ਜਦੋਂ ਲੋਕਾਂ ਨੇ ਹਰਸਿਮਰਤ ਨੂੰ ਪਿੰਡ ਨਾ ਵੜਨ ਦਿੱਤਾ ਤਾਂ ਸੜਕ ‘ਤੇ ਹੀ ਲਾਇਆ ਧਰਨਾ

ਬਠਿੰਡਾ: ਲੋਕ ਸਭਾ ਚੋਣਾਂ 2019 ਲਈ ਚੋਣ ਪ੍ਰਚਾਰ ਕਰਦੀ ਹਰਸਿਮਰਤ ਬਾਦਲ ਦਾ ਕਈ ਥਾਈਂ ਵਿਰੋਧ ਹੋ ਰਿਹਾ ਹੈ, ਪਰ ਅੱਜ ਇਹ ਵਿਰੋਧ ਇੰਨਾ ਸੀ ਕਿ ਕੇਂਦਰੀ ਮੰਤਰੀ ਪਿੰਡ ਵਿੱਚ ਦਾਖ਼ਲ ਹੀ ਨਾ ਹੋ ਸਕੇ। ਇਸ ਮਗਰੋਂ ਕਾਂਗਰਸ ਸਰਕਾਰ ਤੇ ਪੰਜਾਬ ਪੁਲਿਸ ਦੀਆਂ ਵਧੀਕੀਆਂ ਖ਼ਿਲਾਫ ਸ਼੍ਰੋਮਣੀ ਅਕਾਲੀ ਦਲ ਨੇ ਧਰਨਾ ਲਾ ਦਿੱਤਾ।ਪਿੰਡ ਮੰਡੀ ਕਲਾਂ ਨੂੰ ਜਾਂਦੀ ਮੁੱਖ ਸੜਕ ‘ਤੇ ਧਰਨਾ ਲਾ ਦਿੱਤਾ ਅਤੇ ਹਰਸਿਮਰਤ ਕੌਰ ਬਾਦਲ ਵੀ ਇਸ ਧਰਨੇ ਵਿੱਚ ਬੈਠੇ।ਹਾਲਾਂਕਿ, ਅਕਾਲੀ ਦਲ ਇਸ ਨੂੰ ਸਰਕਾਰ ਤੇ ਪੁਲਿਸ ਦੀਆਂ ਵਧੀਕੀਆਂ ਖ਼ਿਲਾਫ਼ ਧਰਨਾ ਦੱਸ ਰਿਹਾ ਹੈ, ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਿੰਡ ਵਾਸੀਆਂ ਨੇ ਹਰਸਿਮਰਤ ਕੌਰ ਬਾਦਲ ਪਿੰਡ ਵਿੱਚ ਨਹੀਂ ਵੜਨ ਦਿੱਤਾ, ਜਿਸ ਦੇ ਚੱਲਦੇ ਧਰਨਾ ਲਾਇਆ ਗਿਆ। ਧਰਨੇ ਦੌਰਾਨ ਅਕਾਲੀ ਵਰਕਰਾਂ ਨੇ ਕਾਂਗਰਸ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।ਇਹ ਪਹਿਲੀ ਵਾਰ ਨਹੀਂ ਹੈ ਕਿ ਹਰਸਿਮਰਤ ਬਾਦਲ ਦਾ ਵਿਰੋਧ ਹੋਇਆ ਹੋਵੇ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਲੋਕਾਂ ਦੇ ਵਿਰੋਧ ਦਾ ਸ਼ਿਕਾਰ ਹੋ ਚੁੱਕੇ ਹਨ। ਪਰ ਅਕਾਲੀ ਦਲ ਇਸ ਵਿਰੋਧ ਨੂੰ ਕਾਂਗਰਸ ਵੱਲੋਂ ਪ੍ਰੇਰਿਤ ਦੱਸ ਰਿਹਾ ਹੈ।ਅੱਜ ਸਵੇਰੇ ਵੀ ਹਰਸਿਮਰਤ ਬਾਦਲ ਨੇ ਕਿਹਾ ਸੀ ਕਿ ਮੇਰੀ ਜਿਹੜੀ ਸਕਿਓਰਿਟੀ ਹੈ ਉਹ ਕਾਂਗਰਸ ਪਾਰਟੀ ਦੇ ਇਸ਼ਾਰਿਆਂ ‘ਤੇ ਕੰਮ ਕਰ ਰਹੀ ਹੈ, ਇਹੀ ਕਾਰਨ ਹੈ ਜਿਹੜੇ ਸ਼ਰਾਰਤੀ ਅਨਸਰ ਹਨ ਉਹ ਮੇਰੇ ਪ੍ਰੋਗਰਾਮਾਂ ਵਿੱਚ ਪਹੁੰਚ ਜਾਂਦੇ ਹਨ ਅਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਸਬੰਧੀ ਉਹ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕਰਨ ਦੀ ਗੱਲ ਵੀ ਕਹਿ ਚੁੱਕੇ ਹਨ।