ਜ਼ੀਕਾ ਵਿਸ਼ਾਣੂ ਫੈਲਣ ਦੇ ਕਾਰਨ, ਲੱਛਣ ਅਤੇ ਰੋਕਥਾਮ

ਡਾ. ਰਾਜਿੰਦਰ ਕੌਰ, ਹਿਊਮਨ ਜੈਨੇਟਿਕਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਇਹ ਵਿਸ਼ਾਣੂ ਸਭ ਤੋਂ ਪਹਿਲਾਂ 1947 ਵਿੱਚ ਯੁਗਾਂਡਾ ਦੇਸ਼ ਦੇ ਜ਼ੀਕਾ ਜੰਗਲਾਂ ਵਿੱਚ ਬਾਂਦਰਾ ਦੇ ਇੱਕ ਸਰਵੇਖਣ ਦੌਰਾਨ ਦੇਖਿਆ ਗਿਆ ਜਿਸ ਕਰਕੇ ਇਸ ਦਾ ਨਾਮ ਜ਼ੀਕਾ ਵਾਇਰਸ ਪਿਆ। 1952 ਵਿੱਚ ਇਸ ਜ਼ੀਕਾ ਵਿਸ਼ਾਣੂ ਨੂੰ ਯੁਗਾਂਡਾ, ਅਮਰੀਕਾ, ਅਫਰੀਕਾ, ਏਸ਼ੀਆ ਅਤੇ ਸੰਯੁਕਤ ਰਾਸ਼ਟਰ ਤਨਜ਼ਾਨੀਆਂ ਦੇ ਵਸਨੀਕਾਂ ਵਿੱਚ ਪਾਇਆ ਗਿਆ। 1950 ਤੋਂ ਲੈ ਕੇ ਹੁਣ ਤਕ ਇਹ ਅਫਰੀਕਾ ਤੇ ਏਸ਼ਿਆਈ ਦੇਸ਼ਾਂ ਵਿੱਚ ਥੋੜ੍ਹਾ ਬਹੁਤ ਪਣਪਦਾ ਰਿਹਾ। 2014 ਵਿੱਚ ਇਸ ਦਾ ਵਾਧਾ ਫਰਾਂਸ ਤੋਂ ਹੁੰਦਾ ਹੋਇਆ 2015 ਵਿੱਚ ਮੈਕਸੀਕੋ, ਮੱਧ ਅਮਰੀਕਾ, ਕੈਰੀਬੀਅਨ ਦੇਸ਼ਾਂ ਅਤੇ ਦੱਖਣ ਅਮਰੀਕਾ ਵਿੱਚ ਬਹੁਤ ਬੁਰੀ ਤਰ੍ਹਾਂ ਫੈਲ ਗਿਆ। ਅਕਤੂਬਰ 2015 ਵਿੱਚ ਖ਼ਤਰੇ ਦੀ ਘੰਟੀ ਉਦੋਂ ਵੱਜੀ ਜਦੋਂ ਡਾਕਟਰਾਂ ਨੇ ਬ੍ਰਾਜੀਲ ਵਿੱਚ ਪੈਦਾ ਹੋਣ ਵਾਲੇ ਜ਼ਅਿਾਦਾਤਰ ਨਵਜੰਮੇ ਬੱਚਿਆਂ ਵਿੱਚ ਦੇਖਿਆ ਕਿ ਉਨ੍ਹਾਂ ਦੇ ਸਿਰ ਬਹੁਤ ਛੋਟੇ ਸਨ ਅਤੇ ਦਿਮਾਗ ਦਾ ਵਿਕਾਸ ਵੀ ਘੱਟ ਸੀ। ਜਨਵਰੀ 2016 ਵਿੱਚ ਅਮਰੀਕੀ ਸੈਂਟਰ ਫਾਰ ਡਜੀਜ਼ ਕੰਟਰੋਲ ਅਤੇ ਪਰੀਵੈਸ਼ਨ ਨੇ ਅੰਤਰਰਾਸ਼ਟਰੀ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਵਾਸਤੇ ਕਈ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂਂ।

ਫੈਲਣ ਦਾ ਢੰਗ: ਡੇਂਗੂ ਦੀ ਤਰ੍ਹਾਂ ਇਸ ਵਿਸ਼ਾਣੂ ਨੂੰ ਵੀ ਏਡੀਜ਼ ਅਗੈਪਟੀਜ਼ ਮੱਛਰ ਹੀ ਫੈਲਾਉਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਜ਼ੀਕਾ ਵਿਸ਼ਾਣੂ ਰੋਗਗ੍ਰਸਤ ਖ਼ੂਨ ਅਤੇ ਵੀਰਜ ਨਾਲ ਵੀ ਫੈਲਦਾ ਹੈ। ਇਸ ਵਿਸ਼ਾਣੂ ਦਾ ਮੁੱਖ ਚੱਕਰ ਜ਼ਅਿਾਦਾਤਰ ਮੱਛਰ-ਬਾਂਦਰ-ਮੱਛਰ ਵਿੱਚ ਘੁੰਮਦਾ ਰਹਿੰਦਾ ਹੈ। ਬਹੁਤ ਹੀ ਘੱਟ ਮੌਕਿਆਂ ‘ਤੇ ਇਹ ਚੱਕਰ ਟੁੱਟ ਕੇ ਮੱਛਰ-ਮਨੁੱਖ-ਮੱਛਰ ਵਿੱਚ ਤਬਦੀਲ ਹੁੰਦਾ ਹੈ। 2007 ਤੋਂ ਪਹਿਲਾਂ ਇਹ ਵਿਸ਼ਾਣੂ ਮਨੁੱਖਾਂ ਵਿੱਚ ਨਾ-ਮਾਤਰ ਹੀ ਸੀ।

ਜ਼ੀਕਾ ਵਿਸ਼ਾਣੂ ਦਾ ਜੀਵਨ ਚੱਕਰ ਤੇ ਲੱਛਣ: ਜੇ ਪੰਜ ਵਿਅਕਤੀਆਂ ਨੂੰ ਜ਼ੀਕਾ ਵਿਸ਼ਾਣੂ ਵਾਲਾ ਮੱਛਰ ਲੜਦਾ ਹੈ ਤਾਂ ਉਨ੍ਹਾਂ ਵਿੱਚੋਂ ਸਿਰਫ਼ ਇੱਕ ਵਿੱਚ ਹੀ ਜ਼ੀਕਾ ਦੇ ਲੱਛਣ ਪੈਦਾ ਹੁੰਦੇ ਹਨ। ਇਸ ਦੇ ਲੱਛਣ ਜਵਾਨਾਂ ਵਿੱਚ ਹਲਕੇ ਜਿਹੇ ਨਜ਼ਰ ਆਉਂਦੇ ਹਨ ਜੋ ਕਿ ਡੇਂਗੂ ਅਤੇ ਚਿਕਨਗੁਨੀਆਂ ਦੇ ਨਾਲ ਮਿਲਦੇ ਜੁਲਦੇ ਹਨ। ਜ਼ੀਕਾ ਵਾਇਰਸ ਦੇ ਇਨਕਿਊਬੇਸ਼ਨ ਪੀਰੀਅਡ (ਲਾਗ ਲੱਗਣ ਤੋਂ ਲੱਛਣ ਪੈਦਾ ਹੋਣ ਤਕ ਦਾ ਸਮਾਂ) ਦਾ ਹਾਲੇ ਪੂਰੀ ਤਰ੍ਹਾਂ ਗਿਆਨ ਨਹੀਂ ਹੈ, ਪਰ ਅੰਦਾਜ਼ਾ ਹੈ ਕਿ ਇਹ ਕੁਝ ਕੁ ਦਿਨਾਂ ਲੈ ਕੇ ਤੋਂ ਹਫ਼ਤੇ ਤਕ ਦਾ ਹੀ ਹੁੰਦਾ ਹੈ। ਆਮ ਤੌਰ ‘ਤੇ ਜ਼ੀਕਾ ਵਿੱਚ ਹਲਕਾ ਬੁਖ਼ਾਰ ਹੋ ਜਾਂਦਾ ਹੈ। ਸਰੀਰ ਉੱਪਰ ਖਾਰਿਸ਼ ਹੁੰਦੀ ਹੈ ਤੇ ਧੱਬੇ ਪੈ ਜਾਂਦੇ ਹਨ। ਜੋੜਾਂ ਵਿੱਚ ਦਰਦ ਹੁੰਦਾ ਹੈ ਅਤੇ ਨਾਲ ਹੀ ਅੱਖਾਂ ਦੁੱਖਣੀਆਂ ਆ ਜਾਂਦੀਆਂ ਹਨ ਅਤੇ ਲਾਲ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਮਾਸਪੇਸ਼ੀਆਂ ਵਿੱਚ ਅਤੇ ਸਿਰ ਦਰਦ ਵੀ ਹੁੰਦਾ ਹੈ। ਜ਼ੀਕਾ ਦੇ ਹਲਕੇ ਲੱਛਣ 2-3 ਦਿਨ ਤੋਂ ਲੈ ਕੇ ਇੱਕ ਹਫ਼ਤੇ ਤਕ ਰਹਿੰਦੇ ਹਨ ਅਤੇ ਫਿਰ ਆਪਣੇ ਆਪ ਠੀਕ ਹੋ ਜਾਂਦੇ ਹਨ। ਇਸ ਤੋਂ ਲੋਕ ਕੋਈ ਜ਼ਅਿਾਦਾ ਬਿਮਾਰ ਨਹੀਂ ਹੁੰਦੇ ਅਤੇ ਨਾ ਹੀ ਹਸਪਤਾਲ ਦਾਖ਼ਲ ਹੋਣ ਦੀ ਜ਼ਰੂਰਤ ਪੈਂਦੀ ਹੈ। ਜ਼ੀਕਾ ਵਿਸ਼ਾਣੂ ਨਾਲ ਆਮ ਤੌਰ ‘ਤੇ ਮੌਤ ਨਹੀਂ ਹੁੰਦੀ। ਆਮ ਤੌਰ ‘ਤੇ ਜ਼ੀਕਾ ਵਿਸ਼ਾਣੂ ਪੀੜਤ ਹੋ ਚੁੱਕੇ ਵਿਅਕਤੀ ਦੇ ਖ਼ੂਨ ਵਿੱਚ ਥੋੜ੍ਹੇ ਦਿਨਾਂ ਲਈ ਰਹਿੰਦਾ ਹੈ, ਪਰ ਕਈ ਵਿਅਕਤੀਆਂ ਵਿੱਚ ਇਹ ਜ਼ਿਆਦਾ ਸਮੇਂ ਬਾਅਦ ਵੀ ਪਾਇਆ ਗਿਆ ਹੈ। ਜੀਨ ਪੱਧਰ ਦੀਆਂ ਖੋਜਾਂ ਅਨੁਸਾਰ ਇਸ ਵਿਚਲੀ ਪ੍ਰੋਟੀਨ-1 ਕਾਰਨ ਇਹ ਮਨੁੱਖਾਂ ਵਿੱਚ ਆਪਣੀਆਂ ਕਈ ਨਕਲਾਂ ਤਿਆਰ ਕਰ ਲੈਂਦਾ ਹੈ।

ਇਸ ਵਿਸ਼ਾਣੂ ਨਾਲ ਹੋਣ ਵਾਲੇ ਨੁਕਸਾਨ ਦੀ ਪੂਰਨ ਜਾਣਕਾਰੀ ਹਾਲੇ ਤਕ ਉਪਲੱਭਦ ਨਹੀਂ ਹੈ। ਪਰ ਬ੍ਰਾਜੀਲ ਅਤੇ ਪੋਲੋਨੀਸ਼ੀਆਂ ਵਿੱਚ 2013 ਅਤੇ 2015 ਵਿੱਚ ਫੈਲੇ ਜ਼ੀਕਾ ਵਾਇਰਸ ਦੌਰਾਨ ਦੇਖਿਆ ਗਿਆ ਕਿ ਬੱਚਿਆਂ ਵਿੱਚ ਦਿਮਾਗੀ ਅਤੇ ਤੰਤਵੀ ਬਿਮਾਰੀਆਂ ਦੇ ਨਾਲ ਨਾਲ ਰੋਗਾਂ ਨਾਲ ਲੜਨ ਦੀ ਪ੍ਰਣਾਲੀ ਸਬੰਧੀ ਹੋਣ ਵਾਲੀਆਂ ਬਿਮਾਰੀਆਂ ਵਿੱਚ ਕਾਫ਼ੀ ਵਾਧਾ ਹੋਇਆ ਅਤੇ ਨਵਜੰਮੇ ਬੱਚੇ ਬਹੁਤ ਛੋਟੇ ਆਕਾਰ ਦੇ ਸਿਰ ਨਾਲ ਪੈਦਾ ਹੋਏ। ਅਜਿਹੇ ਬੱਚਿਆਂ ਦੀਆਂ ਮਾਵਾਂ ਵਿੱਚ ਜ਼ੀਕਾ ਵਾਇਰਸ ਪਾਇਆ ਗਿਆ। ਇਹ ਵਿਸ਼ਾਣੂ ਗਰਭ ਵਿਚਲੇ ਤਰਲ ਪਦਾਰਥ ਵਿੱਚੋਂ ਹੁੰਦਾ ਹੋਇਆ ਪਲੇਸੈਂਟਲ ਕੋਰਡ (ਨਾੜੂ) ਰਾਹੀਂ ਬੱਚੇ ਵਿੱਚ ਪ੍ਰਵੇਸ਼ ਹੋ ਗਿਆ ਅਤੇ ਛੋਟੇ ਸਿਰ ਦਾ ਕਾਰਨ ਬਣਿਆ। ਅਜਿਹੇ ਬੱਚਿਆ ਦੇ ਖ਼ੂਨ ਵਿੱਚ ਵੀ ਇਹ ਵਿਸ਼ਾਣੂ ਪਾਇਆ ਗਿਆ ਹੈ।

ਇਲਾਜ: ਬਾਜ਼ਾਰ ਵਿੱਚ ਕੋਈ ਵੀ ਅਜਿਹੀ ਦਵਾਈ ਜਾਂ ਵੈਕਸੀਨ ਉਪਲੱਬਧ ਨਹੀਂ ਹੈ ਜੋ ਜ਼ੀਕਾ ਵਿਸ਼ਾਣੂ ਦਾ ਇਲਾਜ ਕਰ ਸਕੇ। ਇਸ ਦਾ ਇੱਕੋ ਇਲਾਜ ਹੈ ਕਿ ਇਸ ਦੇ ਲੱਛਣਾਂ ਦਾ ਇਲਾਜ ਕਰੋ। ਬਹੁਤ ਸਾਰਾ ਪਾਣੀ ਪੀਓ। ਆਰਾਮ ਕਰੋ ਅਤੇ ਸਰੀਰ ਨੂੰ ਥਕਾਵਟ ਨਾ ਹੋਣ ਦੇਵੋ, ਤਰਲ ਪਦਾਰਥ ਦਾ ਸੇਵਨ ਕਰੋ ਅਤੇ ਡੀਹਾਈਡਰੇਸ਼ਨ ਤੋਂ ਬਚੋ। ਬੁਖ਼ਾਰ ਅਤੇ ਦਰਦ ਲਈ ਬਾਜ਼ਾਰ ਵਿੱਚ ਮਿਲਣ ਵਾਲੀ ਆਮ ਬੁਖ਼ਾਰ ਦੀ ਦਵਾਈ ਖਾਓ। ਕਦੇ ਵੀ ਐਸਪਰੀਨ ਵਰਗੀਆਂ ਨਾਨ-ਸਟੀਰਾਇਡਲ ਐਂਟੀ ਇਨਫਲਾਮੈਂਟਰੀ ਦਵਾਈਆਂ ਨਾ ਖਾਓ। ਜੇ ਤੁਸੀਂ ਪਹਿਲਾਂ ਹੀ ਕਿਸੇ ਬਿਮਾਰੀ ਲਈ ਰੈਗੂਲਰ ਦਵਾਈਆਂ ਖਾ ਰਹੋ ਹੋ ਤਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਵੋ। ਜੇ ਤੁਹਾਨੂੰ ਜ਼ੀਕਾ ਹੈ ਤਾਂ ਮੱਛਰ ਲੜਣ ਤੋਂ ਆਪਣੇ-ਆਪ ਨੂੰ ਬਚਾਅ ਕੇ ਰੱਖੋ ਕਿਉਂਕਿ ਮੱਛਰ ਰਾਹੀਂ ਇਹ ਹੋਰ ਵਿਅਕਤੀਆਂ ਵਿੱਚ ਵੀ ਫੈਲ ਸਕਦਾ ਹੈ।

ਮੱਛਰਾਂ ਦੇ ਪ੍ਰਜਨਣ ਨੂੰ ਰੋਕਣ ਸਬੰਧੀ ਨੁਕਤੇ:

* ਪਾਣੀ ਵਾਲੇ ਸਾਰੇ ਟੈਂਕਾਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ ਅਤੇ ਉਨ੍ਹਾਂ ਦੇ ਢੱਕਣਾਂ ਨੂੰ ਕੱਸ ਕੇ ਬੰਦ ਕਰੋ।

* ਖਾਲੀ ਪਏ ਡੱਬਿਆਂ, ਫ਼ਾਲਤੂ ਸਾਮਾਨ, ਪੁਰਾਣੇ ਟਾਇਰ ਅਤੇ ਨਾਰੀਅਲ ਦੇ ਖੋਲ ਆਦਿ ਨੂੰ ਨਸ਼ਟ ਕਰੋ।

* ਪਾਣੀ ਵਾਲੇ ਕੂਲਰਾਂ ਨੂੰ ਹਰ ਹਫ਼ਤੇ ਚੰਗੀ ਤਰ੍ਹਾਂ ਧੋ ਕੇ ਦੁਬਾਰਾ ਪਾਣੀ ਭਰੋ।

* ਘਰਾਂ ਅਤੇ ਹੋਟਲਾਂ ਵਿੱਚ ਖ਼ੂਬਸੂਰਤੀ ਲਈ ਲਗਾਏ ਗਏ ਪੌਦਿਆਂ ਵਿਚਲੇ ਪਾਣੀ ਵਿੱਚ ਲਾਰਵਾ ਖਾਣ ਵਾਲੀਆਂ ਮੱਛੀਆ ਪਾ ਕੇ ਰੱਖੋ ਤਾਂ ਜੋ ਉਹ ਮੱਛਰਾਂ ਦੇ ਲਾਰਵੇ ਨੂੰ ਪਣਪਣ ਤੋਂ ਰੋਕ ਸਕਣ।

* ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਪੰਛੀਆਂ ਦੇ ਨਹਾਉਣ ਵਾਲੇ ਪਾਣੀ ਦੇ ਬਰਤਨ, ਪੀਣ ਵਾਲੇ ਪਾਣੀ ਦੇ ਬਰਤਨ ਸਾਫ਼ ਕਰੋ।

ਆਪਣੇ ਬਚਾਅ ਸਬੰਧੀ ਨੁਕਤੇ:

* ਜ਼ੀਕਾ ਜਾਂ ਡੇਂਗੂ ਬੁਖ਼ਾਰ ਗ੍ਰਸਤ ਵਿਅਕਤੀ ਨੂੰ ਹਮੇਸ਼ਾਂ ਮੱਛਰਦਾਨੀ ਵਿੱਚ ਪਾਓ ਭਾਵੇਂ ਘਰ ਹੋਵੇ ਜਾਂ ਹਸਪਤਾਲ।

* ਦਿਨ ਦੇ ਸਮੇਂ ਪੂਰੀ ਬਾਂਹ ਵਾਲੇ ਕੱਪੜੇ ਪਾ ਕੇ ਰੱਖੋ ਜਾਂ ਐਂਟੀ ਮੱਛਰ ਸਪਰੇਅ ਦਾ ਇਸਤੇਮਾਲ ਕਰੋ।

* ਬੁਖ਼ਾਰ ਨੂੰ ਕਾਬੂ ਵਿੱਚ ਕਰਨ ਲਈ ਪੈਰਾਸੀਟਾਮੋਲ ਖਾਓ ਅਤੇ ਜ਼ੀਕਾ ਬੁਖ਼ਾਰ ਵਿੱਚ ਐਸਪਰਿਨ ਬਿਲਕੁੱਲ ਨਾ ਖਾਓ। ਚੰਗਾ ਹੋਵੇਗਾ ਜੇ ਆਪਣੀ ਮਰਜ਼ੀ ਨਾਲ ਕੋਈ ਵੀ ਦਵਾਈ ਨਾ ਖਾਓ। ਦਵਾਈ ਲਈ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਵੋ।

* ਜੇ ਤੁਸੀਂ ਜ਼ੀਕਾ ਪ੍ਰਭਾਵਿਤ ਦੇਸ਼ ਵਿੱਚ ਘੁੰਮ ਕੇ ਆ ਰਹੇ ਹੋ ਵਾਪਸੀ ‘ਤੇ ਆਪਣੇ ਡਾਕਟਰ ਨਾਲ ਸਲਾਹ ਕਰੋ ਅਤੇ ਲੋੜੀਂਦੇ ਟੈਸਟ ਕਰਵਾਓ।

Leave a Reply

Your email address will not be published. Required fields are marked *