ਕੈਨੇਡਾ ਨੇ ਯੂਰਪ ਨੂੰ 2-1 ਨਾਲ ਹਰਾ ਕੇ ਵਿਸ਼ਵ ਕੱਪ ਆਪਣੇ ਨਾਂ ਕੀਤਾ
ਓਟਵਾ (ਨਦਬ): ਵੀਰਵਾਰ ਸਾਮ ਨੂੰ ਪਹਿਲਾਂ ਲੱਗਭਗ ਮੈਚ ਗੁਆ ਬੈਠੀ ਕੈਨੇਡਾ ਦੀ ਟੀਮ ਨੇ ਆਖਰੀ ਪਲਾਂ ਵਿੱਚ ਜ਼ੋਰਦਾਰ ਵਾਪਸੀ ਕਰਦਿਆਂ ਆਖਿਰਕਾਰ ਵਿਸ਼ਵ ਕੱਪ ਦਾ ਖਿਤਾਬ ਆਪਣੇ ਜਿੱਤ ਹੀ ਲਿਆ। ਕੈਨੇਡਾ ਨੇ ਯੂਰਪ ਨੂੰ 2-1 ਨਾਲ ਹਰਾ ਕੇ ਵਿਸ਼ਵ ਕੱਪ ਆਪਣੇ ਨਾਂ ਕਰ ਲਿਆ। ਇਸ ਮਗਰੋਂ ਸਿਡਨੀ ਕਰੌਸਬੀ ਨੇ ਆਖਿਆ ਕਿ ਜਿਵੇਂ ਸਾਰਾ ਕੁੱਝ ਵਾਪਰਿਆ ਉਸ ਉੱਤੇ ਯਕੀਨ ਹੀ ਨਹੀਂ ਹੁੰਦਾ। ਆਖਰੀ ਦੇ ਦੋ ਮਿੰਟਾਂ ਵਿੱਚ ਕੀਤੇ ਗਏ ਦੋ ਗੋਲਾਂ ਨੇ ਕੈਨੇਡੀਅਨ ਟੀਮ ਦੀ ਸਾਖ ਰੱਖ ਲਈ। ਇੱਕ ਵਾਰੀ ਮੁੜ ਕੈਨੇਡਾ ਹਾਕੀ ਦਾ ਵਿਸ਼ਵ ਚੈਂਪੀਅਨ ਬਣਨ ਵਿੱਚ ਕਾਮਯਾਬ ਹੋ ਗਿਆ। ਯੂਰਪੀਅਨਾਂ ਨੇ ਵਿਸ਼ਵ ਕੱਪ ਵਿੱਚ ਚੰਗੀ ਟੱਕਰ ਦਿੱਤੀ। ਉਨ੍ਹਾਂ ਕੈਨੇਡੀਅਨਾਂ ਨੂੰ ਕਿਸੇ ਪਾਸੇ ਤੋਂ ਸਾਹ ਨਹੀਂ ਆਉਣ ਦਿੱਤਾ। ਹੈੱਡ ਕੋਚ ਮਾਈਕ ਬੈਬਕੌਕ ਨੇ ਆਖਿਆ ਕਿ ਹਰ ਵਾਰੀ ਅਜਿਹੇ ਟੂਰਨਾਮੈਂਟਸ ਦੀ ਸ਼ੁਰੂਆਤ ਵਿੱਚ ਆਖਦੇ ਹੋਂ ਕਿ ਫਲਾਣੀ ਟੀਮ ਚੰਗੀ ਹੈ ਤੇ ਢਕਾਣੀ ਟੀਮ ਚੰਗੀ ਹੈ। ਪਰ ਫਿਰ ਵੀ ਤੁਸੀਂ ਜਾਣਦੇ ਹੁੰਦੇ ਹੋਂ ਕਿ ਅਖੀਰ ਵਿੱਚ ਤੁਹਾਨੂੰ ਆਪਣੀ ਬਿਹਤਰ ਖੇਡ ਦਾ ਮੁਜ਼ਾਹਰਾ ਕਰਨਾ ਹੋਵੇਗਾ ਤਾਂ ਹੀ ਤੁਸੀਂ ਜਿੱਤ ਸਕੋਂਗੇ।