110 ਘੰਟੇ ਬਾਅਦ ਬੋਰਵੈਲ ‘ਚੋਂ ਕੱਢੇ ਗਏ 2 ਸਾਲਾ ਬੱਚੇ ਫ਼ਤਿਹਵੀਰ ਸਿੰਘ ਦੀ ਮੌਤ-ਹਜ਼ਾਰਾਂ ਲੋਕਾਂ ਦੀ ਹਾਜ਼ਰੀ ‘ਚ ਅੰਤਮ ਸਸਕਾਰ-ਲੋਕਾਂ ਵਿਚ ਸਰਕਾਰ ਖ਼ਿਲਾਫ਼ ਭਾਰੀ ਗੁੱਸਾ-ਧਰਨੇ, ਪ੍ਰਦਰਸ਼ਨ ਜਾਰੀ

6 ਦਿਨਾਂ ਬਾਅਦ ਬੋਰਵੈੱਲ ਵਿੱਚੋਂ ਬਾਹਰ ਕੱਢੇ ਦੋ ਸਾਲਾਂ ਦੇ ਮਾਸੂਮ ਫ਼ਤਹਿਵੀਰ ਦੀ ਮੌਤ ਹੋ ਗਈ ਹੈ। 150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਾ ਫ਼ਤਹਿਵੀਰ ਜ਼ਿੰਦਗੀ ਦੀ ਲੜਾਈ ਹਾਰ ਗਿਆ। ਉਸ ਨੂੰ ਸਵੇਰੇ ਪੰਜ ਵਜੇ ਬੋਰ ਵਿੱਚੋਂ ਬਾਹਰ ਕੱਢਿਆ ਗਿਆ ਤੇ ਅੱਠ ਕੁ ਵਜੇ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਉਸ ਦੇ ਪਿੰਡ ਭਗਵਾਨਪੁਰਾ ਵਿੱਚ ਉਸ ਦਾ ਸਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਆਈਜੀ ਮੌਕੇ ‘ਤੇ ਆਈ ਪਰ ਲੋਕਾਂ ਵੱਲੋਂ ਕੀਤੀ ਨਾਅਰੇਬਾਜ਼ੀ ਬਾਅਦ ਚਲੇ ਗਏ। ਬੱਚੇ ਨੂੰ ਮੰਗਲਵਾਰ ਸਵੇਰੇ 5:10 ਮਿੰਟ ‘ਤੇ ਬੋਰ ‘ਚੋਂ ਬਾਹਰ ਕੱਢਿਆ ਗਿਆ। ਮੰਗਵਾਲ ਦੇ ਗੁਰਿੰਦਰ ਸਿੰਘ ਨੇ ਬੋਰਵੈੱਲ ਵਿੱਚੋਂ ਜਾ ਕੇ ਫਸੇ ਹੋਏ ਬੱਚੇ ਨੂੰ ਆਜ਼ਾਦ ਕੀਤਾ ਤੇ ਫਿਰ ਐਨਡੀਆਰਐਫ ਦੀਆਂ ਟੀਮਾਂ ਨੇ ਉਸ ਨੂੰ ਉੱਪਰ ਖਿੱਚ ਲਿਆ। ਇਸ ਮਗਰੋਂ ਤੁਰੰਤ ਉਸ ਨੂੰ ਸੜਕੀ ਮਾਰਗ ਰਾਹੀਂ ਪੀਜੀਆਈ ਚੰਡੀਗੜ੍ਹ ਲਿਆਂਦਾ ਗਿਆ। ਇਸ ਮੌਕੇ ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਫਿਲਹਾਲ ਮਾਹੌਲ ਠੀਕ ਹੈ। ਲੋਕਾਂ ਵੱਲੋਂ ਮਾਸੂਮ ਫ਼ਤਹਿਵੀਰ ਦੀ ਮੌਤ ਦੇ ਵਿਰੋਧ ਵਿੱਚ ਲਾਏ ਧਰਨੇ ਪ੍ਰਦਰਸ਼ਨ ਜਾਰੀ ਹਨ। ਸਰਕਾਰ ਦੀ ਢਿੱਲੀ ਕਾਰਵਾਈ ਕਰਕੇ ਦੋ ਸਾਲਾ ਮਾਸੂਮ ਫਤਹਿਵੀਰ ਨੂੰ ਆਖਰ ਬਚਾਇਆ ਨਹੀਂ ਜਾ ਸਕਿਆ। ਛੇ ਦਿਨਾਂ ਬਾਅਦ ਫਤਿਹ ਨੂੰ ਉਸੇ ਬੋਰਵੈੱਲ ਵਿੱਚੋਂ ਦੇਸੀ ਤਰੀਕੇ ਨਾਲ ਬਾਹਰ ਕੱਢਿਆ ਗਿਆ ਜਿਸ ਵਿੱਚ ਉਹ ਫਸਿਆ ਸੀ। ਸੁਨਾਮ ਤੇ ਸੰਗਰੂਰ ‘ਚ ਕਈ ਥਾਵਾਂ ‘ਤੇ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੁਨਾਮ ‘ਚ ਦੁਕਾਨਾਂ ਬੰਦ ਹਨ। ਵੱਖ-ਵੱਖ ਇਲਾਕਿਆਂ ‘ਚ ਬਾਜ਼ਾਰ ਬੰਦ ਹਨ। ਲੋਕਾਂ ਦਾ ਕਹਿਣਾ ਹੈ ਕਿ ਬੱਚੇ ਦੀ ਮੌਤ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਫ਼ਤਹਿਵੀਰ ਬੀਤੇ ਵੀਰਵਾਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਵਿੱਚ ਆਪਣੇ ਖੇਤ ਵਿੱਚ ਬਣੇ ਹੋਏ ਪੁਰਾਣੇ ਬੋਰਵੈੱਲ ਵਿੱਚ ਡਿੱਗ ਪਿਆ ਸੀ।ਉਸ ਨੂੰ ਬਚਾਉਣ ਲਈ ਪੰਜ ਦਿਨ ਬਚਾਅ ਕਾਰਜ ਬੇਹੱਦ ਸੁਸਤ ਰਫ਼ਤਾਰ ਨਾਲ ਚੱਲੇ, ਜਿਸ ਕਾਰਨ ਫ਼ਤਹਿ ਦਾ ਜ਼ਿੰਦਗੀ ਦਾ ਅੰਤ ਉਸ ਦੇ ਜਨਮਦਿਨ ਤੋਂ ਹੀ ਅਗਲੇ ਹੀ ਦਿਨ ਹੋ ਗਿਆ।