ਆਈਸੀਸੀ ਦਰਜਾਬੰਦੀ ‘ਚ ਅਸ਼ਵਿਨ ਮੁੜ ਸਿਖ਼ਰ ‘ਤੇ

ਦੁਬਈ (ਨਦਬ): ਭਾਰਤੀ ਆਫ਼ ਸਪਿੰਨਰ ਰਵੀਚੰਦਰਨ ਅਸ਼ਵਿਨ ਆਈਸੀਸੀ ਟੈਸਟ ਗੇਂਦਬਾਜ਼ਾਂ ਦੀ ਦਰਜਾਬੰਦੀ ਵਿੱਚ ਮੁੜ ਸਿਖਰ ‘ਤੇ ਪੁੱਜ ਗਿਆ ਹੈ। ਨਿਊਜ਼ੀਲੈਂਡ ਖ਼ਿਲਾਫ਼ ਇੰਦੌਰ ਟੈਸਟ ਵਿੱਚ 140 ਦੌੜਾਂ ਬਦਲੇ 13 ਵਿਕਟ ਲੈਣ ਵਾਲੇ ਅਸ਼ਵਿਨ ਦੇ ਨਾਂ ਹੁਣ 39 ਟੈਸਟਾਂ ਵਿੱਚ 220 ਵਿਕਟਾਂ ਹਨ। ਇੰਦੌਰ ਵਿੱਚ ਆਖਰੀ ਟੈਸਟ ਤੋਂ ਪਹਿਲਾਂ ਅਸ਼ਵਿਨ ਦਰਜਾਬੰਦੀ ਵਿੱਚ ਤੀਜੇ ਸਥਾਨ ‘ਤੇ ਸੀ, ਪਰ ਹੁਣ ਉਸ ਨੇ ਤੇਜ਼ ਗੇਂਦਬਾਜ਼ ਇੰਗਲੈਂਡ ਦੇ ਜੇਮਸ ਐਂਡਰਸਨ ਤੇ ਦੱਖਣੀ ਅਫ਼ਰੀਕਾ ਦੇ ਡੇਲ ਸਟੇਨ ਨੂੰ ਪਿਛਾਂਹ ਛੱਡਦਿਆਂ ਸਿਖਰਲਾ ਸਥਾਨ ਹਾਸਲ ਕਰ ਲਿਆ ਹੈ। ਉਂਜ ਅਸ਼ਵਿਨ ਹਰਫ਼ਨਮੌਲਾ ਖਿਡਾਰੀਆਂ ਦੀ ਸੂਚੀ ਵਿੱਚ ਵੀ ਸਿਖਰ ‘ਤੇ ਹੈ। ਪਿਛਲੇ ਸਾਲ 2015 ਦੀ ਆਖਰੀ ਦਰਜਾਬੰਦੀ ਵਿੱਚ ਸਿਖਰ ‘ਤੇ ਰਿਹਾ ਅਸ਼ਵਿਨ ਜੁਲਾਈ ਵਿੱਚ ਨੰਬਰ ਇਕ ਤੱਕ ਪੁੱਜਿਆ ਸੀ। ਅਸ਼ਵਿਨ ਹੁਣ ਸਾਲ 2000 ਤੋਂ ਬਾਅਦ 900 ਅੰਕ ਹਾਸਲ ਕਰਨ ਵਾਲੇ ਗੇਂਦਬਾਜ਼ਾਂ ਮੁਥੱਈਆ ਮੁਰਲੀਧਰਨ, ਗਲੇਨ ਮੈਕਗਰਾਹ, ਵੇਰਨੋਨ ਫਿਲੈਂਡਰ, ਡੇਲ ਸਟੇਨ ਤੇ ਸ਼ੌਨ ਪੋਲਾਕ ਦੀ ਜਮਾਤ ਦਾ ਹਿੱਸਾ ਬਣ ਗਿਆ ਹੈ। ਉਧਰ ਟੈਸਟ ਬੱਲੇਬਾਜ਼ਾਂ ਦੀ ਦਰਜਾਬੰਦੀ ਵਿੱਚ ਭਾਰਤ ਦਾ ਮੱਧਕ੍ਰਮ ਦਾ ਬੱਲੇਬਾਜ਼ ਅਜਿਨਕਿਆ ਰਹਾਣੇ ਕਰੀਅਰ ਦੇ ਸਰਵੋਤਮ ਛੇਵੇਂ ਸਥਾਨ ‘ਤੇ ਪੁੱਜ ਗਿਆ ਹੈ। ਚੇਤੇਸ਼ਵਰ ਪੁਜਾਰਾ ਇਕ ਸਥਾਨ ਦੇ ਵਾਧੇ ਨਾਲ 14ਵੇਂ ਅਤੇ ਕਪਤਾਨ ਵਿਰਾਟ ਕੋਹਲੀ ਚਾਰ ਸਥਾਨਾਂ ਦੀ ਬੜ੍ਹਤ ਨਾਲ 16ਵੇਂ ਸਥਾਨ ‘ਤੇ ਹੈ। ਹਰਫ਼ਨਮੌਲਾ ਖਿਡਾਰੀਆਂ ‘ਚੋਂ ਭਾਰਤ ਦਾ ਰਵਿੰਦਰ ਜਡੇਜਾ ਕਰੀਅਰ ਦੀ ਸਰਵੋਤਮ ਤੀਜੀ ਦਰਜਾਬੰਦੀ ‘ਤੇ ਹੈ। ਟੀਮ ਦਰਜਾਬੰਦੀ ਵਿੱਚ ਜੇਕਰ ਪਾਕਿਸਤਾਨ, ਵੈਸਟਇੰਡੀਜ਼ ਖ਼ਿਲਾਫ਼ 3-0 ਦੀ ਕਲੀਨ ਸਵੀਪ ਕਰਦਾ ਵੀ ਹੈ ਤਾਂ ਉਸ ਦੇ ਸਿਰ ਨੰਬਰ ਇਕ ਦਾ ਤਾਜ ਨਹੀਂ ਸਜੇਗਾ।