ਨਵਜੋਤ ਸਿੱਧੂ ਨੇ ਵਧਾਈਆਂ ਆਪਣੀਆਂ ਮੁਸ਼ਕਲਾਂ, ਕੌਮੀ ਕਾਰਜਕਾਰਨੀ ਵਿਚ ਜਾਣ ਤੋਂ ਕੀਤਾ ਇਨਕਾਰ, ਪੰਜਾਬ ਕਾਂਗਰਸ ਦੀ ਪ੍ਰਧਾਨਗੀ ਮੰਗੀ

ਨਵੀਂ ਦਿੱਲੀ : ਨਵਜੋਤ ਸਿੱਧੂ ਨੇ ਕੌਮੀ ਕਾਰਜਕਾਰਨੀ ਵਿਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਨਾਲ ਹੀ ਉਨ•ਾਂ ਨੇ ਇਕ ਅਜਿਹਾ ਅਹੁਦਾ ਮੰਗਿਆ ਹੈ, ਜਿਸ ਬਾਰੇ ਕਾਂਗਰਸ ਕਮਾਂਡ ਨੇ ਸੋਚਿਆ ਵੀ ਨਹੀਂ ਹੋਵੇਗਾ। ਨਵਜੋਤ ਸਿੱਧੂ ਪੰਜਾਬ ਪ੍ਰਦੇਸ਼ ਪ੍ਰਧਾਨ ਬਣਨਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਨੇ ਕੌਮੀ ਜਨਰਲ ਸਕੱਤਰ ਦਾ ਅਹੁਦਾ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ। ਅਜਿਹੇ ਵਿਚ ਕਾਂਗਰਸ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਜੋ ਹਾਲੇ ਤੱਕ ਸਵੀਕਾਰ ਨਹੀਂ ਕੀਤਾ ਗਿਆ। ਨਵਜੋਤ ਸਿੱਧੂ ਨੇ ਹਾਲੇ ਤੱਕ ਆਪਣੇ ਨਵੇਂ ਬਿਜਲੀ ਵਿਭਾਗ ਦਾ ਚਾਰਜ ਵੀ ਨਹੀਂ ਸੰਭਾਲਿਆ ਹੈ। ਪਿਛਲੀ 6 ਜੂਨ ਨੂੰ ਕੈਬਨਿਟ ਦੀ ਮੀਟਿੰਗ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਿੱਧੂ ਸਮੇਤ ਕਈ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਕੀਤਾ ਗਿਆ ਸੀ। ਇਸ ਫ਼ੈਸਲੇ ਤਹਿਤ ਸਿੱਧੂ ਤੋਂ ਲੋਕਲ ਬਾਡੀਜ਼ ਅਤੇ ਸੈਰਸਪਾਟਾ ਤੇ ਸਭਿਆਚਾਰਕ ਵਿਭਾਗ ਵਾਪਸ ਲੈ ਕੇ ਉਨ੍ਹਾਂ ਨੂੰ ਬਿਜਲੀ ਤੇ ਨਵੀਨੀਕਰਨ ਉਰਜਾ ਸਰੋਤ ਵਿਭਾਗ ਦੇ ਦਿੱਤਾ ਗਿਆ ਸੀ।