲ ਜਦੋਂ ਥੋਡਾ ਦੋਸਤ ਆਏਗਾ ਤਾਂ ਥੋਡਾ ਨਾਂ ਦੇਖ ਕੇ ਸੋਚੇਗਾ ਕਿ ਇਹ ਤਾਂ ਸੁਸ਼ੀਲ ਦਾ ਵਿਦਿਆਰਥੀ ਐ…ਮੈਂ ਇਹਨੂੰ ਕਿਵੇਂ ਫੇਲ੍ਹ ਕਰ ਦਿਆਂ? ਤਾਂ ਇਹ ਜਿਹੜੀ ਭਾਜੀ ਐ, ਸਾਰੀਆਂ ਯੂਨੀਵਰਸਿਟੀਆਂ ਵਿਚ ਬਣੀ ਹੋਈ ਹੈ ਕਿ ਮੈਂ ਤੇਰੇ ਵਿਦਿਆਰਥੀ ਨੂੰ ਫੇਲ੍ਹ ਨਹੀਂ ਕਰਨਾ, ਤੂੰ ਮੇਰੇ ਵਿਦਿਆਰਥੀ ਨੂੰ ਫੇਲ੍ਹ ਨਾ ਕਰੀਂ। ਦੂਜੇ ਪਾਸੇ ਵਿਦਿਆਰਥੀਆਂ ਦਾ ਸੋਸ਼ਣ ਬਹੁਤ ਹੈ…ਕੁੜੀਆਂ ਦਾ ਤਾਂ ਆਮ ਤੌਰ ‘ਤੇ ਜਿਸਮਾਨੀ ਤੌਰ ‘ਤੇ ਸੋਸ਼ਣ ਹੁੰਦੈ ਤੇ ਮੁੰਡਿਆਂ ਤੋਂ ਪ੍ਰੋਫੈਸਰਾਂ ਦੇ ਘਰੇਲੂ ਕੰਮ ਲਏ ਜਾਂਦੇ ਨੇ, ਬਈ ਜਾ ਸਾਡਾ ਫਲਾਣਾ ਬਿਲ ਭਰ ਆ…ਸਬਜ਼ੀ ਲਿਆ ਦੇ…ਦਾਰੂ ਲੈ ਆ…ਮੁੰਡਿਆਂ ਤੋਂ ਪੈਸੇ ਵੀ ਖ਼ਰਚ ਕਰਵਾਉਂਦੇ ਨੇ। ਬਾਕੀ ਕਈ ਵਿਦਿਆਰਥੀ ਵੀ ਨੇ ਜਿਹੜੇ ਮਿਹਨਤ ਨਹੀਂ ਕਰਦੇ। ਜਦੋਂ ਦਾ ਇੰਟਰਨੈੱਟ ਦਾ ਸਮਾਂ ਆਇਆ ਹੈ…ਕਾਪੀ-ਪੇਸਟਿੰਗ ਦਾ ਕੰਮ ਹੋ ਰਿਹਾ ਹੈ…ਨਕਲ ਮਾਰ ਕੇ ਥੀਸਜ਼ ਲਿਖੇ ਜਾ ਰਹੇ ਨੇ…ਪਰ ਜਿਹੜਾ ਇਕ ਵਿਦਿਆਰਥੀ ਨੇ ਕੰਮ ਕਰ ਦਿੱਤਾ, ਗਾਈਡ ਉਹਦੇ ‘ਤੇ ਸਾਈਨ ਕਰਦਾ ਹੈ ਤਾਂ ਉਹ ਉਹਦੇ ਲਈ ਜ਼ਿੰਮੇਵਾਰ ਐ ਕਿਉਂਕਿ ਉਹ ਉਹਨੂੰ ਪਾਸ ਕਰ ਰਿਹੈ…ਫੇਰ ਉਹ ਦੋ ਐਗਜ਼ਾਮੀਨਰ ਜ਼ਿੰਮੇਵਾਰ ਨੇ ਜਿਨ੍ਹਾਂ ਕੋਲ ਥੀਸਜ਼ ਜਾਂਦੈ…ਫੇਰ ਜਿਹੜਾ ਵਾਈਵਾ ਲੈਣ ਆਉਂਦੈ, ਉਹ ਜ਼ਿੰਮੇਵਾਰ ਐ। ਫੇਰ ਜੇ ਸਾਰੇ ਹੀ ਮਾੜੇ ਨੇ ਤਾਂ ‘ਕੱਲਾ ਵਿਦਿਆਰਥੀ ਕਸੂਰਵਾਰ ਨਹੀਂ ਹੁੰਦਾ।
ਸਵਾਲ : ਸੁਣਨ ‘ਚ ਆਇਆ ਕਿ ਕੋਈ ਵੱਡਾ ਪ੍ਰੋਫੈਸਰ ਸੀ ਤੇ ਉਹ ਪੈਸੇ ਲੈ ਕੇ ਥੀਸਜ਼ ਆਪ ਹੀ ਲਿਖ ਦਿੰਦਾ ਸੀ। ਇਹ ਧੰਦਾ ਹਾਲੇ ਵੀ ਚੱਲ ਰਿਹਾ ਹੈ?
ਪਾਲ ਕੌਰ : ਹਾਲੇ ਵੀ ਚੱਲ ਰਿਹੈ…ਜਿੱਥੋਂ ਦਾ ਇਹ ਪ੍ਰੋਫੈਸਰ ਸੀ, ਉਥੇ ਹੋਰ ਵੀ ਬੰਦੇ ਨੇ… ਜੋ ਇਹੀ ਕੁਝ ਕਰਦੇ ਨੇ।
ਸਵਾਲ : ਇਹਦੇ ਖ਼ਿਲਾਫ਼ ਲੜਨ ਦੀ ਵੀ ਲੋੜ ਹੈ ਜਾਂ ਇਸੇ ਤਰ੍ਹਾਂ ਚੱਲਦਾ ਰਹੇਗਾ?
ਪਾਲ ਕੌਰ : ਦੇਖੋ, ਸਾਰੇ ਸਿਸਟਮ ਵਿਚ ਹੀ ਕੁਰੱਪਸ਼ਨ ਹੈ…ਜੇ ਉਪਰੋਂ ਸਿਆਸਤ ਤੋਂ ਭ੍ਰਿਸ਼ਟਾਚਾਰ ਸ਼ੁਰੂ ਹੁੰਦਾ ਹੈ ਤਾਂ ਥੱਲੇ ਤੱਕ ਬੰਦਾ ਉਹਨੂੰ ਸਵੀਕਾਰ ਕਰ ਰਿਹੈ…ਅੰਦੋਲਨ ਕੌਣ ਕਰੂਗਾ…ਜੇ ਵਿਦਿਆਰਥੀ ਵੀ ਏਸੇ ‘ਚ ਖ਼ੁਸ਼ ਐ ਕਿ ਪੈਸੇ ਦੇ ਕੇ ਮੇਰਾ ਕੰਮ ਹੋ ਰਿਹੈ ਜਾਂ ਜਿਹੜੀ ਉਹ ਕਟਿੰਗ-ਪੇਸਟਿੰਗ ਕਰ ਰਿਹੈ, ਉਹਨੂੰ ਕੋਈ ਪੁਛਣ ਵਾਲਾ ਨਹੀਂ…ਤਾਂ ਕੌਣ ਠੀਕ ਕਰੂਗਾ? ਮੈਂ ਕਹਾਂਗੀ ਇਹ ਇਕ ਤਰ੍ਹਾਂ ਦਾ ਨਿਰਾਸ਼ਾ ਦਾ ਆਲਮ ਹੈ।
ਹਰਿਆਣਾ ਦਾ ਸਾਹਿਤਕ ਮਾਹੌਲ
ਸਵਾਲ : ਤੁਸੀਂ ਕੇਂਦਰੀ ਹਰਿਆਣਾ ਪੰਜਾਬੀ ਸਾਹਿਤ ਸਭਾ ਦੇ ਕਾਫੀ ਦੇਰ ਤੋਂ ਪ੍ਰਧਾਨ ਰਹੇ ਹੋ। ਕਿਹੋ ਜਿਹਾ ਮਾਹੌਲ ਹੈ ਹਰਿਆਣਾ ਵਿਚ।
ਪਾਲ ਕੌਰ : ਜੀ, ਡਾ. ਕਾਂਗ ਦੇ ਮੱਠ ਅਤੇ ਉਸ ਦੇ ਪੈਦਾ ਕੀਤੇ ਗ਼ੈਰ-ਸਾਹਿਤਕ ਤੇ ਸਿਆਸੀ ਮਹੌਲ ਦੇ ਟਾਕਰੇ ਲਈ ਹੀ ਇਹ ਕੇਂਦਰੀ ਹਰਿਆਣਾ ਪੰਜਾਬੀ ਸਾਹਿਤ ਸਭਾ ਬਣਾਈ ਗਈ ਸੀ। ਡਾ. ਕਰਮਜੀਤ ਸਿੰਘ ਇਸ ਦੇ ਸਰਪ੍ਰਸਤ ਅਤੇ ਮੁੱਖ ਪ੍ਰੇਰਣਾ ਸਨ। ਉਂਜ ਡਾ. ਕੌਸ਼ਲ ਤੇ ਡਾ. ਰੰਧਾਵਾ ਵੀ ਸਾਡੇ ਨਾਲ ਹੀ ਸਨ। ਅਸੀਂ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ, ਗੁਰੂ ਨਾਨਕ ਖਾਲਸਾ ਕਾਲਜ, ਕਰਨਾਲ, ਡਾ. ਗਾਸੋ ਦੇ ਕਾਲਜ ਜੀ.ਐਮ.ਐਨ. ਕਾਲਜ, ਅੰਬਾਲਾ ਦੇ ਸਹਿਯੋਗ ਨਾਲ ਹਰਿਆਣੇ ਵਿਚ ਛਪ ਰਹੀਆਂ ਪੁਸਤਕਾਂ ਉਪੱਰ ਚਰਚਾ ਕਰਵਾਉਂਦੇ ਰਹੇ। ਅੰਮ੍ਰਿਤਾ ਪ੍ਰੀਤਮ ਉਦੋਂ ਹੀ ਗੁਜ਼ਰੇ ਸਨ, ਉਨ੍ਹਾਂ ਨੂੰ ਸਮਰਪਿਤ ਇਕ ਵੱਡਾ ਸਮਾਗਮ ਕਰਨਾਲ ਵਿਚ ਕੀਤਾ। ਮੇਰੀਆਂ ਆਪਣੀਆਂ ਕਿਤਾਬਾਂ ‘ਪੀਂਘ’ ਤੇ ‘ਮੀਰਾ’ ਉਪੱਰ ਹਰਿਆਣਾ ਵਿਚ ਪਹਿਲੀ ਵਾਰੀ ਸਮਾਗਮ ਹੋਇਆ। ਪਰ ਡਾ. ਕਰਮਜੀਤ ਸਿੰਘ ਦੇ ਸੇਵਾ ਮੁਕਤ ਹੋ ਕੇ ਪੰਜਾਬ ਜਾਣ ਕਰਕੇ ਡਾ. ਗਾਸੋ ਦੇ ਪੰਜਾਬ ਸਾਹਿਤ ਅਕਾਦਮੀ ਦੀ ਸਿਆਸਤ ਵਿਚ ਸਰਗਰਮ ਹੋਣ ਕਰਕੇ ਸਾਡੇ ਸਮਾਗਮ ਘਟ ਗਏ ਹਨ। ਇਸ ਵਕਤ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵੀ ਵਿਸ਼ੇਸ਼ ਏਜੰਡੇ ਉਪੱਰ ਕੰਮ ਕਰ ਰਹੀ ਹੈ। ਇਸ ਲਈ ਮੇਰੇ ਵਰਗੇ ਕਈ ਲੇਖਕਾਂ ਨੇ ਤਾਂ ਬਾਈਕਾਟ ਕੀਤਾ ਹੋਇਆ ਹੈ।
ਸਵਾਲ : ਸਾਹਿਤਕਾਰ ਵੀ ਮਿਲ ਕੇ ਬੈਠਣ ਨੂੰ ਤਿਆਰ ਨਹੀਂ, ਉਸ ਦਾ ਕੀ ਕਾਰਣ ਹੈ?
ਪਾਲ ਕੌਰ : ਕਾਰਣ ਦੱਸਿਆ ਹੀ ਹੈ, ਆਪਣੀ ਹਉਂ, ਕਈ ਤਰ੍ਹਾਂ ਦੀ ਲਾਲਸਾ। ਹਰਿਆਣਾ ਕੀ, ਸਾਰੇ ਪਾਸੇ ਹੀ ਧੜੇਬੰਦੀ ਸਾਹਿਤ ਦਾ ਬਹੁਤ ਨੁਕਸਾਨ ਕਰ ਰਹੀ ਹੈ।
ਸਵਾਲ : ਹਰਿਆਣਾ ਦੀ ਕਵਿਤਰੀ ਹੋਣ ਦਾ ਫ਼ਾਇਦਾ ਜਾਂ ਨੁਕਸਾਨ ਕੀ ਹੋਇਆ ਹੈ?
ਪਾਲ ਕੌਰ : ਮੈਨੂੰ, ਨਾ ਫ਼ਾਇਦਾ ਨਾ ਨੁਕਸਾਨ। ਮੈਂ ਆਪਣੀ ਲਿਖਤ ਨਾਲ ਹੀ ਥਾਂ ਬਣਾਈ ਹੈ। ਮੇਰੀ ਪਛਾਣ ਮੇਰੀ ਕਵਿਤਾ ਹੀ ਹੈ।
ਸਵਾਲ : ਪੰਜਾਬੀ ਦੀਆਂ ਕਵਿਤਰੀਆਂ ਨੇ ਕੀ ਆਪਣੀ ਵੱਖਰੀ ਪਛਾਣ ਬਣਾਈ ਹੈ?
ਪਾਲ ਕੌਰ : ਬਣਾਈ ਹੀ ਹੈ। ਅੰਮ੍ਰਿਤਾ ਜੀ ਨੇ ਸੱਤਰ ਸਾਲ ਦੀ ਸਾਹਿਤਕ ਸਾਧਨਾ ਨਾਲ ਪੰਜਾਬੀ ਸਾਹਿਤ ਨੂੰ ਦੇਸ਼ ਵਿਦੇਸ਼ ਤੱਕ  ਪਹੁੰਚਾਇਆ। ਪ੍ਰਭਜੋਤ ਕੌਰ, ਮਨਜੀਤ ਇੰਦਰਾ, ਮਨਜੀਤ ਟਿਵਾਣਾ ਤੱਕ ਕਵਿੱਤਰੀਆਂ ਲਿਖ ਰਹੀਆਂ ਸਨ, ਪਰ ਉਨ੍ਹਾਂ ਦੀ ਚਰਚਾ ਵੱਖਰੀ ਨਹੀਂ ਹੁੰਦੀ ਸੀ। ਪਰ ਅਗਲੀ ਪੀੜ੍ਹੀ, ਜਿਸ ਵਿਚ ਸ਼ਸ਼ੀ ਸਮੁੰਦਰਾ, ਅਮਰ ਜਯੋਤੀ, ਵਨੀਤਾ, ਨਿਰੂਪਮਾ ਦੱਤ, ਸੁਖਵਿੰਦਰ ਅੰਮ੍ਰਿਤ ਤੇ ਮੇਰਾ ਨਾਂ ਸ਼ਾਮਿਲ ਹੈ, ਦੀ ਕਵਿਤਾ ਸਾਹਮਣੇ ਆਈ ਤਾਂ ਡਾ. ਨੂਰ ਨੇ ਨਾਰੀਵਾਦ ਤੇ ਨਾਰੀ ਚਿੰਤਨ ਦੀ ਵੱਖਰੀ ਚਰਚਾ ਛੇੜੀ। ਇਨ੍ਹਾਂ ਸਭ ਕਵਿੱਤਰੀਆਂ ਤੇ ਇਸ ਤੋਂ ਅੱਗੇ ਨਵੀਂ ਪੀੜ੍ਹੀ ਦੀਆਂ ਕੁੜੀਆਂ ਬਹੁਤ ਚੰਗਾ ਲਿਖ ਰਹੀਆਂ ਹਨ। ਔਰਤ ਦੇ ਮਨ ਉਹਦੇ ਦੁੱਖ-ਸੁਖ ਦੀ ਗੱਲ ਸਭ ਕਵਿੱਤਰੀਆਂ ਨੇ ਕੀਤੀ ਹੈ। ਇਹੀ ਉਨ੍ਹਾਂ ਦੀ ਵੱਖਰੀ ਪਛਾਣ ਹੈ।
ਸਵਾਲ : ਤੁਹਾਡੀ ਪ੍ਰੇਰਣਾ ਬਣਨ ਵਾਲੇ ਕਿਹੜੇ ਕਵੀ ਹਨ ਅਤੇ ਕਿਨ੍ਹਾਂ ਕਾਰਨਾਂ ਕਰਕੇ?
ਪਾਲ ਕੌਰ : ਪੁਰਾਤਨ ਸਮਿਆਂ ਵਿਚੋਂ ਬਾਬਾ ਫ਼ਰੀਦ, ਗੁਰੂ ਨਾਨਕ, ਬੁਲ੍ਹੇ ਸ਼ਾਹ, ਅਮੀਰ ਖ਼ੁਸਰੋ, ਫਿਰ ਪੂਰਨ ਸਿੰਘ, ਡਾ. ਹਰਿਭਜਨ  ਸਿੰਘ ਅਤੇ ਅੰਮ੍ਰਿਤਾ ਜੀ। ਗ਼ਾਲਿਬ, ਫ਼ੈਜ਼, ਅਹਿਮਦ ਫ਼ਰਾਜ਼, ਕਤੀਲ ਸ਼ਿਫ਼ਾਈ, ਬਸ਼ੀਰ ਬਦਰ, ਦੁਸ਼ਯੰਤ, ਅਗੇਯ,  ਮੁਕਤੀਬੋਧ, ਮੰਗਲੇਸ਼ ਡਬਰਾਲ, ਆਪਣੀ ਆਪਣੀ ਤਰ੍ਹਾਂ ਸਭ ਨੇ ਪ੍ਰਭਾਵਿਤ ਕੀਤਾ ਹੈ। ਪਰ ਅੰਮ੍ਰਿਤਾ ਜੀ ਦੀਆਂ ਲਿਖਤਾਂ, ਨਾਗਮਣੀ ਤੇ ਉਨ੍ਹਾਂ ਦੀ ਜੀਵਨ ਸ਼ੈਲੀ ਨੇ ਮੇਰੇ ਅੰਦਰਲੇ ਹੌਸਲੇ ਨੂੰ ਬੁਲੰਦ ਕੀਤਾ। ਮੈਨੂੰ ਮਨੁੱਖੀ ਸਰੋਕਾਰਾਂ ਨਾਲ ਸਬੰਧਤ, ਪਰ ਕਾਵਿਕ ਰੂਪ ਵਿਚ ਸੁਹਜ ਸਹਿਜ ਦੀ ਕਵਿਤਾ ਚੰਗੀ ਲੱਗਦੀ ਹੈ। ਮਨੁੱਖੀ ਸਰੋਕਾਰਾਂ ਵਿਚ ਨਾਰੀ ਚਿੰਤਨ ਵੀ ਇਕ ਹੈ। ਅੰਮ੍ਰਿਤਾ ਜੀ ਮਨੁੱਖੀ ਮਨ ਦੀ ਸੋਚ ਨੂੰ ਸਮਾਜਕ ਸਥਾਪਤੀ ਦੇ ਵਿਰੋਧ ਵਿਚ ਰੱਖ ਕੇ ਵਿਸ਼ੇ ਸਿਰਜਦੇ ਅਤੇ ਸਾਡੇ ਤੋਂ ਲਿਖਵਾਂਦੇ। ਜਿਵੇਂ ‘ਬੁੱਲ੍ਹੇ ਨੂੰ ਸਮਝਾਵਣ ਆਈਆਂ, ਭੈਣਾਂ ਤੇ ਭਰਜਾਈਆਂ’, ‘ਬੁਰੇ ਸਿਆਲਾਂ ਦੇ ਮਾਮਲੇ’ ਆਦਿ। ਲੋਕ ਕਹਿੰਦੇ ਨੇ ਕਿ ਉਹ ਆਪਣੇ ਹੀ ਗਰੁੱਪ ਦੇ ਬੰਦਿਆਂ ਨੂੰ ਛਾਪਦੇ ਸਨ, ਪਰ ਇਹ ਸੱਚ ਹੈ ਕਿ ਉਹ ਸਿਰਫ਼ ਲਿਖਤ ਨੂੰ ਵੇਖਦੇ ਸਨ। ਪਸੰਦ ਆਪੋ ਆਪਣੀ ਹੋ ਸਕਦੀ ਹੈ, ਉਹ ਹਰ ਸੰਪਾਦਕ ਦੀ ਹੁੰਦੀ ਹੈ। ਮੇਰੀਆਂ ਕਈ ਕਵਿਤਾਵਾਂ ਉਨ੍ਹਾਂ ਨੇ ਨਾਗਮਣੀ ਦੇ ਕਵਰ ਪੇਜ ‘ਤੇ ਛਾਪੀਆਂ। ਮੈਂ ਉਨ੍ਹਾਂ ਦੀ ਦੇਣ ਨੂੰ ਕਦੀ ਨਹੀਂ ਭੁਲਾ ਸਕਦੀ।
ਕਵਿਤਾ ਦਾ ਨਾਰੀਵਾਦ
ਸਵਾਲ : ਨਾਰੀਵਾਦ ਦੀਆਂ ਤੁਹਾਡੀ ਦ੍ਰਿਸ਼ਟੀ ਤੋਂ ਵਿਸ਼ੇਸ਼ਤਾਵਾਂ ਕੀ ਹਨ ਅਤੇ ਇਸ ਦੀਆਂ ਸੀਮਾਵਾਂ ਕੀ ਹਨ?
ਪਾਲ ਕੌਰ : ਨਾਰੀਵਾਦ ਨੇ ਦੁਨੀਆ ਦੇ ਇਤਿਹਾਸ ਵਿਚ ਪਹਿਲੀ ਵਾਰੀ ਔਰਤ ਦੇ ਮਨ, ਸੋਚ ਤੇ ਦਰਦ ਨੂੰ ਆਵਾਜ਼ ਦਿੱਤੀ। ਪੰਜ  ਹਜ਼ਾਰ ਸਾਲ ਤੋਂ ਉਸ ਨੂੰ ਇਨਸਾਨ ਹੀ ਨਹੀਂ ਸਮਝਿਆ ਜਾ ਰਿਹਾ ਸੀ। ਅਸੀਂ ਮੁਸਲਿਮ ਜਗਤ ਵਿਚ ਸਮਝਦੇ ਹਾਂ ਕਿ ਔਰਤ ਦੀ ਸਥਿਤੀ ਬਹੁਤ ਮਾੜੀ ਹੈ, ਪਰ ਉਥੇ ਵੀ ਨਾਰੀਵਾਦ ਦੇ ਪ੍ਰਯੋਗ ਹੋਏ, ਉਹ ਵੀ ਮੁਢਲੇ ਮੱਧ ਕਾਲ ਵਿਚ।  ਔਰਤ ਦੀ ਗਵਾਹੀ ਨੂੰ ਅੱਧੀ ਗਵਾਹੀ ਮੰਨਿਆ ਜਾਂਦਾ ਸੀ, ਪਰ ਪਹਿਲੀ ਵਾਰੀ ਸੁਲਤਾਨ ਅਲਤਮਸ਼ ਨੇ ਔਰਤ ਦੀ ਗਵਾਹੀ ਨੂੰ ਪੂਰੀ ਗਵਾਹੀ ਮੰਨਿਆ ਅਤੇ ਆਪਣੀ ਧੀ ਰਜ਼ੀਆ ਨੂੰ ਆਪਣੀ ਸਲਤਨਤ ਦਾ ਵਾਰਿਸ ਥਾਪਿਆ। ਔਰਤ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ, ਉਹ ਵੀ ਸੰਘਰਸ਼ ਕਰਕੇ ਮਿਲਿਆ। ਕੈਨੇਡਾ ਦੀ ਸੰਸਦ ਦੇ ਬਾਹਰ ਅੱਜ ਵੀ ਲਿਖਿਆ ਮਿਲਦਾ ਹੈ, ”ੱੋਮÂਨ ਅਰÂ ਪÂਰਸੋਨਸ। ਅੱਜ ਵੀ ਔਰਤਾਂ ਨੂੰ ਮੰਦਿਰਾਂ ਮਸਜਿਦਾਂ ਵਿਚ ਦਾਖ਼ਲ ਹੋਣ ਲਈ ਅੰਦੋਲਨ ਕਰਨਾ ਪੈ ਰਿਹਾ ਹੈ। ਪਰ ਸਾਡੇ ਸਿਆਸੀ ਆਗੂਆਂ ਨੇ ਹਾਲੇ ਤੱਕ ਵੀ ਔਰਤਾਂ ਵਾਲਾ ਬਿੱਲ ਪਾਸ ਨਹੀਂ ਕੀਤਾ। ਸੋ ਇਹ ਲੰਮੀ ਲੜਾਈ ਹੈ, ਹਾਲੇ ਤਾਂ ਔਰਤ ਨੂੰ ਇਹੀ ਸਾਬਤ ਕਰਨਾ ਪੈ ਰਿਹਾ ਹੈ ਕਿ ਉਹ ਵੀ ਇਨਸਾਨ ਹੈ।
ਨਾਰੀਵਾਦ ਦੀਆਂ ਸੀਮਾਵਾਂ ਵੀ ਹਨ, ਕਿਉਂਕਿ ਇਹਦੀ ਵਾਗਡੋਰ ਕਾਨਫਰੰਸਾਂ, ਸੈਮੀਨਾਰਾਂ ਤੇ ਕਮਿਸ਼ਨਾਂ ਵਿਚ ਉਪਰਲੇ ਵਰਗ ਦੀਆਂ ਔਰਤਾਂ ਦੇ ਹੱਥਾਂ ਵਿਚ ਰਹੀ, ਜੋ ਆਪ ਹੀ ਕਈ ਵਾਰ ਪਤੀ ਦੀ ਰਬੜ ਮੁਹਰ ਹੁੰਦੀਆਂ  ਹਨ। ਫਿਰ ਇਹ ਅੰਦੋਲਨ ਹੇਠਲੇ ਪੱਧਰ ਤੱਕ ਨਹੀਂ ਪਹੁੰਚਦਾ। ਦੂਜੀ ਵੱਡੀ ਸੀਮਾ ਇਹ ਹੈ ਕਿ ਆਦਮੀ ਬਹੁਤੀ ਵਾਰੀ ਇਸ ਨੂੰ ਆਪਣੇ ਖ਼ਿਲਾਫ਼ ਲੜਾਈ ਸਮਝ ਲੈਂਦਾ ਹੈ। ਜਦੋਂ ਕਿ ਇਹ ਲੜਾਈ ਮਰਦ ਦੇ ਖ਼ਿਲਾਫ਼ ਨਹੀਂ, ਇਕ ਵਿਸ਼ੇਸ਼ ਸੋਚ  ਦੇ, ਹਉਂ ਦੇ ਅਤੇ ਸਮਾਜਕ ਢਾਂਚੇ ਦੇ ਖ਼ਿਲਾਫ਼ ਹੈ। ਜਦੋਂ ਆਦਮੀ ਅਜਿਹਾ ਸੋਚ ਕੇ, ਆਪਣੇ ਆਪ ਨੂੰ ਵੱਖਰਾ ਕਰ ਲੈਂਦਾ ਹੈ ਤਾਂ ਫਿਰ ਇਸ ਅੰਦੋਲਨ ਨੂੰ ਨੁਕਸਾਨ ਪਹੁੰਚਦਾ ਹੈ।
ਸਵਾਲ : ਬਹੁਤੀਆਂ ਨਾਰੀਵਾਦੀ ਕਵਿਤਰੀਆਂ ਪਿਛਲੇ ਪੜਾਅ ‘ਤੇ ਅਧਿਆਤਮਵਾਦੀ ਕਿਉਂ ਹੋ ਜਾਂਦੀਆਂ ਹਨ? ਜਿਸ ਮਰਦ ਜਾਂ ਮਰਦ ਪ੍ਰਧਾਨ ਸਮਾਜ ਦੀ ਆਲੋਚਨਾ ਕਰਦੀਆਂ ਹਨ, ਉਸ ਨੂੰ ਅਪਣਾ ਲੈਂਦੀਆਂ ਹਨ?
ਪਾਲ ਕੌਰ : ਤੁਹਾਡੇ ਇਹ ਦੋਵੇਂ ਸਵਾਲ ਵੱਖਰੇ ਵੱਖਰੇ ਹਨ। ਪਹਿਲਾ ਹੈ ਨਾਰੀਵਾਦੀ ਕਵਿੱਤਰੀਆਂ ਦਾ ਅਧਿਆਤਮਵਾਦੀ ਹੋਣਾ। ਇਹ ਵੱਡਾ ਇਲਜ਼ਾਮ ਅੰਮ੍ਰਿਤਾ ਜੀ ਉਪੱਰ ਲੱਗਦਾ ਰਿਹਾ ਹੈ। ਅੰਮ੍ਰਿਤਾ ਜੀ ਦਾ ਮੁਕਾਮ ਵੱਖਰਾ ਹੈ। ਅਧਿਆਤਮ ਨੂੰ ਜਿਵੇਂ ਉਨ੍ਹਾਂ ਨੇ ਸਮਝਿਆ, ਆਪਣੇ ਆਪ ਨਾਲ ਜੁੜਨਾ ਹੈ। ਇਹ ਕਿਸੇ ਵੀ ਵਿਅਕਤੀ ਦਾ ਮੁਕਾਮ ਹੋ ਸਕਦਾ ਹੈ। ਬਾਹਰਲੇ ਸੰਘਰਸ਼ ‘ਚੋਂ ਅੱਕ ਥੱਕ ਕੇ ਬੰਦਾ ਅੰਦਰ ਵੱਲ ਨੂੰ ਹੋ ਤੁਰਦਾ ਹੈ। ਪਰ ਜਦੋਂ ਉਨ੍ਹਾਂ ਲਿਖਿਆ ”ਮੈਂ ਤੈਨੂੰ ਫੇਰ ਮਿਲਾਂਗੀ”, ਤਾਂ ਇਥੇ ਮੁਹੱਬਤ ਤੇ ਕੁਦਰਤ ਇਕ ਮਿਕ ਹੋਈਆਂ ਪਈਆਂ ਹਨ। ਹਾਂ, ਮਨਜੀਤ ਟਿਵਾਣਾ ਕਿਤੇ ਗੁੰਮ ਗਈ ਹੈ, ਪਰ ਮੈਂ ਜਾਣਦੀ ਹਾਂ ਕਿ ਉਸ ਨੂੰ ਨਿੱਜੀ ਤੌਰ ‘ਤੇ ਬਹੁਤ ਤਕਲੀਫ਼ ਵਿਚੋਂ ਗੁਜ਼ਰਨਾ ਪਿਆ ਹੈ। ਦਰਦ ਨੂੰ ਲੰਮੇ ਸਮੇਂ ਤੱਕ ਜਰਨਾ ਬਹੁਤ ਔਖਾ ਹੁੰਦਾ ਹੈ ਤੇ ਕਈ ਵਾਰ ਇਨਸਾਨ ਅਧਿਆਤਮ ਦੇ ਰਾਹ ਤੁਰ ਪੈਂਦਾ ਹੈ। ਵੈਸੇ ਭੁਪਿੰਦਰ ਕੌਰ ਪ੍ਰੀਤ ਇਕ ਕਿਤਾਬ ਵਿਚ ਇਸ ਰਾਹੇ ਤੁਰੀ, ਪਰ ਅਗਲੀ ਕਿਤਾਬ ਵਿਚ ਹੀ ਵਾਪਸ ਦੁਨੀਆ ਦੇ ਸਰੋਕਾਰਾਂ ਦੀ  ਕਵਿਤਾ ਆ ਗਈ। ਮੇਰੀਆਂ ਆਪਣੀਆਂ ਕੁਝ ਨਜ਼ਮਾਂ ਅਧਿਆਤਮਕ ਸੂਫ਼ੀ ਰੰਗ ਦੀਆਂ ਹਨ, ਪਰ ਅੱਜ ਕਲ ਮੈਂ ਸਿਆਸੀ ਸਰੋਕਾਰਾਂ ਦੀ ਕਵਿਤਾ ਲਿਖ ਰਹੀ ਹਾਂ। ਇਸ ਲਈ ਨਿਰਭਰ ਕਰਦਾ ਹੈ ਕਿ ਹਾਲਾਤ ਦੇ ਹੱਥਾਂ ਵਿਚ ਤੁਸੀਂ ਕਿਸ ਰੂਪ ਵਿਚ ਢਲ ਜਾਂਦੇ ਹੋ।  ਤੁਹਾਡਾ ਦੂਜਾ ਸਵਾਲ ਕਿ ਉਹ ਜਿਸ ਮਰਦ ਜਾਂ ਮਰਦ ਪ੍ਰਧਾਨ ਸਮਾਜ ਦੀ ਅਲੋਚਨਾ ਕਰਦੀਆਂ ਹਨ, ਉਸੇ ਨੂੰ ਹੀ ਅਪਣਾ ਲੈਂਦੀਆਂ ਹਨ। ਮੈਨੂੰ ਵੀ ਬਹੁਤੀਆਂ ਕਵਿੱਤਰੀਆਂ ਨਾਲ ਇਹੀ ਗਿਲਾ ਹੈ। ਮਰਦ ਨੂੰ ਅਪਨਾਣ ਵਿਚ ਤਾਂ ਕੋਈ ਮਿਹਣਾ ਨਹੀਂ। ਫਿਰ ਕਿਸ ਦਾ ਕਿਸ ਨਾਲ ਸੰਬੰਧ ਹੈ, ਇਹ ਫ਼ੈਸਲਾ ਸਭ ਦਾ ਆਪਣਾ ਹੁੰਦਾ ਹੈ ਤੇ ਇਸ ਦਾ ਨਫ਼ਾ ਨੁਕਸਾਨ ਵੀ ਉਨ੍ਹਾਂ ਦਾ ਆਪਣਾ, ਪਰ ਮਰਦ ਦੀ ਤਾਕਤ ਨੂੰ ਵਰਤਣਾ ਜਾਇਜ਼ ਨਹੀਂ। ਮਰਦ ਆਪਣੇ ਪੈਸੇ, ਅਹੁਦੇ, ਸ਼ੁਹਰਤ ਦੀ ਤਾਕਤ ਦੇ ਜ਼ੋਰ ‘ਤੇ ਵੱਡੇ ਵੱਡੇ ਫ਼ੈਸਲੇ ਕਰਨ ਦਾ ਹੱਕਦਾਰ ਬਣ ਜਾਂਦਾ ਹੈ। ਜਦੋਂ ਕੋਈ ਕਵਿਤਰੀ ਕਿਸੇ ਮਰਦ ਦੇ ਮੋਢਿਆਂ ‘ਤੇ ਬਹਿ ਕੇ ਉਡੱਦੀ ਹੈ ਤਾਂ ਮੈਂ ਇਸ ਨੂੰ ਉਡਾਣ ਨਹੀਂ ਮੰਨਦੀ। ਕਵਿਤਾ ਨੂੰ ਸਭ ਤੋਂ ਵੱਡਾ ਨੁਕਸਾਨ ਹੁੰਦਾ ਹੈ ਜਦੋਂ ਲੇਖਕ, ਮੁਹਤਬਰ  ਲੇਖਕ, ਤਾਕਤਵਰ ਲੇਖਕ ਨਵਾਂ ਲਿਖਣ ਵਾਲੀਆਂ ਕੁੜੀਆਂ ਦੀ ਹੱਦੋਂ ਵੱਧ ਤਾਰੀਫ਼ ਕਰਨ ਲੱਗਦੇ ਹਨ। ਕਈ ਵਾਰੀ ਨਿਸ਼ਾਨਾ ਕਵਿਤਾ ‘ਤੇ ਨਹੀਂ, ਕਵਿੱਤਰੀ ‘ਤੇ ਹੁੰਦਾ ਹੈ। ਜੇ ਉਹ ਸਾਰੀ ਤਾਰੀਫ਼ ਨੂੰ ਸੱਚ ਸਮਝ ਬੈਠਦੀ ਹੈ ਤਾਂ ਛੇਤੀ ਖ਼ਤਮ ਹੋ ਸਕਦੀ ਹੈ। ਇਸ ਲਈ ਚੰਗਾ ਲਿਖਣ ਵਾਲੀਆਂ ਕਵਿੱਤਰੀਆਂ ਨੂੰ ਇਨ੍ਹਾਂ ਗੱਲਾਂ ਪ੍ਰਤੀ ਸੁਚੇਤ ਰਹਿਣਾ ਚਾਹੀਦਾ  ਅਤੇ ਚਿੰਤਨਸ਼ੀਲ ਕੁੜੀਆਂ ਸੁਚੇਤ ਰਹਿੰਦੀਆਂ ਵੀ ਹਨ।
ਸਵਾਲ : ਤੁਸੀਂ ਰਜਨੀਸ਼ ਤੋਂ ਵੀ ਪ੍ਰਭਾਵਤ ਹੋ, ਉਸ ਦੀ ਕਿਸ ਫਿਲਾਸਫ਼ੀ ਨੇ ਤੁਹਾਨੂੰ ਪ੍ਰਭਾਵਤ ਕੀਤਾ। ਤੁਹਾਡੀ ਸਖ਼ਸੀਅਤ ਵਿਚ ਕਿਹੜਾ ਬਦਲਾਅ ਇਸ ਫਿਲਾਸਫੀ ਨੇ ਲਿਆਂਦਾ?
ਪਾਲ ਕੌਰ : ਰਜਨੀਸ਼ ਸਾਨੂੰ ਅੰਦਰੋਂ ਉਧੇੜਦਾ ਹੈ। ਤੁਸੀਂ ਜੋ ਹੁੰਦੇ ਹੋ, ਪਰ ਸਵੀਕਾਰ ਨਹੀਂ ਕਰਦੇ, ਉਹ ਤੁਹਾਡੀ ਤਲੀ ‘ਤੇ ਧਰ ਦੇਂਦਾ ਹੈ। ਉਹ ਤੁਹਾਨੂੰ ਅੰਦਰੋਂ ਖੋਲ੍ਹ ਦੇਂਦਾ ਹੈ। ਰਜਨੀਸ਼ ਦੀ ਆਪਣੀ ਕੋਈ ਫ਼ਿਲਾਸਫ਼ੀ ਨਹੀਂ। ਉਸ ਨੇ ਭਗਤੀ ਅੰਦੋਲਨ ਦੇ ਸਾਰੇ ਭਗਤਾਂ/ ਕਵੀਆਂ ਦੀ ਵਿਆਖਿਆ ਕੀਤੀ ਹੈ। ਉਹ ਵਿਆਖਿਆਕਾਰ ਵੱਡਾ ਹੈ ਤੇ ਤੁਹਾਨੂੰ ਨਾਲ ਵਹਾ ਕੇ ਲੈ ਜਾਂਦਾ ਹੈ। ਸਭ ਤੋਂ ਵਧੀਆ ਗੱਲ ਜੋ ਮੈਨੂੰ ਚੰਗੀ ਲੱਗੀ, ਵਰਤਮਾਨ ਵਿਚ, ਛਿਣ ਵਿਚ ਰਹਿਣ ਵਾਲੀ। ਜੋ ਕਰ ਰਹੇ ਹੋ, ਉਸ ਨੂੰ ਰੂਹ ਨਾਲ ਕਰੋ, ਪੂਰੀ ਇਕਾਗਰਤਾ ਨਾਲ ਜੀਅ ਕੇ ਕਰੋ। ਮੈਂ ਵੀ ਆਪਣੇ ਅੰਦਰ ਦੀਆਂ ਕਈ ਗੱਲਾਂ ਤੋਂ ਮੁਨਕਰ ਸੀ, ਉਸ ਵਕਤ ਉਸ ਨੇ ਮੈਨੂੰ ਅੰਦਰੋਂ ਮੇਰਾ ਆਪਾ ਸਵੀਕਾਰ ਕਰਵਾਇਆ। ਤੁਸੀਂ ਉਸ ਨੂੰ ਅਧਿਆਤਮ ਕਹਿੰਦੇ ਹੋ, ਸਗੋਂ ਉਸ  ਨੇ ਮੈਨੂੰ ਅਖੌਤੀ ਅਧਿਆਤਮ ‘ਚੋਂ ਕੱਢਿਆ।
ਵਿਮੈਨ ਹੋਸਟਲ ਦੇ ਅਨੁਭਵ
ਸਵਾਲ : ਵਰਕਿੰਗ ਵਿਮੈਨ ਹੋਸਟਲ ਵਿਚ ਰਹਿੰਦਿਆਂ ਦੇ ਅਨੇਕਾਂ ਅਨੁਭਵ ਤੁਹਾਡੀ ਪੁਤਸਕ ‘ਮੀਰਾ’ ਵਿਚ ਆਏ ਹਨ, ਉਨ੍ਹਾਂ ਨੂੰ ਜਾਂ ਉਨ੍ਹਾਂ ਤੋਂ ਇਲਾਵਾ ਹੋਰ ਅਨੁਭਵਾਂ ਨੂੰ ‘ਸਵਾਲ’ ਦੇ ਪਾਠਕਾਂ ਨਾਲ ਸਾਂਝਾ ਕਰੋ।
ਪਾਲ ਕੌਰ : ਵਰਕਿੰਗ ਵਿਮੈਨ ਹੋਸਟਲ ਵਿਚ ਰਹਿੰਦਿਆਂ ਕੁੜੀਆਂ/ ਔਰਤਾਂ ਬਾਰੇ ਸ਼ਹਿਰ ਵਿਚ ਲੋਕਾਂ ਦੇ ਬੜੇ ਅਜੀਬ ਵਿਚਾਰ ਸੁਣੇ। ਮੇਰੀ ਇਕ ਸਹਿਯੋਗੀ ਕਹਿੰਦੀ ਸੀ, ‘ਵਹਾਂ ਤੋ ਸਾਰੀ ਛੋੜੀ ਹੂਈ ਰਹਿਤੀ ਹੈਂ’, ਮੈਨੂੰ ਇਹ ਗੱਲਾਂ ਸੁਣ ਕੇ ਦੁੱਖ ਹੁੰਦਾ ਸੀ। ਜੇ ਉਹ ਛੱਡੀਆਂ ਹੋਈਆਂ ਨੇ ਤਾਂ ਕੀ ਉਹ ਸਮਾਜ ਦਾ ਹਿੱਸਾ ਨਹੀਂ ਰਹਿ ਗਈਆਂ? ਸਵਾਲ ਵਿਧਵਾਵਾਂ ਵਾਂਗ ਇਨ੍ਹਾਂ ਨੂੰ ਵੀ ਬਨਾਰਸ ਤਾਂ ਨਹੀਂ ਭੇਜ ਦੇਣਾ। ਉਨ੍ਹਾਂ ਔਰਤਾਂ ਵਿਚੋਂ ਕਈਆਂ ਨੂੰ ਮੈਂ ਮਾਨਸਿਕ ਪੀੜ ਵਿਚੋਂ ਗੁਜ਼ਰਦਿਆਂ ਵੇਖਿਆ ਤਾਂ ਵੀ ਮੇਰਾ ਜੀਅ ਕੀਤਾ ਕਿ ਇਨ੍ਹਾਂ ਦੇ ਜੀਵਨ ਅੰਦਰ ਝਾਤੀ ਮਾਰ ਕੇ ਸਮਾਜ ਨੂੰ ਦੱਸਿਆ ਜਾਵੇ ਕਿ ਇਹ ਇੰਜ ਕਿਉਂ ਹਨ। ਰਚਨਾ ਦੀ ਸੂਤਰਧਾਰ ਵਾਰਡਨ ਮੈਡਮ ਨਾਲ ਮੇਰੀ ਬੜੀ ਨੇੜਤਾ ਸੀ। ਉਹਦੇ ਰਾਹੀਂ ਹੀ, ਉਹਦੇ ਤੋਂ ਸੁਣ ਕੇ, ਕੁਝ ਆਪ ਗੱਲ ਬਾਤ ਕਰਕੇ ਇਹ ਦਸਤਾਵੇਜ਼ ਤਿਆਰ ਹੋਇਆ। ਇਸ ਵਿਚ ਪੰਦਰਾਂ ਔਰਤਾਂ ਦੇ ਰੇਖਾ ਚਿੱਤਰ ਹਨ। ਸਭ ਵੱਖੋ ਵੱਖ ਕਾਰਨਾਂ ਕਰਕੇ ਇਕੱਲੀਆਂ ਹੋ ਗਈਆਂ ਹਨ। ਕਿਸੇ ਦਾ ਪਿਤਾ ਆਰਥਕ ਤੰਗੀ ਕਰਕੇ ਵਿਆਹ ਨਹੀਂ ਕਰ ਸਕਿਆ ਤੇ ਉਹ ਨੌਕਰੀ ਕਰ ਕੇ ਪਰਿਵਾਰ ਪਾਲ ਰਹੀ ਹੈ। ਕਿਸੇ ਦੀ ਮਾਂ ਦੀ ਮੌਤ ਨੇ ਉਸ ਨੂੰ ਆਪਣੇ ਹੀ ਭੈਣ ਭਰਾਵਾਂ ਦੀ ਮਾਂ ਬਣਾ ਦਿੱਤਾ ਤੇ ਵਿਆਹ ਦਾ ਵਕਤ ਲੰਘ ਗਿਆ। ਕਿਸੇ ਦੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਨੇ ਉਸ ਨਾਲ ਜ਼ਿਆਦਤੀ ਕੀਤੀ ਤੇ ਉਸ ਨੂੰ ਆਦਮੀਆਂ ਤੋਂ ਨਫ਼ਰਤ ਹੋ ਗਈ। ਸਵਾਲ ਆਪਣੀ ਇਕੱਲਤਾ ਵਿਚੋਂ ਨਿਕਲਣ ਲਈ ਤੇ ਮਨ ਦੀ ਤਸੱਲੀ ਲਈ ਇਨ੍ਹਾਂ ਨੇ ਰਾਹ ਵੀ ਵੱਖੋ ਵੱਖਰੇ ਅਪਣਾ ਲਏ ਹਨ ਤੇ ਜੀਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਕਿਸੇ ਦੀ ਜ਼ਿੰਦਗੀ ਵਿਚ ਅਜਿਹਾ ਮਰਦ ਹੈ, ਜੋ ਪਹਿਲਾਂ ਹੀ ਵਿਆਹਿਆ ਹੋਇਆ ਹੈ ਤੇ ਉਹ ਉਸ ਬੰਦੇ ਦੇ ਪਰਿਵਾਰ ਦਾ ਵਿਰੋਧ ਸਹਿਣ ਕਰ ਰਹੀ ਹੈ। ਕਿਸੇ ਨੇ ਸ਼ਹਿਰ ਦੇ ਇਕ ਆਸ਼ਰਮ ਵਿਚ ਜਾਣਾ ਸ਼ੁਰੂ ਕਰ ਦਿੱਤਾ ਹੈ, ਕੋਈ ਰਜਨੀਸ਼ ਦੇ ਰਾਹ ਹੈ ਤੇ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜੀਅ ਰਹੀ ਹੈ। ਕਿਸੇ ਨੇ ਆਪਣੀ ਸਹੇਲੀ ਦੀ ਨੇੜਤਾ ਵਿਚੋਂ ਤਸੱਲੀ ਲੱਭ ਲਈ ਹੈ। ਇਸ ਤੋਂ ਇਲਾਵਾ ਮੇਰੇ ਆਲੇ ਦੁਆਲੇ ਬਹੁਤ ਸਾਰੀਆਂ ਕੁੜੀਆਂ ਜਦੋਂ ਤੀਹ ਪਾਰ ਕਰਦੀਆਂ ਹਨ ਤਾਂ ਅਸੁਰੱਖਿਅਤ ਸਥਿਤੀ ਵਿਚ ਆ ਜਾਂਦੀਆਂ ਹਨ। ਇਕੱਲੀਆਂ ਔਰਤਾਂ ਨਾਲ ਸਬੰਧਤ ਮੇਰੀ ਕਾਵਿ ਪੁਸਤਕ ‘ਇੰਜ ਨਾ ਮਿਲੀਂ’ ਵਿਚ ਮੇਰੀਆਂ ਨਜ਼ਮਾਂ ਵੀ ਨੇ। ਕੁਆਰੀ ਕੁੜੀ, ਚਿਰ ਕੁਆਰੀ ਕੁੜੀ, ਅਣਵਿਆਹੀ ਔਰਤ ਤੇ ਦੁਹਾਗਣ ਦੇ ਨਵੇਂ ਸੰਕਲਪ ਸਿਰਜੇ ਗਏ ਹਨ। ਕਈ ਵਿਆਹੀਆਂ, ਪੂਰੇ ਪਰਿਵਾਰ ਵਾਲੀਆਂ ਔਰਤਾਂ ਨੂੰ ਵੀ ਮੈਂ ਬਹੁਤ ਇਕੱਲ ਭੋਗਦਿਆਂ ਵੇਖਿਆ ਹੈ। ਬੱਚਿਆਂ ਦੇ ਮੋਹ ਕਰਕੇ ਪਤੀ ਤੋਂ ਅਲੱਗ ਹੋਣ ਦਾ ਫ਼ੈਸਲਾ ਵੀ ਨਹੀਂ ਲੈ ਸਕਦੀਆਂ। ਨੌਕਰੀ ਵੀ ਕਰਦੀਆਂ ਨੇ ਤੇ ਪਤੀ ਦੀ ਮਰਦ ਹਉਂ ਦਾ ਸ਼ਿਕਾਰ ਵੀ ਹੁੰਦੀਆਂ ਹਨ।
ਸਵਾਲ : ਤੁਸੀਂ ਸਾਹਿਤ ਸਭਾਵਾਂ ਨੂੰ ਕਿਵੇਂ ਲੈਂਦੇ ਹੋ? ਇਨ੍ਹਾਂ ਦੀ ਇਕ ਲੇਖਕ ਦੀ ਜ਼ਿੰਦਗੀ ਵਿਚ ਕੀ ਜ਼ਰੂਰਤ ਸਮਝਦੇ ਹੋ? ਆਮ ਕਿਹਾ ਜਾਂਦੈ ਬਈ ਲੇਖਕ ਦਾ ਕੰਮ ਲਿਖਣਾ ਹੈ, ਉਹ ਜਥੇਬੰਦੀਆਂ ਵਿਚ ਕਿਉਂ ਜਾਵੇ?
ਪਾਲ ਕੌਰ : ਦੇਖੋ, ਸਵਾਲ ਮੈਂ ਘਰ ਬੈਠੀ ਲਿਖ ਰਹੀ ਹਾਂ…ਜੇ ਕੱਲ੍ਹ ਨੂੰ ਪੰਜਾਬੀ ਹੀ ਨਾ ਰਹੇ ਤਾਂ ਮੇਰਾ ਲਿਖਿਆ ਪੜ੍ਹੇਗਾ ਕੌਣ? ਇਹ ਕੰਮ ਸਭਾਵਾਂ ਕਰਦੀਆਂ ਨੇ…ਭਾਸ਼ਾ ਦੀ ਲੜਾਈ ਐ…ਜੇ ਅੱਜ ਪਾਸ਼ ਦੀ ਕਵਿਤਾ ਕੱਢਣ ਦੀ ਗੱਲ ਹੋ ਰਹੀ ਹੈ ਸਲੇਬਸ ‘ਚੋਂ ਤਾਂ ਇਹ ਲੜਾਈ ਤਾਂ ਸਭਾਵਾਂ ਹੀ ਲੜ ਰਹੀਆਂ ਨੇ ਨਾ! ਲੇਖਕਾਂ ਨੂੰ ਲਿਖਣ ਦੀ ਆਜ਼ਾਦੀ ਚਾਹੀਦੀ ਹੈ…ਸਾਡੇ ਤਾਂ ਇੱਥੇ ਸਮਾਜਕ ਬੁਰਾਈਆਂ ਦੀ ਗੱਲ ਕਰਨ ਵਾਲੇ ਲੇਖਕਾਂ ਨੂੰ ਮਾਰਿਆ ਜਾ ਰਿਹੈ…ਤੇ ਜੇ ਸਿਆਸੀ ਤੌਰ ‘ਤੇ ਲੇਖਕ ਦੀ ਢਾਲ ਨੇ ਤਾਂ ਉਹ ਸਭਾਵਾਂ ਹੀ ਨੇ। ਉਨ੍ਹਾਂ ਦੀ ਥਾਂ…ਉਨ੍ਹਾਂ ਦੀ ਇੱਜ਼ਤ…ਉਨ੍ਹਾਂ ਦਾ ਵਜੂਦ ਸਭਾਵਾਂ ਰਾਹੀਂ ਹੀ ਬਚਾਇਆ ਜਾ ਸਕਦਾ ਹੈ।
ਇਹ ਮੈਨੂੰ ਪਤਾ ਹੈ ਕਿ ਕਿਸੇ ਸਭਾ ਦੇ ਸਮਾਗਮ ਵਿਚ ਚਲੇ ਜਾਓ ਜਾਂ ਕਾਨਫਰੰਸ ‘ਚ ਚਲੇ ਜਾਓ ਕਿ ਉਥੋਂ ਲੇਖਕ ਕੁਝ ਸਿੱਖ ਕੇ ਆਉਗਾ…ਉਹਦੇ ‘ਚ ਸਭਾਵਾਂ ਦਾ ਰੋਲ ਨਹੀਂ…ਲੇਖਕ ਨੇ ਤਾਂ ਆਪਣੀ ਸੂਝ ਮੁਤਾਬਕ ਹੀ ਲਿਖਣੈ…ਸੋ ਸਿਆਸੀ ਤੌਰ ‘ਤੇ ਜਿਹੜੀ ਜ਼ਰੂਰਤ ਹੈ, ਉਹ ਸਭਾਵਾਂ ਹੀ ਪੂਰਾ ਕਰਦੀਆਂ ਨੇ।
ਸਵਾਲ : ਤੁਸੀਂ ਸਾਰੀ ਉਮਰ ਹਰਿਆਣਾ ਵਿਚ ਕੰਮ ਕੀਤਾ ਹੈ। ਤੁਸੀਂ ਪਾਠਕਾਂ ਨੂੰ ਇਹ ਦੱਸੋ ਕਿ ਇਸ ਵਕਤ ਹਰਿਆਣਾ ਵਿਚ ਪੰਜਾਬੀ ਸਾਹਿਤ ਦੀ ਕੀ ਸਥਿਤੀ ਹੈ?
ਪਾਲ ਕੌਰ : ਹਰਿਆਣਾ ਵਿਚ ਪੰਜਾਬੀ ਨਾਲ ਵਾਰ ਵਾਰ ਧੋਖਾ ਹੋਇਆ। ਉਂਜ ਤਾਂ ਬੜੀ ਦੇਰ ਦੀ ਮੰਗ ਐ ਕਿ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦਿੱਤਾ ਜਾਵੇ। ਜਦੋਂ ਬੰਸੀ ਲਾਲ ਮੁੱਖ ਮੰਤਰੀ ਬਣਿਆ ਤਾਂ ਉਸ ਨੇ ਤਾਮਿਲ ਨੂੰ ਦੂਜੀ ਭਾਸ਼ਾ ਦਾ ਦਰਜਾ ਦੇ ਦਿੱਤਾ…ਲੇਖਕਾਂ ਨੇ ਖ਼ੈਰ ਬਹੁਤ ਸੰਘਰਸ਼ ਕੀਤਾ…ਫੇਰ ਭੁਪਿੰਦਰ ਸਿੰਘ ਹੁੱਡਾ ਸੱਤਾ ਵਿਚ ਆਏ…ਉਨ੍ਹਾਂ ਨੇ ਦਰਜਾ ਤਾਂ ਦੇ ਦਿੱਤਾ, ਕੈਬਨਿਟ ‘ਚ ਮਤਾ ਪਾਸ ਕਰ ਦਿੱਤਾ…ਚਾਰੇ ਪਾਸੇ ਚਰਚਾ ਵੀ ਹੋ ਗਈ…ਪਰ ਲਾਗੂ ਹਾਲੇ ਤੱਕ ਨਹੀਂ ਹੋਇਆ…। ਜੇ ਸਵਾਲ ਤੁਸੀਂ ਕਿਸੇ ਭਾਸ਼ਾ ਨੂੰ ਦੂਜਾ ਦਰਜਾ ਦਿੱਤਾ ਹੈ ਤਾਂ ਸਕੂਲਾਂ-ਕਾਲਜਾਂ ਵਿਚ ਪੰਜਾਬੀ ਅਧਿਆਪਕਾਂ ਦੀਆਂ ਆਸਾਮੀਆਂ ਹੋਣੀਆਂ ਚਾਹੀਦੀਆਂ ਨੇ…ਦੂਜੀ ਭਾਸ਼ਾ ਦੇ ਦਰਜੇ ਦਾ ਮਤਲਬ ਐ ਕਿ ਜੇ ਕੋਈ ਇਕ ਬੱਚਾ ਵੀ ਪੰਜਾਬੀ ਪੜ੍ਹਨੀ ਚਾਹੁੰਦਾ ਹੈ ਤਾਂ ਉਹਦੇ ਲਈ ਅਧਿਆਪਕ ਦਾ ਇੰਤਜ਼ਾਮ ਕਰਨਾ ਪਏਗਾ। ਲੇਕਿਨ ਜੇ ਉਥੇ ਕੋਈ ਅਧਿਆਪਕ ਹੀ ਨਹੀਂ ਤਾਂ ਇਕ-ਦੋ ਬੱਚਿਆਂ ਦੀ ਕੋਈ ਪ੍ਰਵਾਹ ਹੀ ਨਹੀਂ ਕਰਦਾ। ਸੋ, ਇਸ ਪਾਸੇ ਕੰਮ ਹੋਣ ਵਾਲਾ ਹੈ। ਫੇਰ ਅਕਾਦਮੀ ਵੀ ਲੜ ਲੜ ਕੇ ਲਈ…ਪਹਿਲਾਂ ਤਾਂ ‘ਕੱਠੀ ਅਕਾਦਮੀ ਸੀ…ਇਕੋ ‘ਹਰਿਆਣਾ ਸਾਹਿਤ ਅਕਾਦਮੀ’। ਉਹਦੇ ਵਿਚ ਹਿੰਦੀ ਦਾ ਕੰਮ ਜ਼ਿਆਦਾ ਸੀ ਤੇ ਪੰਜਾਬੀ ਦਾ ਨਾ-ਮਾਤਰ। ਫੇਰ ਇਹਦੇ ਲਈ ਸੰਘਰਸ਼ ਚੱਲਿਆ ਕਿ ਵੱਖਰੀ ਪੰਜਾਬੀ ਅਕਾਦਮੀ ਦਿੱਤੀ ਜਾਵੇ। ਫੇਰ ਉਦੋਂ ਇਕੱਠੀਆਂ ਅਕਾਦਮੀਆਂ ਬਣੀਆਂ-ਪੰਜਾਬੀ, ਸੰਸਕ੍ਰਿਤ, ਉਰਦੂ। ਸਵਾਲ ਜਿਹੜੀ ਪੰਜਾਬੀ ਅਕਾਦਮੀ ਐ੩ ਉਹਦਾ ਮੁਖੀ ਸਰਕਾਰ ਦਾ ਹੀ ਬੰਦਾ ਹੁੰਦੈ…ਜਿਹੜੀ ਸਰਕਾਰ ਆਉਂਦੀ ਐ, ਉਹ ਆਪਣਾ ਬੰਦਾ ਫਿੱਟ ਕਰਦੀ ਐ। ਠੀਕ ਹੈ ਪੈਸਾ ਹੁੰਦਾ ਹੈ ਪਰ ਉਸ ਡਾਇਰੈਕਟਰ ਉਤੇ ਆਈ.ਏ.ਐਸ. ਅਫ਼ਸਰ ਹੋਣਗੇ…ਸੋ, ਡਾਇਰੈਕਟਰ ਆਪਣੇ ਬੌਸਾਂ, ਚਾਹੇ ਉਹ ਅਫ਼ਸਰ ਤੇ ਚਾਹੇ ਕੋਈ ਸਿਆਸਤਦਾਨ, ਨੂੰ ਹੀ ਖ਼ੁਸ਼ ਕਰਨ ‘ਤੇ ਰਹਿ ਜਾਂਦੈ। ਸੋ, ਕੋਈ ਅਕਾਦਮੀ ਸੁਤੰਤਰ ਹੋ ਕੇ ਕੰਮ ਨਹੀਂ ਕਰ ਪਾਉਂਦੀ। ਪੰਜਾਬੀ ਅਕਾਦਮੀ ਦਾ ਵੀ ਇਹੋ ਹਾਲ ਰਿਹਾ…ਇਕ-ਦੋ ਡਾਇਰੈਕਟਰ ਵਿਚ ਚੰਗੇ ਵੀ ਆਏ…ਸਵਾਲ ਨਵੀਂ ਸਰਕਾਰ ਨੇ ਆਪਣਾ ਬੰਦਾ ਫਿੱਟ ਕੀਤੈ…ਆਰ.ਐਸ.ਐਸ. ਪਿਛੋਕੜ ਦਾ। ਅਸ਼ਵਨੀ ਗੁਪਤਾ ਉਹਦਾ ਨਾਂ ਹੈ…ਬੜੀ ਦੇਰ ਲਭਦੇ ਰਹੇ…ਲੇਕਿਨ ਹਰਿਆਣਾ ਵਿਚੋਂ ਉਨ੍ਹਾਂ ਨੂੰ ਕੋਈ ਐਸਾ ਬੰਦਾ ਮਿਲਿਆ ਨਹੀਂ, ਫੇਰ ਪੰਜਾਬ ‘ਚੋਂ ਲਿਆ ਕੇ ਲਗਾਇਆ। ਜੇ ਉਹ ਸੌ ਸਫ਼ੇ ਦਾ ਰਸਾਲਾ (ਸ਼ਬਦ ਬੂੰਦ) ਕੱਢਦੈ ਤਾਂ 40 ਪੇਜਾਂ ਦਾ ਵੀਰ ਸਾਵਰਕ ‘ਤੇ ਲੇਖ ਐ…ਜੋ ਤੁਸੀਂ ਲਿਖਿਆ ਉਹੀ ਵੀ ਆਰ.ਐਸ.ਐਸ. ਦੇ ਨਿਸ਼ਾਨੇ ‘ਤੇ…ਜੋ ਪੂਰੇ ਦੇਸ਼ ‘ਚ ਚੱਲ ਰਿਹੈ, ਹਰਿਆਣਾ ਦੀ ਅਕਾਦਮੀ ਵਿਚ ਵੀ ਉਵੇਂ ਹੀ ਹੋ ਰਿਹੈ। ਮੈਂ ਤਾਂ ਸਵਾਲ ਉਨ੍ਹਾਂ ਦੇ ਸਮਾਗਮਾਂ ਵਿਚ ਆਂਦੀ-ਜਾਂਦੀ ਵੀ ਨਹੀਂ।
ਸਵਾਲ : ਆਪਾਂ ਭਾਸ਼ਾ ਦੀ ਗੱਲ ਕਰ ਰਹੇ ਸੀ। ਤਾਂ ਜਿਵੇਂ ਪੰਜਾਬੀ ਸਮੇਤ ਦੁਨੀਆ ਭਰ ਦੀਆਂ ਲੋਕ-ਭਾਸ਼ਾਵਾਂ ਨੂੰ ਖ਼ਤਰਾ ਐ। ਤੁਸੀਂ ਕੀ ਸੋਚਦੇ ਹੋ ਕਿ ਪੰਜਾਬੀ ਦੀ ਇਹ ਹਾਲਤ ਕਿਉਂ ਬਣਦੀ ਜਾ ਰਹੀ ਹੈ?
ਪਾਲ ਕੌਰ : ਦਰਅਸਲ; ਇਹ ਵਿਗਾੜ ਐ ਜੋ ਸਾਡੇ ਘਰਾਂ ਤੋਂ ਈ ਸ਼ੁਰੂ ਹੁੰਦੈ…ਕਿਉਂਕਿ ਜਿਹੜਾ ਪੂਰਾ ਢਾਂਚਾ ਬਣ ਗਿਆ, ਉਹਦੇ ਵਿਚ ਅੰਗਰੇਜ਼ੀ ਦਾ ਬੋਲ-ਬਾਲਾ ਹੈ ਕਿ ਬੱਚੇ ਦਾ ਪੰਜਾਬੀ ਵਿਚ ਕੈਰੀਅਰ ਨਹੀਂ ਬਣਨਾ। ਜਿਹੜੇ ਪੰਜਾਬੀ ਦੇ ਕਹਿੰਦੇ-ਕਹਾਉਂਦੇ ਲੇਖਕ ਨੇ…ਆਪਣੇ ਆਪ ਨੂੰ ਪੰਜਾਬੀ ਦਾ ਅਲੰਬਰਦਾਰ ਕਹਿੰਦੇ ਨੇ…ਉਹ ਵੀ ਆਪਣੇ ਬੱਚਿਆਂ ਨੂੰ ਪੰਜਾਬੀ ਨਹੀਂ ਪੜ੍ਹਾਉਣਾ ਚਾਹੁੰਦੇ। ਸੋ, ਇਕ ਤਾਂ ਵਿਗਾੜ ਏਥੇ ਈ ਐ…ਦੂਜਾ ਵਪਾਰਕੀ ਯੁੱਗ ਐ… ਤੇ ਵਪਾਰਕੀ ਯੁੱਗ ਵਿਚ ਭਾਸ਼ਾ ਤੇ ਸਾਹਿਤ ਨੂੰ ਖੋਰਾ ਲਗਣਾ ਈ ਐ…ਪੰਜਾਬ ਵਿਚ ਹੀ ਪੰਜਾਬੀ ਦਾ ਮਾੜਾ ਹਾਲ ਹੈ…। ਇਹਨੂੰ ਖ਼ਤਮ ਕਰਨ ਪਿੱਛੇ ਸਿਆਸੀ ਚਾਲਾਂ ਹੀ ਕੰਮ ਕਰਦੀਆਂ ਨੇ ਕਿਉਂਕਿ ਉਨ੍ਹਾਂ ਦੇ ਹਿਤ ਵੱਡੀਆਂ ਵਪਾਰਕ ਕੰਪਨੀਆਂ ਨਾਲ ਜੁੜੇ ਹੋਏ ਨੇ…ਸਿਆਸਤਦਾਨ ਵੀ ਮਾਰਕੀਟ ਦੀ ਹੀ ਭਾਸ਼ਾ ਨੂੰ ਤਰਜੀਹ ਦੇ ਰਹੇ ਨੇ…ਪੰਜਾਬੀ ਨਾਲ ਉਨ੍ਹਾਂ ਦਾ ਕੋਈ ਲਾਗਾ-ਤੇਗਾ ਨਹੀਂ।
ਗਿਆਨ ਦੇ ਅਦਾਰਿਆਂ ਤੇ ਕਬਜ਼ੇ
ਸਵਾਲ : ਤੁਸੀਂ ਦੱਸ ਰਹੇ ਸੀ ਕਿ ‘ਸ਼ਬਦ ਬੂੰਦ’ ‘ਚ ਸਾਵਰਕਰ ਬਾਰੇ 40 ਸਫ਼ਿਆਂ ਦਾ ਲੇਖ ਲੱਗਾ। ਇਹ ਸਿਰਫ਼ ਹਰਿਆਣਾ ‘ਚ ਹੀ ਨਹੀਂ, ਪੂਰੇ ਦੇਸ਼ ‘ਚ ਇਹ ਹਵਾ ਚਲਾਈ ਜਾ ਰਹੀ ਹੈ। ਪਾਸ਼ ਤੋਂ ਤਾਂ ਮੰਨਿਆ, ਉਨ੍ਹਾਂ ਨੂੰ ਤਾਂ ਰਬਿੰਦਰ ਨਾਥ ਟੈਗੋਰ ਤੇ ਮਿਰਜ਼ਾ ਗ਼ਾਲਿਬ ਤੋਂ ਵੀ ਖ਼ਤਰਾ ਮਹਿਸੂਸ ਹੂੰਦੈ। ਤੁਸੀਂ ਕੀ ਸਮਝਦੇ ਹੋ ਕਿ ਅਜਿਹੇ ਦੌਰ ਵਿਚ ਲੇਖਕਾਂ, ਬੁੱਧੀਜੀਵੀਆਂ ਦੀ ਭੂਮਿਕਾ ਕੀ ਹੋਣੀ ਚਾਹੀਦੀ ਹੈ?
ਪਾਲ ਕੌਰ : ਐਸ ਵੇਲੇ ਜੋ ਸਥਿਤੀ ਐ…ਜਿੰਨੀਆਂ ਵੀ ਗਿਆਨ ਦੀਆਂ ਸੰਸਥਾਵਾਂ ਨੇ…ਜਿੱਥੇ ਵੀ ਕੋਈ ਖੋਜ ਹੋ ਰਹੀ ਹੈ…ਉੱਥੇ ਆਰ ਐਸ ਐਸ ਦੀ ਵਿਚਾਰਧਾਰਾ ਵਾਲੇ ਬੰਦੇ ਤਾਇਨਾਤ ਕਰ ਦਿੱਤੇ ਗਏ ਨੇ…ਸੋਸ਼ਲ ਮੀਡੀਆ ‘ਤੇ ਵੀ ਜੇ ਕੋਈ ਲਿਖ ਰਿਹੈ ਤਾਂ ਨੋਟ ਹੋ ਰਿਹੈ…ਇਸ ਸਾਰੇ ਰੁਝਾਨ ‘ਚ ਦੇਸ਼ ਮਾੜੀਆਂ ਸਥਿਤੀਆਂ ਵੱਲ ਹੀ ਜਾ ਰਿਹੈ…ਕਿਉਂਕਿ ਜਦੋਂ ਤੁਸੀਂ ਕੋਈ ਖ਼ਾਸ ਵਿਚਾਰਧਾਰਾ ਸਾਰੀ ਦੁਨੀਆ ‘ਤੇ ਥੋਪਣੀ ਸ਼ੁਰੂ ਕਰ ਦੇਵੋਗੇ ਕਿ ਸਾਡੇ ਮੁਤਾਬਕ ਹੀ ਸੋਚੋ…ਏਦਾਂ ਤਾਂ ਹੋ ਨਹੀਂ ਸਕੇਗਾ। ਐਸ ਵੇਲੇ ਦੇਸ਼ ਦੀ ਜਿਹੜੀ ਸਿਆਸਤ ਐ…ਉਹ ਫੇਲ੍ਹ ਐ…ਵਿਰੋਧੀ ਧਿਰ ਜੋ ਸਾਰਥਕ ਰੋਲ ਨਿਭਾ ਸਕਦੀ ਸੀ…ਉਹ ਅਦਾ ਨਹੀਂ ਕਰ ਪਾ ਰਹੀ…ਤੇ ਉਹਨੂੰ ਖ਼ਤਮ ਕੀਤਾ ਵੀ ਜਾ ਰਿਹੈ…ਜੋ ਵੀ ਇਨ੍ਹਾਂ ਦਾ ਵਿਰੋਧ ਕਰਦੈ, ਚਾਹੇ ਉਹ ਸਿਆਸਤ ਦੇ ਪੱਧਰ ‘ਤੇ ਤੇ ਚਾਹੇ ਵਿਚਾਰਧਾਰਾ ਪੱਧਰ ‘ਤੇ, ਉਹਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਤੇ ਫੇਰ ਇਹਦੇ ਵਿਚ ਲੇਖਕਾਂ ਨੂੰ ਹੀ ਨਿਡਰ ਹੋ ਕੇ ਕੰਮ ਕਰਨਾ ਪਏਗਾ। ਮੈਨੂੰ ਲਗਦੈ ਕੰਮ ਵੀ ਇਹੀ ਆਉਣੈ, ਸੋ, ਜੋ ਲੇਖਕ ਕਰ ਰਹੇ ਨੇ…ਉਹ ਕਰਦੇ ਰਹਿਣ। ਕਿੰਨਿਆਂ ਕੁ ਨੂੰ ਚੁੱਪ ਕਰਾ ਲੈਣਗੇ…ਕਿੰਨਿਆਂ ਕੁ ਨੂੰ ਮਾਰ ਲੈਣਗੇ…ਇਸ ਕਰਕੇ ਲੇਖਕ ਦੀ ਜ਼ਿੰਮੇਵਾਰੀ ਤਾਂ ਸਭ ਤੋਂ ਵੱਧ ਐ ਕਿ ਉਹ ਲਿਖਦਾ ਰਹੇ।
ਸਵਾਲ : ਲੇਖਕ ਦਾ ਸਿਆਸਤ ਵਿਚ ਭਾਵੇਂ ਸਿੱਧਾ ਦਖ਼ਲ ਨਹੀਂ, ਪਰ ਲੇਖਕ ਦੀ ਜ਼ਿੰਮੇਵਾਰੀ ਬਣਦੀ ਹੈ, ਜਿਸ ਦਾ ਤੁਸੀਂ ਜ਼ਿਕਰ ਕੀਤਾ ਹੈ। ਲੇਖਕ ਨੇ ਹੀ ਸਭ ਤੋਂ ਪਹਿਲਾਂ ਪ੍ਰਤੀਕਰਮ ਦੇਣਾ ਹੁੰਦਾ ਹੈ। ਪਰ ਇਕ ਗੱਲ ਨਹੀਂ ਸਮਝ ਆ ਰਹੀ ਕਿ ਹਿੰਦੁਸਤਾਨ ਦੀ ਸੱਤਾ ‘ਤੇ ਬਹੁਤਾ ਸਮਾਂ ਕਾਂਗਰਸ ਹੀ ਰਹੀ ਹੈ, ਅੱਜ ਭਾਜਪਾ ਸੱਤਾ ‘ਚ ਹੈ। ਇਨ੍ਹਾਂ ਦੋਵਾਂ ਦਾ ਖਾਸਾ ਲੋਕ ਵਿਰੋਧੀ ਐ।  ਕੀ ਤੁਹਾਨੂੰ ਇਵੇਂ ਨਹੀਂ ਲਗਦਾ ਕਿ ਕਾਂਗਰਸ ਨੀਤੀਆਂ ਘੜਨ ਵੇਲੇ ਖੱਬੇ ਪੱਖੀਆਂ ਨੂੰ ਤਰਜੀਹ ਦਿੰਦੀ ਸੀ ਤਾਂ ਜੋ ਉਨ੍ਹਾਂ ਪਲੋਸ ਲਿਆ ਜਾਵੇ। ਜਿਵੇਂ ਪਾਸ਼ ਦੀ ਹੀ ਇਕ ਕਵਿਤਾ ਹੈ-ਬੁੱਢੀ ਜਾਦੂਗਰਨੀ- ਕਿ ਉਹ ਪਿੱਠ ‘ਤੇ ਹੱਥ ਫੇਰਦੀ ਸੀ ਤੇ ਰੀੜ੍ਹ ਦੀ ਹੱਡੀ ਗਾਇਬ ਹੋ ਜਾਂਦੀ ਸੀ।
ਪਾਲ ਕੌਰ : ਲੇਖਕ ਹਮੇਸ਼ਾ ਹੀ ਬੋਲਦੈ…ਜਿਨ੍ਹਾਂ ਦੀ ਰੀੜ੍ਹ ਦੀ ਹੱਡੀ ਹੁੰਦੀ ਹੀ ਨਹੀਂ, ਉਨ੍ਹਾਂ ਲਈ ਤਾਂ ਕੋਈ ਵੀ ਸਰਕਾਰ ਆ ਜਾਵੇ…ਉਨ੍ਹਾਂ ਦੀ ਹੱਡੀ ਬਣਨੀ ਵੀ ਨਹੀਂ ਕਦੀ…ਜਿਨ੍ਹਾਂ ਨੇ ਗ਼ਲਤ ਖ਼ਿਲਾਫ਼ ਲਿਖਣਾ-ਬੋਲਣਾ ਹੈ, ਉਹ ਹਮੇਸ਼ਾ ਹੀ ਬੋਲਦੇ ਰਹੇ ਨੇ। ਸਾਰੇ ਦੌਰਾਂ ਵਿਚ ਹਰੇਕ ਤਰ੍ਹਾਂ ਦੇ ਬੰਦੇ ਹੁੰਦੇ ਨੇ ਤੇ ਲੇਖਕਾਂ ਵਿਚ ਵੀ ਹੁੰਦੇ ਨੇ। ਸਵਾਲ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ, ਉਸ ਦੌਰ ਵਿਚ ਲੇਖਕਾਂ ਨੇ ਬਗ਼ਾਵਤ ਕੀਤੀ ਹੀ ਸੀ। ਸਵਾਲ ਤੁਸੀਂ ਦੱਸੋ ਪੰਜਾਬ ਦਾ ਕਿਹੜਾ ਲੇਖਕ ਹੈ ਜਿਨ੍ਹੇ ਇੰਦਰਾ ਗਾਂਧੀ ਜਾਂ ਕਾਂਗਰਸ ਦੇ ਹੱਕ ਵਿਚ ਲਿਖਿਆ ਹੋਵੇ?  ਸਾਰੇ ਪੰਜਾਬੀ ਲੇਖਕਾਂ ਨੇ ਸਿਸਟਮ ਦੇ ਖ਼ਿਲਾਫ ਹੀ ਲਿਖਿਐ। ਹਾਂ, ਇਹ ਜ਼ਰੂਰ ਐ ਕਿਸੇ ਨੇ ਭਾਵੁਕ ਹੋ ਕੇ ਲਿਖਿਆ, ਕਿਸੇ ਨੇ ਉਹਦਾ ਵਿਸ਼ਲੇਸ਼ਣ ਕਰਕੇ ਲਿਖਿਆ। ’84 ਵੇਲੇ ਖ਼ੁਸ਼ਵੰਤ ਸਿੰਘ ਨੇ ਵਿਰੋਧ ਵਿਚ ਆਪਣਾ ਐਵਾਰਡ ਵਾਪਸ ਕਰ ਦਿੱਤਾ ਸੀ।
ਸਵਾਲ : ਮੈਂ ਲੇਖਕ ਦੀ ਗੱਲ ਨਹੀਂ ਕਰ ਰਿਹਾ, ਉਹ  ਵਿਦਵਾਨ ਜਿਹਨਾਂ ਨੂੰ ਅਹੁਦੇ, ਰੁਤਬੇ ਬਖਸ਼ੇ ਜਾਂਦੇ ਰਹੇ?
ਪਾਲ ਕੌਰ : ਹਾਂ, ਜਿਨ੍ਹਾਂ ਨੇ ਅਹੁਦੇਦਾਰੀਆਂ ਲੈਣੀਆਂ ਨੇ…ਪ੍ਰੋਫੈਸਰੀਆਂ ਲੈਣੀਆਂ ਨੇ…ਉਹ ਖ਼ੁਸ਼ਾਮਦ ਕਰਦੇ ਹੀ ਨੇ…ਧੜੇਬੰਦੀਆਂ ਬਣਾਉਂਦੇ ਹੀ ਨੇ…ਇਹ ਸਭ ਵੀ ਚੱਲੀ ਜਾ ਰਿਹਾ ਹੈ। ਸਵਾਲ ਆਹ ਦੇਖੋ, ਔਰਤਾਂ ਨੇ ਇਹ ਮੰਦਰ ‘ਚ ਦਾਖ਼ਲੇ ਦੀ ਲੜਾਈ ਲੜੀ ਐ, ਅੰਮ੍ਰਿਤਾ ਜੀ ਜਦੋਂ ਰਾਜ ਸਭਾ ਦੇ ਮੈਂਬਰ ਸਨ ਤੇ ਉਨ੍ਹਾਂ ਨੇ ਰਾਜ ਸਭਾ ਵਿਚ ਇਹ ਮੁੱਦਾ ਉਠਾਇਆ ਸੀ ਕਿ ਔਰਤਾਂ ਨੂੰ ਮੰਦਰ ਜਾਣ ਦਾ ਹੱਕ ਦਿੱਤਾ ਜਾਵੇ। ਹਰ ਸਮੇਂ ‘ਚ ਹਰ ਤਰ੍ਹਾਂ ਦਾ ਬੰਦਾ ਹੁੰਦੈ। ਦੇਖੋ, ਕਾਂਗਰਸ ਵੇਲੇ ਵੀ ਜਦੋਂ ਕਲਾਕਾਰ ਫ਼ਿਦਾ ਹੁਸੈਨ ‘ਤੇ ਆਰ.ਐਸ.ਐਸ. ਵਲੋਂ ਹਮਲੇ ਹੋ ਰਹੇ ਸੀ ਤਾਂ ਉਹ ਚੁੱਪ ਰਹੀ। ਇਹਦੇ ਪਿਛੇ ਵੋਟ ਦੀ ਰਾਜਨੀਤੀ ਕੰਮ ਕਰਦੀ ਐ ਤੇ ਵੋਟ ਸਿਆਸਤ ਸਾਡਾ ਦੁਖਾਂਤ ਰਹੀ ਹੈ। ਸਵਾਲ  ਅਮਰਤਿਆ ਸੇਨ ‘ਤੇ ਦਸਤਾਵੇਜ਼ੀ ਫਿਲਮ ਬਣੀ ਐ…ਉਹਦੇ ‘ਚ ਸੈਂਸਰ ਬੋਰਡ ਕਹਿੰਦਾ ਕਿ ਇਹਦੇ  ‘ਚੋਂ ਗਊ, ਗੁਜਰਾਤ, ਮੋਦੀ ਵਰਗੇ ਸ਼ਬਦ ਕੱਢ ਦਿਓ…। ਦਰਅਸਲ; ਸਵਾਲ ਤਾਂ ਅਤਿ ਈ ਹੋ ਗਈ ਐ। ਕਾਂਗਰਸ ਨੇ ਇਹ ਜ਼ਰੂਰ ਕੀਤਾ ਕਿ ਸਾਡੀਆਂ ਨੀਤੀਆਂ ਸਫ਼ਲ ਹੋ ਜਾਣ ਤਾਂ ਕਿਸੇ ਨਾ ਕਿਸੇ ਤਰ੍ਹਾਂ ਦੇ ਅਹੁਦੇ ਦੇ ਕੇ ਲੋਕਾਂ ਨੂੰ ਚੁੱਪ ਕਰਾ ਲੈਂਦੀ ਹੋਵੇਗੀ। ਲੇਕਿਨ ਐਸਾ ਨਹੀਂ ਸੀ ਕਿ ਜੇ ਤੁਸੀਂ ਸਾਡੀ ਗੱਲ ਨਹੀਂ ਮੰਨੋਗੇ ਤਾਂ ਅਸੀਂ ਤੁਹਾਨੂੰ ਮਾਰ ਦਿਆਂਗੇ।
ਇਨਾਮਾਂ ਦੀ ਅਹਿਮੀਅਤ
ਸਵਾਲ : ਸਵਾਲ ਤਕ ਦੇ ਮਿਲੇ ਮਾਣ-ਸਨਮਾਨਾਂ ਨੂੰ ਤੁਸੀਂ ਕਿਵੇਂ ਲੈਂਦੇ ਹੈ? ਜਿਸ ਤਰ੍ਹਾਂ ਅੱਜ ਕੱਲ੍ਹ ਹੋ ਰਿਹਾ ਹੈ, ਅਸੀਂ-ਤੁਸੀਂ ਮਹਿਸੂਸ ਵੀ ਕਰਦੇ ਹਾਂ ਕਿ ਇਨਾਮਾਂ ਲਈ ਬਾਕਾਇਦਾ ਲੌਬਿੰਗ ਹੁੰਦੀ ਹੈ। ਇਹ ਨਹੀਂ ਕਿ ਚੰਗੇ ਲੇਖਕਾਂ ਨੂੰ ਨਹੀਂ ਮਿਲਿਆ, ਉਨ੍ਹਾਂ ਨੂੰ ਵੀ ਮਿਲਿਆ ਹੈ, ਕਈਆਂ ਨੂੰ ਹੈਰਾਨੀ ਹੋਈ ਹੈ ਕਿ ਮੇਰਾ ਨਾਂ ਕਿੱਦਾਂ ਆ ਗਿਆ। ਸਵਾਲ ਜਦੋਂ ਮੋਹਨ ਭੰਡਾਰੀ ਨੂੰ ਮਿਲਿਆ ਤਾਂ ਉਹ ਹੈਰਾਨ ਹੋ ਗਏ ਕਿ ਮੈਂ ਤਾਂ ਕਿਸੇ ਕਿਸਮ ਦੀ ਲੌਬਿੰਗ ਨਹੀਂ ਕੀਤੀ ਸੀ।
ਪਾਲ ਕੌਰ : ਹਾ…ਹਾ.. ਮੇਰੇ ਨਾਲ ਵੀ ਕੁਝ ਇਸ ਤਰ੍ਹਾਂ ਹੋਇਆ। ਮੈਂ ਹੈਰਾਨ ਹੋਈ ਪਰ ਹੋਇਆ ਇਸ ਤਰ੍ਹਾਂ ਕਿ ਜਦੋਂ ਮੈਨੂੰ ਸ਼੍ਰੋਮਣੀ ਕਵਿੱਤਰੀ ਦਾ ਪੁਰਸਕਾਰ ਮਿਲਿਆ ਤਾਂ ਉਦੋਂ ਚਾਰ ਸਾਲਾਂ ਦੇ ‘ਕੱਠੇ ਇਨਾਮ ਦਿੱਤੇ ਗਏ ਸੀ। ਕਹਿੰਦੇ ਨੇ ਜਦੋਂ ਤਿੰਨ ਕਵੀਆਂ ਦੀ ਚੋਣ ਹੋ ਗਈ ਤਾਂ ਕਮੇਟੀ ਮੈਂਬਰ ਕਹਿਣ ਲੱਗੇ ਕਿ ਸਵਾਲ ਚੌਥੀ ਕੋਈ ਕਵਿੱਤਰੀ ਲੈ ਲਓ। ਸ਼ਾਇਦ ਉਥੇ ਦੋ-ਤਿੰਨ ਕਵਿੱਤਰੀਆਂ ‘ਤੇ ਵਿਚਾਰ ਕੀਤਾ ਪਰ ਮੇਰਾ ਨਾਂ ਆ ਗਿਆ। (ਹਾ..ਹਾ…) ਇਕ ਹਰਿਆਣਾ ਦਾ ਬਾਬਾ ਫ਼ਰੀਦ ਵਾਲਾ ਇਨਾਮ ਮੈਨੂੰ ਮਿਲਿਆ ਹੋਇਐ। ਉਸ ਤੋਂ ਉਪਰ ਭਾਈ ਸੰਤੋਖ ਸਿੰਘ ਵਾਲਾ ਹੈ ਜੋ ਵੱਡਾ ਮੰਨਿਆ ਜਾਂਦਾ ਹੈ। ਉਹ ਮੈਨੂੰ ਨਹੀਂ ਮਿਲਿਆ…ਜਿਵੇਂ ਪੰਜਾਬੀ ‘ਚ ਕਹਿੰਦੇ ਨੇ-ਹਰ ਈਚੀ-ਬੀਚੀ ਨੂੰ ਮਿਲ ਗਿਆ। ਕਿਉਂਕਿ ਉਹਦੀ ਸੈਟਿੰਗ ਚਲਦੀ ਰਹੀ ਐ। ਸੈਟਿੰਗ ਵੀ ਇਸ ਤਰ੍ਹਾਂ ਦੀ ਐ ਕਿ ਲੇਖਕ ਨੂੰ ਤਾਂ ਸਰਟੀਫਿਕੇਟ ਈ ਮਿਲਦੈ, ਰਾਸ਼ੀ ਇਨਾਮ ਦਵਾਉਣ ਵਾਲਿਆਂ ਦੀ ਜੇਬ ਵਿਚ ਚਲੀ ਜਾਂਦੀ ਐ।
ਸਵਾਲ : ਤੁਸੀਂ ਐਦਾਂ ਲੈਣਾ ਨਹੀਂ ਸੀ? ਇਸੇ ਲਈ ਨਹੀਂ ਮਿਲਿਆ? ਹਾ..ਹਾ..
ਪਾਲ ਕੌਰ : ਹਾਂ, ਮੈਂ ਲੈਣਾ ਵੀ ਨਹੀਂ ਸੀ ਹਾ..ਹਾ..। ਉਂਜ ਮੇਰੇ ਤੱਕ ਕਿਸੇ ਨੇ ਪਹੁੰਚ ਵੀ ਨਹੀਂ ਕੀਤੀ। ਉਨ੍ਹਾਂ ਨੂੰ ਲਗਦਾ ਸੀ ਕਿ ਇਹ ਸਾਡੇ ਪੁੱਠਾ ਪੈ ਜਾਊਗੀ।
ਸਵਾਲ : ਉਂਜ ਇਸ ਤਰ੍ਹਾਂ ਦੇ ਇਨਾਮਾਂ ਦੀ ਅਹਿਮੀਅਤ ਕੀ ਰਹਿ ਜਾਂਦੀ ਹੈ?
ਪਾਲ ਕੌਰ : ਪਿੱਛੇ ਜਿਹੇ ਗੱਲ ਚੱਲੀ ਸੀ ਕਿ ਇਨਾਮਾਂ ਵਿਚ ਪੈਸੇ ਖ਼ਤਮ ਕਰ ਦਿੱਤੇ ਜਾਣ। ਇਹਦੇ ਨਾਲ ਇਕ ਤਾਂ ਕੁਰੱਪਸ਼ਨ ਥੋੜ੍ਹੀ ਜਿਹੀ ਖ਼ਤਮ ਹੋ ਜਾਂਦੀ ਐ…ਇਨ੍ਹਾਂ ਨੂੰ ਦਰੁਸਤ ਕਰਨ ਲਈ ਬਹੁਤ ਢੰਗ-ਤਰੀਕੇ ਨੇ ਪਰ ਕਰਨਾ ਤਾਂ ਲੇਖਕਾਂ ਨੇ ਹੀ ਹੈ। ਲੇਖਕ ਹੀ ਤਾਂ ਇਨਾਮਾਂ ਲਈ ਲੌਬਿੰਗ ਕਰਦੇ ਨੇ…ਇਕ ਲੇਖਕ ਤਾਂ ਐਸਾ ਵੀ ਐ ਜਿਸ ਨੇ ਇਨਾਮ ਲੈਣ ਲਈ ਉਚੇਚ ਕਰਕੇ ਕਿਤਾਬ ਲਿਖੀ…ਬਾਕਾਇਦਾ ਪ੍ਰੋਜੈਕਟ ਵਾਂਗ ਕੰਮ ਕੀਤਾ। ਤੁਸੀਂ ਵੀ ਜਾਣਦੇ ਈ ਓ ਉਸ ਨੂੰ। ਹਾ..ਹਾ..
ਸਵਾਲ : ਜਿਹੜਾ ਕਵੀ ਹੁੰਦਾ ਹੈ, ਉਹ ਵਾਰਤਕ ਵੀ ਵਧੀਆ ਲਿਖ ਲੈਂਦਾ ਹੈ। ਤੁਸੀਂ ਵਾਰਤਕ ‘ਤੇ ਕਿੰਨਾ ਕੁ ਕੰਮ ਕੀਤਾ ਹੈ?
ਪਾਲ ਕੌਰ : ਵਾਰਤਕ ‘ਤੇ ਮੈਂ ਕੋਈ ਜ਼ਿਆਦਾ ਕੰਮ ਨਹੀਂ ਕੀਤਾ। ਮੇਰਾ ਰੁਝਾਨ ਕਵਿਤਾ ਵੱਲ ਹੀ ਰਿਹਾ ਹੈ। ਮੈਂ ਕਾਫ਼ੀ ਸਮੇਂ ਤੋਂ ਪੰਜਾਬ ਦੇ ਇਤਿਹਾਸ ‘ਤੇ ਕੰਮ ਕਰ ਰਹੀ ਹਾਂ…ਮੈਂ ਸ਼ੁਰੂ ਕੀਤੈ ਹੜੱਪਾ ਪੀਰੀਅਡ ਤੋਂ…ਉਸ ਤੋਂ ਅੱਗੇ ’47 ਤੇ ਉਸ ਤੋਂ ਅੱਗੇ ’84 ਤੱਕ ਮੈਂ ਲਿਖਣੈ…ਲੰਬੀ ਕਵਿਤਾ ਦੇ ਰੂਪ ਵਿਚ। ਜਿਹੜਾ ਮੈਂ ਪੁਰਾਤਣ ਕਾਲ ਬਾਰੇ ਲਿਖਿਆ ਹੈ, ਉਹ ਦੋਹੜੇ ਦੇ ਰੂਪ ਵਿਚ…ਮੱਧ ਕਾਲ ਬੈਂਤ-ਛੰਦ ਦੇ ਰੂਪ ਵਿਚ…ਹੋ ਸਕਦੈ ਤਕਨੀਕੀ ਤੌਰ ‘ਤੇ ਨਾ ਵੀ ਬਹੁਤਾ ਠੀਕ ਹੋਵੇ ਪਰ ਮੈਂ ਕੋਸ਼ਿਸ਼ ਕੀਤੀ ਐ। ਜਿਹੜਾ ਸੂਫ਼ੀ ਅੰਦੋਲਨ ਸੀ, ਉਹ ਕਾਫ਼ੀਆਂ ਵਿਚ ਲਿਖਿਐ। ਸੋ, ਹਾਲੇ ਮੇਰਾ ਇਹੀ ਕੰਮ ਚੱਲ ਰਿਹੈ…ਲਗਦੈ ਸਾਲ-ਛੇ ਮਹੀਨੇ ‘ਚ ਪੂਰਾ ਹੋ ਜਾਵੇਗਾ…ਉਹ ਪੂਰਾ ਹੋ ਲਵੇ, ਫੇਰ ਮੈਂ ਕੁਝ ਹੋਰ ਸੋਚਾਂਗੀ।
ਸਵਾਲ : ਭਾਸ਼ਾਵਾਂ ਦੇ ਆਦਾਨ-ਪ੍ਰਦਾਨ ਦਾ ਕੰਮ, ਖ਼ਾਸ ਤੌਰ ‘ਤੇ ਭਾਰਤੀ ਭਾਸ਼ਾਵਾਂ ਦਾ, ਕਿ ਅਸੀਂ ਹੋਰਨਾਂ ਭਾਸ਼ਾਵਾਂ ਦਾ ਸਾਹਿਤ ਵੀ ਪੜ੍ਹ ਸਕੀਏ। ਤੁਸੀਂ ਕੀ ਸਮਝਦੇ ਹੋ ਕਿ ਇਹ ਕੰਮ ਤੱਸਲੀਬਖਸ਼ ਹੋ ਰਿਹੈ?
ਪਾਲ ਕੌਰ : ਦੇਖੋ, ਇਹ ਕੰਮ ਅਕੈਡਮੀਆਂ ਦਾ ਹੈ…ਕਿਉਂਕਿ ਉਹੀ ਕਰ ਸਕਦੀਆਂ ਨੇ…ਮੰਨ ਲਓ ਸਵਾਲ ਅਸੀਂ ਬੰਗਲੌਰ ਤੋਂ ਕੋਈ ਬੰਦਾ ਬੁਲਾਉਣੈ, ਉਹਨੂੰ ਖ਼ਰਚਾ-ਪਾਣੀ ਦੇਣੈ ਤਾਂ ਆਮ ਛੋਟੀਆਂ ਸਭਾਵਾਂ ਤਾਂ ਦੇ ਨਹੀਂ ਸਕਦੀਆਂ। ਇਹ ਨਹੀਂ ਕਿ ਅਕੈਡਮੀਆਂ ਬਿਲਕੁਲ ਨਹੀਂ ਕਰਦੀਆਂ…ਕਰਦੀਆਂ ਰਹਿੰਦੀਆਂ ਨੇ…ਮੈਂ ਵੀ ਕਈ ਵਾਰ ਗਈ ਆਂ…ਪਰ ਓਨਾ ਨਹੀਂ ਹੋ ਰਿਹਾ, ਜਿੰਨੀ ਜ਼ਰੂਰਤ ਹੈ। ‘ਕੱਲਾ ਕਾਰਾ ਕੋਈ ਬੰਦਾ ਇਹ ਕੰਮ ਨਹੀਂ ਕਰ ਸਕਦਾ। ਸਵਾਲ ਜਿਵੇਂ ਲੁਧਿਆਣਾ ਅਕੈਡਮੀ ਹੈ, ਕਾਫ਼ੀ ਕੰਮ ਕਰਦੀ ਰਹਿੰਦੀ ਹੈ ਪਰ ਉਹਦੇ ਲਈ ਫੰਡਾਂ ਦੀ ਲੋੜ ਪੈਂਦੀ ਹੀ ਹੈ। ਇਕ ਗੱਲ ਇਹ ਵੀ ਹੈ ਕਿ ਜੇ ਅਸੀਂ ਦੂਜੀਆਂ ਭਸ਼ਾਵਾਂ ਦੇ ਲੇਖਕਾਂ ਦਾ ਕੰਮ ਅਨੁਵਾਦ ਕਰਾਉਂਦੇ ਹਾਂ ਤਾਂ ਸਾਡੇ ਲੇਖਕਾਂ ਦਾ ਵੀ ਦੂਜੀਆਂ ਭਸ਼ਾਵਾਂ ਵਿਚ ਅਨੁਵਾਦ ਹੋਣਾ ਚਾਹੀਦਾ ਹੈ। ਪੰਜਾਬੀ ਦਾ ਕੰਮ ਤਾਂ ਬਹੁਤ ਘੱਟ ਹੋਇਆ, ਜਿੰਨਾ ਕੁ ਹੋਇਆ ਵੀ ਐ, ਉਹ ਵੀ ਉਨ੍ਹਾਂ ਦਾ ਹੋਇਆ ਜਿਨ੍ਹਾਂ ਨੂੰ ਅਕੈਡਮੀਆਂ ਦੇ ਇਨਾਮ ਮਿਲੇ।

ਸ਼ਿਵ, ਪਾਸ਼, ਦਿਲ ਤੇ ਉਦਾਸੀ
ਸਵਾਲ : ਜਿਵੇਂ ਤੁਸੀਂ ਪਿੱਛੇ ਜ਼ਿਕਰ ਕੀਤਾ ਹੈ ਕਿ ਜਦੋਂ ਤੁਸੀਂ ਨਵੇਂ ਨਵੇਂ ਸਾਹਿਤ ਦੇ ਖੇਤਰ ਵਿਚ ਆਏ ਤਾਂ ਤੁਸੀਂ ਕਿਸੇ ਦਾ ਪ੍ਰਭਾਵ ਨਹੀਂ ਕਬੂਲਿਆ। ਪਰ ਸੋਵੀਅਤ ਯੂਨੀਅਨ ਵੇਲੇ ਰੂਸੀ ਸਾਹਿਤ ਏਨਾ ਪੜ੍ਹਿਆ ਜਾ ਰਿਹਾ ਸੀ ਤੇ ਉਹਦਾ ਪ੍ਰਭਾਵ ਵੀ ਪੈਂਦਾ ਸੀ, ਕੀ ਤੁਹਾਡੇ ‘ਤੇ ਵੀ ਰੂਸੀ ਸਾਹਿਤ ਦਾ ਕਿਤੇ ਨਾ ਕਿਤੇ ਕੋਈ ਅਸਰ ਪਿਆ?
ਪਾਲ ਕੌਰ : ਹਾਂ, ਜ਼ਰੂਰ ਪ੍ਰਭਾਵ ਪੈਂਦਾ ਹੈ। ਤੁਹਾਡੀ ਸ਼ਖ਼ਸੀਅਤ, ਤੁਹਾਡੀ ਲੇਖਣੀ ‘ਤੇ ਪ੍ਰਭਾਵ ਪੈਂਦਾ ਹੈ। ਮੈਨੂੰ ਨਹੀਂ ਲਗਦਾ ਕਿ ਕੋਈ ਐਸਾ ਲੇਖਕ ਹੋਵੇਗਾ ਜਿਨ੍ਹੇ ਰਸੂਲ ਹਮਜ਼ਾਤੋਵ ਦੀ ‘ਮੇਰਾ ਦਾਗ਼ਿਸਤਾਨ’ ਨਾ ਪੜ੍ਹੀ ਹੋਵੇ। ਅਸੀਂ ਉਹਨੂੰ ਇਵੇਂ ਪੜ੍ਹਿਆ ਜਿਵੇਂ ਸਾਡੀ ਕੋਈ ਧਾਰਮਕ ਗ੍ਰੰਥ ਹੋਵੇ। ਮੈਂ ਜਿਹੜੀ ਪੀ.ਐਚ.ਡੀ. ਕੀਤੀ ਐ…ਉਹਦੇ ਵਿਚ ਡਾ. ਹਰਿਭਜਨ ਸਿੰਘ, ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ ਤੇ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਦਾ ਅਧਿਐਨ ਕਰਨਾ ਸੀ। ਮੈਨੂੰ ਡਾ. ਹਰਿਭਜਨ ਸਿੰਘ ਦੀ ਕਵਿਤਾ ਨੇ ਬਹੁਤ ਪ੍ਰਭਾਵਤ ਕੀਤਾ, ਹਾਲਾਂਕਿ ਅੰਮ੍ਰਿਤਾ ਜੀ ਦੀ ਪਹਿਲੀ ਕਵਿਤਾ ਨੇ ਮੈਨੂੰ ਏਨਾ ਪ੍ਰਭਾਵਤ ਨਹੀਂ ਕੀਤਾ। ਹਰਿਭਜਨ ਸਿੰਘ ਦੀ ਪੰਜਾਬ ਦੀ ਸਮੱਸਿਆ ‘ਤੇ ਕਿੰਨੀ ਵਧੀਆ ਕਵਿਤਾ ਸੀ-ਜਾ ਬੁੱਲਿਆ ਤੈਨੂੰ ਪਿੰਡ ਛੱਡ ਆਵਾਂ। ਪੰਜਾਬ ‘ਤੇ ਹੋਰ ਵੀ ਕਵਿਤਾਵਾਂ ਲਿਖ ਹੋਈਆਂ ਨੇ ਪਰ ਏਨੇ ਸਹੁਜ ਨਾਲ ਸ਼ਾਇਦ ਨਹੀਂ ਕਿਸੇ ਨੇ ਲਿਖਿਆ।
ਸਵਾਲ : ਉਸ ਉਮਰ ਵਿਚ ਜਦੋਂ ਤੁਸੀਂ ਸੀ, ਉਦੋਂ ਸਭ ਤੋਂ ਵੱਧ ਰੁਮਾਂਸ ਦੀ ਕਵਿਤਾ ਦਾ ਦੌਰ ਸੀ। ਤੁਸੀਂ ਸ਼ਿਵ ਕੁਮਾਰ ਨੂੰ ਆਪਣੀ ਪੀ.ਐਚ.ਡੀ. ਦਾ ਹਿੱਸਾ ਵੀ ਬਣਾਇਆ। ਸ਼ਿਵ ਕੁਮਾਰ ਦਾ ਕੋਈ ਅਸਰ ਨਹੀਂ ਪਿਆ ਤੁਹਾਡੇ ‘ਤੇ?
ਪਾਲ ਕੌਰ : ਨਹੀਂ…ਮੈਨੂੰ ਉਹਨੇ ਪ੍ਰਭਾਵਤ ਨਹੀਂ ਕੀਤਾ। ਉਹਦੀਆਂ ਕੁਝ ਕਵਿਤਾਵਾਂ ਅੱਛੀਆਂ ਨੇ…ਵੈਸੇ ‘ਲੂਣਾ’ ਲਿਖਣ ਵੇਲੇ ਵੀ ਸ਼ਿਵ ਕਾਦਰ ਯਾਰ ਤੋਂ ਬਹੁਤ ਦੂਰ ਨਹੀਂ ਜਾਂਦਾ। ਉਹਦੀ ਮੈਨੂੰ ‘ਮੈਂ ਤੋਂ ਮੈਂ’ ਵਾਲੀ ਕਵਿਤਾ ਚੰਗੀ ਲਗਦੀ ਐ। ਮੋਹਨ ਸਿੰਘ ਦੀਆਂ ਵੀ ਮੈਨੂੰ ਕੁਝ ਕਵਿਤਾਵਾਂ ਚੰਗੀਆਂ ਲੱਗੀਆਂ…ਬਹੁਤਾ ਅਸਰ ਨਹੀਂ ਕੀਤਾ ਮੇਰੇ ਮਨ ‘ਤੇ।
ਸਵਾਲ : ਉਦੋਂ ਹੀ ਕਵਿਤਾ ਵਿਚ ਜੁਝਾਰ ਕਾਵਿ ਵਾਪਰਦਾ ਹੈ। ਇਕ ਪਾਸੇ ਸ਼ਿਵ ਕੁਮਾਰ ਐ ਤੇ ਇਕ ਪਾਸੇ ਅਵਤਾਰ ਪਾਸ਼ ਆ ਰਿਹੈ…ਜਾਂ ਲਾਲ ਸਿੰਘ ਦਿਲ ਆ ਰਿਹੈ…ਉਧਰ ਸੁਰਜੀਤ ਪਾਤਰ ਨੇ। ਇਸ ਸਾਰੇ ਨੂੰ ਤੁਸੀਂ ਕਿਵੇਂ ਲੈਂਦੇ ਹੋ?
ਪਾਲ ਕੌਰ : ਇਨ੍ਹਾਂ ਚਾਰਾਂ ਦੀ ਵੱਖਰੀ ਵੱਖਰੀ ਸੁਰ ਐ…ਕਈ ਲੋਕ ਪਾਤਰ ਤੇ ਪਾਸ਼ ਨੂੰ ਇਕ ਕਹਿੰਦੇ ਨੇ…ਇਕ ਥਾਂ ‘ਤੇ ਨੂਰ ਸਾਹਿਬ ਕਹਿੰਦੇ ਨੇ ਕਿ  ਅਸੀਂ ਅੰਮ੍ਰਿਤਾ ਤੇ ਮੋਹਨ ਦੀ ਕਵਿਤਾ ਨੂੰ ਅੰਮ੍ਰਿਤਾ-ਮੋਹਨ ਸਿੰਘ ਲਹਿਰ ਦਾ ਨਾਂ ਦੇ ਦਿੱਤੈ…ਤੇ ਇਹ ਗੱਲ ਮੈਨੂੰ ਬੜੀ ਵਧੀਆ ਲੱਗੀ। ਉਹ ਕਹਿੰਦੇ ਦੋਹਾਂ ਨਾਲ ਅਨਿਆਂ ਹੋਇਆ…ਕਿਉਂਕਿ ਨਾ ਅੰਮ੍ਰਿਤਾ ਦੀ ਕਵਿਤਾ ਮੋਹਨ ਸਿੰਘ ਵਰਗੀ ਸੀ ਤੇ ਨਾ ਮੋਹਨ ਸਿੰਘ ਦੀ ਕਵਿਤਾ ਅੰਮ੍ਰਿਤਾ ਵਰਗੀ ਸੀ। ਇਸੇ ਤਰ੍ਹਾਂ ਪਾਸ਼ ਤੇ ਪਾਤਰ ਦੀ ਕਵਿਤਾ ਵੀ ਇਕੋ ਜਿਹੀ ਨਹੀਂ। ਇਹ ਚਾਰੋ ਕਵੀ ਵਿਅਕਤੀਗਤ ਤੌਰ ‘ਤੇ ਆਪਣੇ ਆਪ ਵਿਚ ਲਹਿਰ ਨੇ…ਲਾਲ ਸਿੰਘ ਦਿਲ ਤਾਂ ਪੰਜਾਬੀ ਦਾ ਅਣਗੌਲਿਆ ਕਵੀ ਐ…ਅਸੀਂ ਅਕੈਡਮਿਕ ਪੱਖੋਂ ਦੇਖੀਏ, ਅਸੀਂ ਸਨਮਾਨਾਂ ਪੱਖੋਂ ਦੇਖੀਏ…ਲੇਕਿਨ ਉਹ ਕਵੀ ਬਹੁਤ ਵੱਡਾ ਹੈ…।
ਸਵਾਲ : ਤੁਸੀਂ ਲਾਲ ਸਿੰਘ ਦਿਲ ਦੇ ਅਣਗੌਲੇ ਜਾਣ ਦਾ ਕੀ ਕਾਰਨ ਮੰਨਦੇ ਹੋ? ਕੀ ਉਹ ਦਲਿਤ ਸੀ ਜਾਂ ਕੋਈ ਹੋਰ ਕਾਰਨ?
ਪਾਲ ਕੌਰ : ਜੇ ਮੈਨੂੰ ਪੁਛੋ ਤਾਂ ਮੈਂ ਲਾਲ ਸਿੰਘ ਦਿਲ ਨੂੰ ਜ਼ਿਆਦਾ ਵੱਡਾ ਕਵੀ ਮੰਨਦੀ ਹਾਂ। ਦੇਖੋ, ਛੋਟੇ ਜਿਹੇ ਸ਼ਹਿਰ ਦੇ ਛੋਟੇ ਜਿਹੇ ਕਮਰੇ ਵਿਚ ਉਹ ਰਹਿੰਦਾ ਸੀ ਤੇ ਉਹਨੇ ਬਾਹਰ ਨਿਕਲ ਕੇ ਕਦੇ ਕੋਈ ਧੜੇਬੰਦੀ ਨਹੀਂ ਬਣਾਈ। ਹੋਰ ਤਾਂ ਹੋਰ ਕਾਮਰੇਡਾਂ ਨੇ ਵੀ ਉਹਨੂੰ ਸਥਾਪਤ ਕਰਨ ਵਿਚ ਕੋਈ ਯੋਗਦਾਨ ਨਹੀਂ ਦਿੱਤਾ। ਯੂਨੀਵਰਸਿਟੀਆਂ ਦੀ ਆਪਣੀ ਸਿਆਸਤ ਹੈ। ਲਾਲ ਸਿੰਘ ਦੇ ਦਲਿਤ ਹੋਣ ਕਰਕੇ ਵੀ ਉਹ ਨੂੰ ਅਣਗੌਲਿਆਂ ਕੀਤਾ ਗਿਐ।
ਸਵਾਲ : ਪਾਸ਼ ਤੇ ਦਿਲ ਦੀ ਜਦੋਂ ਆਪਾਂ ਗੱਲ ਕਰਦੇ ਆਂ ਤਾਂ ਪਾਸ਼ ਨੇ ਬਹੁਤ ਜ਼ਿਆਦਾ ਪ੍ਰਸਿੱਧੀ ਹਾਸਲ ਕਰ ਲਈ ਸੀ। ਲਾਲ ਸਿੰਘ ਦਿਲ ਬੇਇਨਸਾਫ਼ੀ ਦਾ ਸ਼ਿਕਾਰ ਹੋਇਆ। ਤੇ ਉਸੇ ਦੌਰ ਦਾ ਕਵੀ ਸੰਤ ਰਾਮ ਉਦਾਸੀ ਅਕਾਦਮਿਕ ਹਲਕਿਆਂ ’ਚ ਤਾਂ ਨਹੀਂ ਪਰ ਲੋਕਾਂ ਵਿਚ ਜ਼ਿਆਦਾ ਮਕਬੂਲ ਹੋਇਆ। ਦਿਲ ਦੇ ਮੁਕਾਬਲੇ ਉਦਾਸੀ ਦੀ ਮਕਬੂਲੀਅਤ ਕਿਵੇਂ ਹੋਈ?
ਪਾਲ ਕੌਰ : ਸ਼ਾਇਦ ਸੰਤ ਰਾਮ ਉਦਾਸੀ ਲੋਕਾਂ ਵਿਚ ਵਿਚਰਿਆ ਜ਼ਿਆਦਾ…ਦਿਲ ਓਨਾ ਵਿਚਰਿਆ ਨਹੀਂ। ਫੇਰ ਉਦਾਸੀ ਕੋਲ ਉਹਦੇ ਗੀਤਾਂ ਦੇ ਹਾਣ ਦੀ ਹੇਕ ਵੀ ਸੀ। ਪੰਜਾਬੀਆਂ ਦੇ ਕੰਨ ਰਸ ਨੇ ਉਦਾਸੀ ਨੂੰ ਘਰ ਘਰ ਪਹੁੰਚਾ ਦਿੱਤਾ। ਇਹੀ ਕਾਰਨ ਹੋ ਸਕਦੇ ਨੇ।
ਪੰਜਾਬੀ ਕਵਿਤਾ ਦੀ ਆਲੋਚਨਾ ਵਿਚ ਸੰਤ ਰਾਮ ਉਦਾਸੀ ਨੂੰ ਵੀ  ਏਨੀ ਤਵੱਜੋ ਨਹੀਂ ਦਿੱਤੀ…ਇਹਦਾ ਕਾਰਨ ਮੈਨੂੰ ਲਗਦੈ ਕਿ ਉਦਾਸੀ ਦੀ ਕਵਿਤਾ ਕਿਤੇ ਕਿਤੇ ਲਾਊਡ ਸੀ।
ਮੇਰਾ ਧੜਾ
ਸਵਾਲ : ਤੁਸੀਂ ਸਾਹਿਤ ਵਿਚ  ਧੜੇਬੰਦੀ ਦੀ ਗੱਲ ਕੀਤੀ ਹੈ, ਤੁਸੀਂ ਵੀ ਕਿਸੇ ਧੜੇ ਨਾਲ ਜੁੜੇ?
ਪਾਲ ਕੌਰ : ਹਾਂ, ਮੇਰਾ ਨਾਂ ਅੰਮ੍ਰਿਤਾ ਦੇ ਧੜੇ ਵਿਚ ਹੀ ਲਿਆ ਜਾਂਦਾ ਸੀ…ਮੇਰੀ ਕਵਿਤਾ ਛਾਪਦੇ ਸੀ…ਔਰ ਇਹ ਬੜੀ ਵੱਡੀ ਸਚਾਈ ਐ ਕਿ ਅੰਮ੍ਰਿਤਾ ਜੀ ਸਿਰਫ਼ ਕਵਿਤਾ ਦੇਖਦੇ ਸੀ…ਕਿਸੇ ਨੇ ਇਕ ਵਾਰ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਫਲਾਣੇ ਨੂੰ ਵਾਰ ਵਾਰ ਛਾਪਦੇ ਹੋ ਤਾਂ ਉਹ ਕਹਿੰਦੇ- ‘ਮੈਂ ਕੀ ਕਰਾਂ, ਉਹ ਵਾਰ ਵਾਰ ਚੰਗਾ ਲਿਖਦੈ…ਤੇ ਮੈਂ ਵਾਰ ਵਾਰ ਛਾਪਦੀ ਆਂ।’ ਉਨ੍ਹਾਂ ਦਾ ਛਾਪਣ ਦਾ ਕਰਾਈਟੀਰੀਆ ਵੱਖਰਾ ਸੀ…ਉਨ੍ਹਾਂ ਦਾ ਵੱਖਰਾ ਸਟਾਈਲ ਸੀ…ਉਨ੍ਹਾਂ ਨੇ ਸਵਾਲ ਬਣਾਉਣੇ…ਵਿਸ਼ੇਸ਼ ਵਿਸ਼ਾ ਚੁਣਨਾ ਤੇ ਸਾਨੂੰ ਖ਼ਤ ਲਿਖਣੇ ਤੇ ਅਸੀਂ ਉਸ ਵਿਸ਼ੇ ’ਤੇ ਲਿਖ ਕੇ ਭੇਜ ਦੇਣਾ…ਸੋ, ਇਹ ਇਕ ਤਰ੍ਹਾਂ ਦਾ ਗਰੁੱਪ ਜਿਹਾ ਬਣ ਗਿਆ ਸੀ।
ਸਵਾਲ : ਇਕ ਦੌਰ ਵਿਚ ‘ਪ੍ਰੀਤ ਲੜੀ’ ਨੇ ਵੀ ਪੰਜਾਬੀ ਸਾਹਿਤ ਦੇ ਖੇਤਰ ਵਿਚ ਆਪਣਾ ਖਾਸਾ ਯੋਗਦਾਨ ਪਾਇਆ, ਤੁਹਾਡਾ ਕੀ ਖ਼ਿਆਲ ਐ?
ਪਾਲ ਕੌਰ : ਪਹਿਲਾਂ ‘ਪ੍ਰੀਤ ਲੜੀ’ ਆਉਂਦੈ…ਫੇਰ ‘ਨਾਗਮਣੀ’ ਆਉਂਦੈ…ਇਹ ਦੋ ਪਰਚੇ ਬਹੁਤ ਮਸ਼ਹੂਰ ਹੁੰਦੇ ਨੇ…ਜਦੋਂ ‘ਪ੍ਰੀਤ ਲੜੀ’ ਆਇਆ ਤਾਂ ਉਹਦੀ ਵੀ ਖਾਸ ਵਿਚਾਰਧਾਰਾ ਸੀ…ਉਹ ਨੌਜਵਾਨਾਂ ਨੂੰ ਵੀ ਚੰਗੀ ਲਗਦੀ ਸੀ ਤੇ ਸਿਆਣੇ ਬੰਦਿਆਂ ਨੂੰ ਵੀ। ਉਦੋਂ ਲੇਖਕਾਂ ਵਿਚ ਆਪਣੇ ਵੱਡੇ ਲੇਖਕਾਂ ਪ੍ਰਤੀ ਸਤਿਕਾਰ, ਉਨ੍ਹਾਂ ਨੂੰ ਮਿਲਣ ਦੀ ਇੱਛਾ ਜਾਂ ਉਨ੍ਹਾਂ ਤੋਂ ਪ੍ਰੇਰਣਾ ਲੈਣ ਦੀ ਭਾਵਨਾ ਜਿਹੀ ਹੁੰਦੀ ਸੀ। ਖ਼ੈਰ, ‘ਪ੍ਰੀਤ ਲੜੀ’ ਨੇ ਕੰਮ ਬਹੁਤ ਕੀਤੈ…ਉਹਨੇ ਘੱਟੋ-ਘੱਟ ਦੋ-ਤਿੰਨ ਪੀੜ੍ਹੀਆਂ ਨੂੰ ਪ੍ਰਭਾਵਤ ਕੀਤੈ ਤੇ ਇਸੇ ਤਰ੍ਹਾਂ ‘ਨਾਗਮਣੀ’ ਨੇ ਵੀ ਦੋ-ਤਿੰਨ ਪੀੜ੍ਹੀਆਂ ‘ਤੇ ਆਪਣਾ ਅਸਰ ਛੱਡਿਐ। ਸਵਾਲ ਜਿਹੜਾ ਨਵਾਂ ਲੇਖਕ ਆ ਰਿਹੈ…ਨਵੇਂ ਮੁੰਡੇ-ਕੁੜੀਆਂ ‘ਚ ਉਦਾਂ ਦੀ ਭਾਵਨਾ ਨਹੀਂ ਐ…ਕਿ ਉਹ ਆਪਣੇ ਤੋਂ ਵੱਡੇ ਲੇਖਕ ਤੋਂ ਕੁਝ ਸਿੱਖ ਸਕਣ। ਅੱਜ ਕੱਲ੍ਹ ਤਾਂ ਫੇਸਬੁੱਕੀਏ ਸ਼ਾਇਰ ਨੇ…ਚਾਰ ਲਾਈਨਾਂ ਕਾਗ਼ਜ਼ ‘ਤੇ ਘੜੀਸੀਆਂ ਤੇ ਸ਼ੇਅਰ ਕਰ ਦਿੱਤੀ…ਸੌ-ਦੋ ਸੌ ਲਾਈਕ ਆ ਜਾਂਦੈ ਤੇ ਉਹ ਖ਼ੁਸ਼ ਹੋ ਜਾਂਦੇ ਨੇ…ਅੱਧੇ ਲਾਈਕ ਤਾਂ ਬਿਨਾਂ ਪੜ੍ਹੇ ਈ ਹੁੰਦੇ ਨੇ…। ਫੇਰ ਇਨ੍ਹਾਂ ਦੀ ਕੱਚੀ-ਪਿੱਲੀ ਕਿਤਾਬ ਆ ਜਾਂਦੀ ਐ ਤੇ ਸਾਡੇ ਵੱਡੇ ਵੱਡੇ ਲੇਖਕ ਜਾ ਕੇ ਇਨ੍ਹਾਂ ਦੀ ਕਿਤਾਬ ਰਿਲੀਜ਼ ਕਰਦੇ ਨੇ।
ਲੇਖਕ, ਪ੍ਰਕਾਸ਼ਕ ਤੇ ਪਾਠਕ
ਸਵਾਲ : ਕਿਤਾਬ ਦੀ ਗੱਲ ਚੱਲੀ ਐ ਤਾਂ ਦੱਸੋ ਲੇਖਕ, ਪ੍ਰਕਾਸ਼ਕ ਤੇ ਪਾਠਕ ਦਾ ਰਿਸ਼ਤਾ ਕਿਹੋ ਜਿਹਾ ਹੈ? ਵੱਡੇ ਪੱਧਰ ‘ਤੇ ਕਿਤਾਬ ਛਪ ਰਹੀ ਹੈ ਪਰ ਜੋ ਲੇਖਕ ਤੇ ਪ੍ਰਕਾਸ਼ਕ ਦਾ ਕੰਮ ਹੋਣਾ ਚਾਹੀਦਾ ਸੀ। ਤੁਸੀਂ ਇਹਦੇ ਬਾਰੇ ਕਿਵੇਂ ਸੋਚਦੇ ਹੋ?
ਪਾਲ ਕੌਰ : ਦੇਖੋ, ਲੇਖਕ ਦੇ ਪੱਧਰ ਤੋਂ ਗੱਲ ਕਰਾਂ ਤਾਂ ਜੋ ਦੁਖਾਂਤ ਸਾਡੇ ਨਾਲ ਵਾਪਰ ਰਿਹੈ…ਲੇਖਕ ਨੂੰ ਲਗਦੈ ਕਿ ਥੋੜ੍ਹੇ ਦਿਨਾਂ ਬਾਅਦ ਹੀ ਉਹਦੀ ਨਵੀਂ ਕਿਤਾਬ ਆ ਜਾਵੇ… ਅਸੀਂ ਤਾਂ ਕੋਈ ਕਵਿਤਾ ਲਿਖ ਕੇ ਕਿਸੇ ਨਾ ਕਿਸੇ ਨਾਲ ਵਿਚਾਰ ਵੀ ਲੈਂਦੇ ਸੀ ਪਰ ਅੱਜ ਦੇ ਲੇਖਕ ਬਿਲਕੁਲ ਚਰਚਾ ਹੀ ਨਹੀਂ ਕਰਦੇ। ਦੂਜਾ ਕੁਝ ਬਾਹਰਲੇ ਲੇਖਕਾਂ ਨੇ ਵੀ ਪ੍ਰਕਾਸ਼ਕਾਂ ਨੂੰ ਪੈਸਾ ਦੇ ਕੇ ਐਸੀਆਂ ਕਿਤਾਬਾਂ ਛਪਵਾਈਆਂ, ਜੋ ਮੈਂ ਸਮਝਦੀ ਆਂ ਛਪਣੀਆਂ ਨਹੀਂ ਸੀ ਚਾਹੀਦੀਆਂ। ਉਨ੍ਹਾਂ ਨੂੰ ਤੁਸੀਂ ਸਾਹਿਤ ਨਹੀਂ ਕਹਿ ਸਕਦੇ। ਪ੍ਰਕਾਸ਼ਕ ਦਾ ਵੀ ਮੈਟੀਰੀਅਲ ਨਾਲ ਕੋਈ ਲੈਣ-ਦੇਣ ਨਹੀਂ, ਉਨ੍ਹਾਂ ਨੂੰ ਪੈਸੇ ਨਾਲ ਮਤਲਬ ਹੈ। ਪ੍ਰਕਾਸ਼ਕ ਸਵਾਲ ਕੀ ਕਰਦੇ ਨੇ!… ਪੈਸੇ ਲੈ ਕੇ ਕਿਤਾਬ ਛਾਪ ਦਿੰਦੇ ਨੇ ਤੇ ਜਿੰਨੀਆਂ ਕਾਪੀਆਂ ਲੇਖਕ ਨੂੰ ਚਾਹੀਦੀਆਂ ਹੁੰਦੀਆਂ ਨੇ, ਓਨੀਆਂ ਛਾਪ ਕੇ ਹੱਥ ਫੜਾ ਦਿੰਦੇ ਨੇ…ਤੁਸੀਂ ਉਨ੍ਹਾਂ ਤੋਂ ਬਾਅਦ ‘ਚ ਕੋਈ ਕਾਪੀ ਮੰਗ ਲਓ ਤਾਂ ਮਿਲਦੀ ਨਹੀਂ। ਸਵਾਲ ਚਾਹੀਦਾ ਤਾਂ ਇਹ ਸੀ ਕਿ ਪ੍ਰਕਾਸ਼ਕ ਭਾਵੇਂ ਸਾਲ ‘ਚ ਦੋ ਕਿਤਾਬਾਂ ਛਾਪਣ, ਪਰ ਛਾਪਣ ਤਾਂ ਚੰਗੀਆਂ। ਮੇਰੇ ਨਾਲ ਵੀ ਐਵੇਂ ਹੋਇਆ…ਮੇਰੇ ਕੋਲ ਜਿੰਨੀਆਂ ਮੇਰੀਆਂ ਕਿਤਾਬਾਂ ਸੀ ਉਹ ਖ਼ਤਮ ਹੋ ਗਈਆਂ…ਜੇ ਬਾਅਦ ‘ਚੋਂ ਕਿਸੇ ਨੇ ਮੰਗੀਆਂ ਤਾਂ ਮੈਂ ਕਹਿ ਦੇਣਾ ਪ੍ਰਕਾਸ਼ਕ ਕੋਲੋਂ ਲੈ ਲਓ ਜਾ ਕੇ…ਤੇ ਅੱਗੋਂ ਪ੍ਰਕਾਸ਼ਕ ਉਨ੍ਹਾਂ ਨੂੰ ਕਹਿ ਦਿੰਦਾ ਸੀ ਕਿ ਕਿਤਾਬ ਤਾਂ ਹੈ ਹੀ ਨਹੀਂ ਕੋਈ੩ ਤੇ ਫੇਰ ਕਹਿੰਦੇ ਨੇ ਕਿਤਾਬ ਵਿਕਦੀ ਨਹੀਂ ਕੋਈ। ਸਵਾਲ ਜੇ ਸਾਲ ‘ਚ ਦੋ ਬੰਦੇ ਵੀ ਕਿਤਾਬ ਮੰਗ ਲੈਣ ਤਾਂ ਤੁਸੀਂ ਹੱਥ ਖੜ੍ਹੇ ਕਰ ਦਿਓ…ਸਵਾਲ ਥੋਡਾ ਕੰਮ ਸਿਰਫ਼ ਪੈਸੇ ਕਮਾਉਣਾ ਹੀ ਤਾਂ ਨਹੀਂ ਸੀ। ਪ੍ਰਕਾਸ਼ਕ ਨੇ ਜਿਹੜਾ ਪ੍ਰਕਾਸ਼ਨ ਦਾ ਧਰਮ ਨਿਭਾਉਣਾ ਸੀ, ਉਹ ਨਿਭਾ ਨਹੀਂ ਰਿਹਾ। ਮੈਂ ਪੈਸੇ ਦੇ ਕੇ ਕਿਤਾਬ ਘੱਟ ਹੀ ਛਪਵਾਈ ਹੈ। ਪਹਿਲੀਆਂ ਦੋ ਪੁਸਤਕਾਂ ‘ਖ਼ਲਾਅਵਾਸੀ’ ਤੇ ‘
‘ਮੈਂ ਮੁਖ਼ਾਤਿਬ ਹਾਂ’ ਲਈ ਭਾਸ਼ਾ ਵਿਭਾਗ, ਪੰਜਾਬ ਤੋਂ ਗਰਾਂਟ ਮਿਲ ਗਈ ਤੇ ਮੇਰੇ ਭਰਾ ਦੀ ਪ੍ਰੈਸ ‘ਤੇ ਛਪ ਗਈਆਂ। ‘ਸਵੀਕਾਰ ਤੋਂ ਬਾਅਦ’ ਲਈ ਅੰਮ੍ਰਿਤਾ ਜੀ ਨੇ ਆਰਸੀ ਵਾਲੇ ਗੁਰਬਚਨ ਸਿੰਘ ਜੀ ਨੂੰ ਕਿਹਾ ਤੇ ਛਪ ਗਈ। ਮੇਰੀ ਅਲੋਚਨਾ ਦੀ ਕਿਤਾਬ ‘ਪ੍ਰਗੀਤ ਚਿੰਤਨ’ ਛਪੀ ਤਾਂ ਨਾਲ ਉਨ੍ਹਾਂ ਮੇਰੀ ‘ਇੰਜ ਨਾ ਮਿਲੀਂ ‘ ਛਾਪ ਦਿੱਤੀ। ‘ਬਾਰਿਸ਼ ਅੰਦਰੇ ਅੰਦਰ’ ਵੀ ਆਰਸੀ ਵਾਲਿਆਂ ਹੀ ਛਾਪੀ, ਪਰ ਗੁਰਬਚਨ ਸਿੰਘ ਜੀ ਤੋਂ ਬਾਅਦ ਉਨ੍ਹਾਂ ਨੇ ਇਸ ਤਰ੍ਹਾਂ ਕਵਿਤਾ ਦੀ ਕਿਤਾਬ ਛਾਪਣ ਤੋਂ ਗੁਰੇਜ਼ ਕੀਤਾ। ਫਿਰ ਸਤੀਸ਼ ਗੁਲਾਟੀ ਨੇ  ‘ਮੀਰਾ ‘ ਦੇ ਨਾਲ ‘ਪੀਂਘ’ ਛਾਪ ਦਿੱਤੀ। ਫਿਰ ਹਰੀਸ਼ ਜੈਨ ਨੇ ਕਿਹਾ ਕਿ ਮੈਂ ਤੁਹਾਡੀ ਇਕ ਕਿਤਾਬ ਜ਼ਰੂਰ ਛਾਪਣੀ ਹੈ, ਸੋ ਉਨ੍ਹਾਂ ਨੇ ‘ਪੌਣ  ਤੜਾਗੀ’ ਛਾਪੀ। ਸਵਾਲ ਸੱਤਾਂ ਕਿਤਾਬਾਂ ਨੂੰ ਇਕ ਥਾਂ ਛਪਵਾਣਾ ਚਾਹੁੰਦੀ ਹਾਂ, ਪਰ ਕੋਈ ਹੱਥ ਪਾਉਣ ਨੂੰ ਤਿਆਰ ਨਹੀਂ। ਉਹ ਕਹਿੰਦੇ ਹਨ ਕਿ ਕਵਿਤਾ ਦੀਆਂ ਕਿਤਾਬਾਂ ਤਾਂ ਇਕ ਦੋ ਕਵੀਆਂ ਦੀਆਂ ਹੀ ਵਿਕਦੀਆਂ ਹਨ।
ਸਵਾਲ : ਫੇਰ ਇਸ ਮਾਹੌਲ ਵਿਚ ਹੋਵੇ ਕੀ? ਜਿਹੜਾ ਚੰਗਾ ਲੇਖਕ ਹੈ, ਉਹਦੇ ਕੋਲ ਪੈਸੇ ਨਹੀਂ ਤੇ ਜਿਹੜਾ ਮਾੜਾ ਲੇਖਕ ਹੈ…ਉਹਦੇ ਕੋਲ ਚਾਰ ਪੈਸੇ ਨੇ ਤੇ ਉਹ ਆਪਣੀ ਕਿਤਾਬ ਛਾਪ ਲੈਂਦੈ। ਫਿਰ ਕਿਵੇਂ ਨਿਕਲਿਆ ਜਾ ਸਕਦਾ ਹੈ ਇਸ ਵਿਚੋਂ?
ਪਾਲ ਕੌਰ : ਸਰਕਾਰਾਂ ਜਾਂ ਯੂਨੀਵਰਸਿਟੀਆਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਉਹ ਚੰਗੇ ਸਾਹਿਤ ਲਈ ਫੰਡ ਦੇਵੇ। ਪਰ ਫੇਰ ਉਥੇ ਵੀ ਭ੍ਰਿਸ਼ਟਾਚਾਰ ਸ਼ੁਰੂ ਹੋ ਜਾਵੇਗਾ…ਇਹਦਾ ਕੋਈ ਠੋਸ ਹੱਲ ਨਹੀਂ। ਦੇਖੋ ਜੀ, ਫੇਰ ਵੀ ਜਿਹੜਾ ਚੰਗਾ ਲੇਖਕ ਐ…ਉਹ ਕਿਸੇ ਨਾ ਕਿਸੇ ਤਰ੍ਹਾਂ ਛਪਦਾ ਹੀ ਹੈ…ਦੇਰ-ਸਵੇਰ ਉਹਨੇ ਆਪਣੀ ਥਾਂ ਬਣਾ ਹੀ ਲੈਣੀ ਹੈ… ।
ਸਵਾਲ : ਹਰਿਆਣਾ, ਪੰਜਾਬ ਤੋਂ ਬਾਹਰ ਪਾਕਿਸਤਾਨ, ਕੈਨੇਡਾ ਆਦਿ ਦੀ ਫੇਰੀ ਦੇ ਕੀ ਪ੍ਰਭਾਵ ਰਹੇ? ਉਹ ਅਨੁਭਵ ਕਵਿਤਾ ‘ਚ ਕੀ ਰੂਪ ਧਾਰਦੇ ਹਨ?
ਪਾਲ ਕੌਰ : ਪਾਕਿਸਤਾਨ ਮੈਨੁੰ ਚਾਰ ਵਾਰੀ ਜਾਣ ਦਾ ਮੌਕਾ ਮਿਲਿਆ ਹੈ। ਉਥੇ ਤਾਂ ਬਹੁਤ ਲੇਖਕ ਦੋਸਤ ਹਨ। ਉਥੇ ਹਮੇਸ਼ਾਂ ਨੌਸਟੈਲਜਿਕ ਅਨੁਭਵ ਹੁੰਦਾ ਹੈ। ਇਹ ਜੋ ਹਰ ਵੇਲੇ ਪਾਕਿਸਤਾਨ ਦੀ ਦੁਸ਼ਮਣੀ ਦੀਆਂ ਗੱਲਾਂ ਸੁਣਦੇ ਹਾਂ, ਉਥੇ ਜਾ  ਕੇ ਕੋਈ ਦੁਸ਼ਮਣ ਨਹੀਂ ਲੱਭਦਾ। ਕੈਨੇਡਾ ਕਾਨਫਰੰਸ ‘ਤੇ ਗਈ ਸਾਂ, ਕਾਨਫਰੰਸ ਦਾ ਅਨੁਭਵ ਕੋਈ ਬਹੁਤਾ ਵਧੀਆ ਨਹੀਂ ਸੀ, ਪਰ ਉਥੇ ਵੀ ਲੇਖਕ ਦੋਸਤਾਂ ਨੂੰ ਮਿਲ ਕੇ ਚੰਗਾ ਲੱਗਾ। ਅਨੁਭਵ ਕਵਿਤਾ ਵਿਚ ਵੀ ਆਉਂਦੇ ਹੀ ਹਨ। ਲੋਕ ਇਥੇ ਤਾਂ ਕੰਮ ਕਰਦੇ ਨਹੀਂ, ਅਨੁਸ਼ਾਸਨ ਤੇ ਨਿਯਮ ਕਾਨੂੰਨ ਤੋੜਨ ਵਿਚ ਸ਼ਾਨ ਸਮਝਦੇ ਹਨ, ਪਰ ਉਥੇ ਜਾ ਕੇ ਇਨ੍ਹਾਂ  ਨਿਯਮਾਂ ਕਾਨੂੰਨਾਂ ਵਿਚ ਢਲ ਜਾਂਦੇ ਹਨ ਨੇ ਤੇ ਫਿਰ ਕਹਿੰਦੇ ਨੇ ਹਿੰਦੁਸਤਾਨ ਵਿਚ ਕੋਈ ਨਿਯਮ ਕਾਨੂੰਨ ਨਹੀਂ। ਇਸ ਵਿਸ਼ੇ ‘ਤੇ ਇਕ ਕਵਿਤਾ ਲਿਖੀ ਸੀ ‘ਚਲੋ ਚਲੀ’। ਮੈਂ ਉਜ਼ਬੇਕਿਸਤਾਨ ਵਿਚ ਤਾਸ਼ਕੰਦ ਤੇ ਸਮਰਕੰਦ ਵੀ ਗਈ,  ਮੁਗਲਾਂ ਦੀ ਜਨਮ ਭੂਮੀ। ਸਾਡੇ ਲਈ ਜਿਥੇ ਤੈਮੂਰ ਤੇ ਬਾਬਰ ਲੁਟੇਰੇ ਹਨ, ਉਨ੍ਹਾਂ ਦੇ ਰਾਸ਼ਟਰੀ ਨਾਇਕ ਹਨ। ਉਹ ਸਾਰੀਆਂ ਮਸਜਿਦਾਂ ਤੇ ਮਕਬਰੇ ਜੋ ਰੂਸੀ ਸਮਾਜਵਾਦ ਵੇਲੇ ਬੰਦ ਕਰ ਦਿੱਤੇ ਗਏ ਸਨ, ਆਜ਼ਾਦ ਹੋ ਕੇ ਉਨ੍ਹਾਂ ਫਿਰ ਜੀਵਤ ਕਰ ਲਏ। ਪਹਿਲਾਂ ਉਥੇ ਬੱਚਿਆਂ ਦੇ ਨਾਂ ਲੈਨਿਨ ਤੇ ਸਟਾਲਿਨ ਰੱਖੇ ਜਾਦੇ ਸਨ, ਸਵਾਲ ਬਾਬਰ ਤੇ ਤੈਮੂਰ ਰੱਖੇ ਜਾਂਦੇ ਹਨ। ਕਦੀ ਉਹ ਹਿੰਦੁਸਤਾਨ ਨੂੰ ਰਾਜ ਕਪੂਰ ਦੇ ਨਾਂ ਨਾਲ ਯਾਦ ਕਰਦੇ ਸਨ, ਸਵਾਲ ਸ਼ਾਹਰੁਖ਼ ਖ਼ਾਨ ਦੇ ਨਾਂ ਨਾਲ ਪਛਾਣਦੇ ਹਨ। ਉਸ ਦੀ ਫ਼ਿਲਮ ਦਾ ਡਾਇਲਾਗ ਬੜੇ ਧੰਨਵਾਦੀ ਅੰਦਾਜ਼ ਵਿਚ ਬੋਲਦੇ ਹਨ, ੰੇ ਂਅਮÂ ਸਿ ਖਹਅਨ, ਭੁਟ ੀ Àਮ ਨੋਟ À ਟÂਰਰੋਰਸਿਟ।
ਕਵਿਤਾ ਦੀ ਭੂਮਿਕਾ
ਸਵਾਲ : ਅੱਜ ਜਿਸ ਤਰ੍ਹਾਂ ਆਪਣੇ ਮੁਲਕ ਦੇ ਹਾਲਾਤ ਨੇ, ਉਹਦੇ ਵਿਚ ਕਵਿਤਾ ਦੀ ਕਿਸ ਤਰ੍ਹਾਂ ਦੀ ਭੂਮਿਕਾ ਹੈ? ਮੈਨੂੰ ਯਾਦ ਆ ਰਿਹਾ ਹੈ ਹੋਚੀ ਮਿਨ ਨੇ ਕਦੀ ਕਿਹਾ ਸੀ ਕਿ ਕਵੀ ਨੂੰ ਹਮਲਾ ਕਰਨ ਦੀ ਜਾਚ ਆਉਣੀ ਚਾਹੀਦੀ ਹੈ। ਮੈਂ ਇਸ ਪ੍ਰਸੰਗ ਵਿਚ ਪੁਛ ਰਿਹਾਂ ਕਿ ਰਾਜਸੀ ਕਵਿਤਾ ਦਾ ਕਿੰਨਾ ਕੁ ਮਹੱਤਵ ਹੈ ਤੇ ਕਿੰਨੀ ਕੁ ਜ਼ਰੂਰਤ ਹੈ?
ਪਾਲ ਕੌਰ : ਆਪਣੀ ਪਹਿਲਾਂ ਵੀ ਗੱਲ ਹੋਈ ਹੈ, ਕਿਉਂਕਿ ਦੇਸ਼ ਵਿਚ ਐਸ ਵੇਲੇ ਵਿਰੋਧੀ ਪਾਰਟੀਆਂ ਦੀ ਭੂਮਿਕਾ ਖ਼ਤਮ ਵਰਗੀ ਹੀ ਹੈ…ਉਹ ਤਾਕਤਵਰ ਨਹੀਂ ਹੈਗੀਆਂ…ਜਦੋਂ ਵਿਰੋਧੀ ਧਿਰ ਹੀ ਖ਼ਤਮ ਹੋ ਜਾਂਦੀ ਹੈ ਤਾਂ ਸੱਤਾਧਾਰੀ ਧਿਰ ਜੋ ਮਰਜ਼ੀ ਕਰ ਸਕਦੀ ਐ। ਤੇ ਐਸੇ ਮਾਹੌਲ ਵਿਚ ਜੇ ਉਨ੍ਹਾਂ ਦਾ ਕੋਈ ਵਿਰੋਧ ਕਰ ਸਕਦੈ ਤਾਂ ਉਹ ਕਲਾਕਾਰ ਹੀ ਕਰ ਸਕਦੇ ਨੇ…ਨਾਟਕ ਰਾਹੀਂ ਕਰ ਸਕਦੇ ਨੇ…ਲਿਖਤ ਰਾਹੀਂ ਕਰ ਸਕਦੇ ਨੇ…ਸੋ, ਐਸ ਵੇਲੇ ਕਵੀ ਲਈ ਸਿਆਸੀ ਕਵਿਤਾ ਲਿਖਣੀ ਬਹੁਤ ਜ਼ਰੂਰੀ ਹੈ…ਔਰ ਸਿਆਸੀ ਕਵਿਤਾ ਜਦੋਂ ਲਿਖੀ ਜਾਂਦੀ ਐ…ਇਹਦੇ ਬਾਰੇ ਵੀ ਦੋ ਵਿਚਾਰ ਆਉਂਦੇ ਨੇ ਹਮੇਸ਼ਾ ਕਿ ਸਿਆਸੀ ਕਵਿਤਾ ਲਾਊਡ ਹੋਵੇ ਜਾਂ ਨਾ ਹੋਵੇ…ਪਰ ਮੈਨੂੰ ਲਗਦੈ ਲਿਖਣੀ ਜ਼ਰੂਰੀ ਐ…ਉਹ ਭਾਵੇਂ ਲਾਊਡ ਹੋਵੇ ਜਾਂ ਨਾ। ਫੇਰ ਕੀ ਹੋ ਗਿਆ ਜੇ ਮੈਂ ਅੱਜ ਕਵਿਤਾ ਵੇਲੇ ਦੀ ਸਰਕਾਰ ਖ਼ਿਲਾਫ਼ ਲਿਖੀ ਐ…ਅਗਲੀਆਂ ਪੀੜ੍ਹੀਆਂ ਉਹਨੂੰ ਕਵਿਤਾ ਨਹੀਂ ਮੰਨਣਗੀਆਂ, ਨਾ ਮੰਨਣ ਪਰ ਜਿਹੜਾ ਉਹਨੇ ਅੱਜ ਸਿਆਸੀ ਮਾਹੌਲ ‘ਤੇ ਚੋਟ ਕਰਨੀ ਐ, ਉਹ ਤਾਂ ਮਹੱਤਵ ਰੱਖਦੀ ਹੈ ਨਾ!…ਸੋ, ਸਿਆਸੀ ਕਵਿਤਾ ਦਾ ਬਹੁਤ ਮਹੱਤਵ ਐ ਐਸ ਵੇਲੇ…ਚਾਹੇ ਉਹ ਲਾਊਡ ਐ…ਚਾਹੇ ਉਹ ਸਲੋਗਨ ਐ…ਚਾਹੇ ਉਹਦੇ ਵਿਚ ਕਵਿਤਾ ਵਾਲੀ ਕੋਈ ਗੱਲ ਨਹੀਂ ਪਰ ਉਹ ਮੌਕੇ ਮੁਤਾਬਕ ਕੰਮ ਤਾਂ ਕਰੇਗੀ। ਵਕਤ ਦੀ ਇਹ ਜ਼ਰੂਰਤ ਹੈ।
ਸਵਾਲ : ਜਦੋਂ ਕੁਲਬਰਗੀ ਦਾ ਕਤਲ ਹੋਇਆ, ਪਨਸਾਰੇ ਦਾ ਕਤਲ ਹੋਇਆ। ਜਦੋਂ ਹਕੂਮਤ ਇੱਥੋਂ ਤੱਕ ਆ ਗਈ ਤਾਂ ਸਾਡੇ ਸਾਹਿਤਕਾਰਾਂ ਨੇ ਰੋਸ ਵਜੋਂ ਇਨਾਮ ਵੀ ਵਾਪਸ ਕੀਤੇ ਤੇ ਉਹਦੇ ਵਿਚ ਪੰਜਾਬ ਦਾ ਵੀ ਵੱਡਾ ਹਿੱਸਾ ਰਿਹਾ। ਇਥੋਂ ਤੱਕ ਕਿ ਦਲੀਪ ਕੌਰ ਟਿਵਾਣਾ ਨੇ ਤਾਂ ਆਪਣਾ ਪਦਮਸ੍ਰੀ ਵੀ ਵਾਪਸ ਕਰ ਦਿੱਤਾ। ਤੁਹਾਡੀ ਇਸ ਬਾਰੇ ਕਿਸ ਕਿਸਮ ਦੀ ਰਾਏ ਹੈ?
ਪਾਲ ਕੌਰ : ਮੈਂ ਉਨ੍ਹਾਂ ਦਿਨਾਂ ਵਿਚ ਸਾਰੇ ਲੇਖਕਾਂ ਨੂੰ ਸਲੂਟ ਵੀ ਕਰਦੀ ਰਹੀ ਹਾਂ…ਫੇਸਬੁੱਕ ‘ਤੇ ਮੈਂ ਪੋਸਟਾਂ ਵੀ ਪਾਈਆਂ। ਇਨਾਮ ਵਾਪਸੀ ਦੀ ਜਦੋਂ ਮੁਹਿੰਮ ਚੱਲੀ ਤਾਂ ਸੱਤਾਧਾਰੀ ਧਿਰ ਨੇ ਲੇਖਕਾਂ ਦੇ ਖ਼ਿਲਾਫ਼ ਮੁਹਿੰਮ ਸ਼ੁਰੂ ਕਰ ਦਿੱਤੀ ਕਿ ਲੇਖਕ ਉਦੋਂ ਕਿਉਂ ਨਹੀਂ ਬੋਲੇ, ਉਸ ਵੇਲੇ ਕਿਉਂ ਨਹੀਂ ਬੋਲੇ…ਪਹਿਲਾਂ ਵੀ ਬੜਾ ਕੁਝ ਹੋਇਆ…ਨਾਲੇ ਕਿਸੇ ਨੇ ਕਿਹਾ ਕਿ ਇਨ੍ਹਾਂ ਨੇ ਕਿਹੜਾ ਪੈਸਾ ਵਾਪਸ ਕਰਨੈ…ਜੇ ਉੁਨ੍ਹਾਂ ਨੇ ਇਨਾਮ ਵਾਪਸ ਕਰਨੇ ਨੇ ਤਾਂ ਰਾਇਲਟੀ ਵੀ ਵਾਪਸ ਕਰਨ। ਮੈਨੂੰ ਲਗਦੈ ਇਹ ਸਰਕਾਰ ਦੀ ਬੇਸ਼ਰਮੀ ਐ…ਜਦੋਂ ਲੇਖਕ ਉਠ ਕੇ ਕਹਿ ਦੇਵੇ ਕਿ ਉਹ ਰੋਸ ਵਜੋਂ ਇਨਾਮ ਵਾਪਸ ਕਰਦਾ ਹੈ ਤਾਂ ਉਹ ਸਰਕਾਰ ਲਈ ਬਹੁਤ ਵੱਡੀ ਨਮੋਸ਼ੀ ਵਾਲੀ ਗੱਲ ਹੁੰਦੀ ਐ…ਬਜਾਏ ਸਰਕਾਰ ਇਸ ‘ਚੋਂ ਨਮੋਸ਼ੀ ਮਹਿਸੂਸ ਕਰਦੀ, ਉਸ ਨੇ ਲੇਖਕਾਂ ‘ਤੇ ਹੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਭਾਵੇਂ ਸਰਕਾਰ ਨੇ ਇਨਾਮ ਵਾਪਸ ਨਹੀਂ ਲਏ ਤੇ ਚੈੱਕ ਵਾਪਸ ਕਰ ਦਿੱਤੇ ਪਰ ਇਹ ਸਰਕਾਰੀ ਜਬਰ ਖ਼ਿਲਾਫ਼ ਵਿਰੋਧ ਦਾ ਪ੍ਰਤੀਕ ਸੀ। ਜਦੋਂ ਉਨ੍ਹਾਂ ਨੇ ਕਹਿ ਹੀ ਦਿੱਤਾ ਕਿ ਅਸੀਂ ਇਨਾਮ ਵਾਪਸ ਕੀਤੇ ਤਾਂ ਉਹ ਆਪਣੇ ਆਪ ਵਿਚ ਮਹੱਤਵਪੂਰਨ ਸੀ। ਇਹ ਸਰਕਾਰ ਦੇ ਮੂੰਹ ‘ਤੇ ਚਪੇੜ ਸੀ। ਜਦੋਂ ਕੋਈ ਬੰਦਾ ਕਹਿ ਦੇਵੇ ਕਿ ਮੈਂ ਤੇਰੇ ਚਪੇੜ ਮਾਰਨੀ ਐ…ਤਾਂ ਉਹ ਚਪੇੜ ਵੱਜਦੀ ਹੈ…ਜ਼ਰੂਰੀ ਨਹੀਂ ਹੁੰਦਾ ਥੱਪੜ ਮਾਰਿਆ ਹੀ ਜਾਵੇ…ਕਹਿਣਾ ਹੀ ਆਪਣੇ ਆਪ ਵਿਚ ਅਹਿਮੀਅਤ ਰੱਖਦਾ ਹੈ। ਜਦੋਂ ਲੇਖਕਾਂ ਨੇ ਇਨਾਮ ਮੋੜਨ ਦੀ ਮੁਹਿੰਮ ਚਲਾਈ ਤਾਂ ਮੇਰਾ ਸਮਰਥਨ ਉਨ੍ਹਾਂ ਨਾਲ ਸੀ। ਸੋ, ਜਦੋਂ ਕੋਈ ਵੀ ਸਰਕਾਰੀ ਜ਼ੁਲਮ ਹੋ ਰਿਹਾ ਹੋਵੇ ਤਾਂ ਲੇਖਕ ਨੂੰ ਜ਼ਰੂਰ ਆਵਾਜ਼ ਉਠਾਉਣੀ ਚਾਹੀਦੀ ਹੈ। ਨਾਲੇ ਉਸ ਵੇਲੇ ‘ਕੱਲੇ ਲੇਖਕਾਂ ਨੇ ਹੀ ਨਹੀਂ, ਵਿਗਿਆਨੀਆਂ, ਇਤਿਹਾਸਕਾਰਾਂ, ਕਲਾਕਾਰਾਂ ਨੇ ਵੀ ਆਪਣੇ ਇਨਾਮ-ਸਨਮਾਨ ਵਾਪਸ ਕੀਤੇ। ਸਰਕਾਰ ਬੈਕ ਫੁੱਟ ‘ਤੇ ਆ ਗਈ ਸੀ ਤੇ ਕੌਮਾਂਤਰੀ ਪੱਧਰ ‘ਤੇ ਵੀ ਇਹਦੀ ਬੜੀ ਚਰਚਾ ਹੋਈ।
ਮੈਂ ਤੇ ਅਮ੍ਰਿਤਾ
ਸਵਾਲ : ਜ਼ਿੰਦਗੀ ਵਿਚ ਔਰਤਾਂ ਨੂੰ ਬੜਾ ਕੁਝ ਸੁਣਨਾ ਪੈਂਦਾ ਹੈ। ਖ਼ਾਸ ਤੌਰ ‘ਤੇ ਜਦੋਂ ਉਹ ਕੰਮ ਕਰਦੀਆਂ ਹਨ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਇਹ ਤਾਂ ਮਰਦਾਂ ਲਈ ਹੀ ਹੈ? ਮਸਲਨ ਜੇ ਔਰਤ ਸ਼ਰਾਬ ਜਾਂ ਸਿਗਰਟ ਦਾ ਸੇਵਨ ਕਰੇ ਤਾਂ ਸਾਡੇ ਸਮਾਜ ਵਿਚ ਉਹਨੂੰ ਕੋਈ ਬਹੁਤਾ ਚੰਗਾ ਨਹੀਂ ਮੰਨਿਆ ਜਾਂਦਾ। ਕੀ ਕਹਿੰਦੇ ਹੋ?
ਪਾਲ ਕੌਰ : ਅੰਮ੍ਰਿਤਾ ਜੀ ਨੂੰ ਕਿਸੇ ਨੇ ਇਕ ਵਾਰ ਕਿਹਾ ਕਿ ਤੁਸੀਂ ਸਿਗਰਟ, ਸ਼ਰਾਬ ਪੀਂਦੇ ਓ…ਉਹ ਕਹਿੰਦੇ, ‘ਤੁਸੀਂ ਮੂੰਗੀ ਦੀ ਦਾਲ ਖਾਂਦੇ ਹੋ, ਮੈਂ ਤੁਹਾਨੂੰ ਕਦੇ ਪੁਛਿਐ?’ ਹਾ..ਹਾ..ਹਾ..
ਮਜ਼ੇਦਾਰ ਗੱਲ ਐ ਕਿ ਪਹਿਲੀ ਵਾਰ ਮੈਂ ਸ਼ਰਾਬ ਅੰਮ੍ਰਿਤਾ ਜੀ ਨਾਲ ਹੀ ਪੀਤੀ। ਮੈਂ ਪਹਿਲਾਂ ਕਦੇ ਨਹੀਂ ਸੀ ਪੀਤੀ…ਉਥੇ ਇਕ ਸਮਾਗਮ ਸੀ, ਜਿਸ ਵਿਚ ਮੈਂ ਅੰਮ੍ਰਿਤਾ ਜੀ ਬਾਰੇ ਪਰਚਾ ਪੜ੍ਹਿਆ…ਅੰਮ੍ਰਿਤਾ-ਇਮਰੋਜ਼ ਵੀ ਉਥੇ ਹੀ ਸੀ…ਪ੍ਰੋਗਰਾਮ ਤੋਂ ਬਾਅਦ ਅੰਮ੍ਰਿਤਾ ਜੀ ਕਹਿੰਦੇ, ‘ਅੱਜ ਤੂੰ ਘਰ ਚਲਣੈ ਸਾਡੇ ਨਾਲ।’ ਮੈਨੂੰ ਲੈ ਗਏ ਦੋਵੇਂ ਆਪਣੇ ਘਰ…ਜਾ ਕੇ ਕਹਿੰਦੇ, ‘ਇਮਰੋਜ਼ ਅੱਜ ਪ੍ਰੋਗਰਾਮ ਬਹੁਤ ਵਧੀਆ ਹੋ ਗਿਆ ਤੇ ਲਿਆਓ ਆਪਾਂ ਡਰਿੰਕ ਲੈਂਦੇ ਹਾਂ ਥੋੜ੍ਹੀ ਥੋੜ੍ਹੀ…ਮੈਨੂੰ ਕਹਿੰਦੇ, ‘ਪਾਲ ਤੂੰ ਲਏਂਗੀ?’ ਤੇ ਮੈਨੂੰ ਲੱਗਿਆ, ਅੰਮ੍ਰਿਤਾ ਜੀ ਮੈਨੂੰ ਆਫ਼ਰ ਕਰ ਰਹੇ ਨੇ…ਮੈਂ ਕਿਹਾ-ਹਾਂ ਮੈਂ ਲੈ ਲਵਾਂਗੀ…ਹਾ..ਹਾ..। ਮੇਰਾ ਜ਼ਿੰਦਗੀ ਦਾ ਪਹਿਲਾ ਤਜਰਬਾ ਅੰਮ੍ਰਿਤਾ ਜੀ ਦੀ ਸੰਗਤ ਨਾਲ ਹੋਇਆ।
ਮੈਂ ਕਦੇ ਜਨਤਕ ਤੌਰ ‘ਤੇ ਨਹੀਂ ਸੀ ਲੈਂਦੀ…ਇਹਦੇ ਪਿਛੇ ਵੀ ਬੜੀ ਦਿਲਚਸਪ ਘਟਨਾ ਹੈ। ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਇਕ ਸ਼ਾਇਰ ਨੇ ਆਪਣੀ ਕਿਤਾਬ ‘ਤੇ ਚਰਚਾ ਕਰਵਾਈ…ਕੋਈ 8-10 ਬੰਦੇ ਸੀ…ਮੈਂ ਉਨ੍ਹਾਂ ‘ਚ ‘ਕੱਲੀ ਔਰਤ ਸੀ…ਅਸੀਂ ਉਹਦੀ ਕਿਤਾਬ ‘ਤੇ ਚਰਚਾ ਕੀਤੀ…ਜਦੋਂ ਚਰਚਾ ਖ਼ਤਮ ਹੋ ਗਈ ਤਾਂ ਕਹਿੰਦਾ, ਚੱਲੋ ਕੁਝ ਖਾਨੇ-ਪੀਨੇ ਆਂ…ਵੇਟਰ ਨੂੰ ਸੱਦ ਕੇ ਉਨ੍ਹਾਂ ਨੇ ਜਿੰਨੇ ਬੰਦੇ ਬੈਠੇ ਸੀ, ਗਿਣ ਕੇ ਬੀਅਰ ਲਿਆਉਣ ਲਈ ਕਿਹਾ ਤੇ ਮੇਰੇ ਵੱਲ ਦੇਖ ਕੇ ਕਹਿੰਦੇ, ਇਨ੍ਹਾਂ ਲਈ ਜੂਸ ਲੈ ਆ…ਮੈਨੂੰ ਗੁੱਸਾ ਆ ਗਿਆ…ਕਿ ਤੁਸੀਂ ਕੌਣ ਹੁੰਦੇ ਹੋ ਫੈਸਲਾ ਲੈਣ ਵਾਲੇ ਕਿ ਮੈਂ ਕੀ ਲੈਣਾ ਹੈ ਕੀ ਨਹੀਂ…ਮੈਂ ਬੀਅਰ ਲਵਾਂ, ਚਾਹ ਲਵਾਂ, ਜੂਸ ਲਵਾਂ…ਇਹ ਤਾਂ ਮੈਂ ਫੈਸਲਾ ਲੈਣਾ ਹੈ…ਮੈਨੂੰ ਪੁਛੋ ‘ਤੇ ਸਹੀ ਕਿ ਕੀ ਲਓਗੇ? ਸਾਡੇ ਫ਼ੈਸਲੇ ਤੁਸੀਂ ਹੀ ਲੈਣੇ ਨੇ ਹਮੇਸ਼ਾ? ਇਕ ਪਾਸੇ ਤੁਸੀਂ ਸ਼ਾਇਰ ਹੋ…ਏਡੀਆਂ ਵਿਚਾਰਾਂ ਕਰ ਰਹੇ ਹੋ…ਨਵੀਂਆਂ ਗੱਲਾਂ ਕਰ ਰਹੇ ਹੋ…ਸੋ, ਫੇਰ ਮੈਨੂੰ ਗੁੱਸਾ ਚੜ੍ਹਿਆ…ਮੈਂ ਵੇਟਰ ਨੂੰ ‘ਵਾਜ ਮਾਰ ਕੇ ਕਿਹਾ, ‘ਮੇਰੇ ਲਈ ਵੀ ਬੀਅਰ ਲੈ ਕੇ ਆ।’ ਸੋ, ਜਨਤਕ ਤੌਰ ‘ਤੇ ਜਦੋਂ ਸ਼ਾਇਰ ਬੈਠਦੇ ਨੇ ਤਾਂ ਮੈਂ ਲੈ ਲੈਂਦੀ ਹਾਂ ਕੋਈ ਪਰਹੇਜ਼ ਨਹੀਂ।
ਕਵਿਤਾ ਦੇ ਖਾਨੇ
ਸਵਾਲ : ਆਪਾਂ ਪ੍ਰਗਤੀਵਾਦੀ, ਜੁਝਾਰਵਾਦੀ ਦੌਰ ਦਾ ਜ਼ਿਕਰ ਕੀਤਾ ਹੈ। ਇਸ ਦੌਰਾਨ ਦੇਹ ਦੀ ਕਵਿਤਾ, ਪਿਆਰ ਦੀ ਕਵਿਤਾ, ਜਸ਼ਨ ਦੀ ਕਵਿਤਾ ਦਾ ਵੀ ਉਬਾਲ ਉਠਿਆ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ?
ਪਾਲ ਕੌਰ : ਹਾਂ, ਆਇਆ ਸੀ ਐਸਾ ਵੀ ਦੌਰ, ਜਦੋਂ ਸ਼ਾਇਰ ਨੂੰ ਕਿਹਾ ਜਾਂਦਾ ਸੀ ਕਿ ਜਸ਼ਨ ਦੀ ਕਵਿਤਾ ਹੋਣੀ ਚਾਹੀਦੀ ਹੈ…ਪਿਆਰ ਦੀ ਕਵਿਤਾ ਨੂੰ ਗਲੋਰੀਫਾਈ ਕੀਤਾ ਗਿਆ…ਦੇਹ ਦੀ ਕਵਿਤਾ ਨੂੰ ਗਲੋਰੀਫਾਈ ਕੀਤਾ ਗਿਆ…ਹਰ ਕਵੀ ਪਿਆਰ ਦੀ ਕਵਿਤਾ ਲਿਖਦੈ…ਅਕੈਡਮੀ ਵਲੋਂ ਵਿਸ਼ੇਸ਼ ਤੌਰ ‘ਤੇ ਇਕ ਕਿਤਾਬ ਛਾਪੀ ਗਈ ਜਿਹਦਾ ਨਾਂ ਹੀ ‘ਪਿਆਰ ਦੀ ਕਵਿਤਾ’ ਹੈ। ਹਰ ਬੰਦਾ ਪਿਆਰ ਕਰਦੈ…ਜਸ਼ਨ ਵੀ ਐ ਉਹਦੀ ਜ਼ਿੰਦਗੀ ਵਿਚ…ਉਨ੍ਹਾਂ ਦਾ ਵੈਸੇ ਈ ਮਕਸਦ ਸੀ ਕਿ ਅਸੀਂ ਗੁੱਭ-ਗਲਾਟ ਦੀ ਕਵਿਤਾ ਲਿਖਦੇ ਹਾਂ, ਜਸ਼ਨ ਦੀ ਵੀ ਆਉਣੀ ਚਾਹੀਦੀ ਹੈ…ਪਰ ਜਦੋਂ ਖ਼ਾਸ ਏਜੰਡੇ ਮੁਤਾਬਕ ਲਿਖਦੇ ਹੋ ਕਿ ਐਵੇਂ ਦੀ ਕਵਿਤਾ ਲਿਖੀ ਜਾਣੀ ਚਾਹੀਦੀ ਹੈ…ਤਾਂ ਫੇਰ ਉਦੋਂ ਕਵਿਤਾ ਦਾ ਨੁਕਸਾਨ ਸਭ ਤੋਂ ਜ਼ਿਆਦਾ ਹੁੰਦਾ ਹੈ। ਫੇਰ ਉਦੋਂ ਜ਼ਰੂਰੀ ਨਹੀਂ, ਚੰਗੀ ਕਵਿਤਾ ਸਾਹਮਣੇ ਆਵੇ। ਜਿਵੇਂ ਅੰਦੋਲਨਾਂ ਦੀ ਕਵਿਤਾ ਵੀ ਸਮੇਂ ਦੇ ਨਾਲ ਖ਼ਤਮ ਹੋ ਜਾਂਦੀ ਹੈ, ਉਸੇ ਤਰ੍ਹਾਂ ਮਿੱਥ ਕੇ ਲਿਖੀ ਕਵਿਤਾ ਵੀ ਥੋੜ੍ਹ ਚਿਰੀ ਹੁੰਦੀ ਐ। ਕਿਉਂਕਿ ਮੈਨੂੰ ਹਮੇਸ਼ਾ ਲਗਦੈ ਕਿ ਜ਼ਰੂਰੀ ਕਵਿਤਾ ਦੀ ਕਾਵਿਕਤਾ ਹੈ…ਕਵਿਤਾ ਕਵਿਤਾ ਹੋਣੀ ਚਾਹੀਦੀ ਹੈ ਘੱਟੋ-ਘੱਟ।
ਇਛਾਵਾਂ ਦਾ ਸੰਸਾਰ
ਸਵਾਲ : ਤੁਹਾਨੂੰ ਕਦੇ ਇਵੇਂ ਵੀ ਲੱਗਿਆ ਕਿ ਮੈਂ ਐਵੇਂ ਸਮਾਜਕ ਬੰਧਨਾਂ ਵਿਚ ਬੱਝੀ ਰਹੀ, ਮੈਨੂੰ ਵੀ ਫਲਾਨਾ ਕੰਮ ਕਰ ਲੈਣਾ ਚਾਹੀਦਾ ਸੀ?
ਪਾਲ ਕੌਰ : ਐਸਾ ਕੁਝ ਨਹੀਂ, ਮੇਰਾ ਜੋ ਵੀ ਦਿਲ ਕੀਤਾ, ਉਹ ਮੈਂ ਕੀਤਾ ਹੀ ਹੈ…ਮੈਨੂੰ ਇਹ ਜ਼ਰੂਰ ਦੁੱਖ ਐ ਕਿ ਮੈਂ ਆਪਣੀ ਸਿਹਤ ਨਹੀਂ ਬਹੁਤੀ ਸੰਭਾਲ ਸਕੀ…ਬਹੁਤ ਵਾਰੀ ਅਫ਼ਸੋਸ ਹੁੰਦੈ…ਕਈ ਵਾਰੀ ਸੁਧਾਰਨ ਦੀ ਕੋਸ਼ਿਸ਼ ਵੀ ਕੀਤੀ…ਇਹਦੇ ਨਾਲ ਮੇਰੀ ਜ਼ਿੰਦਗੀ ਜ਼ਰਾ ਸੀਮਤ ਹੋ ਗਈ…ਜਿਵੇਂ ਸਵਾਲ ਮੇਰਾ ਘੁੰਮਣ ਨੂੰ ਦਿਲ ਕਰਦਾ ਹੈ ਪਰ ਸਿਹਤ ਆਗਿਆ ਨਹੀਂ ਦਿੰਦੀ…ਜੇ ਮੈਂ ਥੋੜ੍ਹਾ ਪਹਿਲਾਂ ਘੁੰਮ ਲੈਂਦੀ ਤਾਂ ਜ਼ਿਆਦਾ ਮੌਜ-ਮਸਤੀ ਕਰਨੀ ਸੀ…। ਇਕ ਕਾਰਨ ਇਹ ਵੀ ਐ ਕਿ ਉਦੋਂ ਆਰਥਕ ਸੀਮਾਵਾਂ ਸੀ…ਤੁਹਾਡੇ ਕੋਲ ਬਹੁਤਾ ਪੈਸਾ ਨਹੀਂ ਹੁੰਦਾ ਕਿ ਤੁਸੀਂਂ ਦੁਨੀਆ ਘੁੰਮ ਸਕੋਂ…ਸਵਾਲ ਜੇ ਘੁੰਮਣ ਜਾ ਸਕਦੀ ਹਾਂ…ਪੈਸੇ ਖ਼ਰਚ ਕਰ ਸਕਦੀ ਹਾਂ ਤਾਂ ਸਵਾਲ ਸਰੀਰਕ ਸੀਮਾਵਾਂ ਹੋ ਗਈਆਂ।
ਸਵਾਲ : ਤੁਹਾਡੀ ਤਾਂ ਸਰਕਾਰੀ ਨੌਕਰੀ ਸੀ ਤੇ ਉਪਰੋਂ ਜ਼ਿੰਮੇਵਾਰੀ ਵੀ ਕੋਈ ਨਹੀਂ ਸੀ, ਫੇਰ ਕਿਉਂ ਇਛਾਵਾਂ ਅਧੂਰੀਆਂ ਰਹਿ ਗਈਆਂ?
ਪਾਲ ਕੌਰ : ਮੈਂ ਸਟੈਂਡ ਬਹੁਤ ਦੇਰ ਬਾਅਦ ਹੋਈ ਆਂ…ਮੈਨੂੰ ਇਕ ਪੈਸੇ ਦੀ ਵੀ ਕਿਧਰੋਂ ਮਦਦ ਨਹੀਂ ਸੀ…ਜੇ ਮੈਂ ‘ਕੱਲੀ ਸੀ…ਮੇਰੀ ਜ਼ਿੰਮੇਵਾਰੀ ਕੋਈ ਨਹੀਂ ਸੀ ਤਾਂ ਘਰ ਬਣਾਉਣ ਵਾਲੀ ਵੀ ਮੈਂ ‘ਕੱਲੀ ਹੀ ਸੀ…ਇਕ ਚਮਚ ਤੋਂ ਲੈ ਕੇ ਘਰ ਤੱਕ। ਮੈਂ ਇਹਦੇ ਵਿਚ ਰੁੱਝੀ ਰਹੀ ਕਿ ਮੈਂ ਆਪਣੇ ਆਪ ਨੂੰ ਸਟੈਂਡ ਕਰਨੈ…ਮੇਰਾ ਆਪਣਾ ਘਰ ਹੋਣਾ ਚਾਹੀਦੈ…ਕਿਉਂਕਿ ਮੈਨੂੰ ਲਗਦਾ ਸੀ ਕਿ ਮੇਰਾ ਆਪਣਾ ਘਰ ਮੈਨੂੰ ਸੁਰੱਖਿਆ ਦਏਗਾ… ਔਰ ਦਿੱਤੀ ਵੀ ਓਹਨੇ…। ਸੋ, ਪਹਿਲਾਂ ਮੈਂ ਉਸ ਪਾਸੇ ਲੱਗ ਗਈ…ਨਾਲੇ ਤਨਖ਼ਾਹ ਐਨੀ ਵੀ ਨਹੀਂ ਸੀ ਕਿ ਮੈਂ ਬਾਹਰ ਘੁੰਮਣ ਜਾ ਸਕਾਂ…ਫੇਰ ਵੀ ਹਿੰਦੁਸਤਾਨ ਵਿਚ ਤਾਂ ਜਾਂਦੀ ਰਹੀ ਹਾਂ ਪਰ ਬਾਹਰ ਨਹੀਂ ਕਿਤੇ ਬਹੁਤਾ ਜਾ ਸਕੀ…। ਜਦੋਂ 6ਵਾਂ ਤਨਖ਼ਾਹ ਕਮਿਸ਼ਨ ਆਇਆ ਤਾਂ ਉਦੋਂ ਤਨਖ਼ਾਹਾਂ ਥੋੜ੍ਹੀਆਂ ਚੰਗੀਆਂ ਵੱਧ ਗਈਆਂ…ਫੇਰ ਥੋਡੀਆਂ ਸਰੀਰਕ ਸੀਮਾਵਾਂ ਅੱਗੇ ਆ ਜਾਂਦੀਆਂ ਨੇ…ਲੇਕਿਨ ਮੇਰੀ ਹਾਲੇ ਵੀ ਇੱਛਾ ਹੈ ਕਿ ਜਿੱਥੇ ਜਿੱਥੇ ਵੀ ਕੁਦਰਤੀ ਸੁੰਦਰਤਾ ਹੈ, ਮੈਂ ਉਨ੍ਹਾਂ ਥਾਵਾਂ ‘ਤੇ ਆਨੰਦ ਮਾਣਾ।
ਲੇਖਕ, ਅਧਿਆਪਿਕਾ, ਸਹਿਯੋਗੀ ਤੇ ਵਿਦਿਆਰਥੀ
ਸਵਾਲ : ਤੁਹਾਡੇ ਮਾਪਿਆਂ ਦੀ ਵੀ ਆਰਥਕ ਹਾਲਤ ਕੋਈ ਬਹੁਤੀ ਚੰਗੀ ਨਹੀਂ ਸੀ, ਕੀ ਕਦੇ ਉਨ੍ਹਾਂ ਨੂੰ ਵੀ ਤੁਹਾਡੇ ਤੋਂ ਉਮੀਦ ਰਹੀ ਕਿ ਤੁਸੀਂ ਉਨ੍ਹਾਂ ਦੀ ਮਦਦ ਕਰੋ ਜਾਂ ਤੁਸੀਂ ਆਪ ਹੀ ਕੀਤੀ ਹੋਵੇ?
ਪਾਲ ਕੌਰ : ਮੇਰੀ ਨੌਕਰੀ 1986 ਵਿਚ ਲੱਗੀ ਸੀ…ਉਦੋਂ ਐਨੀ ਜ਼ਿਆਦਾ ਤਨਖ਼ਾਹ ਨਹੀਂ ਸੀ ਹੁੰਦੀ…ਹਾਲੇ ਮੇਰੇ ਸਫ਼ਰ ਦੀ ਸ਼ੁਰੂਆਤ ਹੀ ਸੀ…1991 ਵਿਚ ਬਾਪੂ ਜੀ ਗੁਜ਼ਰ ਗਏ ਤੇ 1995 ਵਿਚ ਮਾਂ ਦਾ ਸਾਥ ਵੀ ਨਹੀਂ ਰਿਹਾ। ਜਦੋਂ ਮੈਂ ਉਨ੍ਹਾਂ ਕੋਲ ਜਾਂਦੀ ਸੀ ਤਾਂ ਆਪਣੀ ਮਰਜ਼ੀ ਨਾਲ ਕੁਝ ਨਾ ਕੁਝ ਲੈ ਜਾਂਦੀ ਸੀ…ਜੋ ਮੈਨੂੰ ਠੀਕ ਲਗਦਾ ਸੀ ਮੈਂ ਕਰ ਦਿੰਦੀ ਸੀ। ਜਦੋਂ ਮੈਂ ‘ਕੱਲੇ ਤੌਰ ‘ਤੇ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ ਤਾਂ ਇਹੀ ਸੋਚਿਆ ਸੀ ਕਿ ਕਿਸੇ ਤੋਂ ਕੋਈ ਉਮੀਦ ਨਹੀਂ ਰੱਖਣੀ, ਆਪਣਾ ਆਪ ਹੀ ਕਰਨਾ ਹੈ…ਪਰ ਹਾਂ, ਜਦੋਂ ਮੈਂ ਆਰਥਕ ਤੌਰ ‘ਤੇ ਸਮਰਥ ਹੋਈ ਤਾਂ ਮੇਰੇ ਤੋਂ ਉਮੀਦਾਂ ਵੱਧ ਗਈਆਂ…ਭਰਾਵਾਂ ਦੀਆਂ ਵੀ ਵੱਧ ਗਈਆਂ, ਉਨ੍ਹਾਂ ਦੇ ਪਰਿਵਾਰਾਂ ਦੀਆਂ ਵੀ ਵੱਧ ਗਈਆਂ…ਉਨ੍ਹਾਂ ਨੂੰ ਲਗਦਾ ਸੀ ਕਿ ਜੋ ਇਹਦਾ ਹੈ, ਉਹ ਸਾਡੇ ਲਈ ਹੀ ਤਾਂ ਹੈ, ਇਹਦਾ ਕਿਹੜਾ ਕੋਈ ਪਰਿਵਾਰ ਐ…ਲੇਕਿਨ ਮੈਂ ਉਹਦੇ ਵਿਚ ਵੀ ਕਦੇ ਭਾਵੁਕ ਨਹੀਂ ਹੋਈ…ਐਸਾ ਨਹੀਂ ਕਿ ਮੈਂ ਕਦੇ ਉਨ੍ਹਾਂ ਦੀ ਮਦਦ ਨਹੀਂ ਕੀਤੀ…ਇਕ ਵਾਰ ਮੇਰੇ ਭਰਾ ਨੇ ਕਿਸੇ ਕੇਸ ਲਈ ਮੈਥੋਂ ਮਦਦ ਮੰਗੀ ਸੀ ਜੋ ਮੈਨੂੰ ਪਸੰਦ ਨਹੀਂ ਸੋ ਮੈਂ ਸਾਫ਼ ਨਾਹ ਕਰ ਦਿੱਤੀ ਕਿ ਬਈ ਮੈਂ ਨਹੀਂ ਕਰ ਸਕਦੀ…ਮੈਨੂੰ ਲੱਗਿਆ ਕਿ ਇਹ ਕੇਸ ਜਾਇਜ਼ ਨਹੀਂ ਹੈ ਜਿਹੜਾ ਇਹ ਕਹਿ ਰਿਹੈ…ਪਰ ਜਦੋਂ ਉਹ ਬਿਮਾਰ ਹੋਏ…ਕੈਂਸਰ ਨਾਲ ਸਾਲ ਭਰ ਲੜਦੇ ਰਹੇ…ਤੇ ਉਸ ਵੇਲੇ ਮੈਂ ਕਦੇ ਵੀ ਹੱਥ ਪਿਛੇ ਨਹੀਂ ਰੱਖਿਆ…ਇਲਾਜ ਵਿਚ ਵੀ ਤੇ ਪਰਿਵਾਰ ਲਈ ਵੀ ਮੈਂ ਜਿੰਨਾ ਕੁ ਕਰ ਸਕਦੀ ਸੀ, ਕੀਤਾ। ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਮੈਂ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੀ ਆਂ। ਖ਼ੈਰ, ਉਸ ਪਰਿਵਾਰ ਨੇ ਮੈਨੂੰ ਪਿਆਰ ਵੀ ਬਹੁਤ ਦਿੱਤੈ….ਤੁਸੀਂ ਵੀ ਉਦੋਂ ਹੀ ਕਿਸੇ ਦਾ ਕਰਦੇ ਹੋ, ਜਦੋਂ ਤੁਹਾਨੂੰ ਕੋਈ ਪਿਆਰ ਕਰੇ।
ਸਵਾਲ : ਤੁਸੀਂ 30 ਸਾਲ ਲਗਾਤਾਰ ਨੌਕਰੀ ਕੀਤੀ। ਇਸ ਨੌਕਰੀ ਦੌਰਾਨ ਕੋਈ ਬੇਹੱਦ ਦੁੱਖ ਦੇਣ ਵਾਲੀ ਗੱਲ ਵਾਪਰੀ ਹੋਵੇ?
ਪਾਲ ਕੌਰ :ਹਰਿਆਣੇ ਵਿਚ ਮੈਂ ਪੰਜਾਬੀ ਦੀ ਪ੍ਰੋਫੈਸਰ ਸੀ…ਜਦੋਂ ਮੈਂ ਲੱਗੀ ਸੀ ਤਾਂ ਉਦੋਂ ਕਾਲਜਾਂ ਵਿਚ ਪਲੱਸ ਟੂ ਹੁੰਦੀ ਸੀ…ਤੇ ਅੱਗੋਂ ਬੀ.ਏ. ਦੇ ਤਿੰਨ ਸਾਲ। ਮਤਲਬ 5 ਸਾਲ ਤੁਸੀਂ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸੀ…ਫੇਰ ਉਹ ਦੋ ਕਲਾਸਾਂ ਸਕੂਲਾਂ ਵਿਚ ਚਲੀਆਂ ਗਈਆਂ…ਸਵਾਲ ਜਦੋਂ ਸਕੂਲਾਂ ਵਿਚ ਪਲੱਸ ਟੂ ਚਲੀ ਗਈ ਤਾਂ ਕਈ ਸਕੂਲਾਂ ਵਿਚ ਪੰਜਾਬੀ ਵਿਸ਼ਾ ਹੈ ਹੀ ਨਹੀਂ ਸੀ… ਜਦੋਂ ਸਵਾਲ ਬੱਚਾ ਹੇਠੋਂ ਪੰਜਾਬੀ ਪੜ੍ਹ ਕੇ ਨਹੀਂ ਆਊਗਾ ਤਾਂ ਅੱਗੋਂ ਬੀ.ਏ. ਵਿਚ ਕਿਵੇਂ ਪੜ੍ਹੇਗਾ? ਇਕ ਤਾਂ ਉਹ ਕਲਾਸਾਂ ਜਾਣ ਨਾਲ ਮੇਰੇ ਪੀਰੀਅਡ 3 ਰਹਿ ਗਏ…ਭਾਵੇਂ ਉਹਦੇ ‘ਚ ਕੰਪੋਜ਼ਿਸ਼ਨ ਦੇ ਪੀਰੀਅਡ ਸ਼ਾਮਲ ਸੀ…ਪਰ ਉਹ ਕਹਿੰਦੇ ਸੀ ਕਿ ਨਹੀਂ ਇਹਦੀ ਕੀ ਲੋੜ ਐ…ਤੇ ਮੈਨੂੰ ਹਮੇਸ਼ਾ ਕਿਹਾ ਜਾਂਦਾ ਸੀ ਕਿ ਥੋਡੇ ਕੋਲ ਤਾਂ 3 ਹੀ ਕਲਾਸਾਂ ਨੇ…ਫੇਰ ਪੰਜਾਬੀ ਵਿਚ ਬੱਚੇ ਘੱਟ ਗਏ…ਉਧਰੋਂ ਹਰਿਆਣਾ ਡਾਇਰੈਕਟਰ ਆਫ਼ ਐਜੁਕੇਸ਼ਨ ਵਲੋਂ ਆ ਗਿਆ ਕਿ ਕਿਸੇ ਵੀ ਵਿਸ਼ੇ ਦੇ ਘੱਟੋ-ਘੱਟ 30 ਬੱਚੇ ਲਾਜ਼ਮੀ ਹੋਣੇ ਚਾਹੀਦੇ ਹਨ…ਨਹੀਂ ਤਾਂ ਫੇਰ ਹੌਲੀ ਹੌਲੀ ਉਹ ਵਿਸ਼ਾ ਹੀ ਖ਼ਤਮ ਕਰ ਦਿੰਦੇ ਸੀ…। ਫੇਰ ਜਿਹੜੇ ਅਧਿਆਪਕ ਸੀ, ਉਹ ਵੀ ਸਰਪਲੱਸ ਹੋਣੇ ਸ਼ੁਰੂ ਹੋ ਗਏ…ਇਕ ਮੁਹਿੰਮ ਹਰਿਆਣੇ ਵਿਚ ਚੱਲੀ ਸੀ…ਜਿੱਥੇ ਬੱਚੇ ਘੱਟ ਨੇ…ਉਥੋਂ ਉਹ ਵਿਸ਼ਾ ਪੜ੍ਹਾਉਣਾ ਬੰਦ ਕਰ ਦਿਓ। ਉਹ ਕਹਿੰਦੇ ਕਿ ਟੀਚਰਾਂ ਨੂੰ ਟਰਾਂਸਫਰ ਕਰ ਦਿਓ…। ਉਹਦੇ ਵਿਚ ਮੈਂ ਚਾਹੁੰਦੀ ਸੀ ਦਾਖ਼ਲਿਆਂ ਵੇਲੇ ਮੈਂ ਵਿਚ ਬੈਠਾਂ ਤਾਂ ਜੋ ਬੱਚਿਆਂ ਨੂੰ ਪੰਜਾਬੀ ਲਈ ਪ੍ਰੇਰਤ ਕਰ ਸਕਾਂ। ਇਸ ਕਰਕੇ ਮੈਨੂੰ ਕਦੇ ਪ੍ਰਿੰਸੀਪਲ ਤੇ ਕਦੇ ਸਿਆਸਤ ਦਾ ਸ਼ਿਕਾਰ ਹੋਣਾ ਪਿਆ। ਇਹ ਮੈਨੂੰ ਬੜੀ ਤਕਲੀਫ਼ ਦਿੰਦਾ ਸੀ ਕਿ ਮੈਂ ਪੰਜਾਬੀ ਦੀ ਕਵਿੱਤਰੀ ਆਂ, ਲੇਖਕ ਆਂ, ਅਧਿਆਪਕ ਆਂ ਪਰ ਮੈਨੂੰ ਬੱਚਿਆਂ ਨੂੰ ਪੜ੍ਹਾਉਣ ਲਈ ਸੰਘਰਸ਼ ਕਰਨਾ ਪੈ ਰਿਹੈ।
ਕਈ ਸਾਲ ਬੱਚੇ ਦਾਖ਼ਲ ਕਰਨ ਲਈ ਦਾਖ਼ਲੇ ਵਿਚ ਮੈਨੂੰ ਆਪ ਬੈਠਣਾ ਪੈਂਦਾ ਸੀ। ਇਹ ਕਮਜ਼ੋਰੀ ਮੇਰੀ ਦੂਜੇ ਪ੍ਰਿੰਸੀਪਲ ਨੇ ਫੜ ਲਈ। ਉਹ ਪ੍ਰਿੰਸੀਪਲ ਸਟਾਫ਼ ਵਿਰੋਧੀ ਤੇ ਸਿਆਸੀ ਤੌਰ ‘ਤੇ ਬਹੁਤ ਸ਼ਾਤਰ ਬੰਦਾ ਸੀ। ਮੈਂ ਉਸ ਦਾ ਖੁੱਲ੍ਹਾ ਵਿਰੋਧ ਤਾਂ ਨਹੀਂ ਕੀਤਾ, ਪਰ ਬਾਹਰ ਸਾਥੀ ਸਮਝਦੇ ਸਨ ਕਿ ਮੈਂ ਉਸ ਦੇ ਨਾਲ ਹਾਂ, ਪਰ ਅੰਦਰ ਮੈਂ ਉਸ ਦੀ ਹਰ ਗ਼ਲਤ ਗੱਲ ਦਾ ਵਿਰੋਧ ਕਰਦੀ ਸਾਂ। ਉਸੇ ਲਈ ਲਿਖੀ ਸੀ  ਕਵਿਤਾ  ‘ਖਿਡਾਰੀ ‘, ਇਹ ਉਸ ਦਾ ਦੂਜਾ ਕਮਜ਼ੋਰ ਪੱਖ ਸੀ। ਉਸ ਦੇ ਜਾਣ ਤੋਂ ਬਾਅਦ ਮੈਂ ਇਹ ਵੀ ਕੋਸ਼ਿਸ਼ ਕੀਤੀ ਕਿ ਪੰਜਾਬ ਦੀ ਕਿਸੇ ਯੂਨੀਵਰਸਿਟੀ ਵਿਚ ਕੰਮ ਬਣ ਜਾਵੇ ਤਾਂ ਉਥੋਂ ਛੱਡ ਦੇਵਾਂ। ਪਰ ਹਰ ਥਾਂ ‘ਤੇ ਧੜੇਬਾਜ਼ੀ, ਜੇ ਤੁਸੀਂ ਉਸ ਵਿਚ ਸ਼ਾਮਲ ਨਹੀਂ ਤਾਂ ਤੁਹਾਨੂੰ ਕੌਣ ਪੁੱਛਦਾ ਹੈ। ਖ਼ੈਰ, ਉਸ ਤੋਂ ਬਾਅਦ ਦੋ ਪ੍ਰਿੰਸੀਪਲਾਂ ਨਾਲ ਮੇਰੀ ਖੜਕਦੀ ਰਹੀ। ਪਰ ਮੈਂ ਕਾਲਜ ਵਿਚ ਯੂਥ ਫੈਸਟੀਵਲ ਦੀ ਤਿਆਰੀ ਕਰਵਾਉਣ ਦੀ ਜ਼ਿੰਮੇਵਾਰੀ ਵੀ ਨਿਭਾਉਂਦੀ ਰਹੀ, ਵਿਦਿਆਰਥੀਆਂ ਉਪੱਰ ਵੀ ਮੇਰੀ ਪਕੜ ਚੰਗੀ ਸੀ, ਇਸ ਲਈ ਕੋਈ ਬਹੁਤਾ ਪੰਗਾ ਨਹੀਂ ਲੈਂਦਾ ਸੀ। ਆਖਿਰ ਵਾਲੇ ਪ੍ਰਿੰਸੀਪਲ ਆਪ ਸਾਹਿਤਕ ਰੁਚੀਆਂ ਵਾਲੇ ਚੰਗੇ ਇਨਸਾਨ ਸਨ, ਪਹਿਲਾਂ ਯੂਨੀਅਨ ਲੀਡਰ ਵੀ ਸਨ। ਮੈਂ ਕਾਲਜ ਦੇ ਕਈ ਕੰਮਾਂ ਵਿਚ ਉਨ੍ਹਾਂ ਦਾ ਸਮੱਰਥਨ ਕਰਦੀ ਸਾਂ ਅਤੇ ਉਨ੍ਹਾਂ ਨੇ ਵੀ ਮੈਨੂੰ ਪੂਰਾ ਮਾਣ ਦਿੱਤਾ।
ਕਾਲਜ ਦੀ ਹਰ ਇਨਸਪੈਕਸ਼ਨ ਰਿਪੋਰਟ ਵਿਚ ਮੇਰੀਆਂ ਕਿਤਾਬਾਂ, ਖੋਜ ਕਾਰਜ, ਅੰਤਰਰਾਸ਼ਟਰੀ ਕਾਨਫ਼ਰੰਸਾਂ, ਤੇ ਹੋਰ ਪ੍ਰਾਪਤੀਆਂ ਦਾ ਜ਼ਿਕਰ ਹੁੰਦਾ, ਕਾਲਜ ਨੂੰ ਉਹਦੇ ਨੰਬਰ ਵੀ ਮਿਲਦੇ। ਪਰ ਇਸ ਪੂੰਜੀਵਾਦੀ ਅਰਥਚਾਰੇ ਵਿਚ ਤੇ ਵਪਾਰਕ ਆਲੇ ਦੁਆਲੇ ਕਰਕੇ ਸਾਹਿਤ ਤੇ ਉਹ ਵੀ ਪੰਜਾਬੀ, ਦੀ ਉਨ੍ਹਾਂ ਲਈ ਉਨੀ ਕਦਰ ਨਹੀਂ ਸੀ।
ਸਵਾਲ : ਤੁਹਾਡੇ ਲੇਖਕ ਹੋਣ ਦਾ ਸਹਿਯੋਗੀ ਅਧਿਆਪਕਾਂ ਅਤੇ ਵਿਦਿਆਰਥੀਆਂ ਉੱਪਰ ਕੀ ਪ੍ਰਭਾਵ ਪੈਂਦਾ ਰਿਹਾ ਹੈ?
ਪਾਲ ਕੌਰ : ਸਹਿਯੋਗੀ ਅਧਿਆਪਿਕਾਂ ਲਈ ਵੱਖੋ ਵੱਖਰਾ ਸੀ। ਕਈ ਤਾਂ ਟਿਊਸ਼ਨ ਤੇ ਸ਼ੇਅਰ ਬਾਜ਼ਾਰ ਵਿਚ ਹੀ ਰੁੱਝੇ ਹੋਏ ਸਨ, ਉਨ੍ਹਾਂ ਉਪਰ ਕੀ ਪ੍ਰਭਾਵ ਪੈਣਾ ਸੀ। ਪਰ ਕੁਝ ਪ੍ਰਭਾਵਤ ਵੀ ਸਨ, ਇਸ ਗੱਲ ਕਰਕੇ ਇਜ਼ਤ ਕਰਦੇ ਸਨ। ਵਿਦਿਆਰਥੀਆਂ ਉਪਰ ਵੀ ਇਸ ਗੱਲ ਦਾ ਪ੍ਰਭਾਵ ਵਧੀਆ ਪੈਂਦਾ ਰਿਹਾ। ਮੈਂ ਵਿਦਿਅਰਥੀਆਂ ਨੂੰ ਪੜ੍ਹਨ ਲਈ ਮੈਗਜ਼ੀਨ ਤੇ ਕਿਤਾਬਾਂ ਦੇਂਦੀ ਸਾਂ, ਉਨ੍ਹਾਂ ਦੀਆਂ ਨਿੱਜੀ ਸਮੱਸਿਆਵਾਂ ਸੁਣਦੀ ਤੇ ਸਰਦੀ ਪੁੱਜਦੀ ਮਦਦ ਵੀ ਕਰਦੀ ਸਾਂ। ਕਾਲਜ ਵਿਚ ਸਾਹਿਤਕ  ਸਮਾਗਮ ਵੀ ਕਰਵਾਂਦੀ ਸਾਂ। ਹਰ ਪੂਰ ਵਿਚੋਂ ਇਕ ਦੋ ਵਿਦਿਆਰਥੀ ਲਿਖਣ ਵਿਚ ਵੀ ਰੁਚੀ ਲੈਣ ਲੱਗਦੇ। ਮੇਰੇ  ਰਿਟਾਇਰ ਹੋਣ ਤੋਂ ਬਾਅਦ ਕੁਝ ਵਿਦਿਆਰਥੀ ਮਿਲੇ ਤੇ ਕਹਿ ਰਹੇ ਸਨ ਕਿ ਉਸ ਤੋਂ ਬਾਅਦ ਕਾਲਜ ਵਿਚ ਕਵਿਤਾ ਦਾ ਮਹੌਲ ਨਹੀਂ ਰਿਹਾ।

ਟੁਣਕਾਉਣ ਦੀ ਮਾਨਸਿਕਤਾ
ਸਵਾਲ : ਡਾ. ਤਿਲੋਕ ਸਿੰਘ ਕੰਵਰ ਨੂੰ ਗੁਰੂ ਨਾਨਕ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਤੋਂ ਇਸ ਲਈ ਜਾਣਾ ਪਿਆ ਕਿ ਵਿਭਾਗ ਵਾਲੇ ਉਨ੍ਹਾਂ ਦੇ ਕੁੜੀਆਂ ਪ੍ਰਤੀ ਰਵੱਈਏ ਤੋਂ ਖਫ਼ਾ ਸਨ। ਤੁਸੀਂ ਉਨ੍ਹਾਂ ਨਾਲ ਪੀ.ਐਚ.ਡੀ. ਕੀਤੀ ਹੈ। ਇਕ ਗਾਈਡ ਵਜੋਂ ਤੁਸੀਂ ਉਨ੍ਹਾਂ ਨੂੰ ਕਿਵੇਂ ਦੇਖਿਆ/ਸਮਝਿਆ?
ਪਾਲ ਕੌਰ : ਮੈਨੂੰ ਉਨ੍ਹਾਂ ਬਾਰੇ ਅਜਿਹੀ ਕੋਈ ਗੱਲ ਨਹੀਂ ਪਤਾ ਤੇ ਨਾ ਹੀ ਮੈਂ ਕਦੇ ਸੁਣਿਆ ਹੈ। ਉਂਜ ਉਨ੍ਹਾਂ ਦਾ ਕੁੜੀਆਂ ਪ੍ਰਤੀ ਮਿਜਾਜ਼  ਕੁਝ ਅਸ਼ਿਕਾਨਾ ਜਿਹਾ ਤਾਂ ਸੀ। ਮੈਨੂੰ ਉਨ੍ਹਾਂ ਨੂੰ ਆਪਣੇ ਤਰੀਕੇ ਨਾਲ ਸਮਝਾ ਕੇ ਚੱਲਣਾ ਪਿਆ। ਭਾਵੇਂ ਮੈਨੂੰ ਬਾਅਦ  ਵਿਚ ਪਤਾ ਲੱਗਾ ਕਿ ਦਾਰੂ ਪੀ ਕੇ ਉਹ ਕਿਤੇ ਕੁਝ ਵਾਧੂ ਵੀ ਬੋਲੇ, ਜਿਸ ਦਾ ਮੈਨੂੰ ਬਹੁਤ ਦੁੱਖ ਵੀ ਹੋਇਆ। ਪਰ ਅਜਿਹੀਆਂ ਗੱਲਾਂ ਦਾ ਮੈਨੂੰ ਕਈ ਪਾਸਿਉਂ ਸਾਹਮਣਾ ਕਰਨਾ ਪਿਆ। ਮੈਨੂੰ ਲੱਗਦਾ ਹੈ ਤੁਹਾਡੇ ਨਜ਼ਦੀਕੀ ਸੰਪਰਕ ਵਿਚ ਆਉਣ ਵਾਲਾ ਹਰ ਮਰਦ ਜਦੋਂ ਵੇਖਦਾ ਹੈ ਕਿ ਤੁਸੀ ਇਕੱਲੇ ਹੋ, ਇੱਕ ਵਾਰ ਜ਼ਰੂਰ ਟੁਣਕਾਉਂਦਾ ਹੈ। ਅਜਿਹੇ  ਇਮਤਿਹਾਨ ਮੈਂ ਬਥੇਰੇ ਦਿੱਤੇ ਹਨ। ਜੋ ਅਜਿਹਾ ਨਹੀਂ ਕਰਦਾ, ਡਾ. ਕਾਂਗ ਵਰਗਾ, ਜੇ ਤੁਸੀਂ ਉਸਦੇ ਸ਼ੀਸ਼ੇ ਵਿਚ ਨਹੀਂ ਉਤਰੇ, ਉਂਜ ਹੀ ਭੰਡੀ ਪ੍ਰਚਾਰ ਕਰਨ ਲੱਗਦਾ ਹੈ। ਔਰਤ ਵਿਰੁੱਧ ਭੰਡੀ ਪ੍ਰਚਾਰ ਇੱਕੋ ਤਰ੍ਹਾਂ ਦਾ ਹੀ ਹੁੰਦਾ ਹੈ, ਉਸਨੂੰ ਵੀ ਮੈਨੂੰ ਸਖ਼ਤ ਜਵਾਬ ਭੇਜਣਾ ਪਿਆ ਸੀ। ਪਰ ਡਾ. ਕੰਵਰ ਅਧਿਆਪਕ ਪੱਖੋਂ ਤੇ ਗਾਈਡ ਪੱਖੋਂ ਬਹੁਤ ਹੀ ਵਿਦਵਾਨ ਅਤੇ ਮਦਦਗਾਰ ਸਨ। ਸਾਹਿਤ ਤੇ ਕਵਿਤਾ ਦੀ ਸਮਝ ਲਈ ਮੈਂ ਉਨ੍ਹਾਂ ਦੀ ਦੇਣਦਾਰ ਹਾਂ। ਪੀ ਐਚ.ਡੀ ਕਰਦਿਆਂ ਕਰਦਿਆਂ  ਮੇਰੀ ਕਵਿਤਾ ਦੀ ਸ਼ੈਲੀ ਵੀ ਬਦਲ ਕੇ ਹੋਰ ਕਾਵਿਕ ਹੋ ਗਈ ਸੀ।
ਸਵਾਲ : ‘ਮੀਰਾ’ ਪੁਸਤਕ ਵਿਚ ਤੁਸੀਂ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਕੁਝ ਪ੍ਰਾਧਿਆਪਕਾਂ ਵਲੋਂ ਆਪਣੀਆਂ ਵਿਦਿਆਰਥਣਾਂ ਉੱਪਰ ਡੋਰੇ ਪਾਉਣ ਦਾ ਬੇਬਾਕ ਬਿਰਤਾਂਤ ਸਿਰਜਿਆ ਹੈ। ਅਜਿਹੇ ਮਾਹੌਲ ਵਿਚ ਵਿਦਿਆਰਥੀਆਂ ਦਾ ਕੀ ਵਤੀਰਾ ਹੁੰਦਾ ਹੈ? ਅਜਿਹੇ ਅਧਿਆਪਕ ਕਿੰਨੇ ਕੁ ਹਨ?
ਪਾਲ ਕੌਰ : ਹਾਂ, ‘ਮੀਰਾ’ ਵਿਚ ਇਕ ਰੇਖਾ ਚਿੱਤਰ ਉਸ ਵਿਦਿਆਰਥਣ ਦਾ ਹੈ, ਜੋ ਅਜਿਹੇ ਪ੍ਰਾਧਿਆਪਕ ਕੋਲ ਪੀ ਐਚ.ਡੀ ਕਰ ਰਹੀ ਸੀ, ਜੋ ਕੁੜੀਆਂ ਨੂੰ ਘਰ ਬੁਲਾ ਕੇ ਬਿਠਾ ਲੈਂਦਾ ਤੇ ਹੌਲੀ ਹੌਲੀ ਤੰਗ ਕਰਨ ਦੀਆਂ ਖੁੱਲ੍ਹਾਂ ਲੈਣ ਲੱਗਦਾ। ਜੇ ਕੁੜੀ ਘਰ  ਆਉਣ ਲਈ ਨਾ ਮੰਨਦੀ ਤਾਂ ਉਸ ਦਾ ਕੰਮ ਰੁਕ ਜਾਂਦਾ। ਪਰ ਇਹ ਆਮ ਗੱਲ ਹੈ, ਪੀ ਐਚ.ਡੀ. ਕਰਨ ਵਾਲੇ ਸੱਤਰ ਅੱਸੀ ਫ਼ੀ ਸਦੀ ਵਿਦਿਆਰਥੀ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ। ਮੇਰੀ ਇਕ ਦੋਸਤ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਕਹਿੰਦੇ ਕਹਾਉਂਦੇ ਪ੍ਰੋਫੈਸਰ ਕੋਲ ਪੀ ਐਚ.ਡੀ. ਕਰਨ ਲੱਗ ਪਈ। ਪਰ ਉਹ ਵਿਆਹੀ ਹੋਈ ਸੀ, ਪਤੀ ਉਸ ਦੇ ਨਾਲ ਜਾਂਦਾ ਸੀ। ਉਹ ਪਹਿਲੇ ਚੱਕਰ ਵਿਚ ਹੀ ਸਮਝ ਗਿਆ ਤੇ ਉਸ ਨੇ ਕਿਹਾ ਕਿ ਇਸ ਨੂੰ ਕੁਝ ਪੈਸੇ ਦੇ ਦੇਂਦੇ ਹਾਂ, ਕੰਮ ਆਪੇ ਕਰ  ਦੇਵੇਗਾ, ਪਰ ਉਹ ਨਹੀਂ ਮੰਨੀ। ਪਰ ਹੋਇਆ ਕੀ? ਇਕ ਦੋ ਵਾਰ ਉਹ ਕੋਈ ਗਿਫ਼ਟ ਲੈ ਗਏ, ਉਸ ਤੋਂ ਬਾਅਦ ਤਾਂ ਦਰਵਾਜ਼ਾ ਖੁਲ੍ਹਦਿਆਂ ਜੇ ਹੱਥ ਵਿਚ ਕੋਈ ਗਿਫ਼ਟ ਦਿੱਸ ਜਾਂਦਾ ਤਾਂ ਉਨ੍ਹਾਂ ਨੂੰ ਬਿਠਾ ਕੇ ਪਾਣੀ ਪਿਆ ਦੇਂਦੇ, ਕੰਮ ਦੀ ਗੱਲ ਕਰ ਲੈਂਦੇ, ਪਰ ਗਿਫ਼ਟ ਤੋਂ ਬਿਨਾਂ ਤਾਂ ਕਈ ਵਾਰ ਦਰਵਾਜ਼ੇ ਵਿਚੋਂ ਹੀ ਮੋੜ ਦਿੰਦੇ। ਫਿਰ ਵੀ ਆਖਿਰ ਕੰਮ ਉਹਦਾ ਪੰਜਾਹ ਹਜ਼ਾਰ ਨਾਲ ਹੀ ਪੂਰਾ ਹੋਇਆ।
ਸਵਾਲ : ਭਾਵੇਂ ਹਰਿਆਣੇ ਵਿਚ ਸਾਹਿਤਕ ਮਾਹੌਲ ਹਿੰਦੀ ਵਾਂਗ ਹੀ ਸਾਜਗਾਰ ਨਹੀਂ, ਫਿਰ ਵੀ ਉਥੋਂ ਦੇ ਸਾਹਿਤ ਦੇ ਸਾਹਿਤਕਾਰਾਂ ਨਾਲ ਆਪਣੇ ਸਬੰਧਾਂ ਬਾਰੇ ਦੱਸੋਗੇ?
ਪਾਲ ਕੌਰ : ਹਾਂ, ਸਾਹਿਤਕ ਮਹੌਲ ਤਾਂ ਸਾਜ਼ਗਾਰ ਨਹੀਂ ਰਿਹਾ। ਪਰ ਮੈਂ ਜੇ ਸਿਰਫ਼ ਹਰਿਆਣੇ ਦੇ ਸਾਹਿਤਕ ਵਰਤਾਰੇ ਵਿਚ ਹੀ ਰਹਿੰਦੀ ਤਾਂ ਕਦੋਂ ਦੀ ਖ਼ਤਮ ਹੋ ਗਈ ਹੁੰਦੀ। ਹਰਿਆਣਾ ਮੇਰਾ ਰਨ-ਵੇਅ ਰਿਹਾ ਹੈ, ਕਿਉਂਕਿ ਇਸ ਨੇ ਮੈਨੂੰ ਰੋਟੀ ਰੋਜ਼ੀ ਦਿੱਤੀ। ਇਸ ਰਨ-ਵੇਅ ਤੋਂ ਉਡਾਣ  ਭਰ ਕੇ ਮੈਂ ਦੇਸ਼-ਵਿਦੇਸ਼ ਘੁੰਮੀ ਤੇ ਮੇਰੇ ਅਨੁਭਵ ਭਰਪੂਰ ਹੋਏ। ਬਾਕੀ  ਪੰਜਾਬੀ ਦੇ ਸਾਰੇ ਸਾਹਿਤਕਾਰਾਂ ਨਾਲ ਮੇਰੇ ਚੰਗੇ ਸਬੰਧ ਰਹੇ ਹਨ। ਬੱਸ ਕੁਰੂਕਸ਼ੇਤਰ ਯੂਨੀਵਰਸਿਟੀ ਦਾ ਮਹੌਲ ਮੇਰੇ ਲਈ ਕੁਝ ਖ਼ੁਸ਼ਗਵਾਰ ਨਹੀਂ ਸੀ। ਡਾ. ਕਾਂਗ ਪੂਰੇ ਮੱਠਾਧੀਸ਼ ਸਨ, ਉਨ੍ਹਾਂ ਨਾਲ ਮੇਰੀ ਕਦੀ ਨਹੀਂ ਬਣੀ।
ਸਵਾਲ : ਜ਼ਿੰਦਗੀ ਦਾ ਕੋਈ ਅਜਿਹਾ ਪਲ, ਜਦੋਂ ਤੁਹਾਨੂੰ ਲੱਗਾ ਹੋਵੇ ਕਿ ਇਸ ਤੋਂ ਵੱਧ ਖ਼ੁਸ਼ੀ ਮੈਨੂੰ ਮਿਲ ਹੀ ਨਹੀਂ ਸਕਦੀ?
ਪਾਲ ਕੌਰ : ਜਦੋਂ ਮੇਰਾ ‘ਕੱਲੀ ਦਾ ਘਰ ਬਣਦੈ…ਮੇਰੇ ਲਈ ਇਹ ਪਲ ਬੇਹੱਦ ਖ਼ੁਸ਼ੀ ਵਾਲੇ ਸਨ…ਕਿਉਂਕਿ ਜਿਸ ਵੇਲੇ ਮੈਂ ਆਪਣੇ ਪਰਿਵਾਰ ਨਾਲ ਰਹਿੰਦੀ ਸੀ…ਹਮੇਸ਼ਾ ਇਹੀ ਸੁਣਿਆ ਸੀ ਕਿ ਕੁੜੀਆਂ ਦਾ ਤਾਂ ਕੋਈ ਘਰ ਹੀ ਨਹੀਂ ਹੁੰਦਾ…ਜਾਂ ਉਹ ਮਾਪਿਆਂ ਦੇ ਘਰ ਹੁੰਦੀਆਂ ਨੇ ਜਾਂ ਸੁਹਰਿਆਂ ਦੇ ਘਰ…ਸਹੁਰੇ ਘਰਦੇ ਕਹਿੰਦੇ ਨੇ ਇਹ ਪਰਾਈ ਕੁੜੀ ਆਈ ਐ…ਔਰਤ ਦਾ ਤਾਂ ਨਾ ਧਰਤੀ, ਨਾ ਆਸਮਾਨ…। ਜਦੋਂ ਅਸੀਂ ਚੰਡੀਗੜ੍ਹ ਹੁੰਦੇ ਸੀ ਤਾਂ ਸਾਡਾ ਦੋ ਬੈੱਡਰੂਮ ਦਾ ਘਰ ਸੀ…ਦੋਹਾਂ ਭਰਾਵਾਂ ਦੇ ਜਦੋਂ ਵਿਆਹ ਹੋ ਗਏ ਤਾਂ ਉਹ ਉਨ੍ਹਾਂ ਨੂੰ ਮਿਲ ਗਏ…ਮੇਰੇ ਮਾਂ-ਪਿਓ ਰਾਤ ਨੂੰ ਡਰਾਇੰਗ ਰੂਮ ਵਿਚ ਮੰਜੇ ਡਾਹ ਕੇ ਸੌਂਦੇ ਸੀ…ਜ਼ਾਹਰਾ ਤੌਰ ‘ਤੇ ਮੈਂ ਵੀ ਉਥੇ ਹੀ ਪੈਣਾ ਸੀ…ਫੇਰ ਮੈਂ ਆਪਣੇ ਬਾਪੂ ਜੀ ਨੂੰ ਕਹਿ ਕੇ ਨਾਲ ਲਗਦੇ ਸਟੋਰ ਦੀ ਸੈਲਫ਼ ਨਾਲ ਫੱਟਾ ਲਵਾਇਆ…ਇਹ ਮੇਰਾ ਬੈੱਡ ਸੀ ਤੇ ਇਹੀ ਮੇਰਾ ਪੜ੍ਹਨ ਕਮਰਾ ਸੀ…। ਉਦੋਂ ਮੈਂ ਬੀ.ਏ. ਫਾਈਨਲ ਵਿਚ ਸੀ…ਇਹ ਗੱਲ ਮੇਰੇ ਅੰਦਰ ਕਿਤੇ ਲਹਿ ਗਈ ਸੀ ਕਿ ਆਪਣਾ ਘਰ ਹੋਣਾ ਚਾਹੀਦੈ…ਜਦੋਂ ਮੈਂ ਵਰਕਿੰਗ ਵਿਮੈਨ ਹੋਸਟਲ ਵਿਚੋਂ ਨਿਕਲ ਕੇ ਆਪਣੀ ਸਹੇਲੀ ਨਾਲ ਮਿਲ ਕੇ ਆਪਣਾ ਘਰ ਲਿਆ ਤਾਂ ਮੇਰੇ ਲਈ ਇਹ ਪਲ ਵੀ ਬੇਹੱਦ ਖ਼ੁਸ਼ੀ ਵਾਲੇ ਸੀ।
ਦੁਨੀਆ ਘੁੰਮਣ ਦੀ ਇੱਛਾ
ਸਵਾਲ : ਭਵਿੱਖ ਦੀਆਂ ਯੋਜਨਾਵਾਂ ਕੀ ਹਨ?
ਪਾਲ ਕੌਰ : ਮੈਂ ਕੁਝ ਸਾਲਾਂ ਤੋਂ ਪੰਜਾਬ ਦੇ ਇਤਿਹਾਸ ਦਾ ਅਧਿਐਨ ਕਰ ਰਹੀ ਹਾਂ , ਉਸ ਨੂੰ ਲੰਮੀ ਕਵਿਤਾ ਵਿਚ ਲਿਖਣ ਲਈ।  ਛੰਦ ਵਿਚ ਲਿਖਣ ਦੀ ਕੋਸ਼ਿਸ਼ ਹੈ। ਪੁਰਾਤਕ ਕਾਲ ਪੂਰਾ ਹੋ ਗਿਆ ਹੈ, ਮੱਧ ਕਾਲ ਕੁਝ ਲਿਖ ਲਿਆ ਹੈ। ਮੂਲਵਾਸੀਆਂ ਤੋਂ ਲੈ ਕੇ, ਬਾਹਰਲੀਆਂ ਕੌਮਾਂ ਦੇ ਹਮਲੇ, ਸਭਿਆਚਾਰਾਂ ਦੀ ਮਿੱਸ, ਇਸ ਭੂਗੋਲਿਕ ਖਿੱਤੇ ਦਾ ਪੰਜਾਬ ਬਣਨਾ, ਬ੍ਰਾਹਣਵਾਦੀ ਹਮਲੇ, ਨਾਰੀਵਾਦੀ ਦ੍ਰਿਸ਼ਟੀਕੋਣ ਆਦਿ ਮੇਰੇ ਮੁੱਖ ਨੁਕਤੇ ਹਨ। ਸਮਕਾਲ ਤੱਕ ਆਉਣਾ ਹੈ, ਦੇਖੋ ਕਿੰਨਾ ਕੁ ਹੋਰ ਵਕਤ ਲੱਗਦਾ ਹੈ। ਇਸ ਵਾਸਤੇ ਨਿੱਠ ਕੇ ਬੈਠਣ ਦੀ ਲੋੜ ਪੈਂਦੀ ਹੈ। ਨੌਕਰੀ ਵਿਚ ਤਾਂ ਸਿਰਫ਼ ਲੰਮੀਆਂ ਛੁੱਟੀਆਂ ਵਿਚ ਹੀ ਹੋ ਸਕਦਾ ਸੀ। ਸਵਾਲ ਵੀ ਹਾਲੇ ਰੁਕਾਵਟਾਂ ਪੈ ਰਹੀਆਂ ਹਨ। ਇਹ ਕੰਮ ਪੂਰਾ ਕਰਕੇ ਦੁਨੀਆਂ ਘੁੰਮਣ ਦੀ ਇੱਛਾ ਹੈ। ਦੇਖੋ….
ਸਵਾਲ : ਆਪਣੀ ਜਾਇਦਾਦ/ ਕਿਤਾਬਾਂ ਦਾ ਵਾਰਿਸ ਕਿਸ ਨੂੰ ਬਣਾ ਰਹੇ ਹੋ?
ਪਾਲ ਕੌਰ : ਦੁਨੀਆਵੀ ਜਇਦਾਦ ਦਾ ਵਾਰਿਸ ਮੇਰਾ ਨਜ਼ਦੀਕੀ ਪਰਿਵਾਰ ਹੀ ਹੋਵੇਗਾ। ਬੌਧਿਕ/ ਕਾਵਿਕ ਜਇਦਾਦ ਦੇ ਵਾਰਿਸ ਮੇਰੇ ਪਾਠਕ ਹਨ। ਕਿਤਾਬਾਂ ਤੇ ਸ਼ਾਇਦ ਕੁਝ ਪੈਸਾ, ਮੈਂ ਕਿਸੇ ਸਾਹਿਤਕ ਸੰਸਥਾ ਨੂੰ ਸੌਂਪਾਂਗੀ, ਜੋ ਕਵਿਤਾ ਦੇ ਖੇਤਰ ਵਿਚ ਕੰਮ ਆਏ। ਇਸ ਬਾਰੇ ਹਾਲੇ ਕੁਝ ਫ਼ੈਸਲਾ ਨਹੀਂ ਕੀਤਾ।
ਸਵਾਲ : ਸੇਵਾਮੁਕਤੀ ਤੋਂ ਬਾਅਦ ਤੁਹਾਡਾ ਰੁਝੇਵਾਂ ਕੀ ਹੈ? ਪੜ੍ਹਨ-ਲਿਖਣ ਦਾ ਹੀ ਕੰਮ ਕਰਦੇ ਹੋ ਜਾਂ ਕੋਈ ਹੋਰ ਰੁਝੇਵੇਂ ਵੀ ਨੇ?
ਪਾਲ ਕੌਰ : ਪੜ੍ਹਨ-ਲਿਖਣ ਦਾ ਹੀ ਕੰਮ ਕਰਦੀ ਹਾਂ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਮੈਂ ਲੰਬੀ ਕਵਿਤਾ ਲਿਖਣ ਦਾ ਪ੍ਰੋਜੈਕਟ ਵਿੱਢਿਆ ਹੋਇਆ ਹੈ…ਉਹਦੇ ਲਈ ਸਟੱਡੀ ਵੀ ਬਹੁਤ ਕਰਨੀ ਪੈਂਦੀ ਐ…ਬਾਕੀ ਮੈਨੂੰ ਘੁੰਮਣ-ਫਿਰਨ ਦਾ ਸ਼ੌਕ ਐ…ਸੰਗੀਤ ਦਾ ਸ਼ੌਕ ਐ…ਕਦੇ ਕਦੇ ਟੀਵੀ ਦੇਖ ਲਈਦਾ, ਪਰ ਸਵਾਲ ਤਾਂ ਉਹਦੇ ਵਿਚ ਵੀ ਕੁਝ  ਨਹੀਂ ਹੁੰਦਾ…ਅੱਗੇ ਖ਼ਬਰਾਂ ਦੇਖ ਲਈ ਦੀਆਂ ਸੀ ਪਰ ਸਵਾਲ ਖ਼ਬਰਾਂ ਤਾਂ ਸੀਰੀਅਲਾਂ ਤੋਂ ਵੀ ਮਾੜੀਆਂ ਹੋ ਗਈਆਂ ਨੇ। ਕਦੇ-ਕਦਾਈਂ ਕੋਈ ਪੁਰਾਣੀ ਫ਼ਿਲਮ ਦੇਖ ਲਈ।
ਸਵਾਲ : ਕਦੇ ਕਦੇ ਰੌਣ ਨੂੰ ਵੀ ਜੀਅ ਕਰਦੈ?
ਪਾਲ ਕੌਰ : ਹਾਂ, ਹੋ ਜਾਂਦੈ ਕਦੇ-ਕਦੇ ਕੁਝ ਐਸਾ। ਹਾਸਾ-ਰੌਣਾ ਤਾਂ ਜ਼ਿੰਦਗੀ ਦਾ ਹਿੱਸਾ ਹੈ…ਕਦੇ ਤੁਸੀਂ ਬਿਨਾਂ ਕਿਸੇ ਗੱਲ ਤੋਂ ਹੀ ਰੋ ਪੈਂਦੇ ਹੋ ਤੇ ਕਦੇ ਬਿਨਾਂ ਮਤਲਬ ਹਾਸਾ ਆ ਜਾਂਦੈ।
ਸਵਾਲ : ਮਰਨ ਤੋਂ ਵੀ ਡਰ ਲਗਦੈ?
ਪਾਲ ਕੌਰ : ਮਰਨ ਤੋਂ ਕਾਹਦਾ ਡਰਨਾ…ਜਦੋਂ ਮਰ ਈ ਗਏ ਤਾਂ ਡਰ ਕਾਹਦਾ…ਵੈਸੇ ਜਿਹੜਾ ਮੈਂ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ ਹੈ, ਉਹਦੇ ਬਾਰੇ ਸੋਚਦੀ ਹਾਂ ਕਿ ਸਵਾਲ ਮੁਕੰਮਲ ਹੋ ਜਾਵੇ…ਉਦੋਂ ਤੱਕ ਨਾ ਹੀ ਮਰਾਂ।
ਸਵਾਲ : ਸ਼ੁਕਰੀਆਂ ਤੁਸੀਂ, ਸਾਨੂੰ ਏਨਾ ਵਕਤ ਦਿੱਤਾ। ਕੋਈ ਹੋਰ ਗੱਲ ਜੋ ਤੁਹਾਡੇ ਮਨ ਵਿਚ ਹੋਵੇ, ਜੋ ਤੁਸੀਂ ਕਹਿਣਾ ਚਾਹੋ।
ਪਾਲ ਕੌਰ : ਇਕ ਸਵਾਲ ਮੇਰੇ ਮਨ ਵਿਚ ਅੱਜ ਕੱਲ੍ਹ ਬਹੁਤ ਆਉਂਦੈ ਤੇ ਮੈਨੂੰ ਲਗਦੈ ਕਿ ਇਹ ਸਵਾਲ ਕਰਨਾ ਮੇਰੀ ਜ਼ਿੰਮੇਵਾਰੀ ਵੀ ਐ…ਜਦੋਂ ਇਹ ਕਿਹਾ ਜਾਂਦੈ ਕਿ ਕਵਿੱਤਰੀਆਂ ਰੋਣ-ਧੋਣ ਕਵਿਤਾ ਲਿਖਦੀਆਂ ਨੇ…ਫੇਰ ਕਵਿੱਤਰੀਆਂ ਚੁੱਪ ਹੋ ਜਾਂਦੀਆਂ ਨੇ…ਫੇਰ ਕਵਿੱਤਰੀਆਂ ਅਧਿਆਤਮਵਾਦੀ ਹੋ ਜਾਂਦੀਆਂ ਨੇ…ਮੈਨੂੰ ਲਗਦੈ ਕਿ ਇਹਦੀ ਜ਼ਿੰਮੇਵਾਰੀ ਮੇਰੀ ਐ ਕਿ ਇਨ੍ਹਾਂ ਸਵਾਲਾਂ ਦੇ ਜਵਾਬ ਮੈਂ ਦਿਆਂ। ਮੈਂ ਇਹ ਸਵਾਲ ਕਵੀਆਂ ਨੂੰ ਇਸ ਕਰਕੇ ਪੁੱਛਣੇ ਸ਼ੁਰੂ ਕੀਤੇ ਨੇ…ਕਿ ਮੰਨ ਲਓ ਤੁਹਾਡੀ ਬੀਵੀ ਲਿਖਦੀ ਹੋਵੇ, ਤਾਂ ਤੁਸੀਂ ਉਸ ਨੂੰ ਲਿਖਣ ਦੀ ਖੁੱਲ੍ਹ ਦਿਓਗੇ? ਕੀ ਉਹਨੂੰ ਵੀ ਲਿਖਣ ਲਈ ਕੋਈ ਸੁੰਦਰ ਚਿਹਰਾ ਚਾਹੀਦੈ? ਕੀ ਉਹਨੂੰ ਵੀ ਪਿਆਰ ਦੀ ਕਵਿਤਾ ਲਿਖਣ ਲਈ ਓਨੀ ਹੀ ਖੁੱਲ੍ਹ ਚਾਹੀਦੀ ਐ? ਮੈਨੂੰ ਯਾਦ ਐ ਕਿ ਕੁਝ ਸਾਲ ਪਹਿਲਾਂ ਦੂਰਦਰਸ਼ਨ ‘ਤੇ ਇਕ ਕਵਿੱਤਰੀ ਆਈ ਤਾਂ ਉਹਦਾ ਪਤੀ ਨਾਲ ਆਇਆ। ਜਦੋਂ ਮੇਕਅੱਪ ਮੈਨ ਉਹਦੇ ਫੇਸ ‘ਤੇ ਪਾਉਡਰ ਲਾਉਣ ਲੱਗਾ ਤਾਂ ਉਹਦਾ ਘਰਵਾਲਾ ਲੜ ਪਿਆ ਕਿ ਤੂੰ ਮੇਰੀ ਬੀਵੀ ਦੇ ਹੱਥ ਕਿਉਂ ਲਾਇਆ? ਉਸ ਤੋਂ ਬਾਅਦ ਮੈਨੂੰ ਉਹ ਕਵਿੱਤਰੀ ਕਿਧਰੇ ਨਜ਼ਰ ਨਹੀਂ ਆਈ। ਉਸ ਨੇ ਪਤੀ ਚੁਣ ਲਿਆ ਹੋਵੇਗਾ। ਜੇ ਉਹ ਕਵਿਤਾ ਚੁਣਦੀ ਤਾਂ ਪਤੀ ਛੱਡਣਾ ਪੈਂਦਾ। ਔਰਤ ਕਵੀ ਨੂੰ ਐਸੀ ਚੋਣ, ਅਸੀ ਪ੍ਰੀਖਿਆ ਕਿਉਂ ਦੇਣੀ ਪੈਂਦੀ ਹੈ। ਕਵਿਤਾ ਦੇ ਖੇਤਰ ਵਿਚ ਬਣੇ ਰਹਿਣ ਲਈ ਪਤੀ ਤੇ ਪਰਿਵਾਰ ਦੇ ਸਾਥ ਦੀ ਲੋੜ ਹੈ। ਪਹਿਲੀਆਂ ਇਕ-ਦੋ ਪੁਸਤਕਾਂ ਵਿਚ ਦੁਖ-ਦਰਦ ਦੇ ਬਿਆਨ ਤੋਂ ਬਾਅਦ ਹੀ ਤਾਂ ਉਸ ਨੇ ਨਿੱਠ ਕੇ ਕਵਿਤਾ ਲਿਖਣੀ ਹੁੰਦੀ ਹੈ। ਉਦੋਂ ਪਰਿਵਾਰ ਦਾ ਸਾਥ ਨਹੀਂ ਮਿਲਦਾ ਤਾਂ ਉਹ ਕਵਿਤਾ ਲਿਖਣੀ ਛੱਡ ਜਾਂਦੀ ਹੈ ਜਾਂ ਪਰਿਵਾਰ ਤੋਂ ਦੂਰ ਹੋਣਾ ਪੈਂਦਾ ਹੈ। ਮੈਂ ਸਮਾਜ ਤੋਂ ਔਰਤ ਕਵੀਆਂ ਬਾਰੇ ਸੰਵੇਦਨਸ਼ਹੀਲ ਹੋਣ ਦੀ ਉਮੀਦ ਕਰਦੀ ਹਾਂ ਅਤੇ ਆਪਣੀ ਸਾਥੀ ਸ਼ਾਇਰਾਂ ਤੋਂ ਇਸ ਦੀ ਸ਼ੁਰੂਆਤ ਕਰਨ ਦੀ ਉਮੀਦ ਰੱਖਦੀ ਹਾਂ।

Leave a Reply

Your email address will not be published. Required fields are marked *