ਆਧੁਨਿਕ ਯੰਤਰਾਂ ਨੇ ਖਾ ਲਈਆਂ ਬਾਲ ਖੇਡਾਂ

ਮਨੁੱਖੀ ਜੀਵਨ ਦੀ ਉਮਰ ਦੇ ਹਰ ਪੜਾਅ ਨਾਲ ਵੱਖ-ਵੱਖ ਖੇਡਾਂ ਜੁੜੀਆਂ ਹੋਈਆਂ ਹਨ, ਜੋ ਉਸ ਦੇ ਸਰੀਰਕ ਤੇ ਬੌਧਿਕ ਵਿਕਾਸ ਵਿਚ ਵੱਡਮੁੱਲਾ ਯੋਗਦਾਨ ਪਾਉਂਦੀਆਂ ਹਨ। ਪਰ ਅਜੋਕੇ ਜੀਵਨ ਦਾ ਅਫ਼ਸੋਸਜਨਕ ਪਹਿਲੂ ਇਹ ਹੈ ਕਿ ਸਾਡੀ ਨਵੀਂ ਪੀੜ੍ਹੀ ਦੇ ਸਰਬਪੱਖੀ ਵਿਕਾਸ ‘ਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਬਾਲ ਖੇਡਾਂ ਅਲੋਪ ਹੁੰਦੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਦੀ ਥਾਂ ਆਧੁਨਿਕ ਸੰਚਾਰ ਸਾਧਨਾਂ ਨੇ ਲੈ ਲਈ ਹੈ, ਜੋ ਸਾਡੇ ਬੱਚਿਆਂ ਨੂੰ ਸਿਰਫ ਮਨੋਰੰਜਨ ਦੇ ਸਾਧਨ ਤੋਂ ਸਿਵਾਏ ਕੋਈ ਹੋਰ ਫਾਇਦਾ ਨਹੀਂ ਦਿੰਦੀਆਂ, ਸਗੋਂ ਬਹੁਤ ਸਾਰੇ ਨੁਕਸਾਨ ਵੀ ਕਰ ਰਹੀਆਂ ਹਨ।
ਬਾਲ ਖੇਡਾਂ ਦੀ ਅਹਿਮੀਅਤ : ਕੋਈ ਸਮਾਂ ਸੀ ਪਿੰਡਾਂ-ਸ਼ਹਿਰਾਂ ਦੀਆਂ ਗਲੀਆਂ ‘ਚ ਨਿੱਕੇ-ਨਿੱਕੇ ਬਾਲਾਂ ਦੀਆਂ ਸਵੇਰੇ-ਸ਼ਾਮ ਕਿਲਕਾਰੀਆਂ ਸੁਣਦੀਆਂ ਸਨ। ਬੱਚੇ ਬਹੁਤ ਸਾਰੀਆਂ ਖੇਡਾਂ ਨਾਲ ਆਪਣੇ ਬਚਪਨ ਨੂੰ ਰੰਗੀਨ ਬਣਾਉਂਦੇ ਸਨ ਅਤੇ ਗਲੀਆਂ-ਮੁਹੱਲਿਆਂ ਦੀਆਂ ਰੌਣਕਾਂ ਵੀ ਬਣਦੇ ਸਨ। ਅੱਜ ਤੋਂ ਦੋ ਕੁ ਦਹਾਕੇ ਪਹਿਲਾਂ ਬੱਚੇ ਜਿੱਥੇ ਵੀ ਥੋੜ੍ਹੀ ਜਿਹੀ ਸਾਂਝੀ ਤੇ ਖੁੱਲ੍ਹੀ ਥਾਂ ਮਿਲਦੀ ਸੀ, ਉੱਥੇ ਹੀ ਆਪਣੀਆਂ ਖੇਡਾਂ ਦਾ ਮੈਦਾਨ ਸਿਰਜ ਲੈਂਦੇ ਸਨ। ਕੁਝ ਬੱਚੇ ਪੀਚੋ-ਬੱਕਰੀ ਖੇਡ ਰਹੇ ਹੁੰਦੇ ਸਨ, ਕੁਝ ਬੰਟੇ, ਕੋਈ ਟੋਲੀ ਲੰਗੜਾ ਸ਼ੇਰ, ਕਿਧਰੇ ਲੜਕੀਆਂ ਗੀਟੇ ਖੇਡਣ ‘ਚ ਮਸਤ ਹੁੰਦੀਆਂ ਸਨ। ਥੋੜ੍ਹੀ ਜਿਹੀ ਵੱਡੀ ਉਮਰ ਦੇ ਬੱਚੇ ਬਾਂਦਰ ਕਿਲ੍ਹਾ ਜਾਂ ਪਿੱਠੂ ਖੇਡਦੇ ਨਜ਼ਰੀਂ ਪੈਂਦੇ ਸਨ। ਖੇਡਾਂ ‘ਚ ਮਸਤ ਬੱਚਿਆਂ ਨੂੰ ਤਰਕਾਲਾਂ ਪੈਂਦਿਆਂ ਹੀ ਮਾਵਾਂ ਵਲੋਂ ਮਾਰੀਆਂ ਜਾਂਦੀਆਂ ਹਾਕਾਂ ਬਹੁਤ ਚੁੱਭਦੀਆਂ ਸਨ, ਕਿਉਂਕਿ ਉਨ੍ਹਾਂ ਦਾ ਘਰ ਜਾਣ ਦੀ ਬਜਾਏ ਖੇਡਣ ਨੂੰ ਵਧੇਰੇ ਮਨ ਕਰਦਾ ਹੁੰਦਾ ਸੀ। ਬਾਲ ਖੇਡਾਂ ਮਨੁੱਖੀ ਜੀਵਨ ਦੇ ਸਭ ਤੋਂ ਸੁਨਹਿਰੀ ਤੇ ਬੇਫਿਕਰੇ ਪੜਾਅ ਬਚਪਨ ਦਾ ਸਭ ਤੋਂ ਮਨੋਰੰਜਕ ਪੱਖ ਸਾਬਤ ਹੁੰਦੀਆਂ ਸਨ। ਇਨ੍ਹਾਂ ਖੇਡਾਂ ਨਾਲ ਜਿੱਥੇ ਬੱਚੇ ਦਾ ਸਰੀਰਕ ਵਿਕਾਸ ਹੁੰਦਾ ਹੈ, ਉੱਥੇ ਉਸ ਦਾ ਸਮਾਜਿਕ ਵਿਕਾਸ ਵੀ ਹੁੰਦਾ ਹੈ। ਬਾਲ ਖੇਡਾਂ ਦੌਰਾਨ ਬੱਚਿਆਂ ‘ਚ ਅਜਿਹੀ ਆਪਸੀ ਸਾਂਝ ਪੈਦਾ ਹੁੰਦੀ ਹੈ, ਜੋ ਉਨ੍ਹਾਂ ਦੀ ਉਮਰ ਦੇ ਆਖਰੀ ਪੜਾਅ ਤੱਕ ਦੋਸਤੀ ਦੇ ਰੂਪ ‘ਚ ਕਾਇਮ ਰਹਿੰਦੀ ਹੈ। ਇਸ ਦੇ ਨਾਲ ਹੀ ਬੱਚਿਆਂ ‘ਚ ਟੀਮ ਭਾਵਨਾ ਪੈਦਾ ਹੁੰਦੀ ਹੈ। ਬਾਲ ਖੇਡਾਂ ਰਾਹੀਂ ਬੱਚਿਆਂ ਦਾ ਬੌਧਿਕ ਵਿਕਾਸ ਵੀ ਹੁੰਦਾ ਹੈ। ਬੱਚਿਆਂ ‘ਚ ਫੈਸਲੇ ਲੈਣ ਦੀ ਤਾਕਤ ਆਉਂਦੀ ਹੈ। ਉਹ ਵਿਰੋਧੀਆਂ ਨਾਲ ਮੁਕਾਬਲਾ ਕਰਨ ਦੇ ਸਮਰੱਥ ਬਣਦੇ ਹਨ। ਬੱਚੇ ਖੇਡਾਂ ਦੌਰਾਨ ਜਾਤ-ਪਾਤ, ਊਚ-ਨੀਚ ਤੇ ਹਰ ਕਿਸਮ ਦੀ ਵਿਤਕਰੇਬਾਜ਼ੀ ਭੁੱਲ ਕੇ, ਇਕਜੁੱਟ ਹੋ ਕੇ ਰਹਿਣਾ ਸਿੱਖਦੇ ਹਨ। ਬਾਲ ਖੇਡਾਂ ਨਾਲ ਥੱਕੇ-ਟੁੱਟੇ ਬੱਚੇ ਚੰਗੀ ਖੁਰਾਕ ਵੀ ਖਾਂਦੇ ਸਨ ਅਤੇ ਥਕਾਵਟ ਕਾਰਨ ਨੀਂਦ ਵੀ ਪੂਰੀ ਸੌਂਦੇ ਸਨ। ਇਸ ਤਰ੍ਹਾਂ ਬਾਲ ਖੇਡਾਂ ਬੱਚੇ ਦਾ ਸਰੀਰਿਕ, ਬੌਧਿਕ ਤੇ ਸਮਾਜਿਕ ਵਿਕਾਸ ਕਰਨ ‘ਚ ਅਹਿਮ ਭੂਮਿਕਾ ਨਿਭਾਉਂਦੀਆਂ ਸਨ।
ਅਜੋਕੀਆਂ ਖੇਡਾਂ : ਅਜੋਕੇ ਯੁੱਗ ‘ਚ ਸਾਡੀਆਂ ਗਲੀਆਂ ‘ਚ ਬਾਲਾਂ ਦੀਆਂ ਕਿਲਕਾਰੀਆਂ ਸੁਣਨ ਨੂੰ ਨਹੀਂ ਮਿਲਦੀਆਂ। ਇਸ ਦਾ ਕਾਰਨ ਇਹ ਹੈ ਕਿ ਅੱਜਕਲ੍ਹ ਦੇ ਮਾਪੇ ਆਪਣੇ ਬੱਚਿਆਂ ਨੂੰ ਘਰਾਂ ਤੋਂ ਬਾਹਰ ਨਿਕਲਣ ਨਹੀਂ ਦਿੰਦੇ ਅਤੇ ਉਨ੍ਹਾਂ ਨੂੰ ਆਧੁਨਿਕ ਸੰਚਾਰ ਸਾਧਨਾਂ ‘ਚ ਉਲਝੇ ਰਹਿਣ ਲਈ ਮਜਬੂਰ ਕਰ ਰਹੇ ਹਨ। ਅਜੋਕੇ ਬੱਚੇ ਟੀ.ਵੀ., ਕੰਪਿਊਟਰ, ਫੋਨ ਅਤੇ ਵੀਡੀਓ ਗੇਮਜ਼ ਖੇਡਣ ‘ਚ ਗੁਲਤਾਨ ਰਹਿੰਦੇ ਹਨ। ਆਧੁਨਿਕ ਸੰਚਾਰ ਸਾਧਨਾਂ ‘ਚ ਅਜਿਹੀਆਂ ਖੇਡਾਂ ਮੌਜੂਦ ਹਨ, ਜਿਨ੍ਹਾਂ ਨੂੰ ਬੱਚਾ ਇਕੱਲਾ ਹੀ ਖੇਡ ਸਕਦਾ ਹੈ। ਇਨ੍ਹਾਂ ਖੇਡਾਂ ਨਾਲ ਭਾਵੇਂ ਬੱਚਾ ਰੁੱਝਿਆ ਰਹਿੰਦਾ ਹੈ ਪਰ ਉਹ ਆਪਣੀ ਜ਼ਿੰਦਗੀ ਦਾ ਅਹਿਮ ਪੜਾਅ ਬਚਪਨ ਸਿਰਫ ਡਿਜੀਟਲ ਸਾਧਨਾਂ ਦੇ ਹਵਾਲੇ ਹੀ ਕਰ ਰਿਹਾ ਹੈ। ਅੱਜ ਹਰੇਕ ਤੀਸਰੇ ਬੱਚੇ ਦੇ ਨਜ਼ਰ ਦੀ ਐਨਕ ਲੱਗੀ ਹੋਈ ਹੈ, ਜਿਸ ਦਾ ਕਾਰਨ ਵੀ ਸੰਚਾਰ ਸਾਧਨਾਂ ਦੀ ਲੋੜ ਤੋਂ ਜ਼ਿਆਦਾ ਵਰਤੋਂ ਹੈ। ਦੂਸਰੀ ਗੱਲ ਬੱਚੇ ਇਕ ਥਾਂ ‘ਤੇ ਘੰਟਿਆਂਬੱਧੀ ਬੈਠੇ ਰਹਿਣ ਕਾਰਨ ਜਾਂ ਤਾਂ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ ਜਾਂ ਖਾਣ-ਪੀਣ ਵੱਲ ਘੱਟ ਧਿਆਨ ਦੇਣ ਕਾਰਨ ਇਕਹਿਰੇ ਸਰੀਰ ਵਾਲੇ ਬਣ ਰਹੇ ਹਨ। ਦੇਰ ਰਾਤ ਤੱਕ ਫੋਨ ‘ਤੇ ਗੇਮਜ਼ ਖੇਡਣ ਕਾਰਨ ਉਨ੍ਹਾਂ ਦੇ ਖਾਣ-ਪੀਣ ਤੇ ਸੌਣ ਦਾ ਸਮਾਂ ਵੀ ਬੇਤਰਤੀਬਾ ਹੋ ਗਿਆ ਹੈ। ਇਸ ਤੋਂ ਇਲਾਵਾ ਬੱਚਿਆਂ ‘ਚ ਇਕੱਲੇ ਰਹਿਣ ਦੀ ਪ੍ਰਵਿਰਤੀ ਭਾਰੂ ਹੋ ਰਹੀ ਹੈ। ਉਹ ਘਰਾਂ ਤੋਂ ਬਾਹਰ ਨਾ ਜਾਣ ਕਾਰਨ ਆਪਸੀ ਸਾਂਝ ਤੇ ਟੀਮ ਭਾਵਨਾ ਵਰਗੇ ਗੁਣਾਂ ਤੋਂ ਸੱਖਣੇ ਬਣ ਰਹੇ ਹਨ। ਇਸ ਤੋਂ ਇਲਾਵਾ ਅਜੋਕੇ ਬੱਚੇ ਬਹੁਤ ਸਾਰੇ ਸਮਾਜਿਕ ਸਰੋਕਾਰਾਂ ਤੋਂ ਦੂਰ ਜਾ ਰਹੇ ਹਨ। ਅਜੋਕੇ ਯੁੱਗ ਦੀਆਂ ਘਰਾਂ ‘ਚ ਬੈਠ ਕੇ ਖੇਡੀਆਂ ਜਾਣ ਵਾਲੀਆਂ ਖੇਡਾਂ ਬੱਚਿਆਂ ਨੂੰ ਸਰੀਰਕ, ਮਾਨਸਿਕ ਤੇ ਸਮਾਜਿਕ ਪੱਖੋਂ ਖੋਖਲੇ ਬਣਾ ਰਹੀਆਂ ਹਨ।
ਸਮੇਂ ਦੀ ਮੰਗ : ਸਾਡੀ ਅਗਲੀ ਪੀੜ੍ਹੀ ਨੂੰ ਹਰ ਪੱਖੋਂ ਮਜ਼ਬੂਤ ਬਣਾਉਣ ਲਈ ਬਾਲ ਖੇਡਾਂ ਬਹੁਤ ਜ਼ਰੂਰੀ ਹਨ। ਮਾਪਿਆਂ ਨੂੰ ਇਕ ਜਾਂ ਦੋ ਬੱਚਿਆਂ ਦਾ ਬਹਾਨਾ ਬਣਾ ਕੇ, ਬਚਪਨ ਨੂੰ ਘਰਾਂ ‘ਚ ਕੈਦ ਨਹੀਂ ਕਰਨਾ ਚਾਹੀਦਾ। ਆਧੁਨਿਕ ਸੰਚਾਰ ਸਾਧਨਾਂ ਦੀ ਵਰਤੋਂ ਸਿਰਫ ਪੜ੍ਹਾਈ-ਲਿਖਾਈ ਲਈ ਕਰਨੀ ਚਾਹੀਦੀ ਹੈ, ਨਾ ਕਿ ਬੱਚਿਆਂ ਨੂੰ ਸੰਭਾਲਣ ਲਈ। ਬੱਚਿਆਂ ਨੂੰ ਨਿੱਗਰ ਮਨੋਰੰਜਨ ਅਤੇ ਸੇਧ ਦੇਣ ਲਈ ਬਾਲ ਖੇਡਾਂ ਬਹੁਤ ਜ਼ਰੂਰੀ ਹਨ। ਸਾਡੇ ਵਿੱਦਿਅਕ ਪਾਠਕ੍ਰਮ ਦਾ ਵੀ ਇਨ੍ਹਾਂ ਨੂੰ ਹਿੱਸਾ ਬਣਾਇਆ ਜਾਣਾ ਸਮੇਂ ਦੀ ਮੰਗ ਹੈ।

ਪਟਿਆਲਾ। ਮੋਬਾ: 97795-9057

Leave a Reply

Your email address will not be published. Required fields are marked *