ਮਾਰਕ ਨੌਰਮਨ ਮਾਮਲਾ : ਨੈਸ਼ਨਲ ਡਿਫੈਂਸ ਕਮੇਟੀ ਤੋਂ ਅਧਿਐਨ ਕਰਾਉਣ ਦੀ ਵਿਰੋਧੀ ਧਿਰ ਦੀ ਮੰਗ ਰੱਦ

ਮਾਰਕ ਨੌਰਮਨ ਮਾਮਲੇ ‘ਚ ਸਰਕਾਰ ਵਲੋਂ ਕਰਵਾਈ ਗਈ ਜਾਂਚ ਅਤੇ ਉਨ•ਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ‘ਤੇ ਲਾਈ ਰੋਕ ਸਬੰਧੀ ਨੈਸ਼ਨਲ ਡਿਫੈਂਸ ਕਮੇਟੀ ਤੋਂ ਅਧਿਐਨ ਕਰਾਉਣ ਦੀ ਵਿਰੋਧੀ ਧਿਰ ਦੀ ਮੰਗ ਰੱਦ ਹੋ ਗਈ ਹੈ। ਪਰ ਨਾਲ ਹੀ ਸੰਸਦ ਮੈਂਬਰ ਉਮੀਦ ਕਰ ਰਹੇ ਹਨ ਕਿ ਵਾਈਸ ਐਡਮਿਰਲ ਗਵਾਹੀ ਦੇਣ ਦਾ ਮਨ ਬਣਾ ਸਕਦੇ ਹਨ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰਾਂ ਕੰਜ਼ਰਵੇਟਿਵ ਅਤੇ ਐਨਡੀਪੀ ਇਸ ਮਾਮਲੇ ਦੀ ਜਾਂਚ ਕਰਵਾਉਣੀਆਂ ਚਾਹੁੰਦੀਆਂ ਹਨ। ਯਾਦ ਰਹੇ ਕਿ ਫੌਜ ਦੇ ਸਾਬਕਾ ਸੈਕਿੰਡ ਇਨ ਕਮਾਂਡ ਵਾਈਸ ਐਡਮਿਰਲ ‘ਤੇ ਭਰੋਸਾ ਤੋੜਨ ਦੇ ਮਾਮਲੇ ਵਿਚ ਕਾਨੂੰਨੀ ਕਾਰਵਾਈ ਕੀਤੀ ਜਾਣੀ ਸੀ ਪਰ ਪਿਛਲੇ ਹਫ਼ਤੇ ਫੈਡਰਲ ਪ੍ਰੋਸੀਕਿਊਟਰਜ਼ ਵਲੋਂ ਇਸ ਮਾਮਲੇ ‘ਤੇ ਰੋਕ ਲਾ ਦਿੱਤੀ ਗਈ। ਇਸ ਦੇ ਨਾਲ ਅਕਤੂਬਰ ਵਿਚ ਹੋ ਰਹੀਆਂ ਫੈਡਰਲ ਚੋਣਾਂ ਤੋਂ ਠੀਕ ਪਹਿਲਾਂ ਇਸ ਮਾਮਲੇ ਦੀ ਸੁਣਵਾਈ ਵੀ ਟਲ ਗਈ। ਵਿਰੋਧੀ ਧਿਰਾਂ ਵਲੋਂ ਇਸ ਮਾਮਲੇ ਵਿਚ ਹਾਊਸ ਆਫ਼ ਕਾਮਨਜ਼ ਦੀ ਕਮੇਟੀ ਦੀ ਐਮਰਜੈਂਸੀ ਮੀਟਿੰਗ ਸੱਦਣ ਦੀ ਬੇਨਤੀ ਕਮੇਟੀ ‘ਚ ਮੌਜੂਦ ਬਹੁਗਿਣਤੀ ਲਿਬਰਲਾਂ ਨੇ ਰੱਦ ਕਰ ਦਿੱਤੀ। ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਵਲੋਂ ਵਿਚਾਰ ਪੇਸ਼ ਕਰਨ ਲਈ ਕਰਵਾਈ ਗਈ ਵੋਟਿੰਗ ਤਹਿਤ ਚਾਰ ਦੇ ਮੁਕਾਬਲੇ 5 ਵੋਟਾਂ ਨਾਲ ਹਾਰ ਮਿਲੀ। ਸਾਰੀਆਂ ਧਿਰਾਂ ਸਹਿਮਤ ਸਨ ਕਿ ਜੇ ਨੌਰਮਨ ਆਪ ਆ ਕੇ ਆਪਣਾ ਪੱਖ ਪੇਸ਼ ਕਰਨਾ ਚਾਹੁੰਦੇ ਹਨ ਤਾਂ ਉਹ ਅਜਿਹਾ ਕਰ ਸਕਦੇ ਹਨ।