ਕੇਜਰੀਵਾਲ ਦੇ ਰੋਡ ਸ਼ੋਅ ਨੂੰ ਲੋਕਾਂ ਨੇ ਵਿਖਾਈਆਂ ਕਾਲੀਆਂ ਝੰਡੀਆਂ

ਸੰਗਰੂਰ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੰਗਰੂਰ ਲੋਕ ਸਭਾ ਹਲਕੇ ਤੋਂ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਲਈ ਹੈ। ਹਾਲਾਂਕਿ, ਕੇਜਰੀਵਾਲ ਦੀ ਸ਼ੁਰੂਆਤ ਕੋਈ ਬਹੁਤੀ ਚੰਗੀ ਨਹੀਂ ਰਹੀ। ਖਨੌਰੀ ਤੋਂ ਸ਼ੁਰੂ ਕੀਤੇ ਕੇਜਰੀਵਾਲ ਦੇ ਰੋਡ ਸ਼ੋਅ ਨੂੰ ਕੁਝ ਲੋਕਾਂ ਨੇ ਕਾਲੀਆਂ ਝੰਡੀਆਂ ਵਿਖਾਈਆਂ। ਕੇਜਰੀਵਾਲ ਦਾ ਵਿਰੋਧ ਕਰਨ ਵਾਲੇ ਅਮਨਦੀਪ ਸਿੰਘ ਬੰਟੀ ਨੇ ਕਿਹਾ ਕਿ ਉਹ ਨਸ਼ੇ ਦੇ ਮੁੱਦੇ ‘ਤੇ ਵੱਡੇ-ਵੱਡੇ ਵਾਅਦੇ ਕਰ ਗਏ ਪਰ ਫਿਰ ਬਾਅਦ ਵਿੱਚ ਮੁਆਫ਼ੀ ਮੰਗ ਲਈ। ਉਨ੍ਹਾਂ ਇਹ ਵੀ ਕਿਹਾ ਕਿ ਪੰਜ ਸਾਲਾਂ ਵਿੱਚ ਉਨ੍ਹਾਂ ਆ ਕੇ ਸਾਡੀ ਬਾਤ ਵੀ ਨਹੀਂ ਪੁੱਛੀ।ਬੇਸ਼ੱਕ ਕੇਜਰੀਵਾਲ ਦੇ ਰੋਡਸ਼ੋਅ ਵਿੱਚ ਗੱਡੀਆਂ ਦਾ ਕਾਫਿਲਾ ਕਾਫੀ ਲੰਮਾ ਸੀ, ਪਰ ਲੋਕਾਂ ਵਿੱਚ ਉਤਸ਼ਾਹ ਦੀ ਕਮੀ ਦੇਖੀ ਗਈ। ਹਾਲਾਂਕਿ, ਕੇਜਰੀਵਾਲ ਤੋਂ ਕਈ ਨੌਜਵਾਨਾਂ ਨੇ ਆਟੋਗ੍ਰਾਫ ਵੀ ਲਏ ਤੇ ਫੁੱਲਾਂ ਦੇ ਹਾਰ ਵੀ ਭੇਟ ਕੀਤੇ। ਆਪਣੀ ਪੰਜਾਬ ਫੇਰੀ ਦੌਰਾਨ ਕੇਜਰੀਵਾਲ ਸਿਰਫ ਚਾਰ ਲੋਕ ਸਭਾ ਹਲਕਿਆਂ ਵਿੱਚ ਹੀ ਪ੍ਰਚਾਰ ਕਰਨਗੇ। 15 ਮਈ ਤੋਂ ਬਾਅਦ ਕੇਜਰੀਵਾਲ ਫ਼ਰੀਦਕੋਟ, ਬਠਿੰਡਾ ਤੇ ਪਟਿਆਲਾ ਲੋਕ ਸਭਾ ਹਲਕਿਆਂ ਵਿੱਚ ਵਿਚਰਨਗੇ।