ਲੁਧਿਆਣਾ ਵਿਚ ਵੱਡੀ ਮਾਤਰਾ ਵਿਚ ਨਸ਼ੇ ਅਤੇ ਹਥਿਆਰਾਂ ਸਣੇ ਥਾਣੇਦਾਰ ਗ੍ਰਿਫ਼ਤਾਰ

ਲੁਧਿਆਣਾ: ਨਸ਼ਿਆਂ ਦੀ ਰੋਕਥਾਮ ਲਈ ਬਣੀ ਐਸਟੀਐਫ ਨੇ ਇੱਕ ਪੁਲਿਸ ਮੁਲਾਜ਼ਮ ਨੂੰ ਵੱਡੀ ਮਾਤਰਾ ਵਿੱਚ ਅਫੀਮ ਤੇ ਅਸਲੇ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਸਹਾਇਕ ਸਬ ਇੰਸਪੈਕਟਰ ਦੀ ਪਛਾਣ ਮੇਜਰ ਸਿੰਘ ਵਜੋਂ ਹੋਈ ਹੈ, ਜੋ ਐਮਟੀਓ ਬ੍ਰਾਂਚ ਵਿੱਚ ਬਤੌਰ ਡਰਾਈਵਰ ਤਾਇਨਾਤ ਹੈ। ਪੁਲਿਸ ਨੇ ਏਐਸਆਈ ਨਾਲ ਹਰਜੀਤ ਕੌਰ ਨਾਂ ਔਰਤ ਨੂੰ ਵੀ ਕਾਬੂ ਕੀਤਾ ਹੈ, ਜੋ ਉਸ ਦੀ ਰਿਸ਼ਤੇਦਾਰ ਦੱਸੀ ਜਾਂਦੀ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਐਸਟੀਐਫ ਟੀਮ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਨਾਕੇਬੰਦੀ ਕੀਤੀ। ਦੋਵੇਂ ਮੁਲਜ਼ਮ ਸਵਿਫਟ ਡਿਜ਼ਾਇਰ ਕਾਰ (ਪੀਬੀ 05 ਏਕੇ 8929) ਵਿੱਚ ਸਵਾਰ ਹੋ ਕੇ ਨਸ਼ੇ ਦੀ ਡਿਲੀਵਰੀ ਦੇਣ ਲਈ ਲੁਧਿਆਣਾ ਦੀ ਗਿੱਲ ਨਹਿਰ ਕੋਲੋਂ ਲੰਘ ਰਹੇ ਸਨ। ਪੁਲਿਸ ਨੇ ਦੋਵਾਂ ਨੂੰ ਰੋਕਿਆ ਤਾਂ ਉਨ੍ਹਾਂ ਕੋਲੋਂ ਸਾਢੇ ਪੰਜ ਕਿੱਲੋ ਅਫੀਮ, 32 ਬੋਰ ਦਾ ਰਿਵਾਲਵਰ, ਪਿਸਤੌਲ, ਐਸਐਲਆਰ ਤੇ ਰਾਈਫਲ ਦੇ 26 ਰੌਂਦ ਬਰਾਮਦ ਹੋਏ।
ਪੁੱਛਗਿੱਛ ਵਿੱਚ ਉਨ੍ਹਾਂ ਦੱਸਿਆ ਕਿ ਉਹ ਹਿਸਾਰ ਤੋਂ ਥੋਕ ਦੇ ਭਾਅ ਵਿੱਚ ਅਫੀਮ ਲਿਆ ਕੇ ਪੰਜਾਬ ਵਿੱਚ ਮਹਿੰਗੇ ਭਾਅ ‘ਤੇ ਵੇਚਦੇ ਸਨ। ਮੇਜਰ ਸਿੰਘ ਪਿਛਲੇ 15 ਸਾਲ ਤੋਂ ਇਸੇ ਧੰਦੇ ਵਿੱਚ ਲੱਗਾ ਹੋਇਆ ਸੀ ਤੇ ਉਹ ਪਿਛਲੇ ਹੀ ਹਫ਼ਤੇ ਤਰੱਕੀ ਪਾ ਕੇ ਏਐਸਆਈ ਬਣਿਆ ਸੀ। ਇਸ ਧੰਦੇ ਵਿੱਚੋਂ ਚੋਖੀ ਕਮਾਈ ਕਰਕੇ ਉਸ ਨੇ ਕਰੋੜਾਂ ਦੀ ਜਾਇਦਾਦ ਵੀ ਬਣਾ ਲਈ ਸੀ। ਪੁਲਿਸ ਦੋਵਾਂ ਤੋਂ ਹੋਰ ਪੁੱਛਗਿੱਛ ਕਰਕੇ ਉਨ੍ਹਾਂ ਦੇ ਗਾਹਕਾਂ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ, ਜਿਸ ਵਿੱਚ ਹੋਰ ਖੁਲਾਸੇ ਹੋਣ ਦੀ ਆਸ ਹੈ।

Leave a Reply

Your email address will not be published. Required fields are marked *