ਸਰੀਰ ਵਿਚ ਊਰਜਾ ਦੀ ਪੂਰਤੀ ਲਈ ਸਵੇਰ ਦਾ ਨਾਸ਼ਤਾ ਜ਼ਰੂਰੀ

ਆਹਾਰ ਮਾਹਰਾਂ ਅਨੁਸਾਰ ਸਵੇਰ ਦਾ ਨਾਸ਼ਤਾ ਦਿਨ ਭਰ ਦਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਭੋਜਨ ਹੈ, ਕਿਉਂਕਿ ਰਾਤ ਭਰ ਕੁਝ ਨਾ ਖਾਣ ਤੋਂ ਬਾਅਦ ਸਾਡੇ ਸਰੀਰ ਨੂੰ ਭੋਜਨ ਦੀ ਲੋੜ ਮਹਿਸੂਸ ਹੁੰਦੀ ਹੈ। ਸੌਣ ਸਮੇਂ ਅਸੀਂ 450 ਕੈਲੋਰੀ ਊਰਜਾ ਖਰਚ ਕਰਦੇ ਹਾਂ ਅਤੇ ਸਵੇਰੇ ਜਦੋਂ ਅਸੀਂ ਉੱਠਦੇ ਹਾਂ ਤਾਂ ਸਾਡੇ ਸਰੀਰ ਵਿਚ ਘੱਟ ਤੋਂ ਘੱਟ ਊਰਜਾ ਹੁੰਦੀ ਹੈ। ਸਵੇਰ ਦਾ ਨਾਸ਼ਤਾ ਸਰੀਰ ਵਿਚ ਊਰਜਾ ਦੀ ਪੂਰਤੀ ਕਰਨ ਵਿਚ ਸਹਾਇਕ ਹੁੰਦਾ ਹੈ।
ਇਸ ਤੋਂ ਇਲਾਵਾ ਜਦੋਂ ਅਸੀਂ ਸੌਂਦੇ ਹਾਂ, ਸਾਡੀ ਪਾਚਣ ਕਿਰਿਆ ਹੌਲੀ ਹੋ ਜਾਂਦੀ ਹੈ। ਸਵੇਰ ਦਾ ਨਾਸ਼ਤਾ ਸਾਡੇ ਸਰੀਰ ਵਿਚ ਆਕਸੀਜਨ ਵਧਾਉਂਦਾ ਹੈ। ਜੇ ਅਸੀਂ ਸਵੇਰ ਦਾ ਨਾਸ਼ਤਾ ਨਹੀਂ ਕਰਦੇ ਤਾਂ ਇਸ ਨਾਲ ਸਾਡੇ ਸਰੀਰ ਨੂੰ ਜੋ ਨੁਕਸਾਨ ਪਹੁੰਚਦਾ ਹੈ, ਉਸ ਦੀ ਪੂਰਤੀ ਪੂਰੇ ਦਿਨ ਦਾ ਭੋਜਨ ਵੀ ਨਹੀਂ ਕਰ ਸਕਦਾ। ਕਈ ਲੋਕ ਸਵੇਰੇ ਘਰੋਂ ਨਾਸ਼ਤਾ ਕਰਕੇ ਨਹੀਂ ਜਾਂਦੇ ਪਰ ਦਫ਼ਤਰ ਜਾ ਕੇ ਬਰਗਰ, ਪੈਟੀਜ਼ ਆਦਿ ਬਹੁਤ ਜ਼ਿਆਦਾ ਚਰਬੀ ਵਾਲੇ ਪਦਾਰਥ ਖਾਂਦੇ ਹਨ। ਇਹ ਕਾਫੀ ਹਾਨੀਕਾਰਕ ਹੈ, ਇਸ ਲਈ ਸਵੇਰ ਦਾ ਨਾਸ਼ਤਾ ਨਾ ਕਰਨ ਵਾਲੇ ਵਿਅਕਤੀਆਂ ਵਿਚ ਮੋਟਾਪਾ ਜ਼ਿਆਦਾ ਪਾਇਆ ਜਾਂਦਾ ਹੈ।
ਨਿਯਮਤ ਰੂਪ ਨਾਲ ਸਵੇਰ ਦਾ ਨਾਸ਼ਤਾ ਕਰਨ ਵਾਲੇ ਬੱਚਿਆਂ ਦੀ ਸੋਚਣ ਦੀ ਸਮਰੱਥਾ ਦਾ ਵਿਕਾਸ ਹੁੰਦਾ ਹੈ ਅਤੇ ਉਹ ਆਪਣੀ ਤੀਖਣ ਬੁੱਧੀ ਨਾਲ ਆਪਣੀਆਂ ਸਮੱਸਿਆਵਾਂ ਨੂੰ ਅਸਾਨੀ ਨਾਲ ਹੱਲ ਕਰ ਲੈਂਦੇ ਹਨ। ਇਸ ਲਈ ਸਵੇਰ ਦਾ ਨਾਸ਼ਤਾ ਪੌਸ਼ਟਿਕਤਾ ਨਾਲ ਭਰਪੂਰ ਹੋਣਾ ਚਾਹੀਦਾ ਹੈ, ਜਿਸ ਵਿਚ ਉਚਿਤ ਮਾਤਰਾ ਵਿਚ ਕਾਰਬੋਹਾਈਡ੍ਰੇਟਸ, ਪ੍ਰੋਟੀਨ, ਖਣਿਜ ਪਦਾਰਥ ਅਤੇ ਵਿਟਾਮਿਨ ਹੋਣ। ਦਲੀਆ, ਸੂਜੀ ਜਾਂ ਆਟੇ ਨਾਲ ਬਣੇ ਪਦਾਰਥ ਰੇਸ਼ੇ, ਕਾਰਬੋਹਾਈਡ੍ਰੇਟਸ, ਪ੍ਰੋਟੀਨ, ਖਣਿਜ ਦੇ ਚੰਗੇ ਸਰੋਤ ਹਨ।
ਸਵੇਰ ਦੇ ਨਾਸ਼ਤੇ ਵਿਚ ਬੱਚਿਆਂ ਨੂੰ ਚਰਬੀ ਵਾਲੇ ਪਦਾਰਥ ਦੇਣ ਤੋਂ ਬਚੋ, ਕਿਉਂਕਿ ਇਹ ਬੱਚਿਆਂ ਵਿਚ ਸੁਸਤੀ ਪੈਦਾ ਕਰਨ ਵਿਚ ਸਹਾਇਕ ਹੁੰਦੇ ਹਨ। ਅੰਨ ਜਿਵੇਂ ਕਾਰਨਫਲੇਕਸ, ਜਈ ਦਾ ਆਟਾ, ਚੌਲ, ਕਣਕ ਦਾ ਆਟਾ ਆਦਿ ਵਿਚ ਘੱਟ ਚਰਬੀ ਅਤੇ ਜ਼ਿਆਦਾ ਕਾਰਬੋਹਾਈਡ੍ਰੇਟ ਪਾਏ ਜਾਂਦੇ ਹਨ। ਇਹ ਅਨਾਜ ਵਿਟਾਮਿਨ ‘ਬੀ’ ਜੋ ਊਰਜਾ ਪ੍ਰਦਾਨ ਕਰਨ ਵਿਚ ਸਹਾਇਕ ਹੈ, ਖਣਿਜ ਜੋ ਸਾਨੂੰ ਆਇਰਨ ਦਿੰਦੇ ਹਨ ਅਤੇ ਕੈਲਸ਼ੀਅਮ ਜੋ ਹੱਡੀਆਂ ਅਤੇ ਦੰਦਾਂ ਦੀ ਮਜ਼ਬੂਤੀ ਲਈ ਜ਼ਰੂਰੀ ਹੈ, ਦੇ ਚੰਗੇ ਸਰੋਤ ਹਨ। ਇਸ ਲਈ ਇਨ੍ਹਾਂ ਦਾ ਭਰਪੂਰ ਮਾਤਰਾ ਵਿਚ ਸੇਵਨ ਕਰੋ। ਨਾਲ ਹੀ ਸਵੇਰ ਦੇ ਨਾਸ਼ਤੇ ਵਿਚ ਪ੍ਰੋਟੀਨ ਵਾਲੇ ਪਦਾਰਥਾਂ ਦਾ ਸੇਵਨ ਵੀ ਉਚਿਤ ਮਾਤਰਾ ਵਿਚ ਕਰੋ। ਦੁੱਧ, ਪਨੀਰ ਅਤੇ ਆਂਡਾ ਪ੍ਰੋਟੀਨ ਦੇ ਚੰਗੇ ਸਰੋਤ ਹਨ। ਇਸ ਤੋਂ ਇਲਾਵਾ ਦਾਲਾਂ ਵੀ, ਜੇ ਇਨ੍ਹਾਂ ਨੂੰ ਸਹੀ ਢੰਗ ਨਾਲ ਖਾਧਾ ਜਾਵੇ ਤਾਂ ਇਹ ਵੀ ਸਾਨੂੰ ਪ੍ਰੋਟੀਨ ਦਿੰਦੀਆਂ ਹਨ।
ਦੁੱਧ ਨੂੰ ਦਹੀਂ, ਲੱਸੀ ਜਾਂ ਪਨੀਰ ਦੇ ਰੂਪ ਵਿਚ ਲਿਆ ਜਾ ਸਕਦਾ ਹੈ। ਕਿਸੇ ਵੀ ਅਨਾਜ ਦੇ ਨਾਲ ਲਿਆ ਗਿਆ ਦੁੱਧ ਸਾਡੀ ਰੋਜ਼ਾਨਾ ਦੀ ਕੈਲਸ਼ੀਅਮ ਦੀ ਲੋੜ ਨੂੰ ਪੂਰਾ ਕਰਦਾ ਹੈ। ਸਵੇਰ ਦੇ ਨਾਸ਼ਤੇ ਵਿਚ ਫਲਾਂ ਅਤੇ ਸਬਜ਼ੀਆਂ ਦਾ ਵੀ ਆਪਣਾ ਮਹੱਤਵ ਹੈ। ਇਹ ਸਾਨੂੰ ਕਬਜ਼ ਤੋਂ ਦੂਰ ਰੱਖਦੇ ਹਨ। ਨਾਲ ਹੀ ਇਹ ਖਣਿਜ ਅਤੇ ਵਿਟਾਮਿਨ ਦੇ ਵੀ ਚੰਗੇ ਸਰੋਤ ਹਨ।
ਜੇ ਬੱਚਿਆਂ ਨੂੰ ਸਵੇਰ ਦਾ ਨਾਸ਼ਤਾ ਕਰਨ ਦੀ ਆਦਤ ਨਹੀਂ ਤਾਂ ਹੌਲੀ-ਹੌਲੀ ਉਨ੍ਹਾਂ ਨੂੰ ਆਦਤ ਪਾਓ। ਪਹਿਲਾਂ-ਪਹਿਲ ਤੁਸੀਂ ਤਰਲ ਪਦਾਰਥਾਂ ਨਾਲ ਸ਼ੁਰੂਆਤ ਕਰ ਸਕਦੇ ਹੋ, ਜਿਵੇਂ ਸੰਤਰੇ ਦਾ ਰਸ ਜਾਂ ਫਿਰ ਪਾਣੀ ਹੀ ਪੀਣ ਨੂੰ ਦਿਓ। ਇਹ ਉਨ੍ਹਾਂ ਦੀ ਭੁੱਖ ਵਧਾਵੇਗਾ। ਫਿਰ ਇਕ ਘੰਟੇ ਬਾਅਦ ਉਨ੍ਹਾਂ ਨੂੰ ਨਾਸ਼ਤਾ ਦਿਓ। ਨਾਸ਼ਤੇ ਦੀ ਸ਼ੁਰੂਆਤ ਵਿਚ ਉਨ੍ਹਾਂ ਨੂੰ ਬਹੁਤ ਹਲਕਾ ਭੋਜਨ ਖਾਣ ਨੂੰ ਦਿਓ। ਹੌਲੀ-ਹੌਲੀ ਇਸ ਦੀ ਮਾਤਰਾ ਵਧਾਉਂਦੇ ਜਾਓ। ਉਨ੍ਹਾਂ ਨੂੰ ਉਹੀ ਖਾਣ ਨੂੰ ਦਿਓ ਜੋ ਉਨ੍ਹਾਂ ਨੂੰ ਪਸੰਦ ਹੋਵੇ।
ਉਨ੍ਹਾਂ ਦੇ ਪਸੰਦ ਦੇ ਪਕਵਾਨਾਂ ਨੂੰ ਜਿਥੋਂ ਤੱਕ ਸੰਭਵ ਹੋਵੇ, ਪੌਸ਼ਟਿਕ ਬਣਾਉਣ ਦੀ ਕੋਸ਼ਿਸ਼ ਕਰੋ, ਜਿਵੇਂ ਜੇ ਬੱਚੇ ਪਰਾਉਂਠਾ ਪਸੰਦ ਕਰਦੇ ਹਨ ਤਾਂ ਪਰਾਉਂਠਿਆਂ ਵਿਚ ਵੱਖ-ਵੱਖ ਸਬਜ਼ੀਆਂ-ਗੋਭੀ, ਬਾਥੂ, ਮੂਲੀ, ਮੇਥੀ, ਪਾਲਕ ਆਦਿ ਭਰ ਕੇ ਬਣਾਓ ਅਤੇ ਦਹੀਂ ਜਾਂ ਫਿਰ ਦੁੱਧ ਨਾਲ ਉਨ੍ਹਾਂ ਨੂੰ ਦਿਓ। ਇਸ ਤੋਂ ਇਲਾਵਾ ਇਕ ਗਿਲਾਸ ਦੁੱਧ ਦੇ ਨਾਲ ਉਨ੍ਹਾਂ ਦੀ ਪਸੰਦ ਦਾ ਫਲ ਵੀ ਦੇ ਸਕਦੇ ਹੋ ਅਤੇ ਭਿੱਜੇ ਹੋਏ ਬਦਾਮ ਆਦਿ ਵੀ ਦਿੱਤੇ ਜਾ ਸਕਦੇ ਹਨ।
ਬਿਹਤਰ ਹੋਵੇਗਾ ਕਿ ਬੱਚਿਆਂ ਨੂੰ ਫਲਾਂ ਅਤੇ ਸਬਜ਼ੀਆਂ ਦਾ ਸਲਾਦ ਇਸ ਢੰਗ ਨਾਲ ਸਜਾ ਕੇ ਦਿਓ ਕਿ ਉਸ ਨੂੰ ਦੇਖ ਕੇ ਉਨ੍ਹਾਂ ਦਾ ਜੀਅ ਲਲਚਾਉਣ ਲੱਗੇ। ਕਈ ਵਾਰ ਬੱਚਿਆਂ ਨੂੰ ਸਵੇਰ ਦਾ ਨਾਸ਼ਤਾ ਕਰਨ ਦੀ ਆਦਤ ਇਸ ਲਈ ਵੀ ਨਹੀਂ ਹੁੰਦੀ, ਕਿਉਂਕਿ ਮਾਵਾਂ ਏਨੀ ਸਵੇਰੇ ਉਨ੍ਹਾਂ ਦੀ ਪਸੰਦ ਦਾ ਨਾਸ਼ਤਾ ਤਿਆਰ ਹੀ ਨਹੀਂ ਕਰ ਸਕਦੀਆਂ ਅਤੇ ਜੋ ਉਹ ਬੱਚਿਆਂ ਨੂੰ ਖਾਣ ਨੂੰ ਦਿੰਦੀਆਂ ਹਨ, ਉਸ ਨੂੰ ਬੱਚੇ ਪਸੰਦ ਨਹੀਂ ਕਰਦੇ। ਇਸ ਕਰਕੇ ਉਹ ਬਿਨਾਂ ਕੁਝ ਖਾਧੇ-ਪੀਤੇ ਹੀ ਸਕੂਲ ਚਲੇ ਜਾਂਦੇ ਹਨ।