ਅਸ਼ਵਿਨ ਦੀ ਮੁੜ ਬੱਲੇ ਬੱਲੇ, ਭਾਰਤ ਨੇ ਨਿਊਜ਼ੀਲੈਂਡ ਤੋਂ ਟੈਸਟ ਲੜੀ ਹੂੰਝੀ – ਤਿੰਨ ਮੈਚਾਂ ‘ਚ 27 ਵਿਕਟਾਂ ਨਾਲ ਅਸ਼ਵਿਨ ਬਣਿਆ ‘ਮੈਨ ਆਫ਼ ਦੀ ਸੀਰੀਜ਼’ ਤੇ ‘ਮੈਨ ਆਫ਼ ਦਿ ਮੈਚ’

ਇੰਦੌਰ (ਨਦਬ): ਚਿਤੇਸ਼ਵਰ ਪੁਜਾਰਾ ਦੇ ਸੈਂਕੜੇ ਤੇ ਮਗਰੋਂ ਰਵੀਚੰਦਰਨ ਅਸ਼ਵਿਨ ਵੱਲੋਂ ਪਾਰੀ ਤੇ ਮੈਚ ਵਿੱਚ ਕੀਤੀ ਕਰੀਅਰ ਦੀ ਸਰਵੋਤਮ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਨਿਊਜ਼ੀਲੈਂਡ ਨੂੰ ਤੀਜੇ ਤੇ ਆਖਰੀ ਟੈਸਟ ਮੈਚ ਦੇ ਚੌਥੇ ਦਿਨ 321 ਦੌੜਾਂ ਨਾਲ ਹਰਾ ਕੇ ਲੜੀ ਉੱਤੇ 3-0 ਨਾਲ ਹੂੰਝਾ ਫੇਰਦਿਆਂ ਦੇਸ਼ਵਾਸੀਆਂ ਨੂੰ ਦਸਹਿਰੇ ਦਾ ਤੋਹਫ਼ਾ ਦਿੱਤਾ ਹੈ। ਭਾਰਤ ਵੱਲੋਂ ਜਿੱਤ ਲਈ ਮਿਲੇ 475 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਦੂਜੀ ਪਾਰੀ 153 ਦੌੜਾਂ ‘ਤੇ ਸਿਮਟ ਗਈ। ਮਹਿਮਾਨ ਟੀਮ ਨੂੰ ਸਮੇਟਣ ਵਿੱਚ ਗੇਂਦਬਾਜ਼ ਅਸ਼ਵਿਨ ਦਾ ਅਹਿਮ ਯੋਗਦਾਨ ਰਿਹਾ ਜਿਸ ਨੇ 59 ਦੌੜਾਂ ਬਦਲੇ ਸੱਤ ਵਿਕਟ ਲਏ ਜਦਕਿ ਦੋ ਵਿਕਟਾਂ ਰਵਿੰਦਰ ਜਡੇਜਾ ਦੇ ਹਿੱਸੇ ਆਈਆਂ। ਦੌੜਾਂ ਦੇ ਲਿਹਾਜ਼ ਨਾਲ ਇਹ ਭਾਰਤ ਦੀ ਦੂਜੀ ਸਭ ਤੋਂ ਵੱਡੀ ਜਿੱਤ ਹੈ। ਅਸ਼ਵਿਨ ਜਿਸ ਨੇ ਤੀਜੇ ਟੈਸਟ ਦੀ ਪਹਿਲੀ ਪਾਰੀ ਦੀਆਂ ਛੇ ਵਿਕਟਾਂ ਸਮੇਤ 140 ਦੌੜਾਂ ਬਦਲੇ ਕੁਲ 13 ਵਿਕਟਾਂ ਲਈਆਂ ਨੂੰ ‘ਮੈਨ ਆਫ਼ ਦੀ ਸੀਰੀਜ਼ ਐਲਾਨਿਆ ਗਿਆ। ਅਸ਼ਵਿਨ ਨੇ ਤਿੰਨ ਟੈਸਟ ਮੈਚਾਂ ਦੀ ਲੜੀ ‘ਚ ਕੁਲ 27 ਵਿਕਟ ਲਏ ਹਨ।
ਨਿਊਜ਼ੀਲੈਂਡ ਦੀ ਟੀਮ ਨੂੰ ਅੱਜ ਦੂਜੀ ਪਾਰੀ ਵਿੱਚ ਬਿਹਤਰ ਪ੍ਰਦਰਸ਼ਨ ਦੀ ਉਮੀਦ ਸੀ, ਪਰ ਟੀਮ ਨੇ ਦਿਨ ਦੇ ਆਖਰੀ ਸੈਸ਼ਨ ਵਿੱਚ 35.5 ਓਵਰਾਂ ਵਿੱਚ 115 ਦੌੜਾਂ ਬਦਲੇ ਨੌਂ ਵਿਕਟ ਗੁਆਏ। ਟੀਮ ਲਈ ਰੋਸ ਟੇਲਰ ਨੇ ਸਭ ਤੋਂ ਵੱਧ 32 ਦੌੜਾਂ ਦਾ ਯੋਗਦਾਨ ਪਾਇਆ ਜਦਕਿ ਮਾਰਟਿਨ ਗੁਪਟਿਲ ਤੇ ਕਪਤਾਨ ਕੇਨ ਵਿਲੀਅਮਸਨ ਨੇ ਕ੍ਰਮਵਾਰ 29 ਤੇ 27 ਦੌੜਾਂ ਦਾ ਯੋਗਦਾਨ ਪਾਇਆ। ਆਖਰੀ ਵਿਕਟ ਵਜੋਂ ਬੀਜੇ ਵਾਟਲਿੰਗ (ਨਾਬਾਦ 23) ਤੇ ਟਰੈਂਟ ਬੋਲਟ (4) ਨੇ ਭਾਰਤ ਦੀ ਜਿੱਤ ਦੀ ਉਡੀਕ ਨੂੰ ਥੋੜ੍ਹਾ ਲੰਮਾ ਜ਼ਰੂਰ ਕੀਤਾ, ਪਰ ਫਿਰ ਅਸ਼ਵਿਨ ਨੇ ਬੋਲਟ ਨੂੰ ਬੋਲਡ ਕਰਕੇ ਮੈਚ ਭਾਰਤ ਦੀ ਝੋਲੀ ਪਾ ਦਿੱਤਾ। ਇਸ ਤੋਂ ਪਹਿਲਾਂ ਭਾਰਤ ਨੇ ਅੱਜ ਚਿਤੇਸ਼ਵਰ ਪੁਜਾਰਾ(101) ਦੇ ਨਾਬਾਦ ਸੈਂਕੜੇ ਤੇ ਗੌਤਮ ਗੰਭੀਰ ਦੇ ਨੀਮ ਸੈਂਕੜੇ ਦੀ ਬਦੌਲਤ ਆਪਣੀ ਦੂਜੀ ਪਾਰੀ 216/3 ਦੇ ਸਕੋਰ ‘ਤੇ ਐਲਾਨ ਦਿੱਤੀ। ਦੋਵਾਂ ਨੇ ਦੂਜੇ ਵਿਕਟ ਲਈ 75 ਦੌੜਾਂ ਦੀ ਭਾਈਵਾਲੀ ਕੀਤੀ। ਪਹਿਲੀ ਪਾਰੀ ‘ਚ ਦੋਹਰਾ ਸੈਂਕੜਾ ਜੜਨ ਵਾਲਾ ਕਪਤਾਨ ਕੋਹਲੀ 17 ਦੌੜਾਂ ਹੀ ਬਣਾ ਸਕਿਆ। ਅਜਿਨਕਿਆ ਰਹਾਣੇ 23 ਦੌੜਾਂ ਨਾਲ ਨਾਬਾਦ ਰਿਹਾ ਜਦਕਿ ਮੁਰਲੀ ਵਿਜੈ ਨੇ 19 ਦੌੜਾਂ ਦਾ ਯੋਗਦਾਨ ਪਾਇਆ। ਜੀਤਨ ਪਟੇਲ ਨੇ ਦੋ ਵਿਕਟਾਂ ਲਈਆਂ।