ਅਣਥਕ ਯੋਧਾ ਕਵੀ – ਹੋ ਚੀ ਮਿੰਨ੍ਹ

ਵੀਅਤਨਾਮ ਦਾ ਅਣਥੱਕ ਯੋਧਾ ਤੇ ਨੀਤੀਵਾਨ ਸੀ ਹੋ ਚੀ ਮਿੰਨ੍ਹ, ਜਿਸਦੇ ਦਿਲ ਵਿਚ ਅਪਣੀ ਜਨਮਭੂਮੀ ਨਾਲ ਅਥਾਹ ਪਿਆਰ ਅਤੇ ਕਮਿਊਨਿਸਟ ਵਿਚਾਰਧਾਰਾ ਨਾਲ ਇਸ਼ਕ ਦੀ ਅਗਨੀ ਦੀਆਂ ਲਾਟਾਂ ਇੱਕੋ ਜਿੰਨੀ ਊਰਜਾ ਨਾਲ ਪ੍ਰਚੰਡ ਸਨ।
ਹੋਰ ਬਹੁਤ ਸਾਰੇ ਪੂਰਬੀ ਦੇਸਾਂ ਵਾਂਗ ਉਹਦਾ ਦੇਸ ਵੀ ਕਈ ਸਦੀਆਂ ਪੱਛਮੀ ਤਾਕਤਾਂ ਦੀ ਗੁਲਾਮੀ ਹੇਠ ਦਰੜ ਹੁੰਦਾ ਰਿਹਾ ਜਿਨ੍ਹਾਂ ਵਿਚੋਂ ਫਰਾਂਸ ਪ੍ਰਮੁੱਖ ਸੀ। 1890 ਵਿਚ ਜਦੋਂ ਹੋ ਚੀ ਮਿੰਨ੍ਹ ਦਾ ਜਨਮ ਹੋਇਆ ਤਾਂ ਉਹਦਾ ਪਿਤਾ ਫ੍ਰਾਂਸੀਸੀ ਰਾਜ ਪ੍ਰਬੰਧ ਵਿਚ ਸਕੂਲ ਅਧਿਆਪਕ ਦੀ ਨੌਕਰੀ ਕਰਦਾ ਸੀ। ਬੜਾ ਜ਼ਹੀਨ ਸੀ ਉਹ, ਪਰ ਉਹਨੇ ਫਰਾਂਸੀਸੀ ਭਾਸ਼ਾ ਸਿੱਖਣ ਤੋਂ ਕੋਰਾ ਇਨਕਾਰ ਕਰ ਦਿੱਤਾ। ਇਸ ਦਾ ਸਿੱਟਾ ਹੀ ਸੀ ਕਿ ਉਹਨੂੰ ਨੌਕਰੀ ਤੋਂ ਹੱਥ ਧੋਣਾ ਪਿਆ।
ਹੋ ਚੀ ਮਿੰਨ੍ਹ, ਦਾ ਸਾਰੇ ਦਾ ਸਾਰਾ ਟੱਬਰ ਹੀ ਇਨਕਲਾਬੀ ਸੀ। ਭੈਣ ਨੇ ਫਰਾਂਸੀਸੀ ਫੌਜ ਦੀ ਨੌਕਰੀ ਤਾਂ ਕੀਤੀ ਪਰ ਉਹ ਮੌਕਾ ਤਾੜਕੇ ਉਥੋਂ ਹਥਿਆਰ ਚੁਰਾਉਂਦੀ ਰਹੀ। ਫੜੀ ਜਾਣ ‘ਤੇ ਉਹਨੂੰ ਉਮਰ ਕੈਦ ਹੋਈ।
ਹੋ ਚੀ ਮਿੰਨ੍ਹ ਨੇ ਕੁਝ ਦੇਰ ਮਾਸਟਰੀ ਕੀਤੀ, ਫਿਰ ਉਹ ਮਲਾਹ ਭਰਤੀ ਹੋ ਗਿਆ ਜਿਸ ਨਾਲ ਉਹਨੂੰ ਹੋਰ ਗੁਲਾਮ ਦੇਸਾਂ ਵਿਚ ਘੁੰਮਣ ਦਾ ਵੀ ਮੌਕਾ ਮਿਲਿਆ। 1920 ਵਿਚ ਜਦੋਂ ਪੈਰਸ ਵਿਚ ਕਮਿਊਨਿਸਟ ਪਾਰਟੀ ਦੀ ਨੀਂਹ ਰੱਖੀ ਗਈ ਤਾਂ ਹੋ ਉਸਦਾ ਮੁਢਲਾ ਮੈਂਬਰ ਸੀ। ਇਸ ਸਮੇਂ ਉਹ ਪੂਰੀ ਤਰ੍ਹਾਂ ਮਾਰਕਸਵਾਦ ਨੂੰ ਪ੍ਰਣਾਇਆ ਗਿਆ ਸੀ।
ਇਸ ਸਮੇਂ ਤੋਂ ਪਹਿਲਾਂ ਉਹ ਨੀਊ ਯਾਰਕ ਅਤੇ ਲੰਡਨ ਵਿਚ ਕਦੇ ਸ਼ੈਫ ਅਤੇ ਕਦੇ ਵੇਟਰ ਦੀਆਂ ਨਿਗੂਣੀਆਂ ਨੌਕਰੀਆਂ ਕਰ ਚੁੱਕਾ ਸੀ। ਇਸੇ ਲਈ ਉਹਨੂੰ ਆਮ ਮਨੁੱਖ ਦੇ ਦੁੱਖਾਂ ਸੁੱਖਾਂ ਦਾ ਡੂੰਘਾ ਅਨੁਭਵ ਸੀ।
ਬਹੁਤ ਲੰਮਾ ਸੰਘਰਸ਼ ਸੀ ਉਹਦਾ ਜੀਵਨ। ਸੰਸਾਰ ਦੀਆਂ ਵੱਡੀਆਂ ਤਾਕਤਾਂ, ਖਾਸ ਕਰ ਅਮਰੀਕਾ ਨਾਲ ਕਈ ਦਹਾਕੇ ਜੂਝਣਾ, ਹੋ ਚੀ ਮਿੰਨ੍ਹ ਦੀ ਅਗਵਾਈ ਵਿਚ ਵੀਅਤਨਾਮ ਦੇ ਗੁਰੀਲਿਆਂ ਦੇ ਹਿੱਸੇ ਆਇਆ ਸੀ। ਉਸਦੀਆਂ ਨੀਤੀਆਂ ਦਾ ਹੀ ਚਮਤਕਾਰ ਸੀ ਕਿ ਅਮਰੀਕਾ ਇਸ ਨਿੱਕੇ ਜਹੇ ਦੇਸ ਨੂੰ ਹਰਾ ਨਾ ਸਕਿਆ।
ਬਹੁਤ ਘੱਟ ਲੋਕ ਜਾਣਦੇ ਹਨ ਕਿ ਕਾਮਰੇਡ ਹੋ ਚੀ ਮਿੰਨ੍ਹ ਨੇ ਪਹਿਲੀਆਂ ਵਿਚ ਕਵਿਤਾਵਾਂ ਵੀ ਲਿਖੀਆਂ ਸਨ। ਕਈ ਵਾਰੀ ਜੇਲ੍ਹ ਯਾਤਰਾ ਵੀ ਕਰਨੀ ਪਈ ਤੇ ਇਸ ਸਮੇਂ ਵੀ ਕਵਿਤਾ ਦਾ ਲੜ ਫੜੀ ਰੱਖਿਆ। ਕਵਿਤਾਵਾਂ ਨਿੱਕੀਆਂ ਹਨ ਪਰ ਇਨ੍ਹਾਂ ਵਿਚੋਂ ਸਿਰੜੀ ਅਤੇ ਆਮ ਲੋਕਾਂ ਦੇ ਦੁੱਖਾਂ ਸੁੱਖਾਂ ਨਾਲ ਪਰਨਾਏ ਹੋਏ ਮਨ ‘ਤੇ ਝਾਤ ਪੈਂਦੀ ਹੈ।
ਸਤੰਬਰ 1969 ਵਿਚ ਜਦੋਂ ਉਹਦੀ ਮੌਤ ਹੋਈ ਤਾਂ ਵੀਅਤਨਾਮ ਦੇ ਵੱਡੇ ਸ਼ਹਿਰ ‘ਸਾਏਗੌਨ’ ਦਾ ਨਾਮ ‘ਹੋ ਚੀ ਮਿੰਨ੍ਹ ਸਿਟੀ’ ਰੱਖਿਆ ਗਿਆ। ਦੱਖਣੀ ਵੀਅਤਨਾਮ ‘ਤੇ ਕਮਿਊਨਿਸਟਾਂ ਦਾ ਕਬਜ਼ਾ ਹੋਇਆ ਤਾਂ ਫੌਜੀਆਂ ਨੇ ਅਪਣੇ ਟੈਂਕਾਂ ‘ਤੇ ਲਿਖਿਆ ਹੋਇਆ ਸੀ- ਤੂੰ ਹਮੇਸ਼ਾ ਸਾਡੇ ਨਾਲ ਰਿਹਾ ਏਂ, ਚਾਚਾ ਹੋ।
ਸਾਹਿਤ ਰਚਨਾ ਬਾਰੇ ਉਸ ਨੇ ਐਲਾਨਿਆ ਸੀ, ‘ਲਿਖੋ ਤਾਂ ਇਸ ਤਰ੍ਹਾਂ ਲਿਖੋ ਕਿ ਹਰ ਮਰਦ, ਔਰਤ ਅਤੇ ਇਥੋਂ ਤੱਕ ਕਿ ਬੱਚਿਆਂ ਨੂੰ ਵੀ ਤੁਹਾਡੀ ਗੱਲ ਸਮਝ ਆ ਸਕੇ’।
ਹੋ ਚੀ ਮਿੰਨ੍ਹ ਦੀਆਂ ਚੋਣਵੀਆਂ ਕਵਿਤਾਵਾਂ
ਪੰਜਾਬੀ ਰੂਪ : ਅਵਤਾਰ ਜੰਡਿਆਲਵੀ
ਸੁਣੋ
ਉਖਲੀ ‘ਚ ਮੋਹਲੇ ਹੇਠ ਆਏ
ਕਿੰਨੇ ਦੁਖੀ ਹੁੰਦੇ ਹਨ ਚੌਲਾਂ ਦੇ ਦਾਣੇ,
ਪਰ ਸੱਟਾਂ ਖਾ ਕੇ ਨਿਖਰਦਾ ਹੈ
ਉਨ੍ਹਾਂ ਦਾ ਰੰਗ,
ਚਿੱਟਾ, ਜਿਵੇਂ ਰੂੰਅ ਦਾ ਹੋਵੇ।
ਇਵੇਂ ਹੀ ਹੁੰਦਾ ਹੈ
ਦੁਨੀਆ ਵਿੱਚ ਮਨੁੱਖਾਂ ਨਾਲ,
ਔਖੀਆਂ ਘੜੀਆਂ ਉਨ੍ਹਾਂ ਨੂੰ
ਹੀਰਿਆਂ ਵਾਂਗ ਚਮਕਾ ਦਿੰਦੀਆਂ ਹਨ ।
ਕਵਿਤਾਵਾਂ ਪੜ੍ਹਦਿਆਂ
ਬੀਤ ਗਏ ਸਮੇਂ
ਜਦੋਂ ਕੁਦਰਤ ਦੇ ਗੁਣ ਗਾਉਂਦੇ ਸਨ ਕਵੀ।
ਖਿੜੇ ਫੁੱਲਾਂ ਬਾਰੇ ਸ਼ੇਅਰ ਕਹਿੰਦੇ ਸਨ,
ਚੰਦ ਦੀ ਚਾਨਣੀ, ਬਰਫ, ਹਵਾ, ਧੁੰਦ,
ਦਾ ਹੁਸਨ ਮਾਣਦੇ ਸਨ,
ਲਿਖਦੇ ਸਨ ਨਦੀਆਂ, ਪਹਾੜਾਂ ਦੇ ਗੀਤ ।
ਪਰ ਸਾਡੇ ਸਮਿਆਂ ‘ਚ
ਲੋਹੇ ਦੀਆਂ ਚਾਹੀਦੀਆਂ ਹਨ ਕਵਿਤਾਵਾਂ,
ਤੇ ਕਵੀ ਚਾਹੀਦੇ ਹਨ
ਲੜਾਈ ਦੇ ਮੋਰਚਿਆਂ ‘ਚ
ਸਭ ਤੋਂ ਅਗਲੀ ਕਤਾਰ ਵਿੱਚ।
ਪੱਤਝੜ ਦੀ ਰਾਤ
ਗੇਟ ‘ਤੇ ਖਲੋਤੇ ਹਨ ਗਾਰਡ
ਅਪਣੀਆਂ ਰਫਲਾਂ ਸੰਭਾਲੀ,
ਉਪਰ ਖਿਲਰੇ ਹੋਏ ਬੱਦਲ
ਤਿਲਕਦੇ ਜਾਂਦੇ ਹਨ ਚੰਦ ਨਾਲ।
ਬਿਸਤਰਿਆਂ ਵਿਚ ਪਿੱਸੂ
ਟੈਂਕਾਂ ਵਾਂਗ ਦੌੜਾਂ ਲਾਉਂਦੇ ਹਨ।
ਫੌਜੀ ਦਸਤਿਆਂ ਵਾਂਗ ਮੱਛਰ
ਕੱਠੇ ਹੁੰਦੇ ਤੇ ਏਧਰ ਓਧਰ ਘੁੰਮ ਜਾਂਦੇ ਹਨ।
ਮੇਰਾ ਦਿਲ ਹਜ਼ਾਰਾਂ ਮੀਲ ਦੂਰ
ਮੇਰੀ ਧਰਤੀ ‘ਤੇ ਪਹੁੰਚ ਜਾਂਦਾ ਹੈ।
ਉਦਾਸੀ ਮੇਰੇ ਸੁਪਨਿਆਂ ਦੀ ਤਾਣੀ
ਉਲਝਾ ਦਿੰਦੀ ਹੈ।
ਬੇਕਸੂਰ ਹਾਂ ਮੈਂ
ਪਰ ਸਾਰਾ ਸਾਲ ਜਕੜਿਆ ਰਿਹਾ ਹਾਂ
ਜ਼ੰਜੀਰ ਵਿਚ।
ਡਿਗਦੇ ਹੋਏ ਹੰਝੂਆਂ ਨਾਲ
ਮੈਂ ਹੋਰ ਕਵਿਤਾ ਲਿਖਦਾ ਹਾਂ,
ਬੰਦੀ ਜੀਵਨ ਬਾਰੇ ।
ਜੇਲ੍ਹ ਵਿਚ ਲਿਖੀਆਂ ਕਵਿਆਵਾਂ
ਕਾਮਰੇਡ ਦਾ ਕੰਬਲ
ਨਵੀਆਂ ਕਿਤਾਬਾਂ, ਪੁਰਾਣੀਆਂ ਕਿਤਾਬਾਂ,
ਇਕੱਠੇ ਕੀਤੇ ਹੋਏ ਵਰਕੇ,
ਕਾਗਜ਼ ਦਾ ਕੰਬਲ
ਚੰਗਾ ਹੈ ਅਸਲੀ ਕੰਬਲ ਨਾਲੋਂ।
ਤੁਸੀਂ ਜੋ ਸਰਦੀ ਤੋਂ ਬਚੇ
ਰਾਜਕੁਮਾਰਾਂ ਵਾਂਗ ਸੌਂਦੇ ਹੋ।
ਜਾਣਦੇ ਹੋ ਕੀ, ਕਿ ਜੇਲ੍ਹ ‘ਚ
ਕਿੰਨੇ ਲੋਕ ਹਨ
ਜਿਨ੍ਹਾਂ ਨੂੰ ਨੀਂਦ ਹੀ ਨਹੀਂ ਆਉਂਦੀ।
ਨਿੱਖਰੀ ਸਵੇਰ
ਸਵੇਰ ਦੀ ਨਿਖਰੀ ਹੋਈ ਧੁੱਪ
ਜੇਲ੍ਹ ਦੀ ਕੰਧ ‘ਤੇ ਚਮਕੀ ਹੈ।
ਪ੍ਰਛਾਵੇਂ ਅਲੋਪ ਹੋ ਗਏ ਹਨ
ਤੇ ਬੇਘਰੇ ਹੋਣ ਦਾ ਅਹਿਸਾਸ ਵੀ।
ਜੀਵਨ-ਦਾਤੀ ਰਿਵੀ ਧਰਤੀ ‘ਤੇ ਵਗੀ ਹੈ,
ਕੈਦੀਆਂ ਦਿਆਂ ਚਿਹਰਿਆਂ ‘ਤੇ
ਫੈਲ ਗਈ ਹੈ
ਧੁੱਪ ਵਰਗੀ ਮੁਸਕਾਨ।
ਆ ਰਹੇ ਚੰਗੇ ਦਿਨ
ਹਰ ਸ਼ੈਅ ਬਦਲਦੀ ਹੈ,
ਲਗਾਤਾਰ ਘੁੰਮਦਾ ਹੈ ਕਾਨੂੰਨ ਦਾ ਪਹੀਆ।
ਮੀਂਹ ਹਟਦਾ ਹੈ ਤਾਂ ਧੁੱਪ ਨਿਕਲਦੀ ਹੈ,
ਪਲਕ ਝਪਕਦਿਆਂ ਹੀ ਧਰਤੀ
ਲਿਬੜੇ ਹੋਏ ਕੱਪੜੇ ਬਦਲ ਲੈਂਦੀ ਹੈ।
ਮੀਲਾਂ ਤੱਕ ਫੈਲਿਆ ਧਰਤ-ਨਜ਼ਾਰਾ
ਰੰਗਲੀ ਜ਼ਰੀ ਵਾਂਗ ਲਗਦਾ ਹੈ।
ਕੂਲੀ ਕੂਲੀ ਧੁੱਪ, ਹਲਕੀ ਜਿਹੀ ਰਿਵੀ
ਮੁਸਕਰਾਉਂਦੇ ਹੋਏ ਫੁੱਲ
ਚਮਕੀਲੇ ਪੱਤਿਆਂ ਵਿਚਕਾਰ ਲਟਕਦੇ ਹਨ।
ਸਭ ਪਰਿੰਦੇ ਇਕੱਠੇ ਗਾਉਣ ਲਗਦੇ ਹਨ।
ਮਨੁੱਖ ਤੇ ਪਸ਼ੂ ਦੁਬਾਰਾ ਜੀਅ ਪੈਂਦੇ ਹਨ।
ਇਸ ਤੋਂ ਹੋਰ ਚੰਗਾ ਕੀ ਹੋ ਸਕਦਾ ਹੈ,
ਗ਼ਮੀ ਤੋਂ ਬਾਅਦ ਖੁਸ਼ੀ ਨੇ ਆਉਣਾ ਹੀ ਤਾਂ ਹੋਇਆ।
ਠੰਡੀ ਰਾਤ
ਪੱਤਝੜ ਦੀ ਠੰਡੀ ਰਾਤ
ਕੋਈ ਗਦੇਲਾ ਨਹੀਂ, ਨਾ ਹੀ ਕੋਈ ਚਾਦਰ।
ਕਿੱਥੇ ਉੜ ਗਈ ਨੀਂਦ
ਆਕੜ ਗਈਆਂ ਹਨ ਲੱਤਾਂ ਤੇ ਸਰੀਰ।
ਕਕਰਾਏ ਹੋਏ ਕੇਲੇ ਦੇ ਪੱਤਿਆਂ ‘ਤੇ
ਚਮਕਾਂ ਮਾਰਦਾ ਹੈ ਚੰਦ ।
ਮੇਰੀ ਕੋਠੜੀ ਦੀਆਂ ਸੀਖਾਂ ਤੋਂ ਬਾਹਰ
ਡੰਡੇ ‘ਤੇ ਲਟਕ ਰਿਹਾ ਹੈ ਰਿੱਛ।
ਜੀਵਨ ਦਾ ਕਠਨ ਪੈਂਡਾ
ਉਚਿਆਂ ਪਹਾੜਾਂ ‘ਤੇ ਖੱਡਾਂ ਵਿਚ ਘੁੰਮਣ ਬਾਅਦ
ਮੈਨੂੰ ਮੈਦਾਨਾਂ ‘ਚ ਖ਼ਤਰੇ ਦੀ ਉਮੀਦ ਕਿਵੇਂ ਹੋਵੇ,
ਪਹਾੜਾਂ ਵਿਚ ਤਾਂ ਮੈਨੂੰ ਸ਼ੇਰਾਂ ਨੇ ਕੁਝ ਨਾ ਕਿਹਾ,
ਏਥੇ ਮੈਦਾਨਾਂ ‘ਚ ਮੈਨੂੰ ਉਹ ਬੰਦੇ ਮਿਲੇ
ਜਿਨ੍ਹਾਂ ਮੈਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਕਰ ਦਿੱਤਾ।
ਮੈਂ, ਵੀਅਤਨਾਮ ਦੇ ਲੋਕਾਂ ਦਾ ਡੈਲੀਗੇਟ,
ਚੀਨ ਦੇ ਕਿਸੇ ਅਫਸਰ ਨੂੰ ਮਿਲਣ ਜਾ ਰਿਹਾਂ।
ਫੇਰ ਚੰਗੇ ਭਲੇ ਸ਼ਾਂਤ ਮਾਹੌਲ ਵਿਚ
ਕਿਉਂ ਆ ਗਿਆ ਭੁਚਾਲ,
ਤੇ ਮੇਰਾ ਸੁਆਗਤ ਜੇਲ੍ਹ ਕੋਠੜੀ ਨਾਲ ਕੀਤਾ ਗਿਆ।
ਮੇਰੇ ਵਰਗਾ ਸਾਊ ਮਨੁੱਖ ਜਿਹਨੂੰ ਕੋਈ ਪਛਤਾਵਾ ਨਹੀਂ
ਸ਼ੱਕ ਹੈ ਉਨ੍ਹਾਂ ਨੂੰ ਕਿ ਮੈਂ ਚੀਨ ਦੀ ਜਾਸੂਸੀ ਕਰਦਾਂ,
ਜੀਵਨ ਦੇ ਪੈਂਡੇ ਤਾਂ ਪਹਿਲਾਂ ਹੀ ਔਖੇ ਸਨ,
ਤੇ ਹੁਣ ਹੋਰ ਵੀ ਹੋ ਗਏ ਨੇ ਮੁਸ਼ਕਲ।
ਗੁਜ਼ਰ ਗਏ ਚਾਰ ਮਹੀਨੇ
ਕਿਹਾ ਸੀ ਕਿਸੇ ਨੇ-
‘ਜ੍ਹੇਲ ਦਾ ਇੱਕ ਦਿਨ,
ਹਜ਼ਾਰਾਂ ਸਾਲਾਂ ਵਰਗਾ ਹੁੰਦਾ ਹੈ।’
ਕਿੰਨਾ ਸਹੀ ਸੀ ਉਹ।
਼ਲਗਦਾ ਹੈ ਚਾਰ ਮਹੀਨੇ ਦੀ ਕੈਦ ਨੇ
ਮੈਨੂੰ ਕਈ ਦਹਾਕੇ ਬੁੱਢਾ ਕਰ ਦਿੱਤਾ ਹੈ।
ਚਾਰ ਮਹੀਨੇ ਮੈਂ ਜੀਵਿਆ ਹਾਂ ਕਿਸੇ ਚੀਜ਼ ਤੋਂ ਬਿਨਾਂ,
ਚਾਰ ਮਹੀਨੇ ਮੈਨੂੰ ਨੀਂਦ ਨਹੀਂ ਆਈ,
ਪੂਰੇ ਚਾਰ ਮਹੀਨੇ ਮੈਂ ਕੱਪੜੇ ਨਹੀਂ ਬਦਲੇ,
ਚਾਰ ਮਹੀਨੇ ਤੋਂ ਮੈਂ ਨਹਾਤਾ ਨਹੀਂ।
ਹੌਲੀ ਹੌਲੀ ਝੜ ਗਏ ਹਨ ਮੇਰੇ ਦੰਦ,
ਵਾਲ ਵੀ ਜਿੰਨੇ ਰਹੇ ਉਹ ਬੱਗੇ ਹੋ ਗਏ,
ਸਾਰੇ ਸਰੀਰ ‘ਤੇ ਪਈ ਹੈ ਖੁਰਕ
ਮੈਂ ਕਾਲਾ ਤੇ ਪਤਲਾ ਹਾਂ ਭੁੱਖੇ ਭੂਤ ਵਾਂਗ।
ਪਰ ਮੈਂ ਚੀੜ੍ਹਾ ਹਾਂ ਤੇ ਪੱਕਾ,
ਮੈਂ ਜ਼ਰਾ ਵੀ ਨਹੀਂ ਹਿੱਲਿਆ।
ਦੁੱਖ ਹੈ ਮੇਰੇ ਸਰੀਰ ਨੂੰ
ਪਰ ਮੇਰੀ ਰੂਹ ਹੈ ਚਟਾਨ ਵਰਗੀ ।
ਸੂਰ ਚੁੱਕੀ ਜਾਂਦੇ ਨੇ ਗਾਰਡ
ਅਪਣੇ ਮੋਢਿਆਂ ‘ਤੇ ਇੱਕ ਸੂਰ
ਚੁੱਕੀ ਜਾਂਦੇ ਨੇ ਗਾਰਡ,
ਤੇ ਨਾਲ ਮੈਨੂੰ ਵੀ ਧੂਈ ਜਾਂਦੇ।
ਮਨੁੱਖ ਦੀ ਜਦੋਂ ਖੁੱਸ ਜਾਏ ਆਜ਼ਾਦੀ,
ਤਾਂ ਸੂਰ ਵਰਗਾ ਈ ਵਤੀਰਾ ਹੁੰਦਾ ਹੈ ਉਹਦੇ ਨਾਲ।
ਦੁਨੀਆ ਦੀਆਂ ਸਭ ਗਮੀਆਂ ਤੇ ਦੁੱਖਾਂ ਨਾਲੋਂ
ਸਭ ਤੋਂ ਵੱਡਾ ਹੈ ਆਜ਼ਾਦੀ ਦਾ ਖੋਹ ਜਾਣਾ।
ਤੁਹਾਨੂੰ ਨਹੀਂ ਰਹਿੰਦਾ ਕੁਝ ਵੀ ਕਰਨ ਦਾ ਹੱਕ,
ਤੇ ਹੱਕੇ ਜਾਂਦੇ ਹੋ ਤੁਸੀਂ ਭੇਡਾਂ ਬਕਰੀਆਂ ਵਾਂਗ।