ਕ੍ਰਿਕਟ ਖਿਡਾਰੀਆਂ ਨੂੰ ਨੈਤਿਕਤਾ ਦੇ ਸਬਕ ਦੀ ਲੋੜ

ਪ੍ਰੋ. ਸੁਦੀਪ ਸਿੰਘ ਢਿੱਲੋਂ
ਭਾਰਤ ਦੇਸ਼ ਵਿਚ ਪਹਿਲਾਂ ਤਾਂ ਸਿਰਫ਼ ਕ੍ਰਿਕਟ ਦੀ ਖੇਡ ਨੂੰ ਲੋੜ ਤੋਂ ਵੱਧ ਤਰਜ਼ੀਹ ਦਿੱਤੇ ਜਾਣ ਦੀ ਗੱਲ ਚੱਲਦੀ ਹੁੰਦੀ ਸੀ ਪਰ ਸਵਾਲ ਇਹ ਵਰਤਾਰਾ ਵਧਦਾ ਵਧਦਾ ਕ੍ਰਿਕਟ ਖਿਡਾਰੀਆਂ ਤੱਕ ਵੀ ਪਹੁੰਚ ਗਿਆ। ਲੰਘੇ ਦਿਨੀਂ ਇਸ ਦੀ ਮਿਸਾਲ ਸਾਡੇ ਸਾਹਮਣੇ ਆਈ ਸੀ ਜਿਸ ਨੇ ਸਭ ਨੂੰ ਇਹ ਸੋਚਣ ਉੱਤੇ ਮਜਬੂਰ ਕਰ ਦਿੱਤਾ ਕਿ ਕ੍ਰਿਕਟ ਖਿਡਾਰੀਆਂ ਉੱਤੇ ਲਗਾਮ ਕੱਸਣ ਦਾ ਵੇਲਾ ਆ ਗਿਆ ਹੈ। ਮੌਜੂਦਾ ਦੌਰ ਦੇ ਕ੍ਰਿਕਟ ਖਿਡਾਰੀ ਆਪਣੇ ਆਪ ਨੂੰ ਆਮ ਇਨਸਾਨਾਂ ਨਾਲੋਂ ਉੱਤੇ ਸਮਝਣ ਲੱਗ ਪਏ ਹਨ, ਜਿਨ੍ਹਾਂ ਨੂੰ ਸਭ ਮੁਆਫ਼ ਹੈ। ਲੰਘੇ ਦਿਨੀਂ ਟੈਲੀਵਿਜ਼ਨ ਸ਼ੋਅ ਦੌਰਾਨ ਔਰਤਾਂ ਬਾਰੇ ਫੜਾਂ ਮਾਰਨ ਦੇ ਅੰਦਾਜ਼ ਵਿਚ ਬੇਹੁਦਾ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਭਾਰਤੀ ਕ੍ਰਿਕਟ ਖਿਡਾਰੀਆਂ ਹਾਰਦਿਕ ਪਾਂਡਿਆ ਅਤੇ ਕੇ.ਐਲ ਰਾਹੁਲ ਕਿਰਕਿਰੀ ਕਰਵਾ ਚੁੱਕੇ ਹਨ ਅਤੇ ਅਨੁਸ਼ਾਸਕਾਂ ਦੀ ਕਮੇਟੀ ਨੇ ਅੱਗੇ ਦੀ ਕਾਰਵਾਈ ਤੱਕ ਦੋਵਾਂ ਖਿਡਾਰੀਆਂ ਨੂੰ ਫੌਰੀ ਤੌਰ ਉੱਤੇ ਮੁਅੱਤਲ ਕੀਤਾ ਸੀ। ਹਾਲਾਂਕਿ ਜਿਵੇਂ ਇਸ ਦੇਸ਼ ਵਿਚ ਆਮ ਹੁੰਦਾ ਹੀ ਹੈ ਓਵੇਂ ਹੋਇਆ, ਮਾਮਲਾ ਠੰਢਾ ਪੈਣ ਉੱਤੇ ਸਵਾਲ ਦੋਵੇਂ ਖਿਡਾਰੀ ਫੇਰ ਸਟਾਰ ਬਣ ਕੇ ਕੌਮੀ ਟੀਮ ਵਿਚ ਖੇਡਣ ਲੱਗ ਪਏ ਹਨ। ਇਸ ਦੌਰਾਨ ਦੋਵੇਂ ਜਣੇ ਪਹਿਲਾਂ ਵਾਲਾ ਰੁਤਬਾ ਫੇਰ ਹਾਸਲ ਕਰ ਚੁੱਕੇ ਹਨ ਅਤੇ ਲੋਕ ਵੀ ਇਨ੍ਹਾਂ ਬਾਰੇ ਸਵਾਲ ਸਭ ਭੁੱਲ ਗਏ ਲੱਗਦੇ ਹਨ।
ਭਾਰਤੀ ਕ੍ਰਿਕਟ ਨੇ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਤੋਂ ਲੈ ਕੇ ਸਚਿਨ ਤੇਂਦੂਲਕਰ, ਰਾਹੁਲ ਦ੍ਰਾਵਿੜ, ਵੀ.ਵੀ.ਐਸ ਲਕਸ਼ਮਣ, ਅਨਿਲ ਕੁੰਬਲੇ, ਸੌਰਵ ਗਾਂਗੁਲੀ, ਹਰਭਜਨ ਸਿੰਘ, ਗੌਤਮ ਗੰਭੀਰ ਵਰਗੇ ਸ਼ਾਂਤ, ਹਮਲਾਵਰ ਤੇ ਵੱਖੋ-ਵੱਖਰੇ ਸੁਭਾਅ ਦੇ ਖਿਡਾਰੀ ਦੇਖੇ ਹਨ ਪਰ ਦੁਨੀਆ ਵਿਚ ਆਪਣੀ ਖੇਡ ਦਾ ਲੋਹਾ ਮਨਵਾਉਣ ਦੇ ਬਾਵਜੂਦ ਇਨ੍ਹਾਂ ਖਿਡਾਰੀਆਂ ਨੇ ਇਹੋ ਜਿਹਾ ਕੋਈ ਬੇਲੋੜਾ ਵਿਵਾਦ ਨਹੀਂ ਸੀ ਖੜ੍ਹਾ ਕੀਤਾ ਜਿਸ ਨਾਲ ਭਾਰਤੀ ਕ੍ਰਿਕਟ ਟੀਮ ਦਾ ਅਕਸ ਧੁੰਦਲਾ ਹੁੰਦਾ। ਇਸ ਦਰਮਿਆਨ ਮੌਜੂਦਾ ਕਪਤਾਨ ਵਿਰਾਟ ਕੋਹਲੀ ਦਾ ਵਤੀਰਾ ਵੀ ਸਮੇਂ ਸਮੇਂ ਉੱਤੇ ਭੜਕਾਊ ਜਿਹਾ ਲੱਗਦਾ ਰਿਹਾ ਹੈ ਅਤੇ ਉਨ੍ਹਾਂ ਦੀ ਕਮਾਨ ਹੇਠ ਰਹੇ ਨਵੇਂ ਦੌਰ ਦੇ ‘ਮਾਡਰਨ’ ਕਹਾਉਂਦੇ ਖਿਡਾਰੀ ਸਭ ਲਕੀਰਾਂ ਟੱਪਦੇ ਜਾ ਰਹੇ ਹਨ। ਕ੍ਰਿਕਟ ਖੇਡਣ ਵਾਲੇ ਬਾਕੀ ਦੇਸ਼, ਪਾਕਿਸਤਾਨ, ਆਸਟਰੇਲੀਆ, ਸ੍ਰੀਲੰਕਾ, ਇੰਗਲੈਂਡ ਤੇ ਦੱਖਣੀ ਅਫਰੀਕਾ ਵੀ ਤਾਂ ਇੰਨੇ ਸਾਲਾਂ ਤੋਂ ਭਾਰਤ ਵਾਂਗ ਲਗਾਤਾਰ ਕ੍ਰਿਕਟ ਖੇਡ ਰਹੇ ਹਨ। ਇਨ੍ਹਾਂ ਸਾਰੇ ਦੇਸ਼ਾਂ ਵਿਚ ਵੀ ਕ੍ਰਿਕਟ ਸਬੰਧੀ ਵਾਦ-ਵਿਵਾਦ ਹੁੰਦੇ ਰਹਿੰਦੇ ਹਨ ਪਰ ਜਿਹੋ-ਜਿਹੇ ਵਿਵਾਦ ਭਾਰਤੀ ਕ੍ਰਿਕਟ ਵਿਚ ਖਿਡਾਰੀਆਂ ਵਲੋਂ ਹੋ ਰਹੇ ਹਨ, ਓਹੋ ਜਿਹੇ ਬਾਕੀ ਦੇਸ਼ਾਂ ਵਿਚ ਘੱਟ ਹੀ ਸੁਣਨ-ਦੇਖਣ ਵਿਚ ਆਉਂਦੇ ਹਨ। ਇਕ ਹੋਰ ਪਹਿਲੂ ਇਹ ਵੀ ਹੈ ਇਨ੍ਹਾਂ ਸਾਰੇ ਕ੍ਰਿਕਟ ਖੇਡਣ ਵਾਲੇ ਅਤੇ ਵਧੀਆ ਕ੍ਰਿਕਟ ਖੇਡਣ ਵਾਲੇ ਦੇਸ਼ਾਂ ਵਿਚ ਕ੍ਰਿਕਟ ਨੇ ਕਦੇ ਵੀ ਕਿਸੇ ਹੋਰ ਖੇਡ ਦਾ ਨੁਕਸਾਨ ਜਾਂ ਵਿਵਾਦ ਨਹੀਂ ਕੀਤਾ। ਇਕੱਲੇ ਭਾਰਤ ਵਿਚ ਹੀ ਕ੍ਰਿਕਟ ਦੇ ਅਜਿਹੇ ਵਿਵਾਦ ਤੇ ਮਾੜੇ ਪ੍ਰਭਾਵ ਨਜ਼ਰ ਆ ਰਹੇ ਹਨ। ਇਸ ਤੋਂ ਸਾਬਤ ਹੋ ਜਾਂਦਾ ਹੈ ਕਿ ਕਸੂਰ ਕ੍ਰਿਕਟ ਖੇਡ ਦਾ ਨਹੀਂ ਬਲਕਿ ਕਸੂਰ ਇਸ ਦੇਸ਼ ਦੇ ‘ਕ੍ਰਿਕਟ ਵਾਲਿਆਂ’ ਦਾ ਵੀ ਹੈ। ਇਸ ਦੇਸ਼ ਦਾ ਕ੍ਰਿਕਟ ਢਾਂਚਾ ਹੀ ਅਜਿਹਾ ਬਣਾ ਦਿੱਤਾ ਗਿਆ ਹੈ ਜੋ ਸਭ ਲਕੀਰਾਂ ਟੱਪਦਾ ਜਾ ਰਿਹਾ ਹੈ ਅਤੇ ਆਪਣੇ ਲਈ ਨਵੇਂ ਨੇਮ ਵੀ ਆਪ ਹੀ ਘੜ ਰਿਹਾ ਹੈ।
ਕ੍ਰਿਕਟ ਨੂੰ ਹੱਦੋਂ ਵਧ ਚਰਚਾ ਅਤੇ ਕ੍ਰਿਕਟ ਖਿਡਾਰੀਆਂ ਨੂੰ ਹੱਦ ਤੋਂ ਵਧ ਪ੍ਰਮੁੱਖਤਾ ਦੇਣ ਨੇ ਹੀ ਇਹ ਸਥਿਤੀ ਲਿਆ ਦਿੱਤੀ ਹੈ ਜਿਥੇ ਕ੍ਰਿਕਟ ਖਿਡਾਰੀ ਕਿਸੇ ਤਰ੍ਹਾਂ ਵੀ ਟੀਮ ਵਿਚ ਸਥਾਪਤ ਨਾਂ ਨਹੀਂ ਮੰਨੇ ਜਾ ਸਕਦੇ ਪਰ ਫਿਰ ਵੀ ਟੀਵੀ ਉੱਤੇ ਸ਼ਰਮਨਾਕ ਬਿਆਨ ਦੇ ਰਹੇ ਹਨ। ਇਸ ਦਾ ਇਹੀ ਭਾਵ ਹੈ ਕਿ ਇਨ੍ਹਾਂ ਖਿਡਾਰੀਆਂ ਨੇ ਭਾਰਤੀ ਟੀਮ ਵਿਚ ਆਪਣੀ ਥਾਂ ਦਾ ਸਹੀ ਮੁੱਲ ਨਹੀਂ ਪਾਇਆ। ਕ੍ਰਿਕਟ ਜਿਸ ਨੂੰ ਭੱਦਰਪੁਰਸ਼ਾਂ ਦੀ ਖੇਡ ਕਿਹਾ ਜਾਂਦਾ ਹੈ, ਓਸ ‘ਚ ਅਜਿਹੇ ਖਿਡਾਰੀਆਂ ਲਈ ਕੋਈ ਥਾਂ ਨਹੀਂ ਰਹੀ। ਬੇਸ਼ੱਕ ਪਾਂਡਿਆ ਅਤੇ ਰਾਹੁਲ ਨੂੰ ਟੀਮ ‘ਚੋਂ ਕੁਝ ਸਮੇਂ ਲਈ ਮੁਅਤੱਲ ਕੀਤਾ ਗਿਆ ਸੀ ਅਤੇ ਪਰ ਓਸ ਵੇਲੇ ਹੀ ਇਸ ਗੱਲ ਦੀ ਵੀ ਪੂਰੀ ਸੰਭਾਵਨਾ ਨਜ਼ਰ ਆ ਰਹੀ ਸੀ ਕਿ ਥੋੜ੍ਹੇ ਚਿਰ ਬਾਅਦ ਮਾਮਲਾ ਠੰਢਾ ਪੈਣ ਉੱਤੇ ਦੋਵੇਂ ਖਿਡਾਰੀ ਫੇਰ ਸਟਾਰ ਬਣ ਕੇ ਭਾਰਤੀ ਕ੍ਰਿਕਟ ਪ੍ਰੇਮੀਆਂ ਦੀਆਂ ਅੱਖਾਂ ਦੇ ਤਾਰੇ ਬਣ ਜਾਣਗੇ ਤੇ ਲੋਕ ਵੀ ਸਭ ਭੁੱਲ ਭੱਲ ਜਾਣਗੇ। ਵਕਤ ਦੀ ਨਜ਼ਾਕਤ ਮੰਗ ਕਰਦੀ ਹੈ ਕਿ ਇਸ ਵਰਤਾਰੇ ਨੂੰ ਅਹਿਮ ਘਟਨਾ ਮੰਨ ਕੇ ਅਜਿਹੇ ਖਿਡਾਰੀਆਂ ਨੂੰ ਬਣਦੀ ਅਤੇ ਢੁੱਕਵੀਂ ਸਜ਼ਾ ਦਿੱਤੀ ਜਾਂਦੀ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਵੀ ਇਹ ਵਰਤਾਰਾ ਜਾਰੀ ਰਹੇਗਾ।

Leave a Reply

Your email address will not be published. Required fields are marked *