ਵਰਲਡ ਕੱਪ ਦਾ ਕੱਲ ਪਹਿਲਾ ਸੈਮੀਫਾਈਨਲ, ਭਾਰਤ ਨੂੰ ਸਖ਼ਤ ਚੁਣੌਤੀ ਦੇਵੇਗੀ ਕੀਵੀ ਟੀਮ

ਲੰਡਨ : ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਵਰਲਡ ਕੱਪ ਦਾ ਪਹਿਲਾ ਸੈਮੀਫਾਈਨਲ ਮੁਕਾਬਲਾ ਮੈਨਚੈਸਟਰ ਦੇ ਓਲਜ ਟ੍ਰੇਫਰਡ ਕ੍ਰਿਕਟ ਮੈਦਾਨ ਵਿਚ 9 ਜੁਲਾਈ ਨੂੰ ਦੁਪਹਿਰ 3 ਵਜੇ ਤੋਂ ਖੇਡਿਆ ਜਾਵੇਗਾ। ਜੇਕਰ ਭਾਰਤ ਇਹ ਮੈਚ ਜਿੱਤ ਜਾਂਦਾ ਹੈ ਤਾਂ ਇਕ ਵਾਰ ਫੇਰ ਭਾਰਤ ਦੀਆਂ ਉਮੀਦਾਂ ਵਰਲਡ ਕੱਪ ਨੂੰ ਲੈ ਕੇ ਵੱਧ ਜਾਣਗੀਆਂ।
ਕ੍ਰਿਕਟ ਪ੍ਰੇਮੀ ਚਾਹੁੰਦੇ ਸਨ ਕਿ ਭਾਰਤ ਦਾ ਮੁਕਾਬਲਾ ਸੈਮੀਫਾਈਨਲ ਵਿਚ ਇੰਗਲੈਂਡ ਦੀ ਬਜਾਏ ਨਿਊਜ਼ੀਲੈਂਡ ਨਾਲ ਹੋਵੇ ਕਿਉਂਕਿ ਪਿਛਲੇ ਕੁਝ ਮੁਕਾਬਲਿਆਂ ਵਿਚ ਨਿਊਜ਼ੀਲੈਂਡ ਦੇ ਪ੍ਰਦਰਸ਼ਨ ਦੇ ਅਨੁਮਾਨ ਦੇ ਆਧਾਰ ‘ਤੇ ਭਾਰਤ ਨੂੰ ਪਸੰਦੀਦਾ ਮੰਨਿਆ ਜਾ ਰਿਹਾ ਹੈ। ਇੰਗਲੈਂਡ ਦੇ ਹੱਥੋਂ ਮੁਕਾਬਲੇ ਵਿਚ 31 ਦੌੜਾਂ ਨਾਲ ਹਾਰ ਮਗਰੋਂ ਲੋਕ ਚਾਹੁੰਦੇ ਨਹੀਂ ਸਨ ਕਿ ਭਾਰਤ ਦਾ ਮੁਕਾਬਲਾ ਇੰਗਲੈਂਡ ਦੇ ਨਾਲ ਹੋਵੇ। ਇਨ੍ਹਾਂ ਦੀ ਇੱਛਾ ਵੀ ਪੂਰੀ ਹੋ ਗਈ ਹੈ।
ਹਾਲਾਂਕਿ ਕਪਤਾਨ ਕੋਹਲੀ ਦਾ ਮੰਨਣਾ ਹੈ ਕਿ ਇਸ ਨਾਲ ਫ਼ਰਕ ਨਹੀਂ ਪੈਂਦਾ ਕਿ ਸਾਹਮਣੇ ਵਾਲੀ ਟੀਮ ਕੌਣ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਨਾਲ ਫ਼ਰਕ ਪੈਂਦਾ ਹੈ ਕਿ ਮੈਚ ਵਾਲੇ ਦਿਨ ਕਿਸ ਟੀਮ ਨੇ ਸਭ ਤੋਂ ਜ਼ਿਆਦਾ ਚੰਗਾ ਪ੍ਰਦਰਸ਼ਨ ਕੀਤਾ। ਕਪਤਾਨ ਦੀ ਇਹ ਗੱਲ ਕਾਫੀ ਹੱਦ ਤਕ ਸਹੀ ਹੈ, ਕਿਉਂਕਿ ਲੀਗ ਮੁਕਾਬਲੇ ਵਿਚ ਭਾਰਤ ਤੇ ਨਿਊਜ਼ੀਲੈਂਡ ਦਾ ਮੁਕਾਬਲਾ ਮੀਂਹ ਕਾਰਨ ਰੱਦ ਹੋ ਗਿਆ। ਪਰ ਵਾਰਮਅਪ ਮੈਚ ਵਿਚ ਭਾਰਤ-ਨਿਊਜ਼ੀਲੈਂਡ ਭਿੜੇ ਤੇ ਭਾਰਤ ਨੂੰ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਮੈਚ ਵਿਚ ਭਾਰਤ 200 ਦੌੜ ਦੇ ਅੰਦਰ ਆਲਆਉਟ ਹੋ ਗਿਆ ਬਿਨਾਂ ਓਵਰਾਂ ਦਾ ਕੋਟਾ ਪੂਰਾ ਕੀਤਿਆਂ। ਮੈਚ ਵਿਚ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ, ਖ਼ਾਸ ਤੌਰ ‘ਤੇ ਤੇਜ਼ ਗੇਂਦਬਾਜ਼ ਟ੍ਰੈਂਟ ਬੋਲਟ ਨੇ ਭਾਰਤੀ ਬੱਲੇਬਾਜ਼ਾਂ ਦੀ ਕਮਰ ਤੋੜ ਦਿੱਤੀ ਸੀ। ਉਨ੍ਹਾਂ ਨੇ ਭਾਰਤੀ ਟੀਮ ਦੇ ਚੋਟੀ ਦੇ ਬੱਲੇਬਾਜ਼ਾਂ ਸਮੇਤ ਚਾਰ ਖਿਡਾਰੀਆਂ ਨੂੰ ਆਉਟ ਕੀਤਾ ਸੀ। ਉਹ ਭਾਰਤ ਲਈ ਫੇਰ ਤੋਂ ਖ਼ਤਰਾ ਸਿੱਧ ਹੋ ਸਕਦੇ ਹਨ।