ਅਸਦੁਦੀਨ ਓਵੈਸੀ ਨੂੰ ਦੇਖ ਇਨ੍ਹਾਂ  ਨੂੰ ਯਾਦ ਆਉਂਦੀ ਹੈ ਭਾਰਤ ਮਾਤਾ…!

ਪ੍ਰਿਯਦਰਸ਼ਨ
ਲੋਕ ਸਭਾ ਵਿਚ ਅਸਦੁਦੀਨ ਓਵੈਸੀ ਜਦੋਂ ਸਹੁੰ ਚੁੱਕਣ ਲਈ ਆਏ ਤਾਂ ਭਾਜਪਾ ਦੇ ਸੰਸਦ ਮੈਂਬਰਾਂ ਨੇ ‘ਵੰਦੇ ਮਾਤਰਮ’ ਅਤੇ ‘ਭਾਰਤ ਮਾਤਾ ਕੀ ਜਯ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਓਵੈਸੀ ਹਮੇਸ਼ਾ ਵਾਂਗ ਜ਼ਿਆਦਾ ਸਮਝਦਾਰ ਨਿਕਲੇ ਤੇ ਉਨ੍ਹਾਂ  ਨੇ ਹੱਥ ਨਾਲ ਇਸ਼ਾਰਾ ਕੀਤਾ ਕਿ ਹੋਰ ਉੱਚੀ ਆਵਾਜ਼ ਵਿਚ ਇਹ ਨਾਅਰੇ ਲਾਏ ਜਾਣ। ਪਰ ਭਾਜਪਾ ਸੰਸਦ ਮੈਂਬਰਾਂ ਨੂੰ ਭਾਰਤ ਮਾਤਾ ਉਦੋਂ ਕਿਉਂ ਯਾਦ ਆਈ, ਜਦੋਂ ਓਵੈਸੀ ਸਹੁੰ ਚੁੱਕਣ ਲਈ ਖੜ੍ਹੇ ਹੋਏ…? ਕੀ ਉਹ ਉਨ੍ਹਾਂ  ਨੂੰ ਇਸ ਨਾਅਰੇ ਨਾਲ ਹੂਟ ਕਰਨ ਦੀ ਕੋਸ਼ਿਸ਼ ਕਰ ਰਹੇ ਸਨ…? ਕੀ ਉਹ ਇਹ ਸੁਨੇਹਾ ਦੇ ਰਹੇ ਸਨ ਕਿ ਓਵੈਸੀ ਭਾਰਤ ਮਾਤਾ ਤੋਂ ਚਿੜਦੇ ਹਨ…? ਕੀ ਉਹ ਅਤੀਤ ਤੋਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ‘ਵੰਦੇ ਮਾਤਰਮ’ ਅਤੇ ‘ਭਾਰਤ ਮਾਤਾ ਕੀ ਜਯ’ ਨਾਲ ਇਸ ਦੇ ਘੱਟ ਗਿਣਤੀਆਂ ਨੂੰ ਪਰਹੇਜ਼ ਹੈ…?
ਓਵੈਸੀ ਜਦੋਂ ਸਹੁੰ ਲੈ ਰਹੇ ਸਨ, ਤਾਂ ਪ੍ਰਧਾਨ ਮੰਤਰੀ ਸਦਨ ਵਿਚ ਨਹੀਂ ਸਨ। ਪਰ ਹੁੰਦੇ ਵੀ, ਤਾਂ ਕੀ ਉਹ ਆਪਣੇ ਸੰਸਦ ਮੈਂਬਰਾਂ ਨੂੰ ਅਜਿਹੀ ਹਰਕਤ ਕਰਨ ਤੋਂ ਰੋਕਦੇ…? ਕੀ ਉਹ ਉਨ੍ਹਾਂ  ਨੂੰ ਯਾਦ ਦਿਵਾਉਂਦੇ ਕਿ ਮਹਿਜ਼ ਕੁਝ ਹੀ ਦਿਨ ਪਹਿਲਾਂ ਉਨ੍ਹਾਂ ਨੇ ਲੋਕ ਸਭਾ ਚੋਣਾਂ ਵਿਚ ਜਿੱਤ ਮਗਰੋਂ ਭਾਜਪਾ ਦੇ ਨਾਅਰੇ, ‘ਸਭ ਕਾ ਸਾਥ, ਸਭ ਕਾ ਵਿਕਾਸ’ ਵਿਚ ‘ਸਭ ਕਾ ਵਿਸ਼ਵਾਸ’ ਵੀ ਜੋੜਿਆ ਹੈ…? ਕੀ ਭਾਜਪਾ ਅਜਿਹੇ ਹੀ ਵਿਸ਼ਵਾਸ ਨੂੰ ਜਿੱਤਣ ਵਿਚ ਯਕੀਨ ਕਰਦੀ ਹੈ…? ਦੂਸਰਿਆਂ ਨੂੰ ਸ਼ੱਕੀ ਸਿੱਧ ਕਰਕੇ, ਦੂਸਰਿਆਂ ਦੀ ਦੇਸ਼ ਭਗਤੀ ‘ਤੇ ਸਵਾਲ ਖੜ੍ਹੇ ਕਰਕੇ…?
ਓਵੈਸੀ ਨੇ ਵੀ ਸਹੁੰ ਲੈਣ ਮਗਰੋਂ ‘ਅੱਲਾ-ਓ-ਅਕਬਰ’ ਦਾ ਨਾਅਰਾ ਲਾਇਆ ਅਤੇ ਨਾਲ ਹੀ ‘ਜੈ ਹਿੰਦ’ ਜੋੜ ਦਿੱਤਾ। ਇਸ ਤਰ੍ਹਾਂ ਉਨ੍ਹਾਂ  ਵਲੋਂ ਹਿਸਾਬ ਬਰਾਬਰ ਹੋ ਗਿਆ। ‘ਵੰਦੇ ਮਾਤਰਮ’ ਅਤੇ ‘ਭਾਰਤ ਮਾਤਾ ਦੀ ਜਯ’ ਇਕ ਪਾਸੇ ਹੋ ਗਏ ਤੇ ‘ਅੱਲਾ-ਓ-ਅਕਬਰ’ ਤੇ ‘ਜੈ ਹਿੰਦ’ ਦੂਜੇ ਪਾਸੇ। ਆਖ਼ਰ ਓਵੈਸੀ ਨੂੰ ਵੀ ਇਹ ਵੰਡੀ ਹੋਈ ਸਿਆਸਤ ਓਨੀ ਹੀ ਰਾਸ ਆਉਂਦੀ ਹੈ, ਜਿੰਨੀ ਸੰਘ ਪਰਿਵਾਰ ਅਤੇ ਭਾਜਪਾ ਨੂੰ। ਦੋਹਾਂ ਦੀ ਨੇਤਾਗਿਰੀ ਇਸੇ ਤਰ੍ਹਾਂ ਚਲਦੀ ਹੈ। ਇਸ ਦੇ ਕੁਝ ਦੇਰ ਬਾਅਦ ਸਹੁੰ ਲੈਣ ਆਈ ਹੇਮਾ ਮਾਲਿਨੀ ਨੇ ‘ਰਾਧੇ-ਰਾਧੇ ਕ੍ਰਿਸ਼ਣਮ ਵੰਦੇ ਜਗਤਗੁਰੂ’ ਦਾ ਨਾਂ ਲਿਆ। ਇਨ੍ਹਾਂ  ਤੋਂ ਇਕ ਦਿਨ ਪਹਿਲਾਂ ਪ੍ਰਗਿਆ ਠਾਕੁਰ ਨੇ ਸੰਸਕ੍ਰਿਤ ਵਿਚ ਸਹੁੰ ਚੁੱਕਦੇ ਹੋਏ ਆਪਣੇ ਗੁਰੂ ਦਾ ਨਾਂ ਵੀ ਜੋੜ ਲਿਆ ਸੀ।
ਇਕ ਤਰ੍ਹਾਂ ਨਾਲ ਦੇਖਿਆ ਜਾਵੇ, ਤਾਂ ਇਹ ਬਹੁਤ ਵੱਡੀਆਂ ਗੱਲਾਂ ਨਹੀਂ ਹਨ। ਤੁਸੀਂ ਇਨ੍ਹਾਂ  ਨੂੰ ਅਣਦੇਖਿਆ ਕਰ ਸਕਦੇ ਹੋ। ਆਖ਼ਰ ਇਸ ਦੇਸ਼ ਨੇ ਪ੍ਰਗਟਾਵੇ ਦੀ ਜੋ ਆਜ਼ਾਦੀ ਦਿੱਤੀ ਹੈ, ਉਸੇ ਦਾ ਇਹ ਵੀ ਹਿੱਸਾ ਹੈ ਕਿ ਲੋਕ ਆਪਣੀ ਸਹੁੰ ਵਿਚ ਬਾਕੀ ਮਰਿਆਦਾਵਾਂ ਦਾ ਪਾਲਣ ਕਰਦੇ ਹੋਏ ਆਪਣੀਆਂ ਆਸਥਾਵਾਂ ਨੂੰ ਵੀ ਜ਼ਾਹਰ ਕਰ ਸਕਣ। ਸਾਡੇ ਸੰਸਦ ਦੀ ਖ਼ੂਬਸੂਰਤੀ ਇਹ ਵੀ ਹੈ ਕਿ ਉਸ ਵਿਚ ਦੇਸ਼ ਦੀ ਵੰਨ-ਸੁਵੰਨਤਾ ਝਲਕਦੀ ਹੈ। ਤਰ੍ਹਾਂ ਤਰ੍ਹਾਂ ਦੇ ਲੋਕ ਤਰ੍ਹਾਂ ਤਰ੍ਹਾਂ ਦੇ ਪਹਿਰਾਵੇ ਤੇ ਤਰ੍ਹਾਂ ਤਰ੍ਹਾਂ ਦੀਆਂ ਭਾਵਨਾਵਾਂ ਨਾਲ ਸੰਸਦ ਵਿਚ ਆਉਂਦੇ ਹਨ, ਆਪਣੀਆਂ ਆਪਣੀਆਂ ਭਾਸ਼ਾਵਾਂ ਵਿਚ ਸਹੁੰ ਲੈਂਦੇ ਹਨ-ਹਾਲਾਂਕਿ ਇਸ ਵਿਚ ਵੀ ਹੌਲੀ ਹੌਲੀ ਹਿੰਦੀ ਤੋਂ ਇਲਾਵਾ ਅੰਗਰੇਜ਼ੀ ਵਿਚ ਸਹੁੰ ਲੈਣ ਦਾ ਚਲਣ ਵਧ ਗਿਆ ਹੈ।
ਪਰ ਓਵੈਸੀ ਦੇ ਸਹੁੰ ਚੁੱਕਣ ‘ਤੇ ਤੁਸੀਂ ਜਦੋਂ ਬਿਨਾਂ ਮਤਲਬ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਗਾਉਣੇ ਸ਼ੁਰੂ ਕਰਦੇ ਹੋ, ਤਾਂ ਓਵੈਸੀ ਦਾ ਨਹੀਂ, ਭਾਰਤ ਮਾਤਾ ਦਾ ਅਪਮਾਨ ਕਰ ਰਹੇ ਹੁੰਦੇ ਹੋ। ‘ਵੰਦੇ ਮਾਤਰਮ’ ਨਾਲ ਵੀ ਭਾਰਤ ਮਾਤਾ ਨੂੰ ਜੋੜਨਾ ਭਾਰਤ ਮਾਤਾ ਨੂੰ ਛੋਟਾ ਕਰਨਾ ਹੈ। ਬੇਸ਼ੱਕ ‘ਵੰਦੇ ਮਾਤਰਮ’ ਆਜ਼ਾਦੀ ਦੀ ਲੜਾਈ ਦੇ ਦੌਰ ਵਿਚ ਅਹਿਮ ਗੀਤ ਰਿਹਾ, ਪਰ ‘ਵੰਦੇ ਮਾਤਰਮ’ ਨੂੰ ਲੈ ਕੇ ਇਕ ਵਰਗ ਆਪਣਾ ਇਤਰਾਜ਼ ਰੱਖਦਾ ਰਿਹਾ ਹੈ। ‘ਭਾਰਤ ਮਾਤਾ ਦੀ ਜੈ’ ਨਾਲ ਅਜਿਹਾ ਕੋਈ ਇਤਰਾਜ਼ ਨਹੀਂ ਜੁੜਿਆ ਹੈ।
ਸੰਕਟ ਇਹ ਹੈ ਕਿ ਭਾਜਪਾ ਨੂੰ ਇਹ ਅਹਿਸਾਸ ਵੀ ਨਹੀਂ ਹੈ ਕਿ ਉਨ੍ਹਾਂ ਦੀ ਉੱਚੀ ਸਿਆਸਤ ਸਭ ਤੋਂ ਪਹਿਲਾਂ ਉਨ੍ਹਾਂ  ਪ੍ਰਤੀਕਾਂ ਨੂੰ ਛੋਟਾ ਬਣਾ ਰਹੀ ਹੈ, ਜੋ ਇਸ ਦੇਸ਼ ਵਿਚ ਸਰਬਵਿਆਪੀ ਤੇ ਸਵੀਕਾਰੇ ਹਨ। ਰਾਮ ਨਾਲ ਕਿਸੇ ਨੂੰ ਵੈਰ ਨਹੀਂ ਹੈ, ਪਰ ‘ਜੈ ਸ੍ਰੀ ਰਾਮ’ ਦਾ ਨਾਅਰਾ ਜਦੋਂ ਇਕ ਹਮਲਾਵਰੀ ਸਿਆਸਤ ਨਾਲ ਵਰਤਿਆ ਜਾਂਦਾ ਹੈ, ਤਾਂ ਰਾਮ ਅਚਾਨਕ ਦੂਸਰਿਆਂ ਨੂੰ ਡਰਾਉਣ ਲਗਦੇ ਹਨ। ਭਾਰਤ ਮਾਤਾ ਸਭ ਲਈ ਸਨਮਾਨ ਦਾ ਵਿਸ਼ਾ ਹੈ ਪਰ ਜਦੋਂ ਕਿਸੇ ਸੰਸਦ ਮੈਂਬਰ ਦੇ ਸਹੁੰ ਲੈਂਦੇ ਸਮੇਂ ਇਕ ਹਥਿਆਰ ਵਾਂਗ ਉਸ ਦੀ ਵਰਤੋਂ ਹੋਵੇਗੀ, ਤਾਂ ਸ਼ਾਇਦ ਬੇਬਸ ਦੇਖਦੀ ਰਹਿ ਜਾਂਦੀ ਹੋਵੇਗੀ।
ਉੱਘੇ ਕਵੀ ਅਵਤਾਰ ਸਿੰਘ ਪਾਸ਼ ਨੇ ਕਦੇ ਲਿਖਿਆ ਸੀ-
‘ਭਾਰਤ
ਮੇਰੇ ਸਨਮਾਨ ਦਾ ਸਭ ਤੋਂ ਮਹਾਨ ਸ਼ਬਦ
ਜਿੱਥੇ ਕਿਤੇ ਵੀ ਵਰਤਿਆ ਜਾਵੇ
ਬਾਕੀ ਸਾਰੇ ਸ਼ਬਦ ਅਰਥਹੀਣ ਹੋ ਜਾਂਦੇ ਹਨ’
ਭਾਰਤ ਮਾਤਾ ਵੀ ਅਜਿਹਾ ਹੀ ਪ੍ਰਤੀਕ ਹੈ। ਜਦੋਂ ਤੁਸੀਂ ਭਾਰਤ ਮਾਤਾ ਦਾ ਨਾਂ ਲੈਂਦੇ ਹੋ, ਤਾਂ ਸਨਮਾਨ ਨਾਲ ਲਓ। ਕਦੇ ਨਹਿਰੂ ਨੇ ਇਹ ਨਾਅਰਾ ਲਾਉਂਦੇ ਹੋਏ ਲੋਕਾਂ ਤੋਂ ਪੁਛਿਆ ਸੀ, ਕੀ ਉਹ ਇਸ ਦਾ ਅਰਥ ਜਾਣਦੇ ਹਨ…? ਹੁਣ ਇਹ ਸਵਾਲ ਕੋਈ ਨਹੀਂ ਪੁੱਛਦਾ। ਭਾਰਤ ਮਾਤਾ ਇਕ ਵਿਸ਼ਾਲ ਧਰਤੀ ‘ਤੇ ਫੈਲੇ ਤਰ੍ਹਾਂ ਤਰ੍ਹਾਂ ਦੇ ਫ਼ਿਰਕਿਆਂ ਵਿਚਾਲੇ ਬਣਦੇ-ਵਿਕਸਦੇ-ਬਦਲਦੇ ਸਾਂਝੇ ਸੁਪਨੇ ਦਾ ਨਾਂ ਨਹੀਂ ਹੈ, ਉਹ ਕੁਝ ਲੋਕਾਂ ਦਾ ਸਿਆਸੀ ਏਜੰਡਾ ਹੈ- ਜਿਸ ਨਾਲ ਕਿਸੇ ਘੱਟ ਗਿਣਤੀ ਨੂੰ ਕੁੱਟਿਆ ਜਾਣਾ ਹੈ, ਉਸ ਨਾਲ ਉਸ ਦੀ ਵਫ਼ਾਦਾਰੀ ਦਾ ਸਬੂਤ ਮੰਗਿਆ ਜਾਣਾ ਹੈ, ਉਸ ਨਾਲ ਆਪਣੇ ਅਪਰਾਧਾਂ ਨੂੰ ਲੁਕਾਇਆ ਜਾਣਾ ਹੈ, ਉਸ ਨਾਲ ਨਕਲੀ ਜਨੂੰਨ ਪੈਦਾ ਕਰਨਾ ਹੈ, ਜਿਸ ਵਿਚ ਅਸਲੀ ਸਵਾਲ ਲੁਕੇ ਰਹਿਣ। ਅਜਿਹੇ ਹੀ ਲੋਕਾਂ ਕਾਰਨ ਦੇਸ਼ ਪ੍ਰੇਮ, ਗਊ ਪ੍ਰੇਮ, ਮਾਨਵ ਪ੍ਰੇਮ, ਧਰਮ ਪ੍ਰੇਮ- ਸਭ ਖੂੰਖਾਰ ਲੱਗਣ ਲਗਦੇ ਹਨ। ਦੇਸ਼ ਕੁਝ ਸੁੰਗੜ ਜਾਂਦਾ ਹੈ, ਭਾਰਤ ਮਾਤਾ ਕੁਝ ਛੋਟੀ ਹੋ ਜਾਂਦੀ ਹੈ, ਗਾਂ ਡਰਾਉਣ ਲਗਦੀ ਹੈ, ਰਾਮ ਛੋਟੇ ਹੋ ਜਾਂਦੇ ਹਨ ਤੇ ਕਸ਼ਮੀਰ ਪਰਾਇਆ ਹੋ ਜਾਂਦਾ ਹੈ।
ਐਨਡੀਟੀਵੀ ਤੋਂ ਧੰਨਵਾਦ ਸਹਿਤ

Leave a Reply

Your email address will not be published. Required fields are marked *