ਜਾਂਚ ਟੀਮ ਦਾ ਦਾਅਵਾ-ਸੁਖਬੀਰ, ਸੈਨੀ ਤੇ ਰਾਮ ਰਹੀਮ ਨੇ ਰਚੀ ਸੀ ਪੰਜਾਬ ਵਿਚ ਬੇਅਦਬੀ ਦੀ ਸਾਜ਼ਿਸ਼

ਫਰੀਦਕੋਟ : ਅਕਤੂਬਰ 2015 ਵਿਚ ਬਰਗਾੜੀ ਸਮੇਤ ਹੋਰਨਾਂ ਥਾਵਾਂ ‘ਤੇ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਸਾਜ਼ਿਸ਼ ਉਸ ਵੇਲੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਧ ਸੈਨੀ ਤੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੇ ਹੀ ਰਚੀ ਸੀ। ਇਹ ਦਾਅਵਾ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿਟ) ਵਲੋਂ ਜੇਐਮਆਈਸੀ ਏਕਤਾ ਉੱਪਲ ਦੀ ਅਦਾਲਤ ਵਿਚ ਦਾਇਰ ਚਾਰਜਸ਼ੀਟ ਵਿਚ ਕੀਤਾ ਗਿਆ ਹੈ। ਸਿਟ ਨੇ ਬਰਗਾੜੀ ਵਿਚ ਬੇਅਦਬੀ ਦੀ ਘਟਨਾ ਮਗਰੋਂ ਕੋਟਕਪੂਰਾ ਵਿਚ ਹੋਏ ਗੋਲੀਕਾਂਡ ਵਿਚ ਦਾਇਰ ਚਾਰਜਸ਼ੀਟ ਵਿਚ ਕਈ ਗੰਭੀਰ ਸਵਾਲ ਖੜ•ੇ ਕੀਤੇ ਹਨ।
ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਤੱਤਕਾਲੀ ਪੰਜਾਬ ਸਰਕਾਰ ਨੇ 10 ਅਕਤੂਬਰ 2015 ਨੂੰ ਸੂਬੇ ਦੇ ਇੰਟੈਲੀਜੈਂਸ ਚੀਫ਼ ਐਚਐਸ. ਢਿਲੋਂ ਦਾ ਤਬਾਦਲਾ ਕਰ ਦਿੱਤਾ ਸੀ। ਉਨ•ਾਂ ਦੀ ਥਾਂ ਡੀਆਈਜੀ ਰੈਂਕ ਦੇ ਅਧਿਕਾਰੀ ਆਰ.ਕੇ. ਜਾਯਸਵਾਲ ਨੂੰ ਇੰਟੈਲੀਜੈਂਸ ਦਾ ਚੀਫ਼ ਨਿਯੁਕਤ ਕੀਤਾ ਗਿਆ, ਜੋ ਡਾਇਰੈਕਟ ਡੀਜੀਪੀ ਪੰਜਾਬ ਨੂੰ ਰਿਪੋਰਟ ਕਰਨ ਲੱਗੇ ਸਨ। ਸਿਟ ਅਨੁਸਾਰ ਇੰਟੈਲੀਜੈਂਸ ਚੀਫ਼ ਦੇ ਤਬਾਦਲੇ ਮਗਰੋਂ ਹੀ ਮਹਿਜ਼ 20 ਦਿਨਾਂ ਵਿਚ ਬਰਗਾੜੀ ਸਮੇਤ ਸੂਬੇ ਭਰ ਦੇ ਵੱਖ ਵੱਖ ਹਿੱਸਿਆਂ ਵਿਚ ਬੇਅਦਬੀ ਦੀਆਂ 15 ਘਟਨਾਵਾਂ ਸਾਹਮਣੇ ਆਈਆਂ ਸਨ।