ਇਕੀਵੀਂ ਸਦੀ ਲਈ ਇਕੀ ਸਬਕ- ਪਰ ਮਨੁੱਖ ਲਈ ਏਨੇ ਕੁ ਸਬਕ ਕਾਫ਼ੀ ਨਹੀਂ

ਮਨਮੋਹਨ
ਯਹੂਦੀ ਮੂਲ ਦੇ ਯੁਵਾਲ ਨੋਹ ਹਰਾਰੇ ਨੇ ਔਕਸਫੋਰਡ ਯੂਨੀਵਰਸਿਟੀ ਤੋਂ ਇਤਿਹਾਸ ਪੜ੍ਹਿਆ ਅਤੇ ਅੱਜਕੱਲ੍ਹ ਯੋਰੋਸ਼ਲਮ ਦੀ ਹਿਬਰੂ ਯੂਨੀਵਰਸਿਟੀ ਇਤਿਹਾਸ ਪੜ੍ਹਾਉਂਦਾ ਹੈ। ਉਹ ਆਪਣੀ ਪਹਿਲੀ ਕਿਤਾਬ ‘ਸੇਪੀਅਨਜ਼’ ਨਾਲ ਹੀ ਦੁਨੀਆ ਭਰ ਵਿਚ ਚਰਚਿਤ ਹੋ ਗਿਆ ਸੀ। ਇਸ ਵਿਚ ਉਸ ਨੇ ਮਾਨਵੀ ਅਤੀਤ ਦਾ ਸਰਵੇਖਣ ਕਰਦਿਆਂ ਇਹ ਦੱਸਣ ਦਾ ਯਤਨ ਕੀਤਾ ਕਿ ਕਿਵੇਂ ਗ਼ੈਰਮਾਮੂਲੀ ਪੂਛਹੀਣ ਬਾਂਦਰ/ਏਪ ਧਰਤੀ ਨਾਮੀ ਗ੍ਰਹਿ ਦਾ ਸਰਵ-ਸ਼ਕਤੀਸ਼ਾਲੀ ਸ਼ਾਸਕ ਬਣ ਗਿਆ। ਉਸ ਦੀ ਦੂਜੀ ਕਿਤਾਬ ‘ਹੋਮੋ ਡਿਊਸ’ ਸ੍ਰਿਸ਼ਟੀ ਤੇ ਜੀਵਨ ਦੇ ਭਵਿੱਖ ਨੂੰ ਫਰੋਲਦੀ ਹੋਈ ਇਹ ਵਿਚਾਰ ਪੇਸ਼ ਕਰਦੀ ਹੈ ਕਿ ਮਾਨਵ ਕਿਵੇਂ ਆਪਣੇ ਅੰਤਿਮ ਰੂਪ ‘ਚ ਦੇਵਤਾ ਵੀ ਬਣ ਸਕਦਾ ਹੈ ਅਤੇ ਬੁੱਧੀ ਤੇ ਚੇਤਨਾ ਦਾ ਆਖ਼ਰੀ ਸਰੂਪ ਤੇ ਅੰਤਿਮ ਹੋਣੀ ਕੀ ਹੋਵੇਗੀ?
ਹਰਾਰੇ ਦੀ ਤੀਜੀ ਕਿਤਾਬ ‘ਟਵੰਟੀਵਨ ਲੈਸਨਜ਼ ਫਾਰ ਟਵੰਟੀਫਸਟ ਸੈਂਚੁਰੀ’ ਵਿਚ ਉਸ ਨੇ ਜੀਵਨ ਦੇ ਵਰਤਮਾਨ ਦੌਰ ਅਤੇ ਸਮਾਜ ਦੀ ਸਥਾਨਕਤਾ ‘ਤੇ ਆਪਣਾ ਧਿਆਨ ਕੇਂਦ੍ਰਿਤ ਕੀਤਾ ਹੈ ਜਿਸ ‘ਚ ਵਰਤਮਾਨ ਮਸਲਿਆਂ ਦੇ ਨਾਲ ਨਾਲ ਮਾਨਵੀ ਸਮਾਜ ਦਾ ਨੇੜਲਾ ਭਵਿੱਖ ਵੀ ਸ਼ਾਮਲ ਹੈ। ਸਵਾਲ ਕੀ ਵਾਪਰ ਰਿਹਾ ਹੈ? ਅੱਜ ਦੀਆਂ ਵੱਡੀਆਂ ਚੁਣੌਤੀਆਂ ਕੀ ਹਨ ਤੇ ਮਨੁੱਖ ਮੂਹਰੇ ਵੱਡੀ ਚੋਣ ਕੀ ਹੈ? ਸਾਨੂੰ ਕਿਸ ਗੱਲ ‘ਤੇ ਧਿਆਨ ਦੇਣਾ ਚਾਹੀਦਾ ਹੈ? ਸਾਡੇ ਬੱਚਿਆਂ ਤੇ ਅਗਲੀਆਂ ਪੀੜ੍ਹੀਆਂ ਤੱਕ ਕੀ ਪਹੁੰਚਣਾ ਚਾਹੀਦਾ ਹੈ?
ਹਰਾਰੇ ਦਾ ਤਰਕ ਹੈ ਕਿ ਜਗਤ ‘ਚ ਅਪ੍ਰਸੰਗਿਕ ਤੇ ਅਸੰਗਤ ਸੂਚਨਾਵਾਂ ਦੇ ਹੜ੍ਹ ‘ਚ ਸਪਸ਼ਟ ਸਮਝ ਹੀ ਸੱਤਾ ਹੈ। ਸਿਧਾਂਤਕ ਤੌਰ ‘ਤੇ ਕੋਈ ਵੀ ਮਨੁੱਖਤਾ ਦੇ ਭਵਿੱਖ ਬਾਰੇ ਇਸ ਸੰਵਾਦ ਨਾਲ ਜੁੜ ਸਕਦਾ ਹੈ, ਪਰ ਇਸ ਬਾਰੇ ਕੋਈ ਸਪਸ਼ਟ ਦ੍ਰਿਸ਼ਟੀਕੋਣ ਰੱਖ ਸਕਣਾ ਬਹੁਤ ਔਖਾ ਹੈ। ਆਮ ਤੌਰ ‘ਤੇ ਦੇਖਿਆ ਗਿਆ ਹੈ ਕਿ ਚਲ ਰਹੀ ਚਰਚਾ ‘ਚ ਮੂਲ ਪ੍ਰਸ਼ਨ ਕਿਤੇ ਗੁਆਚ ਜਾਂਦਾ ਹਉਂ। ਸਾਡੇ ‘ਚੋਂ ਲੱਖਾਂ ਅਜਿਹੇ ਹਨ ਜਿਨ੍ਹਾਂ ਕੋਲ ਖੋਜ ਜਿਹੀਆਂ ਸਹੂਲਤਾਂ ਦੀ ਪੁੱਜਤ ਨਹੀਂ ਕਿਉਂਕਿ ਸਾਡੇ ਸਿਰ ‘ਤੇ ਜੀਵਨ ਜਿਊਣ ਦੀਆਂ ਹੋਰ ਹਜ਼ਾਰਾਂ ਜ਼ਿੰਮੇਵਾਰੀਆਂ ਨੇ। ਬਦਕਿਸਮਤੀ ਇਹ ਹੈ ਕਿ ਇਤਿਹਾਸ ਤੋਂ ਕਦੇ ਵੀ ਕੋਈ ਬਚ ਨਹੀਂ ਸਕਿਆ। ਜੇ ਇਨ੍ਹਾਂ ਦੁਨਿਆਵੀ ਜ਼ਿੰਮੇਵਾਰੀਆਂ ਕਾਰਨ ਤੁਹਾਡੀ ਗ਼ੈਰਹਾਜ਼ਰੀ ‘ਚ ਮਾਨਵਤਾ ਦੇ ਭਵਿੱਖ ਦਾ ਨਿਰਣਾ ਹੋਣਾ ਹੈ ਤਾਂ ਤੁਸੀਂ ਇਸ ਦੇ ਨਤੀਜਿਆਂ ਤੋਂ ਵੀ ਨਿਰਲੇਪ ਨਹੀਂ ਰਹਿ ਸਕਦੇ। ਇਹ ਬੜੀ ਅਜੀਬ ਗੱਲ ਹੈ, ਪਰ ਕੌਣ ਕਹਿੰਦਾ ਹੈ ਕਿ ਇਤਿਹਾਸ ਹਮੇਸ਼ਾ ਉਚਿਤ ਹੀ ਹੁੰਦਾ ਹੈ?
ਸੱਤ ਸੌ ਕਰੋੜ ਜਨਸੰਖਿਆ ਵਾਲੀ ਦੁਨੀਆ ‘ਚ ਸੱਤ ਸੌ ਕਰੋੜ ਹੀ ਏਜੰਡੇ ਹੋ ਸਕਦੇ ਹਨ। ਇਸ ਤਰ੍ਹਾਂ ਕਿਸੇ ਵੱਡੇ ਦ੍ਰਿਸ਼ ਬਾਰੇ ਵਿਸਤ੍ਰਿਤ ਵਿਚਾਰ ਰੱਖਣਾ ਦੁਰਲੱਭ ਗੱਲ ਹੈ। ਮੁੰਬਈ ਵਰਗੇ ਸ਼ਹਿਰ ‘ਚ ਕੋਈ ‘ਕੱਲੀਕਾਰੀ ਸੰਘਰਸ਼ ਕਰਦੀ ਮਾਂ, ਭੂਮੱਧ ਸਾਗਰ ਪਾਰ ਕਰਦੇ ਸ਼ਰਣਾਰਥੀ ਤੇ ਲੰਡਨ ਦੇ ਕਿਸੇ ਹਸਪਤਾਲ ‘ਚ ਮੌਤ ਨਾਲ ਲੜਦੇ ਆਮ ਸ਼ਹਿਰੀ ਸਾਹਮਣੇ ਆਲਮੀ ਤਪਸ਼ ਜਾਂ ਉਦਾਰ ਲੋਕਤੰਤਰ ਦਾ ਸੰਕਟ, ਉਸ ਦੇ ਨਿੱਕੇ ਜਿਹੇ ਵਜੂਦ ਤੋਂ ਕਿਤੇ ਵੱਡੇ ਸਵਾਲ ਹਨ। ਕਿਸੇ ਕਿਤਾਬ ‘ਚ ਵੀ ਇਨ੍ਹਾਂ ਪ੍ਰਸ਼ਨਾਂ ਦੇ ਕੋਈ ਜਵਾਬ ਨਹੀਂ ਅਤੇ ਨਾ ਹੀ ਇਸ ਸਥਿਤੀ ‘ਚ ਉਨ੍ਹਾਂ ਲਈ ਕੋਈ ਸਬਕ ਹਨ। ਅਸੀਂ ਸਿਰਫ਼ ਆਸ ਕਰ ਸਕਦੇ ਹਾਂ ਕਿ ਇਨ੍ਹਾਂ ਸੰਕਟਮਈ ਸਥਿਤੀਆਂ ਨੂੰ ਗਹਿਰਾਈ ਨਾਲ ਸਮਝ ਕੇ ਭਵਿੱਖ ਲਈ ਕੁਝ ਸਿੱਖ ਸਕੀਏ।
ਹਰਾਰੇ ਦਾ ਇੱਥੇ ਏਜੰਡਾ ਵਿਸ਼ਵੀ ਹੈ। ਉਸ ਦੇ ਧਿਆਨ ‘ਚ ਉਹ ਮੁੱਖ ਸ਼ਕਤੀਆਂ ਹਨ ਜੋ ਸਾਰੀ ਦੁਨੀਆ ਦੇ ਵੱਖ ਵੱਖ ਸਮਾਜਾਂ ਨੂੰ ਸਰੂਪ ਬਖ਼ਸ਼ ਰਹੀਆਂ ਨੇ। ਦਰਅਸਲ, ਸਚਾਈ ਇਹ ਹੈ ਕਿ ਸੱਚ ਕਈ ਤੰਦਾਂ ਦਾ ਤਾਣਾ ਬਾਣਾ ਹੈ। ਹਰਾਰੇ ਦਾ ਯਤਨ ਵਿਸ਼ਵ ਦੇ ਭਵਿੱਖ ‘ਚ ਪੈਦਾ ਹੋਣ ਵਾਲੇ ਵਿਭਿੰਨ ਪੱਖਾਂ ਨੂੰ ਸਮੇਟਣ ਦਾ ਹੈ। ਉਸ ਦੀਆਂ ਪਹਿਲੀਆਂ ਦੋ ਕਿਤਾਬਾਂ ‘ਸੇਪੀਅਨਜ਼’ ਤੇ ‘ਹੋਮੋ ਡਿਊਸ’ ਵਾਂਗ ਉਸ ਦੇ ਧਿਆਨ ਦੇ ਕੇਂਦਰ ‘ਚ ਇਤਿਹਾਸਕ ਬਿਰਤਾਂਤ ਨਹੀਂ ਸਗੋਂ ਉਸ ਦੀ ਨਿਗਾਹ ਇਨ੍ਹਾਂ ‘ਚੋਂ ਪੈਦਾ ਹੋ ਰਹੇ ਸਬਕਾਂ ਤੋਂ ਸਿੱਖਿਆ ਲੈਣ ‘ਤੇ ਹੈ। ਇਹ ਸਬਕ ਕੋਈ ਸਾਧਾਰਨ ਉੱਤਰ ਨਹੀਂ। ਇਨ੍ਹਾਂ ਦਾ ਮਕਸਦ ਸੋਚ ਨੂੰ ਹੋਰ ਉਤੇਜਿਤ ਤੇ ਉਤਸ਼ਾਹਿਤ ਕਰਨਾ ਹੈ। ਹਰਾਰੇ ਮੁਤਾਬਕ ਮਨੁੱਖ ਦੀਆਂ ਬਹੁਤ ਸਾਰੀਆਂ ਵਿਆਖਿਆਵਾਂ ਉਪਰ ਉਸ ਵਲੋਂ ਘੜੀਆਂ ਕਥਾਵਾਂ ਦੀ ਸੱਤਾ ਅਤੇ ਕਥਾ ਕਹਿਣ ਦੀ ਪਕੜ ਦਾ ਅਸਰ ਹੈ। ਉਸ ਦਾ ਕਹਿਣਾ ਹੈ ਇੱਥੇ ਹੀ ਖ਼ਤਰਾ ਪਿਆ ਹੈ ਕਿਉਂਕਿ ਲੋਕ ਸਦਾ ਹੀ ਕਥਾ ਕਹਾਣੀਆਂ ਦੀ ਗ੍ਰਿਫ਼ਤ ‘ਚ ਰਹੇ ਨੇ। ਇਨ੍ਹਾਂ ਗਲਪੀ ਬਿਰਤਾਂਤਾਂ ਤੋਂ ਦਿਸ਼ਾ-ਦਿਸ਼ਾਹੀਣਤਾ ਗ੍ਰਹਿਣ ਕਰਦੇ ਰਹੇ ਹਨ ਜਿਨ੍ਹਾਂ ਕਾਰਨ ਹੀ ਕਈ ਵਿਨਾਸ਼ਕ ਕਰਮ ਤੇ ਵਿਸ਼ਵਾਸ ਪੈਦਾ ਹੋਏ। ਹਰਾਰੇ ਇਸ ਨੂੰ ਇਉਂ ਪੇਸ਼ ਕਰਦਾ ਹੈ, ‘ਸਭ ਤੋਂ ਪਹਿਲਾਂ ਸਾਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਅਸੀਂ ਭਾਵ ਮਨੁੱਖ ਕੋਈ ਕਥਾ-ਕਹਾਣੀ ਨਹੀਂ। ਸਾਡਾ ਮਨ, ਸਾਡੀ ਦੇਹ, ਸਾਡੇ ਅੰਦਰਲੇ ਰਸਾਇਣਾਂ ਦਾ ਮਿਸ਼ਰਣ ਸਾਰਾ ਕੁਝ ਸੱਚਾ ਤੇ ਅਸਲ ਹੈ ਅਤੇ ਜ਼ਰੂਰੀ ਇਹ ਹੈ ਕਿ ਅਸੀਂ ਸਪਸ਼ਟ ਤੌਰ ‘ਤੇ ਧਾਰਮਕ ਤੇ ਰਾਸ਼ਟਰਵਾਦੀ ਬਿਰਤਾਂਤਾਂ ਦੁਆਰਾ ਖ਼ਾਸ ਸਮੂਹਾਂ ਵਲੋਂ ਕੀਤੇ ਬਲੀਦਾਨਾਂ ਤੇ ਸ਼ਹੀਦੀਆਂ ਦੇ ਮਿਥਕ ਗਲਪੀ ਨਾਟਕਾਂ ਦੇ ਭਰਮਜਾਲ ਤੋਂ ਮੁਕਤ ਹੋਈਏ।’
ਹਰਾਰੇ ਦੀ ਲਿਖਣ ਸ਼ੈਲੀ ਸੰਵਾਦਕ ਹੈ ਜੋ ਲੋਕਾਂ ਨਾਲ ਸੰਵਾਦ ‘ਚੋਂ ਪੈਦਾ ਹੋਈ ਹੈ। ਬਹੁਤੀ ਲਿਖਤ ਪਾਠਕਾਂ ਵਲੋਂ ਕੀਤੇ ਪ੍ਰਸ਼ਨਾਂ ‘ਚੋਂ ਪੈਦਾ ਹੋਈ ਹੈ ਜੋ ਤਕਨਾਲੋਜੀ, ਰਾਜਨੀਤੀ, ਧਰਮ ਅਤੇ ਕਲਾ-ਸਾਹਿਤ ਜਿਹੇ ਵਿਸ਼ਿਆਂ ‘ਤੇ ਕੇਂਦਰਿਤ ਹੈ। ਕਈ ਥਾਂ ਮਾਨਵੀ ਗਿਆਨ ਦਾ ਜਸ਼ਨ ਮਨਾਇਆ ਗਿਆ ਹੈ ਤੇ ਕੁਝ ਥਾਂ ਮਾਨਵੀ ਬੇਵਕੂਫ਼ੀ ‘ਤੇ ਸ਼ਰਮਸਾਰੀ ਵੀ ਜ਼ਾਹਰ ਹੋਈ ਹੈ। ਸਮੁੱਚਤਾ ‘ਚ ਇਹ ਪ੍ਰਸ਼ਨ ਮੂਲ ਰੂਪ ‘ਚ ਉਵੇਂ ਤੇ ਓਥੇ ਹੀ ਖੜ੍ਹਾ ਹੈ ਕਿ ਅੱਜ ਵਿਸ਼ਵ ‘ਚ ਵਾਪਰ ਕੀ ਰਿਹਾ ਹੈ? ਇਨ੍ਹਾਂ ਘਟਨਾਵਾਂ ਦੇ ਗਹਿਨ ਅਰਥ ਕੀ ਹਨ? ਡੋਨਲਡ ਟਰੰਪ ਦੇ ਉਥਾਨ ਦਾ ਕੀ ਮਹੱਤਵ ਹੈ? ਝੂਠੀਆਂ ਖ਼ਬਰਾਂ ਦੀ ਮਹਾਂਮਾਰੀ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ? ਉਦਾਰਵਾਦੀ ਲੋਕਤੰਤਰ ਕਿਉਂ ਸੰਕਟ ‘ਚ ਹੈ? ਕੀ ਰੱਬ ਦੀ ਵਾਪਸੀ ਹੋਈ ਹੈ? ਕੀ ਨਵੀਂ ਵਿਸ਼ਵ ਵਿਵਸਥਾ ਦੀ ਆਮਦ ਹੋ ਰਹੀ ਹੈ? ਪੱਛਮੀ, ਚੀਨੀ, ਮੁਸਲਿਮ ਜਾਂ ਹੋਰ ਕਿਹੜੀ ਸਭਿਅਤਾ ਦੁਨੀਆ ‘ਤੇ ਭਾਰੂ ਹੋਣ ਜਾ ਰਹੀ ਹੈ? ਕੀ ਯੂਰੋਪੀਅਨਾਂ ਨੂੰ ਪਰਵਾਸੀਆਂ ਲਈ ਆਪਣੇ ਦਰ ਖੁੱਲ੍ਹੇ ਰੱਖਣੇ ਚਾਹੀਦੇ ਨੇ? ਕੀ ਰਾਸ਼ਟਰਵਾਦ ਨਾਬਰਾਬਰੀ ਤੇ ਵਾਤਾਵਰਣਕ ਪਰਿਵਰਤਨ ਦੀ ਸਮੱਸਿਆ ਨੂੰ ਹੱਲ ਕਰ ਸਕਦਾ ਹੈ? ਦਹਿਸ਼ਤਗਰਦੀ ਦਾ ਆਖ਼ਰ ਕੀ ਕੀਤਾ ਜਾਵੇ?
ਹਰਾਰੇ ਨੇ ਇਨ੍ਹਾਂ ਮਸਲਿਆਂ ਦਾ ਵਿਸ਼ਵੀ ਪਰਿਪੇਖ ਲਿਆ ਹੈ, ਪਰ ਵਿਅਕਤੀਗਤ ਪੱਧਰ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਗਿਆ ਸਗੋਂ ਉਸ ਨੇ ਵਰਤਮਾਨ ਸਮਿਆਂ ਦੇ ਮਹਾਨ ਇਨਕਲਾਬਾਂ ਅਤੇ ਇਨ੍ਹਾਂ ਨਾਲ ਮਾਨਵੀ ਨਿੱਜੀ ਜੀਵਨ ‘ਚ ਪੈਦਾ ਹੋਏ ਅੰਦਰੂਨੀ ਸਬੰਧਾਂ ‘ਤੇ ਬਲ ਦਿੱਤਾ ਹੈ। ਉਦਾਹਰਣ ਵਜੋਂ ਅਤਿਵਾਦ ਵਿਸ਼ਵੀ ਰਾਜਨੀਤਕ ਸਮੱਸਿਆ ਵੀ ਹੈ ਅਤੇ ਅੰਤਰੀਵੀ ਮਨੋਵਿਗਿਆਨਕ ਮਸਲਾ ਵੀ। ਅਤਿਵਾਦ ਲੋਕਾਈ ਦੇ ਮਨ ‘ਚ ਭੈਅ ਪੈਦਾ ਕਰਕੇ ਲੱਖਾਂ ਲੋਕਾਂ ਦੀ ਨਿੱਜੀ ਕਲਪਨਾ ਨੂੰ ਅਗਵਾ ਕਰ ਲੈਂਦਾ ਹੈ। ਇਉਂ ਹੀ ਉਦਾਰਵਾਦੀ ਲੋਕਤੰਤਰ ਦੇ ਸੰਕਟ ਦੀ ਖੇਡ ਸਿਰਫ਼ ਪਾਰਲੀਮੈਂਟਾਂ ਤੇ ਪੋਲਿੰਗ ਬੂਥਾਂ ‘ਚ ਨਹੀਂ ਵਾਪਰਦੀ ਸਗੋਂ ਮਨੁੱਖੀ ਮਨਾਂ, ਦਿਮਾਗ਼ਾਂ ਤੇ ਕਲਪਨਾ ‘ਚ ਵੀ ਖੇਡੀ ਜਾਂਦੀ ਹੈ। ਇਹ ਘਿਸਿਆ ਪਿਟਿਆ ਵਾਕ ਹੋਵੇਗਾ ਕਿ ਨਿੱਜ ਰਾਜਨੀਤਕ ਨਹੀਂ ਹੈ। ਅੱਜ ਦੇ ਯੁੱਗ ‘ਚ ਜਦੋਂ ਵਿਗਿਆਨੀ, ਕਾਰਪੋਰੇਸ਼ਨਾਂ ਅਤੇ ਸਰਕਾਰਾਂ ਮਾਨਵੀ ਦਿਮਾਗ਼ ਨੂੰ ਸੰਨ੍ਹ ਲਾਉਣ ਦੇ ਢੰਗ ਸਿੱਖ ਰਹੀਆਂ ਹਨ ਉਦੋਂ ਸੱਚ ਦੀ ਗੱਲ ਕੁਸ਼ਗਨੀ ਲਗਦੀ ਹੈ। ਇੱਥੇ ਹਰਾਰੇ ਮਨੁੱਖ ਦੇ ਨਿੱਜ ਦੇ ਨਾਲ ਨਾਲ ਸਮੁੱਚੇ ਸਮਾਜਾਂ ਦੇ ਅੰਦਰੂਨੀ ਅਵਲੋਕਣ ਪੇਸ਼ ਕਰਦਾ ਦਿਖਾਈ ਦਿੰਦਾ ਹੈ।
ਵਿਸ਼ਵ ਸਾਡੇ ਨਿੱਜੀ ਵਿਹਾਰ ਤੇ ਨੈਤਿਕਤਾ ‘ਤੇ ਬੇਮਿਸਾਲ ਦਬਾਅ ਬਣਾਉਂਦਾ ਆ ਰਿਹਾ ਹੈ। ਅਸੀਂ ਸਾਰੇ ਅਣਗਿਣਤ ਨੈੱਟਵਰਕਾਂ ਦੇ ਮਕੜਜਾਲ ‘ਚ ਫਸ ਚੁੱਕੇ ਹਾਂ ਜਿਸ ਨੇ ਨਾ ਸਿਰਫ਼ ਸਾਡੀ ਭੌਤਿਕ ਗਤੀਸ਼ੀਲਤਾ ਸੀਮਤ ਕੀਤੀ ਹੈ ਸਗੋਂ ਇਸ ਰਾਹੀਂ ਸਾਡੇ ਨਿੱਜ ਦੀ ਨਿੱਕੀ ਤੋਂ ਨਿੱਕੀ ਹਰਕਤ ਦੂਰ ਦੁਰਾਡੀਆਂ ਮੰਜ਼ਿਲਾਂ ‘ਤੇ ਇਕ ਖਿਣ ‘ਚ ਪਹੁੰਚ ਜਾਂਦੀ ਹੈ। ਨਿੱਜੀ ਜ਼ਿੰਦਗੀਆਂ ਕਿਸੇ ਇਕ ਬੰਦੇ ਦੀ ਛੋਟੀ ਜਿਹੀ ਹਰਕਤ ਨਾਲ ਅਚਾਨਕ ਪ੍ਰਭਾਵਤ ਹੋ ਜਾਂਦੀਆਂ ਨੇ ਜਿਵੇਂ ਟਿਊਨੀਸ਼ੀਆ ‘ਚ ਮੁਹੰਮਦ ਬੁਆਜ਼ਿਜ਼ੀ ਦੇ ਆਤਮਦਾਹ ਨੇ ਅਰਬ ਇਨਕਲਾਬ ਦੀ ਚੁਆਤੀ ਲਾ ਦਿੱਤੀ; ਜਿਨ੍ਹਾਂ ਔਰਤਾਂ ਨੇ ਆਪਣੇ ਨਾਲ ਵਾਪਰੇ ਜਿਨਸੀ ਸ਼ੋਸ਼ਣ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ, ਉਸ ਨਾਲ ਸ਼ਕਤੀਸ਼ਾਲੀ ‘ਮੀ ਟੂ’ ਲਹਿਰ ਸ਼ੁਰੂ ਗਈ। ਇਸ ਤਰ੍ਹਾਂ ਜੀਵਨ ਦੇ ਵਿਸ਼ਵੀ ਪਾਸਾਰਾਂ ਦੇ ਅਰਥ ਸਾਡੇ ਧਾਰਮਕ ਤੇ ਰਾਜਨੀਤਕ ਪੂਰਵਗ੍ਰਹਿਆਂ, ਨਸਲੀ ਅਤੇ ਲਿੰਗਕ ਅਧਿਕਾਰਾਂ ਅਤੇ ਸੰਸਥਾਗਤ ਜ਼ੁਲਮਾਂ ਦੀਆਂ ਗੁੰਝਲਾਂ ਨੂੰ ਬੇਪਰਦ ਕਰਨ ਤੋਂ ਵਧੇਰੇ ਅਹਿਮ ਹਨ।
ਹਰਾਰੇ ਆਪਣੇ ਸੰਵਾਦ ਦਾ ਆਰੰਭ ਵਰਤਮਾਨ ਰਾਜਨੀਤਕ ਤੇ ਤਕਨੀਕੀ ਭਵਿੱਖਬਾਣੀ ਨਾਲ ਕਰਦਾ ਹੈ। ਵੀਹਵੀਂ ਸਦੀ ਦੇ ਲਾਗੇ ਫਾਸ਼ੀਵਾਦ, ਕਮਿਊਨਿਜ਼ਮ ਅਤੇ ਉਦਾਰਵਾਦ ਦੀ ਵਿਚਾਰਧਾਰਕ ਜੰਗ ‘ਚ ਉਦਾਰਵਾਦ ਜਿੱਤ ਰਿਹਾ ਦਿਖਾਈ ਦੇ ਰਿਹਾ ਸੀ। ਜਮਹੂਰੀ ਸਿਆਸਤ, ਮਾਨਵੀ ਅਧਿਕਾਰ ਅਤੇ ਖੁੱਲ੍ਹੀ ਮੰਡੀ ਦੇ ਪੂੰਜੀਵਾਦ ਦੀ ਸਾਰੇ ਵਿਸ਼ਵ ‘ਤੇ ਜਿੱਤ ਹੋਣੀ ਨਿਸ਼ਚਿਤ ਲੱਗ ਰਹੀ ਸੀ। ਪਰ ਜਿਵੇਂ ਕਿ ਅਕਸਰ ਇਤਿਹਾਸ ਅਣਕਿਆਸਿਆ ਮੋੜ ਲੈਂਦਾ ਹੈ, ਫਾਸ਼ੀਵਾਦ ਤੇ ਕਮਿਊਨਿਜ਼ਮ ਦੇ ਢਹਿ ਜਾਣ ਤੋਂ ਬਾਅਦ ਸਵਾਲ ਉਦਾਰਵਾਦ ਵੀ ਡੂੰਘੀ ਜਿੱਲ੍ਹਣ ‘ਚ ਫਸਿਆ ਦਿਖਾਈ ਦੇ ਰਿਹਾ ਹੈ। ਉਦਾਰਵਾਦ ਆਪਣੀ ਸਾਖ ਇਸ ਲਈ ਗਵਾ ਰਿਹਾ ਪ੍ਰਤੀਤ ਹੁੰਦਾ ਹੈ ਕਿਉਂਕਿ ਸੂਚਨਾ ਤੇ ਜੈਵਿਕ ਤਕਨਾਲੋਜੀ ਦਾ ਜੁੜਵਾਂ ਇਨਕਲਾਬ ਮਾਨਵੀ ਨਸਲ ਲਈ ਅੱਜ ਤੱਕ ਦੀ ਸਭ ਤੋਂ ਵੱਡੀ ਚੁਣੌਤੀ ਪੇਸ਼ ਕਰ ਰਿਹਾ ਹੈ। ਇਸ ਨੇ ਨੇੜਲੇ ਭਵਿੱਖ ‘ਚ ਲੱਖਾਂ ਲੋਕਾਂ ਨੂੰ ਨੌਕਰੀ ਬਾਜ਼ਾਰ ਤੋਂ ਬਾਹਰ ਕਰ ਦੇਣਾ ਹੈ। ਹਰਾਰੇ ਤਾਂ ਇੱਥੋਂ ਤੱਕ ਕਹਿੰਦਾ ਹੈ ਕਿ ਜਦੋਂ ਤੱਕ ਤੁਸੀਂ ਜਵਾਨ ਹੋਵੇਗੇ ਉਦੋਂ ਸ਼ਾਇਦ ਨੌਕਰੀਆਂ ਖ਼ਤਮ ਹੀ ਹੋ ਜਾਣ। ਆਜ਼ਾਦੀ ਦੇ ਪ੍ਰਸੰਗ ‘ਚ ਉਹ ਕਹਿੰਦਾ ਹੈ ਕਿ ‘ਬਿੱਗ ਡਾਟਾ’ ਤੁਹਾਡੀ ਨਿਰੰਤਰ ਨਿਗਰਾਨੀ ਕਰ ਰਿਹਾ ਹੈ। ਇੱਥੇ ਉਸ ਦਾ ਮੂਲ ਸਬਕ ਹੈ, ‘ਅੱਜ ਕਿਸੇ ਕੋਲ ਤੁਹਾਡੇ ਦਿਮਾਗ਼ ਤੱਕ ਅਧਿਕਾਰਕ ਪਹੁੰਚ ਹੈ, ਪਰ ਇਹ ਤੁਸੀਂ ਨਹੀਂ ਹੋ’। ਬਰਾਬਰੀ ਦੇ ਹਵਾਲੇ ‘ਚ ਉਸ ਦੀ ਰਾਇ ਹੈ ਕਿ ਜਿਨ੍ਹਾਂ ਕੋਲ ਡੇਟਾ ਦੀ ਮਲਕੀਅਤ ਹੈ, ਭਵਿੱਖ ਵੀ ਉਨ੍ਹਾਂ ਦਾ ਹੀ ਹੋਣਾ ਨਿਸ਼ਚਿਤ ਹੈ। ‘ਬਿੱਗ ਡਾਟਾ ਐਲਗੋਰਿਦਮਜ਼’ ਨਾਲ ਸ਼ਕਤੀਸ਼ਾਲੀ ਡਿਜੀਟਲ ਤਾਨਾਸ਼ਾਹੀ ਪੈਦਾ ਹੋਣ ਕਾਰਨ ਸਾਰੀ ਸੱਤਾ ਛੋਟੇ ਜਿਹੇ ਕੁਲੀਨ ਵਰਗ ਕੋਲ ਕੇਂਦ੍ਰਿਤ ਹੋ ਜਾਵੇਗੀ। ਇਸ ਸੱਤਾ ਅਧੀਨ ਬਹੁਤੀ ਲੋਕਾਈ ਆਪਣੇ ਨਾਲ ਹੋ ਰਹੇ ਸੋਸ਼ਣ ਦਾ ਨਹੀਂ ਸਗੋਂ ਆਪਣੀ ਅਪ੍ਰਸੰਗਿਤਾ/ਅਸੰਗਤੀ ਦਾ ਦੁੱਖ ਝੱਲੇਗੀ।
ਹਰਾਰੇ ਰਾਜਨੀਤਕ ਚੁਣੌਤੀਆਂ ਦੀ ਗੱਲ ਕਰਦਾ ਮਨੁੱਖਤਾ ਦੇ ਪ੍ਰਸੰਗ ਵਿਚ ਕਹਿੰਦਾ ਹੈ ਕਿ ਮਾਨਵ ਦੀ ਆਪਣੀ ਦੇਹੀ ਹੈ ਅਤੇ ਦੇਹਾਂ ਦਾ ਸਮੂਹ ਇਕ ਵੱਡੀ ਬਰਾਦਰੀ ਬਣਾਉਂਦਾ ਹੈ। ਕੀ ਕੋਈ ਫੇਸਬੁੱਕ ਇੰਜਨੀਅਰ ਮਸਨੂਈ ਬੌਧਿਕਤਾ ਨਾਲ ਅਜਿਹੀ ਬਰਾਦਰੀ ਤਿਆਰ ਕਰ ਸਕਦਾ ਹੈ ਜੋ ਮਾਨਵੀ ਆਜ਼ਾਦੀ ਤੇ ਬਰਾਬਰੀ ਦੀ ਰੱਖਿਆ ਕਰ ਸਕੇ? ਇਹ ਸ਼ਾਇਦ ਤਾਂ ਹੀ ਹੋ ਸਕੇ ਜਦੋਂ ਵਿਸ਼ਵੀਕਰਣ ਨੂੰ ਪੁੱਠਾ ਗੇੜਾ ਦਿੱਤਾ ਜਾਵੇ ਅਤੇ ਨੇਸ਼ਨ-ਸਟੇਸ ਦਾ ਮੁੜ-ਸ਼ਕਤੀਕਰਣ ਹੋਵੇ। ਕਿਉਂਕਿ ਮਾਨਵ ਦੀ ਸਿਰਫ਼ ਇਕ ਸਭਿਅਤਾ ਹੈ ਉਹ ਹੈ ਮਾਨਵ ਹੋਣਾ। ਵਿਸ਼ਵੀ ਸਮੱਸਿਆਵਾਂ ਦਾ ਹੱਲ ਰਾਸ਼ਟਰਵਾਦ ਨਹੀਂ ਸਗੋਂ ਵਰਤਮਾਨ ਵਿਸ਼ਵੀ ਜ਼ਰੂਰਤਾਂ ਤੇ ਜਵਾਬਾਂ ਵਿਚ ਪਿਆ ਹੈ। ਇਸ ਲਈ ਸਾਨੂੰ ਸ਼ਾਇਦ ਥੋੜ੍ਹਾ ਹੋਰ ਪਿੱਛੇ ਜਾ ਪੁਰਾਤਨ ਪਰੰਪਰਾਵਾਂ ਦੇ ਗਿਆਨ ਵੱਲ ਮੁੜਨਾ ਪਵੇ ਕਿਉਂਕਿ ਧਰਮ ਦੀ ਸੱਤਾ ਵਿਚ ਸਵਾਲ ਰੱਬ ਵੀ ਰਾਸ਼ਟਰਾਂ ਦੀ ‘ਸੇਵਾਹਿੱਤ’ ਹੈ। ਇਸ ਲਈ ਕੋਈ ਵੀ ਰਾਸ਼ਟਰ ਆਪਣੇ ਆਪ ਵਿਚ ਸੰਪੂਰਨ ਨਹੀਂ ਤੇ ਸ਼ਾਇਦ ਪਰਵਾਸ ਵੀ ਇਸੇ ਲਈ ਵਧ ਰਿਹਾ ਹੈ ਕਿਉਂਕਿ ਕਈ ਸਭਿਆਚਾਰ/ਸਮਾਜ ਹੋਰ ਦੂਜੇ ਸਭਿਆਚਾਰਾਂ/ਸਮਾਜਾਂ ਤੋਂ ਬਿਹਤਰ ਨੇ। ਹਰਾਰੇ ਅਨੁਸਾਰ ਵਰਤਮਾਨ ਵਿਚ ਤਕਨੀਕੀ ਚੁਣੌਤੀਆਂ ਬੇਮਿਸਾਲ ਹਨ। ਭਾਵੇਂ ਰਾਜਨੀਤਕ ਮੱਤਭੇਦ ਵੀ ਲਗਾਤਾਰ ਤਣਾਓ ਵਿਚ ਨੇ, ਪਰ ਤਾਂ ਵੀ ਆਪਣੇ ਡਰਾਂ ਤੇ ਸ਼ੰਕਿਆਂ ਨੂੰ ਨਿਯੰਤਰਣ ਵਿਚ ਰੱਖ ਅਤੇ ਆਪਣੇ ਵਿਚਾਰਾਂ ਪ੍ਰਤੀ ਜ਼ਰਾ ਨਿਮਰ ਰਹਿ ਕੇ ਮਨੁੱਖਤਾ ਇਨ੍ਹਾਂ ਦਾ ਸਾਹਮਣਾ ਕਰ ਸਕਦੀ ਹੈ। ਅੰਤ ਵਿਚ ਉਸ ਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਬ੍ਰਹਿਮੰਡ ਦੇ ਕੇਂਦਰ ਵਿਚ ਸਿਰਫ਼ ਮਨੁੱਖ ਹੀ ਨਹੀਂ। ਨਿਰਾਸ਼ਾ ਵਿਚ ਵੀ ਆਸ ਦਾ ਪੱਲਾ ਨਹੀਂ ਛੱਡਣਾ ਚਾਹੀਦਾ। ਹਰਾਰੇ ਅਤਿਵਾਦ ਦੀ ਸਮੱਸਿਆ, ਸੰਸਾਰ ਜੰਗ ਦੇ ਖ਼ਤਰੇ ਅਤੇ ਲੜਾਈ ਪੈਦਾ ਕਰਨ ਵਾਲੇ ਪੂਰਵਗ੍ਰਹਿਆਂ ਤੇ ਨਫ਼ਰਤਾਂ ਦੀ ਪੜਤਾਲ ਕਰਦਿਆਂ ਦੱਸਦਾ ਹੈ ਕਿ ਦਹਿਸ਼ਤ ਨਾਲ ਤਾਂ ਹੀ ਅਸੀਂ ਚੰਗੀ ਤਰ੍ਹਾਂ ਨਿਬੜ ਸਕਦੇ ਹਾਂ, ਜੇ ਅਸੀਂ ਇਸ ਤੋਂ ਨੁਕਾਸਨੇ ਜਾਣ ਦੇ ਖ਼ੌਫ਼ ਤੋਂ ਖ਼ੁਦ ਨੂੰ ਮੁਕਤ ਕਰਨ ਦੀ ਕੋਸ਼ਿਸ਼ ਕਰ ਸਕੀਏ। ਸੰਸਾਰ ਭਰ ਵਿਚ ਦਹਿਸ਼ਤਵਾਦ ਨਾਲ ਮੌਤਾਂ ਦੀ ਗਿਣਤੀ ਸੜਕ ਦੁਰਘਟਨਾਵਾਂ ਵਿਚ ਹੋ ਰਹੀਆਂ ਮੌਤਾਂ ਤੋਂ ਕਿਤੇ ਘੱਟ ਹੈ, ਪਰ ਆਮ ਆਦਮੀ ਆਤੰਕੀ ਘਟਨਾ ਵਿਚ ਮੌਤ ਤੋਂ ਕਿਤੇ ਜ਼ਿਆਦਾ ਡਰਦਾ ਹੈ। ਇਹ ਡਰ ਹੀ ਅਤਿਵਾਦ ਦੇ ਬਣੇ ਰਹਿਣ ਦਾ ਵੱਡਾ ਕਾਰਨ ਹੈ। ਹਰਾਰੇ ਦਾ ਇਸ ਪ੍ਰਸੰਗ ਵਿਚ ਇਹ ਸਬਕ ਹੈ ਕਿ ਜੰਗਾਂ ਵਿਚ ਅੱਜ ਤੱਕ ਮੌਤ ਦੇ ਪ੍ਰਸੰਗ ਵਿਚ ਮਨੁੱਖ ਵਲੋਂ ਕੀਤੀਆਂ ਬੇਵਕੂਫ਼ੀਆਂ ਨੂੰ ਘਟਾ ਕੇ ਨਹੀਂ ਆਂਕਣਾ ਚਾਹੀਦਾ। ਰੱਬ ਦੇ ਨਾਮ ‘ਤੇ ਅੱਜ ਤੱਕ ਮਨੁੱਖ ਨੇ ਮਨੁੱਖ ਦਾ ਜੋ ਘਾਣ ਕੀਤਾ ਹੈ ਉਸ ਤੋਂ ਧਰਮ-ਨਿਰਪੇਖਤਾ ਦੇ ਵਿਚਾਰ ਹੇਠ ਮਨੁੱਖ ਨੂੰ ਆਪਣੇ ਪਰਛਾਵੇਂ ਦੀ ਹੋਂਦ ਨੂੰ ਵੀ ਪ੍ਰਵਾਨ ਕਰਨਾ ਪਵੇਗਾ।
ਸੱਚ ਦੀ ਗੱਲ ਕਰਦਿਆਂ ਹਰਾਰੇ ਦਾ ਮਨੁੱਖੀ ਅਗਿਆਨਤਾ ਬਾਰੇ ਵਿਚਾਰ ਹੈ ਕਿ ਜਿੰਨਾ ਬੰਦਾ ਸਮਝਦਾ ਹੈ, ਉਸ ਤੋਂ ਕਿਤੇ ਘੱੱਟ ਉਸ ਨੂੰ ਗਿਆਨ ਹੈ। ਅਧੂਰੇ ਸੱਚ ਦੀ ਸਮਝ ਨਾਲ ਵਿਸ਼ਵੀ ਘਟਨਾਕ੍ਰਮ ਨੂੰ ਕਿੰਨਾ ਕੁ ਸਮਝਿਆ ਜਾ ਸਕਦਾ ਹੈ ਅਤੇ ਨਿਆਂ ਤੋਂ ਗ਼ਲਤ ਤੇ ਮਾੜੇ ਕਰਮਾਂ ਨੂੰ ਕਿਵੇਂ ਵਖਰਾਇਆ ਜਾ ਸਕਦਾ ਹੈ, ਇਹ ਸਬਕ ਅੱਜ ਮਨੁੱਖ ਲਈ ਜ਼ਰੂਰੀ ਹੈ। ਸੰਭਵ ਹੈ ਸਾਡਾ ਨਿਆਂ ਬਾਰੇ ਬੋਧ ਕਿਤੇ ਪੁਰਾਣਾ ਹੋਵੇ। ਕੀ ਮਨੁੱਖ ਨੂੰ ਸਵਾਲ ਤੱਕ ਆਪਣੇ ਵਲੋਂ ਸਿਰਜੇ ਗਏ ਇਸ ਜਗਤ ਬਾਰੇ ਕੋਈ ਸਮਝ ਹੈ? ਕਿਉਂਕਿ ਅਧੂਰੇ ਸੱਚ ਦੇ ਸਮਿਆਂ ਵਿਚ ਕੁਝ ਝੂਠੀਆਂ ਖ਼ਬਰਾਂ ਸਦਾ ਲਈ ਬਣੀਆਂ ਰਹਿੰਦੀਆਂ ਨੇ। ਕੀ ਯਥਾਰਥ ਤੇ ਗਲਪ ਨੂੰ ਵਖਰਿਆਉਂਦੀ ਕੋਈ ਸੀਮਾ ਹੈ? ਵਿਗਿਆਨਕ ਗਲਪ ਵਾਂਗ ਭਵਿੱਖ ਉਹ ਨਹੀਂ ਹੋਣਾ ਜੋ ਅਸੀਂ ਵਿਗਿਆਨਕ ਕਲਪਨਾ ਆਧਾਰਤ ਫ਼ਿਲਮਾਂ ਵਿਚ ਦੇਖਦੇ ਹਾਂ।
ਅੰਤ ਵਿਚ ਹਰਾਰੇ ਸਾਰੀਆਂ ਤੰਦਾਂ ਸਮੇਟਦਿਆਂ ਚਕਾਚੌਂਧ ਦੀ ਦੁਨੀਆ ਵਿਚ ਜੀਵਨ ਪ੍ਰਤੀ ਉਸ ਸਾਧਾਰਨ ਦ੍ਰਿਸ਼ਟੀ ਦੀ ਗੱਲ ਕਰਦਾ ਹੈ ਜਿੱਥੇ ਸਾਰੀਆਂ ਪੁਰਾਣੀਆਂ ਕਥਾ-ਕਹਾਣੀਆਂ ਢਹਿਢੇਰੀ ਹੋ ਜਾਂਦੀਆਂ ਨੇ ਅਤੇ ਕੋਈ ਨਵੀਂ ਕਹਾਣੀ ਇਨ੍ਹਾਂ ਦੀ ਥਾਂ ਲੈਣ ਲਈ ਅਜੇ ਪੈਦਾ ਨਹੀਂ ਹੋਈ। ਸਥਿਤੀਆਂ ਵਿਚੋਂ ਮੁੜ-ਉਭਰਣ ਦੀ ਸ਼ਕਤੀ ਸਾਡੇ ਸਾਹਮਣੇ ਕਈ ਪ੍ਰਸ਼ਨ ਖੜ੍ਹੇ ਕਰਦੀ ਹੈ ਜਿਵੇਂ ਅਸੀਂ ਕੌਣ ਹਾਂ? ਸਾਨੂੰ ਜੀਵਨ ਵਿਚ ਕੀ ਕਰਨਾ ਚਾਹੀਦਾ ਹੈ? ਸਾਨੂੰ ਕਿਹੜੀਆਂ ਨਿਪੁੰਨਤਾਵਾਂ ਲੋੜੀਂਦੀਆਂ ਨੇ? ਵਿਗਿਆਨ, ਰੱਬ, ਰਾਜਨੀਤੀ ਤੇ ਧਰਮ ਬਾਰੇ ਅਸੀਂ ਜੋ ਕੁਝ ਜਾਣਦੇ ਤੇ ਨਹੀਂ ਜਾਣਦੇ ਹਾਂ, ਦੇ ਸਬੰਧ ਵਿਚ ਸਾਡੇ ਲਈ ਅੱਜ ਜੀਵਨ ਦੇ ਕੀ ਅਰਥ ਨੇ? ਇਹ ਸਭ ਕੁਝ ਜਾਨਣ ਲਈ ਸਿੱਖਿਆ ਤੋਂ ਗਿਆਨ ਤੇ ਧਿਆਨ ਦੀ ਯਾਤਰਾ ਹੀ ਸਭ ਤੋਂ ਵੱਡੀ ਲੋੜ ਹੈ ਕਿਉਂਕਿ ਪਰਿਵਰਤਨ ਵਿਚ ਹੀ ਨਿਰੰਤਰਤਾ ਹੈ। ਇਸੇ ਲਈ ਕੋਈ ਅਰਥ ਵੀ ਸਥਿਰ ਨਹੀਂ ਕਿਉਂਕਿ ਜੀਵਨ ਕੋਈ ਕਥਾ-ਕਹਾਣੀ ਨਹੀਂ। ਜੀਵਨ ਨੂੰ ਇਕਾਗਰ ਹੋ, ਧਿਆਨ/ਵਿਪਾਸਨਾ ਰਾਹੀਂ ਸਿਰਫ਼ ਅਵਲੋਕਣ ਕਰਨ ਦੀ ਲੋੜ ਹੈ। ਇਸ ਤੋਂ ਪਹਿਲਾਂ ਕਿ ਮਸਨੂਈ ਬੌਧਿਕਤਾ ਤੇ ਡਿਜੀਟਲ ਐਲਗੋਰਿਦਮਜ਼ ਸਾਡੇ ਮਨ ਵੀ ਘੜਨੇ ਸ਼ੁਰੂ ਕਰ ਦੇਣ, ਚੰਗਾ ਤਾਂ ਇਹ ਰਹੇਗਾ ਕਿ ਹੋਰ ਸਭ ਕੁਝ ਸਮਝਣ ਦੀ ਬਜਾਏ ਮਨੁੱਖ ਆਪਣੇ ਮਨ ਨੂੰ ਸਮਝੇ ਕਿਉਂਕਿ ਮਨੁੱਖ ਨਾਲੋਂ ਮਨੁੱਖ ਦੇ ਮਨ ਦੀ ਸੱਤਾ ਕਿਤੇ ਵੱਧ ਸ਼ਕਤੀਸ਼ਾਲੀ ਹੈ।
ਅੰਤ ਵਿਚ ਹਰਾਰੇ ਵਲੋਂ ਦਿੱਤਾ ਗਿਆ ਵੱਡਾ ਸਬਕ ਇਹ ਹੈ ਕਿ ਸਾਨੂੰ ਆਪਣੇ ਮਨ-ਮਸਤਕ ਨੂੰ ਖੁੱਲ੍ਹੇ ਰੱਖ ਲਗਾਤਾਰ ਕੁਝ ਨਾ ਕੁਝ ਸਿੱਖਦੇ ਰਹਿਣਾ ਚਾਹੀਦਾ ਹੈ। ‘ਇਕੀਵੀਂ ਸਦੀ ਲਈ ਇਕੀ ਸਬਕ’ ਵਧੀਆ ਤੇ ਸੁਚੱਜੀ ਲਿਖਤ ਹੈ, ਪਰ ਮਨੁੱਖ ਲਈ ਏਨੇ ਕੁ ਸਬਕ ਕਾਫ਼ੀ ਨਹੀਂ।
ਮੋਬਾਈਲ : 82839-48811