”ਦਿੱਲੀ ਨੂੰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਚਾਹੁੰਦਾ ਹਾਂ…”- ਖੁਸ਼ਵੰਤ ਸਿੰਘ

2 ਫਰਵਰੀ, 1915 ਨੂੰ ਜਨਮੇ ਸ. ਖ਼ੁਸ਼ਵੰਤ ਸਿੰਘ ਭਾਵੇਂ ਮੂਲ ਰੂਪ ਵਿਚ ਅੰਗਰੇਜ਼ੀ ਵਿਚ ਲਿਖਦੇ ਸਨ ਪਰ ਮੁਢਲੇ ਤੌਰ ‘ਤੇ ਸਨ ਤਾਂ ਉਹ ਪੰਜਾਬੀ ਹੀ। ਆਖ਼ਰੀ ਉਮਰ ਤੱਕ ਉਹ ਲਿਖਦੇ ਰਹੇ। ਹੁਣ ਤੱਕ ਉਨ੍ਹਾਂ ਦੀਆਂ 115 ਪੁਸਤਕਾਂ ਛਪ ਚੁੱਕੀਆਂ ਹਨ। ਉਨ੍ਹਾਂ ਦੇ ਕਈ ਨਾਵਲਾਂ ਦਾ ਪੰਜਾਬੀ ਵਿਚ ਅਨੁਵਾਦ ਹੋਇਆ ਹੈ। ਜਿਵੇਂ ‘ਰੰਨਾਂ ‘ਚ ਧੰਨਾ’, ‘ਮੌਜ-ਮੇਲਾ’ ਅਤੇ ‘ਪਾਕਿਸਤਾਨ ਮੇਲ’ ਆਦਿ। ਪ੍ਰਸਿੱਧ ਪੱਤਰਕਾਰ ਹੋਣ ਦੇ ਨਾਤੇ ਇਨ੍ਹਾਂ ਦੇ ਕਾਲਮ ਅਖ਼ਬਾਰਾਂ ਵਿਚ ਨਿਰੰਤਰ ਛਪਦੇ ਰਹੇ ਹਨ। ‘ਨਾ ਕਾਹੂ ਸੇ ਦੋਸਤੀ’ ਇਨ੍ਹਾਂ ਦਾ ਕਾਲਮ ਬੜਾ ਪੜ੍ਹਿਆ ਜਾਣ ਵਾਲਾ ਹੈ। ਇਸ ਮੁਲਾਕਾਤ ਵਿਚਲੇ ਜੁਆਬ ਲੈਣ ਲਈ ਮੈਂ ਪੱਤਰਕਾਰ ਅਤੇ ਹਿੰਦੀ ਦੀ ਸੁਪ੍ਰਸਿੱਧ ਲੇਖਿਕਾ ਊਸ਼ਾ ਮਹਾਜਨ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਬੜੀ ਸ਼ਿੱਦਤ ਨਾਲ ਇਹ ਕੰਮ ਨੇਪਰੇ ਚਾੜ੍ਹਿਆ ਸੀ। -ਮੁਲਾਕਾਤੀ – ਤਰਸੇਮ
ਤਰਸੇਮ : ਤੁਹਾਡੇ ਪੁਰਖ਼ਿਆਂ (ਬਾਪ-ਦਾਦਾ) ਦਾ ਦਿੱਲੀ ਦੇ ਨਿਰਮਾਣ ਵਿਚ ਬਹੁਤ ਵੱਡਾ ਯੋਗਦਾਨ ਰਿਹਾ ਹੈ। ਖੁਸ਼ਵੰਤ ਸਿੰਘ ਜੀ, ਤੁਸੀਂ ਆਪਣਾ ਪੁਸ਼ਤੈਨੀ ਕੰਮ ਸੰਭਾਲਣ ਦੀ ਬਜਾਏ ਲਿਖਣ-ਪੱਤਰਕਾਰੀ ਦੇ ਖੇਤਰ ਵਿਚ ਕੰਮ ਕਰਨ ਦਾ ਮਨ ਬਣਾਇਆ। ਇਸ ਦਾ ਕੀ ਕਾਰਨ ਸੀ?
ਖੁਸ਼ਵੰਤ : ਹਾਂ, ਮੇਰੇ ਦਾਦਾ ਸ. ਸੁਜਾਨ ਸਿੰਘ ਅਤੇ ਪਿਤਾ ਸਰ ਸੋਭਾ ਸਿੰਘ ਦਾ ਨਵੀਂ ਦਿੱਲੀ ਦੇ ਨਿਰਮਾਣ ਵਿਚ ਕਾਫ਼ੀ ਯੋਗਦਾਨ ਸੀ। ਉਨ੍ਹਾਂ ਨੇ ਨਵੀਂ ਦਿੱਲੀ ਦੀਆਂ ਅਨੇਕ ਇਮਾਰਤਾਂ ਬਣਾਈਆਂ, ਜਿਨ੍ਹਾਂ ਵਿਚ ਪ੍ਰਮੁੱਖ ਸਨ- ਸੈਕਟਰੀਏਟ ਦਾ ਸਾਊਥ ਬਲਾਕ, ਇੰਡੀਆ ਗੇਟ, ਆਲ ਇੰਡੀਆ ਰੇਡੀਓ ਬਿਲਡਿੰਗ, ਨੈਸ਼ਨਲ ਮਿਊਜ਼ੀਅਮ, ਬੜੌਦਾ ਹਾਊਸ, ਸਿੰਧੀਆ ਹਾਊਸ, ਰੀਗਲ ਬਿਲਡਿੰਗ, ਨਰੇਂਦਰ ਪੈਲੇਸ (ਜੰਤਰ-ਮੰਤਰ ਦੇ ਕੋਲ) ਅਤੇ ਹੋਰ ਅਣਗਿਣਤ ਸਰਕਾਰੀ ਬੰਗਲੇ ਉਨ੍ਹਾਂ ਨੇ ਬਣਵਾਏ।
ਦਿੱਲੀ ਨੂੰ ਬਣਾਉਣ ਵਾਲੇ ਲਗਭਗ ਸਾਰੇ ਠੇਕੇਦਾਰ ਘੱਟ ਪੜ੍ਹ-ਲਿਖੇ ਲੋਕ ਸਨ। ਮੇਰੇ ਪਿਤਾ ਜੀ ਵੀ ਕੁਝ ਖਾਸ ਪੜ੍ਹੇ ਹੋਏ ਨਹੀਂ ਸਨ, ਪਰ ਅੰਗਰੇਜ਼ਾਂ ਦੇ ਨਾਲ ਰਹਿੰਦਿਆਂ, ਕੰਮ ਕਰਦਿਆਂ ਉਨ੍ਹਾਂ ਨੂੰ ਅੰਗਰੇਜ਼ੀ ਦਾ ਕਾਫ਼ੀ ਗਿਆਨ ਹੋ ਗਿਆ ਸੀ। ਪਰ ਸਾਨੂੰ ਤਾਂ ਸ਼ੁਰੂ ਤੋਂ ਹੀ ਵਧੀਆ ਸਿੱਖਿਆ ਮਿਲੀ ਸੀ। ਮੈਂ ਲੰਡਨ ਦੇ ਕਿੰਗਜ਼ ਕਾਲਜ ਤੋਂ ਵਕਾਲਤ ਦੀ ਪੜ੍ਹਾਈ ਕੀਤੀ। ਤਾਂ ਪੁਸ਼ਤੈਨੀ ਕੰਮ ਵਿਚ ਲੱਗਣ ਦਾ ਤਾਂ ਸੁਆਲ ਹੀ ਨਹੀਂ ਸੀ। ਪੜ੍ਹਾਈ ਦੇ ਬਾਅਦ ਲਾਹੌਰ ਵਿਚ ਕੁਝ ਸਾਲ ਵਕਾਲਤ ਕੀਤੀ ਪਰ ਵੰਡ ਦੌਰਾਨ ਦੰਗਿਆਂ ਵਿਚ ਜਦ ਲਾਹੌਰ ਛੱਡ ਕੇ ਦਿੱਲੀ ਆਇਆ ਤਾਂ ਮੈਂ ਵਕਾਲਤ ਦੇ ਪੇਸ਼ੇ ਤੋਂ ਵੀ ਤੌਬਾ ਕਰ ਲਈ ਕਿਉਂਕਿ ਮੈਨੂੰ ਇਹ ਪੇਸ਼ਾ ਕੁਝ ਖ਼ਾਸ ਰਾਸ ਨਹੀਂ ਆ ਰਿਹਾ ਸੀ।
ਛੋਟੀਆਂ-ਮੋਟੀਆਂ ਨੌਕਰੀਆਂ ਕਰਨ ਤੋਂ ਬਾਅਦ ਮੈਂ ਲੰਡਨ ਵਿਚ ਭਾਰਤੀ ਹਾਈ ਕਮਿਸ਼ਨਰ ਦਾ ਪ੍ਰੈੱਸ ਅਟੈਚੀ ਅਤੇ ਇਨਫਰਮੇਸ਼ਨ ਅਫ਼ਸਰ ਦੇ ਅਹੁਦੇ ‘ਤੇ ਨਿਯੁਕਤ ਹੋਇਆ। ਇਨ੍ਹਾਂ ਹੀ ਸਾਲਾਂ ਦੌਰਾਨ ਮੈਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਜਿਹੜੀ ਬਰਤਾਨੀਆ ਦੇ ਮੰਨੇ-ਪ੍ਰਮੰਨੇ ਰਸਾਲਿਆਂ ਵਿਚ ਛਪਣ ਵੀ ਲੱਗੀਆਂ।
ਲੰਡਨ ਵਿਚ ਰਹਿੰਦਿਆਂ ਮੇਰੀ ਆਪਣੀ ਹਾਈ ਕਮਿਸ਼ਨਰ ਕ੍ਰਿਸ਼ਨਾ ਮੈਨਣ ਨਾਲ ਤਕਰਾਰ ਹੋ ਗਈ ਅਤੇ ਮੈਂ ਡਿਪਲੋਮੈਟਿਕ ਨੌਕਰੀ ਛੱਡ ਦਿੱਤੀ ਅਤੇ ਕੁਲਵਕਤੀ ਲੇਖਕ ਬਣਨ ਦੀ ਠਾਣ ਲਈ। ਇਨ੍ਹਾਂ ਦਿਨਾਂ ਵਿਚ ਮੈਂ ‘ਏ ਹਿਸਟਰੀ ਆਫ਼ ਸਿਖਸ’ ਦੇ ਦੋ ਖੰਡ ਅਤੇ ਫੇਰ ਭਾਰਤ ਆ ਕੇ ‘ਮਨੋ ਮਾਜਰਾ’ ਨਾਮਕ ਨਾਵਲ ਲਿਖਿਆ ਜਿਹੜਾ ‘ਗਰੋਬ ਪ੍ਰੈੱਸ’ ਨਾਲ ਸਨਮਾਨਿਤ ਹੋ ਕੇ ‘ਟਰੇਨ ਟੂ ਪਾਕਿਸਤਾਨ’ ਨਾਂ ਨਾਲ ਛਪਿਆ ਅਤੇ ਮੈਂ ਲੇਖਕ ਦੇ ਰੂਪ ਵਿਚ ਮਸ਼ਹੂਰ ਹੋ ਗਿਆ। ਵਿਦੇਸ਼ ਵਿਚ ਰਹਿੰਦਿਆਂ ਹੀ ਸੰਨ 1969 ਵਿਚ ਮੈਨੂੰ ਟਾਈਮਜ਼ ਆਫ਼ ਇੰਡੀਆ ਦੀ ਤਰਫੋਂ ‘ਇਲਸਟਰੇਟਡ’ ਦਾ ਸੰਪਾਦਕ ਬਣਨ ਦਾ ਸੱਦਾ ਮਿਲਿਆ ਅਤੇ ਇਸ ਨੇ ਮੈਨੂੰ ਪੱਤਰਕਾਰ ਬਣਾ ਦਿੱਤਾ।
ਤਰਸੇਮ : ਤੁਸੀਂ ਲਿਖਣਾ ਕਦੋਂ ਸ਼ੁਰੂ ਕੀਤਾ, ਭਾਵ ਤੁਹਾਡੀ ਕਿੰਨੀ ਉਮਰ ਸੀ?
ਖ਼ੁਸ਼ਵੰਤ : ਸੰਨ 1950 ਤੋਂ। ਉਦੋਂ ਮੇਰੀ ਉਮਰ 35 ਸਾਲ ਸੀ।
ਤਰਸੇਮ : ਮੈਂ ਪੜ੍ਹਿਆ ਹੈ ਕਿ ਤੁਸੀਂ ਆਈ.ਸੀ.ਐਸ. ਕਰਨਾ ਚਾਹੁੰਦੇ ਸੀ, ਬਾਅਦ ਵਿਚ ਵਕਾਲਤ ਕੀਤੀ ਅਤੇ ਉਸ ਵਿਚ ਵੀ ਤੁਸੀਂ ‘ਸਫਲ’ ਨਾ ਹੋ ਸਕੇ?
ਖੁਸ਼ਵੰਤ : ਹਾਂ, ਮੈਂ ਆਈ.ਸੀ.ਐਸ. ਦੇ ਇਮਤਿਹਾਨ ਦੇ ਕੁਝ ਪਰਚੇ ਦਿੱਤੇ ਸਨ। ਪੂਰੇ ਨਹੀਂ ਦਿੱਤੇ ਕਿਉਂਕਿ ਸੋਚ ਰਿਹਾ ਸੀ ਕਿ ਆਉਂਦਾ ਤਾਂ ਹੈ ਨਹੀਂ। ਪਰ ਰਿਜ਼ਲਟ ਆਇਆ ਤਾਂ ਪਤਾ ਲੱਗਿਆ ਕਿ ਮੈਂ ਜਿਹੜੇ ਪਰਚੇ ਦਿੱਤੇ ਸਨ, ਉਨ੍ਹਾਂ ‘ਚੋਂ ਮੈਨੂੰ ਕਾਫ਼ੀ ਚੰਗੇ ਨੰਬਰ ਮਿਲੇ ਸਨ। ਇਹ ਠੀਕ ਹੈ ਕਿ ਲਾਹੌਰ ਵਿਚ ਹਾਈ ਕੋਰਟ ਵਿਚ ਮੇਰੀ ਵਕਾਲਤ ਨਹੀਂ ਚੱਲ ਰਹੀ ਸੀ ਪਰ ਮੈਂ ਪਾਕਿਸਤਾਨ ਛੱਡ ਕੇ ਭਾਰਤ ਆ ਰਿਹਾ ਸੀ, ਤਦ ਮੈਨੂੰ ਕਿਹਾ ਗਿਆ ਸੀ ਕਿ ਮੈਂ ਉਥੇ ਰੁਕਿਆ ਰਹਾਂ ਕਿਉਂਕਿ ਉਹ ਮੈਨੂੰ ਹਾਈ ਕੋਰਟ ਦਾ ਜੱਜ ਬਣਾ ਦੇਣਗੇ। ਜਿਨਾਹ ਚਾਹੁੰਦੇ ਸਨ ਕਿ ਹਾਈ ਕੋਰਟ ਵਿਚ ਮੁਸਲਿਮ ਜੱਜਾਂ ਦੇ ਨਾਲ ਕੁਝ ਹਿੰਦੂ ਜਾਂ ਸਿੱਖ ਜੱਜ ਵੀ ਹੋਣੇ ਚਾਹੀਦੇ ਹਨ।
ਤਰਸੇਮ : ਭਾਵੇਂ ਤੁਸੀਂ ਅਮੀਰ ਘਰਾਣੇ ਨਾਲ ਤਾੱਲੁਕ ਰੱਖਦੇ ਹੋ ਪਰ ਲਿਖਣ/ਪੱਤਰਕਾਰੀ ਵਿਚ ਤੁਹਾਨੂੰ ਕਿੰਨਾ ਕੁ ਸੰਘਰਸ਼ ਕਰਨਾ ਪਿਆ?
ਖੁਸ਼ਵੰਤ : ਕੁਝ ਖ਼ਾਸ ਨਹੀਂ। ਮੈਨੂੰ ਸੱਦ ਕੇ ‘ਦੀ ਇਲਸਟਰੇਟਡ ਵੀਕਲੀ’ ਦਾ ਸੰਪਾਦਕ ਬਣਾਇਆ ਗਿਆ ਸੀ।
ਤਰਸੇਮ : ‘ਦਿੱਲੀ’ ਤੁਹਾਡਾ ਪ੍ਰਸਿੱਧ ਨਾਵਲ ਹੈ। ਦਿੱਲੀ ਤੁਹਾਡੇ ਲਈ ਕੀ ਅਰਥ ਰੱਖਦੀ ਹੈ?
ਖ਼ੁਸ਼ਵੰਤ : ਦਿੱਲੀ ਨੂੰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਚਾਹੁੰਦਾ ਹਾਂ। ਦਿੱਲੀ ਨੂੰ ਛੱਡ ਕੇ ਮੈਂ ਕਿਸੇ ਵੀ ਹੋਰ ਸ਼ਹਿਰ ਵਿਚ ਨਹੀਂ ਰਹਿ ਸਕਦਾ।
ਤਰਸੇਮ : ਕੀ ਤੁਹਾਡੇ ਸਿਵਾਏ ਘਰ ਵਿਚ ਹੋਰ ਕੋਈ ਪੱਤਰਕਾਰੀ ਜਾਂ ਲਿਖਣ ਦਾ ਕੰਮ ਕਰਦਾ ਹੈ ਜਾਂ ਨਹੀਂ?
ਖ਼ੁਸ਼ਵੰਤ : ਨਹੀਂ।
ਤਰਸੇਮ : ਅੱਜ ਕੱਲ੍ਹ ਤੁਸੀਂ ਕੀ ਪੜ੍ਹ ਲਿਖ ਰਹੇ ਹੋ?
ਖ਼ੁਸ਼ਵੰਤ : ਅੱਜ ਕੱਲ੍ਹ ਮੈਂ ਦੋ ਕਾਲਮ ਲਿਖਦਾ ਹਾਂ ਕਿ ‘ਹਿੰਦੁਸਤਾਨ ਟਾਈਮਜ਼’ ਦੇ ਲਈ ਅਤੇ ਇਕ ਚੰਡੀਗੜ੍ਹ ਦੀ ‘ਦ ਟ੍ਰਿਬਿਊਨ’ ਲਈ, ਜਿਹੜੇ ਚਾਲੀ-ਪੰਜਾਹ ਹਿੰਦੀ ਤੇ ਹੋਰ ਭਾਸ਼ਾਵਾਂ ਅਤੇ ਹੋਰ ਰਸਾਲਿਆਂ ਵਿਚ ਅਨੁਵਾਦ ਹੋ ਕੇ ਛਪਦੇ ਹਨ। ਇਸ ਤੋਂ ਇਲਾਵਾ ਮੈਂ ਉਹੀ ਕਿਤਾਬ ਪੜ੍ਹਾਦਾ ਹਾਂ, ਜਿਨ੍ਹਾਂ ਦੀ ਮੈਂ ਸਮੀਖਿਆ ਕਰਨੀ ਹੁੰਦੀ ਹੈ।