ਪੀ.ਸੀ.ਏ. ਵਲੋਂ ਸ਼ਹੀਦ ਭਗਤ ਸਿੰਘ ਤੇ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਤ ਸਮਾਗਮ

ਕੈਲਗਰੀ (ਨਦਬ) : ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ, ਕੈਲਗਰੀ ਦੀ ਮੰਚ ਟੀਮ ਵਲੋਂ ਇੱਥੋਂ ਦੇ ਜੈਨਸਿਸ ਸੈਂਟਰ ਵਿੱਚ ਕਰਵਾਏ ਗਏ ਇੱਕ ਸਮਾਗਮ ਵਿੱਚ ਨਾਟਕ ‘ਹੈਲੋ ਕਨੇਡਾ’ ਤੋਂ ਇਲਾਵਾ ਦੋ ਕੋਰੀਓਗਰਾਫੀਆਂ ਪੇਸ਼ ਕੀਤੀਆਂ ਗਈਆਂ। ਇਹ ਸਮਾਗਮ ਸ਼ਹੀਦ ਭਗਤ ਸਿੰਘ ਦੇ 109ਵੇਂ ਜਨਮ ਦਿਨ ਅਤੇ ਪੰਜਾਬੀ ਇਨਕਲਾਬੀ ਰੰਗ ਮੰਚ ਦੇ ਬਾਬਾ ਬੋਹੜ ਭਾਅ ਜੀ ਗੁਰਸ਼ਰਨ ਸਿੰਘ ਦੀ ਪੰਜਵੀਂ ਬਰਸੀ ਨੂੰ ਸਮਰਮਿਤ ਸੀ। ਤਿੰਨਾਂ ਪੇਸ਼ਕਾਰੀਆਂ ਦੀ ਨਿਰਦੇਸ਼ਨਾ ਕਮਲਪ੍ਰੀਤ ਪੰਧੇਰ ਨੇ ਕੀਤੀ। ਕੈਲਗਰੀ ਵਿੱਚ ਪਹਿਲੀ ਵਾਰ ਇਹ ਨਾਟਕ ਨੁੱਕੜ ਸ਼ੈਲੀ ਵਿੱਚ ਪੇਸ਼ ਕੀਤਾ ਗਿਆ। ਜੈਨਸਿਸ ਸੈਂਟਰ ਦੇ ਇਨਡੋਰ ਚੌਗਰਿਦੇ ਵਿੱਚ ਨਾਟਕ ਖੇਡਣ ਦਾ ਵੀ ਪਹਿਲਾ ਤਜ਼ਰਬਾ ਸੀ ਜਿਹੜਾ ਬੇਹੱਦ ਸਫਲ ਰਿਹਾ। ਇਸ ਜਗ੍ਹਾ ‘ਤੇ ਲੋਕ ਲਾਇਬਰੇਰੀ ਵਿੱਚ ਪੜ੍ਹਨ ਜਾਂ ਵਰਜਿਸ਼ ਕਰਨ ਦੇ ਮਕਸਦ ਨਾਲ਼ ਆਉਂਦੇ ਹਨ ਪਰ ਇਸ ਸਮਾਗਮ ਨੇ ਉਨ੍ਹਾਂ ਨੂੰ ਪੂਰੀ ਤਰਾਂ ਬੰਨ੍ਹ ਦਿੱਤਾ।

ਅਲਬਰਟਾ ਸਰਕਾਰ ਦੁਆਰਾ ਪਹਿਲੀ ਅਕਤੂਬਰ ਤੋਂ ਘੱਟੋ-ਘੱਟ ਉਜਰਤ ਵਿੱਚ ਕੀਤੇ ਗਏ ਵਾਧੇ ਨੂੰ ਸਮਰਪਿਤ ਪਹਿਲੀ ਕੋਰੀਓਗਰਾਫੀ ਪੇਸ਼ ਕੀਤੀ ਗਈ। ਇਸ ਵਿੱਚ ਮਿਹਨਤ ਕਰਕੇ ਜ਼ਿੰਦਗੀ ਤੋਰਨ ਵਾਲ਼ੇ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਗਈ। ਦੂਜੀ ਕੋਰੀਓਗਰਾਫੀ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਸੀ।

ਇਸ ਤੋਂ ਬਾਅਦ ਪੇਸ਼ ਕੀਤੇ ਨਾਟਕ ‘ਹੈਲੋ ਕਨੇਡਾ’ ਰਾਹੀਂ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਪੰਜਾਬੀ ਪਰਿਵਾਰਾਂ ਦੀ ਗੱਲ ਕੀਤੀ ਗਈ। ਇਹ ਨਾਟਕ ਉਹਨਾਂ ਲੋਕਾਂ ਨੂੰ ਜਾਗੋ ਦਾ ਹੋਕਾ ਦੇ ਗਿਆ ਜਿਹੜੇ ਇਹ ਸੋਚਦੇ ਹਨ ਕਿ ਸ਼ਾਇਦ ਕੈਨੇਡਾ ਵਰਗੇ ਮੁਲਕ ਵਿੱਚ ਆ ਕੇ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਂਦਾ ਹੈ। ਨਿਰਦੇਸ਼ਕਾ ਕਮਲਪ੍ਰੀਤ ਪੰਧੇਰ ਨੇ ਬਾਅਦ ਵਿੱਚ ਦੱਸਿਆ ਕਿ ਸਾਨੂੰ ਇਸ ਮੁਲਕ ਵਿੱਚ ਆ ਕੇ ਨਵੇਂ ਕਿਸਮ ਦੀਆਂ ਚੁਣੌਤੀਆਂ ਨੂੰ ਸਮਝਣ ਦੀ ਲੋੜ ਹੈ। ਇਸ ਨਾਟਕ ਵਿੱਚ ਕਮਲਪ੍ਰੀਤ ਤੋਂ ਇਲਾਵਾ ਨਵਕਿਰਨ ਢੁੱਡੀਕੇ, ਗੁਰਿੰਦਰ ਬਰਾੜ, ਬਲਜਿੰਦਰ ਢਿੱਲੋਂ, ਜੱਸੀ ਮੁੰਜਾਲ, ਚੰਨਪ੍ਰੀਤ ਮੁੰਜਾਲ ਤੇ ਸਹਿਜ ਪੰਧੇਰ ਤੋਂ ਇਲਾਵਾ ਜੱਸ ਲੰਮ੍ਹੇ, ਗਗਨ ਲੰਮ੍ਹੇ, ਸੁਖਵੀਰ ਗਰੇਵਾਲ, ਪ੍ਰਭਲੀਨ ਗਰੇਵਾਲ ਤੇ ਸਹਿਜ ਪੰਧੇਰ ਨੇ ਕੋਰੀਓਗਰਾਫੀ ਵਿੱਚ ਭਾਗ ਲਿਆ। ਮਾਸਟਰ ਬੱਚਿਤਰ ਗਿੱਲ ਅਤੇ ਹਰਨੇਕ ਬੱਧਣੀ ਨੇ ਕਵਿਤਾਵਾਂ ਰਾਹੀਂ ਸਮਾਂ ਬੰਨਿਆ। ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਸੋਹਨ ਮਾਨ ਨੇ ਵੀ ਸੰਬੋਧਨ ਕੀਤਾ।

 

 

 

Leave a Reply

Your email address will not be published. Required fields are marked *