ਲੁਧਿਆਣਾ ਜੇਲ੍ਹ ਵਿਚ ਕੈਦੀਆਂ ਦੇ ਦੋ ਧੜਿਆਂ ਵਿਚਾਲੇ ਜ਼ਬਰਦਸਤ ਟਕਰਾਅ-ਇਕ ਕੈਦੀ ਦੀ ਮੌਤ-ਪੁਲਸ ਅਫਸਰ ਜ਼ਖ਼ਮੀ-ਕੈਦੀਆਂ ਵਲੋਂ ਫਰਾਰ ਹੋਣ ਦੀ ਕੋਸ਼ਿਸ਼

ਚੰਡੀਗੜ੍ਹ: ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਕੈਦੀਆਂ ਦੇ ਦੋ ਧੜਿਆਂ ਵਿਚਾਲੇ ਪਹਿਲਾਂ ਪਥਰਬਾਜ਼ੀ ਹੋਈ ਤੇ ਫੇਰ ਜੰਮ ਕੇ ਗੋਲੀਆਂ ਚੱਲੀਆਂ। ਮਾਮਲਾ ਵੀਰਵਾਰ ਦੁਪਹਿਰ ਦਾ ਹੈ। ਕਿਸੇ ਗੱਲ ਨੂੰ ਲੈ ਕੇ ਕੈਦੀਆਂ ਦੇ ਧੜੇ ਆਪੋ-ਵਿਚੀ ਭਿੜ ਗਏ। ਇਸ ਘਟਨਾ ਵਿੱਚ ਇੱਕ ਕੈਦੀ ਦੀ ਮੌਤ ਹੋ ਗਈ ਜਦਕਿ ਪੰਜ ਕੈਦੀ ਤੇ ਕਰੀਬ ਅੱਧੀ ਦਰਜਨ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਘਟਨਾ ਲਈ ਡੀਸੀ ਲੁਧਿਆਣਾ ਵੱਲੋਂ ਨਿਆਇਕ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਘਟਨਾ ਦੀ ਗੰਭੀਰਤਾ ਨੂੰ ਵੇਖਦਿਆਂ ਮੁੱਖ ਮੰਤਰੀ ਨੇ ਹਿੰਸਾ ਦੀ ਵਿਸਥਾਰਪੂਰਵਕ ਜਾਂਚ ਕਰਨ ਲਈ ਕਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਦਰਅਸਲ ਜਦੋਂ ਰਾਜਿੰਦਰਾ ਮੈਡੀਕਲ ਕਾਲਜ ਹਸਪਤਾਲ, ਪਟਿਆਲਾ ‘ਚ ਜੇਲ੍ਹ ਦੇ ਕੈਦੀ ਸੰਨੀ ਸੂਦ ਦੀ ਮੌਤ ਹੋਣ ਦੀ ਖ਼ਬਰ ਜੇਲ੍ਹ ਪਹੁੰਚੀ ਤਾਂ ਇਸ ਦੇ ਬਾਅਦ ਜੇਲ੍ਹ ਵਿੱਚ ਕੈਦੀ ਭੜਕ ਗਏ ਜਿਸ ਨਾਲ ਹਿੰਸਾ ਫੈਲ ਗਈ। ਸੂਦ ਐਨਡੀਪੀਐਸ ਕਾਨੂੰਨ ਦੇ ਕੇਸ ਵਿੱਚ ਕੈਦ ਸੀ। ਅੱਜ ਵਾਪਰੀ ਘਟਨਾ ਦੌਰਾਨ ਅਜੀਤ ਬਾਬਾ ਦੀ ਮੌਤ ਹੋ ਗਈ।
ਸ਼ੁਰੂਆਤੀ ਜਾਣਕਾਰੀ ਮੁਤਾਬਕ ਸੂਦ ਦੀ ਮੌਤ ਦੀ ਖ਼ਬਰ ਨਾਲ ਜੇਲ੍ਹ ਵਿੱਚ ਦੰਗਾ ਸ਼ੁਰੂ ਹੋ ਗਿਆ। ਲਗਪਗ 3100 ਕੈਦੀਆਂ ਨੇ ਵਾਪਸ ਬੈਰਕਾਂ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਇਹ ਪੱਥਰ ਜੇਲ੍ਹ ਵਿੱਚ ਹੋ ਰਹੇ ਨਿਰਮਾਣ ਕਾਰਜਾਂ ਕਰਕੇ ਮੌਜੂਦ ਸਨ। ਇਸ ਦੇ ਨਾਲ ਹੀ ਕੈਦੀਆਂ ਨੇ ਜੇਲ੍ਹ ਸੁਪਰਡੈਂਟ ਦੀ ਕਾਰ ਸਮੇਤ ਰਿਕਾਰਡ ਰੂਮ ਨੂੰ ਵੀ ਅੱਗ ਲਾ ਦਿੱਤੀ ਤੇ ਜੇਲ੍ਹ ਦੀ ਵੀ ਭੰਨ੍ਹਤੋੜ ਕੀਤੀ।
ਇਸ ਤੋਂ ਬਾਅਦ ਕੈਦੀਆਂ ਨੇ ਜੇਲ੍ਹ ਦੇ ਗੇਟ ਭੰਨ੍ਹਣ ਦੀ ਕੋਸ਼ਿਸ਼ ਕੀਤੀ ਤਾਂ ਜੇਲ੍ਹ ਪੁਲਿਸ ਨੇ ਹਵਾਈ ਫਾਇਰ ਕਰਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਵਾਧੂ ਪੁਲਿਸ ਫੋਰਸ ਵੀ ਮੌਕੇ ‘ਤੇ ਪਹੁੰਚ ਗਈ।