ਲਗਜ਼ਰੀ ਕਾਰ ਦੀ ਸਾਂਭ ਸੰਭਾਲ ਨੇ ਦੀਪਾ ਨੂੰ ਦਿੱਤਾ ਗੇੜਾ

ਹੈਦਰਾਬਾਦ (ਨਦਬ): ਅਗਰਤਲਾ ਵਿੱਚ ਲਗਜ਼ਰੀ ਕਾਰ ਦੀ ਸਾਂਭ ਸੰਭਾਲ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਦੱਸ ਕੇ ਇਸ ਨੂੰ ਮੋੜਨ ਦੀ ਇੱਛਾ ਜ਼ਾਹਰ ਕਰਨ ਵਾਲੀ ਭਾਰਤੀ ਜਿਮਨਾਸਟ ਦੀਪਾ ਕਰਮਾਕਰ ਨੇ ਹੁਣ ਬੇਨਤੀ ਕੀਤੀ ਹੈ ਕਿ ਉਸ ਨੂੰ ਕਾਰ ਦੀ ਥਾਂ ਇਸ ਦੀ ਕੀਮਤ ਦਾ ਨਗ਼ਦ ਪੁਰਸਕਾਰ ਦਿੱਤਾ ਜਾਵੇ। ਉਧਰ ਜਿਮਨਾਸਟ ਨੂੰ ਇਹ ਕਾਰ ਤੋਹਫ਼ੇ ਵਜੋਂ ਦੇਣ ਵਾਲੀ ਸੰਸਥਾ ਨੇ ਇਸ ਮਾਮਲੇ ‘ਤੇ ‘ਗੌਰ’ ਕਰਨ ਦਾ ਵਾਅਦਾ ਕੀਤਾ ਹੈ। ਕਰਮਾਕਰ ਨੇ ਰੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਜਿਮਨਾਸਟ ਬਣ ਕੇ ਇਤਿਹਾਸ ਰਚ ਦਿੱਤਾ ਸੀ ਤੇ ਉਹ ਆਪਣੇ ਵਾਲਟ ਮੁਕਾਬਲੇ ਵਿੱਚ ਚੌਥੇ ਸਥਾਨ ‘ਤੇ ਰਹੀ ਸੀ। ਹੈਦਰਾਬਾਦ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਮੁਖੀ ਚਾਮੁੰਡੇਸ਼ਵਰਨਾਥ ਨੇ ਦੀਪਾ ਨੂੰ ਉਹਦੇ ਉਮਦਾ ਪ੍ਰਦਰਸ਼ਨ ਲਈ ਬੀਐਮਡਬਲਿਊ ਕਾਰ ਭੇਟ ਕੀਤੀ ਸੀ। ਦੀਪਾ ਨੂੰ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਇਕ ਸਨਮਾਨ ਸਮਾਗਮ ਦੌਰਾਨ ਰੀਓ ਓਲੰਪਿਕ ‘ਚ ਤਗ਼ਮਾ ਜੇਤੂ ਸ਼ਟਲਰ ਪੀ.ਵੀ.ਸਿੰਧੂ ਤੇ ਸਾਕਸ਼ੀ ਮਲਿਕ ਨਾਲ ਕਾਰ ਦੀਆਂ ਚਾਬੀਆਂ ਸੌਂਪੀਆਂ ਸਨ। ਦੀਪਾ ਹੁਣ ਸਾਂਭ ਸੰਭਾਲ ਦੀਆਂ ਮੁਸ਼ਕਲਾਂ ਕਰਕੇ ਆਪਣੀ ਲਗਜ਼ਰੀ ਕਾਰ ਵਾਪਸ ਕਰਨਾ ਚਾਹੁੰਦੀ ਹੈ। ਕਿਉਂਕਿ ਅਗਰਤਲਾ ਦੀਆਂ ਸੜਕਾਂ ਬੀਐਮਡਬਲਿਊ ਦੇ ਮਾਫ਼ਕ ਨਹੀਂ ਤੇ ਉਂਜ ਵੀ ਸ਼ਹਿਰ ਵਿੱਚ ਕਾਰ ਦਾ ਕੋਈ ਵੀ ਸ਼ੋਅਰੂਮ ਜਾਂ ਸਰਵਿਸ ਸੈਂਟਰ ਨਹੀਂ ਹੈ। ਜਿਮਨਾਸਟ ਦੇ ਕੋਚ ਬੀ.ਨੰਦੀ ਨੇ ਅਪੀਲ ਕੀਤੀ ਹੈ ਕਿ ਕਾਰ ਦੇ ਬਰਾਬਰ ਕੀਮਤ ਦੀਪਾ ਦੇ ਖਾਤੇ ਵਿੱਚ ਤਬਦੀਲ ਕਰ ਦੇਣੀ ਚਾਹੀਦੀ ਹੈ। ਉਧਰ ਚਾਮੁੰਡੇਸ਼ਵਰਨਾਥ ਨੇ ਕਿਹਾ ਕਿ ਉਹ ਜਲਦੀ ਹੀ ਇਸ ਬਾਰੇ ਦੀਪਾ ਨਾਲ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਕਾਰ ਤੋਹਫ਼ੇ ਵਜੋਂ ਦੇਣ ਦਾ ਮੰਤਵ ਉਨ੍ਹਾਂ ਨੂੰ ਬਿਹਤਰ ਪ੍ਰਦਰਸ਼ਨ ਲਈ ਹੱਲਾਸ਼ੇਰੀ ਦੇਣਾ ਸੀ। ਇਸ ਦੌਰਾਨ ਦੀਪਾ ਦੇ ਪਿਤਾ ਦੁਲਾਲ ਕਰਮਾਕਰ ਨੇ ਕਿਹਾ ਕਿ ਉਹ ਲਗਜ਼ਰੀ ਕਾਰ ਵੱਟੇ ਪੈਸਿਆਂ ਦੀ ਮੰਗ ਇਸ ਲਈ ਕਰ ਰਹੇ ਹਨ ਤਾਂ ਕਿ ਉਹ ਇਸ ਰਾਸ਼ੀ ਨਾਲ ਅਜਿਹੀ ਕਾਰ ਖਰੀਦ ਸਕਣ ਜਿਸ ਦਾ ਸ਼ੋਅਰੂਮ ਅਗਰਤਲਾ ਵਿੱਚ ਹੋਵੇ।

 

Leave a Reply

Your email address will not be published. Required fields are marked *