ਪੰਜਾਬੀ ਸਿਨਮਾ ਵਿਚ ਸੀਕੁਏਲ ਦੀ ਬਹਾਰ

ਸਪਨ ਮਨਚੰਦਾ
ਪੰਜਾਬੀ ਵਿਚ ਹਰ ਵਰ੍ਹੇ ਔਸਤਨ 30 ਤੋਂ 35 ਫ਼ਿਲਮਾਂ ਪਰਦਾਪੇਸ਼ ਹੁੰਦੀਆਂ ਹਨ। ਇਨ੍ਹਾਂ ‘ਚੋਂ ਸਿਰਫ਼ ਤਿੰਨ ਜਾਂ ਚਾਰ ਫ਼ਿਲਮਾਂ ਹੀ ਟਿਕਟ ਖਿੜਕੀ ‘ਤੇ ਟਿਕਦੀਆਂ ਹਨ। ਬਹੁਤੀਆਂ ਫ਼ਿਲਮਾਂ ਤਾਂ ਆਪਣੀ ਲਾਗਤ ਵੀ ਪੂਰੀ ਨਹੀਂ ਕਰਦੀਆਂ। ਇਸ ਦੇ ਬਾਵਜੂਦ ਹਰ ਸਾਲ ਫ਼ਿਲਮਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਜਿਹੜਾ ਵਿਸ਼ਾ ਚੱਲ ਜਾਂਦਾ ਹੈ, ਸਭ ਉਸ ਦੁਆਲੇ ਹੋ ਜਾਂਦੇ ਹਨ। ਸਫਲਤਾ-ਅਸਫਲਤਾ ਦੇ ਇਸ ਰੁਝਾਨ ਵਿਚੋਂ ਹੀ ਸੀਕੁਏਲ ਫ਼ਿਲਮਾਂ ਦਾ ਦੌਰ ਸ਼ੁਰੂ ਹੁੰਦਾ ਹੈ।
ਹਿੰਦੀ ਸਿਨਮਾ ਵਿਚ ਸੀਕੁਏਲ ਫ਼ਿਲਮਾਂ ਦਾ ਮੁੱਢ 1935 ਵਿਚ ਆਈ ਪਹਿਲੀ ਔਰਤ ਪ੍ਰਧਾਨ ਫ਼ਿਲਮ ‘ਹੰਟਰਵਾਲੀ’ ਨਾਲ ਬੱਝਦਾ ਹੈ। ਇਸ ਦਾ ਸੀਕੁਏਲ 1943 ਵਿਚ ‘ਹੰਟਰਵਾਲੀ ਕੀ ਬੇਟੀ’ ਦੇ ਨਾਂ ਹੇਠ ਆਇਆ ਸੀ। ਪਿਛਲੇ ਇਕ ਦਹਾਕੇ ਤੋਂ ਬੌਲੀਵੁੱਡ ਵਿਚ ਸੀਕੁਏਲ ਫ਼ਿਲਮਾਂ ਦਾ ਦੌਰ ਸਿਖਰਾਂ ‘ਤੇ ਹੈ। ਇਸ ਦਾ ਅਸਰ ਪੰਜਾਬੀ ਸਿਨਮਾ ‘ਤੇ ਵੀ ਹੋਇਆ ਹੈ।
ਪੰਜਾਬੀ ਵਿਚ ਸੀਕੁਏਲ ਫ਼ਿਲਮਾਂ ਦੀ ਸ਼ੁਰੂਆਤ 2012 ਤੋਂ ਮੰਨੀ ਜਾਂਦੀ ਹੈ। ਇਹ ਰੁਝਾਨ ਇਸ ਵਰ੍ਹੇ ਰਫ਼ਤਾਰ ਫੜੇਗਾ। ਇਸ ਸਾਲ ਦਰਜਨ ਦੇ ਕਰੀਬ ਸੀਕੁਏਲ ਫ਼ਿਲਮਾਂ ਰਿਲੀਜ਼ ਹੋਣਗੀਆਂ। ਨਿਰਦੇਸ਼ਕ ਮਨਮੋਹਨ ਸਿੰਘ ਦੀ ਫ਼ਿਲਮ ‘ਯਾਰਾਂ ਨਾਲ ਬਹਾਰਾਂ’ ਪਹਿਲੀ ਅਜਿਹੀ ਪੰਜਾਬੀ ਫ਼ਿਲਮ ਮੰਨੀ ਜਾਂਦੀ ਹੈ, ਜਿਸ ਦਾ ਸੀਕੁਏਲ ਬਣਿਆ ਸੀ। ਸਾਲ 2005 ਵਿਚ ਬੌਲੀਵੁੱਡ ਅਦਾਕਾਰ ਜਿੰਮੀ ਸ਼ੇਰਗਿੱਲ ਤੇ ਜੂਹੀ ਬੱਬਰ ਦੀ ਇਸ ਪਹਿਲੀ ਪੰਜਾਬੀ ਫ਼ਿਲਮ ਦਾ ਸੀਕੁਏਲ 2012 ਵਿਚ ‘ਯਾਰਾਂ ਨਾਲ ਬਹਾਰਾਂ 2’ ਦੇ ਟਾਈਟਲ ਹੇਠ ਰਿਲੀਜ਼ ਹੋਇਆ ਸੀ। ਇਸ ਸੀਕੁਏਲ ਨੂੰ ਬਣਾਉਣ ਵਾਲੀ ਸਾਰੀ ਟੀਮ ਨਵੀਂ ਸੀ। ਦਰਅਸਲ, ਇਸ ਦਾ ਟਾਈਟਲ ਫ਼ਿਲਮ ਦੇ ਨਿਰਮਾਤਵਾਂ ਕੋਲ ਸੀ, ਜਿਨ੍ਹਾਂ ‘ਚੋਂ ਇਕ ਨਿਰਮਾਤਾ ਸੁਮਿਤ ਬਰਾੜ ਨੇ ਇਸ ਟਾਈਟਲ ਦਾ ਸਹਾਰਾ ਲੈਂਦਿਆਂ ਇਸ ਦਾ ਸੀਕੁਏਲ ਬਣਾਇਆ ਸੀ। ਉਸ ਵੱਲੋਂ ਖ਼ੁਦ ਨਿਰਦੇਸ਼ਿਤ ਕੀਤੀ ਗਈ ਇਹ ਫ਼ਿਲਮ ਬੁਰੀ ਤਰ੍ਹਾਂ ਫਲਾਪ ਰਹੀ ਸੀ।
ਸਾਲ 2012 ਵਿਚ 29 ਜੂਨ ਨੂੰ ਰਿਲੀਜ਼ ਹੋਈ ਨਿਰਦੇਸ਼ਕ ਅਨੁਰਾਗ ਸਿੰਘ ਦੀ ਦਿਲਜੀਤ ਦੁਸਾਂਝ ਤੇ ਨੀਰੂ ਬਾਜਵਾ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਜੱਟ ਐਂਡ ਜੂਲੀਅਟ’ ਇਸ ਸਾਲ ਦੀ ਸਭ ਤੋਂ ਸੁਪਰਹਿੱਟ ਫ਼ਿਲਮ ਸੀ। ਇਸ ਫ਼ਿਲਮ ਨੇ ਸ਼ਹਿਰੀ ਦਰਸ਼ਕਾਂ ਨੂੰ ਪੰਜਾਬੀ ਸਿਨਮਾ ਨਾਲ ਜੋੜਨ ‘ਚ ਵੱਡੀ ਭੂਮਿਕਾ ਨਿਭਾਈ ਸੀ। ਇਸ ਦਾ ਸੀਕੁਏਲ ਠੀਕ ਇਕ ਸਾਲ ਬਾਅਦ 28 ਜੂਨ 2013 ਨੂੰ ਰਿਲੀਜ਼ ਹੋਇਆ ਸੀ। ਦਿਲਜੀਤ ਅਤੇ ਨੀਰੂ ਬਾਜਵਾ ਦੀ ਹੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਨੂੰ ਵੀ ਪਹਿਲੀ ਫ਼ਿਲਮ ਵਾਂਗ ਵੱਡਾ ਹੁੰਗਾਰਾ ਮਿਲਿਆ ਸੀ। ਇਸ ਨੂੰ ਪਹਿਲੀ ਸਫਲ ਸੀਕੁਏਲ ਫ਼ਿਲਮ ਕਿਹਾ ਜਾ ਸਕਦਾ ਹੈ। ਸੀਕੁਏਲ ਫ਼ਿਲਮਾਂ ਦੀ ਲੜੀ ਨੂੰ ਦਿਲਜੀਤ ਦੁਸਾਂਝ ਦੀ ਅਗਲੀ ਫ਼ਿਲਮ ਨੇ ਹੀ ਅੱਗੇ ਤੋਰਿਆ ਸੀ। ਨਿਰਦੇਸ਼ਕ ਰੋਹਿਤ ਜੁਗਰਾਜ ਵੱਲੋਂ ਦਿਲਜੀਤ ਦੁਸਾਂਝ, ਮੈਂਡੀ ਤੱਖਰ ਤੇ ਨੀਰੂ ਬਾਜਵਾ ਨੂੰ ਮੁੱਖ ਭੂਮਿਕਾ ‘ਚ ਲੈ ਕੇ ਬਣਾਈ ਗਈ ਫ਼ਿਲਮ ‘ਸਰਦਾਰ ਜੀ’ 26 ਜੂਨ 2015 ਨੂੰ ਰਿਲੀਜ਼ ਹੋਈ ਸੀ। ਰੋਹਿਤ ਜੁਗਰਾਜ ਵੱਲੋਂ ਹੀ ਅਗਲੇ ਸਾਲ 24 ਜੂਨ 2016 ਨੂੰ ਇਸ ਦਾ ਸੀਕੁਏਲ ‘ਸਰਦਾਰ ਜੀ 2’ ਰਿਲੀਜ਼ ਕੀਤਾ ਗਿਆ ਸੀ। ਇਸ ਫ਼ਿਲਮ ‘ਚ ਦਿਲਜੀਤ ਨਾਲ ਮੈਂਡੀ ਤੇ ਨੀਰੂ ਦੀ ਜਗ੍ਹਾ ਸੋਨਮ ਬਾਜਵਾ ਤੇ ਮੋਨਿਕਾ ਗਿੱਲ ਨਜ਼ਰ ਆਈਆਂ ਸਨ। ਇਹ ਦੋਵੇਂ ਫ਼ਿਲਮਾਂ ਸਫਲ ਰਹੀਆਂ। ਇਸੇ ਤਰ੍ਹਾਂ ਸਾਲ 2012 ਵਿਚ ਆਈ ਨਿਰਦੇਸ਼ਕ ਸਮੀਪ ਕੰਗ ਦੀ ਬਹੁਚਰਚਿਤ ਫ਼ਿਲਮ ‘ਕੈਰੀ ਆਨ ਜੱਟਾ’ ਦਾ ਵੀ ਸੀਕੁਏਲ ‘ਕੈਰੀ ਆਨ ਜੱਟਾ 2’ ਬੇਹੱਦ ਹਿੱਟ ਰਿਹਾ। ਇਸ ਦਾ ਸੀਕੁਏਲ 6 ਸਾਲ ਬਾਅਦ 12 ਜੂਨ 2018 ਨੂੰ ਆਇਆ ਸੀ, ਜੋ ਪਹਿਲੀ ਫ਼ਿਲਮ ਵਾਂਗ ਵੀ ਸਫਲਤਾ ਦੇ ਰਿਕਾਰਡ ਕਾਇਮ ਕਰ ਗਿਆ। ਕਥਿਤ ਗੈਂਗਸਟਰ ਰੁਪਿੰਦਰ ਗਾਂਧੀ ਦੀ ਜ਼ਿੰਦਗੀ ‘ਤੇ ਬਣੀ ਫ਼ਿਲਮ ‘ਰੁਪਿੰਦਰ ਗਾਂਧੀ ਦਿ ਗੈਂਗਸਟਰ’ ਦਾ ਵੀ ਸੀਕੁਏਲ ਬਣਿਆ, ਜੋ ਸਫਲ ਰਿਹਾ। ਅਦਾਕਾਰ ਹਰੀਸ਼ ਵਰਮਾ ਦੀ ਪਹਿਲੀ ਪੰਜਾਬੀ ਫ਼ਿਲਮ ‘ਯਾਰ ਅਣਮੁੱਲੇ’ 7 ਅਕਤੂਬਰ 2011 ਨੂੰ ਰਿਲੀਜ਼ ਹੋਈ ਸੀ। ਇਹ ਫ਼ਿਲਮ ਉਸ ਵੇਲੇ ਦੀ ਹਿੱਟ ਫ਼ਿਲਮ ਸੀ। ਕਰੀਬ 6 ਸਾਲਾਂ ਬਾਅਦ 6 ਜਨਵਰੀ 2017 ਨੂੰ ਇਸ ਦਾ ਸੀਕੁਏਲ ਆਇਆ, ਪਰ ਇਹ ਫਲਾਪ ਰਿਹਾ। ਪਹਿਲੀ ਫ਼ਿਲਮ ਨਿਰਦੇਸ਼ਕ ਅਨੁਰਾਗ ਸਿੰਘ ਵੱਲੋਂ ਹਰੀਸ਼ ਵਰਮਾ, ਆਰੀਆ ਬੱਬਰ, ਯੁਵਰਾਜ ਹੰਸ ਤੇ ਕਰਤਾਰ ਚੀਮਾ ਨੂੰ ਲੈ ਕੇ ਬਣਾਈ ਗਈ ਸੀ, ਪਰ ਇਸ ਦੇ ਸੀਕੁਏਲ ‘ਚ ਨਾ ਤਾਂ ਪਹਿਲਾਂ ਵਾਲੇ ਕਲਾਕਾਰ ਸਨ ਅਤੇ ਨਾ ਹੀ ਪਹਿਲਾਂ ਵਾਲਾ ਨਿਰਦੇਸ਼ਕ। 30 ਸਤੰਬਰ 2016 ਨੂੰ ਆਈ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਐਮੀ ਵਿਰਕ ਅਭਿਨੀਤ ਫ਼ਿਲਮ ‘ਨਿੱਕਾ ਜ਼ੈਲਦਾਰ’ ਦਾ ਵੀ ਅਗਲੇ ਸਾਲ 22 ਸਤੰਬਰ 2017 ਨੂੰ ਸੀਕੁਏਲ ਆਇਆ। ਲਗਪਗ ਪਹਿਲਾਂ ਵਾਲੀ ਟੀਮ ਨਾਲ ਹੀ ਬਣਾਈ ਗਈ ਇਸ ਫ਼ਿਲਮ ਨੂੰ ਵੀ ਆਪਾਰ ਸਫਲਤਾ ਹਾਸਲ ਹੋਈ। ਹੁਣ ਇਸ ਫ਼ਿਲਮ ਦਾ ਇਕ ਹੋਰ ਸੀਕੁਏਲ ਬਣਨ ਜਾ ਰਿਹਾ ਹੈ। ਪਿਛਲੇ ਸਾਲ 15 ਅਗਸਤ 2018 ਨੂੰ ਦਰਸ਼ਕ ਸਾਲ 2014 ਵਿਚ ਆਈ ‘ਮਿਸਟਰ ਐਂਡ ਮਿਸਿਜ਼ 420’ ਦਾ ਸੀਕੁਏਲ ‘ਮਿਸਟਰ ਐਂਡ ਮਿਸਿਜ਼ 420 ਰਿਟਰਨਜ਼’ ਵੀ ਦੇਖ ਚੁੱਕੇ ਹਨ।
ਇਸ ਸਾਲ ਸਭ ਤੋਂ ਪਹਿਲਾਂ ਪੰਜਾਬੀ ਫ਼ਿਲਮ ‘ਮਿੱਟੀ’ ਦਾ ਸੀਕੁਏਲ ‘ਮਿੱਟੀ ਵਿਰਾਸਤ ਬੱਬਰਾਂ ਦੀ’ ਦੇਖਣ ਨੂੰ ਮਿਲੇਗਾ। 8 ਸਾਲਾਂ ਬਾਅਦ 1 ਮਾਰਚ ਨੂੰ ਰਿਲੀਜ਼ ਹੋਣ ਜਾ ਰਹੇ ਇਸ ਸੀਕੁਏਲ ਦਾ ਨਿਰਦੇਸ਼ਕ ਹਿਰਦੈ ਸ਼ੈਟੀ ਹੈ, ਜਦੋਂਕਿ ਪਹਿਲੀ ਫ਼ਿਲਮ ਦਾ ਨਿਰਦੇਸ਼ਕ ਜਤਿੰਦਰ ਮੌਹਰ ਸੀ। ਪਹਿਲੀ ਫ਼ਿਲਮ ‘ਚ ਲਖਵਿੰਦਰ ਕੰਡੋਲਾ ਨੇ ਮੁੱਖ ਭੂਮਿਕਾ ਨਿਭਾਈ ਸੀ। ਇਸ ਫ਼ਿਲਮ ਵਿਚ ਵੀ ਉਹੀ ਅਹਿਮ ਕਿਰਦਾਰ ‘ਚ ਹੈ। ਉਸ ਤੋਂ ਇਲਾਵਾ ਫ਼ਿਲਮ ਦੀ ਬਾਕੀ ਟੀਮ ਪਹਿਲਾਂ ਨਾਲੋਂ ਲਗਪਗ ਨਵੀਂ ਹੀ ਹੈ।
ਇਸ ਮਗਰੋਂ 29 ਮਾਰਚ ਨੂੰ ‘ਰੱਬ ਦਾ ਰੇਡੀਓ 2’ ਰਿਲੀਜ਼ ਹੋਈ। ਇਹ ਫ਼ਿਲਮ 31 ਮਾਰਚ 2017 ਨੂੰ ਆਈ ‘ਰੱਬ ਦਾ ਰੇਡੀਓ’ ਦਾ ਸੀਕੁਏਲ ਹੈ। ਇਸ ਦੇ ਸੀਕੁਏਲ ਦਾ ਲੇਖਕ ਪਹਿਲਾਂ ਵਾਲਾ ਹੀ ਹੈ, ਪਰ ਇਸ ਵਾਰ ਨਿਰਦੇਸ਼ਕ ਸ਼ਰਨ ਸਿੰਘ ਹੈ। ਫ਼ਿਲਮ ਵਿਚ ਪਹਿਲਾਂ ਵਾਂਗ ਤਰਸੇਮ ਜੱਸੜ ਤੇ ਸਿੰਮੀ ਚਾਹਲ ਹੀ ਮੁੱਖ ਭੂਮਿਕਾ ਵਿਚ ਹਨ। 14 ਅਪ੍ਰੈਲ 2017 ਨੂੰ ਆਈ ਨਿਰਦੇਸ਼ਕ ਬਲਜੀਤ ਸਿੰਘ ਦਿਓ ਦੀ ਗਿੱਪੀ ਗਰੇਵਾਲ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਮੰਜੇ ਬਿਸਤਰੇ’ ਦਾ ਸੀਕੁਏਲ ‘ਮੰਜੇ ਬਿਸਤਰੇ 2’ 12 ਅਪ੍ਰੈਲ ਨੂੰ ਰਿਲੀਜ਼ ਹੋਵੇਗਾ। ਇਸ ਫ਼ਿਲਮ ਦੀ ਟੀਮ ਵੀ ਪਹਿਲਾਂ ਵਾਲੀ ਹੀ ਹੈ, ਪਰ ਸੀਕੁਏਲ ‘ਚ ਹੀਰੋਇਨ ਸੋਨਮ ਬਾਜਵਾ ਦੀ ਜਗ੍ਹਾ ਸਿੰਮੀ ਚਾਹਲ ਨੇ ਲੈ ਲਈ ਹੈ। ਇਸ ਵਾਰ ਇਹ ਫ਼ਿਲਮ ਪੰਜਾਬ ਦੀ ਥਾਂ ਕੈਨੇਡਾ ‘ਚ ਫ਼ਿਲਮਾਈ ਗਈ ਹੈ। 21 ਜੂਨ 2013 ਨੂੰ ਰਿਲੀਜ਼ ਹੋਈ ਨਿਰਦੇਸ਼ਕ ਤੇ ਲੇਖਕ ਜਤਿੰਦਰ ਮੌਹਰ ਦੀ ਫ਼ਿਲਮ ‘ਸਿਕੰਦਰ’ ਦਾ ਸੀਕੁਏਲ ਵੀ ‘ਸਿਕੰਦਰ 2’ 7 ਜੂਨ ਨੂੰ ਰਿਲੀਜ਼ ਹੋਵੇਗਾ।
ਇਸ ਸੀਕੁਏਲ ਦਾ ਨਿਰਦੇਸ਼ਕ ਹੁਣ ਮਾਨਵ ਸ਼ਾਹ ਅਤੇ ਲੇਖਕ ਧੀਰਜ ਰਤਨ ਹੈ, ਪਰ ਫ਼ਿਲਮ ਦਾ ਨਾਇਕ ਪਹਿਲੀ ਫ਼ਿਲਮ ਵਾਲਾ ਕਰਤਾਰ ਚੀਮਾ ਹੀ ਹੈ। ਬਾਕੀ ਦੀ ਟੀਮ ਵੀ ਲਗਪਗ ਨਵੀਂ ਹੈ। ਗਿੱਪੀ ਗਰੇਵਾਲ ਦੀ ਬਤੌਰ ਨਿਰਦੇਸ਼ਕ ਪਹਿਲੀ ਫ਼ਿਲਮ ‘ਅਰਦਾਸ’ ਸੀ। 11 ਮਾਰਚ 2016 ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੇ ਸਫਲਤਾ ਦੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਸਨ। ਗਿੱਪੀ ਹੁਣ ਇਸ ਫ਼ਿਲਮ ਦਾ ਸੀਕੁਏਲ ਬਣਾ ਕੇ 19 ਜੁਲਾਈ ਨੂੰ ਰਿਲੀਜ਼ ਕਰ ਰਿਹਾ ਹੈ। ਇਸ ਸੀਕੁਏਲ ‘ਚ ਕੁਝ ਕਲਾਕਾਰ ਪਹਿਲਾਂ ਵਾਲੇ ਹਨ ਅਤੇ ਕੁਝ ਨਵੇਂ ਹਨ। ਨਵੇਂ ਚਿਹਰਿਆਂ ‘ਚ ਜਪਜੀ ਖਹਿਰਾ, ਕੁਲਜਿੰਦਰ ਸਿੱਧੂ, ਸਪਨਾ ਪੱਬੀ ਤੇ ਮੇਹਰ ਵਿੱਜ ਦਾ ਨਾਂ ਅਹਿਮ ਹੈ। 19 ਜੁਲਾਈ ਨੂੰ ‘ਅਸ਼ਕੇ’ ਫ਼ਿਲਮ ਦਾ ਸੀਕੁਏਲ ‘ਅਸ਼ਕੇ 2’ ਦੇਖਣ ਨੂੰ ਮਿਲੇਗਾ। ਅਮਰਿੰਦਰ ਗਿੱਲ ਦੀ ਮੁੱਖ ਭੂਮਿਕਾ ਵਾਲੀ ‘ਅਸ਼ਕੇ’ ਉਹ ਪੰਜਾਬੀ ਫ਼ਿਲਮ ਹੈ, ਜਿਸ ਦਾ ਟ੍ਰੇਲਰ ਫ਼ਿਲਮ ਤੋਂ 12 ਘੰਟੇ ਪਹਿਲਾਂ ਰਿਲੀਜ਼ ਕੀਤਾ ਗਿਆ ਸੀ। ‘ਮਿਸਟਰ ਐਂਡ ਮਿਸਿਜ਼ 420’ ਦਾ ਵੀ ਤੀਜਾ ਸੀਕੁਏਲ 15 ਅਗਸਤ ਨੂੰ ਰਿਲੀਜ਼ ਕਰਨ ਦੀ ਵਿਉਂਤਬੰਦੀ ਹੈ, ਪਰ ਅਜੇ ਤਕ ਇਸ ਦੀ ਸ਼ੂਟਿੰਗ ਸ਼ੁਰੂ ਨਹੀਂ ਹੋਈ। ਇਸੇ ਤਰ੍ਹਾਂ ‘ਨਿੱਕਾ ਜ਼ੈਲਦਾਰ’, ‘ਨਿੱਕਾ ਜ਼ੈਲਦਾਰ 2’ ਤੋਂ ਬਾਅਦ 13 ਸਤੰਬਰ ਨੂੰ ‘ਨਿੱਕਾ ਜ਼ੈਲਦਾਰ 3’ ਰਿਲੀਜ਼ ਹੋਵੇਗੀ। ਇਸ ਫ਼ਿਲਮ ਦਾ ਨਿਰਦੇਸ਼ਕ ਸਿਮਰਜੀਤ ਸਿੰਘ ਤੇ ਹੀਰੋ ਐਮੀ ਵਿਰਕ ਹੈ ਜਦੋਂਕਿ ਇਸ ਵਾਰ ਸੋਨਮ ਬਾਜਵਾ ਦੀ ਥਾਂ ਵਾਮਿਕਾ ਗੱਬੀ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ। ਗੀਤਕਾਰ, ਲੇਖਕ ਤੇ ਫ਼ਿਲਮ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਪਹਿਲੀ ਫ਼ਿਲਮ ‘ਜੋਰਾ 10 ਨੰਬਰੀਆ’ ਦਾ ਸੀਕੁਏਲ ਵੀ ਬਣ ਰਿਹਾ ਹੈ ਜੋ ‘ਜੋਰਾ ਦਾ ਸੈਕੰਡ ਚੈਪਟਰ’ ਦੇ ਨਾਂ ਹੇਠ ਰਿਲੀਜ਼ ਹੋਵੇਗਾ। ਅਮਰਦੀਪ ਗਿੱਲ ਦੀ ਲਿਖੀ ਅਤੇ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਫ਼ਿਲਮ ‘ਚ ਨਾਇਕ ਦੀਪ ਸਿੱਧੂ ਨੂੰ ਵੱਖਰੇ ਕਿਰਦਾਰ ਤੇ ਕਹਾਣੀ ਨਾਲ ਪੇਸ਼ ਕਰਨ ਦੀ ਵਿਉਂਤਬੰਦੀ ਹੈ। ਇਸ ਦੇ ਨਾਲ ਹੀ ‘ਬੰਬੂਕਾਟ 2’, ‘ਕਿਸਮਤ 2’, ‘ਅੰਗਰੇਜ 2’ ਸਮੇਤ ਕੁਝ ਹੋਰ ਫ਼ਿਲਮਾਂ ਦੇ ਸੀਕੁਏਲ ਬਣਾਉਣ ਦੀ ਵੀ ਚਰਚਾ ਹੋ ਰਹੀ ਹੈ।
ਸਫਲਤਾ ਦੀ ਗਾਰੰਟੀ
ਇਹ ਧਾਰਨਾ ਬਣ ਚੁੱਕੀ ਹੈ ਕਿ ਪਹਿਲੀ ਫ਼ਿਲਮ ਹਿੱਟ ਹੋਣ ਤੋਂ ਬਾਅਦ ਅਗਲੀ ਫ਼ਿਲਮ ਦੇ ਸਫਲ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਫ਼ਿਲਮ ਦਾ ਟਾਈਟਲ ਇਸ ਮਾਮਲੇ ‘ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਕਿਸੇ ਹਿੱਟ ਫ਼ਿਲਮ ਦਾ ਟਾਈਟਲ ਦਰਸ਼ਕਾਂ ਨੂੰ ਹੋਰ ਫ਼ਿਲਮਾਂ ਨਾਲੋਂ ਜ਼ਿਆਦਾ ਅਤੇ ਛੇਤੀ ਪ੍ਰਭਾਵਤ ਕਰਦਾ ਹੈ। ਆਮ ਤੌਰ ‘ਤੇ ਪਹਿਲੀ ਫ਼ਿਲਮ ਨਾਲੋਂ ਸੀਕੁਏਲ ‘ਚ ਕਹਾਣੀ ਬਿਲਕੁਲ ਵੱਖਰੀ ਹੀ ਰੱਖੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਜੇ ਦਰਸ਼ਕ ਨੇ ਪਹਿਲੀ ਫ਼ਿਲਮ ਨਾ ਦੇਖੀ ਹੋਈ ਤਾਂ ਉਹ ਸੀਕੁਏਲ ਦੇਖਣ ‘ਚ ਵੀ ਦਿਲਚਸਪੀ ਨਹੀਂ ਦਿਖਾਏਗਾ। ਇਸ ਲਈ ਹਰ ਵਾਰ ਕਹਾਣੀ ਅਤੇ ਮਾਹੌਲ ਨਵੇਂ ਸਿਰੇ ਤੋਂ ਸਿਰਜਿਆ ਜਾਂਦਾ ਹੈ। ਪੰਜਾਬੀ ਫ਼ਿਲਮਾਂ ਦੇ ਸੀਕੁਏਲ ਜ਼ਿਆਦਾਤਰ ਸਫਲ ਹੀ ਰਹੇ ਹਨ। ਇਸ ਸਾਲ ਵੀ ਇਹ ਹੀ ਆਸ ਕੀਤੀ ਜਾ ਰਹੀ ਹੈ ਕਿ ਉਹ ਪਹਿਲੀਆਂ ਫ਼ਿਲਮਾਂ ਵਾਂਗ ਹੀ ਦਰਸ਼ਕਾਂ ਦਾ ਮਨੋਰੰਜਨ ਕਰਨ ਵਿਚ ਕਾਮਯਾਬ ਰਹਿਣਗੇ।