ਹਕੂਮਤ ਨੂੰ ਹਮੇਸ਼ਾ ਮਾਂ ਬੋਲੀ ਤੋਂ ਖ਼ਤਰਾ ਮਹਿਸੂਸ ਹੁੰਦੈ  : ਅਹਿਮਦ ਸਲੀਮ/ ‘ਹੁਣ’ ਦੇ 33ਵੇਂ ਅੰਕ ‘ਚੋਂ

ਅਹਿਮਦ ਸਲੀਮ ਦਾ ਨਾਮ ਜ਼ੁਬਾਨ ਤੇ ਆਉਂਦਿਆਂ ਹੀ ਇਹ ਅਹਿਸਾਸ ਹੋਰ ਪੱਕਾ ਹੋ ਜਾਂਦਾ ਹੈ ਕਿ ਕਲਮ ਬੰਦੂਕ ਤੋਂ ਘੱਟ ਤਾਕਤਵਰ ਨਹੀਂ ਹੁੰਦੀ, ਜੇ ਉਹ ਚੇਤੰਨ ਬੰਦੇ ਦੇ ਹੱਥ ਵਿਚ ਹੋਵੇ ਤਾਂ। ਹਿੰਦ-ਪਾਕਿ ਖਿੱਤੇ ਦੇ ਪੰਜਾਬੀ ਅਦਬ ਵਿਚ ਬੇਹੱਦ ਮਕਬੂਲ ਅਹਿਮਦ ਸਲੀਮ ਦੀ ਕਲਮ ਨੇ ਫ਼ੌਜੀ ਤਾਨਾਸ਼ਾਹਾਂ, ਮੂਲਵਾਦੀ ਮੁਲਾਣਿਆਂ ਅਤੇ ਰਜਵਾੜਿਆਂ ਦੇ ਫ਼ਤਵਿਆਂ ਨੂੰ ਠੁੱਠ ਦਿਖਾਇਆ ਹੈ। ਰਜਵਾੜਾਸ਼ਾਹੀ ਤੇ ਨਵ-ਸਾਮਰਾਜਵਾਦ ਦੀ ਜਮਾਤੀ ਖ਼ਸਲਤ ਨੂੰ ਸਮਝਣ ਵਾਲੇ ਅਹਿਮਦ ਸਲੀਮ ਦੀ ਕਵਿਤਾ ਸੱਤਰਵਿਆਂ ਵਿਚ ਪਾਕਿਸਤਾਨ ਦੇ ਫ਼ੌਜੀ ਹੁਕਮਰਾਨਾਂ ਤੇ ਮੁਲਾਣਿਆਂ ਦੀਆਂ ਅੱਖਾਂ ਦੀ ਰੜਕ ਬਣੀ, ਕਵਿਤਾ ਨੂੰ ਕੁਫ਼ਰਗਰਦਾਨਿਆ ਗਿਆ ਤੇ ਕਵੀ ਨੂੰ ਕੈਦ, ਕੋੜਿਆਂ ਤੇ ਜ਼ੁਰਮਾਨੇ ਨਾਲ ਨਿਵਾਜਿਆ ਗਿਆ। ਆਪਣੇ ਆਪ ਨੂੰ ਗੁਰੂ ਨਾਨਕ, ਬੁੱਲ੍ਹੇ ਸ਼ਾਹ, ਕਾਰਲ ਮਾਰਕਸ, ਲੈਨਿਨ, ਹੋ ਚੀ ਮਿੰਨ, ਜੂਲੀਅਸ ਫਿਊਚਿਕ, ਫ਼ਾਤਮਾ ਬਰਨਾਵੀ, ਨਗੋਈਅਨ ਵਾਨ ਤਰਵੇ, ਸਰਾਜ-ਉੱਲ-ਦੌਲਾ, ਦੁੱਲਾ ਭੱਟੀ, ਬਾਚਾ ਖ਼ਾਂ, ਮੰਟੋ ਅਤੇ ਹਬੀਬ ਜਾਲਬ ਆਦਿ ਦੀ ਪਾਲ ਚ ਖੜੋਤਾ ਅਦੀਬ ਕਹਿਣ ਵਾਲੇ ਅਹਿਮਦ ਸਲੀਮ ਨੂੰ ਨਾ ਫ਼ੌਜੀ ਹੁਕਮਰਾਨਾਂ ਦੀਆਂ ਕੈਦਾਂ, ਬੇੜੀਆਂ ਡਰਾ ਸਕੀਆਂ, ਨਾ ਸੱਤਾ ਦੇ ਕੱਠਪੁਤਲੇ ਮੁਲਾਣਿਆਂ ਦੇ ਕਾਫ਼ਰਹੋਣ ਦੇ ਫ਼ਤਵੇ ਉਸ ਦਾ ਈਮਾਨ ਡੁਲਾ ਸਕੇ। ਆਪਣੀ ਜ਼ਮੀਨ ਦੇ ਮਤਰੇਏ ਧੀਆਂ ਪੁੱਤਰਹੋਣ ਦੀ ਜੂਨ ਭੋਗਦੇ ਆਵਾਮ ਦੇ ਦੁੱਖਾਂ ਨੂੰ ਜ਼ੁਬਾਨ ਦੇਣ ਵਾਲੇ ਅਹਿਮਦ ਸਲੀਮ ਨੇ ਕਲਮ ਤੇ ਅਮਲ (Practice) ਦੋਹਾਂ ਪੱਖੋਂ ਧਿਰਪਾਲ ਤੇ ਲੱਜਪਾਲ ਹੋਣ ਦਾ ਸਬੂਤ ਦਿੱਤਾ ਹੈ। ਉਸ ਨੇ ਸੁਆਂ ਪੋਠੋਹਾਰ, ਜੀਵੇ ਸਿੰਧ, ਬਲੋਚਸਤਾਨ ਅਤੇ ਬੰਗਲਾ ਦੇਸ਼ ਦੀਆਂ ਲੋਕ-ਪੱਖੀ ਤੇ ਆਵਾਮੀ ਤਹਿਰੀਕਾਂ ਦਾ ਸਾਥ ਦਿੱਤਾ ਹੈ। ਲੋਕਾਈ ਦੇ ਹੱਕ-ਸੱਚ ਲਈ ਲੜਨ ਦੀ ਪ੍ਰੇਰਣਾ ਉਸ ਨੇ ਫ਼ੈਜ਼ ਅਹਿਮਦ ਫ਼ੈਜ਼, ਇਮਾਮ ਨਾਜ਼ਿਸ਼ ਅਮਰੋਹਵੀ, ਹਸਨ ਨਾਸਿਰ, ਜਾਮ ਸਾਕੀ, ਸ਼ੋਬੇ ਗਿਆਨ ਚੰਦਾਨੀ, ਬਾਚਾਖ਼ਾਨ, ਅਜਮਲ ਖਟਕ, ਨਜ਼ੀਰ ਅੱਬਾਸੀ ਅਤੇ ਗੁੱਲਖ਼ਾਨ ਨਸੀਰ ਆਦਿ ਤੋਂ ਲਈ। ਪਾਕਿਸਤਾਨ ਦੀਆਂ ਪੰਜ ਕੌਮੀ ਜ਼ੁਬਾਨਾਂ ਵਿਚੋਂ ਅਹਿਮਦ ਸਲੀਮ ਚਾਰ ਜ਼ੁਬਾਨਾਂ-ਪੰਜਾਬੀ, ਉਰਦੂ, ਪਸ਼ਤੋ ਤੇ ਸਿੰਧੀ ਵਿਚ ਮੁਹਾਰਤ ਰਖਦਾ ਹੈ। ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਵਿਚ ਨਿਰੰਤਰ ਲਿਖਣ ਵਾਲੇ ਇਸ ਅਦੀਬ ਦੀਆਂ ਛਾਪੇ ਚੜ੍ਹੀਆਂ ਕਿਤਾਬਾਂ ਦੀ ਗਿਣਤੀ ਸੈਂਕੜੇ ਨੂੰ ਛੂੰਹਦੀ ਹੈ। ਉਸ ਨੇ ਪੰਜਾਬੀ ਵਿਚ ਕਵਿਤਾ, ਕਹਾਣੀ, ਨਾਵਲ, ਰੇਖਾ-ਚਿਤਰ, ਸਫ਼ਰਨਾਮਾ ਅਤੇ ਕਲਮੀ ਮੁਲਾਕਾਤਾਂ ਆਦਿ ਸਿਨਫ਼ਾਂ ਤੇ ਹੱਥ ਅਜ਼ਮਾਇਆ ਹੈ। ਪੰਜਾਬੀ ਆਲੋਚਨਾ (ਤਨਕੀਦ), ਸੰਪਾਦਨ ਤੇ ਅਨੁਵਾਦ ਦੇ ਖੇਤਰਾਂ ਵਿਚ ਵੀ ਉਸ ਦਾ ਸਾਂਭਣਯੋਗ ਕੰਮ ਹੈ। ਲੰਘੇ ਮਾਰਚ ਮਹੀਨੇ ਜਨਾਬ ਅਹਿਮਦ ਸਲੀਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੱਦੇ ਤੇ ਪੰਜਾਬੀ ਅਧਿਐਨ ਸਕੂਲ ਵਿਚ ਕੁਝ ਦਿਨਾਂ ਲਈ ਮਹਿਮਾਨ ਵਜੋਂ ਵਿਸ਼ੇਸ ਲੈਕਚਰ ਦੇਣ ਲਈ ਆਏ। ਇਨ੍ਹਾਂ ਦਿਨਾਂ ਵਿਚ ਹੀ ਉਨ੍ਹਾਂ ਨੂੰ ਡਾ. ਰਵਿੰਦਰ ਰਵੀ ਮੈਮੋਰੀਅਲ ਟਰੱਸਟ ਪਟਿਆਲਾ ਵਲੋਂ ਡਾ. ਰਵਿੰਦਰ ਰਵੀ ਪੁਰਸਕਾਰ‘  ਨਾਲ ਸਨਮਾਨਤ ਕੀਤਾ ਗਿਆ। ਇਨ੍ਹਾਂ ਦਿਨਾਂ ਦੌਰਾਨ ਅਹਿਮਦ ਸਲੀਮ ਨਾਲ ਕੀਤੀਆਂ ਗੱਲਾਂਪਾਠਕਾਂ ਦੀ ਨਜ਼ਰ ਹਨ।

                                                                                                                                                                                ਮੁਲਾਕਾਤੀ :

ਸੁਸ਼ੀਲ ਦੁਸਾਂਝ ਅਤੇ ਡਾ. ਸੁਖਦੇਵ ਸਿੰਘ ਸਿਰਸਾ

ਟੇਪ ਤੋਂ ਉਤਾਰਾ – ਕਮਲ ਦੁਸਾਂਝ, ਬਲਵਿੰਦਰ ਚਹਿਲ

 

ਮਿਆਣਾ ਗੋਂਦਲ ਦਾ ਢੋਲਾ

ਸਵਾਲ : ਅਹਿਮਦ ਸਲੀਮ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਡਾ ਪੰਜਾਬ ਆਉਣ ਤੇ ਸਵਾਗਤ ਹੈ। ਅੱਜ ਅਸੀਂ ਤੁਹਾਡੇ ਨਾਲ ਗੱਲਾਂ ਕਰਕੇ ਮਾਣ ਮਹਿਸੂਸ ਕਰ ਰਹੇ ਹਾਂ। ਤੁਹਾਡੇ ਕੋਲ ਬਹੁਤ ਸੀਮਤ ਸਮਾਂ ਹੈ, ਸੋ ਆਪਾਂ ਬਿਨਾਂ ਕਿਸੇ ਭੂਮਿਕਾ ਦੇ ਆਪਣੀ ਗੱਲਬਾਤ ਸ਼ੁਰੂ ਕਰਦੇ ਹਾਂ।

ਤੁਹਾਡਾ ਜਨਮ 1945 ‘ਚ ਹੋਇਆ, ਗੁਜਰਾਤ ਜ਼ਿਲ੍ਹੇ ਵਿਚ। ਜਲਦੀ ਹੀ ਉਦੋਂ ਹਿੰਦ-ਪਾਕਿ ਵੰਡ ਦੀ ਤਰਾਸਦੀ ਵਾਪਰਦੀ ਹੈ। ਤੁਸੀਂ ਆਪਣੇ ਵਡੇਰਿਆਂ ਤੋਂ ਉਸ ਦੌਰ ਬਾਰੇ ਸੁਣਿਆ ਹੋਵੇਗਾ, ਇਸ ਵੰਡ ਨੇ ਤੁਹਾਡੇ ਅਤੇ ਪਰਿਵਾਰ ‘ਤੇ ਕਿਸ ਤਰ੍ਹਾਂ ਦਾ ਅਸਰ ਕੀਤਾ?

ਅਹਿਮਦ ਸਲੀਮ : ਹਾਂ ਜੀ, ਮੈਂ ਅਰਜ਼ ਕਰਦਾ ਹਾਂ… ਮੇਰਾ ਜਨਮ 26 ਜਨਵਰੀ 1945 ਨੂੰ ਹੋਇਆ। 26 ਜਨਵਰੀ ਤੁਹਾਡਾ ਨੈਸ਼ਨਲ ਡੇਅ ਵੇ…ਉਥੇ ਮਜ਼ਾਕ ‘ਚ ਲੋਕ ਕਹਿੰਦੇ ਨੇ ਕਿ ਪੂਰਾ ਇੰਡੀਆ ਤੇਰਾ ਜਨਮ ਦਿਨ ਮਨਾਉਂਦੈ। ਛੋਟਾ ਜਿਹਾ ਪਿੰਡ ਹੈ ਮਿਆਣਾ ਗੋਂਦਲ…ਉਹਦੇ ‘ਤੇ ਮੇਰੀ ਇਕ ਕਵਿਤਾ ਵੀ ਹੈ…’ਮਿਆਣਾ ਗੋਂਦਲ ਦਾ ਢੋਲਾ’ ਜਿਹੜੀ ਵੰਡ ਬਾਰੇ ਹੀ ਹੈ। ਜ਼ਾਹਰ ਐ ਆਮ ਜਿਹਾ ਘਰ ਸੀ…ਮਾਮੂਲੀ ਜਿਹਾ ਘਰਾਨਾ…ਮੇਰੇ ਵਾਲਿਦ ਬਜਾਜ਼ੀ ਦਾ ਕੰਮ ਕਰਦੇ ਸਨ। ਉਥੇ ਹੀ ਪਿੰਡ ਦੇ ਅੰਦਰ ਪ੍ਰਾਇਮਰੀ ਸਕੂਲ ਸੀ.. ਤੇ ਇਹ ਕੁੜੀਆਂ ਦਾ ਸੀ…ਪਰ ਕਿਉਂਕਿ ਮੁੰਡਿਆਂ ਦਾ ਸਕੂਲ ਪਿੰਡ ਤੋਂ ਬਹੁਤ ਦੂਰ ਸੀ…ਸੋ, ਮੇਰਾ ਦਾਖ਼ਲਾ ਕੁੜੀਆਂ ਦੇ ਸਕੂਲ ਵਿਚ ਹੋਇਆ। ਇਹ ਇਕ ਤਰ੍ਹਾਂ ਨਾਲ ਕੋ-ਐਜੂਕੇਸ਼ਨ ਸਿਸਟਮ ਸੀ। ਵੈਸੇ ਤਾਂ ਕੁੜੀਆਂ ਦੇ ਸਕੂਲ ‘ਚ ਦਾਖ਼ਲਾ ਨਹੀਂ ਸੀ ਹੋ ਸਕਦਾ…ਜ਼ਾਹਰ ਹੈ ਸਾਰੇ ਟੱਬਰ ਇਕ-ਦੂਜੇ ਨੂੰ ਜਾਣਦੇ ਸਨ…ਬੱਚੇ ਸਾਂਝੇ ਸਨ…ਸੋ, ਇਸ ਕਰਕੇ ਕੋਈ ਦਿੱਕਤ ਨਹੀਂ ਸੀ। ਉਥੇ ਜਿਹੜੀ ਉਸਤਾਨੀ (ਟੀਚਰ) ਸੀ, ਉਸ ਨੇ ਮੈਨੂੰ ਬੜਾ ਪ੍ਰਭਾਵਤ ਕੀਤਾ।

ਇਸ ਤੋਂ ਪਹਿਲਾਂ ਮੈਂ ਦਸ ਦਿਆਂ…ਜਦੋਂ ਮੈਂ ਪੈਦਾ ਹੋਇਆ ਤੇ ਮੇਰੀ ਮਾਂ ਬਹੁਤ ਬਿਮਾਰ ਸੀ…ਉਨ੍ਹਾਂ ਦੀ ਬਿਮਾਰੀ ਕਾਰਨ ਮੇਰੀ ਸਿਹਤ ‘ਤੇ ਵੀ ਅਸਰ ਪੈ ਰਿਹਾ ਸੀ। ਪਿੰਡ ‘ਚ ਸਾਡੇ ਵਡਕਿਆਂ ਦੇ ਤਾਅਲੁਕ ਸਨ…ਸਿੱਖਾਂ ਨਾਲ…ਹਿੰਦੂਆਂ ਨਾਲ ਤੇ ਮੈਨੂੰ ਇਕ ਸਿੱਖ ਜੱਟੀ ਦੇ ਹਵਾਲੇ ਕੀਤਾ ਗਿਆ ਕਿ ਇਹ ਬੱਚਾ ਮਰ ਨਾ ਜਾਵੇ ਕਿਧਰੇ…ਸੋ, ਮੁਢਲੇ ਤਿੰਨ-ਚਾਰ ਮਹੀਨੇ ਉਹਨੇ ਮੈਨੂੰ ਪਾਲਿਆ…ਆਪਣਾ ਦੁੱਧ ਚੁੰਘਾਇਆ…ਮੇਰੀ ਕੁ ਉਮਰ ਦੀ ਉਹਦੀ ਧੀ ਸੀ…ਉਹ ਦਰਅਸਲ, ਸਾਡੇ ਵਡਕਿਆਂ ਦੀ ਇਕ ਤਰ੍ਹਾਂ ਨਾਲ ਔਲਾਦ ਵਾਂਗ ਸਨ…ਬੱਚੇ ਬਣੇ ਹੋਏ ਸਨ…ਮੇਰੇ ਵਾਲਿਦ ਨੂੰ ਉਹ ਆਪਣਾ ਬਜ਼ੁਰਗ ਹੀ ਮੰਨਦੇ ਸਨ। ਪਿੰਡ ‘ਚ ਐਹੋ ਜਿਹੀ ਕੋਈ ਗੱਲ ਨਹੀਂ ਸੀ ਕਿ ਸਿੱਖ ਐ, ਹਿੰਦੂ ਐ, ਮੁਸਲਮਾਨ ਐ…ਇਕ-ਦੂਜੇ ਨਾਲ ਮੇਲ-ਮਿਲਾਪ ਸੀ…ਇਕ-ਦੂਜੇ ਉੱਤੇ ਪੂਰਾ ਭਰੋਸਾ…ਇਕ-ਦੂਜੇ ਨਾਲ ਭਾਜੀ ਵਰਤਣ ਦਾ ਮੁਕੰਮਲ ਸਿਲਸਿਲਾ…ਕੋਈ ਨਫ਼ਰਤ ਨਹੀਂ…ਕੋਈ ਸ਼ਿਕਾਇਤ ਨਹੀਂ…ਖੁਸ਼ੀ-ਗ਼ਮੀ ਦੇ ਵਿਚ ਸ਼ਰੀਕ ਹੁੰਦੇ ਸਨ ਸਭ…ਸੋ, ਇਹੋ ਜਿਹੇ ਮਾਹੌਲ ਵਿਚ ਮੈਂ ਤਿੰਨ-ਚਾਰ ਮਹੀਨੇ ਆਪਣੀ ਸਿੱਖ ਮਾਂ ਕੋਲ ਰਿਹਾ ਤੇ ਜਿਸ ਵੇਲੇ ਮੈਂ ਵਾਪਸ ਆਇਆ ਤਾਂ ਕਾਫ਼ੀ ਸਿਹਤਮੰਦ ਸੀ ਤੇ ਮੇਰੀ ਮਾਂ ਵੀ ਠੀਕ ਹੋ ਗਈ ਸੀ।

ਇਹੀ ਸਾਂਝ ਮੇਰੇ ਸਾਹਿਤ ਦੀ ਜੜ੍ਹ ਐ…।

ਅੱਛਾ, ਡੇਢ ਕੁ ਸਾਲ ਮਗਰੋਂ ਮੁਲਕ ਦੀ ਵੰਡ ਹੋ ਗਈ…ਪਹਿਲਾਂ ਤਾਂ ਇਕ ਮਹੀਨਾ ਪਤਾ ਹੀ ਨਾ ਚੱਲਿਆ ਕਿ ਵੰਡ ਹੋਈ ਐ…ਯਾਨੀ ਕੋਈ ਫ਼ਰਕ ਹੀ ਨਹੀਂ ਪੈਦਾ ਹੋਇਆ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਵਿਚਕਾਰ…ਲੇਕਿਨ ਜਦੋਂ ਮਹਾਜ਼ਰ (ਸ਼ਰਨਾਰਥੀ) ਆਉਣੇ ਸ਼ੁਰੂ ਹੋਏ…ਉਨ੍ਹਾਂ ਨੇ ਆ ਕੇ ਰੌਲੇ ਪਾਏ ਕਿ ਜੀ ਅਸੀਂ ਮਾਰੇ ਗਏ…ਸਾਨੂੰ ਕੋਹ ਦਿੱਤਾ…ਉਨ੍ਹਾਂ ਨੇ ਜ਼ਿਬ੍ਹਾ ਕਰ ਦਿੱਤਾ…ਸਾਡੀਆਂ ਇੱਜ਼ਤਾਂ ਲੁੱਟ ਲਈਆਂ…ਤੇ ਉਸ ਤੋਂ ਬਾਅਦ ਸਾਡੇ ਪਿੰਡਾਂ ਵਿਚ ਵੀ ਅੱਗ ਲੱਗਣ ਲੱਗ ਪਈ…ਤੇ ਸਾਡੇ ਬਜ਼ੁਰਗਾਂ ਨੇ ਉਸ ਸਿੱਖ ਪਰਿਵਾਰ ਨੂੰ ਆਪਣੇ ਘਰ ਰੱਖ ਲਿਆ। ਜ਼ਾਹਰ ਐ ਉਹ ਫ਼ਿਜ਼ਾ ਐਸੀ ਸੀ ਕਿ ਹਰ ਪਾਸੇ ਖ਼ਤਰਾ ਸੀ…ਔਰ ਉਨ੍ਹਾਂ ਨੇ ਵੀ ਦੇਖਿਆ ਕਿ ਜਿਨ੍ਹਾਂ ਨੇ ਸਾਨੂੰ ਪਨਾਹ ਦਿੱਤੀ ਐ…ਉਹ ਮੁਸੀਬਤ ‘ਚ ਆ ਗਏ ਨੇ…ਸਾਡਾ ਸਮਾਜਕ ਬਾਈਕਾਟ ਕਰ ਦਿੱਤਾ…ਪਿੰਡ ਦੇ ਉਨ੍ਹਾਂ ਲੋਕਾਂ ਨੇ ਜੋ ਕਤਲੋਗਾਰਤ ਵਾਲੇ ਸਨ…ਤੇ ਉਹ ਸਿੱਖ ਪਰਿਵਾਰ ਇਕ ਰਾਤ ਚੁੱਪ-ਚਪੀਤੇ ਸਾਡੇ ਘਰੋਂ ਟੁਰ ਗਿਆ…ਤੇ ਤਿੰਨ ਜਾਂ ਚਾਰ ਦਿਨ ਬਾਅਦ ਉਨ੍ਹਾਂ ਦੇ ਟੁਕੜੇ ਖੇਤਾਂ ਵਿਚੋਂ ਮਿਲੇ…ਤੇ ਇਹ ਖੇਤ ਉਹ ਸਨ ਜਿਨ੍ਹਾਂ ਦੀ ਮੈਂ ਬਹੁਤ ਅਰਸੇ ਤਕ ਗੰਦਮ ਖਾਧੀ ਐ। ਯਾਨੀ ਮੇਰੇ ਉਤੇ ਉਸ ਦਾ ਬਹੁਤ ਪ੍ਰਭਾਵ ਸੀ…ਔਰ ਮੇਰੇ ਦਿਮਾਗ਼ ਦੀਆਂ ਚੂਲਾਂ ਹਿਲ ਜਾਂਦੀਆਂ ਨੇ…ਹੁਣ ਵੀ ਜਦੋਂ ਮੈਂ ਸਾਰਾ ਤਸੁੱਵਰ ਕਰਦਾਂ…ਔਰ ਆਪਣੀਆਂ ਨਜ਼ਮਾਂ ‘ਚ ਵੀ ਮੈਂ ਇਹ ਗੱਲ ਕੀਤੀ ਐ।

ਤੇ ਉਸ ਤੋਂ ਬਾਅਦ ਜਦੋਂ ਮੈਂ ਸਕੂਲ ਵਿਚ ਆ ਗਿਆ…ਥੋੜ੍ਹਾ ਵੱਡਾ ਹੋਇਆ…ਇੱਥੇ ਮੈਂ ਦੱਸ ਦਿਆਂ ਕਿ ਵੰਡ ਵੇਲੇ ਬਹੁਤ ਸਾਰੇ ਸਿੱਖ, ਹਿੰਦੂ ਪਿੰਡ ਛੱਡ ਕੇ ਜਾ ਚੁੱਕੇ ਸਨ, ਕੁਝ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਤੇ ਉਨ੍ਹਾਂ ਨੇ ਆਪਣਾ ਧਰਮ ਬਦਲ ਲਿਆ…ਮੁਸਲਮਾਨ ਹੋ ਗਏ…ਸ਼ੇਖ ਕਹਿੰਦੇ ਸਨ ਇਨ੍ਹਾਂ ਲੋਕਾਂ ਨੂੰ…। ਸੋ ਸਕੂਲ, ਮੇਰੇ ਨਾਲ ਇਨ੍ਹਾਂ ਸ਼ੇਖ਼ ਪਰਿਵਾਰਾਂ ਦੀ ਬੱਚੀ ਬੈਠਦੀ ਸੀ…ਇਕੱਠੇ ਖੇਡਦੇ ਸਾਂ…ਕਈ ਵਾਰ ਮੈਂ ਖੇਡਦਾ ਖੇਡਦਾ ਉਨ੍ਹਾਂ ਦੇ ਘਰ ਵੀ ਚਲਾ ਜਾਂਦਾ ਸਾਂ। ਇਕ ਵੇਰਾਂ ਮੈਂ ਉਨ੍ਹਾਂ ਦੇ ਘਰ ਗਿਆ ਤਾਂ ਉਸ ਬੱਚੀ ਦੀ ਦਾਦੀ ਨੇ ਛੇਤੀ ਨਾਲ ਮੰਜੀ ‘ਤੇ ਵੱਡੀ ਸਾਰੀ ਚਾਦਰ ਪਾ ਦਿੱਤੀ…ਕੁਝ ਲੁਕਾਉਣ ਦੀ ਕੋਸ਼ਿਸ਼ ਕੀਤੀ…ਮੈਂ ਉਹ ਚਾਦਰ ਖਿੱਚੀ ਤਾਂ ਉੱਥੇ ਗੁਰੂ ਗ੍ਰੰਥ ਸਾਹਿਬ ਪਿਆ ਸੀ। ਜਿਹੜੀ ਮੇਰੀ ਨਜ਼ਮ ਹੈ ‘ਮਿਆਣਾ ਗੋਂਦਲ ਦਾ ਢੋਲਾ’ ਇਸੇ ਵਾਕਿਆ ‘ਤੇ ਆਧਾਰਤ ਐ-

ਮਾਸੀ ਜਨਤੇ

ਲੁਕ ਲੁਕ ਕੇ ਤੂੰ

ਗ੍ਰੰਥ ਸਾਹਿਬ ਦਾ ਪਾਠ ਕਰੇਂਦੀ ਬੁੱਢੀ ਹੋ ਗਈ…।

ਮਤਲਬ ਮੈਂ ਪੂਰੀ ਘਟਨਾ ਨੂੰ ਇਸ ਨਜ਼ਮ ਵਿਚ ਵਿਸਥਾਰ ਦਿੱਤਾ। ਉਸ ਦਾ ਇਕ ਇਕ ਅੱਖ਼ਰ ਸਚਾਈ ਉੱਤੇ ਆਧਾਰਤ ਐ।

ਕਾਗ਼ਜ਼ ਨੂੰ ਸੱਟ ਨਹੀਂ ਲਗਦੀ

ਸਵਾਲ – ਇਹੀ ਵੇਲਾ ਸੀ ਜਦੋਂ ਤੁਸੀਂ ਤਾਲੀਮ ਹਾਸਲ ਕਰ ਰਹੇ ਸੀ, ਤੁਹਾਡੇ ਵੰਨ੍ਹੀਂ ਤਾਂ ਮਜ੍ਹਬੀ ਤਾਲੀਮ ਦੀ ਰਵਾਇਤ ਏ, ਚੇਤਿਆਂ ਵਿਚ ਕੁੱਝ ਗੂੰਜਦੈ ਹਾਲੇ ਵੀ।

ਹਾਂ, ਹਾਂ ਕਿਉਂ ਨਹੀਂ… ਸਾਡੇ ਵਾਲਿਦ ਸਾਹਿਬ ਮੁਹੰਮਦ ਸ਼ਰੀਫ਼ ਬੜੇ ਪੱਕੇ ਮੁਸਲਮਾਨ ਸਨ, ਔਰ ਨਮਾਜ਼ੀ ਤੇ ਪਰਹੇਜ਼ਗਾਰ…। ਉਨ੍ਹਾਂ ਨੇ ਮੈਨੂੰ ਕਿਹਾ ਕਿ ਕੁਰਆਨ ਪੜ੍ਹਨਾ ਜ਼ਰੂਰੀ ਐ…ਉਨ੍ਹਾਂ ਨੇ ਮੌਲਵੀ ਸਾਹਿਬ ਨੂੰ ਕਿਹਾ ਕਿ ਬੱਚਾ ਸਾਡਾ ਛੋਟਾ ਹੈ, ਤੁਸੀਂ ਉਹਨੂੰ ਆਣ ਕੇ ਘਰੇ ਪੜ੍ਹਾ ਦਿਆ ਕਰੋ। ਉਸ ਵੇਲੇ ਪਿੰਡਾਂ ਵਿਚ ਕਲਚਰ ਸੀ ਕਿ ਮੌਲਵੀ ਸਾਹਿਬ ਘਰਾਂ ‘ਚ ਆ ਕੇ ਮਜ਼੍ਹਬੀ ਤਾਲੀਮ ਦਿੰਦੇ ਸਨ…ਤੇ ਮੌਲਵੀ ਸਾਹਿਬ ਏਨੇ ਸਖ਼ਤ ਸਨ ਯਾਨੀ ਉਹ ਪੁੱਠੇ ਹੱਥਾਂ ‘ਤੇ ਛਿਟੀ ਮਾਰਦੇ ਸਨ…ਉਹ ਮਾਰਦੇ ਕਿਉਂ ਸਨ…ਬਈ ਤੁਸੀਂ ਅਰਬੀ ਦਾ ਲਫ਼ਜ਼ ਗ਼ਲਤ ਬੋਲ ਦਿੱਤੈ…ਹਰ ਵਕਤ ਡਰ ਰਹਿੰਦਾ ਸੀ ਕਿ ਮੂੰਹ ‘ਚੋਂ ਕੋਈ ਗ਼ਲਤ ਲਫ਼ਜ਼ ਨਾ ਨਿਕਲ ਜਵੇ…ਸਾਡੇ ਧਰਮ ਮੁਤਾਬਕ ਕੁਰਆਨ ਨੂੰ ਗ਼ਲਤ ਪੜ੍ਹਨਾ ਵੱਡਾ ਗੁਨਾਹ ਹੈ…ਇਸ ਕਰਕੇ ਮੌਲਵੀ ਸਾਹਿਬ ਏਨੀ ਸਖ਼ਤੀ ਵੀ ਕਰਦੇ ਸਨ। ਪੂਰੀ ਮਿਹਨਤ ਕਰ ਰਿਹਾ ਸਾਂ ਮੈਂ…ਜਦੋਂ ਮੌਲਵੀ ਸਾਹਿਬ ਜਾਂਦੇ ਸਨ ਤਾਂ ਮੈਂ ਕੁਰਆਨ ਗਿਲਾਫ਼ ਵਿਚ ਲਪੇਟ ਕੇ ਉਪਰ ਆਲ਼ੇ ਵਿਚ ਰੱਖ ਦਿੰਦਾ ਸਾਂ। ਇਕ ਦਿਨ ਉਹ ਜਾਣ ਲੱਗੇ ਸਨ ਤੇ ਮੈਂ ਉਹ ਕੁਰਆਨ ਸ਼ਰੀਫ਼ ਵਲ੍ਹੇਟ ਕੇ ਆਲੇ ਵਿਚ ਰੱਖ ਰਿਹਾ ਸਾਂ…ਮੇਰਾ ਪੈਰ ਤਿਲਕਿਆ ਤੇ ਮੈਂ ਬੁਰੀ ਤਰ੍ਹਾਂ ਜ਼ਮੀਨ ‘ਤੇ ਡਿੱਗਿਆ…ਮੇਰੇ ਹੱਥ ‘ਚੋਂ ਕੁਰਆਨ ਛੁਟ ਗਿਆ…ਉਸ ਦਾ ਗਿਲਾਫ਼ ਵੀ ਉਤਰ ਗਿਆ…ਤੇ ਕੁਰਆਨ ਸ਼ਰੀਫ਼ ਜ਼ਮੀਨ ‘ਤੇ…ਹੁਣ ਮੈਂ ਡਰਦੇ ਮਾਰੇ ਅੱਖਾਂ ਬੰਦ ਕਰ ਲਈਆਂ…ਅੱਖਾਂ ਏਸ ਵਾਸਤੇ ਬੰਦ ਕਰ ਲਈਆਂ ਕਿ ਇਹ ਬੰਦਾ ਇਕ ਲਫ਼ਜ਼ ਗ਼ਲਤ ਬੋਲਣ ‘ਤੇ ਇਤਨਾ ਮਾਰਦੈ…ਮੈਂ ਇਤਨਾ ਵੱਡਾ ਗੁਨਾਹ ਕਰ ਦਿੱਤੈ… ਹੁਣ ਤੇ ਕੋਈ ਬਖ਼ਸ਼ਿਸ਼ ਹੋਣੀ ਨਹੀਂ…ਇਹ ਤਾਂ ਮੇਰੀ ਖੱਲ ਲਾਹ ਦੇਵੇਗਾ। ਔਰ ਇਹ ਮੌਲਵੀ ਨੂੰ ਆਗਿਆ ਹੁੰਦੀ ਸੀ ਵਾਲਦਿਆਨ ਤਰਫ਼ੋਂ ਕਿ ਦੀਨ ਦੇ ਮਾਮਲੇ ‘ਚ ਬੇਸ਼ੱਕ ਸਖ਼ਤੀ ਕਰੋ, ਕੋਈ ਮਾਮਲਾ ਨਹੀਂ…। ਹੁਣ ਜਿਸ ਵੇਲੇ ਖ਼ੌਫ਼ ਨਾਲ ਮੇਰੀਆਂ ਅੱਖਾਂ ਬੰਦ ਨੇ…ਮੇਰੇ ਦਰਦ ਵੀ ਹੋ ਰਿਹੈ…ਮੈਂ ਉਠ ਨਹੀਂ ਰਿਹਾ…ਦੌੜ ਕੇ ਆਏ ਮੌਲਵੀ ਸਾਹਿਬ ਤੇ ਕਹਿਣ ਲੱਗੇ…ਪੁੱਤਰ ਸੱਟ ਤੇ ਨਹੀਂ ਲੱਗੀ…ਪੁੱਤਰ ਠੀਕ ਏਂ ਨਾ?…। ਮੈਨੂੰ ਚੁੱਕਣ ਦੀ ਕੋਸ਼ਿਸ਼ ਕੀਤੀ…ਮੈਂ ਕਿਹਾ ਮੌਲਵੀ ਸਾਹਿਬ ਕੁਰਆਨ ਸ਼ਰੀਫ਼…ਕਹਿੰਦੇ ਉਹ ਵੀ ਦੇਖ ਲੈਂਨਾਂ ਪੁੱਤਰ…ਤੂੰ ਦੱਸ…ਤੂੰ ਠੀਕ ਏਂ ਨਾ? ਮੈਨੂੰ ਮੰਜੀ ‘ਤੇ ਬਿਠਾਇਆ…ਉਸ ਤੋਂ ਬਾਅਦ ਕੁਰਆਨ ਸ਼ਰੀਫ਼ ਚੁੱਕਿਆ…ਉਹਨੂੰ ਗਿਲਾਫ਼ ਵਿਚ ਵਲ੍ਹੇਟਿਆ…ਚੁੰਮਿਆ ਤੇ ਆਲ਼ੇ ਵਿਚ ਰੱਖ ਦਿੱਤਾ। ਜਦੋਂ ਜਾਣ ਲੱਗੇ ਤਾਂ ਮੈਂ ਕਿਹਾ ਕਿ ਮੌਲਵੀ ਸਾਹਿਬ ਇਹ ਤਾਂ ਮੇਰੇ ਤੋਂ ਬੜਾ ਗੁਨਾਹ ਹੋ ਗਿਆ…ਕਹਿੰਦੇ- ਪੁੱਤਰ ਤੂੰ ਤਾਂ ਠੀਕ ਏਂ ਨਾ…ਮੈਨੂੰ ਦੱਸ ਤੈਨੂੰ ਕੋਈ ਸੱਟ ਤੇ ਨਹੀਂ ਲੱਗੀ…ਮੈਂ ਕਿਹਾ, ਮੌਲਵੀ ਸਾਹਿਬ ਮੈਨੂੰ ਛੱਡੋ…ਇਹ ਕੁਰਆਨ ਸ਼ਰੀਫ਼…ਕਹਿੰਦੇ ਪੁੱਤਰ, ਕਾਗ਼ਜ਼ ਨੂੰ ਸੱਟ ਨਹੀਂ ਲਗਦੀ…ਇਹ ਕੁਰਆਨ ਸ਼ਰੀਫ਼ ‘ਚ ਲਿਖਿਆ ਹੋਇਐ।

ਹੁਣ ਇਹ ਮੇਰਾ ਧਰਮ ਐ…ਅਗਰ ਤੁਸੀਂ ਕਹੋ ਨਾ …ਕਿ ਤੇਰਾ ਧਰਮ ਕੀ ਐ…ਇਹਦੀ ਬੁਨਿਆਦ ਕੀ ਐ…ਤੇਰਾ ਮਾਰਕਸਵਾਦ ਕਿਸ ਤਰ੍ਹਾਂ ਤਰਕਸੰਗਤ ਹੁੰਦੈ ਇਸ ਮਜ਼੍ਹਬ ਦੇ ਨਾਲ…ਇਸ ਵਾਕਿਆ ਦਾ ਮੇਰੇ ‘ਤੇ ਪ੍ਰਭਾਵ ਰਿਹੈ।

ਮੈਂ ਹੋਰ ਦਸਦਿਆਂ…ਜਦੋਂ ਮੈਂ 15-20 ਸਾਲ ਬਾਅਦ ਮਾਸਟਰਜ਼ ਕਰ ਰਿਹਾ ਸਾਂ ਫ਼ਿਲਾਸਫ਼ੀ ਵਿਚ…ਮੈਂ ਕੁਰਆਨ ‘ਚੋਂ ਉਹ ਇਬਾਰਤ ਲਭਦਾ ਰਿਹਾ…ਜਿਹੜੀ ਮੌਲਵੀ ਜੀ ਨੇ ਦੱਸੀ ਸੀ। ਮੈਂ ਆਪਣੇ ਫ਼ਲਸਫ਼ੇ ਦੇ ਉਸਤਾਦ ਕੋਲੋਂ ਪੁਛਿਆ ਕਿ ਇਹ ਇਬਾਰਤ ਕਿੱਥੇ ਲਿਖੀ ਐ…। ਉਹ ਮੈਨੂੰ ਆਖਦੇ ਨੇ…ਤੂੰ ਏਨਾ ਪੜ੍ਹ ਲਿਖ ਗਿਆ ਏਂ ਪਰ ਤੇਰਾ ਮੌਲਵੀ ਤੇਰੇ ਨਾਲੋਂ ਜ਼ਿਆਦਾ ਪੜ੍ਹਿਆ-ਲਿਖਿਆ ਸੀ…ਜਿਹਨੇ ਤੈਨੂੰ ਐਸੀ ਗੱਲ ਕੀਤੀ, ਔਰ ਤੂੰ ਹਾਲੇ ਤਕ ਆਇਤਾਂ ਲੱਭ ਰਿਹੈਂ…।

ਮੇਰਾ ਇਕ ਨਾਵਲੈੱਟ ਐ…’ਨਾਲ ਮੇਰੇ ਕੋਈ ਚੱਲੇ’ ਇਹਦੇ ਵਿਚ ਮੇਰੇ ਪ੍ਰਾਇਮਰੀ ਤੱਕ ਦੇ ਜਿੰਨੇ ਵੀ ਵਾਕਿਆਤ ਨੇ…ਸ਼ੁਮਾਰ ਹਨ…ਬਿਲਕੁਲ ਸੱਚੀਆਂ ਗੱਲਾਂ ਨੇ…ਉਥੇ ਥੋੜ੍ਹਾ ਫ਼ਿਕਸ਼ਨ ਐ…ਜਿੱਥੇ ਮੈਨੂੰ ਲਗਦਾ ਸੀ ਕਿ ਕੋਈ ਹੰਗਾਮਾ ਹੋ ਸਕਦੈ।

ਸਵਾਲ : ਤੁਸੀਂ ਬਾਲ ਵਰੇਸ ਦੀ ਗੱਲ ਕੀਤੀ ਐ…ਕਿਸ ਤਰ੍ਹਾਂ ਦਾ ਸੀ ਤੁਹਾਡਾ ਬਚਪਨ…ਤੰਗੀਆਂ-ਤੁਰਸ਼ੀਆਂ ਸਨ ਜਾਂ ਆਮ ਜਿਹਾ ਜੀਵਨ ਸੀ?

ਅਹਿਮਦ ਸਲੀਮ : ਨਹੀਂ…ਤੰਗੀਆਂ-ਤੁਰਸ਼ੀਆਂ ਵਾਲੀ ਐਹੋ ਜਿਹੀ ਕੋਈ ਗੱਲ ਨਹੀਂ ਸੀ…ਵਾਲਿਦ ਸਾਹਿਬ ਦਾ ਕੱਪੜੇ ਦਾ ਕਾਰੋਬਾਰ ਸੀ…ਉਹ ਬਹੁਤ ਅਮੀਰ ਤਾਂ ਨਹੀਂ ਸਨ…ਲੇਕਿਨ ਉਨ੍ਹਾਂ ਦਾ ਕਾਰੋਬਾਰ ਜ਼ਿੰਮੀਦਾਰਾਂ ਨਾਲ ਸੀ…ਵਹੀ-ਖਾਤੇ ਲਿਖੇ ਜਾਂਦੇ ਸਨ…ਮੈਂ ਵੀ ਵਹੀ-ਖਾਤੇ ਦੀ ਸਕਰਿਪਟ ਲੰਡੇ ਲਿਖਣ ‘ਚ ਟਰੇਂਡ ਹੋਇਆ…ਵਾਲਿਦ ਸਾਹਿਬ ਏਸ ਕਰਕੇ ਮੈਨੂੰ ਸਿਖਾ ਰਹੇ ਸਨ…ਉਨ੍ਹਾਂ ਨੂੰ ਲਗਦਾ ਸੀ ਕਿ ਪੰਜਵੀਂ ਕਰਕੇ ਮੈਂ ਵੀ ਉਨ੍ਹਾਂ ਨਾਲ ਦੁਕਾਨ ‘ਤੇ ਬੈਠਾਂਗਾ…।

ਚੰਗੇ ਖਾਂਦੇ-ਪੀਂਦੇ ਸਾਂ…ਕੋਈ ਐਸ਼ ਤਾਂ ਨਹੀਂ ਸੀ ਪਰ ਪਿੰਡ ਦੀ ਜੋ ਖ਼ੁਸ਼ਹਾਲ ਜ਼ਿੰਦਗੀ ਹੁੰਦੀ ਐ…ਉਹ ਸੀ। ਪਿੰਡ ਦਾ ਮੇਰੇ ‘ਤੇ ਅਜੇ ਵੀ ਐਸਾ ਅਸਰ ਐ…ਮੈਂ ਵਾਰ ਵਾਰ ਜਾਂਦਾ ਹਾਂ ਉਥੇ…ਉਥੇ ਕੋਈ ਵੀ ਨਹੀਂ ਰਿਹਾ ਹੁਣ ਸਾਡਾ…ਸਾਰੇ ਚਲੇ ਗਏ ਨੇ…ਮੇਰੇ ਮਾਪੇ ਤਾਂ ਲਾਹੌਰ ਹੀ ਸ਼ਿਫ਼ਟ ਹੋ ਗਏ ਸਨ…ਇਸ ਦੇ ਬਾਵਜੂਦ ਪਿੰਡ ਮੈਨੂੰ ਬਹੁਤ ਪਸੰਦ ਐ…ਮੇਰੇ ਆਪਣੇ ਗੁਆਂਢੀਆਂ ਦੇ ਨਾਲ…ਆਪਣੇ ਹਮਸਾਇਆਂ ਨਾਲ, ਲੁਹਾਰਾਂ ਦੇ ਨਾਲ, ਤਰਖਾਣਾਂ ਦੇ ਨਾਲ, ਮਾਛੀਆਂ ਦੇ ਨਾਲ… ਜੋ ਸਬੰਧ ਸਨ…ਉਹ ਅਜੇ ਵੀ ਕਾਇਮ ਨੇ…। ਮੇਰੀ ਇਕ ਹੋਰ ਕਹਾਣੀ ਐ ‘ਕੱਚੇ ਕੋਠਿਆਂ ਦਾ ਗੀਤ’…ਪੰਜਾਬੀ ਦੀ ਕਹਾਣੀ ਐ…ਇਨ੍ਹਾਂ ਰਿਸ਼ਤਿਆਂ ‘ਤੇ ਆਧਾਰਤ ਐ।

ਸਵਾਲ : ਆਪਣੇ ਭੈਣ-ਭਰਾਵਾਂ ਬਾਰੇ ਦੱਸੋ?

ਅਹਿਮਦ ਸਲੀਮ : ਮੇਰੀਆਂ ਤਿੰਨ ਭੈਣਾਂ ਸਨ ਤੇ ਤਿੰਨ ਹੀ ਭਰਾ ਸਨ। ਯਾਨੀ ਅਸੀਂ ਚਾਰ ਭਰਾ ਸਾਂ, ਜਿਨ੍ਹਾਂ ‘ਚੋਂ ਮੇਰੇ ਤੋਂ ਵੱਡੀ ਇਕ ਭੈਣ ਸੀ, ਇਕ ਵੱਡਾ ਭਰਾ ਸੀ…ਬਾਕੀ ਮੇਰੇ ਤੋਂ ਛੋਟੇ ਸਨ…ਸਭ ਤੋਂ ਵੱਡੇ ਭਾਈ ਦਾ ਨਾਂ ਮੁਹੰਮਦ ਹਨੀਫ਼ ਸੀ…ਵੱਡੀ ਭੈਣ ਦਾ ਨਾਂ ਨੂਰ ਜਹਾਂ…ਛੋਟੀਆਂ ਭੈਣਾਂ ‘ਚੋਂ ਇਕ ਸੁਰੱਈਆ ਸੀ…ਇਕ ਸ਼ਮੀਮ ਸੀ…ਛੋਟੇ ਭਰਾਵਾਂ ‘ਚੋਂ ਇਕ ਤਾਰਿਕ ਤੇ ਦੂਜਾ ਨਵੀਦ। ਹੁਣ ਮੇਰੀ ਛੋਟੀ ਭੈਣ ਤੇ ਦੋ ਛੋਟੇ ਭਰਾ ਜਿਉਂਦੇ ਨੇ…।

ਸਵਾਲ : ਕੀ ਕਾਰਨ ਐ ਕਿ ਤੁਹਾਡੀਆਂ ਦੋ ਭੈਣਾਂ ਦੇ ਨਾਂਅ ਦੋ ਵੱਡੀਆਂ ਗਾਇਕਾਵਾਂ ਸੁਰੱਈਆ ਤੇ ਨੂਰ ਜਹਾਂ ਦੇ ਨਾਂ ‘ਤੇ ਰੱਖੇ ਗਏ? ਘਰ ਵਿਚ ਕੋਈ ਸੰਗੀਤਕ ਮਾਹੌਲ ਸੀ ਜਾਂ ਕੋਈ ਹੋਰ ਕਾਰਨ?

ਅਹਿਮਦ ਸਲੀਮ : ਮੇਰੇ ਵਾਲਿਦ ਨੂੰ ਲਤਾ ਮੰਗੇਸ਼ਕਰ ਦੇ ਗਾਣੇ ਬਹੁਤ ਪਸੰਦ ਸਨ…ਮੇਰੀ ਮਾਂ ਜ਼ੁਬੈਦਾ ਬੇਗ਼ਮ ਉਨ੍ਹਾਂ ਨੂੰ ਲੱਤਾਂ ਲੱਤਾਂ ਕਰਕੇ ਛੇੜਦੀ ਹੁੰਦੀ ਸੀ…। ਮੈਨੂੰ ਨਹੀਂ ਪਤਾ ਇਸ ਪਿਛੇ ਐਸਾ ਕੋਈ ਕਾਰਨ ਹੈ…ਮੈਂ ਕਦੇ ਗੌਰ ਨਹੀਂ ਕੀਤਾ…ਮੈਨੂੰ ਇਹ ਵੀ ਨਹੀਂ ਪਤਾ ਕਿ ਮੇਰਾ ਨਾਂ ਮੁਹੰਮਦ ਸਲੀਮ ਕਿਉਂ ਰੱਖਿਆ ਗਿਆ।

ਕਾਫ਼ਰ ਪੁੱਤਰ

ਸਵਾਲ : ਤੁਸੀਂ ਆਪਣੇ ਭੈਣਾਂ-ਭਰਾਵਾਂ ਤੋਂ ਬਿਲਕੁਲ ਵੱਖਰੇ ਜਿਹੇ ਕਿਵੇਂ ਹੋ?

ਅਹਿਮਦ ਸਲੀਮ : ਮੇਰੇ ਤੋਂ ਛੋਟੇ ਦੋ ਭਾਈ ਤਾਰਿਕ ਔਰ ਨਵੀਦ…ਦੋਵੇਂ ਬਿਜ਼ਨਸ ਕਰਦੇ ਨੇ…ਜੁੱਤੀਆਂ ਦਾ ਕਾਰੋਬਾਰ ਕਰਦੇ ਨੇ…ਜਿਹੜਾ ਮੇਰੇ ਤੋਂ ਛੋਟਾ ਐ…ਉਹ ਵਿਚਾਰਾ ਹਮਾਤੜ੍ਹ ਐ…ਜਿਹੜਾ ਸਭ ਤੋਂ ਛੋਟਾ ਹੈ ਉਹ ਬਹੁਤ ਸਫ਼ਲ ਕਾਰੋਬਾਰੀ ਐ…ਉਹਨੇ ਬੜੀ ਤਰੱਕੀ ਕੀਤੀ ਐ…।

ਜ਼ਾਹਰ ਹੈ ਸਭ ਤੋਂ ਨਾ-ਉਮੀਦਿਆ ਬੱਚਾ ਮੈਂ ਸਾਂ…ਬਹੁਤ ਬਾਅਦ ਦੀ ਗੱਲ ਐ…ਅੱਬਾ ਜੀ ਦਾ ਦੋਸਤ ਆਇਆ ਉਨ੍ਹਾਂ ਕੋਲ…ਪੰਦਰਾਂ-ਸੋਲ੍ਹਾਂ ਸਾਲ ਬਾਅਦ ਆਇਆ ਸੀ…ਪੁਛਣ ਲੱਗਿਆ…ਹਾਂ ਬਈ ਹੁਣ ਤੇਰੇ ਪੁੱਤਰ ਕੀ ਕਰ ਰਹੇ ਨੇ…ਮਜ਼ੇ ਦੀ ਗੱਲ ਐ…ਅਸੀਂ ਚਾਰੋ ਭਾਈ ਬੈਠੇ ਸਾਂ…ਅੱਬਾ ਨੇ ਦੱਸਿਆ ਕਿ ਇਹ ਜਿਹੜਾ ਵੱਡਾ ਪੁੱਤਰ ਐ…ਇਹਦਾ ਕੱਪੜੇ ਦਾ ਕਾਰੋਬਾਰ ਐ…ਮੈਨੂੰ ਛੱਡ ਕੇ ਤੀਸਰੇ ‘ਤੇ ਚਲੇ ਗਏ…ਇਹਦਾ ਜੁੱਤਿਆਂ ਦਾ ਕਾਰੋਬਾਰ ਐ…ਆਹ ਛੋਟੇ ਦਾ ਚੱਪਲ ਸਟੋਰ ਐ…। ਉਹ ਕਹਿੰਦੇ – ਤੇ ਆਹ ਮੁੰਡਾ ਕੀ ਕਰਦੈ…ਅੱਬਾ ਨੇ ਕਿਹਾ ਕਿ ਇਹਨੂੰ ਪੜ੍ਹਨ ਲਿਖਣ ਤੋਂ ਬਿਨਾਂ ਆਉਂਦਾ ਕੁਝ ਨਹੀਂ…। ਮਤਲਬ ਕਿ ਉਹ ਇਸ ਕਾਬਲ ਵੀ ਨਹੀਂ ਸਨ ਸਮਝਦੇ ਕਿ ਮੇਰਾ ਤੁਆਰਫ਼ ਵੀ ਕਰਾਉਣ। ਲੇਕਿਨ ਉਨ੍ਹਾਂ ਨੂੰ ਕਿਧਰੋਂ ਇਹ ਅਹਿਸਾਸ ਸੀ ਕਿ ਜੇ ਉਨ੍ਹਾਂ ਦਾ ਕੋਈ ਕੰਮ ਦਾ ਪੁੱਤਰ ਹੈ ਤੇ ਉਹ ਮੈਂ ਸੀ। ਇਹਦੇ ਬਹੁਤ ਸਾਰੇ ਕਾਰਨ ਸਨ…ਮਿਸਾਲ ਦੇ ਤੌਰ ‘ਤੇ…ਬਹੁਤ ਸਾਲਾਂ ਬਾਅਦ ਦੀ ਗੱਲ ਐ૴ ਮੇਰੇ ਨਜ਼ਰੀਏ ਤੋਂ ਉਹ ਥੋੜ੍ਹੇ ਅਲਰਜ਼ਿਕ ਸਨ…ਮਤਲਬ ਮੇਰੇ ਘਰ ‘ਚ ਮਾਰਕਸ ਦੀ ਤਸਵੀਰ ਲੱਗੀ ਐ…ਹਰ ਵੇਲੇ ਕੁੜ੍ਹਦੇ ਸਨ…ਮੇਰੀ ਮਾਂ ਹਰ ਵੇਲੇ ਕੁੜ੍ਹਦੀ ਸੀ…ਕਹਿੰਦੀ ਸੀ ਕਿਉਂ ਦਿਲ ਦੁਖਾਉਂਦੈ ਬਾਪ ਦਾ…ਉਤਾਰ ਦੇ ਤਸਵੀਰ ਨੂੰ…ਇਕ ਦਿਨ ਮੈਂ ਕਿਹਾ ਕਿ ਠੀਕ ਐ ਉਤਾਰ ਦਿੰਦਾ ਹਾਂ…ਮੈਂ ਤਸਵੀਰ ਨੂੰ ਚੁੱਕਿਆ ਤੇ ਗ਼ੁੱਸੇ ‘ਚ ਮੰਜੀ ‘ਤੇ ਸੁੱਟਿਆ…ਮਾਂ ਬੜੀ ਖ਼ੁਸ਼ ਹੋ ਗਈ, ਕਹਿੰਦੀ-ਤੇਰਾ ਪਿਓ ਵੀ ਬੜਾ ਖ਼ੁਸ਼ ਹੋਵੇਗਾ…ਚੰਗੈ ਤੂੰ ਉਹਦੀ ਗੱਲ ਮੰਨ ਲਈ ਐ…। ਥੋੜ੍ਹੀ ਦੇਰ ਬਾਅਦ ਮੈਂ ਉਹ ਤਸਵੀਰ ਚੁੱਕੀ…ਮੇਰੀ ਇਹ ਸ਼ਰਾਰਤ ਕਹਿ ਲਓ…ਮੈਂ ਕਿਹਾ, ਅੰਮਾ ਤੈਨੂੰ ਪਤੈ ਇਹ ਕੌਣ ਨੇ…? ਕਹਿੰਦੀ-ਮੈਨੂੰ ਤੇ ਨਹੀਂ ਪਤਾ…ਤਸਵੀਰ ਤੇ ਤੂੰ ਲਾਈ ਹੋਈ ਏ…। ਮੈਂ ਕਿਹਾ, ‘ਅੰਮਾ, ਇਹ ਦਾਤਾ ਗੰਜਬਖ਼ਸ਼ ਨੇ…ਦਾਤਾ ਸਾਹਿਬ ਨੇ। ਉਹ ਬਿਲਕੁਲ ਹੈਰਾਨ-ਪ੍ਰੇਸ਼ਾਨ ਹੋ ਕੇ ਨੇੜੇ ਆਈ…ਤਸਵੀਰ ਨੂੰ ਚੁੱਕਿਆ…ਤੇ ਇਕ ਦਮ ਬੋਲੀ, ਤਾਹੀਓਂ ਤੇ ਮੈਂ ਆਖਾਂ ਮੁਖੜੇ ‘ਤੇ ਏਨਾ ਨੂਰ ਕਿਉਂ ਏ!…। ਪਰ ਮੇਰੇ ਵਾਲਿਦ ਸਾਹਿਬ  ਸਭ ਜਾਣਦੇ ਸਨ, ਉਹ ਇਸ ਤੋਂ ਬਹੁਤ ਤੰਗ ਸਨ…ਬੇਜ਼ਾਰ ਸਨ ਕਿ ਇਹ ਕੁਫ਼ਰ ਦੀ ਤਰਫ਼ ਚਲਾ ਗਿਐ…। ਪਰ ਉਨ੍ਹਾਂ ਦੇ ਸੁਭਾਅ ਦੀ ਮੈਂ ਦਸਦਾ ਹਾਂ ਕਿ ਉਹ ਲਾਹੌਰ ਤੋਂ ਹਰ ਸਾਲ ਪਿੰਡ ਆਉਂਦੇ ਸਨ…ਤੇ ਦੋ ਲੋੜਵੰਦ ਕੁੜੀਆਂ ਦਾ ਵਿਆਹ ਕਰਦੇ ਸਨ…ਜਿੱਥੋਂ ਮਰਜ਼ੀ ਪੈਸੇ ਜੋੜਨ, ਮਿਹਨਤ ਕਰਨ…ਤੇ ਅਸੀਂ ਭਰਾ ਵੀ ਉਨ੍ਹਾਂ ਨਾਲ ਇਸ ਕੰਮ ‘ਚ ਕੁਝ ਨਾ ਕੁਝ ਕਰਦੇ ਸਾਂ।

ਸਵਾਲ : ਤੁਸੀਂ ਕਿਹਾ ਹੈ ਕਿ ਤੁਹਾਡੇ ਵਾਲਿਦ ਸਾਹਿਬ ਨੂੰ ਲਗਦਾ ਸੀ ਕਿ ਜੇ ਕੋਈ ਕੰਮ ਦਾ ਪੁੱਤਰ ਹੈ ਤਾਂ ਉਹ ਤੁਸੀਂ ਹੋ…ਇਹਦਾ ਕੀ ਕਾਰਨ ਸੀ?

ਅਹਿਮਦ ਸਲੀਮ : ਹਾਂ…ਮੈਂ ਇਹ ਦੱਸ ਰਿਹਾ ਸਾਂ…। ਇਕ ਵਾਰ ਉਨ੍ਹਾਂ ਨੇ ਏਸੇ ਤਰ੍ਹਾਂ ਦੋ ਬੱਚੀਆਂ ਦਾ ਵਿਆਹ ਕਰਨ ਜਾਣਾ ਸੀ…ਉਨ੍ਹਾਂ ਨੇ ਸਭ ਤੋਂ ਪਹਿਲਾਂ ਵੱਡੇ ਪੁੱਤਰ ਨੂੰ ਬੁਲਾਇਆ ਤੇ ਮਦਦ ਲਈ ਪੁਛਿਆ ਤਾਂ ਉਹ ਅੱਗੋਂ ਕਹਿੰਦਾ-ਥੋਨੂੰ ਤਾਂ ਪਤਾ ਹੀ ਅੱਬਾ…ਤੁਹਾਡੀ ਨੂੰਹ ਬਿਮਾਰ ਰਹਿੰਦੀ ਐ…ਹਸਪਤਾਲ ਦੇ ਚੱਕਰ ਲਗਦੇ ਨੇ…ਕਿੰਨੇ ਪੈਸੇ ਖ਼ਰਚ ਹੋ ਜਾਂਦੇ ਨੇ…ਚਲੋ ਮੈਂ 500 ਦੇ ਦਿੰਦਾ ਹਾਂ। ਫੇਰ ਦੂਸਰੇ ਭਾਈਆਂ ਨੇ ਵੀ ਟਾਲ-ਮਟੋਲ ਕੀਤੀ। ਅੱਬਾ ਕਹਿੰਦੇ, ਚਲੋ ਕੋਈ ਗੱਲ ਨਹੀਂ…ਮੇਰਾ ਕਾਫ਼ਰ ਪੁੱਤਰ ਕਰ ਦਏਗਾ। ਤੇ ਹਰ ਵੇਲੇ ਮੈਂ ਉਨ੍ਹਾਂ ਦੇ ਨਾਲ ਖੜ੍ਹਿਆ। ਉਹ ਆਪ ਵੀ ਹੈਰਾਨ-ਪ੍ਰੇਸ਼ਾਨ ਹੁੰਦੇ ਸਨ ਕਿ ਇਕ ਪਾਸੇ ਇਹ ਇਨ੍ਹਾਂ ਚੀਜ਼ਾਂ ਤੋਂ ਬਾਗ਼ੀ ਏ ਤੇ ਦੂਸਰਾ ਮੇਰੇ ਇਸ ਕੰਮ ਵਿਚ ਨਾਲ ਖੜ੍ਹਦਾ ਹੈ।

ਸਵਾਲ : ਤੁਹਾਡੇ ਕੋਲ ਪੈਸੇ ਕਿੱਥੋਂ ਆਉਂਦੇ ਸਨ?

ਅਹਿਮਦ ਸਲੀਮ : ਮੈਂ ਤੇ ਪੜ੍ਹਨ-ਲਿਖਣ ਵਾਲੇ ਪਾਸੇ ਆ ਗਿਆ ਸਾਂ…ਮੇਰੀ ਚੰਗੀ ਕਮਾਈ ਹੁੰਦੀ ਸੀ…ਮੈਂ ਪਾਕਿਸਤਾਨ ਦਾ ਅਜਿਹਾ ਲੇਖਕ ਹਾਂ ਜਿਹਦਾ ਗੁਜ਼ਾਰਾ ਰਾਇਲਟੀ ‘ਤੇ ਹੁੰਦਾ ਰਿਹਾ ਹੈ…ਇਸ ਤੋਂ ਇਲਾਵਾ ਮੈਂ ਨੈਸ਼ਨਲ ਬੈਂਕ ਦੇ ਵਿਚ ਜੌਬ ਕਰਦਾ ਸਾਂ…ਬੈਂਕ ਤੋਂ ਬਾਅਦ ਮੈਂ ਕਾਲਜ ਦੀ ਲੈਕਚਰਸ਼ਿਪ ਵੀ ਕਰ ਰਿਹਾ ਸਾਂ…ਮੁਖ਼ਤਲਿਫ਼ ਹਵਾਲਿਆਂ ਦੇ ਨਾਲ ਮੈਂ ਚੰਗਾ ਕਮਾਉਂਦਾ ਰਿਹਾ ਹਾਂ। ਮੈਂ ਆਪਣੇ ਬਾਪ ਨੂੰ ਕਦੇ ਮਾਯੂਸ ਨਹੀਂ ਸਾਂ ਕਰਦਾ। ਅੱਬਾ ਨੂੰ ਫ਼ੌਤ ਹੋਇਆਂ ਹੋ ਗਏ ਨੇ 12-13 ਸਾਲ…ਹੁਣ ਵੀ ਮੈਂ ਆਪਣੇ ਪਿੰਡ ਦੇ ਇਕ-ਦੋ ਬੰਦਿਆਂ ਦੇ ਜ਼ਿੰਮੇ ਲਾਇਆ ਐ ਕਿ ਜੇਕਰ ਅਜਿਹਾ ਕੋਈ ਕਾਰਜ ਕਰਨਾ ਹੈ ਤਾਂ ਮੈਨੂੰ ਇਤਲਾਹ ਕਰੋ…ਤੇ ਮੈਂ ਉਹ ਹਰ ਵਰ੍ਹੇ ਕਰਦਾ ਹਾਂ।

ਸਵਾਲ : ਤੁਸੀਂ ਆਪਣੇ ਵਾਲਿਦ ਸਾਹਿਬ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹੋ। ਹੋਰ ਕਿਸ ਤਰ੍ਹਾਂ ਦੇ ਸਬੰਧ ਸਨ ਤੁਹਾਡੇ ਉਨ੍ਹਾਂ ਨਾਲ?

ਅਹਿਮਦ ਸਲੀਮ : ਮੈਂ ਆਪਣੇ ਅੱਬਾ ਨੂੰ ਬਹੁਤ ਪਿਆਰ ਕਰਦਾ ਸਾਂ। ਜਦੋਂ ਸਾਡੇ ਘਰਾਂ ਅਤੇ ਦੁਕਾਨਾਂ ਦੀਆਂ, ਯਾਨੀ ਦਾਦਾ ਜੀ ਦੀ ਸੰਪਤੀ ਦੀਆਂ ਵੰਡਾਂ ਸ਼ੁਰੂ ਹੋਈਆਂ…ਉਹਦੇ ‘ਤੇ ਲੜਾਈ ਪੈ ਗਈ…ਮੇਰੀ ਮਾਂ ਵੀ ਤੇ ਦੋਵੇਂ ਚਾਚੀਆਂ ਵੀ ਆਪੋ-ਵਿਚੀਂ ਕਰਨ ਕਿ ਜੀ ਇਹਦੇ ‘ਤੇ ਸਾਡਾ ਹੱਕ ਐ…ਇਹ ਸਾਡਾ ਹਿੱਸਾ ਐ…। ਮੇਰੇ ਬਾਪ ਨੇ ਕਿਹਾ, ਜੋ ਤੁਹਾਨੂੰ ਚਾਹੀਦਾ ਹੈ, ਤੁਸੀਂ ਰੱਖ ਲਓ…ਜੋ ਮੈਨੂੰ ਦੇਣਾ ਹੈ ਦੇ ਦਿਓ૴। ਤੇ ਇਹਦੇ ‘ਤੇ ਮਾਂ ਬਹੁਤ ਲੜੀ…ਉਹ ਦੁਨੀਆਦਾਰ ਔਰਤ ਸੀ…ਮੇਰੇ ਬਾਪ ਨੇ ਕਿਹਾ, ਨੇਕ ਬਖ਼ਤੇ ਭਰਾ ਛੋੜਾਂ ਜਾਂ ਜਾਇਦਾਦ…ਭਰਾ ਮੈਂ ਨਹੀਂ ਛੋੜ ਸਕਦਾ। ਹੁਣ ਜਿਹੜਾ ਇਹ ਸੁਭਾਅ ਐ ਕਿ ਮੈਨੂੰ ਜਾਇਦਾਦ ਨਹੀਂ ਚਾਹੀਦੀ…ਇਹ ਮੈਨੂੰ ਆਪਣੇ ਵਾਲਿਦ ਸਾਹਿਬ ਤੋਂ ਮਿਲਿਐ। ਜਿਵੇਂ ਅੱਬਾ ਦੀ ਮੌਤ ਤੋਂ ਬਾਅਦ ਚੀਜ਼ਾਂ ਵਿਕੀਆਂ ਨੇ…ਪਿੰਡ ਵਾਲਾ ਘਰ ਵਿਕਿਆ…ਜੋ ਮੈਂ ਨਹੀਂ ਸੀ ਚਾਹੁੰਦਾ ਕਿ ਵਿਕੇ…ਮੈਂ ਉਸ ਨੂੰ ਯਾਦਗਾਰ ਬਣਾਉਣਾ ਚਾਹੁੰਦਾ ਸਾਂ…ਪਰ ਉਹ ਵਿਕ ਗਿਆ…ਮੈਂ ਭਰਾਵਾਂ ਨੂੰ ਕਿਹਾ ਵੀ ਕਿ ਜਿੰਨੇ ਪੈਸੇ ਲੈਣੇ ਨੇ ਮੇਰੇ ਤੋਂ ਲੈ ਲਓ…ਪਰ ਜੋ ਵਾਕਿਆ ਹੋਣਾ ਸੀ…ਉਹ ਹੋ ਗਿਆ। ਭਾਵ…ਚੀਜ਼ਾਂ ਦੀ ਪ੍ਰਵਾਹ ਨਾ ਕਰਨਾ, ਪਿਛੇ ਪਿਛੇ ਰਹਿਣਾ…ਇਹ ਮੈਂ ਆਪਣੇ ਬਾਪ ਤੋਂ ਸਿੱਖਿਆ ਹੈ ਔਰ ਮੈਂ ਆਪਣੇ ਬਾਪ ਨੂੰ ਆਪਣਾ ਆਦਰਸ਼ ਮੰਨਦਾ ਹਾਂ…ਦੁਨੀਆ ‘ਚ ਜਿਹੜੇ ਚਾਰ-ਪੰਜ ਬੰਦੇ ਮੇਰੇ ਲਈ ਖ਼ਾਸ ਨੇ…ਉਨ੍ਹਾਂ ‘ਚ ਮੇਰਾ ਬਾਪ ਵੀ ਸ਼ੁਮਾਰ ਹੈ।

ਹੋਰ ਵੀ ਇਕ ਗੱਲ ਮੈਨੂੰ ਚੇਤੇ ਹੈ…ਮੈਂ ਕਰਾਚੀ ਵਿਚ ਸਾਂ…ਮੈਂ ਚੰਗਾ ਕਮਾ ਰਿਹਾ ਸੀ…ਟੈਲੀਵਿਜ਼ਨ ‘ਤੇ ਵੀ ਮੇਰੇ ਡਰਾਮੇ ਚੱਲ ਰਹੇ ਸਨ… ਮੈਂ ਕਿਹਾ, ਅੱਬਾ ਜੀ ਮੇਰੇ ਕੋਲ ਆ ਜਾਓ…। ਕਹਿੰਦੇ, ਪੁੱਤਰ ਮੈਂ ਤੇਰੀ ਮਾਂ ਦੀਆਂ ਹੱਡੀਆਂ ਛੱਡ ਕੇ ਨਹੀਂ ਆ ਸਕਦਾ। ਇਹ ਫ਼ਿਕਰਾ ਬਹੁਤ ਸਾਲ ਮੇਰੇ ਦਿਮਾਗ਼ ਵਿਚ ਰਿਹਾ…ਏਨੇ ਸਾਲ ਕਿ ਭੁੱਲ ਹੀ ਨਹੀਂ ਸਕਿਆ…ਮੈਂ ਇਕ ਡਰਾਮਾ ਲਿਖਿਆ, ‘ਕਾਲਾ ਪੁਲ’। ਇਹਦੇ ‘ਚ ਇਕ ਪੁੱਤਰ ਐ ਜੋ ਬਹੁਤ ਤਰੱਕੀ ਕਰ ਜਾਂਦੈ…ਕਾਲਾ ਪੁਲ ਇਸ ਤਰ੍ਹਾਂ ਕਿ ਇਕ ਬੱਚਾ ਪੁਲ ਦੇ ਇਸ ਪਾਸੇ ਝੁੱਗੀਆਂ-ਝੌਪੜੀਆਂ ‘ਚ ਰਹਿੰਦਾ ਹੈ…ਪੁਲ ਦੇ ਦੂਸਰੇ ਪਾਰ ਵੱਖਰੀ ਦੁਨੀਆ ਹੈ…ਉਹ ਕਿਸੇ ਤਰ੍ਹਾਂ ਪੁਲ ਪਾਰ ਕਰਕੇ ਉਸ ਪਾਸੇ ਚਲਾ ਜਾਂਦਾ ਹੈ…ਚੰਗਾ ਖਾਣ-ਪੀਣ ਲੱਗ ਜਾਂਦੈ…ਤਾਂ ਉਹ ਆਪਣੇ ਬਾਪ ਨੂੰ ਲੈਣ ਆਉਂਦੈ ਕਿ ਹੁਣ ਅਸੀਂ ਬਿਹਤਰ ਥਾਂ ‘ਤੇ ਰਹਿ ਸਕਦੇ ਹਾਂ…ਤੁਸੀਂ ਚੱਲੋ…ਤੇ ਉਹ ਫ਼ਿਕਰਾ ਮੈਂ ਉਥੇ ਲਿਖਿਆ ਕਿ ਮੈਂ ਤੇਰੀ ਮਾਂ ਦੀਆਂ ਹੱਡੀਆਂ ਛੱਡ ਕੇ ਕਿਵੇਂ ਆ ਸਕਦਾ ਹਾਂ। ਤੇ ਉਹ ਲੜਕਾ ਆਪਣੇ ਫਲੈਟ ਨੂੰ ਤਾਲਾ ਮਾਰਦਾ ਹੈ ਤੇ ਹੌਲੀ ਹੌਲੀ ਪੁਲ ਦੇ ਇਸ ਪਾਰ ਉਸੇ ਥਾਂ ‘ਤੇ ਆ ਜਾਂਦਾ ਹੈ। ਇਹ ਮੇਰਾ ਛੋਟਾ ਜਿਹਾ ਡਰਾਮਾ ਹੈ, 7-8 ਕਿਸ਼ਤਾਂ ਦਾ…ਇਹਦੇ ਵਿਚ ਕੋਈ ਬਹੁਤੀ ਵੱਡੀ ਕਹਾਣੀ ਵੀ ਨਹੀਂ ਪਰ ਮੇਰਾ ਆਪਣੇ ਬਾਪ ਨਾਲ ਮੁਹੱਬਤ ਦਾ ਛੋਟਾ ਜਿਹਾ ਪ੍ਰਗਟਾਵਾ ਹੈ।

ਸਵਾਲ : ਵਾਲਿਦ ਸਾਹਿਬ ਨਾਲ ਜੁੜੀ ਕੋਈ ਹੋਰ ਘਟਨਾ, ਜਿਹਦਾ ਸਿੱਧਾ ਤੁਹਾਡੇ ਤੇ ਅਸਰ ਹੋਵੇ?

ਅਹਿਮਦ ਸਲੀਮ : ਸਾਡੇ ਅੱਬਾ ਵਿਚ ਇਕ ਖ਼ਾਮੀ ਸੀ…ਔਰ ਉਹ ਖ਼ਾਮੀ ਇਹ ਸੀ ਕਿ ਉਹਦੇ ਭਰਾ ਸਾਡੀ ਮਾਂ ਬਾਰੇ ਜੋ ਕੁਝ ਕਹਿ ਦਿੰਦੇ ਸਨ ਉਲਟਾ ਸਿੱਧਾ…ਉਹ ਮੰਨ ਕੇ ਆ ਜਾਂਦੇ ਸਨ…ਔਰ ਉਹ ਬਾਲਣ ਵਾਲੀਆਂ ਲਕੜੀਆਂ ਨਾਲ ਮਾਰਦੇ ਸਨ ਮਾਂ ਨੂੰ…ਮੈਂ ਬਹੁਤ ਪ੍ਰੇਸ਼ਾਨ ਹੋ ਜਾਂਦਾ ਸਾਂ ਤੇ ਇਹ ਪੱਖ ਮੈਨੂੰ ਹੁਣ ਵੀ ਪ੍ਰੇਸ਼ਾਨ ਕਰਦਾ ਹੈ ਕਿ ਇਹ ਚੀਜ਼ ਉਸ ਬੰਦੇ ਵਿਚ ਕਿਉਂ ਸੀ? ਉਹ ਲਾਈ-ਲੱਗ ਸਨ…ਮਸਲਨ ਸਾਡੀਆਂ ਚਾਚੀਆਂ ਨੇ ਆਪਣੇ ਘਰਵਾਲਿਆਂ ਨੂੰ ਮੇਰੀ ਮਾਂ ਦੇ ਬਾਰੇ ਬੋਲ ਦੇਣਾ ਤੇ ਅੱਗੋਂ ਉਨ੍ਹਾਂ ਨੇ ਸਾਡੇ ਬਾਪ ਨੂੰ ਗੱਲਾਂ ਕਹਿ ਦੇਣੀਆਂ ਤੇ ਅੱਬਾ ਆ ਕੇ ਮਾਂ ਨੂੰ ਕੁੱਟ ਸੁੱਟਦੇ ਸਨ। ਅਸੀਂ ਭੈਣ-ਭਰਾ ਵੀ ਨਾਲ ਰੌਣ ਲੱਗ ਜਾਂਦੇ ਸਾਂ। ਉਹ ਵਾਕਿਆ ਹਾਲੇ ਵੀ ਮੇਰੀਆਂ ਅੱਖਾਂ ਸਾਹਵੇਂ ਨੇ…।

 

ਮਾਂ ਦੀ ਤੜਪ

ਸਵਾਲ : ਆਪਣੀ ਮਾਂ ਬਾਰੇ ਕੁਝ ਦੱਸੋ?

ਅਹਿਮਦ ਸਲੀਮ : ਮੇਰੀ ਮਾਂ ਦੁਨੀਆਦਾਰ ਸੀ ਪਰ ਮੇਰਾ ਬਾਪ ਨਹੀਂ…। ਪੈਸੇ-ਧੇਲੇ ਦਾ ਹਿਸਾਬ ਰੱਖਣਾ…ਉਧਰ ਵੱਧ ਚਲਾ ਗਿਆ…ਸਾਡੇ ਹਿੱਸੇ ਘੱਟ ਆਇਆ…। ਨੌਕਰਾਂ ਨੂੰ ਨੌਕਰ ਸਮਝਣਾ…ਮੇਰਾ ਬਾਪ ਇਵੇਂ ਨਹੀਂ ਸੀ ਸਮਝਦਾ। ਇਹੋ ਜਿਹੀਆਂ ਆਦਤਾਂ ਸਨ ਮੇਰੀ ਮਾਂ ਵਿਚ। ਦਰਅਸਲ, ਉਹ ਸਾਧਾਰਨ ਜਿਹੀ ਔਰਤ ਸੀ…ਉਹਦੇ ਆਪਣੇ ਹਾਲਾਤ ਸਨ…ਉਹਦੀ ਜ਼ਿੰਦਗੀ ਬੜੀਆਂ ਤੰਗੀਆਂ ‘ਚੋਂ ਲੰਘੀ ਸੀ…ਉਹਨੇ ਆਪਣਾ ਬਾਪ ਨਹੀਂ ਸੀ ਦੇਖਿਆ…ਆਪਣੀ ਮਾਂ ਨਹੀਂ ਸੀ ਦੇਖੀ…ਉਹ ਦੋ-ਤਿੰਨ ਵਰ੍ਹਿਆਂ ਦੀ ਸੀ ਜਦੋਂ ਉਹ ਦੋਵੇਂ ਫੌਤ ਹੋ ਗਏ। ਸਾਡੇ ਨਾਨਾ ਜੀ ਕਾਬੁਲ ਤੇ ਬੁਖ਼ਾਰਾ ਦੇ ਵਿਚ ਤਜ਼ਾਰਤ ਕਰਦੇ ਸਨ। ਜਦੋਂ ਮੇਰੀ ਮਾਂ ਪੈਦਾ ਹੋਈ…ਉਹ ਉਥੇ ਹੀ ਸਨ…ਸਾਡੀ ਨਾਨੀ ਦੀ ਮੌਤ ਹੋ ਗਈ…ਮੇਰੀ ਮਾਂ ਉਦੋਂ ਦੋ-ਤਿੰਨ ਵਰ੍ਹਿਆਂ ਦੀ ਸੀ ਜਦੋਂ ਨਾਨਾ ਜੀ ਦਾ ਕੁਝ ਪਤਾ ਨਹੀਂ ਚੱਲਿਆ…1917 ਦੀ ਜਿਹੜੀ ਕ੍ਰਾਂਤੀ ਸੀ…ਉਹਦੇ ਵਿਚ ਉਹ ਹਮੀਰੇ ਬੁਖਾਰਾ ਵਲੋਂ ਜਿਹਾਦ ਕਰਦੇ ਹੋਏ ਮਾਰੇ ਗਏ ਸਨ…ਇਹ ਕਿਆਸ ਨੇ…ਇਹਦਾ ਕੋਈ ਸਬੂਤ ਨਹੀਂ ਐ…ਨਾ ਉਨ੍ਹਾਂ ਦੀ ਕੋਈ ਨਿਸ਼ਾਨੀ ਮਿਲੀ…ਆਪਣੇ ਮਾਮੇ ਕੋਲ ਅਸੀਂ ਰੂਬਲ ਦੇਖੇ ਜਿਹੜੇ ਉਥੋਂ ਆਉਂਦੇ ਸਨ…ਤੇ ਮੇਰੀ ਮਾਂ ਪਲੀ ਆਪਣੀ ਵੱਡੀ ਭੈਣ ਕੋਲ…ਸਾਡੀ ਖਾਲਾ (ਮਾਸੀ) ਸੀ…ਉਹ ਬਹੁਤ ਦੇਰ ਆਗਰਾ ਵੀ ਰਹੇ…ਉਥੋਂ ਹੀ ਉਨ੍ਹਾਂ ਨੂੰ ਪਾਨ ਖਾਣ ਦੀ ਆਦਤ ਲੱਗੀ…ਮਿਆਣਾ ਗੋਂਦਲ ਵਿਚ ਵੀ ਅਸੀਂ ਮੁਸ਼ਕਲਾਂ ਦੇ ਨਾਲ ਉਨ੍ਹਾਂ ਵਾਸਤੇ ਪਾਨ ਲੱਭ ਕੇ ਲਿਆਂਦੇ ਸਾਂ…। ਉਹ ਸਾਰੀ ਉਮਰ ਆਪਣੇ ਮਾਪਿਆਂ, ਆਪਣੇ ਭੈਣ-ਭਰਾਵਾਂ ਲਈ ਰੋਂਦੇ ਰਹੇ, ਸਿਵਾਏ ਉਨ੍ਹਾਂ ਦੀ ਵੱਡੀ ਭੈਣ ਦੇ…ਉਨ੍ਹਾਂ ਨੂੰ ਕਿਸੇ ਨੇ ਨਹੀਂ ਪੁਛਿਆ…। ਉਨ੍ਹਾਂ ਦੇ ਸਕੇ ਭਾਈ ਦੀ ਔਲਾਦ ਉਨ੍ਹਾਂ ਨੂੰ ਨਫ਼ਰਤ ਕਰਦੀ ਸੀ…। ਜਦੋਂ ਸਾਡੇ ਮਾਮੂ ਦੀ ਮੌਤ ਹੋਈ ਤਾਂ ਮੈਨੂੰ ਯਾਦ ਹੈ…ਮੈਂ ਬਹੁਤ ਛੋਟਾ ਸਾਂ…ਜਦੋਂ ਅਸੀਂ ਉਥੇ ਗਏ ਤਾਂ ਉਨ੍ਹਾਂ ਨੇ ਸਾਨੂੰ ਮਾਮੂ ਦੀ ਸ਼ਕਲ ਤਕ ਨਹੀਂ ਦੇਖਣ ਦਿੱਤੀ। ਮਾਮੀ ਬਹੁਤ ਖ਼ਿਲਾਫ਼ ਸੀ…ਇਹਦਾ ਕੀ ਕਾਰਨ ਸੀ…ਇਹ ਸਾਨੂੰ ਪਤਾ ਨਹੀਂ…। ਜ਼ਾਹਰ ਹੈ ਸਾਡੀ ਮਾਂ ਦੀ ਤੜਪ ਸੀ ਆਪਣੇ ਮਾਪਿਆਂ ਲਈ…ਆਪਣੇ ਭੈਣ-ਭਰਾਵਾਂ ਲਈ।

ਸਵਾਲ : ਕੁਝ ਅਜਿਹਾ ਵੀ ਸੀ ਜਿਵੇਂ ਅਕਸਰ ਹੁੰਦਾ ਹੈ ਕਿ ਮਾਂ ਘਰ ਚ ਕਿਸੇ ਇਕ ਬੱਚੇ ਨੂੰ ਜ਼ਿਆਦਾ ਤਵੱਜੋ ਦਿੰਦੀ ਹੈ। ਤੁਹਾਡੀ ਮਾਂ ਵੀ ਕਿਸੇ ਇਕ ਬੱਚੇ ਨੂੰ ਜ਼ਿਆਦਾ ਦੁਲਾਰਦੀ ਸੀ?

ਅਹਿਮਦ ਸਲੀਮ : ਐਸਾ ਕੁਝ ਨਹੀਂ ਸੀ…ਜਿਤਨਾ ਮੈਨੂੰ ਯਾਦ ਐ…ਸਾਰੇ ਬੱਚੇ ਉਨ੍ਹਾਂ ਨੂੰ ਇਕੋ ਜਿਹੇ ਪਿਆਰੇ ਸਨ…ਇਕੋ ਜਿਹਾ ਉਨ੍ਹਾਂ ਦਾ ਖ਼ਿਆਲ ਰੱਖਿਆ ਗਿਆ…ਮੇਰਾ ਜਿਹੜਾ ਛੋਟਾ ਭਰਾ ਐ…ਕਿਉਂਕਿ ਉਹ ਪੋਲੀਓ ਦਾ ਸ਼ਿਕਾਰ ਹੋ ਗਿਆ…ਤੇ ਉਹਦੇ ਵੱਲ ਮਾਂ ਦਾ ਧਿਆਨ ਜ਼ਰਾ ਜ਼ਿਆਦਾ ਸੀ…ਔਰ ਮੈਂ ਸਮਝਦਾਂ ਇਹ ਕੁਦਰਤੀ ਵੀ ਸੀ।

ਸਵਾਲ : ਭੈਣਾਂ-ਭਰਾਵਾਂ ਵਿਚੋਂ ਤੁਹਾਡੀ ਕਿਸੇ ਇਕ ਨਾਲ ਬਹੁਤ ਨੇੜਤਾ ਹੋਵੇ ਭਾਵ ਦੋਸਤਾਂ ਵਾਂਗ।

ਅਹਿਮਦ ਸਲੀਮ : ਦੇਖੋ, ਇਸ ਤਰ੍ਹਾਂ ਕਿ ਮੇਰਾ ਆਪਣੇ ਭਰਾਵਾਂ ਨਾਲ ਸਬੰਧ ਬੜਾ ਰਸਮੀ ਜਿਹਾ ਰਿਹੈ…ਕੋਈ ਬਹੁਤ ਟੁੱਟ ਕੇ ਪਿਆਰ ਨਹੀਂ ਰਿਹਾ ਕਿਸੇ ਨਾਲ ਵੀ…ਨਾ ਭੈਣਾਂ ਨਾਲ ਨਾ ਭਰਾਵਾਂ ਨਾਲ…ਔਰ ਇਹਦੀ ਵਜ੍ਹਾ ਇਹ ਸੀ ਕਿ ਉਹ ਸਾਰੇ ਮੈਨੂੰ ਨਫ਼ਰਤ ਕਰਦੇ ਸਨ…ਕਿ ਇਹ ਨਿਕੰਮਾ ਐ…ਇਹਨੇ ਕੁਝ ਨਹੀਂ ਕਰਨਾ…ਇਹਨੇ ਭੁੱਖਿਆਂ ਮਰਨੈਂ…ਉਨ੍ਹਾਂ ਦੀ ਸੋਚ ਸੀ- ਘਰ ਬਣਾ ਲਓ…ਪ੍ਰਾਪਰਟੀ ਬਣਾ ਲਓ…ਇਨ੍ਹਾਂ ਚੀਜ਼ਾਂ ਵੱਲ ਦੌੜਦੇ ਸਨ ਤੇ ਮੈਂ ਉਨ੍ਹਾਂ ਦੇ ਬਿਲਕੁਲ ਉਲਟ। ਜਵਾਨੀ ਦੇ ਦਿਨਾਂ ਦੀ ਗੱਲ ਐ ਕਿ ਜਦੋਂ ਮੇਰੇ ਵੱਡੇ ਭਾਈ ਨੇ ਆਪਣਾ ਘਰ ਬਣਾਇਆ…ਤੇ ਉਹਨੇ ਕਿਹਾ, ਤੂੰ ਵੀ ਕੁਝ ਕਰ ਲੈਂਦੋ…ਮੈਂ ਕਿਹਾ, ਭਾਈ ਸਾਹਿਬ ਇਹੋ ਜਿਹੇ ਕਈ ਮਕਾਨ ਤਾਂ ਮੈਂ ਗਿਲਾਸ ਵਿਚ ਘੋਲ ਕੇ ਪੀ ਗਿਆ ਵਾਂ…। ਮੈਂ ਆਪਣੇ ਵੱਲੋਂ ਉਨ੍ਹਾਂ ਦੀ ਬੇਇਜ਼ਤੀ ਕੀਤੀ…ਉਹ ਅੱਗੋਂ ਕਹਿੰਦੇ, ਸ਼ਰਮ ਕਰ ਕੀ ਬਕਵਾਸ ਕਰ ਰਿਹੈਂ…ਕਹਿਣ ਦਾ ਮਤਲਬ ਐ ਮੇਰਾ ਮਿਜ਼ਾਜ ਹੀ ਉਨ੍ਹਾਂ ਨਾਲ ਮੇਲ ਨਹੀਂ ਖਾਂਦਾ।

ਗ਼ਲਤਲੋਕਾਂ ਦਾ ਸਾਥ

ਸਵਾਲ : ਇਕੋ ਪਰਿਵਾਰ ਦੇ ਭੈਣ-ਭਰਾਵਾਂ ਵਿਚ ਏਨਾ ਵਖਰੇਵਾਂ ਕਿਉਂ? ਉਹ ਪ੍ਰਾਪਰਟੀਆਂ ਬਣਾਉਣ, ਕਾਰੋਬਾਰ ਖੜ੍ਹੇ ਕਰਨ ਵੱਲ ਦੌੜਦੇ ਸਨ, ਤੁਸੀਂ ਕਿਉਂ ਨਹੀਂ?ਅਹਿਮਦ ਸਲੀਮ : ਇਹਦਾ ਕਾਰਨ ਐ ਕਿ ਮੈਨੂੰ ਬੜੇ ‘ਗ਼ਲਤ’ ਲੋਕ ਮਿਲੇ… ਹਾ…ਹਾ…ਸਭ ਤੋਂ ਪਹਿਲਾਂ ਤਾਂ ਮੇਰੀ ਸਕੂਲ ਦੀ ਉਸਤਾਨੀ ਸੀ ਜਿਹੜੀ ਅਕਸਰ ਮੈਨੂੰ ਕਹਿੰਦੀ ਸੀ ਕਿ ਤੇਰੇ ‘ਚ ਬੜਾ ਸਪਾਰਕ ਨਜ਼ਰ ਆਉਂਦੈ…ਉਹ ਫ਼ਿਕਰਾ ਕਹਿੰਦੀ ਸੀ ਜੋ ਮੈਨੂੰ ਬੜੀ ਹੱਲਾਸ਼ੇਰੀ ਦਿੰਦਾ ਸੀ…ਕਿ ਤੂੰ ਵੱਡਾ ਆਦਮੀ ਬਣੇਂਗਾ…ਤੇਰੇ ‘ਚ ਬੜੀ ਜਾਨ ਐ…ਤੂੰ ਪੜ੍ਹਨ-ਲਿਖਣ ‘ਚ ਬਹੁਤ ਲਾਇਕ ਐਂ…ਤੀਸਰੀ-ਚੌਥੀ ਵਿਚ ਸਾਂ ਜਦੋਂ ਮੈਂ ਟੁੱਟਿਆ-ਭੱਜਿਆ ਲਿਖਣਾ ਸ਼ੁਰੂ ਕੀਤਾ…ਮੇਰਾ ਬਾਪ ਕਿਉਂਕਿ ਬਜਾਜ਼ੀ ਕਰਦਾ ਸੀ…ਜ਼ਿੰਮੀਦਾਰ ਉਸ ਕੋਲੋਂ ਉਧਾਰ ਕੱਪੜਾ ਲੈਂਦੇ ਸਨ…ਜਦੋਂ ਫ਼ਸਲ ਆਉਂਦੀ ਸੀ ਤਾਂ ਮੇਰਾ ਬਾਪ ਘੋੜੀ ‘ਤੇ ਉਨ੍ਹਾਂ ਕੋਲੋਂ ਉਗਰਾਹੀ ਕਰਨ ਜਾਂਦਾ ਸੀ ਤੇ ਮੈਂ ਵੀ ਉਨ੍ਹਾਂ ਨਾਲ ਜਾਂਦਾ ਸਾਂ…। ਮੇਰੀ ਇਹ ਸ਼ਾਇਦ ਪਹਿਲੀ ਲਿਖਤ ਸੀ ਜਿਹਦੇ ਵਿਚ ਮੈਂ ਇਹ ਲਿਖਿਆ ਕਿ ਕਿਵੇਂ ਮੈਂ ਫਲਾਣੇ ਪਿੰਡ ਗਿਆ…ਉਥੇ ਇਕ ਮਾਸੀ ਮਿਲੀ ਤੇ ਉਹਨੇ ਮੈਨੂੰ ਪਹਿਲੀ ਵਾਰ ਘਰ ਆਉਣ ਕਰਕੇ ਗੁੜ ਦਿੱਤਾ…। ਸੋ, ਮੈਂ ਆਪਣੀ ਉਸਤਾਨੀ ਕੋਲੋਂ ਬਹੁਤ ਪ੍ਰਭਾਵਤ ਹੋਇਆ ਪਰ ਜ਼ਾਹਰ ਹੈ ਮੈਂ ਨਹੀਂ ਜਾਣਦਾ ਸਾਂ ਕਿ ਵੱਡਾ ਆਦਮੀ ਕੀ ਹੁੰਦੈ…। ਇਸ ਦੌਰ ਦੀਆਂ ਘਟਨਾਵਾਂ ‘ਤੇ ਮੇਰਾ ਇਕ ਨਾਵਲ ਵੀ ਐ ‘ਨਾਲ ਮੇਰੇ ਕੋਈ ਚੱਲੇ’। ਅੰਮ੍ਰਿਤਾ ਪ੍ਰੀਤਮ ਜੀ ਨੇ ‘ਨਾਗਮਣੀ’ ‘ਚ ਇਹਦਾ ਵੰਡ ਵਾਲਾ ਹਿੱਸਾ ਵੀ ਛਾਪਿਆ ਸੀ।

ਇਕ ਸੀਨ ਦੇਖੋ – ਹੁਣ ਮੈਂ ਪੰਜਵੀਂ ਪਾਸ ਕਰ ਲਈ ਐ…ਅਸੀਂ ਘਰ ਬੈਠੇ ਹਾਂ…ਮੇਰਾ ਬਾਪ ਖ਼ੁਸ਼ ਹੈ ਕਿ ਹੁਣ ਤੂੰ ਕੱਲ੍ਹ ਤੋਂ ਮੇਰੇ ਨਾਲ ਬੈਠੇਂਗਾ ਦੁਕਾਨ ‘ਤੇ…ਗਜ਼ ਚਲਾਉਣਾ ਵੀ ਤੈਨੂੰ ਸਿੱਖਣਾ ਚਾਹੀਦੈ…। ਮੈਂ ਕਿਹਾ, ਮੈਂ ਕੋਈ ਗਜ਼-ਗੁਜ਼ ਚਲਾਉਣਾ ਨਹੀਂ ਸਿੱਖਣਾ…ਮੈਂ ਤਾਂ ਵੱਡਾ ਆਦਮੀ ਬਣਨੈਂ ਤੇ ਪੜ੍ਹਨੈਂ ਅੱਗੇ ਜਾ ਕੇ…। ਅੱਬਾ ਨੇ ਕਿਹਾ, ਜਿਹਨੇ ਵੱਡਾ ਆਦਮੀ ਬਣਨਾ ਹੋਵੇ, ਫੇਰ ਉਹ ਸਹਾਰੇ ਨਹੀਂ ਲਭਦਾ…। ਅਸੀਂ ਰੋਟੀ ਖਾ ਰਹੇ ਸਾਂ…ਮੇਰੇ ਬਾਪ ਨੇ ਇਹ ਫ਼ਿਕਰਾ ਕਿਹਾ ਤਾਂ ਮੈਂ ਉਥੇ ਹੀ ਰੋਟੀ ਛੱਡ ਦਿੱਤੀ…। ਮੈਂ ਕਿਹਾ, ਜੀ ਹੁਣ ਮੇਰਾ ਦਾਣਾ-ਪਾਣੀ ਮੁੱਕ ਗਿਐ ਇਸ ਘਰ ‘ਚ…ਹੁਣ ਮੈਂ ਪੜ੍ਹ ਕੇ ਦਿਖਾਵਾਂਗਾ। ਜ਼ਾਹਰ ਐ ਉਹ ਬਾਪ ਸੀ ਕਿਵੇਂ ਸਹਿੰਦਾ ਕਿ ਮੇਰਾ ਬੱਚਾ ਰੁਲੇ…ਉਹਨੇ ਆਪਣੀ ਛੋਟੀ ਭੈਣ ਨਾਲ ਗੱਲ ਕੀਤੀ…ਜੋ ਪੇਸ਼ਾਵਰ ਵਿਚ ਰਹਿੰਦੀ ਸੀ…ਅੱਬਾ ਨੇ ਕਿਹਾ ਕਿ ਇਹ ਜ਼ਿੱਦ ਕਰ ਰਿਹੈ ਪੜ੍ਹਨ ਦੀ…ਮੈਨੂੰ ਸਮਝ ਨਹੀਂ ਪੈਂਦੀ ਕਿ ਹੋਰ ਕਿਹੜੀ ਥਾਂ ‘ਤੇ ਮੈਂ ਇਹਨੂੰ ਭੇਜਾਂ…ਤੇ ਭੈਣੇ ਜੇ ਤੂੰ ਮੰਨੇ ਤੇ…ਉਹਨੇ ਕਿਹਾ ਸੱਦ ਬਿਸਮਿਲ੍ਹਾ…ਉਹਦੇ ਦੋ ਪੁੱਤਰ ਸਨ…ਤੇ ਖਾਸੇ ਵੱਡੇ ਹੋ ਗਏ ਸਨ…ਯਾਨੀ ਇਹ ਸਮਝ ਲਓ ਜੇ ਮੈਂ ਉਦੋਂ 12-13 ਵਰ੍ਹਿਆਂ ਦਾ ਸਾਂ ਤਾਂ ਉਹ 17-18 ਸਾਲਾਂ ਦੇ ਸਨ। ਉਨ੍ਹਾਂ ਨੂੰ ਬੜੀ ਖ਼ੁਸ਼ੀ ਹੋਈ ਕਿ ਸਾਡੇ ਘਰ ਇਕ ਛੋਟਾ ਬੱਚਾ ਹੋਏਗਾ…ਉਨ੍ਹਾਂ ਨੇ ਬੜੀ ਖ਼ੁਸ਼ੀ ਖ਼ੁਸ਼ੀ ਕਿਹਾ ਕਿ ਇਹਨੂੰ ਭੇਜ ਦਿਓ। ਮੈਨੂੰ ਯਾਦ ਹੈ ਮੇਰੇ ਵਾਲਿਦ ਸਾਹਿਬ ਪੰਝੀ ਰੁਪਏ ਮਹੀਨਾ ਖ਼ਰਚਾ ਵੀ ਦਿੰਦੇ ਸਨ ਭੈਣ ਨੂੰ। ਉਹ ਮਾਣ ਵੀ ਮਹਿਸੂਸ ਕਰਦੇ ਸਨ ਕਿ ਉਨ੍ਹਾਂ ਨੇ ਭੈਣ ‘ਤੇ ਕੋਈ ਬੋਝ ਨਹੀਂ ਪਾਇਆ।

ਸਵਾਲ : ਕਿਹੋ ਜਿਹਾ ਮਹਿਸੂਸ ਹੋ ਰਿਹਾ ਸੀ  ਜਦੋਂ ਤੁਸੀਂ ਪਿੰਡ ਤੋਂ ਉਠ ਕੇ ਸ਼ਹਿਰ ਵਿਚ ਪੜ੍ਹਨ ਲਈ ਗਏ?ਅਹਿਮਦ ਸਲੀਮ : ਮੈਂ ਤੇ ਖ਼ੁਸ਼ੀ ਵਿਚ ਪਾਗ਼ਲ ਹੋ ਗਿਆ ਸਾਂ…ਮੈਂ ਜ਼ਿੰਦਗੀ ‘ਚ ਪਹਿਲੀ ਵਾਰ ਜਾ ਕੇ ਬਿਜਲੀ ਵਾਲਾ ਘਰ ਵੇਖਿਆ…ਪਹਿਲੀ ਵਾਰੀ ਮੈਂ ਰੇਡੀਓ ਦੇਖਿਆ…ਮੇਰੇ ਵਾਸਤੇ ਤਾਂ ਇਹ ਐਸੀ ਦੁਨੀਆ ਸੀ…ਐਸੀ ਲੱਭਤ ਸੀ…ਕਿ ਮੈਨੂੰ ਲੱਗੇ ਕਿ ਇਸ ਤੋਂ ਪਹਿਲਾਂ ਤਾਂ ਮੈਂ ਦੋਜ਼ਖ਼ ਵਿਚ ਰਹਿ ਰਿਹਾ ਸਾਂ…ਇਹ ‘ਤੇ ਜੰਨਤ ਏ…ਘਰ ਦੇ ਨੇੜੇ ਹੀ ਸਕੂਲ ਸੀ, ਜਿੱਥੇ ਮੈਨੂੰ ਦਾਖ਼ਲ ਕਰਵਾਇਆ ਗਿਆ।

ਪਰ ਥੋੜ੍ਹੇ ਚਿਰ ਬਾਅਦ ਉਨ੍ਹਾਂ ਦਾ ਰਵੱਈਆ ਬਦਲ ਗਿਆ…ਉਹ ਮੇਰੇ ਨਾਲ ਇਸ ਤਰ੍ਹਾਂ ਵਿਹਾਰ ਕਰਦੇ ਸਨ ਜਿਵੇਂ ਕੋਈ ਘਰ ‘ਚ ਨੌਕਰ ਨਾਲ ਕਰਦੈ…ਸੋ, ਫੇਰ ਮੈਂ ਕੋਈ 3-4 ਸਾਲ ਬਾਅਦ ਉਹ ਘਰ ਛੱਡ ਦਿੱਤਾ ਤੇ ਆਪਣੀ ਜ਼ਿੰਦਗੀ ਦਾ ਹੋਰ ਰਾਹ ਲੱਭਿਆ।

…ਮੈਂ ਇਥੇ ਛੇਵੀਂ ‘ਚ ਇਸਲਾਮੀਆ ਮਿਡਲ ਸਕੂਲ, ਪੇਸ਼ਾਵਰ ਵਿਚ ਦਾਖ਼ਲਾ ਲਿਆ…ਮੁਹੱਲਾ ਖ਼ੁਦਾਦਾਦ ਜਗ੍ਹਾ ਦਾ ਨਾਂ ਸੀ…। ਇਸ ਮੁਹੱਲੇ ‘ਚ ਮਸ਼ਹੂਰ ਹਸਤੀਆਂ ਦੇ ਘਰ ਸਨ…ਮੁੱਖ ਮੰਤਰੀ ਸੀ ਫ਼ਰੰਟੀਅਰ ਦਾ ਖ਼ਾਨ ਅਬਦੁਲ ਕਿਊਮ ਖ਼ਾਨ ਉਥੇ, ਦਲੀਪ ਕੁਮਾਰ ਦਾ ਘਰ ਉਥੇ ਸੀ…ਇਹ ਸਾਰੀਆਂ ਚੀਜ਼ਾਂ ਸਾਡੇ ਲਈ ਬੜੀ ਅਹਿਮੀਅਤ ਰੱਖਦੀਆਂ ਸਨ…ਖ਼ਾਸ ਗੱਲ ਇਹ ਕਿ ਉਥੇ ਦੋ ਬੰਦੇ ਰਹਿੰਦੇ ਸਨ ਰਜ਼ਾ ਹਮਦਾਨੀ ਤੇ ਫ਼ਾਰਿਗ ਬੁਖ਼ਾਰੀ-ਇਹ ਉਰਦੂ ਦੇ ਬਹੁਤ ਵੱਡੇ ਲੇਖਕ ਸਨ…ਔਰ ਪ੍ਰੋਗਰੈਸਿਵ ਮੂਵਮੈਂਟ ਦੇ ਲੋਕ ਸਨ…ਇਹ ਉਹ ਪਹਿਲੇ ਲੋਕ ਸਨ ਜਿਹੜੇ ਮੈਨੂੰ ਮਿਲੇ ਹਾ…ਹਾ…ਜਿਹੜੇ ਮੈਂ ਗ਼ਲਤ ਲੋਕ ਕਹਿ ਰਿਹਾ ਸਾਂ… ਤੇ ਇਹੋ ਜਿਹੇ ਲੋਕ ਮੈਨੂੰ ਮਿਲਦੇ ਚਲੇ ਗਏ। ਸਕੂਲ ‘ਚ ਮੇਰੇ ਨਾਲ ਬੈਂਚ ‘ਤੇ ਜਿਹੜਾ ਲੜਕਾ ਬੈਠਦਾ ਸੀ ਪਠਾਨ…ਉਹਨੇ ਕਿਹਾ, ਇਹ ਤੂੰ ਉਰਦੂ ਉਰਦੂ ਕੀ ਬਕਵਾਸ ਕਰਦੈਂ…ਤੇਰੀ ਏਨੀ ਸੋਹਣੀ ਪੰਜਾਬੀ ਐ…ਤੂੰ ਪੰਜਾਬੀ ‘ਚ ਲਿਖਿਆ ਕਰ…ਮੈਂ ਕਿਹਾ ਕਿ ਨਹੀਂ ਉਰਦੂ ਸਾਡੀ ਕੌਮੀ ਜ਼ੁਬਾਨ ਐ…ਉਹ ਕਹਿੰਦਾ ਛੱਡ ਉਰਦੂ ਜ਼ੁਬਾਨ…ਕੀ ਮੁਸਲਿਮ ਲੀਗੀਆਂ ਵਾਲੀਆਂ ਗੱਲਾਂ ਕਰ ਰਿਹੈਂ…ਮੈਂ ਦਸ ਦਿਆਂ ਕਿ ਜਦੋਂ ਮੈਂ ਸਕੂਲ ਵਿਚ ਦਾਖ਼ਲ ਹੋਇਆ ਤਾਂ ਸਾਲ ਭਰ ਕੌਮੀਅਤ ਤੇ ਉਰਦੂ ਜ਼ੁਬਾਨ ਦੀਆਂ ਗੱਲਾਂ ਸੁਣਦਾ ਰਿਹਾ ਸਾਂ…ਮੇਰੇ ਇਸ ਪਠਾਨ ਦੋਸਤ ਨੇ ਮੈਨੂੰ ਸਮਝਾਇਆ ਕਿ ਇਹ ਬੇਕਾਰ ਗੱਲਾਂ ਨੇ ਤੇ ਤੂੰ ਪੰਜਾਬੀ ਵਿਚ ਲਿਖਿਆ ਕਰ। ਫੇਰ ਉਹਨੇ ਮੈਨੂੰ ਪਸ਼ਤੂਨਾਂ ਦੇ ਲੀਡਰ ਬਾਚਾਖ਼ਾਨ ਅਬਦੁੱਲ ਗ਼ੱਫ਼ਾਰ ਖਾਂ ਨਾਲ ਮਿਲਵਾਇਆ…ਉਹ ਬੰਦਾ ਜਿਹਨੂੰ ਸਰਹੱਦੀ ਗਾਂਧੀ ਕਿਹਾ ਜਾਂਦੈ…ਔਰ ਗਾਂਧੀ ਜੀ ਦਾ ਬਹੁਤ ਨੇੜਲਾ ਸਾਥੀ ਸੀ ਉਹ…ਏਨੀ ਨੇੜਤਾ ਕਿ ਅੱਜ ਵੀ ਕਾਂਗਰਸ ਪਰਿਵਾਰ ਬਾਚਾਖ਼ਾਨ ਦੇ ਪਰਿਵਾਰ ਅੱਗੇ, ਉਸ ਪਰਿਵਾਰ ਦੇ ਲੀਡਰ ਵਲੀ ਖ਼ਾਨ ਅੱਗੇ ਝੁਕਦੈ…। ਤੇ ਮੈਂ ਉਨ੍ਹਾਂ ਨੂੰ ਕਹਾਂ, ਇਹ ਤਾਂ ਗ਼ੱਦਾਰ ਨੇ…ਇਹ ਤਾਂ ਪਾਕਿਸਤਾਨ ਵਿਰੋਧੀ ਲੋਕ ਨੇ…ਉਹਨੇ ਕਿਹਾ, ਕੋਈ ਨਹੀਂ ਤੈਨੂੰ ਛੇਤੀ ਹੀ ਪਾਕਿਸਤਾਨ ਬਾਰੇ ਪਤਾ ਲੱਗ ਜਾਵੇਗਾ…ਸੋ, ਮੇਰੇ ਕਹਿਣ ਦਾ ਮਤਲਬ ਐ ਕਿ ਮੇਰਾ ਜ਼ਿਹਨ ਤਬਦੀਲ ਹੋਣਾ ਸ਼ੁਰੂ ਹੋਇਆ। ਇਨ੍ਹਾਂ ਲੋਕਾਂ ਫ਼ਾਰਿਗ ਬੁਖਾਰੀ, ਰਜ਼ਾ ਹਮਦਾਨੀ ਤੇ ਇਕ ਤੀਸਰੇ ਸ਼ਾਇਰ ਸਨ…ਮੇਰੀ ਭੂਆ ਦੇ ਮੁੰਡੇ ਦੇ ਦੋਸਤ ਜੌਹਰ ਮੀਰ…ਇਨ੍ਹਾਂ ਤਿੰਨਾਂ ਦੀ ਸੰਗਤ ਨਾਲ। ਅੱਗੋਂ ਇਹ ਹੋਇਆ ਕਿ ਦੋ ਹੋਰ ਬੰਦੇ ਮੈਨੂੰ ਮਿਲੇ ਅਫ਼ਜ਼ਲ ਬੰਗਿਸ਼ ਔਰ ਅਜ਼ਮਲ ਖਟਕ…ਇਹ ਪਸ਼ਤੋ ਦੇ ਲੇਖਕ ਸਨ…ਔਰ ਇਹ ਕਮਿਊਨਿਸਟ ਪਾਰਟੀ ਦੇ ਲੋਕ ਸਨ…ਸੋ…ਸਾਰੀਆਂ ‘ਖ਼ਰਾਬੀਆਂ’ ‘ਕੱਠੀਆਂ ਹੋ ਗਈਆਂ ਇਕ ਥਾਂ ‘ਤੇ…ਤੇ ਜਦੋਂ ਮੈਂ ਮੈਟ੍ਰਿਕ ਕੀਤੀ ਤਾਂ ਮੈਂ ਪੂਰੀ ਤਰ੍ਹਾਂ ਸੈਕੂਲਰ ਸਾਂ…ਤੇ ਜਦੋਂ ਉਥੋਂ ਮੈਟ੍ਰਿਕ ਕਰਨ ਮਗਰੋਂ ਮੈਂ ਕਰਾਚੀ ਜਾ ਰਿਹਾ ਸਾਂ…ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਤੂੰ ਉਥੇ ਹੋਰ ਕਿਤੇ ਨਹੀਂ ਜਾਣਾ…ਉਥੇ ਫ਼ੈਜ਼ ਅਹਿਮਦ ਫ਼ੈਜ਼ ਨੇ ਫਲਾਣੇ ਕਾਲਜ ਦੇ ਪ੍ਰਿੰਸੀਪਲ…ਤੂੰ ਉਥੇ ਦਾਖ਼ਲਾ ਲੈਣੈਂ। ਅੱਗੋਂ ਫ਼ੈਜ਼ ਸਾਹਿਬ ਮੇਰੇ ਉਸਤਾਦ ਬਣ ਗਏ…ਮੈਂ ਖ਼ੁਦ ਨੂੰ ਖ਼ੁਸ਼ਕਿਸਮਤ ਸਮਝਦਾਂ ਕਿ ਐਸੇ ਆਲ੍ਹਾ ਵਿਅਕਤੀਆਂ ਨੇ ਮੇਰੇ ਵਰਗੇ ਨੂੰ ਕੁੱਝ ਕਰਨ ਜੋਗਾ ਬਣਾ ਦਿੱਤਾ। ਮੈਂ ਆਪਣੀ ਤਾਰੀਫ਼ ਵਿਚ ਨਹੀਂ…ਬਲਕਿ ਉਨ੍ਹਾਂ ਦੀ ਤਾਰੀਫ਼ ਵਿਚ ਕਹਿ ਰਿਹਾ ਹਾਂ ਕਿ ਉਨ੍ਹਾਂ ਨੇ ਵਾਕਿਆ ਹੀ ਮੈਨੂੰ ਐਸੀ ਰਹਿਨੁਮਾਈ ਦਿੱਤੀ ਕਿ ਮੇਰਾ ਜ਼ਿਹਨ ਬਿਲਕੁਲ ਹੀ ਪਲਟ ਗਿਆ…ਮੈਂ ਕਮਿਊਨਿਸਟ ਪਾਰਟੀ ਦਾ ਕੁੱਲ ਵਕਤੀ ਮੈਂਬਰ ਵੀ ਰਿਹਾ ਹਾਂ ਕਈ ਸਾਲ।

ਸਵਾਲ : ਤੁਹਾਡੀ ਪਾਰਟੀ ਦਾ ਵੀ ਜ਼ਿਕਰ ਕਰਾਂਗੇ, ਪਹਿਲਾਂ ਮੈਟ੍ਰਿਕ ਦੌਰਾਨ ਵਾਪਰੀਆਂ ਘਟਨਾਵਾਂ ਬਾਰੇ ਗੱਲ ਸਾਂਝੀ ਕਰ ਲਈਏ। ਤੁਹਾਡੀਆਂ ਕੁਝ ਖ਼ਾਸ ਦੋਸਤੀਆਂ ਵੀ ਹੋਣਗੀਆਂ, ਉਨ੍ਹਾਂ ਬਾਰੇ ਦੱਸੋ?

ਅਹਿਮਦ ਸਲੀਮ : ਹਾਂ, ਹਾਂ, ਮੇਰੇ ਖ਼ਾਸ ਦੋਸਤ…ਇਕ ਤਾਂ ਇਫ਼ਤਖ਼ਾਰ ਅਵਾਨ, ਜੋ ਮੇਰਾ ਕ੍ਰਿਕਟ ਦਾ ਬੇਲੀ ਸੀ ਪੇਸ਼ਾਵਰ ਵਿਚ…ਅਸੀਂ ਇਕੋ ਟੀਮ ਵਿਚ ਸਾਂ…ਫਰੈਂਡਜ਼ ਕ੍ਰਿਕਟ ਕਲੱਬ ਸੀ ਸਾਡਾ…ਜਦੋਂ ਮੈਂ ਕਰਾਚੀ ਚਲਾ ਗਿਆ ਤਾਂ ਕੁਝ ਅਰਸਾ ਚਿੱਠੀ ਪੱਤਰ ਚਲਦਾ ਰਿਹਾ…ਫੇਰ ਉਸ ਤੋਂ ਬਾਅਦ ਉਹ ਫ਼ੌਜ ਵਿਚ ਚਲਾ ਗਿਆ…ਫ਼ੌਜ ਵਿਚ ਹੀ ਉਸ ਨੇ ਪੀਪਲਜ਼ ਪਾਰਟੀ ਜੁਆਇਨ ਕਰ ਲਈ…ਮੈਂ ਕਰਾਚੀ ਚਲਾ ਗਿਆ ਮੈਟ੍ਰਿਕ ਵਿਚ…ਮੈਂ ਕਮਿਊਨਿਸਟ ਪਾਰਟੀ ਜੁਆਇਨ ਕਰ ਲਈ…ਇਹ ਸਿਲਸਿਲਾ 1970-71 ਤਕ ਚਲਦਾ ਰਿਹਾ। ਮੈਂ 67 ‘ਚ ਲਾਹੌਰ ਆ ਗਿਆ…ਦਰਅਸਲ, ਸਾਡਾ ਦੋਹਾਂ ਦਾ ਕ੍ਰਿਕਟ ਦਾ ਸਾਥ ਸੀ…ਕ੍ਰਿਕਟ ਦਾ ਮੇਰੇ ਅੰਦਰ ਜਨੂੰਨ ਸੀ…ਏਨਾ ਜਨੂੰਨ ਕਿ ਘਰਦੇ ਮੈਨੂੰ ਆਟਾ ਦਿੰਦੇ ਸਨ ਕਿ ਤੰਦੂਰ ਤੋਂ ਰੋਟੀਆਂ ਬਣਵਾ ਲਿਆ…ਮੈਨੂੰ ਪਤਾ ਹੁੰਦਾ ਸੀ ਕਿ ਤੰਦੂਰ ‘ਤੇ ਰੋਟੀਆਂ ਪੰਜ ਮਿੰਟ ‘ਚ ਲੱਥ ਜਾਣੀਆਂ ਨੇ…ਫੇਰ ਵੀ ਪੰਦਰਾਂ ਮਿੰਟ ਦਾ ਰਸਤਾ ਤੈਅ ਕਰਕੇ ਕ੍ਰਿਕਟ ਮੈਦਾਨ ਪਹੁੰਚ ਜਾਣਾ ਤੇ ਘੰਟੇ ਮਗਰੋਂ ਜਦੋਂ ਖੇਡ ਕੇ ਪਰਤਣਾ…ਨਾਲੇ ਤਾਂ ਘਰੋਂ ਜੁੱਤੀਆਂ ਪੈਣੀਆਂ…ਨਾਲੇ ਰੋਟੀ ਠੰਢੀ ਹੋ ਜਾਣੀ। (ਕਿੂੰਕਟ ਦਾ ਜਨੂੰਨ ਤਾਂ ਤੁਹਾਡੇ ਸਾਹਮਣੇ ਈ ਐ…ਮੈਂ ਗੱਲ ਤੁਹਾਡੇ ਨਾਲ ਕਰ ਰਿਹਾ ਹਾਂ ਤੇ ਸਾਹਮਣੇ ਨਿਗ੍ਹਾ ਟੀ.ਵੀ. ‘ਤੇ ਭਾਰਤ-ਬੰਗਲਾਦੇਸ਼ ਵਿਚਾਲੇ ਚੱਲ ਰਹੇ ਮੈਚ ‘ਤੇ ਟਿਕੀ ਹੋਈ ਹੈ…ਹਾ..ਹਾ…)

ਚੱਲੋ ਖ਼ੈਰ, ਇਫ਼ਤਖ਼ਾਰ ਦੇ ਵਾਲਿਦ ਸਾਹਿਬ ਡਾਕਟਰ ਸਨ…ਔਰ ਉਨ੍ਹਾਂ ਦੀ ਕਲੀਨਿਕ ਵਿਚ ਇਕ ਬੱਚਾ ਸੀ ਗੰਜਾ ਜਿਹਾ…ਮੈਥੋਂ ਤਾਂ ਖੈਰ ਵੱਡਾ ਸੀ…ਉਹ ਦਵਾਈਆਂ ‘ਤੇ ਲੇਬਲ ਲਾਉਂਦਾ ਸੀ…ਉਹਦੇ ‘ਤੇ ਫ਼ਿਲਮਾਂ ਦਾ ਭੂਤ ਸਵਾਰ ਸੀ…ਉਹ ਡਾਕਟਰ ਸਾਹਿਬ ਨੂੰ ਕਹਿੰਦਾ ਸੀ ਮੈਨੂੰ ਫ਼ਿਲਮੀ ਅਦਾਕਾਰ ਮਿਲਾਓ…ਬਾਅਦ ਵਿਚ ਉਹ ਬਹੁਤ ਵੱਡਾ ਫ਼ਿਲਮ ਸਟਾਰ ਬਣਿਆ…ਪਾਕਿਸਤਾਨ ਦਾ ਰੰਗੀਲਾ…ਇਕ ਵਾਰ ਕੀ ਹੋਇਆ ਕਿ ਮੈਂ ਫੀਲਡਿੰਗ ਕਰ ਰਿਹਾ ਸੀ ਤਾਂ ਜ਼ੋਰਦਾਰ ਬਾਲ ਮੇਰੇ ਮੱਥੇ ਵਿਚ ਆ ਕੇ ਵੱਜੀ…ਸਾਰੇ ਘਬਰਾ ਗਏ…ਮੈਂ ਕਿਹਾ, ਤੁਸੀਂ ਕ੍ਰਿਕਟ ਜਾਰੀ ਰੱਖੋ ਮੈਂ ਹੁਣੇ ਆਇਆ…ਮੈਂ ਡਾਕਟਰ ਸਾਹਿਬ ਦੇ ਕਲੀਨਿਕ ਪਹੁੰਚ ਗਿਆ…ਮੈਂ ਡਰਦੇ ਡਰਦੇ ਨੇ ਪੁਛਿਆ ਕਿ ਡਾਕਟਰ ਸਾਹਿਬ ਪੈਸੇ ਕਿੰਨੇ ਲੱਗਣਗੇ…ਉਹ ਕਹਿੰਦੇ ਛੱਡ ਤੇਰੇ ਤੋਂ ਪੈਸੇ ਚੰਗੇ ਨੇ…ਜਦੋਂ ਮੈਂ ਦੱਸਿਆ ਕਿ ਕ੍ਰਿਕਟ ਖੇਡਦਿਆਂ ਸੱਟ ਲੱਗੀ ਐ ਤਾਂ ਪੁਛਣ ਲੱਗੇ…ਅੱਛਾ ਤੂੰ ਇਫ਼ਤਖ਼ਾਰ ਨਾਲ ਖੇਡਣੈ…ਆ ਲੈਣ ਦੇ ਉਹਨੂੰ…ਮੈਂ ਦਸਦਾਂ ਉਹਨੂੰ…ਮੈਂ ਕਿਹਾ, ਜੀ ਨਹੀਂ ਉਹਨੇ ਕੁਝ ਨਹੀਂ ਕੀਤਾ…ਕਹਿੰਦੇ ਫੇਰ ਵੀ ਉਨ੍ਹਾਂ ਨੂੰ ਖ਼ਿਆਲ ਰੱਖਣਾ ਚਾਹੀਦਾ ਸੀ…ਡਾਕਟਰ ਏਨਾ ਨੇਕ ਆਦਮੀ ਸੀ, ਕਹਿੰਦਾ-ਤੂੰ ਆਇਆ ਕਰ ਐਥੇ…ਅੱਜ ਤੋਂ ਤੂੰ ਮੇਰਾ ਪੁੱਤ ਐਂ…। ਹੌਲੀ ਹੌਲੀ ਸਾਡਾ ਰਿਸ਼ਤਾ ਏਨਾ ਗੂੜ੍ਹਾ ਹੋ ਗਿਆ ਕਿ ਇਫ਼ਤਖ਼ਾਰ ਦੇ ਸਾਰੇ ਭੈਣ-ਭਰਾ ਮੇਰੇ ਭੈਣ-ਭਰਾ ਸਨ…ਔਰ ਇਹੀ ਮੇਰੀ ਖ਼ੁਸ਼ ਕਿਸਮਤੀ ਐ ਕਿ ਮੈਂ ਜਿਸ ਘਰ ਵਿਚ ਜਾਵਾਂ…ਪੂਰੇ ਦਾ ਪੂਰਾ ਪਰਿਵਾਰ ਮੇਰਾ ਹੋ ਜਾਂਦੈ…। ਸੋ, ਇਸ ਤਰ੍ਹਾਂ ਇਫ਼ਤਖ਼ਾਰ ਨਾਲ ਮੇਰਾ ૾ਖ਼ਤੋ-ਖ਼ਿਤਾਬ ਚਲਦਾ ਰਿਹਾ…ਫੇਰ ਉਹਦੀ ਪੋਸਟਿੰਗ ਢਾਕਾ ਦੀ ਹੋ ਗਈ…ਉਹ ਫ਼ੌਜ ਵਿਚ ਸੀ ਤੇ ਮੈਂ ਪਾਕਿਸਤਾਨੀ ਫ਼ੌਜ ਖ਼ਿਲਾਫ਼ ਨਜ਼ਮ ਲਿਖੀ ਸੀ…। ਬੰਗਲਾ ਦੇਸ਼ ਵਿਚ ਜਦੋਂ ਕਤਲੋਗਾਰਤ ਹੋਈ…ਪਾਕਿਸਤਾਨ ਦੇ 90000 ਦੇ ਕਰੀਬ ਜਵਾਨ ਭਾਰਤੀ ਜੇਲ੍ਹਾਂ ‘ਚ ਜੰਗੀ ਕੈਦੀ ਰਹੇ…ਦੋ-ਤਿੰਨ ਸਾਲ ਮਗਰੋਂ ਉਹ ਪਰਤਿਆ। ਫੇਰ ਕਿੰਨਾ ਚਿਰ ਗਾਇਬ ਰਿਹਾ…ਫੇਰ ਪਤਾ ਚੱਲਿਆ ਕਿ ਜ਼ਿਆ-ਉਲ ਹੱਕ ਦੀ ਸਰਕਾਰ ਆ ਗਈ ਐ ਤੇ ਸਖ਼ਤੀ ਕਾਰਨ ਉਹ ਲੋਕ ਏਥੋਂ ਦੌੜ ਰਹੇ ਨੇ…ਉਹ ਇੰਗਲੈਂਡ ਚਲਾ ਗਿਆ…ਉਥੇ ਉਹ ਬੈਰਿਸਟਰ ਬਣ ਗਿਆ…ਫੇਰ ਬਹੁਤ ਸਾਲਾਂ ਬਾਅਦ ਮੈਂ ਇੰਗਲੈਂਡ ਗਿਆ ਸਾਂ ਤਾਂ ਕਿਸੇ ਜਗ੍ਹਾ ‘ਤੇ ਟੱਕਰ ਗਿਆ ਮੈਨੂੰ…ਸੋ, ਮੁੜ ਰਾਬਤਾ ਬਣ ਗਿਆ ਤੇ ਹੁਣ ਸਾਡਾ ਬਹੁਤ ਨੇੜੇ ਦਾ ਸਿਲਸਿਲਾ ਐ…ਹਰ ਤੀਸਰੇ-ਚੌਥੇ ਦਿਨ ਉਹ ਮੈਨੂੰ ਫ਼ੋਨ ਕਰਦੈ…ਮੈਂ ਉਹਨੂੰ ਕਰਦਾਂ…।

ਦੂਸਰਾ ਦੋਸਤ ਉਹ ਸੀ ਜਿਹੜਾ ਮੇਰੇ ਨਾਲ ਡੈਸਕ ‘ਤੇ ਬੈਠਦਾ ਸੀ…ਪਠਾਨ ਸ਼ਫ਼ਕਤ ਕਾਕਾ ਖੇਲ…। ਮੈਟ੍ਰਿਕ ਤੋਂ ਬਾਅਦ ਅਸੀਂ ਕਈ ਸਾਲ ਨਹੀਂ ਮਿਲੇ…ਸਮਝ ਲਓ ਜਦੋਂ ਮੈਂ ਗਿਆ ਵਾਂ…1972 ਤੋਂ ਬਾਅਦ ਮੇਰੀ ਉਹਦੇ ਨਾਲ ਮੁਲਾਕਾਤ ਹੋਈ…ਕਿਉਂਕਿ ਉਹ ਚਲਾ ਗਿਆ ਸੀ ਫਾਰਨ ਸਰਵਿਸਿਜ਼ ਵਿਚ…1970 ਦੇ ਵਿਚ ਉਹਦੀ ਯੂਰਪ ਦੇ ਮੁਲਕਾਂ ਵਿਚ  ਪੋਸਟਿੰਗ ਹੁੰਦੀ ਰਹੀ…ਉਹ ਭਾਰਤ ਵਿਚ ਪਾਕਿਸਤਾਨ ਦਾ ਡਿਪਟੀ ਹਾਈ ਕਮਿਸ਼ਨਰ ਵੀ ਰਿਹੈ… ਬਹੁਤ ਪੜ੍ਹਿਆ-ਲਿਖਿਆ ਸੀ…ਪਸ਼ਤੋ ਦਾ ਉਹ ਕਵੀ ਸੀ…ਸਾਡਾ ਤਾਅਲੁਕ ਕਦੇ ਬਣ ਜਾਂਦਾ, ਕਦੇ ਟੁੱਟ ਜਾਂਦਾ…। ਫੇਰ ਜਦੋਂ ਉਹ ਸੇਵਾਮੁਕਤ ਹੋਇਆ…ਉਹ ਚਲਾ ਗਿਆ ਯੂ.ਐਨ.ਓ. ਦੇ ਵਾਤਾਵਰਣ ਵਿਭਾਗ ਵਿਚ…ਉਹ ਉਥੇ ਡਿਪਟੀ ਸੈਕਟਰੀ ਜਨਰਲ ਸੀ…ਉਸ ਦੌਰਾਨ ਸਾਡੀ ਮੁਲਾਕਾਤ ਰਹੀ ਕਿਉਂਕਿ ਮੈਂ ਵਾਤਾਵਰਣ ਦਾ ਜਿਹੜਾ ਥਿੰਕ ਟੈਂਕ ਐ…ਉਹ ਜੁਆਇਨ ਕਰ ਲਿਆ ਸੀ…ਉਸ ਦਫ਼ਤਰ ਦੀ ਜਿਹੜੀ ਰੇਟਿੰਗ ਏ, ਉਹ ਹੁਣ ਵੀ 600 ਥਿੰਕ ਟੈਂਕ ਵਿਚੋਂ ਕਰੀਬ 30ਵੇਂ ਨੰਬਰ ‘ਤੇ ਹੋਵੇਗੀ…ਉਹ ਸਾਡੇ ਅਦਾਰੇ ਦਾ ਬੋਰਡ ਆਫ਼ ਗਵਰਨਰ ਦਾ ਚੇਅਰਮੈਨ ਬਣ ਗਿਆ…ਤੇ ਸੇਵਾਮੁਕਤੀ ਮਗਰੋਂ ਹੁਣ ਅਸੀਂ ਦੋਵੇਂ ‘ਕੱਠੇ ਉਠਦੇ-ਬੈਠਦੇ ਹਾਂ…ਸਾਡੀ ਰੋਜ਼ਾਨਾ ਮੁਲਾਕਾਤ ਹੁੰਦੀ ਐ…।

…ਜਦੋਂ ਮੈਂ 70 ਸਾਲ ਦਾ ਹੋਇਆ…ਮੇਰੇ ਦਫ਼ਤਰ ਨੇ 70ਵੀਂ ਵਰ੍ਹੇਗੰਢ ਮਨਾਈ…ਸ਼ਫ਼ਕਤ ਨੂੰ ਕਿਹਾ ਗਿਆ ਕਿ ਤੂੰ ਇਹਦੇ ਬਚਪਨ ਦੀਆਂ ਗੱਲਾਂ ਆ ਕੇ ਦੱਸ…ਉਹ ਆ ਗਿਆ…ਉਹਨੇ ਕਿਹਾ, ਅਹਿਮਦ ਸਲੀਮ ਯੇ ਯਾਦ ਰਖਨਾ…70 ਸਾਲ ਕੇ ਆਪ ਹੂਏ ਹੈਂ…ਮੈਂ ਅਭੀ ਨਹੀਂ ਹੂਆ…ਮਗਰ ਹਮ ਕਲਾਸ ਫੈਲੋ ਥੇ…। ਸੋ, ਉਹ ਇਸ ਤਰ੍ਹਾਂ ਦਾ ਪਿਆਰਾ ਦੋਸਤ ਐ…। ਅਜਿਹੇ ਦੋਸਤਾਂ ਨਾਲ ਮੇਰੀ ਸਾਂਝ ਕਦੇ ਵੀ ਖ਼ਤਮ ਨਹੀਂ ਹੋ ਸਕਦੀ।

 

ਫ਼ੈਜ਼ ਸਾਹਿਬ ਨਾਲ ਮੇਲ

ਸਵਾਲ : ਤੁਸੀਂ ਫ਼ੈਜ਼ ਅਹਿਮਦ ਫ਼ੈਜ਼ ਦੇ ਵਿਦਿਆਰਥੀ ਰਹੇ…?

ਅਹਿਮਦ ਸਲੀਮ : ਜਿਸ ਵੇਲੇ ਮੈਂ ਕਰਾਚੀ ਗਿਆ…ਮੇਰਾ ਹੌਸਲਾ ਹੀ ਨਾ ਹੋਵੇ ਫ਼ੈਜ਼ ਸਾਹਿਬ ਕੋਲ ਜਾਣ ਦਾ…। ਮੈਨੂੰ ਪਤਾ ਚੱਲ ਚੁੱਕਿਆ ਸੀ ਕਿ ਫ਼ੈਜ਼ ਸਾਡਾ ਬਹੁਤ ਵੱਡਾ ਸ਼ਾਇਰ ਐ। ਇਹ 1963-64 ਦੀ ਗੱਲ ਐ…ਪਹਿਲਾਂ ਤਾਂ ਮੈਂ ਕਰਾਚੀ ਜਾ ਕੇ ਦੋ-ਤਿੰਨ ਸਾਲ ਨੌਕਰੀਆਂ ਕੀਤੀਆਂ। ਫੇਰ ਮੈਂ ਅੱਗੇ ਪੜ੍ਹਨ ਬਾਰੇ ਸੋਚਿਆ ਪਰ ਫ਼ੈਜ਼ ਸਾਹਿਬ ਕੋਲ ਜਾਣ ਦੀ ਜੁਰਅੱਤ ਹੀ ਨਾ ਹੋਵੇ ਕਿ ਕਿਵੇਂ ਕਹਾਂ ਮੈਂ ਤੁਹਾਡੇ ਕੋਲ ਪੜ੍ਹਨਾ ਚਾਹੁੰਦਾ ਹਾਂ। ਚਲੋ ਖ਼ੈਰ, ਮੈਂ ਕਿਸੇ ਹੋਰ ਕਾਲਜ ਵਿਚ ਦਾਖ਼ਲਾ ਲੈ ਲਿਆ…ਕਿਉਂਕਿ ਮੇਰੇ ਨੰਬਰ ਬਹੁਤ ਵਧੀਆ ਸਨ ਮੈਟ੍ਰਿਕ ਵਿਚੋਂ…ਉਨ੍ਹਾਂ ਨੇ ਮੈਨੂੰ ਸਕਾਲਰਸ਼ਿਪ ਦਿੱਤੀ…ਯਾਨੀ ਕਿਤਾਬਾਂ ਮੁਫ਼ਤ…ਫ਼ੀਸ ਮੁਆਫ਼ ਮੇਰੀ…ਔਰ ਮੈਨੂੰ ਡਿਬੇਟ ਤੇ ਲਿਖਣ ਵਿਚ ਅੱਗੇ ਅੱਗੇ ਰੱਖਦੇ ਸਨ…ਇਹ ਮੌਲਵੀ ਅਬਦੁਲ ਹੱਕ ਦਾ ਕਾਲਜ ਸੀ…ਉਸ ਜ਼ਮਾਨੇ ‘ਚ ਉਹ ਉਥੇ ਬੈਠਦੇ ਸਨ…ਉਨ੍ਹਾਂ ਨੇ ਉਰਦੂ ਦੀ ਬਹੁਤ ਸੇਵਾ ਕੀਤੀ ਐ…ਇਸ ਲਈ ਅਸੀਂ ਉਨ੍ਹਾਂ ਨੂੰ ਬਾਬਾ-ਏ-ਉਰਦੂ ਕਹਿੰਦੇ ਹਾਂ…।

ਇਕ ਵਾਰ ਮੈਂ ਸਾਹਿਤਕ ਰਸਾਲੇ ‘ਅਫ਼ਕਾਰ’ ਵਿਚ ਇਸ਼ਤਿਹਾਰ ਪੜ੍ਹਿਆ। ਵੰਡ ਤੋਂ ਪਹਿਲਾਂ ਇਹ ਭੁਪਾਲ ਤੋਂ ਨਿਕਲਦਾ ਸੀ ਮਗਰੋਂ ਕਰਾਚੀ ‘ਚੋਂ ਨਿਕਲਣ ਲੱਗਾ…ਉਹ ਪ੍ਰੋਗਰੈਸਿਵ ਵਿਚਾਰਾਂ ਦਾ ਰਸਾਲਾ ਸੀ…ਤੇ ਇਬਰਾਹਿਮ ਜਲੀਸ ਵਰਗੇ ਲਿਖਾਰੀਆਂ ਨੂੰ ਪੜ੍ਹਨ ਮਗਰੋਂ ਮੇਰੀ ਵੀ ਕਾਇਆ ਕਲਪ ਹੋ ਚੁੱਕੀ ਸੀ…ਫ਼ਿਕਰ ਤੌਸਵੀਂ ਸਾਹਿਬ ਜਿਨ੍ਹਾਂ ਦੇ ‘ਪਿਆਜ਼ ਦੇ ਛਿਲਕੇ’ ਕਾਰਨ ਸਾਰੇ ਉਨ੍ਹਾਂ ਨੂੰ ਜਾਣਦੇ ਨੇ…ਲੇਕਿਨ ਜਿਹੜਾ ਮੇਰਾ ਸੰਪਰਕ ਉਨ੍ਹਾਂ ਨਾਲ ਹੋਇਆ…ਉਨ੍ਹਾਂ ਦੀ ਕਿਤਾਬ ਸੀ ‘ਛਠਾ ਦਰਿਆ’…ਉਸ ਨੇ ਮੇਰਾ ਦਿਮਾਗ਼ ਬਿਲਕੁਲ ਉਲਟ ਦਿੱਤਾ…ਉਨ੍ਹਾਂ ਲਿਖਿਆ ਸੀ ਕਿ ਪੰਜਾਬ ਵਿਚ ਪੰਜ ਦਰਿਆ ਨੇ ਤੇ ਛੇਵਾਂ ਦਰਿਆ ਖ਼ੂਨ ਦਾ ਦਰਿਆ ਹੈ। ਮੈਂ ਨਹੀਂ ਸਮਝਦਾ ਕਿ ਲਾਹੌਰ ਨੂੰ ਇਸ ਤਰ੍ਹਾਂ ਜ਼ਿੰਦਾ ਰੂਪ ਵਿਚ ਕੋਈ ਹੋਰ ਪੇਸ਼ ਕਰ ਸਕੇ ਸਿਵਾਏ ਉਸ ਕਿਤਾਬ ਦੇ। ਸਾਹਿਰ ਦਾ ਮੈਂ ਬੁਰੀ ਤਰ੍ਹਾਂ ਆਸ਼ਕ ਸਾਂ…ਕਹਿਣ ਦਾ ਭਾਵ ਇਹ ਸਾਰੀਆਂ ਚੀਜ਼ਾਂ ਮੇਰੇ ਲਈ ਬਹੁਤ ਨੇੜੇ ਸਨ…ਸੋ, ਮੈਂ ਇਸ਼ਤਿਹਾਰ ਦੀ ਗੱਲ ਕਰ ਰਿਹਾ ਸਾਂ…ਉਸ ਵਿਚ ਲਿਖਿਆ ਸੀ ਕਿ ‘ਅਫ਼ਕਾਰ’ ਫ਼ੈਜ਼ ਅਹਿਮਦ ਫ਼ੈਜ਼ ਦਾ ਵਿਸ਼ੇਸ਼ ਅੰਕ ਕੱਢ ਰਿਹੈ…ਤੇ ਅਸੀਂ ਵਿਦਿਆਰਥੀਆਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਫ਼ੈਜ਼ ਸਾਹਿਬ ਉਪਰ ਵਾਰਤਕ ਤੇ ਕਵਿਤਾ ਮੁਕਾਬਲੇ ਵਿਚ ਹਿੱਸਾ ਲੈਣ। ਉਦੋਂ ਤਕ ਮੈਂ ਸ਼ਾਇਰੀ ਪੰਜਾਬੀ ਵਿਚ ਨਹੀਂ ਸ਼ੁਰੂ ਕੀਤੀ ਸੀ…ਉਰਦੂ ਵਿਚ ਲਿਖ ਰਿਹਾ ਸਾਂ…ਕਿਉਂਕਿ ਮੇਰੇ ਸਾਰੇ ਉਸਤਾਦ ਉਰਦੂ ਦੇ ਸਨ। ਸੋ, ਮੈਂ ਇਕ ਨਜ਼ਮ ਲਿਖੀ, ਫ਼ੈਜ਼ ਉਹਦਾ ਨਾਂ ਰੱਖਿਆ। ਮੇਰੇ ਉਸਤਾਦ ਸਨ ਇਕ ਰਈਸ ਅਮਰੋਹੀ… ਉਹ ਮੇਰਾ ਕਲਾਮ ਦਰੁਸਤ ਕਰਦੇ ਸਨ। ਤੇ ਜਦੋਂ ਮੈਂ ਆਪਣੀ ਇਹ ਨਜ਼ਮ ਉਨ੍ਹਾਂ ਕੋਲ ਲੈ ਕੇ ਗਿਆ ਤਾਂ ਉਨ੍ਹਾਂ ਨੇ ਇਤਨੀ ਕੱਟ-ਵੱਢ ਦਿੱਤੀ…ਕਿ ਇਹ ਉਨ੍ਹਾਂ ਦੀ ਨਜ਼ਮ ਬਣ ਗਈ…। ਜਦੋਂ ਮੈਂ ਵਾਪਸ ਆਇਆ ਤਾਂ ਮੈਨੂੰ ਸ਼ਰਮ ਆਈ ਕਿ ਇਹ ਮੈਂ ਕਿਉਂ ਭੇਜਾਂ…। ਮੈਨੂੰ ਲੱਗਿਆ ਇਹ ਤਾਂ ਬੇਈਮਾਨੀ ਐ…ਜਾਂ ਇਹ ਕਹਿ ਲਓ ਕਿ ਮੈਨੂੰ ਲੱਗਿਆ ਏਨੇ ਸੋਹਣੇ ਸ਼ਿਅਰ ਮੈਂ ਤੇ ਨਹੀਂ ਸਨ ਲਿਖੇ…ਇਨ੍ਹਾਂ ਨੇ ਤਾਂ ਪੂਰੀ ਮੰਜੀ-ਪੀੜ੍ਹੀ ਠੋਕ ਕੇ ਖੂਬਸੂਰਤ ਬਣਾ ਦਿੱਤੈ ਇਸ ਨੂੰ।  ਮੈਂ ਜਿਹੜੀ ਮੇਰੀ ਆਪਣੀ ਲਿਖੀ ਹੋਈ ਨਜ਼ਮ ਸੀ, ਉਹ ਰਸਾਲੇ ਨੂੰ ਭੇਜ ਦਿੱਤੀ। ਮੈਂ ਇਹ ਸੋਚ ਕੇ ਡਾਕ ਵਿਚ ਪਾ ਦਿੱਤੀ ਕਿ ਇਹਦਾ ਕਿਹੜਾ ਜਵਾਬ ਆਉਣੈ…।

ਤਿੰਨ ਮਹੀਨੇ ਮਗਰੋਂ ਮੇਰੇ ਕਾਲਜ ਵਿਚ ਖ਼ਤ ਆਇਆ ਕਿਉਂਕਿ ਮੈਂ ਆਪਣੇ ਕਾਲਜ ਦਾ ਪਤਾ ਹੀ ਦਿੱਤਾ ਹੋਇਆ ਸੀ…। ਉਸ ਵਿਚ ਲਿਖਿਆ ਸੀ-‘ਆਪਕੀ ਨਜ਼ਮ ਕੋ ਫ਼ੈਜ਼ ਕਾ ਬਿਹਤਰੀਨ ਐਵਾਰਡ ਦੀਆ ਜਾਏਗਾ। ਲਓ ਜੀ…ਸਾਡੀਆਂ ਤਾਂ ਈਦਾਂ ਹੋ ਗਈਆਂ। ਮੈਂ ਤਾਂ ਫ਼ੈਜ਼ ਕੋਲ ਜਾਂਦਿਆਂ ਡਰ ਰਿਹਾ ਸਾਂ…ਤੇ ਹੁਣ ਤਾਂ ਫ਼ੈਜ਼ ਮੈਨੂੰ ਆਪਣੇ ਹੱਥੀਂ ਇਨਾਮ ਦੇਣਗੇ…। ਇਹ ਵੀ ਬੜਾ ਯਾਦਗਾਰੀ ਵਾਕਿਆ ਹੈ ਮੇਰੀ ਜ਼ਿੰਦਗੀ ਦਾ…ਫਾਕੇ ਕੱਟ ਰਿਹਾ ਸਾਂ…ਜਿਸ ਦਿਨ ਐਵਾਰਡ ਲੈਣ ਜਾਣਾ ਸੀ…ਉਦੋਂ ਦੋ ਦਿਨ ਤੋਂ ਮੈਂ ਭੁੱਖ ਨਾਲ ਲੜ ਰਿਹਾ ਸਾਂ…ਹਾਲਾਤ ਇਹ ਸਨ ਕਿ ਸਮੁੰਦਰ ਕੰਢੇ ਜਾਣਾ ਤੇ ਦੇਖਣਾ ਜੇ ਕਿਸੇ ਨੇ ਖਾ ਕੇ ਥੋੜ੍ਹਾ ਬਹੁਤ ਕੁਝ ਛੱਡ ਦਿੱਤੈ ਤਾਂ ਖਾ ਲਵਾਂ…ਮੈਨੂੰ ਪੂਰੀ ਤਰ੍ਹਾਂ ਯਾਦ ਨਹੀਂ ਕਿ ਮੈਂ ਐਡੀਟਰ ਨੂੰ ਫ਼ੋਨ ਕੀਤਾ ਜਾਂ ਮੈਂ ਖ਼ੁਦ ਗਿਆ ਉਨ੍ਹਾਂ ਕੋਲ…ਮੈਂ ਐਡੀਟਰ ਨੂੰ ਕਿਹਾ, ਕੀ ਇੰਝ ਹੋ ਸਕਦਾ ਕਿ ਤੁਸੀਂ ਮੈਨੂੰ ਇਨਾਮ ਵਿਚ ਕਿਤਾਬਾਂ ਦੀ ਥਾਂ ਪੈਸੇ ਦੇ ਦਿਓ…। ਉਹਨੇ ਕਿਹਾ, ‘ਕਯਾ ਬਕਵਾਸ ਕਰਤੇ ਹੋ…ਤੁਮ ਨਾਲਾਇਕ ਹੋ…ਤੁਮ੍ਹਾਰੀ ਨਜ਼ਮ ਕੋ ਹਮਨੇ ਖਾਹਮਖਾਹ ਐਵਾਰਡ ਦੇ ਦਿਆ…ਤੁਮ ਤੋ ਇਸ ਲਾਇਕ ਹੀ ਨਹੀਂ ਹੋ ਕਿ ਤੁਮ੍ਹੇ ਐਵਾਰਡ ਦਿਆ ਜਾਏ…ਫ਼ੈਜ਼ ਅਪਨੇ ਦਸਤਖ਼ਤ ਕੇ ਸਾਥ ਖ਼ੁਦ ਦੇਂਗੇ ਐਵਾਰਡ…ਤੁਮ ਪੈਸੇ ਮਾਂਗ ਰਹੇ ਹੋ…ਲਾਲਚੀ ਆਦਮੀ ਹੋ ਤੁਮ…। ਖ਼ੈਰ ਮੈਂ ਝਿੜਕਾਂ ਸੁਣ ਕੇ ਆ ਗਿਆ…ਤੇ ਜਿਸ ਦਿਨ ਮੈਨੂੰ ਇਹ ਪੈਕੇਟ ਮਿਲਿਆ ਜਿਸ ਵਿਚ ਕ੍ਰਿਸ਼ਨ ਚੰਦਰ ਦੇ ਨਾਵਲ ਸਨ…ਚੰਗੀਆਂ ਕਿਤਾਬਾਂ ਸਨ…ਉਸ ਰਸਾਲੇ ਦੀ ਆਪਣੀ ਪਬਲੀਕੇਸ਼ਨ ਸੀ…ਕ੍ਰਿਸ਼ਨ ਚੰਦਰ ਉਦੋਂ ਰੈਗੂਲਰ ਲਿਖਦੇ ਸਨ ਤੇ ਉਹ ਬੰਦਾ ਕ੍ਰਿਸ਼ਨ ਚੰਦਰ ਦੀ ਇਸਲਾਹ ਕਰਦਾ ਸੀ ਤੇ ਕ੍ਰਿਸ਼ਨ ਚੰਦਰ ਦੀ ਮਜਾਲ ਨਹੀਂ ਸੀ ਹੁੰਦੀ ਕਿ ਤੁਸੀਂ ਇਹ ਕੱਟ-ਵੱਟ ਕਿਉਂ ਕੀਤੀ ਐ। ਸੋ, ਆਰਟ ਕੌਂਸਲ ਵਿਚ ਇਨਾਮ ਦਿੱਤਾ ਗਿਆ…ਜਿਸ ਵਕਤ ਮੈਂ ਪੈਕੇਟ ਚੁੱਕਿਆ ਤਾਂ ਭੁੱਖ ਦੇ ਨਾਲ ਬੁਰੀ ਹਾਲਤ ਸੀ… ਮੈਂ ਕਰਾਚੀ ਦੇ ਰੀਗਲ ਚੌਕ ‘ਚ ਕਿਸੇ ਤਰ੍ਹਾਂ ਘਿਸੜਦਾ-ਘੁਸੜਦਾ ਪਹੁੰਚਿਆ…ਉਥੇ ਫੁੱਟਪਾਥ ‘ਤੇ ਕਬਾੜੀਏ ਬਹਿੰਦੇ ਸਨ…ਮੈਂ ਉਹ ਪੈਕੇਟ ਦਿੱਤਾ ਤੇ ਉਹਦੇ ਬਦਲੇ ਮੈਨੂੰ 30 ਰੁਪਏ ਮਿਲੇ ਸਨ। ਮੈਂ ਇਹ ਵੀ ਨਹੀਂ ਕੀਤਾ ਕਿ ਉਹਦੇ ਤੋਂ ਫ਼ੈਜ਼ ਦੇ ਦਸਤਖ਼ਤ ਫਾੜ ਲਵਾਂ, ਆਪਣਾ ਨਾਂ ਮਿਟਾ ਦੇਵਾਂ। ਮੈਂ ਚੁੱਪ ਕਰਕੇ ਪੈਸੇ ਬੋਝੇ ‘ਚ ਪਾਏ…ਨਾਲ ਹੀ ਕੈਫ਼ੇ ਹਾਊਸ ਸੀ…ਉਥੇ ਰੱਜ ਕੇ ਖਾਧਾ …ਮੈਂ ਉਸ ਦਿਨ ਫਾਕੇ ਦੀਆਂ ਸਾਰੀਆਂ ਕਸਰਾਂ ਕੱਢੀਆਂ…। ਮੈਂ ਖ਼ੁਸ਼ ਸਾਂ, ਸਰਟੀਫਿਕੇਟ ਮੇਰੇ ਕੋਲ ਸੀ ਤੇ ਕੱਲ੍ਹ ਦੀ ਰੋਟੀ ਜੋਗੇ ਵੀ ਪੈਸੇ ਬਚ ਗਏ ਸਨ।

ਤਿੰਨ-ਚਾਰ ਦਿਨ ਲੰਘੇ ਹੋਣਗੇ ਕਿ ਮੈਨੂੰ ਐਡੀਟਰ ਵਲੋਂ ਬੁਲਾਵਾ ਆਇਆ…ਕਿ ਮੈਨੂੰ ਫੋਰਨ ਮਿਲ ਆ ਕੇ…। ਦਰਅਸਲ, ਹੋਇਆ ਕਿ ਜਦੋਂ ਮੈਂ ਉਥੋਂ ਕਿਤਾਬਾਂ ਵੇਚ ਕੇ ਨਿਕਲਿਆ…ਉਥੇ ਇਕ ਬੰਦਾ ਸੀ ਸਾਹਿਰ ਅੰਸਾਰੀ…ਮੇਰੇ ਕਰਾਚੀ ਦੇ ਉਸਤਾਦਾਂ ਵਿਚੋਂ ਇਕ। ਉਹਨੇ ਕਬਾੜੀਏ ਨੂੰ ਪੁਛਿਆ ਕਿ ਕੌਣ ਵੇਚ ਕੇ ਗਿਆ ਹੈ ਤੇ ਕਿੰਨੇ ਪੈਸੇ ਲਏ ਨੇ…ਕਬਾੜੀਏ ਨੇ ਦੱਸ ਦਿੱਤਾ ਕਿ ਇਕ ਨੌਜਵਾਨ ਆਇਆ ਸੀ…ਤੇ 30 ਰੁਪਏ ਵਿਚ ਵੇਚੀਆਂ ਨੇ…ਸਾਹਿਰ ਅੰਸਾਰੀ ਨੇ ਉਹ ਕਿਤਾਬਾਂ 35 ਰੁਪਏ ਵਿਚ ਖ਼ਰੀਦ ਲਈਆਂ ਔਰ ਫ਼ੈਜ਼ ਸਾਹਿਬ ਕੋਲ ਲੈ ਗਿਆ। ਕਹਿੰਦਾ, ‘ਫ਼ੈਜ਼ ਸਾਹਿਬ ਉਸ ਲੜਕੇ ਕੀ ਨਜ਼ਮ ਤੋ ਬਹੁਤ ਮਾਕੂਲ ਥੀ,  ਐਸਾ ਤੋ ਨਹੀਂ ਲਗਤਾ ਕਿ ਕਹੀਂ ਚੋਰੀ ਕੀ ਉਸਨੇ?’ ਫ਼ੈਜ਼ ਸਾਹਿਬ ਨੇ ਕਿਹਾ, ‘ਕੋਈ ਬਾਤ ਨਹੀਂ ਛੋੜ ਦੋ…ਔਰ ਸਾਹਿਬਾਂ (ਐਡੀਟਰ ਸਾਹਿਬਾਂ ਲਖਨਵੀ) ਕੋ ਕਹੋ ਜ਼ਰਾ ਉਸ ਕੋ ਬੁਲਾਏ…ਔਰ ਮੇਰੇ ਪਾਸ ਭੇਜੇ।’ ਐਡੀਟਰ ਸਾਹਿਬ ਦਾ ਸੁਨੇਹਾ ਆਇਆ ਤੇ ਮੈਂ ਚਲਾ ਗਿਆ। ਉਹ ਮੇਰੇ ‘ਤੇ ਟੁੱਟ ਕੇ ਪੈ ਗਿਆ-‘ਮੁਝੇ ਤੋ ਪਹਿਲੇ ਹੀ ਸ਼ੱਕ ਥਾ…ਤੁਮ ਇਸ ਕਾਬਲ ਨਹੀਂ ਥੇ ਕਿ ਤੁਮ੍ਹੇ ਐਵਾਰਡ ਦੀਆ ਜਾਤਾ…ਤੁਮ ਦੋ ਨੰਬਰ ਕੇ ਆਦਮੀ ਹੋ…ਵਗੈਰਾ…ਵਗੈਰਾ…’ ਮੈਂ ਚੁੱਪ ਕਰ ਕੇ ਸੁਣਦਾ ਰਿਹਾ। ‘ਅਬ ਮੈਂ ਕੁਛ ਨਹੀਂ ਜਾਨਤਾ…ਕੱਲ੍ਹ ਤੁਮਨੇ ਫ਼ੈਜ਼ ਸਾਹਿਬ ਕੋ ਜਾ ਕੇ ਕਾਲਜ ਮੇਂ ਮਿਲਨਾ ਹੈ…ਔਰ ਮੈਂ ਤੁਮ੍ਹਾਰੇ ਸਾਥ ਨਹੀਂ ਜਾਉਂਗਾ, ਤੁਮ ਖ਼ੁਦ ਜਾ ਕਰ ਉਨਕਾ ਸਾਹਮਨਾ ਕਰੋ।’

ਮੈਂ ਅਗਲੇ ਦਿਨ ਚਲਾ ਗਿਆ…ਮੈਂ ਡਰਦੇ ਡਰਦੇ ਨੇ ਪ੍ਰਿੰਸੀਪਲ ਫ਼ੈਜ਼ ਹੋਰਾਂ ਦੇ ਕਮਰੇ ਦੀ ਚਿਕ ਚੁੱਕੀ ਤੇ ਉਹ ਸਾਹਮਣੇ ਬੈਠੇ ਸਨ…ਬੋਲੇ, ‘ਕਯਾ ਹੈ ਭਾਈ’…ਮੈਂ ਕਿਹਾ ਜੀ ਆਪ ਨੇ ਮੁਝੇ ਬੁਲਾਇਆ ਥਾ। ‘ਆਪ ਕੌਨ ਹੈਂ?’ ਮੈਂ ਕਿਹਾ ਜੀ, ‘ਮੁਹੰਮਦ ਸਲੀਮ ਖ਼ਵਾਜ਼ਾ’। ਉਦੋਂ ਮੈਂ ਇਹੀ ਨਾਂ ਲਿਖਦਾ ਸਾਂ…ਤੇ ਇਹ ਨਜ਼ਮ ਵੀ ਇਸੇ ਨਾਂ ਤੋਂ ਛਪੀ ਸੀ। ਕਹਿਣ ਲੱਗੇ, ‘ਆ ਜਾਓ ਬਈ ਆ ਜਾਓ।’ ਬਿਠਾ ਲਿਆ ਮੈਨੂੰ। ਕਹਿੰਦੇ, ‘ਕਯਾ ਟਾਈਮ ਹੂਆ ਹੈ? ਮੇਰਾ ਖ਼ਿਆਲ ਹੈ ਡੇਢ ਬਜ ਰਹਾ ਹੈ ਜਾਂ ਦੋ ਬਜ ਰਹੇ ਹੈਂ…ਤੋ ਖ਼ਾਨਾ ਨਾ ਖਾ ਲੇਂ ਪਹਿਲੇ…’ ਮੇਰੇ ਤਾਂ ਪਸੀਨੇ ਛੁਟ ਰਹੇ ਸਨ ਕਿ ਪਤਾ ਨਹੀਂ ਕੀ ਹੋਵੇਗਾ ਮੇਰੇ ਨਾਲ। ਮੈਨੂੰ ਇਹ ਤਾਂ ਅੰਦਾਜ਼ਾ ਸੀ ਕਿ ਉਹ ਮੇਰੇ ‘ਤੇ ਚੀਖਣਗੇ ਨਹੀਂ ਪਰ ਮੈਂ ਸ਼ਰਮਿੰਦਾ ਬਹੁਤ ਸਾਂ। ਕਹਿਣ ਲੱਗੇ, ‘ਪਹਿਲੇ ਖ਼ਾਨਾ ਖਾ ਲੇਤੇ ਹੈ…ਬਹੁਤ ਭੂਖ ਲਗੀ ਹੈ ਮੁਝੇ ਭੀ ਆਜ।’ ਉਨ੍ਹਾਂ ਨੇ ਰੋਟੀ ਮੰਗਵਾਈ ਹੋਈ ਸੀ…ਮੈਂ ਥੋੜ੍ਹੀ ਜਿਹੀ ਰੋਟੀ ਖਾਧੀ…ਮੇਰੇ ਤਾਂ ਨਿਵਾਲਾ ਹੀ ਨਾ ਗਲੇ ਤੋਂ ਹੇਠਾਂ ਉਤਰੇ…ਸ਼ਰਮ ਦੇ ਮਾਰੇ ਮੈਂ ਉਨ੍ਹਾਂ ਦੇ ਅੱਗੋਂ ਸਿਰ ਨਾ ਚੁੱਕਾਂ…। ਥੋੜ੍ਹੀ ਦੇਰ ਬਾਅਦ ਕਹਿੰਦੇ ਨੇ, ‘ਬਈ ਕੋਈ ਬਾਤ ਕਰੋ।’ ਮੈਂ ਕਿਹਾ, ‘ਸਰ ਜੀ ਆਪ ਨੇ ਬੁਲਾਇਆ ਥਾ…ਆਪ ਬਤਾਏਂ।’ ‘ਨਹੀਂ ਮੈਨੇ ਸੋਚਾ ਕਿ ਆਪ ਕੀ ਨਜ਼ਮ ਬਹੁਤ ਅੱਛੀ ਥੀ…ਆਪ ਬੜੇ ਹੋਨਹਾਰ ਨੌਜਵਾਨ ਹੈਂ…ਤੋ ਆਪ ਕਯਾ ਬਾਬਾ-ਏ-ਉਰਦੂ ਕੇ ਕਾਲਜ ਮੇਂ ਪੜ੍ਹ ਰਹੇ ਹੋ…ਛੋੜੋ ਉਸ ਕੋ ਔਰ ਇਧਰ ਹਮਾਰੇ ਕਾਲਜ ਮੇਂ ਆ ਜਾਓ…।’ ਮੈਂ ਕਿਹਾ, ‘ਜੀ ਉਧਰ ਮੇਰੀ ਫ਼ੀਸ ਮੁਆਫ਼ ਹੈ।’ ‘ਬਈ ਹਮ ਭੀ ਕੁਛ ਕਰ ਦੇਂਗੇ ਆਪ ਕਾ…ਆਪ ਇਧਰ ਆ ਜਾਏਂ।’ ਤੇ ਫੇਰ ਸੈਕਿੰਡ ਈਅਰ ‘ਚ ਮੈਂ ਫ਼ੈਜ਼ ਦਾ ਸ਼ਾਗਿਰਦ ਬਣਿਆ। ਔਰ ਉਸ ਕਾਲਜ ‘ਚ ਮੈਂ ਮੈਗਜ਼ੀਨ ਐਡੀਟਰ ਵੀ ਲੱਗ ਗਿਆ…ਫ਼ੈਜ਼ ਸਾਹਿਬ ਨੇ ਪੂਰੀ ਜ਼ਿੰਦਗੀ ਇਹ ਹਵਾਲਾ ਨਹੀਂ ਦਿੱਤਾ ਕਿ ਤੂੰ ਕੀ ਕੀਤਾ ਸੀ। ਇਹ ਹੁਣ ਫ਼ੈਜ਼ ਦਾ ਕਰੈਕਟਰ ਐ…। ਮੈਂ ਨਹੀਂ ਸਮਝਦਾ ਕੋਈ ਏਨੇ ਵੱਡੇ ਕਰੈਕਟਰ ਦਾ ਹੋ ਸਕਦੈ…ਐਡੀਟਰ ਛੋਟੇ ਕਰੈਕਟਰ ਦਾ ਆਦਮੀ ਸੀ…।

ਅੱਛਾ ਫ਼ੈਜ਼ ਸਾਹਿਬ ਦੇ ਕਾਲਜ ਵਾਈਸ ਪ੍ਰਿੰਸੀਪਲ ਹੁੰਦੇ ਸਨ…ਮੁਹੰਮਦ ਰੁਕਨੂਦੀਨ ਹੱਸਾਨ…ਉਨ੍ਹਾਂ ਨੇ ਇਕ ਦਿਨ ਮੈਨੂੰ ਸੱਦਿਆ…’ਬਈ ਫ਼ੈਜ਼ ਸਾਹਿਬ ਆਪ ਸੇ ਬੜੇ ਖ਼ੁਸ਼ ਹੈਂ…ਆਪ ਕੀ ਬੜੀ ਤਾਰੀਫ਼ੇ ਕਰਤੇ ਹੈਂ…ਕਿ ਕਿਤਨਾ ਜ਼ਬਰਦਸਤ ਸਟੂਡੈਂਟ ਹਮੇ ਮਿਲ ਗਿਆ ਹੈ…ਤੋ ਏਕ ਨੈਸ਼ਨਲ ਸਟੂਡੈਂਟ ਫੈਡਰੇਸ਼ਨ ਹੈ…ਆਪ ਕੋ ਦਿਲਚਸਪੀ ਹੈ ਕਿ ਸਟੂਡੈਂਟਸ ਕੇ ਰਾਈਟਸ ਕੇ ਲੀਏ ਕਾਮ ਕਰੇਂ…’ ਇਹ ਕਮਿਊਨਿਸਟ ਪਾਰਟੀ ਦਾ ਸਟੂਡੈਂਟ ਫ਼ਰੰਟ ਸੀ…ਉਨ੍ਹਾਂ ਨੇ ਮੈਨੂੰ ਪਾਰਟੀ ਦੇ ਸਿੰਪਥਾਈਜ਼ਰ ਦੀ ਲਿਸਟ ਵਿਚ ਪਾ ਦਿੱਤਾ…। ਯਾਨੀ ਇਹ ਦੇਖੋ ਕਿ ਲੋਕ ਟੱਕਰਾਂ ਮਾਰਦੇ ਨੇ ਪਾਰਟੀ ਦੇ ਨੇੜੇ ਹੋਣ ਵਾਸਤੇ…ਇਤਫਾਕਨ ਮੇਰੇ ਨਾਲ ਅਜਿਹੇ ਸਿਲਸਿਲੇ ਹੁੰਦੇ ਗਏ…ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ‘ਯੇ ਹੋਨਾ ਚਾਹੀਏ…ਯੇ ਹੋਨਾ ਚਾਹੀਏ…ਔਰ ਹਮੇਂ ਸਟੂਡੈਂਟ ਕਾ ਏਕ ਰਸਾਲਾ ਨਿਕਾਲਨਾ ਚਾਹੀਏ…ਹਮੇਂ ਉਸ ਮੇਂ ਮਾਰਕਸ ਕੇ ਸਿਧਾਂਤੋਂ ਕੀ ਜ਼ਰੂਰਤ ਹੈ…ਉਹ ਤੇ ਬਿਲਕੁਲ ਉਠ ਕੇ ਖਲੋ ਗਏ ਆਪਣੀ ਸੀਟ ਤੋਂ…ਕਹਿਣ ਲੱਗੇ, ‘ਮੈਂ ਤੋ ਪਾਰਟੀ ਮੇਂ ਆਪ ਕੋ ਲਾਨੇ ਕੇ ਲੀਏ ਇਤਨੇ ਪਾਪੜ ਵੇਲ ਰਹਾ ਥਾ…ਆਪ ਤੋ ਪਹੁੰਚੇ ਹੂਏ ਹੋ ਖ਼ੁਦ ਹੀ…।’ ਸੋ, ਇਸ ਤਰੀਕੇ ਨਾਲ ਮੈਨੂੰ ਉਥੋਂ ਮਾਨਤਾ ਮਿਲੀ। ਜਿਹੜੇ ਉਥੇ ਉਰਦੂ ਦੇ ਟੀਚਰ ਅਜ਼ੀਜ਼ ਅਜ਼ਮੀ ਸਨ, ਉਹ ਵੀ ਪ੍ਰੋਗਰੈਸਿਵ ਸਨ…ਔਰ ਉਨ੍ਹਾਂ ਨੇ ਸਹੀ ਮਾਇਨਿਆਂ ਵਿਚ ਮੇਰੀ ਤਰਬੀਅਤ ਕੀਤੀ…ਮੈਟ੍ਰਿਕ ਵਿਚ ਮੇਰੀ ਉਰਦੂ ਅੱਛੀ ਸੀ…ਲੇਕਿਨ ਉਹ ਮੇਰੇ ਬਹੁਤ ਪਿਆਰੇ ਉਸਤਾਦ ਸਨ…ਮੈਂ ਸਮਝਦਾ ਇਸ ਬੰਦੇ ਨੇ ਮੇਰੀ ਉਰਦੂ ਲਿਖਣ ਵਿਚ ਬਹੁਤ ਮਦਦ ਕੀਤੀ।

ਫ਼ੈਜ਼ ਸਾਹਿਬ ਤੇ 60 ਰੁਪਏ
ਹੁਣ-ਫੈਜ਼ ਸਾਹਿਬ ਨਾਲ ਜੁੜੀਆਂ ਕੁੱਝ ਹੋਰ ਯਾਦਾਂ ਵੀ ਸਾਂਝੀਆਂ ਕਰੋ
ਅਹਿਮਦ ਸਲੀਮ : ਫ਼ੈਜ਼ ਦੀਆਂ ਯਾਦਾਂ ਦੀ ਕੀ ਗੱਲ ਕਰਾਂ ਬਹੁਤ ਲੰਬੀ ਸੂਚੀ ਵੇ ਉਨ੍ਹਾਂ ‘ਤੇ ਤਾਂ ਪੂਰੀ ਕਿਤਾਬ ਲਿਖ ਦਿੱਤੀ ਐ-‘ਯਾਦੇਂ ਬਾਤੇਂ’।
ਫ਼ੈਜ਼ ਸਾਹਿਬ ਨਾਲ ਰੋਜ਼ ਮੁਲਾਕਾਤਾਂ ਹੁੰਦੀਆਂ ਮੇਰਾ ਰੋਜ਼ ਦਾ ਇਕ ਕੰਮ ਸੀ ਫ਼ੈਜ਼ ਸਾਹਿਬ ਜਦੋਂ ਉਠ ਕੇ ਘਰ ਜਾਂਦੇ ਸਨ ਤੇ ਮੈਂ ਉਨ੍ਹਾਂ ਦੀ ਰੱਦੀ ਕਾਗ਼ਜ਼ਾਂ ਦੀ ਟੋਕਰੀ ਵਿਚੋਂ ਸਾਰੇ ਕਾਗ਼ਜ਼ ਕੱਢ ਕੇ, ਸਿੱਧੇ ਕਰਕੇ…ਉਨ੍ਹਾਂ ਦੀ ਫਾਈਲ ਬਣਾਉਂਦਾ ਸੀ ਮੈਂ ਸਮਝਦਾ ਸਾਂ ਕਿ ਫ਼ੈਜ਼ ਦਾ ਲਿਖਿਆ ਹਰ ਸ਼ਬਦ ਭਾਵੇਂ ਸੁੱਟਿਆ ਵੀ ਹੈ ਇਹ ਬਹੁਤ ਕੀਮਤੀ ਚੀਜ਼ਾਂ ਨੇ। ਦੂਜਾ ਮੈਂ ਇਹ ਸੋਚਦਾ ਸਾਂ ਕਿ ਫ਼ੈਜ਼ ਦੇ ਨਾਲ ਤਾਅਲੁਕ ਨੂੰ ਹੋਰ ਵਧਾਵਾਂ। ਇਕ ਮੈਂ ਰੋਜ਼ ਉਨ੍ਹਾਂ ਦੇ ਘਰ ਗਿਆ…ਅੰਦਰ ਜਾਣ ਦੀ ਹਿੰਮਤ ਨਾ ਹੋਵੇ। ਇਕ ਦਿਨ ਹੌਸਲਾ ਕਰਕੇ ਬੂਹਾ ਖੜਕਾਇਆ ਉਨ੍ਹਾਂ ਦੀ ਪਤਨੀ ਐਲੱਸ ਨੇ ਬੂਹਾ ਖੋਲ੍ਹਿਆ ਤੇ ਇਸ ਤਰ੍ਹਾਂ ਘਰ ਆਉਣ-ਜਾਣ ਦਾ ਸਿਲਸਿਲਾ ਸ਼ੁਰੂ ਹੋਇਆ। ਫ਼ੈਜ਼ ਸਾਹਿਬ ਨਾਲ ਮੇਰੀ ਪਹਿਲੀ ਮੁਲਾਕਾਤ 1966 ਵਿਚ ਹੋਈ ਤੇ ਉਨ੍ਹਾਂ ਦੀ ਮੌਤ ਹੋਈ ਹੈ 1984 ਵਿਚ। ਇਹ ਕੋਈ 18 ਵਰ੍ਹਿਆਂ ਦੀ ਸਾਂਝ ਹੈ ਮੈਨੂੰ ਨਹੀਂ ਯਾਦ ਕਿ ਕੋਈ ਅਜਿਹਾ ਦਿਨ ਵੀ ਹੋਵੇਗਾ ਜੋ ਫ਼ੈਜ਼ ਸਾਹਿਬ ਦੀ ਮਿਹਰਬਾਨੀ ਤੋਂ ਬਿਨਾਂ ਲੰਘਿਆ ਹੋਵੇ।
ਹਾਂ…ਕਾਲਜ ਦੇ ਦਿਨਾਂ ਦੀ ਇਕ ਹੋਰ ਘਟਨਾ ਯਾਦ ਆ ਰਹੀ ਹੈ। ਮੇਰੇ ਪੇਸ਼ਾਵਰ ਦੇ ਦੋਸਤ ਸਨ ਕਲੰਦਰ ਮੋਮੰਦ…ਪਸ਼ਤੋ ਦੇ ਸ਼ਾਇਰ ਸਨ ਉਨ੍ਹਾਂ ਨੇ ਮੈਨੂੰ ਨਾਸਤਕ ਬਣਾਉਣ ਵਿਚ ਬਹੁਤ ਵੱਡਾ ਰੋਲ ਅਦਾ ਕੀਤਾ। ਜਦੋਂ ਮੈਂ ਕਰਾਚੀ ਚਲਾ ਗਿਆ….ਔਰ ਮੈਨੂੰ ਮਾਸਕੋ ਦੀਆਂ ਕਿਤਾਬਾਂ ਦਿਸਣ ਲੱਗ ਪਈਆਂ….ਮੈਂ ਉਨ੍ਹਾਂ ਨੂੰ ਬੜੇ ਸ਼ੌਕ ਨਾਲ ਏਂਗਲਜ਼ ਦੀ ਕਿਤਾਬ, ‘ਖ਼ਾਨਦਾਨ ਜ਼ਾਤੀ ਮਲਕੀਅਤ ਔਰ ਰਿਆਸਤ ਦਾ ਆਗਾਜ਼’ ਭੇਜੀ ਤੇ ਉਨ੍ਹਾਂ ਨੇ ਮੈਨੂੰ ਬਹੁਤ ਗੁੱਸੇ ਨਾਲ ਖ਼ਤ ਲਿਖਿਆ…ਕਿ ਮੈਂ ਤੇ ਗੁਮਰਾਹ ਸਾਂ…ਔਰ ਗ਼ਲਤ ਸਾਂ…ਤੇ ਤੂੰ ਵਾਪਸ ਆ ਜਾ…ਮੈਂ ਵਾਪਸ ਆ ਚੁੱਕਾ ਹਾਂ…। ਤੇ ਮੈਂ ਕਿਹਾ ਕਿ ਜੀ ਮੇਰੀ ਵਾਪਸੀ ਔਖੀ ਹੈ…ਕਿਉਂਕਿ ਮੈਂ ਨਹੀਂ ਸਮਝਦਾ ਤੁਸੀਂ ਗ਼ਲਤ ਸੋ…ਤੁਸੀਂ ਮੈਨੂੰ ਠੀਕ ਟਰੇਂਡ ਕੀਤੈ…ਕਹਿੰਦੇ, ‘ਕਮਿਊਨਿਜ਼ਮ ‘ਤੇ ਲਾਹਨਤ ਜੋ ਯੇ ਕਹਿਤੀ ਹੈ ਕਿ ਹਮਾਰੇ ਬਾਪ-ਦਾਦਾ ਬੰਦਰ ਥੇ ਹਾ…ਹਾ…। ਉਹ ਸਾਬਿਤ ਕਰਦੈ ਕਿ ਅਸੀਂ ਏਪ ਦੀ ਔਲਾਦ ਹਾਂ…। ਬਹਿਰਹਾਲ ਉਨ੍ਹਾਂ ਨਾਲ ਇਹ ਝਗੜਾ ਚਲਦਾ ਰਿਹਾ…ਨਜ਼ਰੀਏ ਦੀ ਲੜਾਈ ਸਾਰੀ ਜ਼ਿੰਦਗੀ ਉਨ੍ਹਾਂ ਨਾਲ ਚੱਲੀ ਐ…। ਔਰ ਪਛਤਾਂਦੇ ਸਨ ਕਿ ਮੈਂ ਕਿਉਂ ਤੈਨੂੰ ਗੁਮਰਾਹ ਕੀਤਾ।
ਪਰ…ਮੇਰੇ ਤੇ ਉਹ ਉਸਤਾਦ ਸਨ…ਮੈਨੂੰ ਚਾਨਣ ਦਿਖਾਉਣ ਵਾਲੇ ਸਨ…ਉਨ੍ਹਾਂ ਦਾ ਮੈਨੂੰ ਖ਼ਤ ਆਇਆ…ਉਨ੍ਹਾਂ ਨੇ ਵਕਾਲਤ ਦਾ ਦਾਖ਼ਲਾ ਭੇਜਣਾ ਸੀ..ਤੇ ਦਾਖ਼ਲਾ ਸੀ 60 ਰੁਪਏ…। ਤੇ ਮੈਂ ਫ਼ੈਜ਼ ਸਾਹਿਬ ਕੋਲ ਗਿਆ…ਕਿਹਾ…ਫ਼ੈਜ਼ ਸਾਹਿਬ ਯੇ ਬੜੀ ਦੁਖ ਕੀ ਬਾਤ ਹੈ ਆਪ ਸੇ ਸ਼ੇਅਰ ਕਰਨੀ ਹੈ…ਮੈਨੂੰ ਪਤਾ ਸੀ ਕਿ ਫ਼ੈਜ਼ ਸਾਹਿਬ ਬਹੁਤ ਦਰਿਆ ਦਿਲ ਨੇ….ਫ਼ੈਜ਼ ਸਾਹਿਬ ਨੇ ਨੀਵੀਂ ਪਾ ਲਈ…। ਕਦੀ ਇਧਰ ਦੇਖਣ….ਕਦੀ ਉਧਰ ਦੇਖਣ…। ਫੇਰ ਉਠ ਕੇ ਗਏ ਫਾਇਨਾਂਸ ਦਫ਼ਤਰ ਵਿਚ…ਕਿਉਂਕਿ ਕਾਲਜ ਕੋਈ ਬਹੁਤਾ ਵੱਡਾ ਨਹੀਂ ਸੀ….ਕਮਿਊਨਿਟੀ ਕਾਲਜ ਸੀ…ਯਾਨੀ ਗ਼ਰੀਬ ਬਸਤੀ ਦਾ…ਵਾਪਸ ਆ ਕੇ ਕਹਿੰਦੇ, ‘ਬਈ ਸੌਰੀ ਆਜ ਤੋ ਕੁਛ ਨਹੀਂ ਹੋ ਸਕਤਾ…’ ਮੈਂ ਕਿਹਾ, ‘ਫ਼ੈਜ਼ ਸਾਹਿਬ ਆਪ ਕੇ ਪਾਸ ਭੀ?’ ਕਹਿੰਦੇ, ‘ਬਈ…ਕਭੀ ਕਭੀ ਮੇਰੇ ਪਾਸ ਭੀ 60 ਰੁਪਏ ਨਹੀਂ ਹੋ ਸਕਤੇ।’
ਇਹ ਜਿਹੜੇ ਹੁਣ ਫ਼ੈਜ਼ ਬਾਰੇ ਗੱਲਾਂ ਕਰਦੇ ਨੇ ਕਿ ਮਾਸਕੋ ਤੋਂ ਪੈਸੇ ਆਉਂਦੇ ਸਨ…ਉਦੋਂ ਉਹ ਲੈਨਿਨ ਪੀਸ ਪਰਾਈਜ਼ ਲੈ ਕੇ ਆਏ ਸਨ…ਤੇ ਉਹ ਪੈਸੇ ਵੀ ਉਨ੍ਹਾਂ ਨੇ ਕਿਤੇ ਇਧਰ-ਉਧਰ ਕਰ ਦਿੱਤੇ ਸਨ…ਮੇਰਾ ਖ਼ਿਆਲ ਐ…ਉਨ੍ਹਾਂ ਨੇ ਆਪਣੇ ‘ਤੇ ਨਹੀਂ ਖ਼ਰਚੇ। ਅਤੇ ਜਿਸ ਵਕਤ ਉਨ੍ਹਾਂ ਨੂੰ ਪ੍ਰਿੰਸੀਪਲ ਬਣਾਇਆ ਗਿਆ ਤਾਂ ਜਿਹੜੇ ਉਹਦੇ ਮਾਲਕ ਸਨ…ਉਨ੍ਹਾਂ ਨੇ ਕਿਹਾ, ਅਸੀਂ ਤੁਹਾਨੂੰ ਦਸ ਹਜ਼ਾਰ ਰੁਪਏ ਤਨਖ਼ਾਹ ਦਿਆਂਗੇ…ਉਸ ਜ਼ਮਾਨੇ ਵਿਚ ਦਸ ਹਜ਼ਾਰ ਬਹੁਤ ਵੱਡੀ ਰਕਮ ਸੀ। ਉਨ੍ਹਾਂ ਨੇ ਕਿਹਾ, ‘ਨਹੀਂ…ਮੇਰੀ ਜ਼ਰੂਰਤ ਤੋ ਸਿਰਫ਼ ਤੀਨ ਹਜ਼ਾਰ ਰੁਪਏ ਹੈ…।’ ਉਨ੍ਹਾਂ ਨੇ ਇਸ ਤੋਂ ਜ਼ਿਆਦਾ ਕਦੇ ਨਹੀਂ ਲਏ।
ਇਕ ਵਾਕਿਆ ਮੈਨੂੰ ਕਦੇ ਨਹੀਂ ਭੁੱਲਦਾ…ਇਕ ਲੜਕਾ ਸੀ ਜਮਾਤੇ-ਇਸਲਾਮੀ ਦਾ…ਰਾਈਟ ਵਿੰਗ ਦਾ ਬੰਦਾ ਸੀ…ਉਹ ਨੇ ਕਮਿਊਨਿਸਟਾਂ ਨੂੰ ਗਾਲ੍ਹਾਂ ਕੱਢੀਆਂ…ਫ਼ੈਜ਼ ਨੂੰ ਵੀ ਬੁਰਾ ਭਲਾ ਕਿਹਾ…ਅਖੇ…ਫ਼ੈਜ਼ ਵੀ ਵਿਕਿਆ ਹੋਇਆ…ਵਗੈਰਾ…ਵਗੈਰਾ…। ਮੈਂ ਜਵਾਬ ਦੇਣ ਦੀ ਬਜਾਏ ਉਹਨੂੰ ਗਲਾਵੇਂ ਤੋਂ ਫੜ ਲਿਆ। ਮਾੜਚੂ ਜਿਹਾ ਸੀ ਮੈਂ ਤੇ ਉਹ ਹੱਟਾ-ਕੱਟਾ…ਮੈਂ ਉਹਦੇ ਕੱਪੜੇ ਪਾੜ ਸੁੱਟੇ…ਮਾਰ ਤੇ ਨਹੀਂ ਸਾਂ ਸਕਦਾ ਉਹਨੂੰ। ਕੋਈ ਦੋ ਘੰਟਿਆਂ ਬਾਅਦ…ਜਦੋਂ ਮੈਂ ਕਾਲਜ ਵਿਚ ਬੈਠਾ ਸਾਂ…ਤੇ ਫੈਜ਼ ਸਾਹਿਬ ਦਾ ਬੁਲਾਵਾ ਆਇਆ…ਕਹਿੰਦੇ, ‘ਬੜਾ ਜਵਾਨੀ ਕਾ ਜੋਸ਼ ਮਾਰ ਰਹੇ ਹੋ ਆਜ ਕੱਲ੍ਹ।’ ਮੈਂ ਕਿਹਾ, ‘ਸਰ ਐਸੀ ਤੋ ਕੋਈ ਬਾਤ ਨਹੀਂ ਹੈ।’ ਕਹਿੰਦੇ, ‘ਬਈ ਅਬ ਆਪ ਹਾਥਾ-ਪਾਈ ਪਰ ਉਤਰ ਆਏ ਹੈਂ। ਗੁੰਡੋਂ ਵਾਲੀ ਹਰਕਤੇਂ ਸ਼ੁਰੂ ਕਰ ਦੀ ਆਪ ਨੇ। ਮੈਂ ਨਹੀਂ ਸਮਝਤਾ ਕੇ ਯੇ ਸਭ ਆਪ ਕੋ ਕਰਨਾ ਚਾਹੀਏ।’ ਮੈਂ ਕਿਹਾ, ‘ਉਸ ਨੇ ਯੇ ਕਹਾ…ਉਸ ਨੇ ਯੇ ਕਹਾ…।’ ‘ਬਈ ਅਗਰ ਕੁੱਤਾ ਆਪ ਕੋ ਕਾਟ ਲੇ ਤੋ ਆਪ ਕੁੱਤੇ ਕੋ ਕਾਟ ਲੋ ਗੇ?’ ਉਸ ਤੋਂ ਬਾਅਦ ਮੈਂ ਲੋਕਾਂ ਨਾਲ ਲੜਨਾ ਛੱਡ ਦਿੱਤਾ। ਸਿਵਾਏ ਵਿਚਾਰਧਾਰਾ ਦੇ ਮੈਂ ਕਿਸੇ ਚੀਜ਼ ‘ਤੇ ਨਹੀਂ ਲੜਦਾ। ਨਿੱਜੀ ਚੀਜ਼ ਲਈ ਤਾਂ ਬਿਲਕੁਲ ਨਹੀਂ।
ਫੇਰ ਇਕ ਵਾਰ ਮੈਂ ਬਹਿ ਕੇ ਉਨ੍ਹਾਂ ਕੋਲ ਸ਼ਿਕਾਇਤ ਕਰ ਰਿਹਾ ਸਾਂ ਕਿ ਫਲਾਨੇ ਨੇ ਯੇ ਕਹਾ…ਫਲਾਨੇ ਨੇ ਵੋ ਕਹਾ…ਕਹਿਣ ਲੱਗੇ, ‘ਫਿਰ ਕਯਾ ਹੂਆ ਭਾਈ….ਮੇਰੇ ਬਾਰੇ ਮੇਂ ਭੀ ਲੋਗ ਬਾਤੇਂ ਕਰਤੇ ਹੈਂ…ਮੁਝੇ ਤੋ ਕੋਈ ਪ੍ਰੇਸ਼ਾਨੀ ਨਹੀਂ ਹੈ….’ ਮੈਂ ਕਿਹਾ, ‘ਨਹੀਂ ਫ਼ੈਜ਼ ਸਾਹਿਬ ਫਿਰ ਜਵਾਬ ਤੋ ਦੇਨਾ ਚਾਹੀਏ ਨਾ? ਐਕਸਪਲੇਨ ਤੋ ਕਰਨਾ ਚਾਹੀਏ।’ ਤਾਂ ਫ਼ੈਜ਼ ਸਾਹਿਬ ਕਹਿੰਦੇ ਨੇ, ‘ਕਦੀ ਐਕਸਪਲੇਨ ਨਾ ਕਰੀਂ….ਕਿਉਂਕਿ ਦੋਸਤ ਨੂੰ ਉਹਦੀ ਲੋੜ ਨਹੀਂ ਹੋਣੀ ਚਾਹੀਦੀ ਤੇ ਦੁਸ਼ਮਣ ਉਹ ਕਦੇ ਮੰਨੇਗਾ ਨਹੀਂ….ਇਸ ਕਰਕੇ ਆਪਣੇ ਅੱਖ਼ਰ ਜ਼ਾਇਆ ਨਾ ਕਰੀਂ।’ ਸੋ ਮੈਂ ਸਮਝਦਾਂ ਕਿ ਫ਼ੈਜ਼ ਦੇ ਏਨਾ ਨੇੜੇ ਰਹਿ ਕੇ ਸ਼ਾਇਦ ਹੀ ਏਨੀ ਤਰਬੀਅਤ ਕਿਸੇ ਹੋਰ ਦੀ ਹੋਈ ਹੋਵੇ। ਇਹ ਮੇਰਾ ਸੁਭਾਗ ਸੀ।
ਹੁਣ : ਐਲੱਸ ਬਾਰੇ ਕੁਝ ਦੱਸੋ ਜਿਵੇਂ ਕਿ ਅਕਸਰ ਜਿਹੜੇ ਇਨਕਲਾਬੀ ਬੰਦੇ ਹੁੰਦੇ ਨੇ ਉਨ੍ਹਾਂ ਦੀਆਂ ਪਤਨੀਆਂ ਬਹੁਤ ਤਕਲੀਫ਼ਾਂ ਝਲਦੀਆਂ ਨੇ?
ਅਹਿਮਦ ਸਲੀਮ : ਜੇ ਐਲੱਸ ਨਾ ਹੁੰਦੀ ਤਾਂ ਸ਼ਾਇਦ ਫ਼ੈਜ਼, ਫ਼ੈਜ਼ ਨਾ ਹੁੰਦਾ। 1951 ਜਦੋਂ ਫ਼ੈਜ਼ ਸਾਹਿਬ ਰਾਵਲਪਿੰਡੀ ਕਾਨਸਪੀਰੇਸੀ ਕੇਸ ਵਿਚ ਗ੍ਰਿਫ਼ਤਾਰ ਹੋਏ ਤੇ ਸਾਢੇ ਚਾਰ ਸਾਲ ਜੇਲ੍ਹ ਵਿਚ ਰਹੇ…ਉਹ ਔਰਤ ਫ਼ੈਜ਼ ਦੇ ਰਿਸ਼ਤੇਦਾਰਾਂ ਕੋਲ ਨਹੀਂ ਗਈ ਕਿ ਜੀ ਹੁਣ ਅਸੀਂ ਕੀ ਕਰੀਏ…ਅਸੀਂ ਭੁੱਖੇ ਮਰ ਜਾਵਾਂਗੇ…ਉਹ ‘ਪਾਕਿਸਤਾਨ ਟਾਈਮਜ਼’ ਵਿਚ ਕੰਮ ਕਰਨ ਲੱਗ ਪਈ ਜਿਸ ਦੇ ਫ਼ੈਜ਼ ਸਾਹਿਬ ਖ਼ੁਦ ਚੀਫ਼ ਐਡੀਟਰ ਰਹੇ ਸਨ…ਰੋਜ਼ ਸਾਈਕਲ ‘ਤੇ ਦਫ਼ਤਰ ਜਾਂਦੀ ਸੀ…ਬੱਚੇ ਵੱਡੇ ਸਕੂਲ ਤੋਂ ਹਟਾ ਕੇ ਛੋਟੇ ਸਕੂਲ ਵਿਚ ਪਾ ਦਿੱਤੇ….ਉਹ ਲਿਖਦੀ ਸੀ…ਮਿਹਨਤ ਮਜ਼ਦੂਰੀ ਕਰਦੀ ਸੀ…ਕੱਪੜਿਆਂ ਦੀ ਸਿਲਾਈ ਕਰਦੀ ਸੀ…ਉਹ ਕਿਸੇ ਕੋਲ ਮਦਦ ਲਈ ਨਹੀਂ ਗਈ…. ਉਸ ਔਰਤ ਨੇ ਕਦੀ ਉਫ਼ ਨਹੀਂ ਕੀਤੀ…ਮੈਂ ਹੈਰਾਨ ਹਾਂ ਕਿ ਲੋਕ ਕਹਿੰਦੇ ਸਨ ਕਿ ਫ਼ੈਜ਼ ਸਾਹਿਬ ਨੂੰ ਮਾਸਕੋ ਤੋਂ ਪੈਸਾ ਆਉਂਦੈ…ਫ਼ੈਜ਼ ਸਾਹਿਬ ਨੇ ਕਦੇ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਕਿਉਂਕਿ ਉਹ ਐਕਸਪਲੇਨ ਕਰਨ ਦੇ ਹੱਕ ਵਿਚ ਨਹੀਂ ਸਨ।
ਮੈਨੂੰ ਯਾਦ ਹੈ ਸੱਜਾਦ ਜ਼ਹੀਰ ਦੀ ਬੀਵੀ ਨੇ ਫ਼ੈਜ਼ ਸਾਹਿਬ ਨੂੰ ਖ਼ਤ ਲਿਖਿਆ ਸੀ ਜਦੋਂ ਉਹ ਜੇਲ੍ਹ ਵਿਚ ਸਨ…ਸੱਜਾਦ ਜ਼ਹੀਰ ਪਾਰਟੀ ਦੇ ਜਨਰਲ ਸਕੱਤਰ ਸਨ ਤੇ ਉਹ ਵੀ ਫ਼ੈਜ਼ ਹੋਰਾਂ ਨਾਲ ਜੇਲ੍ਹ ਵਿਚ ਸਨ…ਜ਼ਹੀਰ ਦੀ ਬੀਵੀ ਨੇ ਖ਼ਤ ‘ਚ ਲਿਖਿਆ, ‘ਫ਼ੈਜ਼ ਸਾਹਿਬ ਕਦੀ ਜ਼ਮਾਨੇ ਦੇ ਵਿਚ ਔਰ ਤਾਰੀਖ਼ ਵਿਚ ਇਹ ਜ਼ਿਕਰ ਵੀ ਨਾ ਆਵੇ….ਕਿ ਦੋ ਵੱਡੇ ਕਮਿਊਨਿਸਟਾਂ ਦੀਆਂ ਬੀਵੀਆਂ ਨੇ ਕੀ-ਕੁਝ ਭੁਗਤਿਆ।’ ਯਾਨੀ ਇਹ ਰਿਕਾਰਡ ਦੇ ਵਿਚ ਏ ਫ਼ਿਕਰਾ…ਇਹ ਖ਼ਤ ਜਾਂ ਫ਼ੈਜ਼ ਸਾਹਿਬ ਨੂੰ ਜੇਲ੍ਹ ਵਿਚੋਂ ਲਿਖੇ-ਕਿਤਾਬਾਂ ਦੇ ਰੂਪ ਵਿਚ ਸਾਹਮਣੇ ਆ ਚੁੱਕੇ ਨੇ…ਪਹਿਲਾਂ ਅੰਗਰੇਜ਼ੀ ਵਿਚ ਤੇ ਫਿਰ ਖ਼ੁਦ ਫ਼ੈਜ਼ ਸਾਹਿਬ ਨੇ ਉਰਦੂ ਵਿਚ ਇਨ੍ਹਾਂ ਦਾ ਤਰਜ਼ਮਾ ਕੀਤਾ। ਸੋ, ਉਨ੍ਹਾਂ ਦੀ ਕੁਰਬਾਨੀ ਦਾ ਤਾਂ ਕੋਈ ਜਵਾਬ ਨਹੀਂ। ਦੂਜੀ ਗੱਲ ਇਹ ਸੀ ਕਿ ਜਿਸ ਤਰ੍ਹਾਂ ਐਲੱਸ ਨੇ ਫ਼ੈਜ਼ ਸਾਹਿਬ ਨੂੰ ਬਚਾਇਆ…ਇਧਰ-ਉਧਰ ਡਿੱਗਣ ਤੋਂ, ਇਹ ਕਮਾਲ ਸੀ।
ਤੀਸਰਾ ਇਕ ਵਾਰੀ ਮੈਨੂੰ ਯਾਦ ਐ ਮੈਂ ਉਨ੍ਹਾਂ ਦੇ ਘਰ ਗਿਆ…ਉਹਨੇ ਬੂਹਾ ਖੋਲ੍ਹਿਆ ਤੇ ਕਹਿੰਦੀ, ‘ਫ਼ੈਜ਼ ਘਰ ਪੇ ਨਹੀਂ ਹੈ।’ ਤੇ ਮੈਂ ਬੜਾ ਮਾਯੂਸ ਹੋ ਕੇ ਮੁੜ ਰਿਹਾ ਸਾਂ ਕਿ ਸਾਹਮਣਿਓਂ ਫ਼ੈਜ਼ ਆ ਗਿਆ…’ਅਰੇ ਅਰੇ ਆਨੇ ਦੋ…ਇਸ ਕੋ ਆਨੇ ਦੋ…।’ ਉਹ ਇਸ ਕਰਕੇ ਨਹੀਂ ਸੀ ਕਰਦੀ ਕਿ ਉਹ ਮੇਰੇ ਖ਼ਿਲਾਫ਼ ਸੀ…ਉਹ ਕਹਿੰਦੀ ਸੀ ਕਿ ਇਹ ਹੁਣ ਆ ਗਿਐ…ਟਾਈਮ ਜ਼ਾਇਆ ਕਰੇਗਾ…ਬੇਵਾਕੁਫ਼ੀ ਦੇ ਸਵਾਲ ਕਰੇਗਾ…ਕੋਈ ਆਪਣੀ ਨਜ਼ਮ ਦਿਖਾਉਣ ਦੀ ਕੋਸ਼ਿਸ਼ ਕਰੇਗਾ…ਫ਼ੈਜ਼ ਸਾਹਿਬ ਨੂੰ ਤੰਗ ਕਰੇਗਾ…।
ਫ਼ੈਜ਼ ਸਾਹਿਬ ਦੁਬਾਰਾ ਗ੍ਰਿਫ਼ਤਾਰ ਹੋਏ ਜਦੋਂ ਉਹ ਲੰਡਨ ਤੋਂ ਆਏ…ਆਯੂਬ ਖ਼ਾਨ ਦਾ ਮਾਰਸ਼ਲ ਲੱਗਾ ਸੀ…ਸੋ, ਉਸ ਦੀ ਇਹ ਹਿੰਮਤ ਹੈ ਕਿ ਜਿਸ ਤਰ੍ਹਾਂ ਉਹਨੇ ਫ਼ੈਜ਼ ਸਾਹਿਬ ਦੀ ਗ਼ੈਰਹਾਜ਼ਰੀ ਵਿਚ ਆਪਣੇ ਬੱਚਿਆਂ ਨੂੰ ਪਾਲਿਆ…ਕਹਿਣ ਦਾ ਮਤਲਬ ਐ ਕਿ ਐਲੱਸ ਨੇ ਕੋਈ ਕਸਰ ਨਹੀਂ ਛੱਡੀ ਸਾਥ ਦੇਣ ਵਿਚ। ਇਸੇ ਲਈ ਮੈਂ ਕਹਿ ਰਿਹਾਂ ਕਿ ਜੇਕਰ ਐਲੱਸ ਨਾ ਹੁੰਦੀ ਤਾਂ ਫ਼ੈਜ਼ ਸਾਹਿਬ ਕਿਧਰੇ ਗੁੰਮ ਹੋ ਗਏ ਹੁੰਦੇ…ਜਾਂ ਉਸੇ ਗਰੁੱਪ ਦਾ ਹਿੱਸਾ ਬਣ ਗਏ ਹੁੰਦੇ…ਉਸੇ ਅੰਦਾਜ਼ ਦੇ ਹੁੰਦੇ ਜਿਹੜਾ ਗਰੁੱਪ ਉਨ੍ਹਾਂ ਤੋਂ ਬਾਅਦ ਵਿਚ ਆਇਆ…। ਖ਼ੁਦ ਉਨ੍ਹਾਂ ਦਾ ਆਪਣਾ ਵੀ ਸੁਭਾਅ ਨਰਮ ਸੀ…ਬਹੁਤ ਧੀਮੇ ਸਨ…ਕਿਸੇ ਨੂੰ ਜਵਾਬ ਨਹੀਂ ਦੇਣਾ…ਉਨ੍ਹਾਂ ਦੀ ਸ਼ਾਇਰੀ ਵੀ ਇਸੇ ਤਰ੍ਹਾਂ ਦੀ ਹੈ-
ਹਮ ਨੇ ਇਸ ਇਸ਼ਕ ਮੇਂ ਕਯਾ ਖੋਇਆ ਕਯਾ ਪਾਇਆ ਹੈ
ਆਜਜ਼ੀ ਸੀਖੀ ਗ਼ਰੀਬੋਂ ਕੀ ਹਮਾਇਤ ਸੀਖੀ
ਗ਼ਮ-ਓ-ਅਲਾਮ ਕੇ ਦੁੱਖ ਦਰਦ ਕੇ ਮਾਇਨੇ ਸੀਖੇ
ਹੁਣ ਇਹ ਉਸ ਬੰਦੇ ਦੀ ਸ਼ਾਇਰੀ ਦਾ ਲੈਵਲ ਹੈ…ਤੇ ਉਸ ਦਾ ਕਰੈਕਟਰ ਇਹ ਵੇ ਕਿ ਕਿਸੇ ਵੇਲੇ ਉਹਦੀ ਜੇਬ ‘ਚੋਂ 60 ਰੁਪਏ ਵੀ ਨਹੀਂ ਨਿਕਲਦੇ…ਏਨਾ ਖੁੱਦਾਰ ਹੈ ਕਿ ਕਾਲਜ ਕੋਲੋਂ ਫਾਇਨਾਂਸ ਵੀ ਨਹੀਂ ਲੈਂਦਾ।
ਅਹਿਮਦ ਨਦੀਮ ਕਾਸਮੀ ਦੀ ਪ੍ਰਗਤੀਸ਼ੀਲਤਾ
ਹੁਣ : ਉਸ ਦੌਰ ਚ ਹੋਰ ਕਿਹੜੇ ਪ੍ਰੋਗਰੈਸਿਵ ਲੋਕਾਂ ਨਾਲ ਤੁਹਾਡਾ ਵਾਹ ਪਿਆ…
ਅਹਿਮਦ ਸਲੀਮ : ਮੇਰਾ ਬਹੁਤ ਲੋਕਾਂ ਨਾਲ ਤਾਅਲੁਕ ਸੀ। ਮਸਲਨ ਅਹਿਮਦ ਨਦੀਮ ਕਾਸਮੀ ਨਾਲ ਮੇਰੇ ਤਾਅਲੁਕਾਤ ਸਨ…ਇਸੇ ਤਰ੍ਹਾਂ ਅਹਿਮਦ ਫ਼ਰਾਜ਼ ਨਾਲ਼…ਉਸ ਤੋਂ ਥੋੜ੍ਹੇ ਵਕਫ਼ੇ ਬਾਅਦ ਦੇ ਲੋਕ ਨੇ…ਲੇਕਿਨ ਸੀਨੀਅਰ ਲੋਕ ਨੇ…ਕਿਸ਼ਵਰ ਨਾਹੀਦ, ਫੈਮੀਦਾ ਰਿਆਜ਼…ਫੈਮੀਦਾ ਰਿਆਜ਼ ਨੇ ਦਿੱਲੀ ਵਿਚ ਆ ਕੇ ਜਲਾਵਤਨੀ ਵੀ ਕੱਟੀ…ਜ਼ਿਆ-ਉਲ ਹੱਕ ਦੇ ਜ਼ਮਾਨੇ ਵਿਚ…ਹੁਣ ਮਿਸਾਲ ਦੇ ਤੌਰ ‘ਤੇ ਅਹਿਮਦ ਨਦੀਮ ਕਾਸਮੀ ਜਿਹੜੇ ਸਨ, ਉਹ ਵੀ ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ ਦੇ ਆਦਮੀ ਸਨ…ਪਰ ਉਨ੍ਹਾਂ ਦਾ ਥੋੜ੍ਹਾ ਸਥਾਪਤੀ ਵੱਲ ਝੁਕਾਅ ਸੀ…ਨਜ਼ਰੀਏ ਦੇ ਕਮਜ਼ੋਰ ਸਨ…ਔਰ ਮੈਂ ਇਹ ਕਹਾਂ ਤਾਂ ਗ਼ਲਤ ਨਹੀਂ ਹੋਏਗਾ ਕਿ ਉਹ ਡਰਦੇ ਸਨ ਹਕੂਮਤਾਂ ਕੋਲੋਂ…ਉਤੋਂ ਉਨ੍ਹਾਂ ਦੀ ਰੰਗਤ ਬੜੀ ਰੈਡੀਕਲ ਸੀ …ਜਿਸ ਤਰ੍ਹਾਂ ਤੁਸੀਂ ਬਹੁਤ ਰੌਲਾ ਪਾ ਕੇ ਆਪਣੀ ਬੁਜਦਿਲੀ ਨੂੰ ਛੁਪਾਉਂਦੇ ਓ…ਜ਼ਿਆਦਾ ਖੁੱਲ੍ਹੀ ਗੱਲ ਕਰਕੇ…ਉਹ ਉਸ ਤਰ੍ਹਾਂ ਦਾ ਆਦਮੀ ਸੀ…ਮਿਸਾਲ ਦੇ ਤੌਰ ‘ਤੇ ਅਸੀਂ ਕਰਾਚੀ ਵਿਚ ਥੀਏਟਰ ਗਰੁੱਪ ਬਣਾਇਆ ਸੀ…ਇਹ ਜ਼ਿਆ-ਉਲ ਹੱਕ ਦੇ ਜ਼ਮਾਨੇ ਦੀ ਗੱਲ ਐ…ਅਸੀਂ ਉਥੇ ਬਰੈਖ਼ਤ ਦਾ ਡਰਾਮਾ ਖੇਡਿਆ…ਬੜਾ ਵੱਡਾ ਡਰਾਮਾ ਸੀ, ਕਹਿਣ ਦਾ ਭਾਵ ਫੰਡਾਮੈਂਟਲਿਜ਼ਮ ਦੇ ਖ਼ਿਲਾਫ਼…ਔਰ ਅਸੀਂ ਜ਼ਿਆ-ਉਲ ਹੱਕ ਨੂੰ ਸੰਬੋਧਨ ਕਰਨਾ ਚਾਹੁੰਦੇ ਸਾਂ…ਬਹੁਤ ਸਫਲ ਰਿਹਾ ਤੇ ਉਸ ਦੀ ਇਤਨੀ ਮੰਗ ਹੋਈ ਕਿ ਸਾਨੂੰ ਲਾਹੌਰ ਤੋਂ ਵੀ ਸੱਦਾ ਆਇਆ ਕਿ ਅਸੀਂ ਉਥੇ ਆ ਕੇ ਕਰੀਏ। ਸਾਡੇ ਜਿਹੜੇ ਡਾਇਰੈਕਟਰ ਸਨ ਅਸਲਮ ਅਜ਼ਹਰ…ਉਹ ਪਾਕਿਸਤਾਨ ਟੈਲੀਵਿਜ਼ਨ ਦੇ ਬਾਨੀ ਨੇ…ਭਾਵ 1964 ਵਿਚ ਜਦੋਂ ਲਾਹੌਰ ‘ਚ ਟੈਲੀਵਿਜ਼ਨ ਸ਼ੁਰੂ ਹੋਇਆ…ਉਹ ਪਹਿਲਾ ਪ੍ਰੋਗਰਾਮ ਅਫ਼ਸਰ ਸੀ। ਜਦੋਂ ਅਸੀਂ ’80 ਵਿਚ ਗਏ ਤਾਂ ਉਹ ਰਿਟਾਇਰ ਜ਼ਿੰਦਗੀ ਗੁਜ਼ਾਰ ਰਹੇ ਸਨ…ਅਸੀਂ  ਕਿਹਾ ਕਿ ਜ਼ਿਆ-ਉਲ ਹੱਕ ਨਾਲ ਕਿਸ ਤਰ੍ਹਾਂ ਲੜਿਆ ਜਾਵੇ…ਮਸਲਨ ਕਵਿਤਾ ਵੀ ਲਿਖੀ ਜਾ ਰਹੀ ਐ…ਸਾਹਿਤ ਵੀ ਰਚਿਆ ਜਾ ਰਿਹੈ…ਸਿੰਬੋਲਿਕ ਕੰਮ ਵੀ ਹੋ ਰਹੇ ਨੇ…ਅਸੀਂ ਕਿਹਾ ਕਿ ਥੀਏਟਰ ਕੀਤਾ ਜਾਏ…ਤੇ ਉਹਦੇ ‘ਚ ਉਸ ਥੀਮ ਨੂੰ ਲਿਆ ਜਾਏ…ਜਿਸ ਵਿਚ ਸਿੱਧਾ ਜ਼ਿਆ ਨੂੰ ਮੁਖ਼ਾਤਬ ਹੋਇਆ ਜਾਵੇ…ਮਸਲਨ ਅਸੀਂ ਸੋਚਿਆ ਜਿਹੜਾ ਗਲੇਲੀਓ ਡਰਾਮਾ ਵੇ…ਉਹ ਮੀਡੀਵਲ ਯੂਰਪ ਦੇ ਫੰਡਾਮੈਂਟਲਿਜ਼ਮ ਦੇ ਖ਼ਿਲਾਫ਼…ਯਾਨੀ ਚਰਚ ਤੇ ਸਾਇੰਸ ਦੀ ਟੱਕਰ ਹੋ ਰਹੀ ਸੀ…ਔਰ ਗਲੇਲੀਓ ਨੇ ਨਜ਼ਰੀਆ ਪੇਸ਼ ਕੀਤਾ ਸੀ ਕਿ ਜਿਹੜੀ ਜ਼ਮੀਨ ਏ, ਇਹ ਸੂਰਜ ਦੁਆਲੇ ਘੁੰਮਦੀ ਏ…। ਚੂੰਕਿ ਇਹ ਚਰਚ ਦੇ ਨਜ਼ਰੀਏ ਦੇ ਖ਼ਿਲਾਫ਼ ਸੀ…ਤੇ ਚਰਚ ਨੇ ਉਸ ‘ਤੇ ਕੁਫ਼ਰ ਦਾ ਫ਼ਤਵਾ ਲਾਇਆ…। ਤੇ ਅਸੀਂ ਵੀ ਇਹੋ ਚਾਹੁੰਦੇ ਸਾਂ ਕਿ ਅਜਿਹਾ ਕੁਝ ਹੋਵੇ ਕਿ ਸਿੱਧਾ ਜ਼ਿਆ-ਉਲ ਹੱਕ ਨੂੰ ਮੁਖ਼ਾਤਬ ਹੋਵੇ। ਇਸ ਵਿਚ ਰੋਮ ਦੇ ਚਰਚ ਦੀ ਥਾਂ ਪਾਕਿਸਤਾਨ ਦੀ ਮੁਲਾਈਤ ਵੇ…ਇਹ ਡਰਾਮਾ ਬਹੁਤ ਚਰਚਿਤ ਹੋਇਆ ਤੇ ਜਿਸ ਵੇਲੇ ਅਸੀਂ ਲਾਹੌਰ ਲੈ ਕੇ ਗਏ ਤਾਂ ਉਥੇ ਆਰਟਸ ਕੌਂਸਲ ਦੀ ਕਾਨੂੰਨੀ ਕਮੇਟੀ ਐ ਜਿਹੜੀ ਪਹਿਲਾਂ ਸਕਰਿਪਟ ਪਾਸ ਕਰਦੀ ਐ…ਇਹ ਕਮੇਟੀ ਪਰਖ਼ਦੀ ਐ ਕਿ ਇਸ ਵਿਚ ਕਿਧਰੇ ਮੁਲਕ ਦੇ ਖ਼ਿਲਾਫ਼…ਮਜ਼੍ਹਬ ਦੇ ਖ਼ਿਲਾਫ਼…ਇਸਲਾਮ ਦੇ ਖ਼ਿਲਾਫ਼ ਕੋਈ ਐਸੀ ਚੀਜ਼ ਤੇ ਨਹੀਂ ਐ…ਜਾਂ ਉਹ ਫੇਰ ਤਰਜ਼ਮੇ ਦਾ ਪੱਧਰ ਪਰਖਦੀ ਐ…ਜ਼ਾਹਰ ਏ ਇਹ ਜਰਮਨ ਡਰਾਮਾ ਵੇ…ਉਸ ਨੂੰ ਅੰਗਰੇਜ਼ੀ ਵਿਚ ਤਰਜ਼ਮਾ ਕੀਤਾ ਗਿਐ…ਹੁਣ ਇਹ ਅੰਗਰੇਜ਼ੀ ਤੋਂ ਉਰਦੂ ਵਿਚ ਹੋ ਰਿਹੈ…ਤੇ ਜਦੋਂ ਇਹ ਡਰਾਮਾ ਕਮੇਟੀ ਕੋਲ ਪੁੱਜਾ ਤਾਂ ਇਹਦੇ ਮੈਂਬਰਾਂ ਵਿਚੋਂ ਇਕ ਅਹਿਮਦ ਨਦੀਮ ਕਾਸਮੀ ਵੀ ਸਨ…ਕਿਸ਼ਵਰ ਨਾਹੀਤ ਹਸੀਨ, ਇੰਤਜ਼ਾਰ ਹੁਸੈਨ ਸਨ… ਆਈ.ਐਨ. ਰਹਿਮਾਨ ਸਾਡੇ ਬਹੁਤ ਵੱਡੇ ਨਾਰੀਵਾਦੀ ਲੇਖਕ ਸਨ…। ਆਰਟ ਕੌਂਸਲ ਨੇ ਸੋਚਿਆ ਚੂੰਕਿ ਅਹਿਮਦ ਨਦੀਮ ਪੁਰਾਣਾ ਕਾਮਰੇਡ ਏ ਔਰ ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ ਦਾ ਮੈਂਬਰ ਵੇ…ਇਹ ਤਾਂ ਕਦੇ ਰੱਦ ਨਹੀਂ ਕਰੇਗਾ…ਬਾਕੀਆਂ ਕੋਲੋਂ ਖ਼ਤਰਾ ਹੋ ਸਕਦੈ…ਇੰਤਜ਼ਾਰ ਹੁਸੈਨ ਰਾਈਟ ਵਿੰਗ ਦਾ ਬੰਦੈ…। ਪਰ ਹੋਇਆ ਇਹ ਕਿ ਉਸ ਬੰਦੇ (ਅਹਿਮਦ ਨਦੀਮ ਕਾਸਮੀ)  ਨੇ ਡਰਾਮਾ ਰੱਦ ਕਰ ਦਿੱਤਾ। ਦਰਅਸਲ, ਉਹ ਡਰ ਗਿਆ…ਉਹਨੇ ਸਾਰਾ ਕੰਟੈਂਟ ਵਾਚਿਆ…ਉਹਨੂੰ ਕਰਾਚੀ ਦੀਆਂ ਰਿਪੋਰਟਾਂ ਮਿਲੀਆਂ…ਕਿ ਕਿਸ ਤਰ੍ਹਾਂ ਲੋਕਾਂ ਨੇ ਜ਼ਿਆ-ਉਲ ਹੱਕ ਦੇ ਨਾਲ ਮੇਲ ਕੇ ਦੇਖਿਆ ਇਸ ਡਰਾਮੇ ਨੂੰ। ਸੋ, ਮੈਨੂੰ ਡਾਇਰੈਕਟਰ ਅਸਲਮ ਅਜ਼ਹਰ ਨੇ ਕਿਹਾ ਕਿ ਤੂੰ ਲਾਹੌਰ ਜਾ…ਔਰ ਕਮੇਟੀ ਦੇ ਮੈਂਬਰਾਂ ਨੂੰ ਟਰੇਸ ਕਰ ਕਿਹੜੇ ਕਿਹੜੇ ਨੇ…ਉਨ੍ਹਾਂ ਨਾਲ ਮੁਲਾਕਾਤ ਕਰ ਕਿ ਕਿਸ ਬੁਨਿਆਦ ‘ਤੇ ਇਹ ਡਰਾਮਾ ਰੱਦ ਹੋਇਐ…। ਮੈਂ ਜਾ ਕੇ ਮਿਲਿਆ…ਇੰਤਜ਼ਾਰ ਹੁਸੈਨ ਨੇ ਕਿਹਾ ਕਿ ਬਰੈਖ਼ਤ ਤੇ ਏਨਾ ਵੱਡਾ ਨਾਟਕਕਾਰ ਏ ਕਿ ਉਹ ਸੱਜੇ-ਖੱਬੇ ਤੋਂ ਬਹੁਤ ਪਰ੍ਹੇ ਵੇ…ਅਸੀਂ ਇਹ ਕਹਿ ਹੀ ਨਹੀਂ ਸਕਦੇ ਕਿ ਉਹ ਕਮਿਊਨਿਸਟ ਐ…ਸਭ ਨੇ ਕਿਹਾ, ‘ਹਮਨੇ ਤੋ ਮਨਜ਼ੂਰੀ ਦੇਨੀ ਥੀ…ਲੇਕਿਨ ਕਾਸਮੀ ਸਾਹਿਬ ਨੇ ਕਹਾ, ਏਕ ਤੋ ਡਰਾਮਾ ਇਤਨਾ ਲੰਬਾ ਹੈ ਚਾਰ ਘੰਟੇ ਕਾ (ਹਾਲਾਂਕਿ ਇਹ ਡਰਾਮਾ ਦੋ ਘੰਟੇ ਦਾ ਸੀ) …ਔਰ ਆਪ ਨੇ ਗਲੇਲੀਓ ਕੋ ਸਾਇੰਸ ਕਾ ਬਤਾਇਆ ਹੈ…ਵੋ ਤੋ ਚੋਰ ਥਾ…ਉਸ ਨੇ ਤੋ ਦੂਰਬੀਨ ਭੀ ਖ਼ੁਦ ਇਜਾਦ ਨਹੀਂ ਕੀ…ਵਗੈਰਾ…ਵਗੈਰਾ…।’ ਇਸ ਤਰ੍ਹਾਂ ਦੇ ਉਹਨੇ ਇਲਜ਼ਾਮਾਤ ਲਗਾਏ ਕਿ ਜਿਹਤੋਂ ਸਾਫ਼ ਲਗਦਾ ਸੀ ਕਿ ਉਹ ਡਰ ਗਿਐ।
ਫੇਰ ਮੈਂ ਇਕ ਆਰਟੀਕਲ ਲਿਖਿਆ ‘ਗਲੇਲੀਓ ਇਨ ਟਰਬਲ’। ਇਹਦੇ ‘ਚ ਇਹ ਸਾਰੀਆਂ ਮੁਲਾਕਾਤਾਂ ਸ਼ਾਮਲ ਕੀਤੀਆਂ। ਇਸ ਵਾਕਿਆ ਨੂੰ ਦੱਸਣ ਦਾ ਮਤਲਬ ਐ ਕਿ ਸਾਡੇ ਉਥੇ ਪ੍ਰੋਗਰੈਸਿਵ ਮੂਵਮੈਂਟ ਵਿਚ ਡਰਪੋਕ ਲੋਕ ਵੀ ਸਨ…ਤਾਕਤਵਰ ਲੋਕ ਵੀ ਸਨ। ਇਹ ਨਹੀਂ ਕਿ ਪ੍ਰੋਗਰੈਸਿਵ ਮੂਵਮੈਂਟ ਕਮਜ਼ੋਰ ਹੋ ਰਹੀ ਸੀ…
ਇਕ ਗੱਲ ਹੋਰ, ਇਸਨੇ ਮੰਟੋ ਨੂੰ ਖ਼ਤ ਲਿਖਿਆ ਕਿ ਅਸੀਂ ਰਾਈਟ ਵਿੰਗ ਦੇ ਲੋਕਾਂ ਦਾ ਬਾਈਕਾਟ ਕਰ ਦਿੱਤੈ…ਅਸੀਂ ਤੇਰੀ ਕਹਾਣੀ ਨਹੀਂ ਛਾਪ ਸਕਦੇ…। ਰਿਜੈਕਟ ਕੀਤਾ ਮੰਟੋ ਨੂੰ ਤੇ ਹੁਣ ਮੰਟੋ ਨੂੰ ਰਿਜੈਕਟ ਕਰਨ ਵਾਲਾ ਬੰਦਾ ਕਿੰਨਾ ਐਕਸਟਰੀਮਿਸਟ ਹੋਏਗਾ…ਤੁਸੀਂ ਇਸ ਤੋਂ ਅੰਦਾਜ਼ਾ ਕਰੋ ਨਾ…ਉਹ ਕਿੰਨਾ ਡਰ ਗਿਆ ਸੀ। ਦੂਸਰੇ ਪਾਸੇ ਫ਼ੌਜੀ ਸ਼ਾਸਕਾਂ ਨਾਲ ਉਹਦੇ ਸਬੰਧ ਵੀ ਹੋ ਗਏ…।
ਤਵਾਰੀਖ ਦੀ ਸੂਝ
ਹੁਣ : ਇਸ ਤਰ੍ਹਾਂ ਦੇ ਮਾਹੌਲ ਦੇ ਚਲਦਿਆਂ ਤੁਹਾਡਾ ਸਿਆਸਤ ਤੇ ਅਦਬ ਨਾਲ ਕਿਸ ਤਰ੍ਹਾਂ ਦਾ ਤਾਲਮੇਲ ਬਣਿਆ
ਅਹਿਮਦ ਸਲੀਮ :  ਜ਼ਾਹਰ ਐ ਫਿਜ਼ਾ ਬਹੁਤ ਔਖੀ ਸੀ…ਅਗਰ ਮੈਂ ਸੋਚਾਂ ਨਾ…ਤਾਂ ਮੈਨੂੰ ਯਕੀਨ ਨਹੀਂ ਆਉਂਦਾ ਕਿ ਅਸੀਂ ਇਸ ਸਾਰੇ ਵਿਚੋਂ ਗੁਜ਼ਰੇ ਹਾਂ…। ਮਤਲਬ ਸਿਆਣਪ ਤਾਂ ਇਹ ਵੇ ਕਿ ਤੁਸੀਂ ਇਕ ਪਾਸੇ ਹੋ ਜਾਓ…ਲੇਕਿਨ ਪਤਾ ਨਹੀਂ ਉਹ ਕੀ ਚੱਕਰ ਸੀ ਕਿ ਇਕ ਤਾਂ ਸਾਨੂੰ ‘ਗੁਮਰਾਹ’ ਹੀ ਇਤਨਾ ਜ਼ਿਆਦਾ ਕਰ ਦਿੱਤਾ ਗਿਆ ਸੀ…ਬਚਪਨ ਤੋਂ ਹੀ…ਹਾ…ਹਾ…। ਦੂਸਰੇ ਸ਼ਾਇਦ ਜਵਾਨੀ ‘ਚ ਆਦਮੀ ਦੀ ਇਤਨੀ ਸੋਚ ਨਹੀਂ ਹੁੰਦੀ…ਇਤਨਾ ਡਰ ਵੀ ਨਹੀਂ ਹੁੰਦਾ ਇਨ੍ਹਾਂ ਚੀਜ਼ਾਂ ਦਾ…।
ਫੇਰ ਮੇਰੇ  ਇਧਰ ਤੁਹਾਡੇ ਵਲ ਵੀ ਰਾਬਤੇ ਹੋ ਗਏ…। ਮੈਂ 20 ਵਰ੍ਹਿਆਂ ਦਾ ਸਾਂ ਜਦੋਂ ਸੋਹਣ ਸਿੰਘ ਭਕਨਾ ਜੀ ਨਾਲ਼ææਭਗਤ ਸਿੰਘ ਜੀ ਦਾ ਮਾਤਾ ਨਾਲ਼ææਗੁਰਬਖ਼ਸ਼ ਸਿੰਘ ਜੀ ਨਾਲ਼ææਸੋਹਣ ਸਿੰਘ ਜੋਸ਼ ਨਾਲ ਮੇਰੀ ਖ਼ਤੋ-ਖ਼ਿਤਾਬਤ ਸ਼ੁਰੂ ਹੋ ਗਈ ਸੀ… ਮੈਂ 1967 ਦੀ ਗੱਲ ਕਰ ਰਿਹਾ ਵਾਂ। ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਲਓ ਕਿ ਤੁਹਾਡੇ ‘ਤੇ ਇਕ ਤਰ੍ਹਾਂ ਨਾਲ ਇਨਕਲਾਬ ਹਾਵੀ ਹੋ ਗਿਆ…ਤੁਹਾਨੂੰ ਰਾਤ-ਦਿਨ ਸੁਪਨੇ ਆਉਣ ਕਿ ਮੈਂ ਭਗਤ ਸਿੰਘ ਕਿਉਂ ਨਹੀਂ ਆਂ…ਜ਼ਾਹਰ ਐ ਇਸ ਸਭ ਵਿਚ ਮੁਸ਼ਕਲਾਤ ਵੀ ਸਨ…ਲੇਕਿਨ ਮੇਰਾ ਖ਼ਿਆਲ ਏ ਵੇ ਕਿ ਆਦਮੀ ਨਹੀਂ ਸੋਚਦਾ ਕਿ ਇਹ ਮੁਸ਼ਕਲਾਂ ਨੇ…।
ਤੀਜੀ ਗੱਲ ਇਹ ਸੀ ਕਿ ਸਾਨੂੰ ਜਿਹੜੀ ਸੂਝ ਲੱਭੀ ਤਵਾਰੀਖ਼ ਦੀ…ਉਹ ਐਹ ਸੀ ਕਿ ਆਜ਼ਾਦੀ ਦੀ ਲੜਾਈ ਭਗਤ ਸਿੰਘ ਨੇ ਵੀ ਲੜੀ…ਹਿੰਦੂ-ਸਿੱਖਾਂ ਨੇ ਵੀ ਲੜੀ…ਇਹ ਮੁਸਲੀਮ ਲੀਗ ਕਿਥੋਂ ਜੰਮ ਪਈ ਕਿ ਪਾਕਿਸਤਾਨ ਅਸੀਂ ਬਣਾਇਐ…ਪਾਕਿਸਤਾਨ  ਤਾਂ ਆਜ਼ਾਦ ਹੋਇਐ ਕਿ ਇਸ ਪਿੱਛੇ ਲੱਖਾਂ ਕੁਰਬਾਨੀਆਂ ਸਨ…ਖ਼ੂਨ ਬਹਾਇਆ ਸੀ ਸ਼ਹੀਦਾਂ ਨੇ ਆਪਣਾ…। ਇਸ ਸਭ ਨੂੰ ਅਸੀਂ ਆਪਣੀ ਮੁਹਿੰਮ ਦਾ ਹਿੱਸਾ ਬਣਾ ਰਹੇ ਸਾਂ। ਚੌਥਾ ਮੇਰੇ ਸਿਆਸੀ ਲੋਕਾਂ ਨਾਲ ਤਾਅਲੁਕਾਤ ਬਣ ਗਏ ਸਨ…ਮੈਂ ਸਿਆਸੀ ਪਾਰਟੀ ਦਾ ਮੈਂਬਰ ਸਾਂ…ਬਾਕੀ ਮੇਰੇ ਜਿਹੜੇ ਸਮਕਾਲੀ ਸਨ…ਨੌਜਵਾਨ ਲੋਕ ਸਨ…ਉਹ ਜ਼ਾਹਰ ਐ ਕਿ ਸਿਆਸਤ ਤੋਂ ਬਹੁਤ ਦੂਰ ਸਨ…ਤਜੁਰਬਾਤ ਸਿਆਸਤ ਨਾਲ ਤਾਂ ਕੋਈ ਵੀ ਨਹੀਂ ਸੀ…ਮੇਰੇ ਤੋਂ ਸਿਵਾਏ। ਉਹਦਾ ਨਤੀਜਾ ਇਹ ਵੀ ਹੋਇਆ ਕਿ ਸਿਆਸਤ ਤੇ ਅਦਬ ਜਿਸ ਵਕਤ ਮਿਲ ਜਾਣ ਤਾਂ ਕੁਝ ਚੰਗਾ ਹੀ ਹੁੰਦੈ…। ਤੁਹਾਨੂੰ ਵੀ ਭਰੋਸਾ ਹੁੰਦੈ ਕਿ ਤੁਹਾਡੇ ਪਿੱਛੇ ਇਕ ਸਿਆਸੀ ਧਿਰ ਖੜ੍ਹੀ ਐ। ਜਿਸ ਵਕਤ ਮੇਰੀ ਨਜ਼ਮ ਬੰਗਲਾ ਦੇਸ਼ ਵਾਲੀ ਛਪੀ ਔਰ ਮੈਂ ਫੜਿਆ ਗਿਆ ਤਾਂ ਮੇਰੇ ਪਿਛੇ ਕਮਿਊਨਿਸਟ ਪਾਰਟੀ ਸੀ…ਨੈਸ਼ਨਲ ਅਵਾਮੀ ਪਾਰਟੀ…ਇਹਦੇ ਵੱਖਰੇ ਵੱਖਰੇ ਸਿਆਸੀ ਵਿੰਗ ਸਨ…ਵਿਦਿਆਰਥੀ ਵਿੰਗ਼ææਔਰਤਾਂ ਦੇ ਫ਼ਰੰਟ ਸਨ…ਇਸ ਪਾਰਟੀ ਦੇ ਮੁਖੀ ਸਨ ਅਬਦੁੱਲ ਗਫ਼ਾਰ ਖ਼ਾਨ ਵਲੀ ਖ਼ਾਨ ਵਗੈਰਾ…ਵਗੈਰਾ। ਪਾਬੰਦੀ ਲੱਗਣ ਮਗਰੋਂ ਇਹ ਪਾਰਟੀ ਅੰਡਰ-ਗਰਾਉਂਡ ਵੀ ਹੋ ਗਈ ਸੀ…।
1971 ਵਿਚ ਜਦੋਂ ਬੰਗਲਾ ਦੇਸ਼ ਦਾ ਸੰਕਟ ਖੜ੍ਹਾ ਹੋਇਆ ਉਸ ਵੇਲੇ ਦਾ ਵਾਕਿਆਤ ਦਸਦਾਂ। ਸ਼ਾਹ ਹੁਸੈਨ ਦਾ ਅਸੀਂ ਮੇਲਾ ਮਨਾਉਂਦੇ ਸਾਂ…। ਮਾਰਚ ਦੇ ਆਖ਼ਰੀ ਐਤਵਾਰ ਸ਼ਾਹ ਹੁਸੈਨ ਦਾ ਮੇਲਾ ਹੁੰਦੈ…। ਉਹ ਹੁੰਦਾ ਤਾਂ ਤਿੰਨ-ਚਾਰ ਦਿਨ ਦਾ ਪਰ ਇਨ੍ਹਾਂ ‘ਚੋਂ ਅਹਿਮ ਦਿਨ ਐਤਵਾਰ ਹੁੰਦੈ। 26 ਮਾਰਚ 1971 ਨੂੰ ਢਾਕਾ (ਬੰਗਲਾ ਦੇਸ਼) ‘ਚ ਫ਼ੌਜੀ ਕਾਰਵਾਈ ਸ਼ੁਰੂ ਹੋਈ ਸੀ…। ਪਹਿਲੀ ਰਾਤ ਹੀ ਉਨ੍ਹਾਂ ਨੇ ਯੂਨੀਵਰਸਿਟੀ ‘ਚ ਹਮਲਾ ਕਰਕੇ ਸੈਂਕੜੇ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਕਤਲ ਕਰ ਦਿੱਤਾ। ਵਲੀ ਖ਼ਾਨ ਚੂੰਕਿ ਵਾਪਸ ਆਏ ਸਾਡੇ ਪਾਰਟੀ ਦੇ ਜਿਹੜੇ ਸਦਰ ਸਨ…ਉਨ੍ਹਾਂ ਦੱਸਿਆ ਕਿ ਉਥੇ ਕਿੰਨਾ ਖ਼ੂਨ-ਖਰਾਬਾ ਹੋ ਗਿਐ…ਤੇ 27 ਮਾਰਚ ਐਤਵਾਰ ਨੂੰ ਜਦੋਂ ਮੈਂ ਉਥੇ ਗਿਆ…ਤਾਂ ਆਪਣੇ ਸਾਥੀਆਂ ਨੂੰ ਕਿਹਾ, ਸ਼ਾਹ ਹੁਸੈਨ ਦੀ ਮਜ਼ਾਰ ‘ਤੇ ਅਸੀਂ ਆ ਤੇ ਗਏ ਆਂ…ਪਰ ਸਾਨੂੰ ਨੰਗੇ ਪੈਰੀਂ ਔਰ ਨੰਗੇ ਸਿਰ ਉਥੇ ਜਾਣਾ ਚਾਹੀਦੈ…ਸ਼ਾਹ ਹੁਸੈਨ ਨੂੰ ਕਹਿਣਾ ਚਾਹੀਦੈ ਕਿ ਅੱਜ ਤੇਰੇ ਮਾਧੋ ਕਤਲ ਹੋ ਰਹੇ ਨੇ…। ਦਰਅਸਲ, ਸ਼ਾਹ ਹੁਸੈਨ ਦਾ ਗੂੜ੍ਹਾ ਮਿੱਤਰ ਮਾਧੋ ਲਾਲ ਸੀ…ਉਹ ਹਿੰਦੂ ਲੜਕਾ ਸੀ…ਔਰ ਇਨ੍ਹਾਂ ਦੀ ਦੋਸਤੀ ‘ਤੇ ਇਤਰਾਜ਼ਾਤ ਵੀ ਹੋਏ…ਮੈਂ ਆਪਣੀ ਨਜ਼ਮ ‘ਚ ਕਿਹਾ ਕਿ ਸ਼ਾਹ ਹੁਸੈਨਾ ਅੱਜ ਬੰਗਾਲ ‘ਚ ਤੇਰੇ ਮਾਧੋ ਕਤਲ ਹੋ ਰਹੇ ਨੇ…ਉਠ ਸ਼ਾਇਰਾ ਆਪਣੀ ਬੰਦੂਕ ਚੁੱਕ ਔਰ ਸ਼ਾਇਰੀ ਨੂੰ ਏਥੇ ਰੱਖ ਤੇ ਉਨ੍ਹਾਂ ਨੂੰ ਬਚਾਈਏ…।’ ਇਹ ਨਜ਼ਮ ਵੀ ਛਪੀ ਤੇ ਇਕ ਹੋਰ ਲਿਖੀ ਜਿਹਦੇ ‘ਤੇ ਮੈਂ ਬਾਅਦ ਵਿਚ ਗ੍ਰਿਫ਼ਤਾਰ ਵੀ ਹੋਇਆ…। ਸਾਰੇ ਦੋਸਤਾਂ ਨੇ ਕਿਹਾ ਕਿ ਤੂੰ ਇਹ ਸਿਆਸੀ ਗੱਲ ਕਰ ਰਿਹੈਂ…ਅਸੀਂ ਸਿਆਸਤ ਵਿਚ ਨਹੀਂ ਜਾਣਾ…ਕਵਿਤਾ ਦੀ ਹੱਦ ਤਕ ਮਾਮਲਾ ਠੀਕ ਐ…। ਫੇਰ ਮੈਂ ਉਨ੍ਹਾਂ ਕੋਲੋਂ ਆਪਣਾ ਰਸਤਾ ਵੱਖ ਕਰ ਲਿਆ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਨਹੀਂ ਸਮਝ ਸਕਦਾ ਕਿ ਲੋਕ ਕਤਲ ਹੋ ਰਹੇ ਹੋਣ ਤੇ ਕਵੀ ਕਹੇ ਕਿ ਜੀ ਇਹ ਸਿਆਸਤ ਐ। ਸਾਡੇ ਵੱਡੇ ਵੱਡੇ ਲੇਖਕ ਸਨ…ਮੁਸਤਾਕ ਸੂਫ਼ੀ ਸਨ…ਨਜਮ ਹੁਸੈਨ ਸੱਯਦ ਸਨ…ਸੁਜ਼ਾਵਲ ਹੱਕ ਸਨ…ਹੋਰ ਵੀ ਬਹੁਤ ਸਨ…ਇਸ ਮੂਵਮੈਂਟ ਵਿਚ ਸਨ। ਖ਼ੈਰ, ਉਥੇ ਜਿਹੜੀ ਮੈਂ ਨਜ਼ਮ ਲਿਖੀ, ਉਹ ਛਪ ਗਈ ਔਰ ਮੇਰੇ ਵਾਰੰਟ ਨਿਕਲੇ…ਪਹਿਲਾਂ ਕੁਝ ਅਰਸੇ ਮੈਂ ਲੁਕਿਆ ਰਿਹਾ…ਫੇਰ ਜਿਸ ਵੇਲੇ ਉਨ੍ਹਾਂ ਮੈਨੂੰ ਮਫ਼ਰੂਮ (ਇਸ਼ਤਿਹਾਰੀ) ਐਲਾਨਣ ਦੀ ਤਿਆਰੀ ਕਰ ਲਈ…ਮੈਨੂੰ ਸਾਰਿਆਂ ਨੇ ਮਸ਼ਵਰਾ ਦਿੱਤਾ ਕਿ ਸਿਆਸੀ ਇਖ਼ਲਾਕ ਬਣਦਾ ਏ ਕਿ ਤੂੰ ਆਪ ਜਾ ਕੇ ਗ੍ਰਿਫ਼ਤਾਰੀ ਦੇ ਦੇ। ਮੈਂ ਪੁਲੀਸ ਸਟੇਸ਼ਨ ਜਾ ਕੇ ਗ੍ਰਿਫ਼ਤਾਰੀ ਦਿੱਤੀ। ਉਹਦੇ ਨਾਲ ਕਾਫ਼ੀ ਬਚਤ ਹੋ ਗਈ। ਮੈਨੂੰ ਥਾਣਾ ਮੁਖੀ ਨੇ ਕਿਹਾ ਕਿ ਤੂੰ ਅੱਜ ਗ੍ਰਿਫ਼ਤਾਰੀ ਨਾ ਦਿੰਦਾ ਤਾਂ ਕੱਲ੍ਹ ਤੈਨੂੰ ਮਫ਼ਰੂਮ ਐਲਾਨਿਆ ਜਾਣਾ ਸੀ…ਫੇਰ ਤੇਰੀ ਕੋਈ ਬਚਤ ਨਹੀਂ ਸੀ।
ਹੁਣ : ਤੁਸੀ ਜ਼ਿਕਰ ਕੀਤੈ ਕਿ ਸ਼ਹੀਦ ਭਗਤ ਸਿੰਘ ਦੀ ਮਾਤਾ ਜੀ ਅਤੇ ਬਾਬਾ ਭਕਨਾ ਜੀ ਨਾਲ ਤੁਹਾਡਾ ਰਾਬਤਾ ਰਿਹੈ। ਕੀ ਤੁਹਾਡੇ ਕੋਲ ਉਨ੍ਹਾਂ ਦੇ ਕੁੱਝ ਖ਼ਤ ਪੱਤਰ ਹੈਨ?
ਅਹਿਮਦ ਸਲੀਮ : ਹਾਂ…ਮੇਰੇ ਕੋਲ ਭਗਤ ਸਿੰਘ ਜੀ ਮਾਤਾ ਦੀ ਚਿੱਠੀ ਪਈ ਐ…ਉਸ ਜ਼ਮਾਨੇ ਦੀਆਂ ਕੁਝ ਕਲਿਪਿੰਗਜ਼ ਨੇ…ਭਕਨਾ ਜੀ ਦਾ ਜਿਹੜਾ ਜਵਾਬ ਆਇਆ ਸੀ, ਉਹ ਮੇਰੇ ਕੋਲ ਮਹਿਫ਼ੂਜ਼ ਨਹੀਂ ਐ…ਕਿਉਂਕਿ ਮੈਂ ਇੱਥੇ ਭੇਜੇ ਸਨ ਆਰਸੀ ਨੂੰ…ਜਿਹਦੇ ਵਿਚ ਹੋਰ ਵੀ ਬਹੁਤ ਸਾਰੇ ਰਿਕਾਰਡ ਸਨ…ਬਲਰਾਜ ਸਾਹਨੀ ਦੇ ਖ਼ਤ ਸਨ…ਭਾਪਾ ਪ੍ਰੀਤਮ ਜੀ ਕਹਿੰਦੇ ਸਨ ਕਿ ਮੈਨੂੰ ਨਹੀਂ ਮਿਲਿਆ ਤੇਰਾ ਖ਼ਤ। ਸੋ, ਕੁਝ ਚੀਜ਼ਾਂ ਜ਼ਾਇਆ ਹੋ ਗਈਆਂ ਲੇਕਿਨ ਜਿਹੜਾ ਉਹ ਕੇਂਦਰ ਚਲਾ ਰਹੇ ਸਨ ਜਲੰਧਰ ਵਿਚ…ਮੈਂ ਉਸ ਬਾਰੇ ਖ਼ਤ ਲਿਖਿਆ ਸੀ ਕਿ ਮੈਨੂੰ ਤੁਹਾਡੇ ਸਾਰੇ ਬੁਕਲੈੱਟ ਚਾਹੀਦੇ ਨੇ…’ਗ਼ਰੀਬੀ ਤੇ ਸਾਡੀ ਇਹ ਦਸ਼ਾ ਕਿਉਂ’ ਵਰਗੇ ਵਿਸ਼ਿਆਂ ਉਪਰ।
ਮੈਂ, ਪਾਸ਼ ਤੇ ਨਜ਼ਰੀਆ
ਹੁਣ : ਅਵਤਾਰ ਪਾਸ਼ ਨੇ ਜਿਹੜੀ ਤੁਹਾਡੇ ਨਾਂਅ ਨਜ਼ਮ ਲਿਖੀ, ਉਹਦੇ ਤੇ ਬੜੀ ਚਰਚਾ ਹੁੰਦੀ ਰਹੈ ਐ। ਇਸ ਨਜ਼ਮ ਦੇ ਸੰਦਰਭ ਅਤੇ ਆਪਣੀ ਰਾਏ ਸਾਡੇ ਪਾਠਕਾਂ ਨਾਲ ਸਾਂਝੀ ਕਰੋ
ਅਹਿਮਦ ਸਲੀਮ : ਇਸ ਬਾਰੇ ਪਾਸ਼ ਨਾਲ ਗੱਲ ਨਹੀਂ ਹੋਈ ਕਿਉਂਕਿ ਸਾਡੀ ਮੁਲਾਕਾਤ ਹੀ ਨਹੀਂ ਹੋਈ। ਮੈਂ ਖ਼ਤ ਲਿਖੇ ਪਰ ਉਹਦਾ ਜਵਾਬ ਨਾ ਆਇਆ…ਇਕ-ਅੱਧ ਖ਼ਤ ਉਹਦਾ ਆਇਆ ਤਾਂ ਮੈਂ ਨਾ ਲਿਖ ਸਕਿਆ। 1972 ਵਿਚ ਮੈਂ ਇਕ ਰਸਾਲਾ ਕੱਢਿਆ ਸੀ, ‘ਕੂੰਜ’…ਕਿਤਾਬ ਲੜੀ ਸੀ। ਦੂਸਰਾ ਸ਼ੁਮਾਰਾ ਸੀ ਜਾਂ ਤੀਸਰਾ ਤੇ ਮੈਂ ਉਹਨੂੰ ਲਿਖਿਆ ਸੀ ਕਿ ਮੈਂ ਪਾਸ਼ ਨੰਬਰ ਛਾਪਣਾ ਚਾਹੁਣਾ…ਨਜ਼ਮ ਉਹਦੀ ਮੇਰੇ ਨਾਂ ਛਪ ਚੁੱਕੀ ਹੋਈ ਸੀ…। ਉਹ ਤੇ ਬਾਅਦ ਦੀ ਗੱਲ ਏ। ਲੇਕਿਨ ਇਸ ਨਜ਼ਮ ਬਾਰੇ ਬਹੁਤ ਤਫ਼ਸੀਲ ਨਾਲ ਕਿਤਾਬ ‘ਮੇਰਾ ਦਿਲ ਪਾਸ਼ ਪਾਸ਼’ ਵਿਚ ਮੈਂ ਲਿਖਿਆ ਐ…। ਉਹਦਾ ਕੇਂਦਰੀ ਨੁਕਤਾ ਇਹ ਸੀ ਕਿ ਪਾਸ਼ ਨੇ ਮੇਰੀ ਨਜ਼ਮ ਵਿਚ ਜਿਹੜਾ ਗਿਲਾ ਕੀਤਾ, ਉਹ ਬੁਨਿਆਦੀ ਤੌਰ ‘ਤੇ ਰਿਐਕਸ਼ਨ ਸੀ ਮੇਰੀ ਉਸ ਨਜ਼ਮ ‘ਤੇ ਜਿਹੜੀ ਅੰਮ੍ਰਿਤਾ ਪ੍ਰੀਤਮ ਦੇ ਨਾਂ ਸੀ। ਉਹਦੇ ‘ਚ ਮੈਂ ਕਿਹਾ, ਇਧਰ ਵੀ ਦੁੱਖ ਨੇ, ਉਧਰ ਵੀ ਦੁੱਖ ਨੇ…ਤੁਹਾਡੇ ਪਾਸੇ ਵੀ ਲੋਕ ਮਰ ਰਹੇ ਨੇ, ਸਾਡੇ ਪਾਸੇ ਵੀ ਮਰ ਰਹੇ ਨੇ…ਮੇਰਾ ਆਖ਼ਰੀ ਸ਼ਿਅਰ ਸੀ-
‘ਕਦੋਂ ਵਿੱਥਾਂ ਨੂੰ ਇਸ਼ਕ ਦੀ ਸਾਰ ਹੁੰਦੀ
ਕਿਸੇ ਕੰਧ ਨੂੰ ਹੁਸਨ ਦੀ ਪੀੜ ਕਿੱਥੇ
ਪਾਟੀ ਚੁੰਨੀ ਦੇ ਵਾਂਗ ਇਹ ਦੁੱਖ ਸਾਡਾ
ਇਕ ਲੀਰ ਕਿੱਥੇ, ਦੂਜੀ ਲੀਰ ਕਿੱਥੇ।’
ਪਾਸ਼ ਦਾ ਰਿਐਕਸ਼ਨ ਸੀ, ਕਿਸੇ ਨੂੰ ਉਹਨੇ ਖ਼ਤ ਵੀ ਲਿਖਿਆ ਸੀ, ‘ਅਹਿਮਦ ਸਲੀਮ ਬੜਾ ਫਜ਼ੂਲ ਜਿਹਾ ਆਦਮੀ ਐ…ਉਹਨੂੰ ਕਹਿ ਦੇ ਮੇਰਾ ਨੰਬਰ ਕੱਢਣ ਦੀ ਲੋੜ ਨਹੀਂ…ਜਿਹੜਾ ਤੂੰ ਮੇਰੇ ਬਾਬਤ ਮਜ਼ਮੂਨ ਲਿਖਣਾ ਸੀ, ਉਹ ਦੀ ਵੀ ਕੋਈ ਲੋੜ ਨਹੀਂ।’ ਇਹ ਨਜ਼ਮ ਲਿਖਣ ਤੋਂ ਬਾਅਦ ਦੇ ਵਾਕਿਆਤ ਨੇ। ਪਾਸ਼ ਤੇ ਜਿਹੜਾ ਮੇਰਾ ਟਕਰਾਅ ਸੀ…ਜਿਹੜਾ ਹੋਇਆ ਨਹੀਂ ਕਦੀ…ਨਜ਼ਰੀਏ ਦਾ ਟਕਰਾਅ ਕਹਿ ਲਓ…ਪਾਸ਼ ਦੇਖ ਰਿਹਾ ਸੀ ਕਿ ਜਿਹੜੀ ਉਨ੍ਹਾਂ ਦੀ ਨਕਸਲਾਈਟ ਮੂਵਮੈਂਟ ਐ…ਉਸ ਸੰਘਰਸ਼ ਨੂੰ ਜੇਕਰ ਕੋਈ ਆਪਣੇ ਮੁਲਕ ਵਿਚ ਨਹੀਂ ਲੜਦਾ ਤੇ ਉਹ ਸਾਡੇ ਸੰਘਰਸ਼ ਦੇ ਖ਼ਿਲਾਫ਼ ਐ। ਸਾਡਾ ਜਿਹੜਾ ਨਜ਼ਰੀਆ ਸੀ, ਉਹ ਇਹ ਸੀ ਕਿ ਤੁਸੀਂ 22-23 ਸਾਲ ਜਮਹੂਰੀਅਤ ਹੰਢਾ ਲਈ ਏ, ਹੁਣ ਜੇਕਰ ਜਮਹੂਰੀਅਤ ਨਹੀਂ ਰਹੀ ਤਾਂ ਤੁਸੀਂ ਨਕਸਲਾਈਟ ਮੂਵਮੈਂਟ ਚਲਾ ਰਹੇ ਓ…ਪਰ ਪਾਕਿਸਤਾਨ ਦਾ ਤਾਂ ਇਹ ਮਸਲਾ ਨਹੀਂ ਐ…ਸਾਡਾ ਇਨਕਲਾਬ ਇਹ ਵੇ ਕਿ ਸਾਨੂੰ ਵੋਟ ਪਾਉਣ ਦਾ ਹੱਕ ਮਿਲੇ…ਜਿਹੜਾ ਕਿ ਸਾਨੂੰ ਪਿਛਲੀਆਂ ਕਈ ਸਰਕਾਰਾਂ ਨੇ…ਬੂਟਾਂ ਵਾਲੀਆਂ ਸਰਕਾਰਾਂ ਨੇ ਨਹੀਂ ਦਿੱਤਾ। ਉਹਦਾ ਕਹਿਣਾ ਸੀ ਕਿ ਤੂੰ ਅੰਮ੍ਰਿਤਾ ਪ੍ਰੀਤਮ ਨੂੰ ਚਮਕਾ ਰਿਹੈਂ ਜੋ ਇੰਦਰਾ ਗਾਂਧੀ ਦੀ ਸਹੇਲੀ ਐ…ਭਾਵ ਤੂੰ ਇੰਦਰਾ ਗਾਂਧੀ ਨੂੰ ਤਵੱਜੋ ਦੇ ਰਿਹੈਂ। ਮੈਂ ਕਿਹਾ ਕਿ ਮੈਂ ਇੰਦਰਾ ਗਾਂਧੀ ਨੂੰ ਨਹੀਂ ਚਮਕਾ ਰਿਹਾ…ਮੈਂ ਅੰਮ੍ਰਿਤਾ ਪ੍ਰੀਤਮ ਦੀ ਗੱਲ ਕਰ ਰਿਹਾ ਵਾਂ ਜੋ ਕਵੀ ਏ ਤੇ ਉਹਦੀ ਇੰਦਰਾ ਗਾਂਧੀ ਤੋਂ ਪਹਿਲਾਂ ਆਪਣੀ ਹੈਸੀਅਤ ਸੀ। ਦੂਜਾ ਜੇਕਰ ਇੰਦਰਾ ਗਾਂਧੀ ਨੂੰ ਤਰਜੀਹ ਮਿਲਦੀ ਵੀ ਐ ਤਾਂ ਸਾਡੇ ਪਾਕਿਸਤਾਨ ਦੀ ਸਿਆਸਤ ਦੇ ਨੁਕਤੇ ਤੋਂ… ਪਾਰਟੀ ਦੇ ਨਜ਼ਰੀਏ ਤੋਂ… ਇੰਦਰਾ ਗਾਂਧੀ ਸਾਡੀ ਸਮਰਥਕ ਐ…। ਉਹਨੇ ਬੰਗਾਲੀਆਂ ਨੂੰ ਕਤਲ ਹੋਣ ਤੋਂ ਬਚਾਇਐ…ਉਨ੍ਹਾਂ ਨੂੰ ਆਜ਼ਾਦੀ ਵੱਲ ਧੱਕਿਐ। ਇਸ ਵਾਸਤੇ ਦੋਹਾਂ ਮੁਲਕਾਂ ਦੀ ਸਿਆਸਤ ਦੇ ਵੱਖ ਵੱਖ ਨਿਸ਼ਾਨੇ ਨੇ।
ਪਰ ਇਹ ਗੱਲ ਪਾਸ਼ ਤਕ ਕਿਤਨੀ ਪਹੁੰਚੀ ਐ, ਕਿਤਨੀ ਨਹੀਂ…ਪਤਾ ਨਹੀਂ। ਹੁਣ ਮੈਂ ਪੂਰੇ ਦਸਤਾਵੇਜ਼ਾਂ ਦੇ ਨਾਲ ਕਿਤਾਬ ਵਿਚ ਤਫ਼ਸੀਲ ਨਾਲ ਇਸ ਬਾਰੇ ਲਿਖਿਆ ਵੇ। ‘ਹੇਮ ਜਿਓਤੀ’ ਵਿਚ  ਅਹਿਮਦ ਸਲੀਮ ਦੇ ਨਾਂ ‘ਤੇ ਖੁੱਲ੍ਹਾ ਖ਼ਤ ਵੀ ਛਪਿਆ ਸੀ…ਜਿਹਦੇ ਬਾਰੇ ‘ਚ ਸ਼ੱਕ ਜ਼ਾਹਰ ਕੀਤਾ ਜਾਂਦੈ ਕਿ ਪਾਸ਼ ਦਾ ਲਿਖਿਆ ਹੋਇਆ ਸੀ…ਨਾਂ ਕਿਸੀ ਹੋਰ ਦਾ ਸੀ ਸ਼ਾਇਦ…। ਫੇਰ ਜਿਹੜੀ ਪਾਸ਼ ਨੇ ਨਜ਼ਮ ਲਿਖੀ, ਉਹ ਵੀ ਛਾਪ ਦਿੱਤੀ…ਮੈਂ ਨਜ਼ਮ ਲਿਖੀ ਸੀ (ਜਿਸ ਨੂੰ ਉਹਦਾ ਜਵਾਬ ਕਿਹਾ ਜਾਂਦੈ) ਪਰ ਉਹ ਉਹਦਾ ਜਵਾਬ ਨਹੀਂ ਸੀ। ਪਾਸ਼ ਨੇ ਭਾਰਤ ਵਿਚ ਜਿਹੜੀ ਸਿਆਸਤ ਕੀਤੀ ਐ ਜਾਂ ਜਿਹੜੀ ਨਕਸਲਾਈਟ ਮੂਵਮੈਂਟ ਸੀ…ਮੈਂ ਉਹਦੇ ਬਾਰੇ ‘ਚ ਕੋਈ ਫ਼ੈਸਲਾ ਨਹੀਂ ਦੇ ਸਕਦਾ। ਲੇਕਿਨ ਮੈਂ ਇਹ ਜ਼ਰੂਰ ਕਹਿ ਸਕਦਾ ਵਾਂ ਕਿ ਪਾਕਿਸਤਾਨ ਦੇ ਵਿਚ ਚੀਨ ਤੇ ਰੂਸ ਦੀ ਜਿਹੜੀ ਵੰਡ ਹੋਈ ਸੀ…ਮੈਂ ਰੂਸ ਵਾਲੇ ਪਾਸੇ ਏਸ ਵਾਸਤੇ ਖੜ੍ਹਾ ਸਾਂ…ਕਿ ਅਬਦੁੱਲ ਹਮੀਦ ਭਾਸ਼ਾਨੀ ਸਾਹਿਬ ਚਾਈਨਾ ਪਾਰਟੀ ਦੇ ਲੀਡਰ ਸਨ…ਜਦੋਂ ਰੂਸ ਦੀ ਵੰਡ ਹੋਈ ਤਾਂ ਮੌਲਾਨਾ ਭਾਸ਼ਾਨੀ ਦਾ ਧੜਾ ਵੱਖਰਾ ਹੋ ਗਿਆ…ਵਲੀ ਖ਼ਾਨ ਦਾ ਧੜਾ ਵੱਖਰਾ ਹੋ ਗਿਆ। ਅਸੀਂ ਵਲੀ ਖ਼ਾਨ ਗਰੁੱਪ ਵਿਚ ਸਾਂ। ਭਾਸ਼ਾਨੀ ਬੰਗਾਲੀ ਲੀਡਰ ਸੀ ਬਹੁਤ ਵੱਡਾ ਔਰ ਆਵਾਮੀ ਲੀਗ ਦਾ ਲੀਡਰ ਸੀ। ਉਹਦੇ ਵਿਚ ਸਾਰੇ ਦਾ ਸਾਰਾ ਰੌਲ਼ਾ ਇਹ ਸੀ ਕਿ ਚੀਨ ਜਿਹੜਾ ਸੀ, ਉਹ ਅਯੂਬ ਖ਼ਾਨ ਔਰ ਯਾਹੀਆ ਖ਼ਾਨ ਨੂੰ ਸਮਰਥਨ ਦੇ ਰਿਹਾ ਸੀ ਔਰ ਯਾਹੀਆ ਖ਼ਾਨ ਬੰਗਾਲੀਆਂ ਨੂੰ ਕਤਲ ਕਰ ਰਿਹਾ ਸੀ। ਸਾਡਾ ਮਤ ਇਹ ਸੀ ਕਿ ਜਿਹੜੇ ਵੀ ਚੀਨ ਪੱਖੀ ਨੇ…ਭਾਵੇਂ ਉਹ ਭਾਰਤ ਵਿਚ ਨੇ ਜਾਂ ਪਾਕਿਸਤਾਨ ਵਿਚ ਉਹ ਬੰਗਾਲ ਦੇ ਦੋਸਤ ਨਹੀਂ ਹੋ ਸਕਦੇ। ਜਦਕਿ ਪਾਸ਼ ਵੀ ਬੰਗਾਲ ਦੀ ਆਜ਼ਾਦੀ ਦੀ ਹਮਾਇਤ ਕਰਦਾ ਸੀ…ਪਰ ਉਹ ਨਾਲ ਨਾਲ ਆਪਣੀ ਨਕਸਲਾਈਟ ਮੂਵਮੈਂਟ ਦੇ ਵਿਚ ਵੀ ਸੀ। ਮੇਰਾ ਸਾਰੇ ਦਾ ਸਾਰਾ ਪੱਖ ਇਹ ਸੀ ਕਿ ਅਸੀਂ ਹੋਰ ਕੀ ਕਰਦੇ ਜੇ ਬੰਗਾਲੀਆਂ ਨੂੰ ਹਮਾਇਤ ਨਾ ਕਰਦੇ…ਕੀ ਫੇਰ ਅਸੀਂ ਯਾਹੀਆ ਖ਼ਾਨ ਦੀ ਫ਼ੌਜ ਨੂੰ ਹਮਾਇਤ ਦਿੰਦੇ। ਦੋ ਹੀ ਬਦਲ ਸਨ ਜਾਂ ਤੁਸੀਂ ਸਰਕਾਰ ਦੇ ਨਾਲ ਹੋ ਜਾਂ ਸਰਕਾਰ ਦੇ ਵਿਰੁੱਧ ਹੋ।
ਹੁਣ : ਭਾਰਤ ਦੇ ਹੋਰ ਕਿਹੜੇ ਲੇਖਕਾਂ ਨਾਲ ਤੁਹਾਡਾ ਕਿੰਨਾ ਕੁ ਰਾਬਤਾ ਰਿਹੈ?
ਅਹਿਮਦ ਸਲੀਮ : ਬਹੁਤ ਨੌਜਵਾਨਾਂ ਨਾਲ ਮੇਰੀ ਸਾਂਝ ਸੀ। ਨਵਤੇਜ ਜੀ ਦੇ ਪੁੱਤਰ ਸੁਮੀਤ ਨਾਲ ਮੇਰੀ ਬੜੀ ਯਾਰੀ ਸੀ…ਮੈਂ ਜਦੋਂ ’83 ਵਿਚ ਆਇਆ ਸਾਂ ਤਾਂ ਅਸੀਂ ਅੰਮ੍ਰਿਤਸਰ ‘ਚ ‘ਮਾਸੂਮ’ ਫ਼ਿਲਮ ਵੀ ਦੇਖੀ ਸੀ। ਅਸੀਂ ਫ਼ਿਲਮ ਦੇ ਵਿਚੋਂ ਹੀ ਉਠ ਕੇ ਆ ਗਏ ਤੇ ਬਹੁਤ ਗਪ-ਸ਼ਪ ਕਰਦੇ ਰਹੇ। ਇਸ ਬਾਰੇ ਤਫ਼ਸੀਲ ਨਾਲ ਮੈਂ ਆਪਣੀ ਪੰਜਾਬੀ ਦੀ ਕਿਤਾਬ ‘ਝੋਕ ਰਾਂਝਣ ਦੀ’ ਵਿਚ ਲਿਖਿਐ। ਵਣਜਾਰਾ ਬੇਦੀ ਹੋਰੀਂ ਮੇਰੇ ਬੜੇ ਨਿੱਘੇ ਸੱਜਣ ਸਨ…ਉਹ ਪੋਠੋਹਾਰ ਦੇ ਸਨ, ਇਸ ਵਾਸਤੇ ਉਨ੍ਹਾਂ ਦਾ ਮੇਰੇ ਨਾਲ ਸਨੇਹ ਵੀ ਸੀ। ਉਨ੍ਹਾਂ ਨੇ ‘ਮੇਰਾ ਨਾਨਕਾ ਪਿੰਡ, ਮੇਰਾ ਦਾਦਕਾ ਪਿੰਡ’ ਕਿਤਾਬਾਂ ਵੀ ਲਿਖੀਆਂ ਨੇææ। ਹੋਰ ਅਣਗਿਣਤ ਲਿਖਾਰੀ ਹਨ ਜਿਨ੍ਹਾਂ ਨਾਲ ਦੋਸਤੀ ਦਾ ਸਿਲਸਿਲਾ ਅੱਜ ਵੀ ਹੈ।

ਸਾਂਝ ਦੇ ਪੁਲ
ਹੁਣ :ਕਿਸੇ  ਨਾਲ ਬਹੁਤ ਜਜ਼ਬਾਤੀ ਸਾਂਝ ਹੋਵੇ?
ਅਹਿਮਦ ਸਲੀਮ : ਬਲਰਾਜ ਸਾਹਨੀ ਹੋਰਾਂ ਨਾਲ ਮੇਰੀ ਜਜ਼ਬਾਤੀ ਸਾਂਝ ਸੀ। ਮੈਂ ਜਦੋਂ ਉਨ੍ਹਾਂ ਦੇ ਰਾਵਲਪਿੰਡੀ (ਉਨ੍ਹਾਂ ਦਾ ਜਨਮ ਤਾਂ ਭੇਰੇ ਦਾ ਸੀ ਪਰ ਵੰਡ ਤੋਂ ਪਹਿਲਾਂ ਦਾ ਸਾਰਾ ਅਰਸਾ ਰਾਵਲਪਿੰਡੀ ਵਿਚਲੇ ਘਰ  ਬਿਤਾਇਆ) ਦੀਆਂ ਤਸਵੀਰਾਂ ਬਣਾ ਕੇ ਭੇਜੀਆਂ ਤਾਂ ਬਹੁਤ ਜਜ਼ਬਾਤੀ ਹੋ ਕੇ ਉਨ੍ਹਾਂ ਲਿਖਿਆ ਤੇ ਉਸ ਮਗਰੋਂ ਮੇਰਾ ਉਨ੍ਹਾਂ ਨਾਲ ਤਾਅਲੁਕ ਗੂੜ੍ਹਾ ਹੋ ਗਿਆ। ਫੇਰ ਜਦੋਂ ਮੈਂ ਜੇਲ੍ਹ ਵਿਚ ਸਾਂ, ਉਦੋਂ ਵੀ ਉਹ ਬਹੁਤ ਪ੍ਰੇਸ਼ਾਨ ਰਹੇ। ਮੈਨੂੰ ਫ਼ੈਜ਼ ਸਾਹਿਬ ਨੇ ਦੱਸਿਆ ਕਿ ਬਲਰਾਜ ਸਾਹਨੀ ਨੇ ਦੋ-ਤਿੰਨ ਵਾਰੀ ਤੇਰੀ ਖ਼ੈਰੀਅਤ ਮਾਲੂਮ ਕਰਵਾਈ ਐ। ਮੇਰੀ ਰਿਹਾਈ ਤੋਂ ਛੇਤੀ ਬਾਅਦ ਹੀ ਉਨ੍ਹਾਂ ਦੀ ਮੌਤ ਹੋ ਗਈ। ਮੇਰੀ ਉਨ੍ਹਾਂ ਨਾਲ ’67 ਤੋਂ ਲੈ ਕੇ ਉਨ੍ਹਾਂ ਦੀ ਮੌਤ ਤਕ ਸਾਂਝ ਰਹੀ। ਮੈਂ ਬਲਰਾਜ ਸਾਹਨੀ ਨੂੰ ਆਪਣੀਆਂ ਕੁਝ ਨਜ਼ਮਾਂ ਭੇਜੀਆਂ…ਉਨ੍ਹਾਂ ਨੇ ਇਕ ਨਜ਼ਮ ਆਰਸੀ ਨੂੰ ਭੇਜੀ, ਦੂਜੀ ਪ੍ਰੀਤਲੜੀ ਨੂੰ। ਉਹ ਨਜ਼ਮਾਂ ਛਪ ਗਈਆਂ ਤੇ ਮੇਰਾ ਨਵਤੇਜ ਤੇ ਅੰਮ੍ਰਿਤਾ ਨਾਲ ਰਿਸ਼ਤਾ ਬਣ ਗਿਆ। ਅੰਮ੍ਰਿਤਾ ਨਾਲ ਕਿੱਸਾ ਇਹ ਵੇ ਕਿ ਜਿਸ ਵੇਲੇ ਮੇਰੀਆਂ ਇਹ ਦੋਵੇਂ ਨਜ਼ਮਾਂ ਪ੍ਰੀਤਲੜੀ ਤੇ ਆਰਸੀ ਵਿਚ ਛਪ ਗਈਆਂ (ਪਾਕਿਸਤਾਨ ਵਿਚ ਉਸ ਵੇਲੇ ਗੱਲ ਮੰਨੀ ਜਾਂਦੀ ਸੀ ਕਿ ਜਿਹੜਾ ਨਾਗਮਣੀ ‘ਚ ਛਪ ਗਿਆ ਸਮਝੋ ਕਵੀ ਪ੍ਰਵਾਨ ਹੈ। ਹਾ…ਹਾ…ਸਰਟੀਫਿਕੇਟ ਮਿਲ ਜਾਂਦਾ ਸੀ) ਤਾਂ ਅੰਮ੍ਰਿਤਾ ਦਾ ਖ਼ਤ ਆਇਆ। ਇਸ ਤੋਂ ਪਹਿਲਾਂ ਮੈਂ ਨਾਗਮਣੀ ਨੂੰ ਕਈ ਨਜ਼ਮਾਂ ਭੇਜੀਆਂ ਸਨ ਪਰ ਨਾ ਕਦੇ ਛਪੀਆਂ ਨਾ ਕੋਈ ਜਵਾਬ ਆਵੇ। ਦਸ ਵਾਰੀ ਭੇਜੀਆਂ ਮੈਂ ਚੀਜ਼ਾਂ। ਅੰਮ੍ਰਿਤਾ ਪ੍ਰੀਤਮ ਦਾ ਇਕੋ ਵਾਰੀ ਮੁਖ਼ਤਸਰ ਜਿਹਾ ਇਕ-ਦੋ ਲਾਈਨਾਂ ਦਾ ਖ਼ਤ ਆਇਆ ਕਿ ‘ਮੈਂ ਤੁਹਾਡੇ ਕੋਲੋਂ ਹੋਰ ਉੱਚੇ ਮਿਆਰ ਦੀ ਮੰਗ ਕਰਦੀ ਹਾਂ।’ ਉਸ ਤੋਂ ਮੈਨੂੰ ਇਹ ਤੇ ਪਤਾ ਲੱਗ ਗਿਆ ਕਿ ਉਨ੍ਹਾਂ ਨੂੰ ਮੇਰੀਆਂ ਨਜ਼ਮਾਂ ਪਸੰਦ ਨਹੀਂ ਆਈਆਂ। 68-69 ਦੀ ਗੱਲ ਐ ਕਿ ਮੈਂ ਅੰਮ੍ਰਿਤਾ ਪ੍ਰੀਤਮ ਬਾਰੇ ਲਿਖੀ ਨਜ਼ਮ ਆਰਸੀ ਨੂੰ ਭੇਜੀ ਕਿਉਂਕਿ ਨਾਗਮਣੀ ਵਿਚ ਤਾਂ ਕੋਈ ਛਪ ਨਹੀਂ ਰਹੀਆਂ ਸਨ…ਆਰਸੀ ‘ਚ ਉਹ ਛਪ ਗਈ…ਫਟਾਫਟ ਅੰਮ੍ਰਿਤਾ ਪ੍ਰੀਤਮ ਦਾ ਖ਼ਤ ਆਇਆ ਕਿ ‘ਕੰਬਖ਼ਤਾ, ਤੂੰ ਪਹਿਲੀ ਵਾਰ ਕੋਈ ਢੰਗ ਦੀ ਚੀਜ਼ ਲਿਖੀ ਏ ਤੇ ਉਹ ਤੂੰ ਉਧਰ ਭੇਜ ਦਿੱਤੀ ਏ।’ ਬਸ ਉਸ ਤੋਂ ਬਾਅਦ ਖ਼ਤੋ-ਖ਼ਿਤਾਬਤ ਦਾ ਸਿਲਸਿਲਾ ਬਣ ਗਿਆ। ਉਹ ਮੈਨੂੰ ਵਾਰ ਵਾਰ ਸੱਦਣ ਕਿ ਆ ਕੇ ਮਿਲ ਜਾ…ਇਮਰੋਜ਼ ਨਾਲ ਖ਼ਤਾਂ ਦਾ ਸਿਲਸਿਲਾ ਚਲਦਾ ਰਿਹਾ। ਸੋ, ਬੜਾ ਡੂੰਘਾ ਤਾਅਲੁਕ ਬਣ ਗਿਆ।
ਇਕ ਦਵਿੰਦਰ ਸਨ…ਉਨ੍ਹਾਂ ਨੂੰ ਜਦੋਂ ਪਤਾ ਲਗਦਾ ਕਿ ਮੈਂ ਆਇਆ ਵਾਂ ਤਾਂ ਉਸੇ ਵੇਲੇ ਪਹੁੰਚ ਜਾਂਦੇ ਸਨ ਅੰਮ੍ਰਿਤਾ ਦੇ ਘਰ। ਉਨ੍ਹਾਂ ਨਾਲ ਵੀ ਬਹੁਤ ਗਹਿਰਾ ਤਾਅਲੁਕ ਰਿਹਾ। ਬਹੁਤ ਸਾਰਿਆਂ ਨਾਲ ਸਿਲਸਿਲਾ ਰਿਹਾ ਪਰ ਵਿਚ ਬਹੁਤ ਲੰਬੀ ਬਰੇਕ ਆ ਗਈ…ਸਮਝ ਵੀ ਨਹੀਂ ਸੀ ਆਉਂਦਾ ਕਿ ਕਿਵੇਂ ਰਾਬਤਾ ਬਣੇ।
ਸਾਡੇ ਉਧਰ ਪਾਕਿਸਤਾਨ ਵਿਚ ਟੈਲੀਵਿਜ਼ਨ ‘ਤੇ ਪੰਜਾਬੀ ਦਾ ਇਕ ਪ੍ਰੋਗਰਾਮ ਆਉਂਦਾ ਸੀ ‘ਪੰਜ ਨਦ’। ਉਨ੍ਹਾਂ ਨੇ ਮੈਨੂੰ ਕਈ ਵਾਰ ਸੱਦਿਆ ਪਰ ਮੈਂ ਕਿਹਾ ਕਿ ਮੈਂ ਸਟੇਟ ਦੇ ਬਕਵਾਸਯਾਤ ਵਿਚ ਨਹੀਂ ਆਉਂਦਾ, ਰਿਆਸਤ ਦੇ ਜਿਹੜੇ ਕੰਮ ਹੁੰਦੇ ਨੇ ਗੰਦੇ ਹੁੰਦੇ ਨੇ…ਮੈਂ ਨਹੀਂ ਆ ਕੇ ਤੁਹਾਡਾ ਪ੍ਰੋਗਰਾਮ ਕਰਨਾ। ਫੇਰ ਮੈਂ ਸੋਚਿਆ ਇਹ ਅੰਮ੍ਰਿਤਸਰ, ਜਲੰਧਰ ਤੇ ਪੰਜਾਬ ਦੇ ਹੋਰ ਹਿੱਸਿਆਂ ਵਿਚ ਦੇਖਿਆ ਜਾ ਰਿਹੈ ਸਾਡਾ ਟੀæਵੀ…æਮੈਂ ਉਨ੍ਹਾਂ ਨਾਲ ਗੱਲਾਂ ਕਿਉਂ ਨਾ ਕਰਾਂ ਆਪਣੀਆਂ…। ਫੇਰ ਮੈਂ ਲਗਾਤਾਰ ਤਿੰਨ-ਚਾਰ ਪ੍ਰੋਗਰਾਮ ਕੀਤੇ। ਟੈਲੀਵਿਜ਼ਨ ਰਾਹੀਂ ਜਿਸ ਹਦ ਤਕ ਮੈਂ ਸੁਨੇਹੇ ਦੇ ਸਕਦਾ ਸਾਂ…ਮੈਂ ਉਹ ਕੀਤਾ।
ਹੁਣ : ਸੋਹਣ ਸਿੰਘ ਜੋਸ਼ ਹੋਰਾਂ ਨਾਲ ਤੁਹਾਡੀ ਸਾਂਝ ਦੀ ਤੰਦ ਕੀ ਸੀ
ਅਹਿਮਦ ਸਲੀਮ : ਸੋਹਣ ਸਿੰਘ ਜੋਸ਼ ਹੋਰਾਂ ਨਾਲ ਵੀ ਖ਼ਤੋ-ਖ਼ਿਤਾਬਤ ਹੋਈ। ਗ਼ਦਰ ਪਾਰਟੀ ਦਾ ਇਤਿਹਾਸ ਲਿਖਿਆ ਸੀ ਉਨ੍ਹਾਂ ਨੇ। ‘ਮਾਈ ਲਾਸਟ ਡੇਅਜ਼ ਵਿਦ ਭਗਤ ਸਿੰਘ’ ਲਿਖੀ, ਉਹ ਪੜ੍ਹੀ ਸੀ। ਪਰ ਸੋਹਣ ਸਿੰਘ ਜੋਸ਼ ਕਮਿਊਨਿਸਟ ਪਾਰਟੀ ਦੇ ਦਫ਼ਤਰ ਬੈਠ ਕੇ ਜਿਹੜੇ ਕੰਮ ਕਰ ਰਹੇ ਸਨ…ਆਪਣੀ ਜੀਵਨੀ ਵੀ ਲਿਖ ਰਹੇ ਸਨ…ਹੋਰ ਚੀਜ਼ਾਂ ਵੀ ਲਿਖ ਰਹੇ ਸਨ…ਉਨ੍ਹਾਂ ਨੇ ਕਿਹਾ ਕਿ ‘ਤੂੰ ਲਾਹੌਰ ਦੇ ਸੈਕਟਰੀਏਟ ‘ਚੋਂ…ਫਲਾਣੀ ਫਲਾਣੀ ਥਾਂ ਤੋਂ ਦਸਤਾਵੇਜ਼ ਮੁਹੱਈਆ ਕਰਵਾ ਕੇ ਦੇ ਕਿਉਂਕਿ ਸਾਰੇ ਕੇਸ ਉਥੇ ਹੀ ਚੱਲੇ ਸਨ…ਲਾਹੌਰ ਕਾਨਸਪੀਰੇਸੀ ਕੇਸ-1, ਲਾਹੌਰ ਕਾਨਸਪੀਰੇਸੀ ਕੇਸ-2  ਵਗੈਰਾ…ਵਗੈਰਾ…ਇਹ ਸਾਰੇ ਉਥੇ ਹੀ ਚੱਲੇ ਨੇ। ਉਨ੍ਹਾਂ ਨੇ ਪੀæਪੀæਐਚæ, ਦਿੱਲੀ ਨੂੰ ਇੰਸਟਰਕਸ਼ਨ ਦਿੱਤੀ ਸੀ ਕਿ ਜਿੰਨੀਆਂ ਵੀ ਉਨ੍ਹਾਂ ਦੀਆਂ ਕਿਤਾਬਾਂ ਨੇ ਜਾਂ ਹੋਰ ਵੀ ਕਮਿਊਨਿਸਟ ਪਾਰਟੀ ਦੀ ਹਿਸਟਰੀ ਨਾਲ ਸਬੰਧਤ ਕਿਤਾਬਾਂ ਨੇ ਸਲੀਮ ਤਕ ਪੁੱਜਦੀਆਂ ਹੋਣ। ਉਹ ਸਾਰੀਆਂ ਕਿਤਾਬਾਂ ਮੈਨੂੰ ਮਿਲਦੀਆਂ ਰਹੀਆਂ। ਸ਼ਾਇਦ ਉਹ ਪੱਲਿਓਂ ਪੈਸੇ ਖ਼ਰਚ ਕਰਕੇ ਭੇਜਦੇ ਸਨ ਜਾਂ ਕੋਈ ਹੋਰ ਤਰੀਕਾ ਹੋਏਗਾ ਮੈਨੂੰ ਨਹੀਂ ਪਤਾ…ਲੇਕਿਨ ਉਹ ਮੈਨੂੰ ਭਿਜਵਾਉਂਦੇ ਸਨ। ਉਧਰ ਇਕ ਵਾਇਰਲੈੱਸ ਨਾਂ ਦਾ ਬੰਦਾ ਸੀ, ਨਾਂ ਤਾਂ ਉਹਦਾ ਕੋਈ ਹੋਰ ਹੋਵੇਗਾ ਪਰ ਉਹ ਵਾਇਰਲੈੱਸ ਨਾਂ ਨਾਲ ਮਸ਼ਹੂਰ ਸੀ। ਉਹਨੇ ਵੀ ਬੰਬ ਸੁੱਟਣ ਦੀ ਘਟਨਾ ‘ਤੇ ਕਿਤਾਬ ਲਿਖੀ ਸੀ। ਮੈਂ ਜੋਸ਼ ਹੋਰਾਂ ਨੂੰ ਕਿਹਾ ਕਿ ਅਸੀਂ ਇਹ ਕਿਤਾਬ ਪਾਕਿਸਤਾਨ ਵਿਚ ਵੀ ਛਾਪਣਾ ਚਾਹੁਨੇ ਆਂ। ਉਹ ਕਹਿੰਦੇ, ‘ਵਾਹਿਆਤ ਐ ਉਹ ਬੰਦਾ…ਸੀæਆਈæਡੀæ ਦਾ ਆਦਮੀ ਹੈ…ਕੋਈ ਲੋੜ ਨਹੀਂ ਉਹਨੂੰ ਉਤਾਂਹ ਚੁੱਕਣ ਦੀ।’
ਫੇਰ ਮੈਂ ਉਨ੍ਹਾਂ ਨੂੰ ਦੱਸਿਆ ਕਿ ਭਗਤ ਸਿੰਘ ਦੀ ਭਤੀਜੀ ਵਰਿੰਦਰ ਸੰਧੂ, ਉਹਦੇ ਨਾਲ ਮੇਰੀ ਖ਼ਤੋ-ਖ਼ਿਤਾਬਤ ਏ…ਤੇ ਉਨ੍ਹਾਂ ਨੇ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਵੀ ਭੇਜੀਆਂ ਨੇ…ਆਪਣੀ ਕਿਤਾਬ ਵੀ ਭੇਜੀ ਏ…ਔਰ ਮੈਂ ਜੋਸ਼ ਹੋਰਾਂ ਨੂੰ ਭਗਤ ਸਿੰਘ ਬਾਰੇ ਕੁਝ ਸਵਾਲ ਵੀ ਕੀਤੇ ਕਿ ਭਗਤ ਸਿੰਘ ਦੇ ਪਿਤਾ ਜੀ ਕੀ ਕਰਦੇ ਸਨ, ਕੀ ਕਹਿੰਦੇ ਸਨ ਭਗਤ ਸਿੰਘ ਨੂੰ? ਉਹ ਬਹੁਤ ਖ਼ਿਲਾਫ਼ ਸਨ ਭਗਤ ਸਿੰਘ ਦੇ ਪਰਿਵਾਰ ਦੇ। ਉਹ ਕਹਿੰਦੇ, ‘ਭਗਤ ਸਿੰਘ ਦੇ ਬਾਪ ਨੇ ਤਾਂ ਉਹਨੂੰ ਘਰੋਂ ਕੱਢ ਦਿੱਤਾ ਸੀ…ਇਨ੍ਹਾਂ ਇਨਕਲਾਬੀ ਗਤੀਵਿਧੀਆਂ ਕਾਰਨ।’ ਸੋ, ਇਹ ਸਾਰੀਆਂ ਚੀਜ਼ਾਂ ਸਨ ਜੋ ਭਗਤ ਸਿੰਘ ਬਾਰੇ ਮੇਰੇ ਦਿਮਾਗ਼ ਵਿਚ ਚੱਲ ਰਹੀਆਂ ਸਨ। ਭਾਰਤ ਵਿਚ ਤਾਂ ਭਗਤ ਸਿੰਘ ਬਾਰੇ ਬੜੀਆਂ ਗੱਲਾਂ ਚੱਲੀਆਂ ਕਿ ਉਹ ਤਾਂ ਸਾਡੇ ਫ਼ਿਰਕੇ ਦਾ ਸੀ…ਉਹ ਸਾਡੇ ਫ਼ਿਰਕੇ ਦਾ…ਇੱਥੋਂ ਤਕ ਕਿ ਉਸ ਨੂੰ ਹਿੰਦੂ ਬਣਾਉਣ ਦੀ ਵੀ ਕੋਸ਼ਿਸ਼ ਹੋਈ।
ਭਗਤ ਸਿੰਘ ਨਾਲ ਰਿਸ਼ਤਾ
ਹੁਣ : ਪਾਕਿਸਤਾਨ ਚ ਭਗਤ ਸਿੰਘ ਬਾਰੇ ਕਿਹੋ ਜਿਹੀ ਮੁਹਿੰਮ ਚੱਲ ਰਹੀ ਹੈ
ਅਹਿਮਦ ਸਲੀਮ : 1972-73 ਤਕ ਤਾਂ ਭਗਤ ਸਿੰਘ ਦਾ ਨਾਂ ਲੈਣਾ ਵੀ ਜੁਰਮ ਸੀ ਪਾਕਿਸਤਾਨ ਵਿਚ। ਮੁਸਲਿਮ ਲੀਗ ਦੀ ਮੂਵਮੈਂਟ ਹੀ ਫ਼ਰੀਡਮ ਮੂਵਮੈਂਟ ਕਹਿਲਾਈ ਜਾਂਦੀ ਐ ਉਥੇ । ਯਾਨੀ ਮੁਸਲਿਮ ਲੀਗ ਤੋਂ ਬਿਨਾਂ ਜਿੰਨੀ ਵੀ ਕਾਂਗਰਸ ਜਾਂ ਹੋਰ ਇਨਕਲਾਬੀਆਂ ਦੀ ਮੂਵਮੈਂਟ ਐ ਜਾਂ ਹੋਰ ਮੁਸਲਿਮ ਪਾਰਟੀਆਂ ਸਨ, ਉਨ੍ਹਾਂ ਨੂੰ ਗੌਲਿਆ ਨਹੀਂ ਸੀ ਜਾਂਦਾ। ਹੁਣ ਮੇਰਾ ਤਾਂ ’67 ਤੋਂ ਤਾਅਲੁਕ ਬਣ ਚੁੱਕਾ ਸੀ…1971-72 ਤਕ ਤਾਂ ਮੈਨੂੰ ਪੂਰੀਆਂ ਬਾਇਓਗ੍ਰਾਫ਼ੀਆਂ ਯਾਦ ਹੋ ਗਈਆਂ ਸਨ ਭਗਤ ਸਿੰਘ ਦੀਆਂ, ਕਰਤਾਰ ਸਿੰਘ ਸਰਾਭਾ ਦੀਆਂ…ਤੇ ਹੋਰ ਇਨਕਲਾਬੀਆਂ ਦੀਆਂ। ਫੇਰ 1973 ਵਿਚ ਮੈਂ ਭਗਤ ਸਿੰਘ ਬਾਰੇ ਕਿਤਾਬ ਲਿਖੀ, ‘ਭਗਤ ਸਿੰਘ ਜੀਵਨ ਤੇ ਆਦਰਸ਼’। ਉਹ ਛਪੀ ਤੇ ਅਸੀਂ ਉਸ ਨੂੰ ਲਾਂਚ ਕੀਤਾ। ਮੈਨੂੰ ਯਾਦ ਐ ਕਿ ਉਸ ਦਿਨ ਇੰਟੈਲੀਜੈਂਸ ਵਾਲੇ ਮੇਰੇ ਘਰ ਤਕ ਆਏ। ਕਿਹਾ ਉਨ੍ਹਾਂ ਕੁਝ ਨਹੀਂ…ਪਰ ਮੈਂ ਸਮਝ ਗਿਆ ਕਿ ਅੱਜ ਦੀ ਕਾਰਵਾਈ ਉਨ੍ਹਾਂ ਨੂੰ ਜ਼ਰਾ ਜ਼ਿਆਦਾ ਗੰਭੀਰ ਲੱਗੀ ਐ। ਪਹਿਲੋਂ ਸਿਰਫ਼ ਏਨਾ ਹੀ ਦੇਖਦੇ ਸਨ ਕਿ ਘਰੋਂ ਨਿਕਲਿਐ…ਘਰ ਜਾ ਰਿਹੈ…ਇਸ ਤੋਂ ਜ਼ਿਆਦਾ ਨਹੀਂ ਸਨ ਕਰਦੇ। ਹੁਣ ਇਹ ਪੰਜਾਬੀ ਮੂਵਮੈਂਟ ਤੋਂ ਵੀ ਅੱਗੇ ਦੀ ਗੱਲ ਸੀ…ਇਨਕਲਾਬੀ ਗੱਲ। ਜ਼ਾਹਰ ਐ ਇਹ ਉਨ੍ਹਾਂ ਵਾਸਤੇ ਫ਼ਿਕਰ ਦੀ ਗੱਲ ਸੀ। ਪਰ ਅਸੀਂ ਆਪਣੀਆਂ ਗਤੀਵਿਧੀਆਂ ਜਾਰੀ ਰੱਖੀਆਂ। ਮੇਰੇ ਕੋਲ ਬਹੁਤ ਮੈਟਰ ਆਉਂਦਾ ਸੀ…ਭਾਰਤ ਤੋਂ ਮੰਗਵਾਉਂਦਾ ਸਾਂ ਮੈਂ ਚੀਜ਼ਾਂ…ਰਸਾਲੇ ਵੀ ਆਉਂਦੇ ਸਨ ਤੇ ਇਨਕਲਾਬੀਆਂ ਦੀਆਂ ਕਿਤਾਬਾਂ ਵੀ ਆਉਂਦੀਆਂ ਸਨ। ਭਕਨਾ ਜੀ ’68 ਵਿਚ ਤੁਰ ਗਏ…ਭਗਤ ਸਿੰਘ ਦੇ ਮਾਤਾ ਜੀ ਵੀ ਗੁਜ਼ਰ ਗਏ…ਉਸ ਤੋਂ ਛੇਤੀ ਬਾਅਦ ਗੁਰਬਖ਼ਸ ਸਿੰਘ ਪ੍ਰੀਤਲੜੀ ਵੀ ਨਾ ਰਹੇ…ਪਰ ਸੋਹਣ ਸਿੰਘ ਜੋਸ਼ ਹੋਰਾਂ ਨਾਲ ਲੰਬਾ ਸਮਾਂ ਸਿਲਸਿਲਾ ਰਿਹਾ।
ਹੁਣ : ਪਾਕਿਸਤਾਨ ਚ ਭਗਤ ਸਿੰਘ ਬਾਰੇ ਲਿਖਣ ਵਾਲੇ ਤੁਸੀਂ ਪਹਿਲੇ ਹੋ। ਇਸ ਤੋਂ ਪਹਿਲਾਂ ਕਿਸੇ ਨੇ ਕੁਝ ਨਹੀਂ ਲਿਖਿਆ?
ਅਹਿਮਦ ਸਲੀਮ : ਜੀ, ਮੈਂ ਹੀ ਹਾਂ ਜੀ, ਜਿਸ ਨੇ ਸਭ ਤੋਂ ਪਹਿਲਾਂ ਭਗਤ ਸਿੰਘ ਬਾਰੇ ਲਿਖਿਆ। ਸ਼ਾਇਦ 83-84 ਦੀ ਗੱਲ ਐ…ਮੈਂ ਭਗਤ ਸਿੰਘ ਹੋਰਾਂ ‘ਤੇ ਉਰਦੂ ਜ਼ੁਬਾਨ ਵਿਚ ਤਫ਼ਸੀਲ ਨਾਲ ਕਿਤਾਬ ਲਿਖੀ, ‘ਭਗਤ ਸਿੰਘ-ਜ਼ਿੰਦਗੀ ਔਰ ਖ਼ਿਆਲਾਤ’। ਵੰਡ ਤੋਂ ਪਹਿਲਾਂ ਇਕ ਕਿਤਾਬ ਛਪੀ ਸੀ, ‘ਭਗਤ ਸਿੰਘ ਐਂਡ ਹਿਜ਼ ਕਾਮਰੇਡ’।  ਕਮਿਉਨਿਸਟ ਪਾਰਟੀ ਦੇ ਜਨਰਲ ਸਕੱਤਰ ਅਜੈ ਘੋਸ਼ ਹੋਰਾਂ ਨੇ ਕਿਤਾਬ ਲਿਖੀ ਸੀ ਤੇ ਸਾਡੇ ਬਹੁਤ ਹੀ ਵੱਡੇ ਲੇਖਕ ਸਿਬਤੇ ਹਸਨ ਨੇ ਉਰਦੂ ਜ਼ੁਬਾਨ ਵਿਚ ਉਸ ਦਾ ਤਰਜ਼ਮਾ ਕੀਤਾ ਸੀ। ਇਹ ਤਾਂ 1950 ਦੇ ਕਰੀਬ ਦੀ ਗੱਲ ਐ ਲੇਕਿਨ ਕਿਤਾਬ ਦੀ ਸ਼ਕਲ ‘ਚ ਉਹ ਮੈਂ ਹੀ ਪਹਿਲੀ ਵਾਰ ਕੰਮ ਕੀਤੈ। ਮੈਂ ਫੇਰ ਇਕ ਹੋਰ ਕਿਤਾਬ…ਕਾਮਰੇਡ ਰਣਧੀਰ ਸਿੰਘ ਜੋਸ਼ ਹੋਰਾਂ ਦੀ ਕਿਤਾਬ, ‘ਗ਼ਦਰ ਪਾਰਟੀ ਕੇ ਇਨਕਲਾਬੀ’ ਤਰਜ਼ਮਾ ਕੀਤੀ। ਜਿਹੜਾ ਮੈਂ ਭਗਤ ਸਿੰਘ ਦੀ ਮਾਤਾ ਜੀ ਨੂੰ ਖ਼ਤ ਲਿਖਿਆ ਸੀ, ਉਨ੍ਹਾਂ ਨੇ ਆਪਣੇ ਸੈਕਟਰੀ ਰਾਹੀਂ ਅਖ਼ਬਾਰਾਂ ਵਿਚ ਛਪਵਾਇਆ। ਉਸ ਅਖ਼ਬਾਰ ਦੀ ਕਟਿੰਗ ਵੀ ਮੈਨੂੰ ਹਾਲ ਹੀ ਵਿਚ ਮਿਲੀ ਐ। ਮੈਨੂੰ ਨਹੀਂ ਸੀ ਪਤਾ ਕਿ ਮੇਰੇ ਖ਼ਤ ਦੀ ਏਨੀ ਚਰਚਾ ਹੋਈ ਸੀ…ਮਾਲਵਿੰਦਰ ਸਿੰਘ ਵੜੈਚ ਉਸ ਵੇਲੇ ਮਾਤਾ ਜੀ ਹੋਰਾਂ ਨਾਲ ਹੁੰਦੇ ਸਨ। ਉਨ੍ਹਾਂ ਕੋਲੋਂ ਹੀ ਮੈਨੂੰ ਆਪਣੇ ਖ਼ਤ ਦੀ ਕਾਪੀ ਮਿਲੀ ਮਿਲੀ। ਮਾਲਵਿੰਦਰ ਹੋਰਾਂ ਨੇ ਮੈਨੂੰ ਸੋਹਣ ਸਿੰਘ ਭਕਨਾ ਹੋਰਾਂ ਦੀ ਉਰਦੂ ਵਿਚ ਹੱਥ ਲਿਖਤ ਜੀਵਨੀ ਦਿੱਤੀ…ਥੋਡੇ ਇਧਰ ਤਾਂ ਪੰਜਾਬੀ ਤੇ ਅੰਗਰੇਜ਼ੀ ਵਿਚ ਛਪ ਚੁੱਕੀ ਸੀ ਪਰ ਸਾਡੇ ਉਰਦੂ ਵਿਚ ਮੈਂ ਉਧਰ ਛਪਵਾਈ। ਇਹ ਗ਼ਦਰ ਪਾਰਟੀ ਦੇ ਸ਼ਤਾਬਦੀ ਵਰ੍ਹੇ ਪ੍ਰਕਾਸ਼ਤ ਹੋਈ ਐ।
ਫੇਰ ’80 ਦੇ ਅੰਤ ਵਿਚ ਮੈਂ ਤੀਜੀ ਕਿਤਾਬ ਲਿਖੀ, ‘ਹਮਾਰੀ ਸਿਆਸੀ ਤਹਿਰੀਕੇਂ’। ਇਹਦੇ ਵਿਚ ਆਪਣੇ ਇਧਰ ਦੇ ਉਨ੍ਹਾਂ ਮੁਸਲਮਾਨ ਸਾਥੀਆਂ ਦਾ ਵੀ ਜ਼ਿਕਰ ਕੀਤਾ, ਜੋ ਉਸ ਵੇਲੇ ਭਗਤ ਸਿੰਘ ਦੀਆਂ ਤਕਰੀਰਾਂ ਸੁਣਨ ਜਾਂਦੇ ਸਨ। ਉਨ੍ਹਾਂ ਵਿਚ ਸਾਡੇ ਮਸ਼ਹੂਰ ਸੰਗੀਤਕਾਰ ਖ਼ਵਾਜ਼ਾ ਖ਼ੁਰਸ਼ੀਦ ਅਨਵਰ ਵੀ ਸਨ, ਜੋ ਉਸ ਵੇਲੇ 18-19 ਵਰ੍ਹਿਆਂ ਦੇ ਸਨ। ਖ਼ਵਾਜ਼ਾ ਖੁਰਸ਼ੀਦ ਅਨਵਰ ਇੰਟਰ ਸਾਇੰਸ ਦੇ ਵਿਦਿਆਰਥੀ ਸਨ, ਉਹ ਗੌਰਮਿੰਟ ਕਾਲਜ ਲਾਹੌਰ ਤੋਂ ਕੈਮੀਕਲ ਚੁਰਾ ਕੇ ਬੰਬ ਫੈਕਟਰੀ ਵਾਸਤੇ ਮੁਹੱਈਆ ਕਰਵਾਉਂਦੇ ਸਨ। ਇਸ ਬਾਰੇ ਵਿਸਥਾਰ ਲੈ ਕੇ ਮੈਂ ਇਸ ਨੂੰ ਕਿਤਾਬ ਵਿਚ ਸ਼ਾਮਲ ਕੀਤਾ।
ਹੁਣ : ਸੁਣਿਐ ਤੁਹਾਡੇ ਵੱਲ ਭਗਤ ਸਿੰਘ ਨੂੰ ਸੰਧੂ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ
ਅਹਿਮਦ ਸਲੀਮ : ਦਰਅਸਲ  ਹੋ ਇਹ ਰਿਹੈ ਕਿ ਜਿਹੜੇ ਸੰਧੂ ਨੇ ਉਹ ਇਸ ਗੱਲ ਦਾ ਮਾਣ ਲੈ ਰਹੇ ਨੇ ਕਿ ਭਗਤ ਸਿੰਘ ਤਾਂ ਸਾਡਾ ਸੀ… ਉਹ ਖ਼ੁਦ ਨੂੰ ਰਿਲੇਟ ਕਰ ਰਹੇ ਨੇ ਕਿ ਜੀ ਭਗਤ ਸਿੰਘ ਸਾਡੇ ਖ਼ਾਨਦਾਨ ਵਿਚੋਂ ਸੀ…ਸਾਡਾ ਗੋਤਰ ਸੀ…। ਉਸ ਨੂੰ ਕੋਈ ਸਿੱਖ ਬਣਾ ਕੇ ਪੇਸ਼ ਨਹੀਂ ਕਰ ਰਿਹਾ। ਜਿਹੜਾ ਉਹਦਾ ਪ੍ਰੋਗਰੈਸਿਵ ਰੋਲ ਐ…ਜਾਂ ਜਿਵੇਂ ਉਸ ਦੀ ਬਹੁਤ ਚਰਚਿਤ ਕਿਤਾਬ ਐ ‘ਵਾਇ ਆਇ ਐਮ ਐਥੀਸਟ’ ਉਸ ਨੂੰ ਪੇਸ਼ ਨਹੀਂ ਕੀਤਾ ਜਾ ਰਿਹਾ ਹੈ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਹਿੰਦੀ ਦੇ ਪ੍ਰੋਫੈਸਰ ਚਮਨ ਲਾਲ, ਨੇ ਆਪਣੀ ਕਿਤਾਬ ਖ਼ੁਦ ਮੈਨੂੰ ਭੇਟ ਕੀਤੀ ਹੈ। ਇਹ ਸਭ ਕੁਝ ਮੈਂ ਭਗਤ ਸਿੰਘ ਬਾਰੇ ਹੋ ਰਹੇ ਕੰਮ ਵਿਚ ਸ਼ਾਮਲ ਕਰ ਰਿਹਾ ਹਾਂ। ਜਿਹੜਾ ਤੁਹਾਡਾ ਸਵਾਲ ਐ…ਭਗਤ ਸਿੰਘ ਨੂੰ ਇਕੋ ਗਰੁੱਪ ਮੰਨ ਰਿਹੈ ਪਰ ਉਹਦਾ ਨਜ਼ਰੀਆ ਹੋਰ ਵੇ…ਅਸੀਂ ਚਾਹੁੰਦੇ ਸਾਂ ਕਿ ਭਗਤ ਸਿੰਘ ਬਾਰੇ ਟੈਲੀਵਿਜ਼ਨ ‘ਤੇ ਕੋਈ ਕੰਮ ਕਰੀਏ…ਮੇਰੀ ਇਕ ਪ੍ਰੋਡੀਊਸਰ ਨਾਲ ਗੱਲ ਵੀ ਹੋਈ ਜੋ ਹੁਣ ਬਹੁਤ ਵੱਡੇ ਡਰਾਮਾਨਿਗਾਰ ਨੇ ਸ਼ਾਹਿਦ ਮਹਿਮੂਦ ਨਦੀਮ (ਮਦੀਹਾ ਗੌਹਰ ਦੇ ਪਤੀ)। ਮੇਰੀ ਉਨ੍ਹਾਂ ਨਾਲ ਦੋ-ਤਿੰਨ ਪੱਖਾਂ ਤੋਂ ਗੱਲ ਹੋਈ। ਮੈਂ ਕਿਹਾ ਜੀ ਪਹਿਲਾ ਪੱਖ ਇਹ ਵੇ ਕਿ ਭਗਤ ਸਿੰਘ ਦੀ ਸ਼ਹਾਦਤ ਵਿਚ ਗਾਂਧੀ ਜੀ ਦਾ ਖਾਮੋਸ਼ ਰੋਲ ਜ਼ਾਹਰ ਹੋਇਐ …ਮੁਖ਼ਤਲਿਫ਼ ਹਵਾਲਿਆਂ ਦੇ ਨਾਲ ਸਾਹਮਣੇ ਆਈ ਐ ਗੱਲ ਕਿ ਗਾਂਧੀ ਜੀ ਉਹਨੂੰ ਬਚਾ ਸਕਦੇ ਸਨ ਪਰ ਉਨ੍ਹਾਂ ਨੇ ਨਹੀਂ ਬਚਾਇਆ। ਦੂਜਾ ਪੱਖ ਮੈਂ ਕਿਹਾ ਕਿ ਇਹ ਵੇ ਕਿ 1929 ਵਿਚ ਜਦੋਂ ਭਗਤ ਸਿੰਘ ਸਾਥੀਆਂ ਸਮੇਤ ਭੁੱਖ ਹੜਤਾਲ ‘ਤੇ ਸਨ, ਪਾਕਿਸਤਾਨ ਦੇ ਬਾਨੀ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਨੇ ਲੈਜਿਸਲੇਟਿਵ ਅਸੈਂਬਲੀ ਆਫ਼ ਇੰਡੀਆ ਵਿਚ ਤਿੰਨ ਦਿਨ ਤਕ ਤਕਰੀਰ ਕੀਤੀ ਔਰ ਉਸ ਤਕਰੀਰ ਦਾ ਪੂਰਾ ਟੈਕਸਟ ਮੈਂ ਕੱਢਿਆ ਜਿਹਦੇ ਵਿਚ ਉਨ੍ਹਾਂ ਨੇ ਭਗਤ ਸਿੰਘ ਦੇ ਸਿਆਸੀ ਢੰਗ ਦੀ ਆਲੋਚਨਾ ਕੀਤੀ ਤੇ ਫੇਰ ਗੋਰਿਆਂ ਨੂੰ ਮੁਖ਼ਾਤਬ ਹੋ ਕੇ ਕਿਹਾ ਕਿ, ‘ਮਾਈ ਲਾਰਡ, ਭਗਤ ਸਿੰਘ ਜੋ ਕਰ ਰਿਹੈ, ਉਹ ਸਭ ਤੁਹਾਡੀਆਂ ਕਰਤੂਤਾਂ ਦਾ ਨਤੀਜੈ…ਐਂਡ ਆਈ ਸਟੈਂਡ ਵਿਦ ਹਿਮ’। ਮੈਂ ਕਿਹਾ ਕਿ ਪਾਕਿਸਤਾਨ ਦਾ ਜਿਹੜਾ ਬਾਨੀ ਏ…ਬਾਪ ਏ…ਉਹ ਭਗਤ ਸਿੰਘ ਦੇ ਵੱਲ ਦਾ ਸਟੈਂਡ ਲੈ ਰਿਹੈ…। ਫੇਰ ਮੈਂ ਕਿਹਾ ਕਿ ਪੰਜਾਬ ਦੇ ਹਾਈ ਕੋਰਟ ਦੇ ਤਿੰਨ ਵੱਡੇ ਵਕੀਲ ਸਨ ਅਲਾਮਾ ਇਕਬਾਲ (ਮੁਸਲਮਾਨ) ਇਕ ਹਿੰਦੂ ਤੇ ਇਕ ਸਿੱਖ ਵਕੀਲ। ਇਨ੍ਹਾਂ ਤਿੰਨਾਂ ਨੇ ਇਕ ਬਿਆਨ ਜਾਰੀ ਕੀਤਾ ਕਿ ਭਗਤ ਸਿੰਘ ਅਗਰ ਮੁਜਰਮ ਐ ਤਾਂ ਖੁੱਲ੍ਹੀ ਅਦਾਲਤ ਵਿਚ ਮੁਕੱਦਮਾ ਚਲਾਇਆ ਜਾਵੇ ਤੇ ਜਿਹੜਾ ਟ੍ਰਿਬਿਊਨਲ ਐ, ਉਹਦੇ ‘ਤੇ ਸਾਨੂੰ ਸ਼ੱਕ ਏ…। ਮੈਂ ਕਿਹਾ ਅਲਾਮਾ ਇਕਬਾਲ ਹਮਾਇਤ ਕਰ ਰਿਹੈ ਭਗਤ ਸਿੰਘ ਦੀ…ਕਾਇਦੇ-ਆਜ਼ਮ ਹਮਾਇਤ ਕਰ ਰਿਹੈ…ਗਾਂਧੀ ਬਾਰੇ ਉਹਦੇ ਵਾਲਿਦ ਦਾ ਕਹਿਣੈ ਕਿ ਮੈਨੂੰ ਸ਼ੱਕ ਐ ਕਿ ਗਾਂਧੀ ਜੀ ਤੁਹਾਨੂੰ ਬਚਾਉਣ ਦੀ ਗੱਲ ਨਹੀਂ ਕਰ ਰਹੇ। ਮੈਂ ਕਿਹਾ ਕਿ ਹੁਣ ਪਾਕਿਸਤਾਨ ਦੇ ਸੰਦਰਭ ਵਿਚ ਇਹ ਬਣਦੈ ਕਿ ਇਸ ਨੂੰ ਪੇਸ਼ ਕੀਤਾ ਜਾਵੇ ਕਿਉਂਕਿ ਭਗਤ ਸਿੰਘ ਤਾਂ ਪਾਕਿਸਤਾਨ ਦਾ ਹੀਰੋ ਸੀ। ਪਰ ਤੁਹਾਨੂੰ ਪਤੈ ਕਿ ਸਟੇਟ ਏਨੀ ਦਲੀਲ ਨਾਲ ਖ਼ੁਸ਼ ਨਹੀਂ ਸੀ…ਔਰ ਸਾਨੂੰ ਇਜਾਜ਼ਤ ਨਹੀਂ ਮਿਲੀ…ਲੇਕਿਨ ਮੈਂ ਆਪਣਾ ਕੰਮ ਜਾਰੀ ਰੱਖਿਆ। ਪਾਕਿਸਤਾਨ ਵਿਚ ਜਿੰਨਾ ਭਗਤ ਸਿੰਘ ਬਾਰੇ ਕੰਮ ਐ…ਮੈਂ ਆਪਣੇ ਮੂੰਹੋਂ ਕਹਿਣ ‘ਤੇ ਮਜਬੂਰ ਹਾਂ ਸਾਰੀ ਮੇਰੀ ਲਗਾਤਾਰਤਾ ਸੀ…। ਫੇਰ ਮੈਂ ਲਾਇਲਪੁਰ ਜਾ ਕੇ ਉਸ ਵਕੀਲ ਨੂੰ ਮਿਲਿਆ, ਜਿਸ ਨੂੰ ਭਗਤ ਸਿੰਘ ਦਾ ਬੰਗਾ ਦਾ ਘਰ ਅਲਾਟ ਹੋਇਆ ਸੀ ’47 ਤੋਂ ਬਾਅਦ। ਉਹ ਮੈਨੂੰ ਬੰਗਾ ਲੈ ਗਿਆ ਚੱਕ 105…ਉਥੇ ਮੈਨੂੰ ਭਗਤ ਸਿੰਘ ਦੇ ਛੋਟੇ ਭਾਈ ਦਾ ਸਾਥੀ ਮਿਲਿਆ…ਬਜ਼ੁਰਗ ਹੋ ਗਏ ਸਨ…ਉਨ੍ਹਾਂ ਨੇ ਵੀ ਮੈਨੂੰ ਕੁਝ ਗੱਲਾਂ ਦੱਸੀਆਂ…ਇੰਟਰਵਿਊ ਰਿਕਾਰਡ ਕੀਤੇ…ਭਗਤ ਸਿੰਘ ਦਾ ਸਕੂਲ ਦੇਖਿਆ…ਜਿਸ ਦੀ ਇਕ ਦੀਵਾਰ ਹੀ ਰਹਿ ਗਈ ਐ…ਉਨ੍ਹਾਂ ਸਾਰੀਆਂ ਥਾਵਾਂ ਦੀ ਵੀਡੀਓਗ੍ਰਾਫ਼ੀ ਕੀਤੀ। ਫੇਰ ਉਹ ਸਾਨੂੰ ਉਨ੍ਹਾਂ ਦੇ ਖੇਤਾਂ ਵਿਚਲੇ ਡੇਰੇ ਲੈ ਗਿਆ…ਉਥੇ ਅੰਬ ਦਾ ਬਾਗ਼ ਸੀ…ਉਨ੍ਹਾਂ ਬਜ਼ੁਰਗਾਂ ਨੇ ਦੱਸਿਆ ਕਿ ਇਹਦਾ ਫ਼ਲ ਭਗਤ ਸਿੰਘ ਨੇ ਵੀ ਖਾਧਾ ਹੋਇਐ। ਉਨ੍ਹਾਂ ਦੀ ਤਸਦੀਕ ਮੈਂ ਨਹੀਂ ਕਰ ਸਕਦਾ, ਨਾ ਤਰਦੀਦ ਕਰ ਸਕਣਾ ਵਾਂ…ਲੇਕਿਨ ਮੈਂ ਉਹ ਦੱਸ ਰਿਹਾਂ ਜੋ ਮੈਨੂੰ ਉਥੇ ਦੱਸਿਆ ਗਿਆ। ਫੇਰ ਇਸ ਘਰ ਵਿਚ ਬੇਰੀ ਦਾ ਦਰਖ਼ਤ ਸੀ…ਉਹ ਵੀ ਉਸੇ ਵੇਲੇ ਦਾ ਸੀ…। ਇਹ ਸਾਰੀਆਂ ਚੀਜ਼ਾਂ ਮੈਂ ਰਿਕਾਰਡ ਕੀਤੀਆਂ…ਫੇਰ ਅਸੀਂ ਮੁਹਿੰਮ ਚਲਾਈ ਕਿ ਭਗਤ ਸਿੰਘ ਦੇ ਘਰ ਨੂੰ ਯਾਦਗਾਰ ਬਣਾਇਆ ਜਾਵੇ…ਉਸ ਘਰ ਵਿਚ ਦੋ ਚੀਜ਼ਾਂ ਸਨ ਜੋ ਇਹ ਲੋਕ (ਭਗਤ ਸਿੰਘ ਦੇ ਮਾਪੇ) ਛੱਡ ਕੇ ਚਲੇ ਗਏ ਸਨ…ਲੋਹੇ ਦੀ ਬਹੁਤ ਭਾਰੀ ਤਿਜੌਰੀ, ਜੋ ਚੁੱਕੀ ਨਹੀਂ ਸੀ ਜਾ ਸਕਦੀ…ਇਕ ਸੀ ਦੇਗਚਾ…ਜਿਹਦੇ ਵਿਚ ਜ਼ਾਹਰ ਐ ਬਹੁਤ ਵੱਡੇ ਪੈਮਾਨੇ ‘ਤੇ ਖਾਣੇ ਬਣਦੇ ਸਨ…। ਚੂੰਕਿ ਉਹ ਸਿਆਸੀ ਪਰਿਵਾਰ ਸੀ…ਕਾਂਗਰਸ ਨਾਲ ਜੁੜੇ ਹੋਏ ਸਨ…ਏਸ ਵਾਸਤੇ ਉਥੇ ਬਹੁਤ ਸਿਆਸੀ ਬੰਦੇ ਆਉਂਦੇ ਸਨ…ਫੇਰ ਉਥੇ ਮੇਲਾ ਵੀ ਲਗਦਾ ਸੀ…ਇਹ ਵੀ ਸਾਰਾ ਕੁਝ ਮੈਂ ਇਕਤੱਰ ਕੀਤਾ। ਇਸ ਬਾਰੇ ਲਿਖਿਆ। ਫੇਰ ਗਵਰਨਰ ਪੰਜਾਬ ਨਾਲ ਮੈਂ ਮੁਲਾਕਾਤ ਕੀਤੀ…ਮੈਂ ਕਿਹਾ, ‘ਜਨਾਬ ਇਹ ਦੱਸੋ ਭਗਤ ਸਿੰਘ ਨੇ ਕੀ ਕਸੂਰ ਕੀਤੈ…ਉਹ ਇਧਰ ਜੰਮਿਆ…ਇਧਰ ਪਲਿਆ…ਇਧਰ ਪ੍ਰਵਾਨ ਚੜ੍ਹਿਆ…ਇਧਰ ਪੜ੍ਹਿਆ…ਇਧਰ ਉਹਨੇ ਇਨਕਲਾਬ ਦੀ ਜੰਗ ਲੜੀ…ਮੈਂ ਇਹ ਵੀ ਕਿਹਾ ਕਿ ਭਾਰਤ ‘ਚ ਜਿਹੜੀਆਂ ਫ਼ਿਲਮਾਂ ਬਣ ਰਹੀਆਂ ਨੇ ਉਨ੍ਹਾਂ ਦੇ ਦ੍ਰਿਸ਼ ਅਸਲੀ ਨਹੀਂ ਹਨ…ਜਿੱਥੇ ਉਨ੍ਹਾਂ ਨੇ ਬੰਬ ਸੁੱਟਿਆ…ਜਿੱਥੇ ਉਹਨੇ ਸਾਂਡਰਸ ਨੂੰ ਮਾਰਿਆ…ਜਿੱਥੇ ਉਹ ਕਾਲਜ ਤੋਂ ਦੌੜੇ…ਪੁਣਛ ਹਾਊਸ ਵਿਚ ਉਨ੍ਹਾਂ ਦਾ ਮੁਕੱਦਮਾ ਚੱਲਿਆ…ਉਹ ਸਾਰੀਆਂ ਅਸਲ ਥਾਵਾਂ ਇੱਥੇ ਸਾਡੇ ਕੋਲ ਨੇ…ਜਿੱਥੇ ਉਹ ਅਦਾਲਤ ਸੀ, ਉਸ ਨੂੰ ਢਾਹਿਆ ਗਿਆ ਤੇ ਉਥੇ ਹੁਣ ਭਗਤ ਸਿੰਘ ਚੌਕ ਬਣਾਉਣ ਦੀ ਗੱਲ ਹੋ ਰਹੀ ਐ…ਤੇ ਅਸੀਂ ਕਿਉਂ ਭਗਤ ਸਿੰਘ ਬਾਰੇ ਕੁਝ ਨਹੀਂ ਕਰ ਰਹੇ।’ ਚੱਲੋ ਖ਼ੈਰ, ਹੁਣ ਤੇ ਬਹੁਤ ਸੰਸਥਾਵਾਂ ਆ ਗਈਆਂ ਨੇ…ਤੇ ਮੈਂ ਬਹੁਤ ਖ਼ੁਸ਼ ਹਾਂ ਕਿ ਹੁਣ ਮੈਨੂੰ ਕੁਝ ਕਰਨ ਦੀ ਲੋੜ ਨਹੀਂ…ਬਹੁਤ ਲੋਕ ਅੱਗੇ ਆ ਗਏ ਨੇ…।
ਹੁਣ : ਅੱਜ ਕਲ੍ਹ ਗਦਰ ਪਾਰਟੀ/ ਗਦਰ ਲਹਿਰ ਬਾਰੇ ਵੀ ਕੁੱਝ ਲੋਕ ਇਸ ਨੂੰ ਇਕ ਖਾਸ ਧਰਮ ਨਾਲ ਜੋੜ ਕੇ ਪੇਸ਼ ਕਰ ਰਹੇ ਨੇ, ਤੁਹਾਡਾ ਕੀ ਨਜ਼ਰੀਆ ਹੈ ਇਹਦੇ ਬਾਰੇ
ਅਹਿਮਦ ਸਲੀਮ : ਮੈਂ ਸਮਝਣਾ ਵਾਂ ਕਿ ਇਹ ਦੋਵੇਂ ਮੁਲਕਾਂ ਦੀ ਮਾਨਸਿਕਤਾ ਵੇ ਕਿ ਜਿਹੜੇ ਲੋਕ ਸਾਰੀ ਜ਼ਿੰਦਗੀ ਪ੍ਰਗਤੀਵਾਦੀ ਸਿਆਸਤ ਕਰਦੇ ਰਹਿੰਦੇ ਨੇ…ਔਰ ਮਰ ਜਾਂਦੇ ਨੇ…ਉਸ ਤੋਂ ਬਾਅਦ ਉਨ੍ਹਾਂ ਦਾ ਖ਼ਾਨਦਾਨ ਜਾਂ ਉਨ੍ਹਾਂ ਦੇ ਨੇੜੇ ਦੇ ਲੋਕ…ਜਾਂ ਉਸ ਭਾਈਚਾਰੇ ਦੇ ਕੁੱਝ ਲੋਕ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਖ਼ਾਤਰ ਉਨ੍ਹਾਂ ਨੂੰ ਰੀਹੈਬਲੀਟੇਟ ਕਰਨ ਦੀ ਕੋਸ਼ਿਸ਼ ਕਰਦੇ ਨੇ…ਜਿਸ ਮਜ਼੍ਹਬ ਵਿਚ ਉਨ੍ਹਾਂ ਨੇ ਜਨਮ ਲਿਆ ਹੁੰਦੈ…ਇਥੋਂ ਤਕ ਕਿ ਫ਼ੈਜ਼ ਸਾਹਿਬ ਨੇ ਆਪਣੀ ਮੌਤ ਤੋਂ ਪਹਿਲਾਂ ਦੋ ਦਿਨ ਆਪਣੇ ਪਿੰਡ ਗੁਜ਼ਾਰੇ…ਔਰ ਜਿਸ ਦਿਨ ਵਾਪਸ ਆਏ…ਹਸਪਤਾਲ ਦਾਖ਼ਲ ਕਰਾਉਣਾ ਪਿਆ ਤੇ ਅਗਲੇ ਦਿਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਵਾਲਿਦ ਨੇ ਕਿਧਰੇ ਮਸਜਿਦ ਬਣਾਈ ਸੀ…ਉਹ ਮਸਜਿਦ ਵਿਚ ਚਲੇ ਗਏ…ਉਥੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਮਸਜਿਦ ਡਿੱਗ ਰਹੀ ਏ…ਉਨ੍ਹਾਂ ਨੇ ਮਦਦ ਲਈ ਪੈਸੇ ਵੀ ਦਿੱਤੇ…। ਹੁਣ ਉਸ ਸਾਰੇ ਮਾਮਲੇ ਨੂੰ ਲੈ ਕੇ ਸਾਬਤ ਇਹ ਕੀਤਾ ਜਾ ਰਿਹੈ ਕਿ ਫ਼ੈਜ਼ ਸਾਹਿਬ ਪੱਕੇ ਮੁਸਲਮਾਨ ਹੋ ਗਏ ਸਨ…ਉਨ੍ਹਾਂ ਨੂੰ ਨਮਾਜ਼ ਪੜ੍ਹਾਈ…ਫਲਾਣਾ…ਫਲਾਣਾ…। ਇਹ ਰੁਝਾਨ ਹਰ ਜਗ੍ਹਾ ਹੈ।
ਗ਼ਦਰ ਪਾਰਟੀ ਬਾਰੇ ਮੈਂ ਪੂਰੀ ਤਰ੍ਹਾਂ ਸਪਸ਼ਟ ਹਾਂ… ਇਤਨੀ ਵੱਡੀ ਕਮਾਲ ਦੀ ਗੱਲ ਐ ਕਿ 1917 ਵਿਚ ਸੋਵੀਅਤ ਇਨਕਲਾਬ ਆਉਂਦੈ ਤੇ 1913 ਵਿਚ ਇਹ ਲੋਕ ਇਨਕਲਾਬ ਦੀਆਂ ਗੱਲਾਂ ਕਰ ਰਹੇ ਨੇ…ਮੈਨੂੰ ਮਾਲਵਿੰਦਰ ਸਿੰਘ ਵੜੈਚ ਨੇ ਹੀ ਕਿਹੈ ਕਿ ਉਹਦੇ ਕੋਲ ਕਿਸੇ ਬੰਦੇ ਦਾ ਕਮਿਊਨਿਸਟ ਮੈਨੀਫੈਸਟੋ ਹੈ…ਕਹਿਣ ਦਾ ਭਾਵ 1917 ਦੇ ਇਨਕਲਾਬ ਤੋਂ ਪਹਿਲਾਂ ਇਨ੍ਹਾਂ ਕੋਲ ਕਮਿਊਨਿਸਟ ਮੈਨੀਫੈਸਟੋ ਮੌਜੂਦ ਸੀ…। ਮੈਂ ਸਮਝਦਾਂ ਕਿ ਜੇਕਰ ਗ਼ਦਰ ਪਾਰਟੀ ਨਾ ਹੁੰਦੀ ਤਾਂ ਕਮਿਊਨਿਸਟ ਲਹਿਰ ਏਨੀ ਸਫਲਤਾ ਨਾਲ ਅੱਗੇ ਨਾ ਵਧਦੀ।

ਜ਼ੁਬਾਨ ਗਲੋਬਲਾਈਜੇਸ਼ਨ ਦੇ ਪ੍ਰਭਾਵ ਹੇਠਾਂ ਮਰ ਰਹੀ ਹੈ

ਪਾਕਿਸਤਾਨ ਚ ਕਮਿਊਨਿਸਟ

ਸਵਾਲ : ਪਾਕਿਸਤਾਨ ਵਿਚ ਕਮਿਊਨਿਸਟ ਪਾਰਟੀ ਦੀਆਂ ਸਰਗਰਮੀਆਂ ਬਾਰੇ ਦੱਸੋ

ਅਹਿਮਦ ਸਲੀਮ : ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੀ 1948 ਵਿਚ ਕਲੱਕਤਾ ਵਿਚ ਕਾਂਗਰਸ ਹੋਈ ਤਾਂ ਉਸ ਵਿਚ ਫ਼ੈਸਲਾ ਹੋਇਆ ਕਿ ਕਮਿਊਨਿਸਟ ਪਾਰਟੀ ਆਫ਼ ਪਾਕਿਸਤਾਨ ਵੱਖਰੇ ਤੌਰ ‘ਤੇ ਕੰਮ ਕਰੇਗੀ। ਉਨ੍ਹਾਂ ਨੇ ਸੱਜਾਦ ਜ਼ਹੀਰ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ। 1948 ਤੋਂ 1951 ਤਕ ਸੱਜਾਦ ਜ਼ਹੀਰ ਨੇ ਪਾਰਟੀ ਲਈ ਕੰਮ ਕੀਤਾ…ਉਹ ਵੀ ਅੰਡਰ ਗਰਾਉਂਡ ਰਹਿ ਕੇ। ਹਾਲਾਂਕਿ ਪਾਰਟੀ ‘ਤੇ ਕੋਈ ਪਾਬੰਦੀ ਨਹੀਂ ਸੀ ਪਰ ਇਹ ਸੰਭਵ ਹੀ ਨਹੀਂ ਸੀ ਕਿਉਂਕਿ ਸਿਬਤੇ ਹਸਨ ਦੇ ਵਾਰੰਟ ਨਿਕਲੇ ਹੋਏ ਸਨ…ਸੱਜਾਦ ਜ਼ਹੀਰ ਦੇ ਵੀ ਵਾਰੰਟ ਨਿਕਲੇ ਹੋਏ ਸਨ…। ਇਹ ਕਹਿ ਸਕਦੇ ਹਾਂ ਕਿ ਅਣ-ਐਲਾਨੀ ਪਾਬੰਦੀ ਸੀ…ਹਕੂਮਤ ਨਹੀਂ ਸੀ ਚਾਹੁੰਦੀ ਕਿ ਉਹ ਕੰਮ ਕਰਨ। ਏਸ ਮਸਲੇ ‘ਤੇ ਬੜੀਆਂ ਕਿਤਾਬਾਂ ਲਿਖੀਆਂ ਗਈਆਂ ਨੇ। ਸਾਡੇ ਇਕ ਬੜੇ ਵੱਡੇ ਲੇਖਕ ਸਨ ਹਮੀਦ ਅਖ਼ਤਰ, ਉਹ ’45-46 ਵਿਚ ਬੰਬੇ ਹੀ ਸਨ ਤੇ ਸਜਾਦ ਜ਼ਹੀਰ ਦੇ ਘਰ ਠਹਿਰੇ ਸਨ। ਉਨ੍ਹਾਂ ਨੇ ਆਪਣੀਆਂ ਯਾਦਾਂ ਲਿਖੀਆਂ ਨੇ। ਜਿਸ ਵੇਲੇ ਸੱਜਾਦ ਜ਼ਹੀਰ ’48 ਵਿਚ ਪਾਕਿਸਤਾਨ ਆਏ ਨੇ…ਹਮੀਦ ਅਖ਼ਤਰ ਉਸ ਵੇਲੇ ਸੱਜਾਦ ਜ਼ਹੀਰ ਤੇ ਪਾਰਟੀ ਵਿਚਾਲੇ ਕੜੀ ਬਣੇ ਰਹੇ। ਉਨ੍ਹਾਂ ਨੇ ਬੜੇ ਮਜ਼ੇ ਮਜ਼ੇ ਦੇ ਵਾਕਿਆਤ ਵੀ ਲਿਖੇ ਨੇ…ਮੇਰੇ ਨਾਲ ਵੀ ਉਨ੍ਹਾਂ ਸਾਂਝੇ ਕੀਤੇ ਨੇ ਕਿਉਂਕਿ ਮੈਂ ਹਮੀਦ ਅਖ਼ਤਰ ਦੀ ਬਾਇਓਗਰਾਫ਼ੀ ਵੀ ਲਿਖੀ ਐ।

ਸੋ, ਗੱਲ ਇਹ ਵੇ ਪਹਿਲੇ ਦਿਨ ਤੋਂ ਹੀ ਪਾਕਿਸਤਾਨ ਦੀ ਹਕੂਮਤ ਇਸ ਲਹਿਰ ਨੂੰ ਖ਼ਤਮ ਕਰਨਾ ਚਾਹੁੰਦੀ ਸੀ। ਦੂਜੀ ਵਜ੍ਹਾ ਇਹ ਸੀ ਕਿ ’48 ਵਿਚ ਜਿਸ ਵਕਤ ਕਲੱਕਤਾ ਵਿਚ ਕਾਂਗਰਸ ਹੋਈ ਤੇ ਪੀæਸੀæ ਜੋਸ਼ੀ ਸਨ ਜਨਰਲ ਸਕੱਤਰ …ਉਨ੍ਹਾਂ ਨੂੰ ਹਟਾ ਕੇ ਰਣਦੀਵੇ ਨੂੰ ਲਾਇਆ ਗਿਆ…ਉਹ ਐਕਸਟਰੀਮਿਸਟ ਸਨ…ਉਨ੍ਹਾਂ ਨੇ ਲਾਈਨ ਦਿੱਤੀ ਕਿ ਕ੍ਰਾਂਤੀ ਆ ਰਹੀ ਐ…ਇਹ ਜਿਹੜੀਆਂ ਬੁਰਜ਼ੂਆ ਹਕੂਮਤਾਂ ਨੇ ਸਾਮਰਾਜ ਦੀਆਂ ਦੇਣ ਨੇ…ਤੇ ਹਿੰਦੁਸਤਾਨ ਤੇ ਪਾਕਿਸਤਾਨ ਦੀਆਂ ਕਮਿਊਨਿਸਟ ਪਾਰਟੀਆਂ ਇਨ੍ਹਾਂ ਦੀ ਛੁੱਟੀ ਕਰਵਾ ਸਕਦੀਆਂ ਨੇ। ਐਕਸਟਰੀਮ ਲਾਈਨ ਲੈਣ ਨਾਲ ਨੁਕਸਾਨ ਵੀ ਬਹੁਤ ਹੋਇਆ। ਪਾਕਿਸਤਾਨ ਵਿਚ ਤਾਂ ਪਹਿਲਾਂ ਹੀ ਬਹੁਤ ਕਮਜ਼ੋਰ ਸਨ ਲੋਕ ਕਿਉਂਕਿ ਹਿੰਦੂ-ਸਿੱਖ ਕਾਮਰੇਡ ਸਾਰੇ ਭਾਰਤ ਰਹਿ ਗਏ ਤੇ ਜਿਹੜੇ ਇਧਰ ਆਏ ਵੀ ਸੱਜਾਦ ਜ਼ਹੀਰ, ਸਿਬਤੇ ਹਸਨ, ਮਿਰਜ਼ਾ ਅਸ਼ਵਾਦ ਬੇਗ ਵਰਗੇ ਲੋਕ…ਉਹ ਇਸ ਧਰਤੀ ਦੇ ਨਹੀਂ ਸਨ…ਇਸ ਵਾਸਤੇ ਵੀ ਕਮਜ਼ੋਰੀ ਸੀ ਪਾਰਟੀ ਦੀ। 1951 ਵਿਚ ਕਮਿਊਨਿਸਟ ਪਾਰਟੀ ਦੇ ਖ਼ਿਲਾਫ਼ ਰਾਵਲਪਿੰਡੀ ਕਾਨਸਪੀਰੇਸੀ ਕੇਸ ਬਣਿਆ…ਜਿਹਦੇ ਵਿਚ ਫ਼ੈਜ਼ ਅਹਿਮਦ ਫ਼ੈਜ਼, ਸੱਜਾਦ ਜ਼ਹੀਰ ਤੇ ਹੋਰ ਕਈ ਬੰਦੇ ਫੜੇ ਗਏ। ਉਹ ਸਾਰੇ ਚਾਰ-ਪੰਜ ਸਾਲ ਜੇਲ੍ਹ ਰਹੇ। ਪੰਜ ਸਾਲ ਤੋਂ ਬਾਅਦ ਜਦੋਂ ਇਹ ਲੋਕ ਰਿਹਾਅ ਹੋਏ…ਉਸ ਤੋਂ ਪਹਿਲਾਂ ਹੀ 1954 ਵਿਚ ਕਮਿਊਨਿਸਟ ਪਾਰਟੀ ‘ਤੇ ਪਾਬੰਦੀ ਲਾਗੂ ਹੋ ਗਈ। ਹੁਣ ਗੈਰ ਕਾਨੂੰਨੀ ਪਾਰਟੀ ਅੰਡਰ ਗਰਾਉਂਡ ਚਲੀ ਗਈ ਤੇ ਅੰਡਰ ਗਰਾਉਂਡ ਰਹਿ ਕੇ ਉਸ ਨੇ ਕਿੰਨਾ ਕੰਮ ਕਰਨਾ ਸੀ…ਕੀ ਕੰਮ ਕਰਨਾ ਸੀ…ਉਹ ਵੱਖਰੀ ਦਾਸਤਾਨ ਏ…ਉਹਦੇ ‘ਚ 1960 ‘ਚ ਮੈਂ ਵੀ ਹਿੱਸਾ ਬਣ ਗਿਆ ਸਾਂ। ਕਹਿਣ ਦਾ ਭਾਵ ਪਾਕਿਸਤਾਨ ਵਿਚ ਕਮਿਊਨਿਸਟ ਮੂਵਮੈਂਟ ਕਦੇ ਸਿਰ ਚੁੱਕ ਹੀ ਨਹੀਂ ਸਕੀ ।

ਸਵਾਲ : ਇਸ ਵਕਤ ਕੀ ਸੂਰਤ-ਇ-ਹਾਲ ਐ?

ਅਹਿਮਦ ਸਲੀਮ : ਇਸ ਵਕਤ ਵੀ ਹਾਲ ਬਹੁਤਾ ਵਧੀਆ ਨਹੀਂ। ਪਹਿਲਾਂ ਤਾਂ ਧੜੇਬਾਜ਼ੀ ਹੋਈ ਮਾਸਕੋ ਤੇ ਚੀਨ ਦੀ। ਅੱਜ ਕੱਲ੍ਹ ਰੂਸ-ਚੀਨ ਦਾ ਰੌਲਾ ਵੀ ਮੁੱਕ ਚੁੱਕੈ। ਹੁਣ ਨਿੱਜੀ ਮੁਫ਼ਾਦ ਨੇ…ਚਾਰ-ਪੰਜ ਧੜੇ ਹੋ ਚੁੱਕੇ ਨੇ। ਕਮਿਊਨਿਸਟ ਪਾਰਟੀ ਨਾਲ ਮੇਰੀ ਹਜੇ ਤਕ ਜੁੜਤ ਹੈ ਔਰ ਪ੍ਰੈਕਟੀਕਲੀ ਮੈਂ ਕੰਮ ਵੀ ਬਹੁਤ ਕਰ ਰਿਹਾ ਵਾਂ… ਜਿਹੜਾ ਉਨ੍ਹਾਂ ਦਾ ਫ਼ਰੰਟ ਵੇ ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ, ਉਹਦੇ ਨਾਲ ਮੈਂ ਜੁੜਿਆ ਹੋਇਆ ਵਾਂ। ਹੁਣ ਪਾਰਟੀ ਚਾਹ ਰਹੀ ਏ ਕਿ ਮੈਂ ਕਮਿਊਨਿਸਟ ਪਾਰਟੀ ਆਫ਼ ਪਾਕਿਸਤਾਨ ਦਾ ਇਤਿਹਾਸ ਲਿਖਾਂ। ਮੈਂ ਇਸ ਤਰ੍ਹਾਂ ਦਾ ਕੰਮ ਕਰ ਰਿਹਾਂ ਕਿ ਟੇਬਲ ਵਰਕ ਕਰ ਸਕਾਂ…ਸਮੱਗਰੀ ‘ਕੱਠੀ ਕਰ ਸਕਾਂ…ਮੇਰਾ ਇਸ ਤਰ੍ਹਾਂ ਦਾ ਤਾਅਲੁਕ ਹੈ। ਹਾਂ…ਮੈਨੂੰ ਲਗਦਾ ਵੀ ਹੈ ਕਿ ਹੁਣ ਕਮਿਊਨਿਸਟ ਪਾਰਟੀ ਦੀ ਕੋਈ ਸਟੈਡਿੰਗ ਬਣ ਸਕਦੀ ਹੈ?

ਸਵਾਲ : ਜਿਵੇਂ ਸਾਡੇ ਇੱਥੇ ਸਾਹਿਤ ਵਿਚ ਪ੍ਰਗਤੀਵਾਦੀ ਮੂਵਮੈਂਟ ਦਾ ਇਕ ਮਾਣਮੱਤਾ ਇਤਿਹਾਸ ਹੈ। ਕੀ ਪਾਕਿਸਤਾਨ ‘ਚ ਵੀ ਸਾਹਿਤ ਦੇ ਖੇਤਰ ‘ਚ ਕੁੱਝ ਇਸ ਤਰ੍ਹਾਂ ਦਾ ਵਾਪਰਿਆ

ਅਹਿਮਦ ਸਲੀਮ : ਇਕ ਗੱਲ ਮੈਂ ਤੁਹਾਨੂੰ ਦੱਸਾਂ… ਪਾਕਿਸਤਾਨ ‘ਚ ਜਥੇਬੰਦਕ ਤੌਰ ‘ਤੇ ਇਹ ਕਦੇ ਵੀ ਤਾਕਤਵਰ ਨਹੀਂ ਹੋਏ…ਇਨ੍ਹਾਂ ‘ਚ ਵੰਡੀਆਂ ਵੀ ਪਈਆਂ…ਇਨ੍ਹਾਂ ‘ਚ ਲੜਾਈਆਂ ਵੀ ਹੋਈਆਂ…ਲੇਕਿਨ ਜੋ ਸਾਹਿਤ ਇਹ ਰਚ ਗਏ ਨੇ…ਭਾਰਤ ਵਿਚ ਯਾ ਪਾਕਿਸਤਾਨ ਵਿਚ…ਉਹੀ ਸਾਹਿਤ ਜ਼ਿੰਦਾ ਹੈ…ਬਾਕੀ ਸਭ ਮਰ-ਖਪ ਗਿਆ। ਪ੍ਰਗਤੀਵਾਦ ਵਿਰੋਧੀਆਂ ਦੀ ਕੋਈ ਹੈਸੀਅਤ ਨਹੀਂ ਰਹੀ। ਪ੍ਰਗਤੀਵਾਦੀ ਵਿਰੋਧੀਆਂ ਵਿਚੋਂ ਤੁਸੀਂ ਚਾਰ-ਪੰਜ ਨਾਂ ਲੈ ਸਕਦੇ ਹੋ ਜਿਹੜੇ ਉਭਰ ਕੇ ਆਏ ਇੰਤਜ਼ਾਰ ਹੁਸੈਨ, ਨਾਸਿਰ ਕਾਜ਼ਮੀ…। ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ ਔਰ ਹਲਕਾ-ਏ-ਅਰਬਾਬੇਜ਼ੋਕ ਇਹ ਕਾਨਫਲਿਕਟਿੰਗ ਜਥੇਬੰਦੀਆਂ ਸਨ, ਜਿਨ੍ਹਾਂ ‘ਚੋਂ ਇਕ ਕਹਿੰਦੀ ਸੀ ਅਦਬ ਬਰਾਏ ਅਦਬ…ਲਿਟਰੇਚਰ ਫਾਰ ਲਿਟਰੇਚਰ…ਇਹ ਹਲਕਾ-ਏ-ਅਰਬਾਬੇਜ਼ੋਕ ਸੀ…ਔਰ ਦੂਜੇ ਕਹਿੰਦੇ ਸਨ ਕਿ ਲਿਟਰੇਚਰ ਫਾਰ ਲਾਈਫ਼। ਤੁਹਾਡੇ ਇਧਰ ਜਿਵੇਂ ਗੋਪੀ ਚੰਦ ਨਾਰੰਗ ਐ, ਯਸ਼ਮਾਨ ਫਾਰੂਕੀ ਐ, ਪੰਜਾਬੀ ‘ਚ ਮੈਨੂੰ ਨਹੀਂ ਪਤਾ ਕਿ ਇਸ ਕੱਦ-ਬੁੱਤ ਦਾ ਕੋਈ ਹੈ ਵੇ…ਮੈਨੂੰ ਤਾਂ ਲਗਦੈ ਕਿ ਪੰਜਾਬੀ ਵਿਚ ਜ਼ਿਆਦਾ ਪ੍ਰੋਗਰੈਸਿਵ ਲੋਕ ਹੀ ਨੇ…।

ਫ਼ੈਜ਼ ਸਾਹਿਬ ਕਹਿੰਦੇ ਸਨ, ‘ਅਰੇ ਭਾਈ ਆਪ ਆਰਗੇਨਾਈਜੇਸ਼ਨ ਕੀ ਬਾਤ ਕਿਉਂ ਕਰਤੇ ਹੈਂ…ਤਹਿਰੀਕ ਕੀ ਬਾਤ ਕਿਉਂ ਨਹੀਂ ਕਰਤੇ? ਉਹ ਕਹਿੰਦੇ ਸਨ ਕਿ ਤਹਿਰੀਕ ਕਦੇ ਨਹੀਂ ਮਰ ਸਕਦੀ ਪ੍ਰੋਗਰੈਸਿਵ ਰਾਈਟਰਜ਼ ਦੀ…ਹਾਂ ਆਰਗੇਨਾਈਜੇਸ਼ਨ ਖ਼ਤਮ ਹੋ ਸਕਦੀ ਏ…ਯਾ ਉਹਦੇ ‘ਚ ਵੰਡੀਆਂ ਪੈ ਸਕਦੀਆਂ ਨੇ…। ਹੁਣ ਵੀ ਇਹ ਵੇ ਕਿ ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨਾਂ ਦੋ ਨੇ …ਬਲਕਿ ਹੁਣ ਤਾਂ ਇਕ ਤੀਸਰੇ ਧੜੇ ਨੇ ਆਪਣੇ ਆਪ ਨੂੰ ਐਲਾਨ ਦਿੱਤੈ ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ…’ਅੰਜ਼ੁਮਨ ਤਰੱਕੀ ਪਸੰਦ ਮੁਸਨਫੀਨ’। ਜੋ ਲਿਖਿਆ ਜਾ ਰਿਹੈ ਤਰੱਕੀ ਪਸੰਦ ਐਸੋਸੀਏਸ਼ਨ ਦੇ ਨਾਂ ‘ਤੇ…ਉਹ ਹਾਲੇ ਵੀ ਜਿਉਂਦਾ ਹੈ।

ਸਵਾਲ : ਤੁਹਾਡੇ ਵੱਲ ਨਜ਼ਮ ਦੀ ਕੀ ਸਥਿਤੀ ਹੈ। ਜਿਵੇਂ ਸਾਡੇ ਇਧਰ ਖੁਲ੍ਹੀ ਨਜ਼ਮ ਦਾ ਵਧੇਰੇ ਬੋਲਬਾਲਾ ਹੈ।

ਅਹਿਮਦ ਸਲੀਮ : ਮੈਨੂੰ ਤਾਂ ਤੁਹਾਡੇ ਇਧਰ ਦੀ ਗ਼ਜ਼ਲ ਵੀ ਕਈ ਵਾਰ ਆਜ਼ਾਦ ਈ ਲਗਦੀ ਏ…ਹਾ…ਹਾ…ਕਿਉਂਕਿ ਉਹਦਾ ਵਜ਼ਨ ਜ਼ਰਾ ਇਧਰ-ਉਧਰ ਹੋਇਆ ਹੁੰਦੈ…। ਸਾਡੇ ਵਾਕਿਆ ਹੀ ਫ਼ਰਕ ਏ…ਉਧਰ ਇਕ ਤਾਂ ਜਿਹੜਾ ਤਾਂ ਪੰਜਾਬੀ ਦਾ ਧੜਾ ਏ ਨਜਮ ਹੁਸੈਨ ਸੱਯਦ, ਮੁਸਤਾਕ ਸੂਫ਼ੀ ਯਾ ਮੈਂ ਵੀ ਉਨ੍ਹਾਂ ਦਾ ਹਿੱਸਾ ਰਿਹਾ ਵਾਂ ਕਾਫ਼ੀ ਸਾਲ ਤੱਕ…ਔਰ ਮੈਂ ਸਮਝਦਾਂ ਵਾਂ ਕਿ ਉਨ੍ਹਾਂ ਦਾ ਇਹ ਸਟੈਂਡ ਬਿਲਕੁਲ ਠੀਕ ਵੇ ਕਿ ਗ਼ਜ਼ਲ ਪੰਜਾਬੀ ਦੀ ਸਿਨਫ਼ ਨਹੀਂ ਐ…ਔਰ ਗ਼ਜ਼ਲ ਨਹੀਂ ਲਿਖਣੀ…ਮਸਲਨ ਮੇਰੀ ਕੋਈ ਗ਼ਜ਼ਲ ਨਹੀਂ ਐ…ਯਾ ਨਜਮ ਹੁਸੈਨ ਸੱਯਦ ਦੀ ਕੋਈ ਗ਼ਜ਼ਲ ਨਹੀਂ ਐ…ਏਨੇ ਵੱਡੇ ਉਹ ਲੇਖਕ ਨੇ…ਉਨ੍ਹਾਂ ਦੀ ਕਵਿਤਾ ਦੀਆਂ ਕੋਈ 20 ਕਿਤਾਬਾਂ ਹੋਣਗੀਆਂ। ਇਕ ਤਾਂ ਇਹ ਨਜ਼ਰੀਆ ਐ…ਦੂਜਾ ਵਾਰਤਕ ਤੇ ਕਵਿਤਾ ਦਾ ਜੋ ਮਾਮਲਾ ਹੈ, ਉਧਰ ਦੇ ਅਸਰ ਹੇਠ ਇਧਰ ਕਾਫ਼ੀ ਲੋਕ ਲਿਖ ਰਹੇ ਨੇ…ਮੈਂ ਖ਼ੁਦ ਰਦੀਫ਼, ਛੰਦ ਕਾਫ਼ੀਏ ਦੀ ਸ਼ਾਇਰੀ ਬਹੁਤ ਕੀਤੀ ਐ…ਲੇਕਿਨ ਹੁਣ ਮੈਂ ਪੂਰੀ ਤਰ੍ਹਾਂ ਖੁੱਲ੍ਹੀ ਨਜ਼ਮ ਲਿਖਦਾਂ। ਹੋਰ ਵੀ ਕਾਫ਼ੀ ਨੌਜਵਾਨ ਲਿਖ ਰਹੇ ਨੇ…ਲੇਕਿਨ ਅਜੇ ਵੀ ਵਜ਼ਨ ਨੂੰ … ਬਹਿਰ ਨੂੰ ਕਾਇਮ ਰੱਖਣ ਦਾ ਰੁਝਾਨ ਹੈ…ਇਧਰ ਦੇ ਮੁਕਾਬਲੇ ਉਧਰ ਜ਼ਿਆਦਾ ਹੈ।

ਪੰਜਾਬੀ, ਗੁਰਮੁਖੀ, ਸ਼ਾਹਮੁਖੀ ਤੇ ਇਲਮ

ਸਵਾਲ : ਤੁਹਾਡੇ ਵੰਨੀਂ ਸ਼ਾਹਮੁਖੀ ਲਿਪੀ ਏ ਤੇ ਅਸੀਂ ਗੁਰਮੁਖੀ ਲਿਪੀ ਚ ਪੰਜਾਬੀ ਲਿਖਦੇ ਆ। ਤੁਹਾਡੇ ਖ਼ਿਆਲ ਚ ਪੰਜਾਬੀ ਲਈ ਕਿਹੜੀ ਲਿਪੀ ਵਧੇਰੇ ਠੀਕ ਐ

ਅਹਿਮਦ ਸਲੀਮ : ਵਿਗਿਆਨਕ ਲਿਪੀ ਤੇ ਗੁਰਮੁਖੀ ਈ ਏ…ਇਹ ਸਹੀ ਉਸੇ ਤਰ੍ਹਾਂ ਲਿਖੀ ਜਾਂਦੀ ਐ ਜਿਵੇਂ ਤੁਸੀਂ ਬੋਲ ਰਹੇ ਹੁੰਦੇ ਹੋ…ਸ਼ਾਹਮੁਖੀ ‘ਚ ਇਹ ਸੰਭਵ ਨਹੀਂ ਐ…ਕਿਉਂਕਿ ਸ਼ਾਹਮੁਖੀ ਵਿਚ ਜੋੜਾਂ ਦੇ ਨਾਲ ਕੰਮ ਹੁੰਦੈ…। ਜਿਵੇਂ ਹੁਣ ਅਸੀਂ ਕਹਿੰਦੇ ਆਂ ‘ਬਿਲਕੁਲ’…ਪਰ ਲਿਖਦੇ ਆਂ ‘ਬਾਲਕਲ’। ਹੁਣ ਇਹ ਸਮਝ ਐ ਕਿ ਅਸੀਂ ਇਸ ਨੂੰ ਬਿਲਕੁਲ ਹੀ ਪੜ੍ਹਨਾ ਐ…ਜਿਸ ਤਰ੍ਹਾਂ ਅਰਬੀ ‘ਚ ਜ਼ੇਰਾਂ ਜ਼ਬਰਾਂ ਨਹੀਂ ਪਾਉਂਦੇ ਪਰ ਉਹ ਸਹੀ ਪੜ੍ਹਦੇ ਨੇ…ਅਸੀਂ ਜ਼ੇਰਾਂ ਜ਼ਬਰਾਂ ਪੇਸ਼ਾਂ ਦੇ ਨਾਲ ਕੁਰਆਨ ਸ਼ਰੀਫ਼ ਪੜ੍ਹਨੇ ਆਂ। ਔਰ ਇਹਦਾ ਇਕ ਨੁਕਸਾਨ ਇਹ ਹੋ ਰਿਹੈ ਕਿ ਜਿਸ ਵਕਤ ਉਹ ਸਾਫ਼ਟਵੇਅਰ ਬਣਿਆ ਜਿਸ ਵਿਚ ਗੁਰਮੁਖੀ ਤੇ ਸ਼ਾਹਮੁਖੀ ਨੂੰ ਇਕ-ਦੂਜੇ ‘ਚ ਬਦਲਿਆ ਜਾ ਸਕੇ…ਉਹਦੇ ‘ਚ ਦਿੱਕਤ ਇਹ ਪੇਸ਼ ਆ ਰਹੀ ਐ ਕਿ ਅਲਿਫ਼, ਐਨ…ਵਗੈਰਾ…ਵਗੈਰਾ ਤਿੰਨ-ਚਾਰ ਲਫ਼ਜ਼ ਨੇ ਜੋ ਆਇਆ ਦੀ ਆਵਾਜ਼ ਦਿੰਦੇ ਨੇ…ਇਸੇ ਤਰ੍ਹਾਂ ਤੇ ਔਰ ਤੋਏ ਐ, ਇਕੋ ਧੁਨੀ…ਕਿਉਂਕਿ ਅਰਬੀ ‘ਚੋਂ ਆਈਆਂ ਨੇ ਇਹ ਚੀਜ਼ਾਂ। ਜ਼ੋਏ, ਜ਼ੁਆਦ, ਜ਼ੇ, ਜ਼ਾਲ਼ææਹੁਣ ਇਹ ਚਾਰ ਸ਼ਬਦ ਨੇ ਲੇਕਿਨ ਇਕੋ ਧੁਨੀ ਦੇ ਨੇ…ਹੁਣ ਤੁਸੀਂ ਅਲਫ਼ਾਜ਼ ਲਿਖਣੈਂ, ਉਹਦੇ ‘ਚ ਜ਼ੋਏ ਆਏਗੀ…ਗ਼ਰਜ਼ ਲਿਖਣੈਂ ਤਾਂ ਉਹਦੇ ‘ਚ ਜ਼ੁਆਦ ਆਏਗੀ…ਜ਼ਾਤ ਲਿਖਣੈ ਤਾਂ ਉਹਦੇ ‘ਚ ਜ਼ੇ ਆਏਗੀ…ਜੇ ਜ਼ਰਾ ਲਿਖਣੈਂ  ਤਾਂ ਉਹਦੇ ‘ਚ ਜ਼ਾਲ ਆਏਗੀ। ਗੁਰਮੁਖੀ ਵਿਚ ਤਾਂ ਉਹ ਜ਼ਾਲ ਈ ਲਿਖੀ ਜਾਣੀ ਐ ਨਾ…ਯਾਨੀ ਜ਼ਰਾ ਤੁਸੀਂ ਲਿਖੋਗੇ ਤਾਂ ਉਹ ਵਿਗਿਆਨਕ ਤਰੀਕੇ ਨਾਲ ਆ ਜਾਵੇਗਾ…ਤੇ ਹੁਣ ਤੁਸੀਂ ਜਦੋਂ ਤਬਦੀਲ ਕਰਦੇ ਓ ਤਾਂ ਉਹ ਜ਼ੋਏ ‘ਚ, ਜ਼ੁਆਦ ‘ਚ, ਜ਼ੇ ਯਾ ਜ਼ਾਲ ‘ਚ ਹੋਵੇ ਤਾਂ ਅਜਿਹੀਆਂ ਔਕੜਾਂ ਆ ਰਹੀਆਂ ਨੇ। ਪਰ ਮੈਂ ਸਮਝਦਾਂ ਕਿ ਜੇਕਰ ਕੰਮ ਜਾਰੀ ਰੱਖਿਆ ਜਾਵੇ ਤਾਂ ਅਜਿਹਾ ਸਾਫ਼ਟਵੇਅਰ ਬਣ ਜਾਵੇ ਜਿਹਦੇ ‘ਚ ਬੜੀ ਕਾਮਯਾਬੀ ਮਿਲੇ।

ਸਵਾਲ : ਸਲੀਮ ਜੀ, ਅਸੀਂ ਇਹਦੇ ਨਾਲ ਹੀ ਇਕ ਹੋਰ ਸਵਾਲ ਜੋੜ ਦੇਈਏ ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਜੇਕਰ ਇਧਰ ਵੱਡੇ ਪੱਧਰ ਤੇ ਸ਼ਾਹਮੁਖੀ ਸਿਖਾਈ ਜਾਵੇ ਤੇ ਉਧਰ ਗੁਰਮੁਖੀ ਤਾਂ ਜੋ ਜਿਹੜਾ ਮਸਲਾ ਬਣ ਰਿਹੈ ਮਸਲਨ ਅਸੀਂ ਜ਼ਿਆਦਾ ਸੰਸਕ੍ਰਿਤ ਵੱਲ ਜਾ ਰਹੇ ਹਾਂ ਤੇ ਉਧਰ ਦੇ ਲੋਕ ਜ਼ਿਆਦਾ ਉਰਦੂ ਦੇ ਨੇੜੇ ਜਾ ਰਹੇ ਹਨ, ਉਹ ਖ਼ਤਮ ਹੋ ਸਕਦੈ। ਜੇਕਰ ਅਜਿਹਾ ਨਾ ਹੋਇਆ ਤਾਂ ਪੰਜਾਹ ਸਾਲਾਂ ਤਕ ਪੰਜਾਬੀ ਜ਼ੁਬਾਨ ਦੇ ਦੋ ਹਿੱਸੇ ਹੋ ਹੀ ਜਾਣਗੇ?

ਅਹਿਮਦ ਸਲੀਮ : ਮੈਂ ਸਮਝਨਾ ਦੋ ਹਿੱਸੇ ਬਣ ਚੁੱਕੇ ਨੇ …। ਮੈਂ ਲਤੀਫ਼ੇ ਦੇ ਤੌਰ ‘ਤੇ ਦੱਸਾਂ…ਬੜੇ ਮਿਹਰਬਾਨ ਦੋਸਤ ਨੇ ਸਾਡੇ ਕਰਨੈਲ ਸਿੰਘ ਥਿੰਦ…ਜਦੋਂ ਉਨ੍ਹਾਂ ਦਾ ਪੀæਐਚæਡੀ ਦਾ ਥੀਸਿਜ਼ ਫੋਕਲੋਰ ‘ਤੇ ਆਇਆ…ਮੈਂ ਉਹਦੀ ਬੜੀ ਤਾਰੀਫ਼ ਕੀਤੀ ਤੇ ਕਿਹਾ ਕਿ ਮਿਹਰਬਾਨੀ ਕਰਕੇ ਇਹਨੂੰ ਪੰਜਾਬੀ ਵਿਚ ਤਰਜ਼ਮਾ ਵੀ ਕਰ ਦਿਓ। ਯਾਨੀ ਏਨਾ ਫ਼ਰਕ ਆ ਗਿਐ। ਇਸੇ ਤਰ੍ਹਾਂ ਸਾਡੀ ਜਿਹੜੀ ਲਿਖਤ ਏ…ਆਲੋਚਨਾ ਏ…ਫ਼ਲਸਫ਼ੇ ਦੇ ਜਿੰਨੇ ਟਰਮ ਨੇ…ਮਨੋਵਿਗਿਆਨ ਦੀਆਂ ਜਿੰਨੀਆਂ ਟਰਮਾਂ ਨੇ…ਇਧਰ ਦੀਆਂ ਸਾਰੀਆਂ ਸੰਸਕ੍ਰਿਤ ਦੀਆਂ ਨੇ ਤੇ ਉਧਰ ਦੀਆਂ ‘ਤੇ ਉਰਦੂ ਦਾ ਰੰਗ ਚੜ੍ਹਿਆ ਹੋਇਐ। ਇਹ ਗੈਪ ਬਹੁਤ ਵੱਡਾ ਪੈ ਗਿਐ। ਦੂਜੀ ਗੱਲ ਏ ਵੇ ਕਿ ਜੇਕਰ ਦੋਵੇਂ ਲਿਪੀਆਂ ਅੱਜ ਦੋਹੀਂ ਪਾਸੇ ਪੜ੍ਹੀਆਂ ਜਾਣ ਤਾਂ ਇਹ ਗੈਪ ਘੱਟ ਸਕਦੈ। ਅੱਜ ਸਵੇਰੇ ਹੀ ਬੜੀ ਮਜ਼ੇਦਾਰ ਗੱਲ ਹੋਈ। ਕਿਸੇ ਟੀਵੀ ਚੈਨਲ ਦੇ ਸੱਜਣ ਆਏ ਸਨ ਮੇਰੀ ਇੰਟਰਵਿਊ ਕਰਨ। ਮੈਂ ਉਨ੍ਹਾਂ ਨੂੰ ਕਿਹਾ ਕਿ ਭਾਰਤ ਦੀ ਪੰਜਾਬ ਸਰਕਾਰ ਨੂੰ ਚਾਹੀਦੈ ਕਿ ਉਹ ਹੁਕਮ ਜਾਰੀ ਕਰਕੇ ਪੰਜਾਬ ਦੀਆਂ ਤਿੰਨੋਂ ਸਰਕਾਰੀ ਯੂਨੀਵਰਸਿਟੀਆਂ ਵਿਚ ਇਕ ਪੇਪਰ ਪਰਸ਼ੀਅਨ ਜਾਂ ਸ਼ਾਹਮੁਖੀ ਦਾ ਲਾਜ਼ਮੀ ਕਰ ਦੇਵੇ…ਔਰ ਕਿਸੇ ਬੱਚੇ ਨੂੰ ਐਮæਏæ ਦੀ ਡਿਗਰੀ ਨਾ ਮਿਲੇ ਜਦੋਂ ਤਕ ਉਹ ਇਕ ਪਰਚਾ ਫ਼ਾਰਸੀ ਅੱਖਰਾਂ ਦਾ ਪਾਸ ਨਾ ਕਰੇ…ਪਾਕਿਸਤਾਨ ‘ਚ ਇਸੇ ਤਰ੍ਹਾਂ ਹੈ…ਗੁਰਮੁਖੀ ਇਸੇ ਤਰ੍ਹਾਂ ਲਾਜ਼ਮੀ ਏ…ਇਸ ਦਾ ਨਤੀਜਾ ਇਹ ਵੇ ਕਿ ਜਿੰਨੀ ਤੇਜ਼ੀ ਨਾਲ ਗੁਰਮੁਖੀ ਉਥੇ ਫੈਲੀ ਵੇ…ਇਧਰ ਕਿਸੇ ਬੱਚੇ ਨੂੰ ਉਰਦੂ ਅੱਖਰਾਂ ਦਾ ਨਹੀਂ ਪਤਾ। ਮੈਂ ਬਲਕਿ ਮਜ਼ਾਕ ਵਿਚ ਕਿਹਾ ਕਿ ਸਾਨੂੰ ਅਦੀਬਾਂ, ਸ਼ਾਇਰਾਂ ਨੂੰ ਵੀ ਇੰਜ ਹੀ ਕਰਨਾ ਚਾਹੀਦਾ ਹੈ। ਮੈਂ ਇਹ ਵੀ ਕਿਹਾ, ‘ਮੇਰੇ ਹਿਸਾਬ ਨਾਲ ਸੁਰਜੀਤ ਪਾਤਰ ਅੱਜ ਦਾ ਜ਼ਹੀਨ ਸ਼ਾਇਰ ਏ…ਅਗਰ ਉਹ ਸ਼ਾਹਮੁਖੀ ‘ਚ ਨਹੀਂ ਪੜ੍ਹਦਾ ਤਾਂ ਅੱਧੇ ਇਲਮ ਤੋਂ ਆਪਣੇ ਆਪ ਨੂੰ ਮਹਿਰੂਮ ਕਰ ਰਿਹੈ…ਉਹਦੀ ਸਾਰੀ ਵਡਿਆਈ ਅੱਧੀ ਰਹਿ ਜਾਂਦੀ ਐ ਔਰ ਇਹ ਗੱਲ ਮੈਂ ਉਹਦਾ ਨਾਂ ਲੈ ਕੇ ਕਹੀ ਐ…ਪਤਾ ਨਹੀਂ ਉਹ ਬੁਰਾ ਨਾ ਮਨਾ ਜਾਣ।

ਮੈਂ ਤਾਂ ਸ਼ੁਰੂ ਵਿਚ ਹੀ ਸਿੱਖ ਲਈ ਸੀ ਗੁਰਮੁਖੀ।

ਸਵਾਲ : ਉਧਰ ਗੁਰਮੁਖੀ ਦੀ ਕਿਹੋ ਜਿਹੀ ਸਥਿਤੀ ਏ?

ਅਹਿਮਦ ਸਲੀਮ : ਇਕ ਤੇ ਉਧਰ ਵਿਦਿਆਰਥੀ ਪੱਧਰ ‘ਤੇ ਵੱਡਾ ਪਾਸਾਰ ਵੇ…ਅਧਿਆਪਕਾਂ ਨੂੰ ਸਮਝ ਵੇ…ਜ਼ਾਹਰ ਏ ਕਿ ਜਦੋਂ ਤੁਸੀਂ ਬੱਚਿਆਂ ਨੂੰ ਪੜ੍ਹਾਉਣਾ ਐ ਤਾਂ ਤੁਹਾਨੂੰ ਆਪ ਆਉਣੀ ਚਾਹੀਦੀ ਐ। ਤਮਾਮ ਪੰਜਾਬੀ ਦੇ ਜਿਤਨੇ ਅਧਿਆਪਕ ਨੇ…ਉਨ੍ਹਾਂ ਨੂੰ ਗੁਰਮੁਖੀ ਆਉਂਦੀ ਏ…ਔਰ ਜਿਤਨੇ ਵਿਦਿਆਰਥੀ ਨੇ ਉਹ ਗੁਰਮੁਖੀ ਜਾਣਦੇ ਨੇ। ਸਾਡੇ ਸਾਹਿਤ ਦੇ ਜਿੰਨੇ ਰਸਾਲੇ ਨੇ…ਉਨ੍ਹਾਂ ਵਿਚ ਇਕ ਰਸਾਲਾ ‘ਲਹਿਰਾਂ’ ਵੇ ਜੋ 12-13 ਸਫ਼ੇ ਗੁਰਮੁਖੀ ਛਾਪਦਾ ਏ…। ਔਰ ਹਰ ਅੰਕ ਵਿਚ ਗੁਰਮੁਖੀ ਦੀ ਪੈਂਤੀ ਅੱਖਰੀ ਵੀ ਛਪੀ ਹੁੰਦੀ ਐ। ਔਰ ਜਿਹੜਾ ਇਹਦਾ ਸੰਪਾਦਕ ਅਖ਼ਤਰ ਹੁਸੈਨ ਅਖ਼ਤਰ ਸੀ ਉਹ ਪਸ਼ਤੋ ਦਾ ਸ਼ਾਇਰ ਸੀ ਤੇ ਫੇਰ ਉਹ ਪੰਜਾਬੀ ਵੱਲ ਆਇਆ ਤੇ ਸਾਰੀ ਜ਼ਿੰਦਗੀ ਪੰਜਾਬੀ ਨੂੰ ਦੇ ਦਿੱਤੀ।

ਮਾਂ ਬੋਲੀ ਤੇ ਹਕੂਮਤ

ਸਵਾਲ  :ਜਿਵੇਂ ਦਾ ਵਤੀਰਾ ਮਾਂ ਬੋਲੀਆਂ/ਭਾਸਾæਵਾਂ ਪ੍ਰਤੀ ਹਕੂਮਤਾਂ ਦਾ ਬਣਿਆ ਹੋਇਐ, ਕੀ  ਸਟੇਟ ਨੂੰ ਮਾਂ ਬੋਲੀ ਤੋਂ ਕੋਈ ਖ਼ਤਰਾ ਹੁੰਦੈ?

ਅਹਿਮਦ ਸਲੀਮ : ਜੀ, ਸਟੇਟ ਨੂੰ ਹਮੇਸ਼ਾ ਮਾਂ ਬੋਲੀ ਤੋਂ ਖ਼ਤਰਾ ਮਹਿਸੂਸ ਹੁੰਦੈ…। ਤੁਸੀਂ ਜੇਕਰ ਪਾਕਿਸਤਾਨ ਦੇ ਸਿਆਸੀ ਇਤਿਹਾਸ ‘ਤੇ ਨਜ਼ਰ ਮਾਰੋ…ਤਾਂ 1948 ਵਿਚ ਬੰਗਾਲੀਆਂ ਦੀ ਮੁਖ਼ਾਲਫ਼ਤ ਹੋਈ…ਫੇਰ 21 ਫਰਵਰੀ 1952 ਨੂੰ ਪਾਕਿਸਤਾਨ ਪੁਲੀਸ ਨੇ ਢਾਕੇ ਦੇ ਵਿਚ ਗੋਲੀਆਂ ਚਲਾਈਆਂ ਤੇ ਕੋਈ 10-11 ਵਿਦਿਆਰਥੀ ਸ਼ਹੀਦ ਹੋ ਗਏ…ਬੰਗਾਲੀਆਂ ਨੇ ਸ਼ਹੀਦ ਮੀਨਾਰ ਬਣਾਇਆ…ਔਰ ਇਸ ਸ਼ਹੀਦ ਮੀਨਾਰ ਦੀ ਮੂਵਮੈਂਟ ਨੇ ਬੰਗਲਾ ਦੇਸ਼ ਬਣਾ ਦਿੱਤਾ। ਇਸੇ ਤਰ੍ਹਾਂ ਨਾਲ ਜਦੋਂ ’47 ਦੀ ਵੰਡ ਹੋਈ…ਸਿੰਧੀ ਸਕੂਲ ਖ਼ਤਮ ਕਰ ਦਿੱਤੇ ਗਏ…ਸਿੰਧੀ, ਬਲੋਚੀ, ਪਸ਼ਤੋ, ਬੰਗਾਲੀ, ਪੰਜਾਬੀ…ਸਭ ਬੰਦ ਹੋ ਗਏ…ਪੰਜਾਬੀਆਂ ਨੇ ਤਾਂ ਖ਼ੈਰ ਆਪ ਹੀ ਕੋਈ ਦਿਲਚਸਪੀ ਨਹੀਂ ਦਿਖਾਈ…’47 ਤਕ ਪੰਜਾਬ ਯੂਨੀਵਰਸਿਟੀ ਵਿਚ ਪੰਜਾਬੀ ਵਿਭਾਗ ਸੀ…ਇਸ ਤੋਂ ਬਾਅਦ ਖ਼ਤਮ ਹੋ ਗਿਆ। ਫੇਰ ’70 ‘ਚ ਜਾ ਕੇ ਦੁਬਾਰਾ ਸ਼ੁਰੂ ਹੋਇਆ। ਸੋ, ਸਟੇਟ ਪਾਲਸੀ ਪਿਛੇ ਜਿਹੜਾ ਫ਼ਲਸਫ਼ਾ ਵੇ…ਉਹ ਵਨ-ਨੈੱਸ ਦਾ ਫ਼ਲਸਫ਼ਾ ਵੇ…ਇਕ ਰੱਬ…ਇਕ ਰਸੂਲ਼ææਇਕ ਕੁਰਆਨ…ਇਕ ਜ਼ੁਬਾਨ…। ਇਕ ਜ਼ੁਬਾਨ ਦਾ ਮਤਲਬ ਏ ਕਿ ਬਾਕੀ ਜ਼ੁਬਾਨਾਂ ਨੂੰ ਅੱਗੇ ਨਾ ਵਧਣ ਦਿੱਤਾ ਜਾਏ। ਪਹਿਲੇ ਤੇ ਕਿਹਾ ਗਿਆ ਕਿ ਪੰਜਾਬੀ ਸਿੱਖਾਂ ਦੀ ਜ਼ੁਬਾਨ ਏ…ਜਿਸ ਵੇਲੇ ਅਸਾਂ ਕਿਹਾ…ਫੇਰ ਵਾਰਸ ਸ਼ਾਹ, ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ, ਬਾਬਾ ਫ਼ਰੀਦ ਬੜੇ ਵਧੀਆ ਸਿੱਖ ਹੋਣਗੇ…ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹਦੇ ਵਿਚ ਤਾਂ ਗੜਬੜ ਏ…ਉਨ੍ਹਾਂ ਕਿਹਾ, ਚੂੰਕਿ ਸਿੱਖਾਂ ਦੀ ਤਾਂ ਇਹ ਧਾਰਮਕ ਬੋਲੀ ਵੇ…ਏਸ ਵਾਸਤੇ ਉਨ੍ਹਾਂ ਦੀ ਦਿਲਚਸਪੀ ਜ਼ਿਆਦਾ ਵੇ। ਸੋ, ਸਟੇਟ ਪਾਲਸੀ ਮੁਤਾਬਕ ਇਕੋ ਜ਼ੁਬਾਨ ਹੋਣੀ ਚਾਹੀਦੀ ਏ…ਔਰ ਹੁਣ ਤੇ ਸਟੇਟ ਪਾਲਸੀ ਦੀ ਵੀ ਐਸੀ-ਤੈਸੀ ਹੋ ਗਈ ਕਿਉਂਕਿ ਉਰਦੂ ਜ਼ੁਬਾਨ ਦੀ ਵੀ ਕੋਈ ਮਾਨਤਾ ਨਹੀਂ ਐ…ਹੁਣ ਅੰਗਰੇਜ਼ੀ ਮੀਡੀਅਮ ਐ…ਉਹ ਦਫ਼ਤਰੀ ਜ਼ੁਬਾਨ ਐ…ਉਹ ਰੁਜ਼ਗਾਰ ਦੀ ਜ਼ੁਬਾਨ ਐ…ਉਹ ਸਕੂਲ ਔਰ ਕਾਲਜ ਦੀ ਜ਼ੁਬਾਨ ਐ। ਔਰ ਇਹਦਾ ਵੱਡਾ ਕਾਰਨ ਗਲੋਬਲਾਈਜੇਸ਼ਨ ਵੇ…ਹੁਣ ਤੇ ਲੋਕ ਜ਼ੁਬਾਨਾਂ ਸੁਕੜ ਰਹੀਆਂ ਨੇ…ਕੌਮਾਂ ਸੁੰਗੜ ਰਹੀਆਂ ਨੇ…ਤੇ ਸੰਸਾਰ ਇਕ ਵੱਡਾ ਸਾਰਾ ਪਿੰਡ ਬਣ ਗਿਐ…ਸੰਸਾਰੀ ਪਿੰਡ ਦੀ ਗੱਲ ਕਰੋ…ਇਕ ਜ਼ੁਬਾਨ ਦੀ ਗੱਲ ਕਰੋ…ਇਕ ਡਰਿੰਕ ਦੀ ਗੱਲ ਕਰੋ…ਮਸਲਨ ਸੈਵਨ ਅੱਪ ਦੀ ਗੱਲ ਕਰੋ…ਇਹ ਜਿਹੜਾ ਅਸੀਂ-ਤੁਸੀਂ ਦੇਸੀ ਸ਼ਰਬਤ ਪੀਆ ਕਰਦੇ ਓ…ਆਚਾਰ, ਮੁਰੱਬੇ ਬਣਾਉਂਦੇ ਓ…ਉਹ ਛੱਡੋ…ਉਹ ਨੁਸਖ਼ਾ ਵਰਤੋ ਜਿਹੜਾ ਪੂਰੀ ਦੁਨੀਆ ਦਾ ਇਕ ਵੇ। ਇਸ ਹਿਸਾਬ ਨਾਲ ਗਲੋਬਲਾਈਜੇਸ਼ਨ ਨੇ ਇਸ ਵੱਖਰਤਾ ਨੂੰ ਕਾਫ਼ੀ ਸੱਟ ਮਾਰੀ ਐ… ਕਿਉਂਕਿ ਅਸੀਂ ਸਮਝਨੇ ਆਂ ਕਿ ਵੱਖਰਤਾ ਨਾਲ ਅਮੀਰੀ ਆਉਂਦੀ ਐ। ਮਸਲਨ, ਹੁਣ ਪੰਜਾਬੀ ਜ਼ੁਬਾਨ ਏ…ਉਹਦਾ ਇਕ ਅੰਗ ਪੋਠੋਹਾਰੀ ਵੇ…ਇਕ ਅੰਗ ਉਹਦਾ ਸਰਾਇਕੀ ਵੇ…ਇਕ ਅੰਗ ਉਹਦਾ ਮੁਲਤਾਨੀ ਵੇ…ਇਕ ਅੰਗ ਉਹਦਾ ਛਾਛੀ ਵੇ…ਇਹਦਾ ਮਤਲਬ ਤਾਂ ਇਹ ਵੇ ਨਾ ਕਿ ਖ਼ੂਬਸੂਰਤੀ ਏ…ਇਕ ਗੁਲਦਸਤਾ ਹੈ ਪੰਜਾਬੀ ਜ਼ੁਬਾਨ। ਇਸੇ ਤਰ੍ਹਾਂ ਤੁਸੀਂ ਕੌਮਾਂ ਦੀ ਗੱਲ ਕਰੋ…ਪੰਜਾਬੀ, ਸਿੰਧੀ, ਪਸ਼ਤੋ, ਬਲੋਚੀ…ਯਾਨੀ ਪਾਕਿਸਤਾਨ ਗੁਲਦਸਤਾ ਏ ਇਨ੍ਹਾਂ ਕੌਮਾਂ ਦਾ। ਫੇਰ ਮਜ਼੍ਹਬ ਦੀ ਗੱਲ ਕਰੋ…ਹਿੰਦੂ, ਸਿੱਖ, ਈਸਾਈ, ਮੁਸਲਮਾਨ, ਫ਼ਾਰਸੀ ਇਹ ਮਜ਼੍ਹਬਾਂ ਦਾ ਗੁਲਦਸਤਾ ਵੇ। ਮਤਲਬ ਇਸ ਨੂੰ ਅਸੀਂ ਹਾਂ ਪੱਖੀ ਸਮਝਨੇ ਆਂ ਕਿ ਡਾਇਵਰਸਿਟੀ ਇਨ ਟੂ ਦੀ ਯੂਨਿਟੀ…æਯੂਨਿਟੀ ਇਨ ਟੂ ਡਾਇਵਰਸਿਟੀ। ਯਾਨੀ ਤੁਸੀਂ ਏਕਤਾ ਵੀ ਕਰਨੀ ਐ ਤਾਂ ਪਹਿਲਾਂ ਸਾਰਿਆਂ ਨੂੰ ਮੰਨੋ।

ਸਾਡਾ ਇਕ ਸਿਆਸੀ ਲੀਡਰ ਹੁੰਦਾ ਸੀ…ਉਸ ਨੂੰ ਕਿਸੇ ਨੇ ਪੁਛਿਆ ਕਿ ਤੂੰ ਕੀ ਏਂ…ਉਹਨੇ ਕਿਹਾ ਕਿ ਮੈਂ ਪੰਜ ਹਜ਼ਾਰ ਸਾਲ ਤੋਂ ਪਖ਼ਤੂਨ ਆਂ… 26 ਸਾਲ ਤੋਂ ਪਾਕਿਸਤਾਨੀ ਆਂ…ਔਰ 1300 ਸਾਲ ਤੋਂ ਮੁਸਲਮਾਨ ਆਂ। ਕਹਿਣ ਦਾ ਭਾਵ ਤੁਹਾਡੇ ਵਿਚ ਵੱਖਰਤਾ ਹੈ…ਇਹ ਕੋਈ ਝਗੜਾ ਨਹੀਂ…ਬਲਕਿ ਅੱਡੋ-ਅੱਡਰੀਆਂ ਖੂਬਸੂਰਤੀਆਂ ਨੇ। ਪਾਕਿਸਤਾਨੀ ਸਟੇਟ ਦੀ ਸਮੱਸਿਆ ਏ ਵੇ ਕਿ ਜੇਕਰ ਵਨ-ਨੈੱਸ ਦੀ ਗੱਲ ਨਾ ਕੀਤੀ ਤਾਂ ਪਾਕਿਸਤਾਨ ਟੁੱਟ ਜਾਵੇਗਾ।

ਜ਼ੋਰ-ਜ਼ੁਲਮ ਦਾ ਵਿਰੋਧ ਤੇ ਮੀਡੀਆ

ਸਵਾਲ : ਜ਼ਰਾ ਇਤਿਹਾਸਕ ਗੱਲ ਕਰਦੇ ਹਾਂ। ਪਾਕਿਸਤਾਨ ਬਣਨ ਸਾਰ ਹੀ, ਉਥੇ ਪਹਿਲਾ ਕੰਮ ਇਹ ਹੋਇਆ ਕਿ ਪੰਜਾਬੀ ਨੂੰ ਪੰਜਾਬ ਚੋਂ ਖ਼ਤਮ ਕਰ ਦਿੱਤਾ। ਤੁਹਾਡੇ ਹਿਸਾਬ ਨਾਲ 1952 ‘ਚ ਸਭ ਤੋਂ ਪਹਿਲਾਂ ਬੰਗਾਲੀ ਆਪਣੀ ਭਾਸ਼ਾ ਲਈ ਸੁਚੇਤ ਹੋਏ। ਤਾਂ ਕੀ ਸਿੰਧੀ ਜਾਂ ਪਖ਼ਤੂਨ ਵੀ ਇਸੇ ਸਮੇਂ ਵਿਚ ਸਰਗਰਮ ਹੋਏ?

ਅਹਿਮਦ ਸਲੀਮ : ਜੀ, ’47 ਦੇ ਸਮੇਂ ਤੋਂ ਹੀ ਉਨ੍ਹਾਂ ‘ਤੇ ਅਤਿਆਚਾਰ ਹੋਏ…ਉਨ੍ਹਾਂ ਦੀਆਂ ਜ਼ੁਬਾਨਾਂ ਖ਼ਤਮ ਕਰ ਦਿੱਤੀਆਂ ਗਈਆਂ…ਪਸ਼ਤੋ ਚੋਣਵਾਂ ਵਿਸ਼ਾ ਰਹਿ ਗਿਆ…ਸਿੰਧੀ ਦੇ ਸਕੂਲ ਬੰਦ ਹੋ ਗਏ…ਔਰ ਫੇਰ ਸਿੰਧੀਆਂ ਨੇ ’60 ਦੇ ਵਿਚ ਬਗ਼ਾਵਤ ਕੀਤੀ ਕਿ ਜਿਹੜੀਆਂ ਵੋਟਰ ਲਿਸਟਾਂ ਨੇ ਉਹ ਸਿੰਧੀ ਵਿਚ ਵੀ ਛਪਣੀਆਂ ਚਾਹੀਦੀਆਂ ਨੇ…ਉਹਦੇ ‘ਤੇ ਬਾਕਾਇਦਾ ਭੁੱਖ ਹੜਤਾਲਾਂ ਹੋਈਆਂ…ਲੰਬਾ ਸੰਘਰਸ਼ ਚੱਲਿਆ…ਔਰ ਬਹੁਤ ਸਾਰੇ ਲੋਕ ਜੇਲ੍ਹਾਂ ਵਿਚ ਗਏ…ਖ਼ਾਸ ਤੌਰ ‘ਤੇ ਵਿਦਿਆਰਥੀ ਇਸ ਅੰਦੋਲਨ ਦੀ ਅਗਵਾਈ ਕਰ ਰਹੇ ਸਨ। ਫੇਰ ’70 ਦੇ ਵਿਚ ਬਾਕਾਇਦਾ ਕਤਲੇਆਮ ਹੋਇਆ…ਜਿਸ ਤਰ੍ਹਾਂ ਬੰਗਾਲ ਵਿਚ ’52 ਵਿਚ ਵਾਪਰਿਆ ਸੀææ ਉਰਦੂ ਵਾਲਿਆਂ ਨੇ ਇਤਨੀ ਖੱਪ ਪਾਈ ਕਿ…ਉਰਦੂ ਕਾ ਜਨਾਜ਼ਾ ਹੈ ਜ਼ਰਾ ਧੂਮ ਸੇ ਨਿਕਲੇ। ਮਤਲਬ ਉਨ੍ਹਾਂ ਨੇ ਉਰਦੂ ਨੂੰ ਇਕ ਤਰ੍ਹਾਂ ਨਾਲ ਆਪੇ ਹੀ ਸ਼ਹੀਦ ਕਰਾਰ ਦਿੱਤਾ…ਇਸ ਵਾਸਤੇ ਇਹ ਜਿਹੜਾ ਜ਼ੁਬਾਨਾਂ ਦਾ ਰੌਲ਼ਾ ਵੇ…ਸਟੇਟ ਦੀ ਪਾਲਸੀ ਦਾ ਹਿੱਸਾ ਵੇ, ਕਿ ਇੱਥੇ ਇਕੋ ਜ਼ੁਬਾਨ ਹੋਣੀ ਚਾਹੀਦੀ ਏ…ਉਹ ਵੇ ਉਰਦੂ ਤੇ ਇਹ ਸਾਡੀ ਕੌਮੀ ਜ਼ੁਬਾਨ ਵੇ। ਬਾਕੀ ਜਿਹੜੀਆਂ ਜ਼ੁਬਾਨਾਂ ਨੇ ਉਹ ਸੂਬੇ ਦੇ ਪੱਧਰ ‘ਤੇ ਠੀਕ ਨੇ…ਅਗਰ ਲੋਕ ਅਪਣਾਉਣਾ ਚਾਹੁੰਦੇ ਨੇ ਅਪਣਾ ਲੈਣ।

’47 ਤੋਂ ਸਾਡੇ ਜਿਤਨੇ ਵੀ ਸੰਵਿਧਾਨ ਬਣੇ ਨੇ…ਉਨ੍ਹਾਂ ‘ਚ ਲਿਖਿਐ ਕਿ ਸੂਬੇ ਦਾ ਵਜ਼ੀਰੇ ਆਲਾ ਯਾਨੀ ਮੁੱਖ ਮੰਤਰੀ ਯਾ ਗਵਰਨਰ ਚਾਹਵੇ ਤਾਂ ਆਪਣੇ ਸੂਬੇ ਦੀ ਬੋਲੀ ਲਾਗੂ ਕਰ ਸਕਦੈ। ਪਰ ਕਿਸੇ ਸੂਬੇ ਦੀ ਸਰਕਾਰ ਨੇ ਇਹ ਨਹੀਂ ਕੀਤਾ…ਸਿਵਾਏ ਸਿੰਧ ਦੇ। ਸੰਨ 1850 ਤੋਂ ਸਿੰਧੀ ਜ਼ੁਬਾਨ ਉਥੋਂ ਦੀ ਦਫ਼ਤਰੀ ਜ਼ੁਬਾਨ ਸੀ। ਅੰਗਰੇਜ਼ਾਂ ਦੇ ਆਉਣ ਤੋਂ ਕੁਲ 7 ਸਾਲ ਦੇ ਅੰਦਰ ਅੰਦਰ ਉਨ੍ਹਾਂ ਨੇ ਅਪਣਾ ਲਈ ਸਿੰਧੀ ਜ਼ੁਬਾਨ। ਯਾ ਫੇਰ ਬੰਗਾਲੀ ਸੀ…ਬੰਗਾਲੀ ਤਾਂ ਡਟ ਕੇ ਲੜੇ…ਔਰ ਉਨ੍ਹਾਂ ਨੇ ਆਜ਼ਾਦੀ ਹਾਸਲ ਕੀਤੀ।

ਸਵਾਲ  : ਅੱਜ ਉਥੇ ਕੀ ਸਥਿਤੀ ਹੈ, ਜਿਵੇਂ ਉਥੇ ਚਾਰ ਸੂਬੇ ਨੇ ਸਿੰਧ ਹੈ, ਪਖ਼ਤੂਨ ਹੈ, ਪੰਜਾਬ ਹੈ। ਇਨ੍ਹਾਂ ਦੀਆਂ ਵਿਧਾਨ ਸਭਾਵਾਂ ਵਿਚ ਜ਼ੁਬਾਨ ਦੀ ਕੀ ਸਥਿਤੀ ਹੈ?

ਅਹਿਮਦ ਸਲੀਮ : ਮੈਨੂੰ ਇੰਜ ਲਗਦੈ ਕਿ ਹੁਣ ਇਹ ਪਾਕਿਸਤਾਨ ਦਾ ਮਾਮਲਾ ਨਹੀਂ ਰਿਹਾ। ਭਾਰਤ ਦਾ ਵੀ ਕੁਝ ਇੰਜ ਦਾ ਹੀ ਹੋ ਗਿਐ।  ਇਹ ਇੰਜ ਹੋਇਆ ਕਿ ਗਲੋਬਲਾਈਜੇਸ਼ਨ ਦਾ ਅਸਰ ਬਹੁਤ ਵਧਿਆ।  ਮੈਨੂੰ ਸ਼ੱਕ ਏ ਕਿ ਜਿਸ ਤਰ੍ਹਾਂ ਸਾਡੇ ਘਰਾਂ ਵਿਚ ਬੱਚੇ ਮਾਪਿਆਂ ਨਾਲ ਉਰਦੂ ਵਿਚ ਬੋਲਦੇ ਨੇ…ਇੱਥੇ ਵੀ ਹਿੰਦੀ ਬੋਲਦੇ ਹੋਣਗੇ। ਇਸ ਦਾ ਮਤਲਬ ਇਹ ਵੇ ਕਿ ਜ਼ੁਬਾਨ ਗਲੋਬਲਾਈਜੇਸ਼ਨ ਦੇ ਪ੍ਰਭਾਵ ਹੇਠਾਂ ਮਰ ਰਹੀ ਹੈ। ਹੋਰ ਤਾਂ ਹੋਰ ਜੇ ਅਸੀਂ ਅੱਜ ਸਿੰਧ ਵਿਚ ਜਾ ਕੇ ਉਥੋਂ ਦਾ ਕੋਈ ਖ਼ਾਸ ਪਕਵਾਨ ਖਾਣਾ ਚਾਹੀਏ ਤਾਂ ਉਹ ਨਹੀਂ ਮਿਲਦਾ…ਕਿਉਂਕਿ ਗਲੋਬਲਾਈਜੇਸ਼ਨ ਦੇ ਦੌਰ ਵਿਚ ਜਗ੍ਹਾ ਜਗ੍ਹਾ ਮੈਕਡਾਨਲ ਵਰਗੇ ਬਰਾਂਡ ਖੁੱਲ੍ਹ ਗਏ ਨੇ। ਫਾਸਟ ਫੂਡ ਦਾ ਕਬਜ਼ਾ ਹੋ ਗਿਐ। ਬੱਚੇ ਹੁਣ ਕੀ ਕਰਦੇ ਨੇ…ਇਕ ਬਰਗਰ ਫੜਿਆ…ਇਕ ਬੋਤਲ ਕੱਛੇ ਮਾਰੀ…ਤੁਰੀ ਜਾ ਰਹੇ ਨੇ…ਖਾਈ ਜਾ ਰਹੇ ਨੇ…ਬੋਤਲ ਵੀ ਮੂੰਹ ਨੂੰ ਲੱਗੀ ਐ। ਮਤਲਬ ਜਿਹੜੀ ਤੁਹਾਡੀ ਪੰਜਾਬੀਅਤ ਵੇ…ਸਿੰਧੀਅਤ ਵੇ…ਉਹ ਕਿਧਰੇ ਗੁਆਚਦੀ ਜਾ ਰਹੀ ਏ।

ਸਵਾਲ : ਤੁਹਾਨੂੰ ਕੀ ਲਗਦਾ ਹੈ ਕਿ ਸਾਹਿਤ ਤੇ ਇਸ ਦਾ ਕੋਈ ਸਿੱਧਾ ਅਸਰ ਹੋਇਆ?

ਅਹਿਮਦ ਸਲੀਮ : ਸਾਹਿਤ ‘ਤੇ ਮੈਂ ਨਹੀਂ ਸਮਝਦਾ ਕਿ ਕੋਈ ਸਿੱਧਾ ਅਸਰ ਹੋਵੇ ਕਿਉਂਕਿ ਅਜੇ ਤਾਂ ਬਹੁਤ ਸਾਰੀਆਂ ਰਵਾਇਤਾਂ ਚੱਲ ਰਹੀਆਂ ਨੇ…ਜ਼ਾਹਰ ਹੈ  ਕਿ ਗਲੋਬਲਾਈਜੇਸ਼ਨ ਇਹ ਤੇ ਨਹੀਂ ਕਹੇਗੀ ਕਿ ਕਵਿਤਾ ਦਾ ਇਹ ਮੀਟਰ ਠੀਕ ਵੇ ਤੇ ਆਹ ਗ਼ਲਤ ਵੇ। ਸਾਹਿਤ ਵਿਚ ਅਜੇ ਇਹ ਗੱਲ ਨਹੀਂ ਹੋਈ। ਬਾਕੀ ਗਲੋਬਲਾਈਜੇਸ਼ਨ ਦੇ ਜਿਹੜੇ ਅਸਰ ਨੇ…ਵਾਤਾਵਰਣ ਦਾ ਜਿਹੜਾ ਅਸਰ ਵੇ…ਜਾਂ ਨਿੱਜੀਕਰਨ ਦਾ ਮਸਲਾ ਵੇ…ਉਨ੍ਹਾਂ ਚੀਜ਼ਾਂ ਦਾ ਅਸਰ ਪੈ ਰਿਹੈ। ਪਾਕਿਸਤਾਨ ਵਿਚ ਤਾਂ ਤਕਰੀਬਨ ਟਰੇਡ ਯੂਨੀਅਨ ਮੂਵਮੈਂਟ ਖ਼ਤਮ ਈ ਹੋ ਗਈ ਏ… ਨਾ ਦੇ ਬਰਾਬਰ ਰਹਿ ਗਈ ਏ। ਮਾਲਕਾਂ ਦਾ ਜਬਰ ਵੱਧ ਰਿਹੈ।

ਸਵਾਲ : ਤੇ ਇਸ ਜ਼ੋਰ ਜ਼ੁਲਮ ਦਾ ਕੋਈ ਵਿਰੋਧ ਨਹੀਂ ਹੋ ਰਿਹੈ?

ਅਹਿਮਦ ਸਲੀਮ : ਨਹੀਂ, ਵਿਰੋਧ ਤਾਂ ਹੋ ਰਿਹੈ… ਜਿਤਨੇ ਜ਼ਿਆਦਾ ਧਰਨੇ ਹੋ ਰਹੇ ਨੇ ਅੱਜ ਕੱਲ੍ਹ ਪਾਕਿਸਤਾਨ ਵਿਚ…ਇਤਨੇ ਕਿਸੇ ਤਾਰੀਖ਼ ਵਿਚ ਨਹੀਂ ਸਨ ਹੋਏ।  ਟਰੇਡ ਯੂਨੀਅਨ ਵਿਚਕਾਰਲਾ ਜਿਹੜਾ ਗੈਪ ਆਇਆ ਕੋਈ ਵੀਹ ਕੁ ਸਾਲ ਦਾ…ਦਰਅਸਲ, ਮਿਲੀਭੁਗਤ ਵਾਲੀਆਂ ਟਰੇਡ ਯੂਨੀਅਨਾਂ ਆਈਆਂ, ਮਾਲਕਾਂ ਦੇ ਕਬਜ਼ੇ ਹੇਠ…ਬਹੁਤ ਚਿਰ ਰਿਹਾ ਇਹ ਸਿਲਸਿਲਾ ਤੇ ਇਸ ਨੇ ਕਾਫ਼ੀ ਨੁਕਸਾਨ ਪਹੁੰਚਾਇਆ। ਲੇਕਿਨ ਹੁਣ ਧਰਨੇ ਹੋਰ ਪੱਧਰ ‘ਤੇ ਹੋ ਰਹੇ ਨੇ…ਹੁਣ ਐਸੋਸੀਏਸ਼ਨਾਂ ਨੇ…ਟਰੇਡ ਯੂਨੀਅਨ ਨਹੀਂ ਹੈ…ਹੁਣ ਜਿਸ ਤਰ੍ਹਾਂ ਪਿੱਛੇ ਜਿਹੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ (ਪੀæਆਈæਏæ) ਦੀ ਹੜਤਾਲ ਹੋਈ ਐ…ਉਨ੍ਹਾਂ ਨੇ ਬਹੁਤ ਕਾਮਯਾਬ ਧਰਨੇ ਦਿੱਤੇ…ਸਿਆਸੀ ਧਰਨੇ ਵੀ ਹੋ ਰਹੇ ਨੇ…ਹੁਣ ਮੀਡੀਆ ਵੀ ਆ ਕੇ ਇੰਜ ਕਵਰ ਕਰਦੈ ਕਿ 50 ਆਦਮੀਆਂ ਦਾ ਜਲੂਸ 50,000 ਦੇ ਬਰਾਬਰ ਲਗਦੈ।

ਸਵਾਲ : ਅਸੀਂ ਮੀਡੀਆ ਤੇ ਹੀ ਆਉਣ ਲੱਗੇ ਸੀਮੀਡੀਆ ਦੀ ਪੁਜ਼ੀਸ਼ਨ ਕਿਹੋ ਜਿਹੀ ਹੈ?

ਅਹਿਮਦ ਸਲੀਮ : ਦੇਖੋ, ਹਰ ਉਹ ਚੀਜ਼…ਧਰਨਾ ਹੋਵੇ…ਕੋਈ ਅੰਦੋਲਨ ਹੋਵੇ…ਕੋਈ ਜਲਸਾ-ਜਲੂਸ ਹੋਵੇ…ਉਸ ਦੀ ਲੋੜ ਤੋਂ ਵੱਧ ਕਵਰੇਜ ਹੁੰਦੀ ਐ। ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਜੇਕਰ ਮੀਡੀਆ ਨਾ ਹੁੰਦਾ ਤਾਂ ਇਮਰਾਨ ਖ਼ਾਨ ਦੀ ਮੂਵਮੈਂਟ ਦੂਸਰੇ ਦਿਨ ਖ਼ਤਮ ਹੋ ਜਾਣੀ ਸੀ…ਮੀਡੀਆ ਨੇ ਉਹਨੂੰ ਜ਼ਿੰਦਾ ਰੱਖਿਆ ਕਿਉਂਕਿ ਮੀਡੀਆ ਹੁਣ ਦਿਖਾ ਰਿਹੈ ਪੂਰਾ ਪੂਰਾ…ਔਰ ਕੋਈ ਇਕ ਚੈਨਲ ਨਹੀਂ…ਚਾਲੀ ਚਾਲੀ ਚੈਨਲ ਨੇ…ਉਹ ਸਭ ਕੁਝ ਦਿਖਾ ਰਹੇ ਨੇ…ਤੁਸੀਂ ਜਿੱਧਰ ਮਰਜ਼ੀ ਸੂਈ ਘੁਮਾਓ…ਇਮਰਾਨ ਖ਼ਾਨ ਦੀ ਤਕਰੀਰ ਚੱਲ ਰਹੀ ਏ… ਸੂਈ ਘੁਮਾਓ ਲੰਡਨ ‘ਚ ਬੈਠਾ ਇੰਤਾਫ਼ ਹੁਸੈਨ ਬੋਲ ਰਿਹੈ। ਮੀਡੀਆ ਦਾ ਕਾਫ਼ੀ ਪ੍ਰਭਾਵ ਹੈ ਤੇ ਇਸ ਦਾ ਕਾਫੀ ਨਾਂਹ ਪੱਖੀ ਅਸਰ ਵੀ ਹੋ ਰਿਹੈ…ਮਤਲਬ ਮੀਡੀਆ ਕਿਸੇ ਦੇ ਮਗਰ ਪੈ ਜਾਏ…ਤਾਂ ਉਹਦਾ ਕੱਖ਼ ਨਹੀਂ ਛੱਡਦਾ। ਮਿਸਾਲ ਦੇ ਤੌਰ ‘ਤੇ ਘੱਟ ਗਿਣਤੀਆਂ ਵੱਲ ਮੀਡੀਆ ਦਾ ਰੌਲ ਨਾਂਹ ਪੱਖੀ ਹੈ…। ਉਰਦੂ ਦੇ ਪ੍ਰਿੰਟ ਮੀਡੀਏ ਦਾ ਰੌਲ ਨਾਂਹ ਪੱਖੀ ਵੇ…ਇਸੇ ਤਰੀਕੇ ਦੇ ਨਾਲ ਜਿੰਨੀਆਂ ਵੀ ਮੂਵਮੈਂਟ ਨੇ ਭਾਸ਼ਾ ਦੀਆਂ…ਉਹਦੇ ਵਿਚ ਵੀ ਜੇਕਰ ਮੀਡੀਆ ਕਹਿੰਦੈ ਕਿ ਜੀ ਇਹ ਪਾਕਿਸਤਾਨ ਤੋੜਨ ਦੀ ਸਾਜ਼ਿਸ਼ ਏ…ਚਾਰ ਸੂਬਿਆਂ ਦੀਆਂ, ਚਾਰ ਜ਼ੁਬਾਨਾਂ ਦੀਆਂ ਗੱਲਾਂ ਕਰਨੀਆਂ…ਇਹਦੇ ਵਿਚ ਵੀ ਮੀਡੀਆ ਦਾ ਰੋਲ ਐ…ਦੂਜੇ ਪਾਸੇ ਮੀਡੀਆ ਇਸ ਤਰ੍ਹਾਂ ਦਾ ਵੀ ਹੈ ਕਿ 21 ਫਰਵਰੀ ਦੀ ਅਸੀਂ ਇਸ ਦਫ਼ਾ ਜਿਹੜੀ ਪੰਜਾਬੀ ਮਾਂ ਬੋਲੀ ਦਿਹਾੜੇ ‘ਤੇ ਕਾਨਫਰੰਸ ਕੀਤੀ, ਮੀਡੀਆ ਨੇ ਸਾਨੂੰ ਬੇਹੱਦ ਜ਼ਿਆਦਾ ਕਵਰੇਜ ਦਿੱਤੀ।

ਸਵਾਲ : ਇਹਦੇ ਨਾਲ ਹੀ ਦਸੋ ਕਿ ਪੰਜਾਬੀ ਦੀ ਅਖ਼ਬਾਰੀ ਪੱਤਰਕਾਰੀ ਕਿਸ ਮੁਕਾਮ ਤੇ ਹੈ? ਕੋਈ ਰੋਜ਼ਾਨਾ ਅਖ਼ਬਾਰ ਨਿਕਲਦਾ ਪੰਜਾਬੀ ਦਾ?

ਅਹਿਮਦ ਸਲੀਮ : ਸਾਡੇ ਵੰਨੀਂ ਪੰਜਾਬੀ ਦੀ ਅਖ਼ਬਾਰੀ ਪੱਤਰਕਾਰੀ ਬਹੁਤੀ ਪ੍ਰਫੁਲਤ  ਨਹੀਂ ਹੋ ਸਕੀ। ਰੋਜ਼ਾਨਾ ਅਖ਼ਬਾਰਾਂ ਹੈ ਹੀ ਨਹੀਂ…ਐਵੇਂ ਡੰਮੀਆਂ ਜਿਹੀਆਂ ਨੇ…ਯਾ ਫੇਰ ਸਾਡਾ ਇਕ ਲੇਖਕ ਵੇ ਜ਼ਮੀਰ ਅਹਿਮਦ ਪਾਲ਼ææਉਹ ‘ਸਵੇਰ ਇੰਟਰਨੈਸ਼ਨਲ’ ਨਾਂ ਦਾ ਮਹੀਨਾਵਾਰ ਰਸਾਲਾ ਵੀ ਕੱਢਦਾ ਵੇ…ਉਹ ਇੰਟਰਨੈੱਟ ‘ਤੇ ਅਖ਼ਬਾਰ ਦੇ ਰਿਹੈ…ਸੋ, ਰੋਜ਼ਾਨਾ ਅਖ਼ਬਾਰਾਂ ਦੀ ਅਣਹੋਂਦ ਹੈ…।

ਪਾਕਿਸਤਾਨ ਚ ਘੱਟ ਗਿਣਤੀਆਂ

ਸਵਾਲ : ਪਾਕਿਸਤਾਨ ਚ ਘੱਟ ਗਿਣਤੀ ਭਾਈਚਾਰਿਆਂ ਵਿਚ ਦਹਿਸ਼ਤ ਦੇ ਮਾਹੌਲ ਦੇ ਅਸਲ ਕੀ ਕਾਰਨ ਲੱਭਦੇ ਓ

ਅਹਿਮਦ ਸਲੀਮ : ਦੋ ਕਾਰਨ ਨੇ…ਇਕ ਤਾਂ ’71 ਤੋਂ ਬਾਅਦ ਪੂਰਬੀ ਬੰਗਾਲ ਵੱਖ ਹੋਇਆ…ਉਸ ਵੇਲੇ ਪਾਕਿਸਤਾਨ ਦੀ ਘੱਟ ਗਿਣਤੀ ਆਬਾਦੀ 25 ਫ਼ੀਸਦੀ ਸੀ…’71 ਤਕ ਰਹੀ ਓਹ…ਲੇਕਿਨ ’71 ਤੋਂ ਬਾਅਦ ਵੱਡੀ ਆਬਾਦੀ (ਬਹੁਤ ਵੱਡੇ ਪੱਧਰ ‘ਤੇ) ਹਿੰਦੂਆਂ ਦੀ ਪੂਰਬੀ ਬੰਗਾਲ ਵਿਚ ਸੀ… 25 ਤੋਂ 5 ਫ਼ੀਸਦੀ ਤਕ ਆ ਗਈ…ਇਕ ਤੇ ਇਹ ਕਾਰਨ ਵੇ…ਦੂਜਾ ਕਾਰਨ ਇਹ ਵੇ ਕਿ ਜਿਹੜੀ ਜਨਗਣਨਾ ਹੁੰਦੀ ਏ, ਉਹਦੇ ਵਿਚ ਵੀ ਘਪਲੇ ਹੁੰਦੇ ਨੇ…ਉਨ੍ਹਾਂ ਦੀ ਗਿਣਤੀ ਘੱਟ ਦਿਖਾਈ ਜਾਂਦੀ ਏ। ਸਿੰਧ ਵਿਚ ਇਕ-ਦੋ ਜ਼ਿਲ੍ਹੇ ਐਸੇ ਵੀ ਨੇ ਕਿ ਉਥੇ 45-55 ਦਾ ਅਨੁਪਾਤ ਵੀ ਏ। ਹਿੰਦੂ 55 ਨੇ ਤਾਂ ਮੁਸਲਿਮ 45 ਨੇ। ਇਹਦੇ ਪਿਛੇ ਕਾਰਨ ਉਹੀ ਏ ਕਿ ਸਟੇਟ ਨੇ ਪਹਿਲੇ ਦਿਨ ਤੋਂ ਜੋ ਪਾਲਸੀ ਰੱਖੀ ਕਿ ਪਾਕਿਸਤਾਨ ਮੁਸਲਮਾਨਾਂ ਵਾਸਤੇ ਬਣਿਐ…ਮੀਡੀਆ ਰਾਹੀਂ ਵੀ ਉਸ ਦਾ ਪ੍ਰਚਾਰ ਹੋਇਆ…ਕਿਤਾਬਾਂ ਰਾਹੀਂ ਵੀ ਹੋਇਆ…। ਮਿਸਾਲ ਦੇ ਤੌਰ ‘ਤੇ ਮੈਂ ਹਿੰਦੂ ਬੱਚਾ ਵਾਂ…ਮੈਂ ਸਕੂਲ ਵਿਚ ਇਸਲਾਮਿਕ ਪੜ੍ਹਾਈ ਪੜ੍ਹਨ ਲਈ ਮਜਬੂਰ ਹਾਂ…ਯਾ ਫੇਰ ਮੈਂ ਮੈਂਬਰ ਪਾਰਲੀਮੈਂਟ ਹਾਂ…ਔਰ ਉਥੇ ਜਿਹੜਾ ਮੈਂ ਹਲਫ਼ ਚੁੱਕ ਰਿਹਾ ਵਾਂ…”ਮੈਂ ਅਹਿਦ ਕਰਤਾ ਹੂੰ ਕਿ ਮੈਂ ਕੁਰਆਨ ਔਰ ਸੁੰਨਤ ਕੇ ਮੁਤਾਬਕ ਕਾਮ ਕਰੂੰਗਾ।”…ਹੁਣ ਮੇਰਾ ਤਾਂ ਮਜ਼੍ਹਬ ਹੀ ਨਹੀਂ ਏ ਇਸਲਾਮ…ਲੇਕਿਨ ਉਸ ਹਲਫ਼ ਨੂੰ ਵੀ ਤਬਦੀਲ ਨਹੀਂ ਕੀਤਾ ਜਾਂਦਾ। ਫੇਰ ਉਥੇ ਕੋਈ ਘੱਟ-ਗਿਣਤੀ ਭਾਈਚਾਰੇ ਦਾ ਬੰਦਾ ਹੈੱਡ ਆਫ਼ ਦੀ ਸਟੇਟ ਨਹੀਂ ਬਣ ਸਕਦਾ…ਪ੍ਰਧਾਨ ਮੰਤਰੀ ਨਹੀਂ ਬਣ ਸਕਦਾ…ਮੁੱਖ ਮੰਤਰੀ ਨਹੀਂ ਬਣ ਸਕਦਾ…ਚੀਫ਼ ਜਸਟਿਸ ਨਹੀਂ ਬਣ ਸਕਦਾ…ਹਾਲਾਂਕਿ ਸੁਪਰੀਮ ਕੋਰਟ ਦਾ ਜੱਜ ਬਣਿਐ ਇਕ ਵਾਰੀ ਭਗਵਾਨ ਦਾਸ ਲੇਕਿਨ ਉਹ ਵੀ ਕੁਝ ਅਰਸੇ ਲਈ ਕਿਉਂਕਿ ਉਹ ਸੇਵਾਮੁਕਤ ਹੋਣ ਵਾਲਾ ਸੀ। ਉਹਦੇ ਖ਼ਿਲਾਫ਼ ਵੀ ਬਾਕਾਇਦਾ ਰਿੱਟ ਹੋਈ।

ਹੁਣ ਤੁਸੀਂ ਜਿਸ ਵਕਤ ਵਿਚਾਰਧਾਰਾ ਇਹ ਬਣਾ ਲਓ ਕਿ ਮੁਸਲਮਾਨ ਹੀ ਇੱਥੋਂ ਦਾ ਸਭ ਕੁਝ ਹੈ… ਗ਼ੈਰ ਮੁਸਲਿਮ ਦੀ ਇੱਥੇ ਕੋਈ ਹੈਸੀਅਤ ਨਹੀਂ ਹੈ…ਦੂਜੇ ਨਾਗਰਿਕ, ਬਲਕਿ ਤੀਜੇ ਦਰਜੇ ਦਾ ਨਾਗਰਿਕ ਬਣਾ ਦਿੱਤੈ ਤੁਸੀਂ ਉਹਨੂੰ। ਫੇਰ ਇਥੇ ਬਹੁਤ ਸਾਰੀਆਂ ਸੰਸਥਾਵਾਂ ਬਣ ਗਈਆਂ…ਜਿਸ ਤਰ੍ਹਾਂ ਤਬਲੀਖੇ ਜ਼ਮਾਤ ਹੈ…ਲੋਕਾਂ ਨੂੰ ਮੁਸਲਮਾਨ ਕੀਤਾ ਜਾਵੇ…ਹੁਣ ਇਹ ਕਿਵੇਂ ਕੀਤਾ ਜਾਵੇ…ਜ਼ਾਹਰ ਹੈ ਤੁਸੀਂ ਮੇਰੇ ਕੋਲ ਆਓਗੇ ਤਾਂ ਮੈਂ ਇਨਕਾਰ ਕਰ ਦਿਆਂਗਾ…ਸਾਡਾ ਕ੍ਰਿਕਟ ਖਿਡਾਰੀ ਸੀ ਦਿਨੇਸ਼ ਘਨੇਰੀਆ…ਉਹ ਨਹੀਂ ਹੋਇਆ ਮੁਸਲਮਾਨ…ਉਹਦਾ ਨਾਂ ਦਿਨੇਸ਼ ਤੋਂ ਦਾਨਿਸ਼ ਕਰ ਦਿੱਤਾ…ਉਹ ਦਾਨਿਸ਼ ਘਨੇਰੀਆ ਕਹਾਉਂਦਾ ਆਪ ਵੀ…ਫੇਰ ਸਾਡਾ ਇਕ ਕ੍ਰਿਸਚੀਅਨ ਕ੍ਰਿਕਟਰ ਸੀ ਯੂਸੁਫ਼ ਯੁਹਾਨਾ…ਉਹਦੇ ‘ਤੇ ਵੀ ਦਬਾਅ ਬਣਾਉਣ ਲਈ ਸਾਡੇ ਇਕ ਹੋਰ ਕ੍ਰਿਕਟਰ ਸਈਦ ਅਨਵਰ ਨੇ ਕੰਮ ਕੀਤਾ…ਉਹ ਤਬਲੀਹੀਂ ਜਮਾਤ ਵਿਚ ਕਿਧਰੇ ਚਲਾ ਗਿਆ…ਯਾਨੀ ਜਿਹੜੇ ਪ੍ਰੀਚਰ ਨੇ…ਮੁਸਲਮਾਨ ਬਣਾਉਣ ਵਾਲੀ ਪ੍ਰੀਚਿੰਗ ਜਮਾਤ…ਉਹਨੇ ਇਹਨੂੰ (ਯੂਸੁਫ ਨੂੰ) ਫਸਾਉਣ ਵਾਸਤੇ ਆਪਣੀ ਭੈਣ ਨੂੰ ਕਿਹਾ ਕਿ ਤੂੰ ਇਹ ਫਸਾ ਚੰਗੀ ਤਰ੍ਹਾਂ…ਉਹਦਾ ਨਿਕਾਹ ਕਰਵਾ ਦਿੱਤਾ…ਨਿਕਾਹ ਲਈ ਸ਼ਰਤ ਰੱਖੀ ਸੀ ਕਿ ਉਹ ਮੁਸਲਮਾਨ ਬਣੇ। ਜ਼ਾਹਰ ਹੈ ਮੁਹੱਬਤ ਵਿਚ ਜਾਂ ਮਾਲੀ ਹਾਲਤ ਵਿਚ ਬੰਦਾ ਧਰਮ ਬਦਲ ਲੈਂਦਾ ਹੈ।

ਸਿੰਧ ਤੇ ਬਲੋਚੀਸਤਾਨ ਵਿਚ ਕੀ ਹੋ ਰਿਹੈ…ਕਿ ਇਕ ਹਿੰਦੂ ਕੁੜੀ ਨੂੰ ਅਗਵਾ ਕਰ ਲਿਆ…ਉਹਨੂੰ ਕਲਮਾ ਪੜ੍ਹਾਇਆ…ਇਸਲਾਮ ਦੇ ਵਿਸ਼ਵਾਸ ਮੁਤਾਬਕ ਕੋਈ ਮੁਸਲਿਮ ਵਾਪਸ ਕਨਵਰਟ ਨਹੀਂ ਹੋ ਸਕਦਾ…ਉਹਦੀ ਸਜ਼ਾ ਮੌਤ ਵੇ ਫੇਰ…ਕਿਉਂਕਿ ਸ਼ਰੀਅਤ ਵਿਚ ਲਿਖਿਐ ਹੋਇਐ ਕਿ ਉਹਨੂੰ ਮਾਰ ਦਿਓ…ਤੇ ਇਸ ਵਾਸਤੇ ਜੇਕਰ ਕੋਈ ਕੁੜੀ ਵਿਚਾਰੀ ਫਸ ਕੇ ਮੁਸਲਮਾਨ ਹੋ ਗਈ ਏ…ਭਾਵੇਂ ਉਹਨੂੰ ਕੱਢ ਵੀ ਦੇਣ…ਸੁੱਟ ਵੀ ਦੇਣ…ਉਹ ਵਾਪਸ ਹਿੰਦੂ ਵਿਚ ਕਨਵਰਟ ਨਹੀਂ ਹੋ ਸਕਦੀ…ਔਰ ਇਹਦਾ ਨਤੀਜਾ ਇਹ ਹੋਇਆ ਕਿ ਬਹੁਤ ਸਾਰੇ ਸਿੰਧੀ ਹਿੰਦੂ ਤੇ ਬਲੋਚੀ ਹਿੰਦੂ ਪਰਿਵਾਰ…ਉਹ ਮਾਈਗਰੇਟ ਕਰਕੇ ਭਾਰਤ ਜਾ ਰਹੇ ਨੇ ਔਰ ਬਹੁਤ ਸਾਰੇ ਚਲੇ ਗਏ ਨੇ। ਖ਼ਾਨਦਾਨਾਂ ਦੇ ਖ਼ਾਨਦਾਨ ਮਾਈਗਰੇਟ ਕਰਕੇ ਚਲੇ ਗਏ ਨੇ।

 

ਸਵਾਲ : ਕਵਿਤਾ ਬਾਰੇ ਬਹਿਸ ਦੇ ਚਲਦਿਆਂ ਕਦੇ ਕੋਈ ਵਾਕਿਆ ਪੇਸ਼ ਆਇਆ ਹੋਵੇ

ਅਹਿਮਦ ਸਲੀਮ  : ਗ਼ਜ਼ਲ ਜਾਂ ਰਵਾਇਤੀ ਕਲਾਮ ਲਿਖਣ ਦਾ ਬੜਾ ਮਜ਼ੇਦਾਰ ਵਾਕਿਆ ਹੈ…ਸਾਡੇ ਇਕ ਸ਼ਾਇਰ ਸਨ ਰਊਫ਼ ਸ਼ੇਖ਼…ਪੰਜਾਬੀ ਦੇ ਬੜੇ ਵਧੀਆ ਗ਼ਜ਼ਲਗੋ ਸਨ…ਅਸੀਂ ਕਿਉਂਕਿ ਗ਼ਜ਼ਲ ਦੇ ਖ਼ਿਲਾਫ਼ ਸਾਂ ਤੇ ਗ਼ਜ਼ਲ ਲਿਖਣ ਵਾਲੇ ਨੂੰ ਸ਼ਾਇਰ ਹੀ ਨਹੀਂ ਸਾਂ ਮੰਨਦੇ…ਰਊਫ਼ ਸ਼ੇਖ਼ ਤੇ ਮੇਰਾ ਇਹ ਝਗੜਾ ਸੀ ਕਿ ਉਹ ਤੇ ਕਹਿੰਦਾ ਕਿ ਮੈਂ ਤੈਨੂੰ ਸ਼ਾਇਰ ਮੰਨਿਐ…ਤੂੰ ਮੈਨੂੰ ਸ਼ਾਇਰ ਕਿਉਂ ਨਹੀਂ ਮੰਨਦਾ…? ਮੈਂ ਕਹਿੰਦਾ ਸਾਂ ਕਿ ਤੂੰ ਗ਼ਜ਼ਲ ਦਾ ਸ਼ਾਇਰ ਏਂ…ਕਹਿੰਦਾ, ‘ਮੈਂ ਨਜ਼ਮਾਂ ਵੀ ਲਿਖੀਆਂ ਨੇ।’ ਮੈਂ ਕਿਹਾ ਤੂੰ ਗ਼ਜ਼ਲ ਦਾ ਸ਼ਾਇਰ ਏ…ਉਹ ਵੀ ਸਾਰੀ ਰਵਾਇਤੀ ਸ਼ਾਇਰੀ ਸੀ…ਯਾਨੀ ਗ਼ਜ਼ਲ ਵੀ ਉਸ ਤਰ੍ਹਾਂ ਦੀ ਨਹੀਂ ਸੀ ਕਿ ਨਵੀਂ ਸੋਚ…ਕੋਈ ਨਵਾਂ ਤਜੁਰਬਾ ਹੋਵੇ ਗ਼ਜ਼ਲ ਵਿਚ…ਕੋਈ ਨਵੇਂ ਵਿਚਾਰ ਲੈ ਕੇ ਆਵੇ…ਉਹਦੀ ਸ਼ਾਇਰੀ ਉਹੀ ਸੀ ਰਵਾਇਤੀ ਮੁਹੱਬਤ ਦੀ। ਇਕ ਦਿਨ ਕੀ ਹੋਇਆ ਕਿ ਅਸੀਂ ਟੀ-ਹਾਊਸ ਵਿਚ ਬੈਠੇ ਸਾਂ…ਤੇ ਬਹਿਸ ਹੁੰਦੀ ਹੁੰਦੀ ਹੱਥਾਪਾਈ ‘ਤੇ ਮਾਮਲਾ ਆ ਗਿਆ ਤੇ ਕਹਿੰਦਾ, ‘ਬਾਹਰ ਨਿਕਲ।’ ਮੈਂ ਵੀ ਬਾਹਰ ਆ ਗਿਆ…ਤੇ ਮੈਂ ਬਹੁਤ ਸੁੱਕਿਆ-ਸੜਿਆ ਸਾਂ…ਮਤਲਬ ਮੈਨੂੰ ਧੱਕਾ ਦਿਓ ਤਾਂ ਮੈਂ ਡਿੱਗ ਪਵਾਂ…ਮੇਰੀ ਟੈਕਨੀਕ ਹੁੰਦੀ ਸੀ ਕਿ ਜੇ ਲੜਾਈ ਹੋ ਜਾਵੇ ਤਾਂ ਉਹਦੇ ਕੱਪੜੇ ਫਾੜ ਦਿਓ…ਉਸ ਤੋਂ ਬਾਅਦ ਉਹ ਆਪ ਹੀ ਦੌੜ ਜਾਂਦਾ ਸੀ…। ਹਾ…ਹਾ…। ਖੈਰ ਜਦੋਂ ਉਹ ਬਾਹਰ ਆਇਆ ਤੇ ਮੈਨੂੰ ਦੋ ਟਿਕਾਈਆਂ…ਮੈਂ ਉਹਦੇ ਕੱਪੜੇ ਘਸੀਟੇ…ਅਸੀਂ ਅਜੇ ਗੁੱਥਮ-ਗੁੱਥਾ ਹੋਏ ਹੀ ਸਾਂ ਕਿ ਦੂਰੋਂ ਹਬੀਬ ਜਾਲਿਬ ਆਉਂਦੇ ਨਜ਼ਰ ਆਏ…। ਹਬੀਬ ਜਾਲਿਬ ਉਸ ਵੇਲੇ ਬਹੁਤ ਨਸ਼ੇ ਵਿਚ ਸਨ…ਔਰ ਝੂਮਦੇ ਝੂਮਦੇ ਟੀ-ਹਾਊਸ ਵਲ ਆ ਰਹੇ ਸਨ…ਉਨ੍ਹਾਂ ਦੇਖਿਆ ਕਿ ਇਹ ਤਾਂ ਆਪਣਾ ਅਹਿਮਦ ਸਲੀਮ ਵੇ…ਮਾਰ ਖਾ ਰਿਹੈ…ਨੇੜੇ ਆ ਕੇ ਬਾਂਹ ਮੇਰੇ ਦੁਆਲੇ ਵਗਲੀ ਤੇ ਕਿਹਾ ਕਿ ਪਿਛੇ ਹੱਟ ਅਹਿਮਦ ਸਲੀਮ ਤੇ ਦੂਸਰੀ ਬਾਂਹ ਨਾਲ ਉਸ ਨੂੰ ਇਤਨੇ ਜ਼ੋਰ ਨਾਲ ਹੁਝਕਾ ਮਾਰਿਆ ਕਿ ਉਹ ਵੀਹ-ਪੰਝੀ ਕਦਮ ਲੁੜਕਦਾ ਚਲਾ ਗਿਆ…ਔਰ ਉਹਨੂੰ ਇਹ ਤਾਂ ਭੁੱਲ ਗਿਆ ਕਿ ਮੇਰੀ ਤੇ ਉਹਦੀ ਲੜਾਈ ਹੋ ਰਹੀ ਸੀ…ਉਹ ਇਕਦਮ ਗੁੱਸੇ ਵਿਚ ਆਇਆ…’ਓਏ ਇਹ ਕਾਮਰੇਡ ਹਰਾਮਜ਼ਾਦੇ…ਨਸ਼ੇ ਵਿਚ ਵੀ ਆਪਣੇ ਬੰਦੇ ਨੂੰ ਨਹੀਂ ਭੁੱਲਦੇ।

ਸਵਾਲ : ਤੁਸੀਂ ਹਬੀਬ ਜਾਲਿਬ ਦੀ ਗੱਲ ਕੀਤੀ ਏ, ਪਹਿਲੋਂ ਫ਼ੈਜ਼ ਸਾਹਬ ਬਾਰੇ ਵੀ ਕੁੱਝ ਗੱਲਾਂ ਹੋਈਆਂ ਨੇ। ਜਾਲਿਬ ਅਤੇ ਫ਼ੈਜ਼ ਸਾਹਿਬ ਨਾਲ ਜੁੜੀ ਕੋਈ ਹੋਰ ਯਾਦ ਜੋ ਉਨ੍ਹਾਂ ਦੇ ਸੁਭਾਅ ਦਾ ਪ੍ਰਗਟਾਅ ਹੋਵੇ

ਅਹਿਮਦ ਸਲੀਮ :1964-65 ਦੀ ਪ੍ਰਗਤੀਵਾਦੀ ਲਹਿਰ ਵਿਚ ਜਦੋਂ ਮੈਂ ਜੇਲ੍ਹ ਵਿਚ ਸਾਂ…ਤੇ ਹਿੰਦੁਸਤਾਨ ਨਾਲ ਲੜਾਈ ਸ਼ੁਰੂ ਹੋਈ…ਤੇ ਹੋਰ ਬੰਦੇ ਫੜੇ ਗਏ…ਉਹਦੇ ਵਿਚ ਹਬੀਬ ਜਾਲਿਬ ਵੀ ਸੀ…ਜੇਲ੍ਹ ਵਿਚ ਹੋਰ ਵੀ ਮੇਰੇ ਸੰਗੀ-ਸਾਥੀ ਆ ਗਏ ਜੋ ਸ਼ਾਇਰ ਸਨ…ਵਾਹ ਵਾਹ ਰੌਣਕ ਹੋ ਗਈ…ਲੇਕਿਨ ਵੀਹ ਦਿਨ ਵਿਚ ਹੀ ਉਹ 16 ਦਸੰਬਰ ਆ ਗਈ…ਯਾਨੀ ਪਾਕਿਸਤਾਨੀ ਫ਼ੌਜ ਨੇ ਆਤਮਸਮਰਪਣ ਕਰ ਦਿੱਤਾ…ਤੇ ਇਨ੍ਹਾਂ ਦੀ ਰਿਹਾਈ ਦੇ ਹੁਕਮ ਆ ਗਏ…। ਇਥੇ ਹੁਣ ਮੈਂ ਹਬੀਬ ਜਾਲਿਬ ਦੇ ਸੁਭਾਅ ਦੀ ਗੱਲ ਦੱਸਣ ਲੱਗਾ ਹਾਂ ਕਿ ਉਹ ਜਿਹੜੇ ਵੀਹ ਦਿਨ ਸਨ…ਜੇਲ੍ਹ ਵਿਚ ਦੂਜਾ ਯਾ ਤੀਜਾ ਦਿਨ ਸੀ ਕਿ ਜੇਲ੍ਹ ਵਿਚੋਂ ਹੀ ਕਿਸੇ ਪੁਰਾਣੇ ਮੁਲਜ਼ਮ ਨੇ ਉਨ੍ਹਾਂ ਨੂੰ ਵੋਦਕਾ ਦੀ ਬੋਤਲ ਲਿਆ ਕੇ ਦਿੱਤੀ ਕਿਉਂਕਿ ਲੋਕ ਉਹਦੀ ਸ਼ਾਇਰੀ ਦੇ ਬੜੇ ਸ਼ੌਕੀਨ ਸਨ…ਜ਼ਾਹਰ ਐ ਉਹਦੇ ਸਾਰੇ ਦੇ ਸਾਰੇ ਸ਼ਿਅਰ ਹੁਕਮਰਾਨਾਂ ਦੇ ਖ਼ਿਲਾਫ਼ ਹੁੰਦੇ ਸਨ…ਉਹ ਜਿਹੜਾ ਜੇਲ੍ਹ ਵਿਚ ਬੈਠਾ, ਉਹ ਹਾਕਮਾਂ ਦਾ ਹਾਮੀ ਕਿਵੇਂ ਹੋ ਸਕਦੈ…ਖ਼ੈਰ, ਹਬੀਬ ਨੇ ਮੇਰੇ ਵੱਲ ਦੇਖਿਆ ਤੇ ਬੋਤਲ ਚੁੱਕ ਕੇ ਦੀਵਾਰ ਨਾਲ ਵਗ੍ਹਾ ਮਾਰੀ…ਤੇ ਬਹੁਤ ਹੀ ਗੁੱਸੇ ਵਿਚ ਕਹਿੰਦੈ…’ਮੈਂ ਜੇਲ੍ਹ ਵਿਚ ਆਇਆ ਆਂ…ਕਮਿਟਮੈਂਟ ਦੇ ਨਾਲ ਆਇਆ ਆਂ…ਬੰਗਾਲੀ ਅਵਾਮ ਦੇ ਹੱਕ ਵਿਚ ਆਇਆ ਆਂ…ਤੇ ਜੇਲ੍ਹ ਵਿਚ ਮੈਂ ਸ਼ਰਾਬ ਪੀਣਾ ਪਿਸ਼ਾਬ ਪੀਣ ਦੇ ਬਰਾਬਰ ਸਮਝਦਾ ਆਂ। ਫੇਰ ਜਿਸ ਵੇਲੇ ਉਹ ਰਿਹਾਅ ਹੋਇਆ…ਸਾਰੇ ਜਾ ਰਹੇ ਸਨ ਤੇ ਮੈਂ ਕਿਹਾ ਕਿ ਜਾਲਿਬ ਸਾਹਿਬ ਇਹ ਚੰਗੀ ਗੱਲ ਨਹੀਂ ਐ…ਮੈਂ ਹਾਲੇ ਜੇਲ੍ਹ ਵਿਚ ਆਂ…ਤੁਸੀਂ ਤਿੰਨ ਦਿਨ ਵਾਸਤੇ ਆਏ ਤੇ ਭਾਂਡੇ ਜੂਠੇ ਕਰਕੇ ਜਾ ਰਹੇ ਹੋ…। ਉਹ ਬਹੁਤ ਹੱਸੇ। ਇਸ ਤਰ੍ਹਾਂ ਦੇ ਰਿਸ਼ਤੇ ਵੀ ਰਹੇ ਨੇ ਮੇਰੇ ਪਰ ਹਾਂ ਫ਼ੈਜ਼ ਸਾਹਿਬ ਨਾਲ ਕਦੇ ਹਾਸਾ-ਮਜ਼ਾਕ ਨਹੀਂ ਹੋਇਆ। ਇਕ-ਦੋ ਵੇਰਾਂ ਮੇਰੇ ਨਾਲ ਖ਼ਫ਼ਾ ਵੀ ਹੋਏ ਪਰ ਉਨ੍ਹਾਂ ਦੀ ਖ਼ਫ਼ਗੀ ਦਾ ਪਤਾ ਨਹੀਂ ਸੀ ਚਲਦਾ ਕਿ ਉਹ ਨਾਰਾਜ਼ ਹੋ ਰਹੇ ਨੇ ਜਾਂ ਕੀ ਕਰ ਰਹੇ ਨੇ…।

ਮੇਰੀ ਇਕ ਬੁੱਕਲੈੱਟ ਸੀ ‘ਪੰਜਾਬ’। ਉਰਦੂ ਦੇ ਬਹੁਤ ਖ਼ਿਲਾਫ਼…ਪੰਜਾਬੀ ਤੇ ਪੰਜਾਬੀਅਤ ਬਾਰੇ ਜ਼ਿਕਰ ਸੀ…ਤੇ ਉਨ੍ਹਾਂ ਨੇ ਜਿਹੜਾ ਮੈਨੂੰ ਬਹੁਤ ਹੀ ਇੰਤਹਾਏ ਗੁੱਸੇ ਵਿਚ ਖ਼ਤ ਲਿਖਿਆ…’ਅਜ਼ੀਜ਼ ਅਹਿਮਦ ਸਲੀਮ, ਮੂਝੇ ਇਸ ਤਰ੍ਹਾਂ ਕੀ ਪੰਜਾਬੀਅਤ ਸੇ ਕੋਈ ਦਿਲਚਸਪੀ ਨਹੀਂ…।’ ਬੱਸ, ਇਹ ਉਨ੍ਹਾਂ ਦਾ ਇੰਤਹਾਈ ਗੁੱਸਾ ਸੀ…ਇਸ ਤਰ੍ਹਾਂ ਦਾ ਤਾਅਲੁਕ ਸੀ ਕਿ ਉਹ ਲੁਕਾਉਂਦੇ ਨਹੀਂ ਸਨ…ਤੇ ਮੇਰੀ ਖ਼ੁਸ਼ਕਿਸਮਤੀ ਸੀ ਕਿ ਜਿਹੜੀ ਚੀਜ਼ ਉਹ ਨਾਪਸੰਦ ਕਰਦੇ ਸਨ…ਉਹ ਜ਼ਾਹਰ ਕਰ ਦਿੰਦੇ ਸਨ…।

ਕਵਿਤਾ ਤੇ ਜੇਲ੍ਹ

ਸਵਾਲ : ਤੁਸੀਂ ਕਿੰਨੀ ਵਾਰੀ ਜੇਲ੍ਹ ਵਿਚ ਗਏ?

ਅਹਿਮਦ ਸਲੀਮ : ਮੈਂ ਕੋਈ ਤਿੰਨ-ਚਾਰ ਵਾਰੀ ਜੇਲ੍ਹ ਵਿਚ ਗਿਆ। ਪਹਿਲੀ ਵਾਰੀ ’65 ਵਿਚ…ਜਦੋਂ ਕਾਇਦੇ ਆਜ਼ਮ ਦੀ ਭੈਣ ਫ਼ਾਤਿਮਾ ਜਿਨਾਹ ਨੇ ਰਾਸ਼ਟਰਪਤੀ ਦੀ ਚੋਣ ਆਯੂਬ ਖ਼ਾਨ ਦੇ ਖ਼ਿਲਾਫ਼ ਲੜੀ…ਤੇ ਹਬੀਬ ਜਾਲਿਬ ਫ਼ਾਤਿਮਾ ਜਿਨਾਹ ਦੀ ਚੋਣ ਮੁਹਿੰਮ ਦੇ ਨਾਲ ਸਨ…ਟਰੱਕਾਂ ‘ਤੇ ਬਹਿ ਕੇ ਨਜ਼ਮਾਂ ਪੜ੍ਹਨੀਆਂ…ਤੇ ਮੈਂ ਉਦੋਂ ਸ਼ਿਅਰ ਲਿਖਣੇ ਸ਼ੁਰੂ ਕਰ ਦਿੱਤੇ ਸਨ…ਉਰਦੂ ਵਿਚ ਲਿਖਦਾ ਸਾਂ ਤੇ ਮੈਂ ਵੀ ਉਸ ਟਰੱਕ ‘ਤੇ ਚੜ੍ਹ ਜਾਣਾ ਤੇ ਜਾਲਿਬ ਦੀਆਂ ਮਿੰਨਤਾਂ ਕਰਨੀਆਂ ਕਿ ਮੇਰੇ ਕੋਲੋਂ ਵੀ ਕੋਈ ਕਵਿਤਾ ਪੜ੍ਹਾ ਲਓ…ਜ਼ਾਹਰ ਐ ਆਯੂਬ ਖ਼ਾਨ ਨੂੰ ਗਾਲ੍ਹਾਂ ਹੀ ਹੁੰਦੀਆਂ ਸਨ…ਕੱਚੀ ਪਿੱਲੀ ਜਿਹੀ ਸ਼ਾਇਰੀ ਹੁੰਦੀ ਸੀ…ਬੱਚੇ ਸਾਂ ਅਸੀਂ…19 ਸਾਲ ਦਾ ਹੋਵਾਂਗਾ ਮੈਂ…ਇਕ ਵਾਰੀ ਸਾਨੂੰ ਟਰੱਕ ਤੋਂ ਹੇਠਾਂ ਲਾਹ ਲਿਆ ਉਨ੍ਹਾਂ ਨੇ…ਥਾਣੇ ਵਿਚ ਡੱਕ ਦਿੱਤਾ…ਹਬੀਬ ਜਾਲਿਬ ਕਿਸੇ ਹੋਰ ਥਾਣੇ ਤੇ ਮੈਂ ਕਿਸੇ ਹੋਰ ਥਾਣੇ…ਫ਼ਾਤਿਮਾ ਜਿਨਾਹ ਨੂੰ ਛੱਡ ਕੇ ਬਾਕੀ ਸਾਰੇ ਉਨ੍ਹਾਂ ਨੇ ਟਰੱਕ ‘ਚੋਂ ਥੱਲੇ ਲਾਹ ਲਏ ਸਨ…ਥਾਣੇ ਵਿਚ ਮੇਰੀ ਚੰਗੀ ਕੁਟਾਈ ਹੁੰਦੀ ਰਹੀ…ਲਿੱਤਰ ਮਾਰ ਮਾਰ ਕੇ ਮੇਰਾ ਬੁਰਕਸ ਕੱਢ ਦਿੱਤਾ…’ਅੱਛਾ ਤੇਰੀ ਮਾਂ ਚੋਣ ਲੜ ਰਹੀ ਏ…ਜਿੱਤ ਜਾਏਗੀ ਤਾਂ ਫੇਰ ਜਾ ਕੇ ਮਾਂ ਨੂੰ ਮਿਲ ਲਈਂ…।’ ਜ਼ਾਹਰ ਐ ਆਯੂਬ ਖ਼ਾਨ ਦੀ ਪੁਲੀਸ ਸੀ…ਤੇ ਚੌਥੇ ਦਿਨ ਜਦੋਂ ਮੈਨੂੰ ਠੁੱਡਾ ਮਾਰ ਕੇ ਕਹਿੰਦੈ ਕਿ ਚੱਲ ਦਫ਼ਾ ਹੋ…ਮੈਂ ਸੋਚਿਆ ਕਿ ਫ਼ਾਤਿਮਾ ਜਿਨਾਹ ਜਿੱਤ ਗਈ ਏ…ਵਰਨਾ ਇਨ੍ਹਾਂ ਨੇ ਮੈਨੂੰ ਕਿਉਂ ਕੱਢਣਾ ਸੀ…ਪਤਾ ਚਲਿਆ ਕਿ ਉਹ ਹਰਾ ਦਿੱਤੀ ਗਈ ਐ…ਜ਼ਾਹਰ ਐ ਹੁਣ ਉਨ੍ਹਾਂ ਨੂੰ ਕੋਈ ਦਿਲਚਸਪੀ ਨਹੀਂ ਸੀ ਰਹੀ…ਉਨ੍ਹਾਂ ਕਿਹਾ ਦਫ਼ਾ ਕਰੋ ਇਹਨੂੰ…ਕੀ ਕਰਨੈ ਇਹਦਾ।

ਦੂਜੀ ਕੈਦ ’71 ਦੀ ਸੀ…ਤੀਜੀ ਬਹੁਤ ਮਹੱਤਵਪੂਰਨ ਐ…ਮੈਂ ਇਕ ਰਸਾਲਾ ਕੱਢਿਆ ਸੀ, ‘ਕੂੰਜ’…ਕਿਤਾਬ ਲੜੀ ਸੀ…ਔਰ ਉਹਦੇ ਵਿਚ ਇਕ ਮੈਂ ਪਾਸ਼ ਅੰਕ ਵੀ ਕੱਢਣਾ ਸੀ…ਜਿਹਦੇ ਲਈ ਪਾਸ਼ ਪਹਿਲਾਂ ਤਿਆਰ ਸੀ ਬਾਅਦ ਵਿਚ ਉਹਨੂੰ ਕੁਝ ਗੱਲਾਂ ਪਸੰਦ ਨਹੀਂ ਆਈਆਂ ਤੇ ਉਹ ਨਾਂਹ ਕਰ ਗਿਆ…ਉਨ੍ਹਾਂ ਦਿਨਾਂ ਵਿਚ ਹੀ ਮੈਂ ‘ਕੂੰਜ’ ਦਾ ਔਰਤਾਂ ਉੱਤੇ ਖ਼ਾਸ ਅੰਕ ਕੱਢਿਆ…ਉਦੋਂ 1975 ਵਿਚ ਕੌਮਾਂਤਰੀ ਔਰਤ ਦਿਹਾੜਾ ਸੀ…ਪੂਰੀ ਦੁਨੀਆ ਵਿਚ ਮਨਾਇਆ ਜਾ ਰਿਹਾ ਸੀ…ਉਹਦੇ ਲਈ ਮੈਂ ਇਧਰੋਂ ਵੀ ਤੇ ਉਧਰੋਂ ਵੀ ਚੀਜ਼ਾਂ ਹਾਸਲ ਕੀਤੀਆਂ…ਜ਼ੁਲਫ਼ੀਕਾਰ ਅਲੀ ਭੁੱਟੋ ਦੀ ਜਿਹੜੀ ਬੀਵੀ ਸੀ ਨੁਸਰਤ ਭੁੱਟੋ…ਉਹਦੇ ਖ਼ਿਲਾਫ਼ ਮੈਂ ਬਹੁਤ ਲਿਖਿਆ…ਮੈਂ ਕਿਹਾ, ‘ਬਕਵਾਸ ਕਰਦੀ ਐ ਇਹ ਔਰਤ…ਕਹਿੰਦੀ ਏ ਅਸੀਂ ਔਰਤਾਂ ਵਾਸਤੇ ਐਹ ਚੰਗਾ ਕੰਮ ਕੀਤੈ…ਜਦਕਿ ਮੈਂ ਔਰਤਾਂ ਨਾਲ ਹੋ ਰਹੇ ਬਲਾਤਕਾਰ ਵਰਗੀਆਂ ਘਟਨਾਵਾਂ ਦਾ ਤਾਰੀਖ਼ਾਂ ਨਾਲ ਜ਼ਿਕਰ ਕੀਤਾ…ਪ੍ਰਧਾਨ ਮੰਤਰੀ ਨੂੰ ਗੁੱਸਾ ਸੀ ਕਿ ਇਹਨੇ ਜਗੀਰਦਾਰ ਦੀ ਬੀਵੀ ਨੂੰ ਬੁਰਾ ਭਲਾ ਕਿਹੈ…ਵਜ਼ੀਰੇ ਆਜ਼ਮ ਦੀ ਬੀਵੀ ਦਾ ਮਸਲਾ ਏਨਾ ਨਹੀਂ ਸੀ…ਜ਼ਾਹਰ ਐ ਮੈਨੂੰ ਉਹ ਫੜ ਕੇ ਲੈ ਗਏ…’ਕੂੰਜ’ ‘ਤੇ ਪਾਬੰਦੀ ਲੱਗ ਗਈ…ਚਾਰ ਸ਼ੁਮਾਰੇ ਨਿਕਲ ਚੁੱਕੇ ਸਨ…ਇਹ ਚੌਥਾ ਆਖ਼ਰੀ ਸ਼ੁਮਾਰਾ ਸੀ…ਚੌਥੇ ਦਿਨ ਮੈਨੂੰ ਇਹ ਕਹਿ ਕੇ ਛੱਡਿਆ ਕਿ ਉਨ੍ਹਾਂ ਔਰਤਾਂ ਨੇ ਕਿਹੈ ਕਿ ਤੁਸੀਂ ਸਾਡਾ ਬੰਦਾ ਛੱਡੋ…ਨਹੀਂ ਅਸੀਂ ਤੁਹਾਡੇ ਨਾਲ ਸਹਿਯੋਗ ਨਹੀਂ ਕਰਾਂਗੇ। ਮੈਨੂੰ ਛੁਡਾ ਤਾਂ ਲਿਆ ਉਨ੍ਹਾਂ ਨੇ ਪਰ ਉਹਦੇ ‘ਚ ਸ਼ਰਤਾਂ ਸਨ ਕਿ ਮੈਂ ਮੁੜ ਕੇ ‘ਕੂੰਜ’ ਨਹੀਂ ਕੱਢਾਂਗਾ। ਤੇ ਮੈਂ ਤਕਰੀਬਨ ਵੀਹ ਸਾਲ ਬਾਅਦ ‘ਕੂੰਜ’ ਕੱਢਿਆ…ਉਹ ਵੀ ਇਕ ਸ਼ੁਮਾਰਾ ਕੱਢ ਸਕਿਆ ਕਿਉਂਕਿ ਫੇਰ ਹਿੰਮਤ ਵੀ ਨਹੀਂ ਰਹੀ…ਖ਼ਰਚਾ ਵੀ ਬਹੁਤ ਹੁੰਦਾ ਸੀ…।

ਚੌਥੀ ਵਾਰੀ ਮੈਨੂੰ ਜ਼ਿਆ-ਉਲ ਹੱਕ ਦੇ ਦਿਨਾਂ ਵਿਚ ਜੇਲ੍ਹ ਹੋਈ। ਜਿਸ ਵਕਤ ਕਮਿਊਨਿਸਟ ਪਾਰਟੀ ਉੱਤੇ ਕੇਸ ਬਣਿਆ…ਕੁਝ ਬੰਦੇ ਤਾਂ ਫੌਰੀ ਤੌਰ ‘ਤੇ ਫੜੇ ਗਏ ਤੇ ਕੁਝ ਬੰਦੇ ਇਧਰ-ਉਧਰ ਹੋ ਗਏ…ਮੈਨੂੰ ਵੀ ਉਨ੍ਹਾਂ ਨੇ ਕੁਝ ਦਿਨਾਂ ਬਾਅਦ ਫੜਿਆ…ਉਦੋਂ ਮੈਂ ਭਾਰਤ ਤੋਂ ਤਾਜ਼ਾ ਤਾਜ਼ਾ ਮੁੜਿਆ ਸਾਂ ’83 ਵਿਚ…ਉਹ ਵੀ ਸ਼ੱਕ ਦੀਆਂ ਨਜ਼ਰਾਂ ਨਾਲ ਦੇਖ ਰਹੇ ਸਨ ਮੈਨੂੰ ਕਿ ਉਥੇ ਏਨੇ ਦਿਨ ਲਾ ਕੇ ਆਇਆ…ਕੀ ਕਰ ਰਿਹਾ ਸੀ ਉਥੇ…। ਸਿਆਸੀ ਹੋਣ ਦੇ ਨਾਤੇ ਮੇਰੇ ‘ਤੇ ਪਾਬੰਦੀ ਸੀ…ਤਿੰਨ-ਚਾਰ ਦਿਨ ਉਨ੍ਹਾਂ ਨੇ ਮੈਨੂੰ ਕਾਫ਼ੀ ਇੰਟਰੋਗੇਟ ਕੀਤਾ…ਟਾਰਚਰ ਵੀ ਕੀਤਾ…ਲੇਕਿਨ ਜ਼ਾਹਰ ਐ ਉਨ੍ਹਾਂ ਦੇ ਪੱਲੇ ਕੁਝ ਨਹੀਂ ਸੀ ਤੇ ਮੈਂ ਰਿਹਾਅ ਹੋ ਗਿਆ।

ਸਾਹਿਤ ਸਿਰਜਣਾ ਦੋ ਦਿਨ

ਸਵਾਲ :  ਸਲੀਮ ਜੀ, ਕੁੱਝ ਗੱਲਾਂ ਤੁਹਾਡੀ ਸਾਹਿਤ ਸਿਰਜਣਾ ਬਾਰੇ। ਚੜ੍ਹਦੀ ਉਮਰ ਦੇ ਉਹ ਕਿਹੜੇ ਦਿਨ ਸਨ ਜਦ ਤੁਸੀਂ ਲਿਖਣ ਲੱਗੇ?

ਅਹਿਮਦ ਸਲੀਮ : ਮੈਂ ਸਕੂਲ ਦੇ ਦਿਨਾਂ ਤੋਂ ਹੀ ਲਿਖਣ ਲੱਗ ਪਿਆ ਸਾਂ। ਪਹਿਲਾਂ ਮੈਂ ਉਰਦੂ ‘ਚ ਲਿਖਦਾ ਸਾਂ…ਮੈਟ੍ਰਿਕ ਕਰਕੇ ਜਦੋਂ ਮੈਂ ਰੁਜ਼ਗਾਰ ਦੀ ਭਾਲ ‘ਚ ਕਰਾਚੀ ਗਿਆ ਤਾਂ ਉਥੇ ਮੈਂ ਨਵੇਂ ਮਾਹੌਲ ਦੇ ਸਨਮੁਖ ਹੋਇਆ…ਉਥੇ ਵੀ ਮੈਂ ਆਪਣੀ ਸ਼ਾਇਰੀ ਜਾਰੀ ਰੱਖੀ। ਜਦੋਂ ਮੈਨੂੰ ਫ਼ੈਜ਼ ਸਾਹਿਬ ਉਪਰ ਲਿਖੀ ਕਵਿਤਾ ਲਈ ਇਨਾਮ ਮਿਲਿਆ ਤਾਂ ਉਦੋਂ ਮੈਂ ਉਰਦੂ ਵਿਚ ਲਿਖਦਾ ਸਾਂ। ਪਰ 1966 ਦੀ ਗੱਲ ਐ…ਜਦੋਂ ਮੈਨੂੰ ਪੰਜਾਬੀ ਦੇ ਦੋ ਸ਼ਾਇਰ…ਨੂਰ ਕਸ਼ਮੀਰੀ ਤੇ ਏæ ਸ਼ਾਦ ਸਾਹਿਬ ਮਿਲੇ। ਉਹ ਦੋਵੇਂ ਆਪਣੇ ਆਪਣੇ ਕਲਾਮ ਦੀ ਕਾਂਟ-ਛਾਂਟ ਕਰੀ ਬੈਠੇ ਸਨ ਤੇ ਚਾਹੁੰਦੇ ਸਨ ਮੈਂ ਵੀ ਆਪਣੀ ਰਚਨਾ ਉਨ੍ਹਾਂ ਨੂੰ ਦੇਵਾਂ ਤੇ ਤਿੰਨਾਂ ਦਾ ਸਾਂਝਾ ਪੰਜਾਬੀ ਕਾਵਿ ਸੰਗ੍ਰਹਿ ਛਪੇ। ਮੈਂ ਕਿਹਾ, ‘ਮੈਂ ਤਾਂ ਉਰਦੂ ‘ਚ ਲਿਖਣਾ ਵਾਂ…’ ਤਾਂ ਉਨ੍ਹਾਂ ਕਿਹਾ ਕਿ ਤੂੰ ਆਪਣਾ ਉਰਦੂ ਦਾ ਕਲਾਮ ਪੰਜਾਬੀ ਵਿਚ ਉਲਥ ਲੈ। ਮੈਂ ਉਸੇ ਸ਼ਾਮ ਆਪਣੀਆਂ ਤਿੰਨ ਨਜ਼ਮਾਂ ਦਾ ਪੰਜਾਬੀ ਵਿਚ ਉਲਥਾ ਕਰ ਲਿਆ…ਮੈਨੂੰ ਇਨ੍ਹਾਂ ‘ਚ ਕੋਈ ਕਮੀ ਵੀ ਨਜ਼ਰ ਨਾ ਆਈ। ਥੋੜ੍ਹਾ ਹੌਸਲਾ ਜਿਹਾ ਹੋਇਆ…ਤੇ ਮੈਂ ਹਫ਼ਤਾ ਕੁ ਲਗਾ ਕੇ 20-22 ਕਵਿਤਾਵਾਂ ਦਾ ਤਰਜ਼ਮਾ ਕਰ ਲਿਆ। ਉਨ੍ਹਾਂ ਨੂੰ ਮੇਰੀਆਂ ਰਚਨਾਵਾਂ ਮਿਆਰੀ ਲੱਗੀਆਂ…ਉਹ ਖ਼ੁਸ਼ ਹੋ ਗਏ…ਸੋ, ਮੈਂ ਵੀ ਆਪਣੀਆਂ ਕਵਿਤਾਵਾਂ ਦੀ ਭਾਜੀ ਉਨ੍ਹਾਂ ਦੀ ਕਿਤਾਬ ਵਿਚ ਪਾ ਦਿੱਤੀ। 1966 ਵਿਚ ਹੀ ‘ਨੂਰ-ਏ-ਮੀਨਾਰ’ ਨਾਂ ਹੇਠ ਇਹ ਕਿਤਾਬ ਛਪੀ।

ਇਹ ਉਹ ਦੌਰ ਸੀ ਜਦੋਂ ਮੇਰਾ ਨਾਂ ਵੀ ਬਦਲ ਗਿਆ। ਮੇਰੇ ਇਕ ਮਿੱਤਰ ਨੇ ਕਿਹਾ, ‘ਯਾਰ! ਤੇਰਾ ਨਾਂ ਸਲੀਮ ਖ਼ਵਾਜ਼ਾ ਸ਼ਾਇਰਾਂ ਵਾਲਾ ਨਹੀਂ ਲਗਦਾ…ਕੋਈ ਤਖ਼ਲੁਸ ਰੱਖ ਲੈ। ਉਹਨੇ ਮੈਨੂੰ ਸਲੀਮ ਸਾਲਿਮ ਨਾਂ ਦਿੱਤਾ। ਇਸ ਕਿਤਾਬ ਉਪਰ ਵੀ ਮੇਰਾ ਨਾਂ ਤੀਜੇ ਕਵੀ ਵਜੋਂ ਇਹੀ ਛਪਿਆ। ਮੇਰੀ ਇਹ ਪਛਾਣ ਸਾਲ ਕੁ ਰਹੀ। ਉਸ ਤੋਂ ਬਾਅਦ ਮੈਂ ਕਰਾਚੀ ਤੋਂ ਤਬਦੀਲ ਹੋ ਕੇ ਪਹਿਲਾਂ ਪਿੰਡੀ…ਫੇਰ ਲਾਹੌਰ ਆ ਗਿਆ…ਉਥੇ ਮੈਂ ਪੰਜਾਬੀਅਤ ਦੇ ਜਲਸਿਆਂ ਵਿਚ ਜਾਣਾ ਸ਼ੁਰੂ ਕੀਤਾ। ਗੱਲ 1967 ਦੀ ਹੋਣੀ ਏ…ਜਦੋਂ ਨਜਮ ਸਾਹਿਬ ਨੇ ਇਹ ਕਿਤਾਬ ਦੇਖ ਕੇ ਮੈਨੂੰ ਤਿੰਨੋਂ ਸ਼ਾਇਰਾਂ ‘ਚੋਂ ਬਿਹਤਰ ਸਮਝਿਆ…ਸੋ, ਮੈਂ ਜ਼ਰਾ ਗੰਭੀਰ ਹੋ ਗਿਆ ਤੇ ਪੰਜਾਬੀ ਵਿਚ ਲਿਖਣਾ ਸ਼ੁਰੂ ਕੀਤਾ। ਮੁਹੰਮਦ ਆਸਿਫ਼ ਖ਼ਾਂ ਨੇ ਪੂਰਬੀ ਪੰਜਾਬ ਦਾ ਸਾਹਿਤ ਪੜ੍ਹਨ ਲਈ ਪ੍ਰੇਰਿਆ। ਅੰਮ੍ਰਿਤਾ ਪ੍ਰੀਤਮ ਹੋਰਾਂ ਦਾ ਨਾਂ ਫ਼ੈਜ਼ ਸਾਹਿਬ ਕੋਲੋਂ ਸੁਣਿਆ ਹੋਇਆ ਸੀ…ਇਕ ਨਾਂ ਵਾਰਿਸ ਸ਼ਾਹ ਦਾ ਵੀ ਉਹ ਲੈਂਦੇ ਸਨ। ਉਨ੍ਹਾਂ ਸਮਿਆਂ ‘ਚ ‘ਨਾਗਮਣੀ’, ‘ਪ੍ਰੀਤਲੜੀ’ ਤੇ ‘ਆਰਸੀ’ ਰਸਾਲੇ ਨਿਕਲਦੇ ਸਨ। ਕਰਾਚੀ ਵਿਚ ਮੈਨੂੰ ਇਨਕਲਾਬੀ ਚੇਟਕ ਵੀ ਲੱਗ ਗਈ…ਦੇਸ਼ ਭਗਤਾਂ ਤੇ ਇਨਕਲਾਬੀਆਂ ਬਾਰੇ ਵਿਚਾਰਾਂ ‘ਚ ਸ਼ਿਰਕਤ ਕਰਦਾ। ਜਿਵੇਂ ਮੈਂ ਪਹਿਲੋਂ ਦੱਸਿਆ ਐ…ਫ਼ੈਜ਼ ਸਾਹਿਬ ਮੈਨੂੰ ਬਾਰ੍ਹਵੀਂ ਜਮਾਤ ਵਿਚ ਆਪਣੇ ਕਾਲਜ ਲੈ ਗਏ ਸਨ…ਮੇਰੀ ਫ਼ੀਸ ਮੁਆਫ਼ ਹੋ ਗਈ…ਕਿਤਾਬਾਂ ਮੈਨੂੰ ਮੁਫ਼ਤ ਮਿਲ ਗਈਆਂ…ਤੇ ਉਹ ਮੈਨੂੰ ਤਰੱਕੀ ਪਸੰਦ ਤਹਿਰੀਕ ਵੱਲ ਲੈ ਆਏ। ਹਾਂ, ਇਸ ਤੋਂ ਪਹਿਲਾਂ ਮੈਨੂੰ ਸਾਹਿਤ ਦੀ ਤਰੱਕੀ ਪਸੰਦ ਤਹਿਰੀਕ ਦੀ ਸੂਝ ਨਹੀਂ ਸੀ…ਇਥੇ ਹੀ ਪਤਾ ਚੱਲਿਆ ਕਿ ਇਹੀ ਅਸਲੀ ਤਹਿਰੀਕ ਵੇ…।

ਸਵਾਲ : ਕੀ ਫ਼ੈਜ਼ ਸਾਹਿਬ ਨੇ ਤੁਹਾਨੂੰ ਪੰਜਾਬੀ ਵਿਚ ਲਿਖਣ ਲਈ ਪ੍ਰੇਰਿਆ?

ਅਹਿਮਦ ਸਲੀਮ : ਨਹੀਂ…ਮੈਨੂੰ ਉਨ੍ਹਾਂ ਇੰਜ ਕਰਨ ਲਈ ਕਦੇ ਨਹੀਂ ਕਿਹਾ। ਉਨ੍ਹਾਂ ਸਿਰਫ਼ ਵਾਰਿਸ ਸ਼ਾਹ ਤੇ ਅੰਮ੍ਰਿਤਾ ਪ੍ਰੀਤਮ ਦਾ ਜ਼ਿਕਰ ਕੀਤਾ ਸੀ।

ਸਵਾਲ : ਤੁਹਾਡੀ ਪੰਜਾਬੀ ਦੀ ਪਹਿਲੀ ਨਜ਼ਮ ਕਿਹੜੀ ਹੈ?

ਅਹਿਮਦ ਸਲੀਮ : ਮੇਰੀ ਪਹਿਲੀ ਨਜ਼ਮ ‘ਕਣਕ ਦਾ ਬੂਟਾ’ ਵੇ…ਇਹ 1966 ਵਿਚ ਲਿਖੀ ਸੀ…ਇਹ ਸਾਂਝੀ ਕਿਤਾਬ ‘ਨੂਰ-ਏ-ਮੀਨਾਰ’ ਵਿਚ ਛਪੀ ਸੀ। ਇਸ ਤੋਂ ਇਲਾਵਾ ਕੁਝ ਕੁ ਹੋਰ ਨਜ਼ਮਾਂ ਵੀ ਪੰਜਾਬੀ ‘ਚੋਂ ਇਸ ਸੰਗ੍ਰਹਿ ਵਿਚ ਸ਼ਾਮਲ ਸਨ। ਮੇਰੀ ਪੰਜਾਬੀ ਦੀ ਸ਼ੁਰੂਆਤ ਇਨਕਲਾਬੀ, ਵਿਰਾਸਤੀ, ਇਤਿਹਾਸ ਨਾਲ ਜੁੜਨ ਦੀ ਵਧੇਰੇ ਸੀ। ’67-’68 ਤਕ ਇਸ ਸਿਲਸਿਲੇ ਨਾਲ ਪੂਰੀ ਤਰ੍ਹਾਂ ਜੁੜ ਗਿਆ ਸਾਂ। ਉਨ੍ਹਾਂ ਦਿਨਾਂ ‘ਚ ‘ਨਾਗਮਣੀ’ ਦੀ ਏਨੀ ਚੜ੍ਹਤ ਸੀ ਕਿ ਕਿਹਾ ਜਾਂਦਾ ਸੀ, ਜਿਹੜਾ ਲਿਖਾਰੀ ਇਸ ‘ਚ ਨਹੀਂ ਛਪਦਾ…ਉਹ ਲਿਖਾਰੀ ਕਾਹਦਾ? ਫੇਰ…ਅੰਮ੍ਰਿਤਾ ਪ੍ਰੀਤਮ ਨਾਲ ਖਤੋ-ਖ਼ਿਤਾਬਤ ਮਗਰੋਂ ਮੈਨੂੰ ਪਾਕਿਸਤਾਨ ਵਿਚ ਕਵੀ ਮੰਨਿਆ ਜਾਣ ਲੱਗਾ।

ਸਵਾਲ : 1967-68 ਦਾ ਸਮਾਂ ਵਿਸ਼ਵ ਪੱਧਰ ਤੇ ਇਨਕਲਾਬੀ ਤਬਦੀਲੀਆਂ ਦਾ ਸਮਾਂ ਸੀਇਨ੍ਹਾਂ ਤਬਦੀਲੀਆਂ ਦੀ ਲਹਿਰ ਚ ਤੁਸੀਂ ਵੀ ਕੋਈ ਹਿੱਸਾ ਪਾਇਆ?

ਅਹਿਮਦ ਸਲੀਮ : ਮੈਂ ਪਾਕਿਸਤਾਨ ਵਿਚ ਚੱਲੀ ਇਸ ਲਹਿਰ ਨਾਲ ਬਹੁਤ ਪਹਿਲਾਂ ਹੀ ਜੁੜ ਚੁੱਕਾ ਸਾਂ…ਜਦੋਂ ਮੈਂ ਜਨਵਰੀ, 1965 ‘ਚ ਫ਼ੈਜ਼ ਸਾਹਿਬ ਨਾਲ ਜੁੜ ਗਿਆ ਸਾਂ। ਉਦੋਂ ਚੋਣਾਂ ਹੋਈਆਂ…ਜਿਨ੍ਹਾਂ ਵਿਚ ਸਦਰ-ਏ-ਮਲਿਕਾ ਫ਼ਾਤਿਮਾ ਜਿਨਾਹ ਰਾਸ਼ਟਰਪਤੀ ਦੇ ਅਹੁਦੇ ਲਈ ਆਯੂਬ ਖ਼ਾਨ ਖ਼ਿਲਾਫ਼ ਲੜ ਰਹੀ ਸੀ…ਕਿਉਂਕਿ ਪਾਕਿਸਤਾਨ ਵਿਚ ਪ੍ਰੈਜ਼ੀਡੈਂਸ਼ਲ ਸਿਸਟਮ ਸੀ। ਮੈਂ 1966 ਵਿਚ ਹੀ ਕਮਿਊਨਿਸਟ ਪਾਰਟੀ ਤੇ ਨੈਸ਼ਨਲ ਆਵਾਮੀ ਪਾਰਟੀ ਦਾ ਮੈਂਬਰ ਬਣ ਚੁੱਕਾ ਸਾਂ…ਉਸ ਵਕਤ ਮੈਂ ਉਰਦੂ ‘ਚ ਆਯੂਬ ਖ਼ਾਨ ਖ਼ਿਲਾਫ਼ ਨਜ਼ਮਾਂ ਲਿਖੀਆਂ…ਤੇ ਇਹ ਕਿੱਸਾ ਬਿਆਨ ਹੋ ਹੀ ਚੁੱਕਾ ਹੈ ਕਿ ਕਿਵੇਂ ਇਨ੍ਹਾਂ ਨਜ਼ਮਾਂ ਕਾਰਨ ਜੇਲ੍ਹ ਖਾਧੀ।

ਫਿਰ ਆਯੂਬ ਖ਼ਾਨ ਦਾ ਪੁੱਤਰ ਗੌਹਰ ਆਯੂਬ, ਜਿਹੜਾ ਬਾਅਦ ਵਿਚ ਪਾਕਿਸਤਾਨੀ ਪਾਰਲੀਮੈਂਟ ਵਿਚ ਸਪੀਕਰ ਵੀ ਬਣਿਆ…ਉਹ ਹਜ਼ਾਰੇ ‘ਚੋਂ ਪਠਾਣਾਂ ਦੇ ਟਰੱਕ ਲੈ ਕੇ ਆਇਆ ਤੇ ਉਸ ਨੇ ਦੋਵੇਂ ਹੱਥਾਂ ਵਿਚ ਰਿਵਾਲਵਰ ਫੜੇ ਹੋਏ ਸਨ…ਉਹ ਭੀੜ ‘ਤੇ ਗੋਲੀਆਂ ਵਰ੍ਹਾਉਂਦਾ ਜਾ ਰਿਹਾ ਸੀ…ਜਿਸ ਨਾਲ ਬਹੁਤ ਲੋਕ ਮਾਰੇ ਗਏ। ਇਸ ਤੋਂ ਫ਼ੈਜ਼ ਸਾਹਿਬ ਬਹੁਰ ਨਿਰਾਸ਼ ਸਨ…ਉਨ੍ਹਾਂ ਨਜ਼ਮ ਲਿਖੀ-

‘ਕਹੀਂ ਨਹੀਂ ਹੈ, ਕਹੀਂ ਭੀ ਨਹੀਂ

ਲਹੂ ਕਾ ਸੁਰਾਗ,

ਯੇਹ ਬੇਆਸਰਾ ਯਤੀਮ ਲਹੂ

ਨਾ ਮੁਦੱਈ ਨਾ ਸ਼ਹਾਦਤ

ਹਿਸਾਬ ਪਾਕਿ ਹੂਆ

ਯੇ ਖ਼æੂਨ-ਏ-ਖ਼ਾਕ ਨਸ਼ੀਂ ਨਾ ਥਾ

ਰਿਸ ਕੇ ਖ਼ਾਕ ਹੂਆ’

ਇਹ ਸਾਰੇ ਕਰਾਚੀ ਦੇ ਵਾਕਿਆਤ ਨੇ…ਫੇਰ ਮੈਂ ਲਾਹੌਰ ਆਇਆ ਤਾਂ ਉਦੋਂ ਪੰਜਾਬੀ ਦਾ ਰਸਾਲਾ ‘ਪੰਜ ਦਰਿਆ’ ਵੀ ਨਿਕਲਦਾ ਸੀ…ਜਿਸ ਨੂੰ ਮੌਲਾ ਬਖ਼ਸ਼ ਕੁਸਤਾ ਜੀ ਤੇ ਚੌਧਰੀ ਅਫ਼ਜ਼ਲ ਖ਼ਾਨ ਕੱਢਦੇ ਸਨ। ਦੂਜਾ ਰਸਾਲਾ ‘ਲਹਿਰਾਂ’ ਸ਼ੁਰੂ ਹੋ ਗਿਆ…ਉਸ ਨੂੰ ਅਖ਼ਤਰ ਹੁਸੈਨ ਅਖ਼ਤਰ ਕੱਢਦੇ ਹੁੰਦੇ ਸਨ। ਮੈਂ ਇਨ੍ਹਾਂ ਨਾਲ ਵਾਬਸਤਾ ਸਾਂ…ਮੈਨੂੰ ਉਸ ਜ਼ਮਾਨੇ ਵਿਚ ਲਿਖਣ ਦਾ ਵੀ ਚਾਅ ਸੀ।

ਨਜ਼ਮ ਤੋਂ ਕਹਾਣੀ ਵਲ

ਸਵਾਲ : ਇਸ ਦੌਰ ਵਿਚ ਤੁਹਾਡੀਆਂ ਕੁਝ ਕਹਾਣੀਆਂ ਵੀ ਨਾਗਮਣੀਵਿਚ ਛਪੀਆਂ। ਨਜ਼ਮਾਂ ਤੋਂ ਕਹਾਣੀ ਵੱਲ ਜਾਣ ਦਾ ਸਬੱਬ ਕਿਵੇਂ ਬਣਿਆ?

ਅਹਿਮਦ ਸਲੀਮ : ਕਹਾਣੀ ਵੱਲ ਮੇਰਾ ਕੋਈ ਰੁਝਾਨ ਨਹੀਂ ਸੀ…ਮੈਂ ਨਿੱਜੀ ਜੀਵਨ ਵਿਚ ਵਾਪਰੀਆਂ ਗੱਲਾਂ ਨੂੰ ਕਹਾਣੀ ਦਾ ਰੂਪ ਦਿੰਦਾ ਸਾਂ…ਮੈਂ 1969-70 ਵਿਚ ‘ਕੱਚੇ ਕੋਠਿਆਂ ਦਾ ਗੀਤ’ ਕਹਾਣੀ ਲਿਖੀ, ਜਿਹੜੀ ‘ਅਦਬ’ ਰਸਾਲੇ ਵਿਚ ਛਪੀ। ਇਹ ਕਹਾਣੀ ਤੁਹਾਡੇ ਇਧਰ ਲੋਕ ਗੀਤ ਪ੍ਰਕਾਸ਼ਨ ਦੀ ਕਿਤਾਬ ‘ਕੱਚੇ ਕੋਠਿਆਂ ਦਾ ਗੀਤ’ ਵਿਚ ਛਪੀ। ਫੇਰ 1970 ‘ਚ ‘ਇਸ਼ਤਿਹਾਰੀ’ ਕਹਾਣੀ ਲਿਖੀ…ਉਹ ਏਨੀ ਮਕਬੂਲ ਹੋਈ ਕਿ ਉਰਦੂ ‘ਚ ਉਸ ਦੇ ਕਈ ਤਰਜ਼ਮੇ ਛਪ ਚੁੱਕੇ ਨੇ। ਤੁਹਾਡੇ ਇੱਧਰ ਵੀ ਨਿਰੂਪਮਾ ਦੱਤ ਨੇ ਅੰਗਰੇਜ਼ੀ ਵਿਚ ਉਸ ਦਾ ਤਰਜ਼ਮਾ ਕੀਤਾ ਸੀ। ਜੈਪੁਰ ਵਿਚ ਵੀ ਇਕ ਖ਼ਾਤੂਨ ਨੇ ਕੀਤਾ। ਇਸੇ ਤਰ੍ਹਾਂ ਪਾਕਿਸਤਾਨ ‘ਚ ਐਕਸਫੋਰਡ ਯੂਨੀਵਰਸਿਟੀ ਪ੍ਰੈੱਸ ਨੇ ਪਾਕਿਸਤਾਨ ਦੀ ਗੋਲਡਨ ਜੁਬਲੀ ‘ਤੇ ਲੇਖਾਂ ਦੀ ਕਿਤਾਬ ਛਾਪੀ…ਉਸ ਵਿਚ ਵੀ ਇਹ ਅਫ਼ਸਾਨਾ ਸ਼ਾਮਲ ਹੋਇਆ। ‘ਇਸ਼ਤਿਹਾਰੀ’ ਸਾਦੀ ਜਿਹੀ ਕਥਾ ਵੇ…ਕਿ ਮੈਂ ਆਪਣੇ ਕਮਰੇ ਵਿਚ ਬੈਠਾ ਹਾਂ…ਮੇਰਾ ਕਮਰਾ ਕਿਧਰੇ ਅਚਾਨਕ ਗੁਮ ਹੋ ਗਿਆ…ਮੈਂ ਕਿਸੇ ਸਰਾਂ ਵਿਚ ਭਟਕ ਰਿਹਾ ਹਾਂ…ਗਲੀਆਂ ਵਿਚ ਪੁਲੀਸ ਦੀਆਂ ਸੀਟੀਆਂ ਵੱਜ ਰਹੀਆਂ ਨੇ…ਮੈਨੂੰ ਇਕ ਬਾਬਾ ਮਿਲਦੈ…ਉਹ ਮੈਨੂੰ ਉਂਗਲ ਫੜ ਕੇ ਕਹਿੰਦੈ ਕਿ ਤੂੰ ਇਨ੍ਹਾਂ ਗਲੀਆਂ ‘ਚੋਂ ਨਿਕਲ ਜਾ…ਨਹੀਂ ਤਾਂ ਭਟਕ ਜਾਵੇਂਗਾ…ਇਹ ਵਕਤ ਤਾਰੀਖ਼ ਤੇ ਸਭਿਆਚਾਰ ਬਾਰੇ ਗੱਲ ਕਰਨ ਦਾ ਨਹੀਂ ਐ…ਥੋੜ੍ਹੀ ਦੇਰ ਬਾਅਦ ਪੁਲੀਸ ਸੀਟੀਆਂ ਵਜਾਉਂਦੀ ਆਉਂਦੀ ਐ ਤੇ ਬਾਬੇ ਨੂੰ ਫੜ ਕੇ ਲੈ ਜਾਂਦੀ ਐ…ਫੇਰ ਮੈਂ ਦੀਵਾਰ ‘ਤੇ ਨਜ਼ਰ ਮਾਰਦਾਂ ਤਾਂ ਉਥੇ ਵੱਡਾ ਸਾਰਾ ਇਸ਼ਤਿਹਾਰ ਸੀ-‘ਪੁਲੀਸ ਕੋ ਫਿਰ ਵਾਰਿਸ਼ ਸ਼ਾਹ ਕੀ ਤਲਾਸ਼ ਹੈ, ਉਸ ਕੋ ਬਾਰ ਬਾਰ ਮਾਰਾ ਜਾਤਾ ਹੈ ਔਰ ਵੋਹ ਫਿਰ ਜ਼ਿੰਦਾ ਹੋ ਜਾਤਾ ਹੈ, ਜਬ ਤਕ ਵਾਰਿਸ ਸ਼ਾਹ ਨਹੀਂ ਮਰਤਾ, ਪੰਜਾਬ ਕੀ ਤਕਸੀਮ ਕਾ ਸ਼ੋਰ ਖ਼ਤਮ ਨਹੀਂ ਹੋਗਾ।’ ਕੁਝ ਇਸ ਤਰ੍ਹਾਂ ਦਾ ਇਸ਼ਤਿਹਾਰ ਸੀ ਉਹ। ਕਹਾਣੀ ‘ਚ ਬਾਬੇ ਨੂੰ ਇਸ਼ਤਿਹਾਰੀ ਕਰਾਰ ਦਿੱਤਾ ਗਿਆ ਸੀ।

ਫੇਰ ਮੇਰੀ ਇਕ ਕਹਾਣੀ 1971 ਦੇ ਘੱਲੂਘਾਰੇ ਨਾਲ ਸਬੰਧਤ ਸੀ…ਉਹ ਸੀ ‘ਅੱਧਾ ਪਿੰਜਰ’। ਇਹ ਵੀ ਬਹੁਤ ਮਸ਼ਹੂਰ ਹੋਈ…ਇਹ ਵੀ ਮੁਲਕ ਦੀ ਤਕਸੀਮ ਨਾਲ ਸਬੰਧਤ ਸੀ…ਇਕ ਪ੍ਰਤੀਕਾਤਮਕ ਕਹਾਣੀ ਸੀ। ਫੇਰ ਮੈਂ ‘ਮਾਂ ਤੇਰਾ ਨਾਂ ਸਵੇਰਾ’ ਲਿਖੀ। ਆਸਿਫ਼ ਖ਼ਾਂ ਨੇ ‘ਪੰਜਾਬੀ ਅਦਬ’ ਵਿਚ ਮੇਰੀ ਕਹਾਣੀ ‘ਸਾਂਝ’ ਛਾਪੀ…ਇਹ ਮੁਸਲਿਮ-ਸਿੱਖ ਏਕਤਾ ਦੀ ਕਹਾਣੀ ਸੀ। ਕਹਾਣੀ ਦੀ ਪਾਤਰ ਕੁੜੀ ‘ਸੌਗਾਤ’ ਸੀ। ਇਸ ਤਰ੍ਹਾਂ ਮੈਂ ਉਦੋਂ ਪੰਜ-ਸੱਤ ਕਹਾਣੀਆਂ ਲਿਖੀਆਂ।

ਨਜ਼ਮ ਦੀ ਤਾਕਤ

ਸਵਾਲ : ਇਕ ਵਾਰ ਤੁਹਾਡੀ ਨਜ਼ਮ ਸਦਾ ਜੀਵੇ ਬੰਗਲਾ ਦੇਸ਼ਕਾਰਣ ਤੁਹਾਨੂੰ 6 ਮਹੀਨੇ ਦੀ ਕੈਦ ਤੇ 5 ਕੋੜਿਆਂ ਦੀ ਸਜ਼ਾ ਮਿਲੀ। ਕੀ ਸੀ ਉਹ ਕਿੱਸਾ?

ਅਹਿਮਦ ਸਲੀਮ : ਇਹ ਵਾਕਿਆਤ ਬੰਗਲਾ ਦੇਸ਼ ਨਾਲ ਜੁੜਿਆ ਵੇ…ਮੈਂ 26 ਮਾਰਚ ਨੂੰ ਸ਼ਾਹ ਹੁਸੈਨ ਦੀ ਮਜ਼ਾਰ ‘ਤੇ ਜਿਹੜੀ ਨਜ਼ਮ ਲਿਖੀ…ਉਸ ਕਰਕੇ ਮੈਂ ਫੜਿਆ ਗਿਆ…ਮੈਨੂੰ ਸਜ਼ਾ ਵੀ ਹੋਈ। ਮੈਨੂੰ ਛੇ ਮਹੀਨੇ ਦੀ ਕੈਦ ਹੋਈ ਸੀ ਪਰ ਮੈਂ 8 ਮਹੀਨੇ ਜੇਲ੍ਹ ਰਿਹਾ…ਕਿਉਂਕਿ ਕੈਦ ਹੋਣ ਤੋਂ 2 ਮਹੀਨੇ ਪਹਿਲਾਂ ਮੈਂ ਹਵਾਲਾਤੀ ਸਾਂ…ਮੈਨੂੰ 5 ਕੋੜਿਆਂ ਦੀ ਸਜ਼ਾ ਹੋਈ ਸੀ…ਉਸ ਸਜ਼ਾ ਤੋਂ ਮੈਂ ਇਸ ਲਈ ਬਚ ਗਿਆ ਕਿਉਂਕਿ ਜੇਲ੍ਹ ਸੁਪਰਡੈਂਟ ਨੇ ਮੇਰੀ ਮਦਦ ਕੀਤੀ। ਉਸ ਨੇ ਕਿਹਾ, ”ਤੂੰ ਮੈਨੂੰ ਦਰਖ਼ਾਸਤ ਦੇ ਕਿ ਜਦ ਮੈਂ ਰਿਹਾਅ ਹੋਵਾਂ ਮੈਨੂੰ ਉਦੋਂ ਕੋੜੇ ਮਾਰੇ ਜਾਣ ਤੇ ਜੇ ਤੇਰਾ ਸਿਆਸੀ ਕੇਸ ਬਹੁਤ ਮਜ਼ਬੂਤ ਵੇ…ਤਾਂ ਫਿਰ ਇਹ 6 ਮਹੀਨੇ ਵੀ ਨਹੀਂ ਚੱਲਣਗੇ।” ਇਸ ਤਰ੍ਹਾਂ ਮੈਨੂੰ 5 ਕੌੜਿਆਂ ਦੀ ਸਜ਼ਾ ਤਾਂ ਨਾ ਮਿਲੀ ਪਰ ਇਹਦੇ ਨਾਲ ਇਕ ਹੋਰ ਲਤੀਫ਼ਾ ਵੀ ਜੁੜ ਗਿਆ…ਉਹ ਇਹ ਕਿ ਸਜ਼ਾ ਸੀ 6 ਮਹੀਨੇ ਕੈਦ, 5 ਕੋੜੇ ਤੇ 2 ਹਜ਼ਾਰ ਰੁਪਏ…ਜੁਰਮਾਨਾ ਨਾ ਦੇਣ ‘ਤੇ 3 ਮਹੀਨੇ ਦੀ ਹੋਰ ਕੈਦ। ਮੈਂ ਬਹੁਤ ਖ਼ੁਸ਼ ਸਾਂ ਕਿ ਜੇ 6 ਮਹੀਨੇ ਕੋੜੇ ਨਾ ਪਏ ਤਾਂ ਮੇਰੇ ਕੋਲ 3 ਮਹੀਨੇ ਹੋਰ ਸਨ ਬਚਤ ਲਈ ਕਿਉਂਕਿ ਮੈਨੂੰ ਕੋੜਿਆਂ ਕੋਲੋਂ ਬਹੁਤ ਖ਼ੌਫ਼ ਸੀ। ਜਦੋਂ ਫ਼ੈਜ਼ ਸਾਹਿਬ ਨੂੰ ਪਤਾ ਲੱਗਾ ਕਿ ਮੈਨੂੰ ਤਿੰਨ ਮਹੀਨੇ ਹੋਰ ਕੱਟਣੇ ਪੈ ਸਕਦੇ ਨੇ ਤਾਂ ਉਨ੍ਹਾਂ ਦੋ ਹਜ਼ਾਰ ਰੁਪਏ ਦਾ ਪ੍ਰਬੰਧ ਕੀਤਾ…ਤਾਂ ਮੈਂ ਫ਼ੈਜ਼ ਸਾਹਿਬ ਨੂੰ ਖ਼ਤ ਲਿਖਿਆ ਕਿ ਤੁਸੀਂ ਮੈਨੂੰ ਜਲਦੀ ਕੋੜੇ ਪਵਾਉਣਾ ਚਾਹੁੰਦੇ ਓ…ਹਾ…ਹਾ…।

ਸਵਾਲ : ਸਲੀਮ ਸਾਹਿਬ, ਜਿਵੇਂ ਅੰਮ੍ਰਿਤਾ ਪ੍ਰੀਤਮ ਦੀ ਤਹਿਰੀਕੀ ਮਹੱਤਵ ਵਾਲੀ ਨਜ਼ਮ ਅੱਜ ਆਖਾਂ ਵਾਰਿਸ ਸ਼ਾਹ ਨੂੰਹੈ, ਇਸੇ ਤਰ੍ਹਾਂ ਦੀ ਇਤਿਹਾਸਕ ਮਹੱਤਵ ਵਾਲੀ ਤੁਹਾਡੀ ਇਹ ਨਜ਼ਮ ਸਦਾ ਜੀਵੇ ਬੰਗਲਾ ਦੇਸ਼ਹੈ। ਇਸ ਨਜ਼ਮ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰੋ?

ਅਹਿਮਦ ਸਲੀਮ : ਮੈਂ ਮੁਕੱਦਮੇ ਦੀ ਕਹਾਣੀ ਸੁਣਾ ਦਿੰਦਾ ਹਾਂ। ਫ਼ੌਜੀ ਅਦਾਲਤ ਵਿਚ ਮੁਕੱਦਮਾ ਚਲਦਾ ਸੀ…ਫ਼ੌਜੀ ਅਦਾਲਤ ਦਾ ਜੱਜ ਮੇਜਰ ਹੁੰਦਾ ਸੀ…ਇਸ ਅਦਾਲਤ ਕੋਲ ਮੌਤ ਦੀ ਸਜ਼ਾ ਤੋਂ ਬਿਨਾਂ ਬਾਕੀ ਸਜ਼ਾਵਾਂ ਦੇਣ ਦਾ ਅਧਿਕਾਰ ਹੁੰਦਾ ਸੀ…ਇਸ ਨੂੰ ‘ਸਮਰੀ ਮਿਲਟਰੀ ਕੋਰਟ’ ਕਿਹਾ ਜਾਂਦਾ ਸੀ। ਤਸੱਲੀ ਇਹ ਸੀ ਕਿ ਮੇਰਾ ਕੇਸ ਸਮਰੀ ਮਿਲਟਰੀ ਅਦਾਲਤ ਵਿਚ ਨਹੀਂ ਸੀ…ਇਸ ਲਈ ਮੌਤ ਦਾ ਡਰ ਨਹੀਂ ਸੀ। ਜਦ ਮੈਨੂੰ ਕੁਰਆਨ ‘ਤੇ ਹੱਥ ਰੱਖ ਕੇ ਹਲਫ਼ ਲੈਣ ਲਈ ਕਿਹਾ ਗਿਆ ਤਾਂ ਮੈਂ ਕਿਹਾ, ਇਹ ਤਾਂ ਬਾਅਦ ਦੀ ਗੱਲ ਏ ਮੈਂ ਤਾਂ ਤੁਹਾਨੂੰ ਅਦਾਲਤ ਈ ਨਹੀਂ ਮੰਨਦਾ। ਇਹਦੇ ‘ਤੇ ਸਰਕਾਰੀ ਵਕੀਲ ਚੀਖਿਆ, ‘ਇਹ ਤੌਹੀਨ-ਏ-ਕੋਰਟ ਏ।’ ਪਰ ਮੇਜਰ ਮੈਨੂੰ ਛੱਡਣ ਦਾ ਇਛੁੱਕ ਸੀ ਤੇ ਖ਼ੁਦ ਕਹਿ ਰਿਹਾ ਸੀ ਕਿ ਇਹ ਨਜ਼ਮ ਘਟੀਆ ਹੈ…ਖ਼ਰਾਬ ਹੈ…ਤੇਰੀ ਨਹੀਂ ਹੋ ਸਕਦੀ…ਤੂੰ ਤੇ ਚੰਗਾ ਸ਼ਾਇਰ ਏਂ। ਮੈਂ ਉਨ੍ਹਾਂ ਨੂੰ ਕਿਹਾ, ”ਮੈਂ ਤੁਹਾਡੀ ਫ਼ੌਜੀ ਸਮਰਥਾ ‘ਤੇ ਸਵਾਲ ਨਹੀਂ ਉਠਾ ਰਿਹਾ ਕਿ ਚੰਗੀ ਹੈ ਜਾਂ ਮਾੜੀ…ਠੀਕ ਉਸੇ ਤਰ੍ਹਾਂ ਤੁਹਾਨੂੰ ਕੀ ਪਤਾ ਹੈ ਕਿ ਚੰਗੀ ਸ਼ਾਇਰੀ ਕਿਹੜੀ ਹੁੰਦੀ ਐ ਤੇ ਮਾੜੀ ਕਿਹੜੀ? ਤੁਸੀਂ ਇਹ ਕਹਿ ਸਕਦੇ ਹੋ ਕਿ ਮੈਂ ਫ਼ੌਜ ਦੇ ਖ਼ਿਲਾਫ਼ ਨਜ਼ਮ ਲਿਖੀ ਐ…ਪਰ ਇਹ ਨਹੀਂ ਕਹਿ ਸਕਦੇ ਕਿ ਮੈਂ ਘਟੀਆ ਸ਼ਾਇਰੀ ਲਿਖੀ ਐ।” ਇਹਦੇ ‘ਤੇ ਵੀ ਸਰਕਾਰੀ ਵਕੀਲ ਬਹੁਤ ਬੋਲਿਆ। ਫੇਰ ਮੈਨੂੰ ਮਜੀਦ (ਇਸ ਤੋਂ ਸਿਖ਼ਰਲੀ ਅਦਾਲਤ) ਕੋਲ ਭੇਜਿਆ ਗਿਆ…ਮੇਰੇ ਵਕੀਲ ਨੇ ਕਿਹਾ ਕਿ ਹੁਣ ਇੱਥੇ ਨਾ ਬਕਵਾਸ ਕਰੀਂ ਨਹੀਂ ਤਾਂ ਤੈਨੂੰ ਇਸ ਤੋਂ ਉਪਰਲੀ ਅਦਾਲਤ ਵਿਚ ਭੇਜ ਦਿੱਤਾ ਜਾਵੇਗਾ।

ਚਲੋ ਖ਼ੈਰ, ਮੈਂ ਸਜ਼ਾਯਾਫ਼ਤਾ ਕੈਦੀ ਬਣ ਗਿਆ…ਮੈਂ ਜੇਲ੍ਹ ਸੁਪਰਡੈਂਟ ਕੋਲ ਗਿਆ। ਉਸ ਨੇ ਕਿਹਾ, ‘ਕੀ ਬਣ ਗਿਐਂ ਸਰਟੀਫਿਕੇਟੀ?’ ਉਹ ਪੜ੍ਹਿਆ ਲਿਖਿਆ ਸ਼ਰੀਫ਼ ਆਦਮੀ ਸੀ…ਉਸ ਨੇ ਮੈਨੂੰ ਕੋੜੇ ਰਿਹਾਈ ਵੇਲੇ ਮਾਰਨ ਲਈ ਅਰਜ਼ੀ ਦੇਣ ਵਾਸਤੇ ਕਿਹਾ ਤਾਂ ਜੋ ਇਸ ਤੋਂ ਬਚ ਕੇ ਰਿਹਾਈ ਮਗਰੋਂ ਆਪਣਾ ਇਲਾਜ ਕਰਵਾ ਸਕਾਂ। ਉਹ ਕੋੜੇ ਏਨੇ ਸਖ਼ਤ ਹੁੰਦੇ ਸਨ ਕਿ ਮੇਰੇ ਜਿਹਾ ਕਮਜ਼ੋਰ ਆਦਮੀ ਤਾਂ 5 ਵੀ ਨਾ ਸਹਿ ਸਕੇ। ਉਹ ਸੋਟੀ ‘ਤੇ ਚੜ੍ਹਿਆ ਹੋਇਆ ਚਮੜਾ ਹੁੰਦਾ ਸੀ ਜੋ ਪਿਛੋਂ ਦੌੜ ਕੇ ਮਾਰਦੇ ਸਨ ਜੋ ਟਿਕਟਿਕੀ ‘ਤੇ ਉਲਟਾ ਲਟਕਿਆ ਹੁੰਦਾ ਸੀ…ਉਸ ਨੂੰ ਪਿੰਡੇ ਦੇ ਪਿਛੇ ਮਾਰਦੇ ਸਨ। ਕਮਜ਼ੋਰ ਬੰਦੇ ਕੋਲ ਇਸ ਤੋਂ ਬਚਤ ਦਾ ਕੋਈ ਰਾਹ ਨਹੀਂ ਸੀ ਹੁੰਦਾ। ਕੈਦ ਦੌਰਾਨ ਮੈਂ ਕੁਝ ਨਜ਼ਮਾਂ ਵੀ ਲਿਖੀਆਂ ਜੋ ਬਾਅਦ ਵਿਚ ਕਿਤਾਬਾਂ ‘ਚ ਛਪੀਆਂ।

 

ਜੇਲ੍ਹ ਨਜ਼ਮਾਂ
ਹੁਣ : ਜੇਲ੍ਹ ਵਿਚ ਲਿਖੀਆਂ ਨਜ਼ਮਾਂ ਵਿਚੋਂ ਕੁਝ ਦੀ ਜੇਕਰ ਤਫ਼ਸੀਲ ਦਿਓ ਤਾਂ ਬਹੁਤ ਚੰਗਾ ਹੋਵੇਗਾ?
ਅਹਿਮਦ ਸਲੀਮ : ਉਹ ਬੰਗਲਾ ਦੇਸ਼ ਤੇ ਪੰਜਾਬ ਦੇ ਸਬੰਧ ਵਿਚ ਸਨ। ਮੇਰੀ ਇਕ ਨਜ਼ਮ ਸੀ ‘ਪੰਜਾਬ ਯੂਨੀਵਰਸਿਟੀ ਦਾ ਢੋਲਾ’…ਉਹ ਮੈਂ ਅਖੌਤੀ ਨਾਇਕਾਂ ਤੇ ਨੌਜਵਾਨਾਂ ‘ਤੇ ਤਨਜ਼ ਕੀਤਾ ਸੀ…’ਸ਼ਾਇਰ ਦੇਸ਼ ਪੰਜਾਬ ਦਾ, ਅਹਿਮਦ ਮੇਰਾ ਨਾਂ’ ਸਤਰਾਂ ਵਾਲੀ ਨਜ਼ਮ ਸੀ। ਬਾਅਦ ਵਿਚ ਮੇਰੇ ‘ਤੇ ਦੋਸ਼ ਲਾਇਆ ਗਿਆ ਕਿ ਇਹ ਤਾਂ ਅੰਮ੍ਰਿਤਾ ਪ੍ਰੀਤਮ ਦੀ ਬਹਿਰ ਹੈ। ਮੈਂ ਪ੍ਰੇਸ਼ਾਨ ਸਾਂ…ਮੈਨੂੰ ਫ਼ੈਜ਼ ਸਾਹਿਬ ਨੇ ਇਕ ਵਾਰ ਸਲਾਹ ਦਿੱਤੀ ਸੀ ਕਿ ‘ਕਿਸੇ ਦੀ ਨਕਲ ਨਾ ਕਰੀਂ, ਅਸਲ ਅਹਿਮਦ ਸਲੀਮ ਰਹੀਂ…ਭਾਵੇਂ ਤੂੰ ਤੀਜੇ ਦਰਜੇ ਦਾ ਕਵੀ ਰਹੇਂ ਪਰ ਅਸਲੀ ਹੋਵੇਂ। ਇਹ ਚੰਗਾ ਨਹੀਂ ਕਿ ਤੂੰ ਅਵੱਲ ਦਰਜੇ ਦਾ ਸ਼ਾਇਰ ਹੋਵੇਂ ਪਰ ਉਸ ‘ਤੇ ਕਿਸੇ ਦੀ ਛਾਪ ਹੋਵੇ। ਸੋ, ਮੈਂ ਬੜਾ ਸੁਚੇਤ ਸਾਂ…ਬਾਅਦ ਵਿਚ ਮੈਂ ਦੇਖਿਆ ਕਿ ਮੇਰੀ ਨਜ਼ਮ ਅੰਮ੍ਰਿਤਾ ਦੇ ਨੇੜੇ ਹੈ ਤਾਂ ਮੈਂ ਹੋਰ ਸੁਚੇਤ ਹੋ ਗਿਆ।
ਜੇਲ੍ਹ ਵਿਚ ਇਕ ਮੁਹੰਮਦ ਖ਼ਾਨ ਨਾਂ ਦਾ ਡਾਕੂ ਸੀ। ਉਹਦੇ ਬਾਰੇ ਮਸ਼ਹੂਰ ਸੀ ਕਿ ਉਹ ਡਾਕੂ ਨਹੀਂ, ਕਿਰਾਏ ਦਾ ਕਾਤਲ ਸੀ ਔਰ ਇਹਨੂੰ ਹਕੂਮਤਾਂ ਇਸਤੇਮਾਲ ਕਰਦੀਆਂ ਸਨ। ਸੁਣਨ ਵਿਚ ਆਇਆ ਕਿ ਨਵਾਬ-ਏ-ਕਾਲਾ ਬਾਗ਼ ਨੇ ਮੁਹੰਮਦ ਖ਼ਾਨ ਨੂੰ ਕਿਹਾ, ‘ਤੂੰ ਭੁੱਟੋ ਨੂੰ ਟਿਕਾਣੇ ਲਗਾ ਦੇ।’ ਪਰ ਉਸ ਨੇ ਇਨਕਾਰ ਕਰ ਦਿੱਤਾ…ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਹ ਮੁਲਤਾਨੋਂ, ਲਾਹੌਰ ਵਿਚ ਮੁਕੱਦਮਾ ਭੁਗਤਣ ਆਇਆ। ਉਸ ਦੀ ਦਹਿਸ਼ਤ ਤੋਂ ਲੋਕ ਘਬਰਾਉਂਦੇ ਸਨ। ਉਹਨੂੰ ਕਿਸੇ ਨੇ ਕਿਹਾ ਕਿ ਇੱਥੇ ਸਿਆਸੀ ਕੈਦੀ ਵੀ ਹੈ। ਮੈਨੂੰ ਬੁਲਾਇਆ ਗਿਆ ਤਾਂ ਮੈਂ ਕਿਹਾ, ”ਮੈਂ ਕਿਸੇ ਡਾਕੂ ਨੂੰ ਨਹੀਂ ਮਿਲਦਾ।” ਫੇਰ ਉਹਦੀਆਂ ਬੇੜੀਆਂ ਦੀ ਛਣਕਾਰ ਮੇਰੇ ਤੱਕ ਆਈ। ਉਸ ਦੇ ਪਿਛੇ ਉਸ ਦੇ ਚਮਚੇ ਕੈਦੀ ਸਨ। ਉਹ ਕਹਿੰਦਾ, ”ਬਾਊ, ਮੈਂ ਤੈਨੂੰ ਸਲਾਮ ਕਰਨ ਆਇਆ ਹਾਂ…ਜਿਹੜਾ ਬੰਦਾ ਯਾਹੀਆ ਖ਼ਾਨ ਨੂੰ ਟੱਕਰ ਸਕਦੈ, ਉਹਨੂੰ ਸਲਾਮ ਕਰਨਾ ਬਣਦੈ। ਤੂੰ ਦੱਸ ਤੇਰੀ ਕੀ ਖ਼ਿਦਮਤ ਕਰਾਂ?” ਉਸ ਦੇ ਚਮਚਿਆਂ ਨੇ ਦੁੱਧ, ਚਾਵਲ, ਪੱਤੀ ਕਿੰਨੀ ਚੀਜ਼ਾਂ ਚੁੱਕੀਆਂ ਹੋਈਆਂ ਸਨ। ਉਹ ਜਿੰਨੇ ਦਿਨ ਰਿਹਾ, ਉਹਦੇ ਨਾਲ ਗੱਪ-ਸ਼ਪ ਹੁੰਦੀ ਰਹੀ। ਉਹ ਬੜੇ ਚਰਿੱਤਰ ਵਾਲਾ ਬੰਦਾ ਸੀ। ਉਹ ਫਾਂਸੀ ਤੋਂ ਬਚ ਗਿਆ ਤੇ ਬਾਅਦ ‘ਚ ਰਿਹਾਅ ਵੀ ਹੋ ਗਿਆ।
ਹੁਣ : ਤੁਹਾਡੇ ਮੁਤਾਬਕ ਸਿਆਸਤ ਤੇ ਸਾਹਿਤ ਦਾ ਰਿਸ਼ਤਾ ਕਿਵੇਂ ਦਾ ਹੋਣਾ ਚਾਹੀਦਾ ਹੈ
ਅਹਿਮਦ ਸਲੀਮ : ਮੈਂ ਸਿਆਸਤ ਵਿਚ ਸਾਂ…ਜ਼ਾਹਰ ਹੈ ਮੇਰੀ ਸਿਆਸਤ ਵਿਚ ਰੁਚੀ ਸੀ…ਪਰ ਜੇ ਮੈਂ ਸਿਆਸਤ ਵਿਚ ਨਹੀਂ ਵੀ ਹਾਂ ਜਿਵੇਂ ਹੁਣ ਮੈਂ ਹਾਂ ਵੀ ਨਹੀਂ…ਪਰ ਮੈਂ ਅੱਜ ਵੀ ਕਹਿਨਾਂ ਕਿ ਜੇਕਰ ਇਨਸਾਨ ਕਤਲ ਹੋ ਰਹੇ ਨੇ ਔਰ ਤੁਸੀਂ ਕਵੀ ਹੋ…ਔਰ ਤੁਸੀਂ ਚੁੱਪ ਦਾ ਰੋਜ਼ਾ ਰੱਖ ਲਿਐ…ਤਾਂ ਇਹ ਜੁæਰਮ ਐ…। ਇਸ ਦਾ ਮਤਲਬ ਇਹ ਵੇ ਕਿ ਤੁਸੀਂ ਆਪਣੀ ਸ਼ਾਇਰੀ ਨਾਲ ਸੱਚੇ ਨਹੀਂ ਹੋ। ਦੁਨੀਆ ਵਿਚ ਕਿਧਰੇ ਵੀ ਘੱਲੂਕਾਰਾ ਹੋ ਰਿਹੈ…ਲੋਕ ਮਾਰੇ ਜਾ ਰਹੇ ਨੇ…ਜਾਂ ਲੋਕਾਂ ‘ਤੇ ਅਤਿਆਚਾਰ ਹੋ ਰਹੇ ਨੇ…ਇਹ ਕਿਸ ਤਰ੍ਹਾਂ ਹੋ ਸਕਦੈ ਕਿ ਤੁਸੀਂ ਦੁੱਲੇ ਭੱਟੀ ਦੀ ਵਾਰ ਕਹਿੰਦੇ ਰਹੋ…ਪੰਜਾਬ ਦੀ ਮਸਨੂਈ ਚਮਕ ਵਿਚ ਰਹੋ…। ਜ਼ਾਲਮ ਜੋ ਕਰ ਰਿਹੈ ਦੂਸਰੇ ਇਨਸਾਨਾਂ ਦੇ ਨਾਲ਼ææਉਹਦੇ ‘ਤੇ ਤੁਸੀਂ ਅੱਖਾਂ ਬੰਦ ਕਰ ਲਓ। ਮੇਰਾ ਇਹੀ ਨੁਕਤਾ ਸੀ ਜੋ ਸਿਆਸਤ ਤੋਂ ਹਟ ਕੇ ਹੈ…। ਜਿਥੋਂ ਤਕ ਤੁਹਾਡਾ ਸਵਾਲ ਹੈ…ਸਿਆਸਤ ਤੇ ਸਾਹਿਤ ਦੀ ਬਿਹਤਰੀਨ ਮਿਸਾਲ ਵੇ ਪਾਬਲੋ ਨੇਰੂਦਾ। ਪਾਬਲੋ ਨੇਰੂਦਾ ਚੋਣ ਵੀ ਲੜਦਾ ਸੀ…ਆਪਣੇ ਮੁਲਕ ਦੀ ਨੁਮਾਇੰਦਗੀ ਵੀ ਕਰਦਾ ਸੀ…ਅੱਜ ਸਾਰੀ ਦੁਨੀਆ ਕਹਿੰਦੀ ਐ…ਜਿਹੜੇ ਉਹਦੇ ਨਜ਼ਰੀਏ ਦੇ ਦੁਸ਼ਮਣ ਸਨ, ਉਹ ਵੀ ਕਹਿੰਦੇ ਨੇ ਕਿ ਉਸ ਤੋਂ ਚੰਗਾ ਕਵੀ ਕੋਈ ਨਹੀਂ ਸੀ। ਦੁਨੀਆ ਨੂੰ ਉਹਤੋਂ ਚੰਗੀ ਸ਼ਾਇਰੀ ਨਹੀਂ ਮਿਲੀ। ਹੋਰ ਵੀ ਬਹੁਤ ਮਿਸਾਲਾਂ ਨੇ…ਹੋ ਚੀ ਮਿਨ ਕਵੀ ਵੀ ਸੀ ਤੇ ਉਹਨੇ ਵੀਅਤਨਾਮ ਆਜ਼ਾਦ ਵੀ ਕਰਾਇਆ। ਮਾਓ ਜੇ-ਤੁੰਗ ਦੀ ਮਿਸਾਲ ਵੀ ਲੈ ਸਕਦੇ ਆਂ। ਹਾਂ ਜੇ ਤੁਸੀਂ ਸਿਆਸਤ ਨੂੰ ਅਦਬ ‘ਤੇ ਭਾਰੂ ਕਰੋ…ਕਿ ਹਰ ਫ਼ੈਸਲਾ ਸਿਆਸਤ ਕਰੇ…ਜਿਸ ਤਰ੍ਹਾਂ ਕਮਿਊਨਿਸਟ ਪਾਰਟੀ ਆਫ਼ ਇੰਡੀਆ ਤੇ ਕਮਿਊਨਿਸਟ ਪਾਰਟੀ ਆਫ਼ ਪਾਕਿਸਤਾਨ ਦੀ ਗ਼ਲਤੀ ਇਹ ਸੀ ਕਿ ਪ੍ਰੋਗਰੈਸਿਵ ਰਾਈਟਰ ਐਸੋਸੀਏਸ਼ਨ ਵਿਚ ਫ਼ੈਸਲੇ ਪਿਛੋਂ ਆਉਂਦੇ ਸਨ…ਲੁਕ ਕੇ…ਇਹ ਗ਼ਲਤ ਸੀ। ਲੇਕਿਨ ਕਵੀ ਤੇ ਸਿਆਸਤਦਾਨ ਦੋਹਾਂ ਦਾ ਇਕੋ ਕੰਮ ਏ ਔਰ ਦੋਨੋਂ ਕੰਮ ਇਕ ਬੰਦਾ ਕਰ ਰਿਹੈ…ਸਿਰਫ਼ ਉਹਦੇ ‘ਚ ਤਾਲ ਬਿਠਾਉਣ ਦੀ ਲੋੜ ਵੇ…ਮੇਰੇ ਹਿਸਾਬ ਨਾਲ ਇਹਦੇ ਵਿਚ ਕੋਈ ਗ਼ਲਤ ਨਹੀਂ।
ਵੱਡਿਆਂ ਦੀ ਸੰਗਤ
ਹੁਣ : ਤੁਸੀਂ ਸਾਰੀਆਂ ਵੱਡੀਆਂ ਸ਼ਖ਼ਸੀਅਤਾਂ ਬਾਰੇ ਨਜ਼ਮਾਂ ਲਿਖੀਆਂ ਹਨ ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ, ਬਾਚਾ ਖ਼ਾਨ, ਕਾਰਲ ਮਾਰਕਸ, ਫ਼ਾਤਿਮਾ ਬਰਨਵੀ, ਉਸਤਾਦ ਦਾਮਨ, ਮੰਟੋ ਬਾਰੇ। ਇਹ ਨਜ਼ਮਾਂ ਕਿਸੇ ਖ਼ਾਸ਼ ਕੈਫ਼ੀਅਤ ਜਾਂ ਮਕਸਦ ਬਾਰੇ ਲਿਖੀਆਂ?
ਅਹਿਮਦ ਸਲੀਮ : ਇਹ 1969-70 ਦਾ ਦੌਰ ਸੀ…ਜਦੋਂ ਮੈਂ ਬਹੁਤ ਲਿਖ ਰਿਹਾ ਸਾਂ…ਉਦੋਂ ਮੈਂ ਇਕ ਕਿਤਾਬ ਸੰਪਾਦਤ ਕੀਤੀ…ਜਿਸ ਦਾ ਨਾਂ ਸੀ ‘ਫ਼ੈਸਲੇ ਦੀ ਘੜੀ’। ਉਹ ਵੀਅਤਨਾਮ ਬਾਰੇ ਸੀ…ਉਸ ‘ਚ ਪੂਰੀ ਦੁਨੀਆ ਦੇ ਸ਼ਾਇਰਾਂ ਦੀਆਂ ਚੋਣਵੀਆਂ ਨਜ਼ਮਾਂ ਸਨ। ਮੈਂ ਕਿਹਾ ਸੀ ਕਿ ਹੁਣ (1969) ਫ਼ੈਸਲੇ ਦਾ ਸਮਾਂ ਹੈ…ਤੇ ਸਚਮੁਚ ਅਮਰੀਕਾ ਨੂੰ ਵੀਅਤਨਾਮ ‘ਚੋਂ ਦੌੜਨਾ ਪਿਆ। ਅੰਮ੍ਰਿਤਾ ਦੀ ਨਜ਼ਮ ਛਪੀ, ਸੁਖਬੀਰ ਦੀ ਨਜ਼ਮ ਸੀ, ਫਾਤਿਮਾ ਬਰਨਾਵੀ ਫ਼ਲਸਤੀਨ ਦੇ ਸਬੰਧ ਵਿਚ ਏ…ਬਾਚਾ ਖ਼ਾਨ ਤੋਂ ਮੈਂ ਬਚਪਨ ਤੋਂ ਪ੍ਰਭਾਵਤ ਸਾਂ…ਜੋ ਕਿ ਗਾਂਧੀ ਦੇ ਸਾਥੀ ਸਨ। ਇਹ ਅਮਨ-ਸ਼ਾਂਤੀ ਦੀ ਗੱਲ ਕਰਦੇ ਸਨ। ਗਾਂਧੀ ਜੀ ਉਸ ਕੌਮ ‘ਚ ਅਹਿੰਸਾ ਦੀ ਗੱਲ ਕਰਦੇ ਸਨ ਜੋ ਪਹਿਲਾਂ ਹੀ ਅਹਿੰਸਕ ਸਨ ਪਰ ਪਸ਼ਤੂਨ ਜਿਸ ਵੇਲੇ ਜੰਮਦਾ ਹੈ, ਬੱਚੇ ਦੇ ਕੰਨ ਵਿਚ ਪਹਿਲੀ ਆਵਾਜ਼ ਗੋਲੀ ਦੀ ਹੁੰਦੀ ਹੈ। ਉਸ ਕਬੀਲੇ ਵਿਚ ਅਮਨ ਦੀ ਗੱਲ ਕਰਨਾ, ਇਹ ਮੁਅੱਜ਼ਜ਼ਾ ਹੈ। ਉਨ੍ਹਾਂ ਦਾ ਅਸਲ ਨਾਂ ਅਬਦੁਲ ਗੁਫ਼ਾਰ ਖ਼ਾਨ ਸੀ, ਇਹਨੂੰ ਸਰਹੱਦੀ ਗਾਂਧੀ ਕਿਹਾ ਜਾਂਦੈ…ਪਿਆਰ ਨਾਲ ਬਾਚਾ ਖ਼ਾਨ। ਹਿੰਦੁਸਤਾਨ ਵਿਚ ਉਸ ਨੂੰ ਬਾਦਸ਼ਾਹ ਖ਼ਾਨ ਵੀ ਕਿਹਾ ਜਾਂਦੈ।
ਹੁਣ : ਤੁਸੀਂ ਸਿੰਧੀ ਤੇ ਪਸ਼ਤੋਂ ਸਾਹਿਤ ‘ਚੋਂ ਬਹੁਤਾ ਕਿਸ ਤੋਂ ਪ੍ਰਭਾਵਤ ਹੋਏ?
ਅਹਿਮਦ ਸਲੀਮ : ਪਸ਼ਤੋਂ ‘ਚੋਂ ਮੈਂ ਗਨੀ ਖ਼ਾਨ ਕੋਲੋਂ ਪ੍ਰਭਾਵਤ ਹੋਇਆ ਜਿਹੜਾ ਕਿ ਬਾਚਾ ਖ਼ਾਨ ਦਾ ਵੱਡਾ ਪੁੱਤਰ ਸੀ…ਬਹੁਤ ਕਲਾਵੀ ਆਦਮੀ ਸਨ…ਦੂਜਾ ਅਜ਼ਮਲ ਖ਼ਾਨ ਖਟਕ ਜੋ ਪਸ਼ਤੋ ਦੇ ਵੱਡੇ ਸ਼ਾਇਰ ਸਨ। ਕਲੰਦਰ ਮੋਮਨ ਇਕ ਸ਼ਾਇਰ ਸਨ…ਜਦ ਮੈਂ ਹਾਰੂਨ ਕਾਲਜ ਪੜ੍ਹਦਾ ਸਾਂ, ਉਥੇ ਸਿੰਧੀ ਦੇ ਉਸਤਾਦ ਸਨ, ਜਿਨ੍ਹਾਂ ਦਾ ਨਾਂ ਸੀ ਰਸ਼ੀਦ ਅਹਿਮਦ ਲਾਸ਼ਾਰੀ। ਰਸ਼ੀਦ ਜਮਾਤ-ਏ-ਇਸਲਾਮੀ ਦੇ ਸਮਰਥਕ ਸਨ…ਉਹ ਸੱਜੇ ਪੱਖੀ ਸਨ…ਤੇ ਜ਼ਾਹਰ ਐ ਖੱਬਿਆਂ ਦੇ ਵਿਰੋਧੀ ਸਨ। ਉਹ ਹਰ ਵਕਤ ਸਿੰਧੀ ਦੇ ਸ਼ਾਇਰਾਂ ਦੀਆਂ ਕਿਤਾਬਾਂ ‘ਚੋਂ ਵਾਕ ਕੱਢ ਕੱਢ ਕੇ ਕਹਿੰਦੇ ਸਨ ਕਿ ਉਹ ਪਾਕਿਸਤਾਨ ਵਿਰੋਧੀ ਨੇ…ਇਸਲਾਮ ਵਿਰੋਧੀ ਨੇ। ਮੈਂ ਤਾਂ ਖੱਬੇ ਪੱਖੀ ਸਾਂ…ਉਹ ਬਹੁਤ ਪ੍ਰੇਸ਼ਾਨ ਹੋਏ। ਮੈਨੂੰ ਉਨ੍ਹਾਂ ਆਪਣੀ ਕਿਤਾਬ ‘ਅਦਬ ਕੀ ਆੜ ਮੇਂ’ ਦਿੱਤੀ, ਜਿਸ ਵਿਚ ਸਿੰਧੀ ਸ਼ਾਇਰੀ ਦੇ ਟੋਟੇ ਸਨ। ਮੈਂ ਕਿਹਾ, ”ਲਾਸ਼ਾਰੀ ਸਾਹਿਬ, ਠੀਕ ਹੈ, ਇਹ ਗੱਲਾਂ ਕਾਬਲੇ ਇਤਰਾਜ਼ ਨੇ…ਖ਼ੁਦਾ ਦੀ ਤੌਹੀਨ ਕਰਨਾ ਗ਼ਲਤ ਹੈ…ਯਕੀਨਨ ਪਾਕਿਸਤਾਨ ਦੀ ਬੁਰਾਈ ਕਰਨਾ ਗ਼ਲਤ ਵੇ…ਲੇਕਿਨ ਮੈਨੂੰ ਸ਼ੱਕ ਏ ਕਿ ਇਹ ਉਨ੍ਹਾਂ ਨੇ ਨਹੀਂ ਲਿਖਿਆ…ਇਹ ਤੁਸੀਂ ਤਰਜ਼ਮੇ ਵਿਚ ਗੜਬੜ ਕੀਤੀ ਹੈ…।” ਉਹ ਜੋਸ਼ ਵਿਚ ਆ ਗਏ…ਕਹਿਣ ਲੱਗੇ, ”ਤੂੰ ਸਿੰਧੀ ਵਿਚ ਪੜ੍ਹ ਲੈ…।” ਮੈਂ ਕਿਹਾ, ”ਮੈਨੂੰ ਸਿੰਧੀ ਨਹੀਂ ਆਉਂਦੀ।” ਉਹ ਕਹਿੰਦੇ, ”ਮੈਂ ਆਪ ਕੋ ਸਿੰਧੀ ਸਿਖਾਉਂਗਾ।” ਫੇਰ ਮੈਂ ਇੰਜ ਸਿੰਧੀ ਵੀ ਸਿੱਖੀ। ਉਹਨੇ ਮੈਨੂੰ ਆਪਣੇ ਮਕਸਦ ਲਈ ਸਿੰਧੀ ਸਿਖਾਈ…ਉਹ ਮੈਨੂੰ ਸ਼ੇਖ਼ ਏਜ਼ਾਜ਼ ਵਿਰੋਧੀ ਬਣਾਉਣਾ ਚਾਹੁੰਦੇ ਸਨ ਪਰ ਮੈਂ ਬਾਅਦ ਵਿਚ ਉਨ੍ਹਾਂ ਦਾ ਅਨੁਵਾਦਕ ਬਣ ਗਿਆ।
ਹੁਣ : ਥੋੜ੍ਹਾ ਜਿਹਾ ਚਾਨਣਾ ਸ਼ੇਖ਼ ਏਜ਼ਾਜ਼ ਬਾਰੇ ਪਾਓ?
ਅਹਿਮਦ ਸਲੀਮ : ਮੈਂ ਜਦੋਂ ਕਾਲਜ ਵਿਚ ਸਾਂ ਤਾਂ ਸ਼ੇਖ਼ ਅਯਾਜ਼ ਨਾਲ ਸ਼ਾਇਰੀ ਰਾਹੀਂ ਜਾਣ-ਪਛਾਣ ਹੋ ਗਈ…ਫ਼ੈਜ਼ ਸਾਹਿਬ ਵੀ ਉੁਨ੍ਹਾਂ ਨੂੰ ਜਾਣਦੇ ਸਨ…ਉਨ੍ਹਾਂ ਦੇ ਦੋਸਤ ਸਨ…ਉਹ ਸੱਖ਼ਰ ਵਿਚ ਵਕੀਲ ਸਨ…ਮੈਂ ਆਉਂਦੇ-ਜਾਂਦੇ ਉਨ੍ਹਾਂ ਨੂੰ ਮਿਲਦਾ ਰਹਿੰਦਾ…ਉਹ ਬਹੁਤ ਵੱਡੇ ਅਪਰਾਧਕ ਮਸਲਿਆਂ ਬਾਰੇ ਕਾਨੂੰਨ ਦੇ ਮਾਹਰ ਵਕੀਲ ਸਨ…ਇਕ ਵਾਰ ਮੈਂ ਉਨ੍ਹਾਂ ਕੋਲ ਗਿਆ…ਉਨ੍ਹਾਂ ਦੇ ਪੀæਏæ ਨੇ ਕਿਹਾ, ”ਜੀ, ਆਪ ਨੇ ਸ਼ੇਖ਼ ਏਜ਼ਾਜ਼ ਕੋ ਕਿਉਂ ਮਿਲਨਾ ਹੈ? ਕਯਾ ਕੋਈ ਜ਼ਮੀਨ ਕਾ ਮਾਮਲਾ ਹੈ?” ਮੈਂ ਕਿਹਾ, ”ਮੈਂ ਸ਼ੇਖ਼ ਏਜ਼ਾਜ਼ ਜੀ ਨੂੰ ਪੂਰੀ ਗੱਲ ਦੱਸਾਂਗਾ। ਸ਼ੇਖ਼ ਨੇ ਕਿਹਾ, ”ਆਪ ਕਾ ਕੋਈ ਜ਼ਮੀਨ ਕਾ ਮਾਮਲਾ ਹੈ?” ਮੈਂ ਕਿਹਾ ‘ਹਾਂ।’
ਸ਼ੇਖ਼, ”ਪੰਜਾਬ ਮੇਂ?”…ਪਰ ਮੈਂ ਤੋ ਪੰਜਾਬ ਮੇਂ ਮੁਕੱਦਮੇ ਨਹੀਂ ਲੇਤਾ?”
ਮੈਂ ਕਿਹਾ, ” ਮੈਂ ਪੰਜਾਬੀ ਦਾ ਲੇਖਕ ਹਾਂ ਤੇ ਇਸ ਚੱਕਰ ਵਿਚ ਆਇਆ ਹਾਂ।” ਉਹ ਫਿਰ ਖੁੱਲ੍ਹ ਗਏ। ਇਹ 30 ਜੂਨ 1969 ਦੀ ਰਾਤ ਸੀ…ਉਹ ਪੱਛਮੀ ਪਾਕਿਸਤਾਨ ਬਣਨ ਦੇ ਐਲਾਨ ‘ਤੇ ਜਸ਼ਨ ਮਨਾ ਰਹੇ ਸਨ…ਸਿੰਧ ਦਰਿਆ ਦੇ ਕਿਨਾਰੇ ਰੌਸ਼ਨੀਆਂ ਕੀਤੀਆਂ ਗਈਆਂ ਸਨ…ਫਿਰ ਜਦੋਂ 5-6 ਸਾਲਾਂ ਬਾਅਦ ਉਹ ਵਾਈਸ ਚਾਂਸਲਰ ਬਣੇ ਤਾਂ ਉਨ੍ਹਾਂ ਮੈਨੂੰ ਇਕ ਰਸਾਲੇ ਦਾ ਪੰਜਾਬੀ ਤਰਜ਼ਮਾ ਕਰਨ ਲਈ ਕਿਹਾ। ਮੈਂ ਕਿਹਾ, ”ਮੈਂ ਪਹਿਲਾਂ ਤੁਹਾਡਾ (ਸ਼ੇਖ਼ ਏਜ਼ਾਜ਼) ਤਰਜ਼ਮਾ ਪੂਰਾ ਕਰ ਲਵਾਂ।” ਮੈਨੂੰ 1977 ਵਿਚ 5 ਹਜ਼ਾਰ ਰੁਪਏ ਮਿਲੇ ਸਨ…ਮੈਨੂੰ ਸਮਝ ਨਹੀਂ ਸੀ ਪੈਂਦੀ ਕਿ ਮੈਂ ਪੰਜ ਹਜ਼ਾਰ ਦਾ ਕਰਾਂਗਾ ਕੀ?
ਫਿਰ ਮੈਂ ਬਲੋਚਸਤਾਨ ਦੇ ਸ਼ਾਇਰ ਗੁੱਲ ਖ਼ਾਨ ਨਸੀਰ ਨੂੰ ਮਿਲਿਆ। ਮੈਂ ਉਨ੍ਹਾਂ ਦੇ ਤਰਜ਼ਮੇ ਤਾਂ ਨਹੀਂ ਕੀਤੇ ਕਿਉਂਕਿ ਮੈਨੂੰ ਬਲੋਚੀ ਨਹੀਂ ਸੀ ਆਉਂਦੀ…ਪਰ ਮੈਂ ਪਸ਼ਤੋ ਤੋਂ ਤਰਜ਼ਮੇ ਕੀਤੇ ਭਾਵੇਂ ਘੱਟ ਕੀਤੇ। ਸਿੰਧੀ ਤੋਂ ਤਾਂ ਮੈਂ ਬਹੁਤ ਤਰਜ਼ਮੇ ਕੀਤੇ। ਮੈਂ ਸ਼ਾਹ ਲਤੀਫ਼ ਦਾ ਤਰਜ਼ਮਾ ਵੀ ਕੀਤਾ…ਉਹ ਬਹੁਤ ਸੋਹਣੀ ਸ਼ਾਇਰੀ ਹੈ ਤੇ ਚੋਣਵੀਂ ਹੈ। ਮੇਰਾ ਤਰਜ਼ਮਾ ਛਪਿਆ ਨਹੀਂ…ਚੋਰੀ ਹੋ ਗਿਆ। ਮੇਰੀ ਜ਼ਿੱਦ ਸੀ ਕਿ ਇਹ ਭੁੱਟੋ ਨੂੰ ਸਮਰਪਤ ਹੋਵੇਗਾ। ਭੁੱਟੋ ਨੂੰ 1979 ਵਿਚ ਮਾਰ ਦਿੱਤਾ ਗਿਆ ਸੀ। ਡਾਇਰੈਕਟਰ ਨੇ ਮੇਰੀ ਜ਼ਿੱਦ ‘ਤੇ ਅੜੇ ਰਹਿਣ ਕਾਰਨ ਸਰਕਾਰ ਦੇ ਡਰੋਂ ਮੇਰਾ ਉਹ ਮਸੌਦਾ ਈ ਗੁੰਮ ਕਰ ਦਿੱਤਾ। ਉਹਦਾ ਮੈਨੂੰ ਬਹੁਤ ਸਦਮਾ ਲੱਗਾ।
ਹੁਣ : ਤੁਹਾਡੀ ‘ਤਨ-ਤਨਬੂਰ’ ਇੱਧਰ ਛਪੀ, ਚਰਚਾ ਵਿਚ ਰਹੀ। ਤੁਹਾਡੇ ਬਾਰੇ ਹਰਿਭਜਨ ਸਿੰਘ ਅਤੇ ਪਾਸ਼ ਨੇ ਨਜ਼ਮ ਲਿਖੀ। ਅੰਮ੍ਰਿਤਾ ਨੇ ਲਿਖਿਆ। 1971 ਵੇਲੇ ਤੁਸੀਂ ਚਰਚਾ ਵਿਚ ਆਏ। ਬਾਅਦ ਵਿਚ ‘ਕੂੰਜਾਂ ਮੋਈਆਂ’ ਕਿਤਾਬ ਆਈ। ਤੁਸੀਂ ਉਰਦੂ ਤੋਂ ਪੰਜਾਬੀ ਵੱਲ ਆਏ। ਪੰਜਾਬੀ ਵਿਚ ਨਜ਼ਮਾਂ ਲਿਖੀਆਂ (ਪੰਜ ਕਾਵਿ ਸੰਗ੍ਰਹਿ) ਉਰਦੂ ਵਿਚ ਸਿਰਫ਼ ਇਕ ‘ਜਬ ਦੋਸਤ ਨਹੀਂ ਹੋਤਾ’। ਕੀ ਕਾਰਨ ਹੈ? ਉਰਦੂ ਵਿਚ ਪੱਛੜ ਕੇ ਪੰਜਾਬੀ ਵਿਚ ਅੱਗੇ ਆਏ?
ਅਹਿਮਦ ਸਲੀਮ : ਉਰਦੂ ਦਾ ਕਲਾਮ ਜੋ ਪਹਿਲਾਂ ਦਾ ਸੀ, ਉਹ ਗੁੰਮ ਗਿਆ…ਫਿਰ ਜਿਹੜਾ ਇਕ ਸੰਗ੍ਰਹਿ ਬਣਿਆ, ਇਹ ਸਿਰਫ਼ ਮੂੰਹ ਦਾ ਜ਼ਾਇਕਾ ਬਦਲਣ ਵਾਸਤੇ। ਇਹ ਪਿਛਲੇ 20-25 ਸਾਲਾਂ ਦਾ ਜੋ ਥੋੜ੍ਹਾ ਜਿਹਾ ਕਲਾਮ ਹੈ, ਉਹ ਛੋਟੀ ਜਿਹੀ 80-90 ਪੰਨੇ ਦੀ ਕਿਤਾਬ ਵਿਚ ਇਕੱਠਾ ਕਰ ਦਿੱਤਾ।
ਹੁਣ : ਤੁਸੀਂ ਨਜ਼ਮ ਦੇ ਨਾਲ ਨਾਲ ਕਹਾਣੀ ਵੀ ਲਿਖੀ, ਲੇਖਕਾਂ-ਚਿੰਤਕਾਂ ਦੇ ਕਲਮੀ-ਚਿਤਰ ਉਲੀਕੇ, ਤਨਕੀਦ ਦਾ ਕੰਮ ਵੀ ਕੀਤਾ, ਲੋਕ-ਸਾਹਿਤ ਅਤੇ ਪੰਜਾਬ ਦੇ ਇਤਿਹਾਸ ਬਾਰੇ ਕੰਮ ਵੀ ਕੀਤਾ। ਤੁਸੀਂ ਨਾਵਲਨਿਗਾਰੀ ਵੱਲ ਕਿਵੇਂ ਆਏ?
ਅਹਿਮਦ ਸਲੀਮ : ਨਾਵਲ ਦਾ ਸਬੱਬ ਬੜਾ ਮਜ਼ੇਦਾਰ ਐ…ਅਸੀਂ ਜਦੋਂ ਉਧਰ ਸ਼ਾਹ ਹੁਸੈਨ ਕਾਲਜ ਲਾਹੌਰ ਬਣਾਇਆ ਸੀ 1969-70 ਵਿਚ…ਮੈਂ ਵੀ ਉਥੇ ਪੜ੍ਹਾਉਂਦਾ ਸਾਂ…ਕਿਉਂਕਿ ਮੈਂ ਲਾਹੌਰ ਹੀ ਟਿਕ ਗਿਆ ਸਾਂ। ਮੈਂ ਨੈਸ਼ਨਲ ਬੈਂਕ ਦੀ ਨੌਕਰੀ ਛੱਡ ਕੇ ਕਾਲਜ ਵਿਚ ਆ ਗਿਆ ਸਾਂ…ਮੈਂ ਫੁੱਲ ਟਾਈਮ ਟੀਚਰ ਸਾਂ…ਜਿਹੜੀਆਂ 1970 ਵਿਚ ਸ਼ੁਰੂ ਹੋਈਆਂ ਕਲਾਸਾਂ…ਉਥੇ ਨਜਮ ਹੁਸੈਨ ਸੱਯਦ, ਮੁਹੰਮਦ ਆਸਿਫ਼ ਖ਼ਾਨ ਅਤੇ ਸਫ਼ਕਤ ਤਨਵੀਰ ਮਿਰਜ਼ਾ ਵੀ ਸਨ। ਉਥੇ ਸਾਡੀ ਸੰਗਤ ਵੀ ਹੁੰਦੀ ਸੀ…ਪੰਜਾਬੀ ਬਾਰੇ ਗੱਲਾਂ ਕਰਦੇ ਸਾਂ…ਸ਼ਾਹ ਹੁਸੈਨ ਕਾਲਜ ਵਪਾਰਕ ਕੰਮ ਨਹੀਂ ਸੀ…ਸਗੋਂ ਇਕ ਮਿਸ਼ਨ ਸੀ…ਉਹ ਪੰਜਾਬੀ ਦੀ ਤਹਿਰੀਕ ਨੂੰ ਅੱਗੇ ਵਧਾਉਣ ਵਾਸਤੇ ਸੀ। ਇਕ ਦਿਨ ਨਜਮ ਸਾਹਿਬ ਨੇ ਕਿਹਾ ਕਿ ਪੰਜਾਬੀ ਵਿਚ ਕੋਈ ਨਾਵਲ ਨਹੀਂ ਹੈ। ਇਕ ਦੋ ਨੇ ਪਰ ਉਹ ਨਾ ਹੋਣ ਦੇ ਬਰਾਬਰ ਨੇ…ਕੋਈ ਸੀਰੀਅਸ ਕੰਮ ਨਹੀਂ ਹੋਇਆ…ਮੈਂ ਕਿਹਾ, ”ਨਹੀਂ ਐਸੀ ਗੱਲ ਨਹੀਂ, ਕੁਝ ਲੋਕ ਲਿਖ ਰਹੇ ਨੇ…ਕੁਝ ਲਿਖ ਕੇ ਬੈਠੇ ਨੇ ਪਰ ਛਪੇ ਨਹੀਂ।” ਉਹ ਅੱਗੋਂ ਕਹਿੰਦੇ, ”ਕੌਣ ਹੈ ਜੋ ਛਪਿਆ ਨਹੀਂ?” ਮੈਂ ਕਿਹਾ, ”ਮਸਲਨ ਮੈਂ…ਮੇਰਾ ਇਕ ਨਾਵਲ ਏ ਜੋ ਛਪਿਆ ਨਹੀਂ।” ”ਤੂੰ ਅੱਜ ਤੱਕ ਕਿਉਂ ਨਹੀਂ ਗੱਲ ਕੀਤੀ? ਹੁਣ ਜਦ ਤੂੰ ਪਿੰਡੀ ਤੋਂ ਆਵੇਂਗਾ ਤਾਂ ਲੈ ਕੇ ਆਵੀਂ।”
ਮੈਂ ਪਿੰਡੀ ਗਿਆ ਤੇ ਮੌਕੇ ‘ਤੇ ਨਾਵਲ ਲਿਖਿਆ। ਪਹਿਲਾਂ ਮੇਰੇ ਕੋਲ ਕੁਝ ਨਹੀਂ ਸੀ ਲਿਖਿਆ ਹੋਇਆ…ਮੈਂ ਐਵੇਂ ਗੱਪ ਮਾਰੀ ਸੀ…ਮੈਨੂੰ ਕੀ ਪਤਾ ਸੀ ਕਿ ਉਹ ਗੰਭੀਰ ਹੋ ਜਾਣਗੇ…ਉਹ ਜਿਵੇਂ-ਕਿਵੇਂ ਵੀ ਮੈਂ ਲਿਖ ਲਿਆ। ਉਹਦੇ ‘ਤੇ ਗੱਲਬਾਤ ਹੋਈ…ਪਸੰਦ ਵੀ ਹੋਇਆ…ਨਜਮ ਸਾਹਿਬ ਨੂੰ ਉਹਦੀ ਬੋਲੀ ਪਸੰਦ ਆਈ। ਇਹ ਨਾਵਲ ‘ਨਾਲ ਮੇਰੇ ਕੋਈ ਚੱਲੇ’ ਮੈਂ 1970 ਵਿਚ ਲਿਖਿਆ, 1972 ਵਿਚ ਛਪਿਆ…ਲੇਕਿਨ ਇਸ ਨਾਵਲ ‘ਤੇ ਗ਼ਲਤੀ ਨਾਲ 1976 ਛਪ ਗਿਆ…ਉਹ ਪ੍ਰਿੰਟ ਦੀ ਗ਼ਲਤੀ ਏ।
ਹੁਣ : ਸ਼ਾਹ ਹੁਸੈਨ ਕਾਲਜ ਦੇ ਦਿਨਾਂ ਦੀ ਕੋਈ ਅਭੁੱਲ ਯਾਦ?
ਅਹਿਮਦ ਸਲੀਮ : ਕਾਲਜ ਤਿੰਨ ਵਿਅਕਤੀਆਂ ਵੱਲੋਂ ਪੰਜਾਬੀਅਤ ਦੇ ਵਿਕਾਸ ਲਈ ਚਲਾਇਆ ਜਾ ਰਿਹਾ ਸੀ…ਅਸੀਂ ਉਥੇ ਵੱਡੇ ਵੱਡੇ ਸਾਹਿਤਕਾਰਾਂ ਨੂੰ ਬੁਲਾਉਂਦੇ ਸਾਂ…ਮੈਂ ਬੀæਏæ ਪਾਸ ਸਾਂ ਪਰ ਐਮæਏæ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਸਾਂ…ਸ਼ਾਹ ਹੁਸੈਨ ਕਾਲਜ ਦੀ ਹੀ ਗੱਲ ਏ। ਅਸੀਂ ਉਸਤਾਦ ਦਾਮਨ ਕੋਲ ਜਾਂਦੇ ਹੁੰਦੇ ਸਾਂ…ਅਸੀਂ ਉਥੇ ਨਜਮ ਸਾਹਿਬ ਦਾ ਨਾਂ ਕਈ ਵਾਰ ਲਿਆ। ਉਸਤਾਦ ਦਾਮਨ ਕਹਿਣ ਲੱਗੇ ਕਿ ਜ਼ਰਾ ਦਿਖਾਓ ਤਾਂ ਸਹੀ ਇਹ ਨਜਮ ਹੁਸੈਨ ਕੀ ਸ਼ੈਅ ਹੈ?  ਅਸੀਂ ਨਜਮ ਸਾਹਿਬ ਨੂੰ ਦੱਸਿਆ…ਉਹ ਤਿਆਰ ਹੋ ਕੇ ਗਏ…ਬਾਅਦ ਵਿਚ ਅਸੀਂ ਜਾਣਨ ਦੇ ਇਛੁੱਕ ਸਾਂ ਉਸਤਾਦ ਦਾਮਨ ਦੇ ਕੀ ਵਿਚਾਰ ਨੇ? ਉਸਤਾਦ ਦਾਮਨ ਕਹਿਣ ਲੱਗੇ ਕਿ ਕਮਾਲ ਏ…ਸੱਯਦ ਦਾ ਪੁੱਤਰ ਹੋ ਕੇ ਬੰਦਾ ਵੇ…(ਉਨ੍ਹਾਂ ਦੇ ਕਹਿਣ ਦਾ ਭਾਵ ਸੀ ਕਿ ਸੱਯਦ ਬੜਾ ਮਾਣ ਕਰਦੇ ਨੇ ਤੇ ਨਜਮ ਹੁਸੈਨ ਬੜੇ ਕੋਮਲ ਸੁਭ੍ਹਾ ਦੇ ਸਨ) ਉਹ ਪ੍ਰਸੰਸਕ ਟਿੱਪਣੀ ਨਜਮ ਸਾਹਿਬ ਨੇ ਵੀ ਬੜੀ ਮਾਣੀ।
ਹੁਣ : ਉਸਤਾਦ ਦਾਮਨ ਦੀ ਕੋਈ ਹੋਰ ਗੱਲ ਚੇਤੇ ਹੋਵੇ?
ਅਹਿਮਦ ਸਲੀਮ : ਉਸਤਾਦ ਦਾਮਨ ‘ਤੇ ਮੈਂ ਇਕ ਅੱਛਾ ਖ਼ਾਕਾ ਲਿਖਿਆ ਸੀ…ਜਦੋਂ ਮੈਂ 1971 ਵਿਚ ਰਿਹਾਅ ਹੋ ਕੇ ਆਇਆ। ਇਨ੍ਹਾਂ ਨੂੰ ਮਿਲਣ ਗਿਆ…ਇਨ੍ਹਾਂ ਨੇ ਮੰਜੀ ਤੋਂ ਉਠ ਕੇ ਜੱਫੀ ਪਾਈ ਤੇ ਕਿਹਾ, ”ਉਹ ਮੇਰਾ ਲੀਡਰ ਆ ਗਿਆ…ਪੰਜਾਬ ਦੀ ਆਣ-ਸ਼ਾਨ ਆ ਗਿਆ…।” ਉਹ ਖ਼ੁਸ਼ ਸਨ ਕਿ ਕਿਸੇ ਪੰਜਾਬੀ ਨੇ ਬੰਗਾਲ ਦੀ ਹਮਾਇਤ ‘ਚ ਕੁਝ ਕੀਤਾ ਏ…। ਉਸਤਾਦ ਦਾਮਨ ‘ਤੇ ਭੁੱਟੋ ਸਰਕਾਰ ਤੇ ਉਸ ਤੋਂ ਪਹਿਲਾਂ ਦੀ ਹਕੂਮਤ ਨੇ ਵੀ ਬੜੀਆਂ ਜ਼ਿਆਦਤੀਆਂ ਕੀਤੀਆਂ ਸਨ…ਜ਼ਿਆ-ਉਲ ਹੱਕ ਵੇਲੇ ਉਨ੍ਹਾਂ ਲਿਖਿਆ ਕਿ-
‘ਜਿੱਧਰ ਦੇਖੋ ਫ਼ੌਜਾਂ ਈ ਫ਼ੌਜਾਂ
ਪਾਕਿਸਤਾਨ ‘ਚ ਮੌਜਾਂ ਈ ਮੌਜਾਂ।
ਮੈਂ ਆਪਣੇ ਬਾਰੇ ਸੋਚ ਕੇ ਹੈਰਾਨ ਹੁੰਦਾ ਹਾਂ ਕਿ ਮੈਂ ਕਿਸ ਤਰ੍ਹਾਂ ਇਨ੍ਹਾਂ ਵੱਡੀਆਂ ਵੱਡੀਆਂ ਹਸਤੀਆਂ ਨਾਲ ਜੁੜ ਗਿਆ! ਜਾਂ ਇਨ੍ਹਾਂ ਨੇ ਮੈਨੂੰ ਕਿਵੇਂ, ਕਿਉਂ ਗਲੇ ਲਾਇਆ…ਇਹ ਮਹਾਨ  ਲੋਕ ਸਨ।
ਹੁਣ : ਤੁਹਾਡੇ ਨਾਵਲ ‘ਤਿੱਤਲੀਆਂ ਤੇ ਟੈਂਕ’ ਦੇ ਆਰ-ਪਾਰ ਕੀ ਹੈ?
ਅਹਿਮਦ ਸਲੀਮ : ਮੈਂ ਸਿੰਧ ਵਿਚ ਸਾਂ…ਉਥੇ ਅਜੇ ਮਾਰਸ਼ਲ ਲਾਅ ਨਹੀਂ ਸੀ ਲੱਗਾ…ਉਥੇ ‘ਜੀਏ ਸਿੰਧ’ ਮੂਵਮੈਂਟ ਕਾਫ਼ੀ ਸਿਖ਼ਰ ‘ਤੇ ਸੀ…ਉਹ ਅਲਟਰਾ ਨੈਸ਼ਨਲ ਮੂਵਮੈਂਟ ਸੀ…ਜੀਏ ਸਿੰਧ ਸਟੂਡੈਂਟਸ ਆਰਗੇਨਾਈਜੇਸ਼ਨ ਸੀ…ਇਸ ਤਰ੍ਹਾਂ ਦੀਆਂ ਹੋਰ ਜਥੇਬੰਦੀਆਂ ਵੀ ਸਨ…ਉਨ੍ਹਾਂ ਦੀ ਸਰਗਰਮੀ ਕਾਫ਼ੀ ਵੱਧ ਰਹੀ ਸੀ…ਭੁੱਟੋ ਉਨ੍ਹਾਂ ਨੂੰ ਦਬਾਅ ਰਿਹਾ ਸੀ…ਮੈਂ ਯੂਨੀਵਰਸਿਟੀ ਦੇ ਬਾਹਰ ਇਕ ਟੈਂਕ ਦੇਖਿਆ…ਮੈਂ ਚੌਕਸ ਹੋ ਗਿਆ…ਮੈਨੂੰ ਪਤਾ ਸੀ ਕਿ ਟੈਂਕ ਕਿਥੋਂ ਤੇ ਕਿਉਂ ਆਇਐ। ਖ਼ੈਰ, ਉਹ ਇਕ ਵਾਕਿਆ ਸੀ। ਉਸ ਤੋਂ ਕੁਝ ਹਫ਼ਤਿਆਂ ਬਾਦ ਇਕ ਸਿੰਧੀ ਕੁੜੀ ਨਾਲ ਫ਼ੌਜੀਆਂ ਨੇ ਬਲਾਤਕਾਰ ਕੀਤਾ। ਉਸ ਦਾ ਬਦਲਾ ਲੈਣ ਲਈ ਕੁਝ ਸਿੰਧੀ ਮੁੰਡਿਆਂ ਨੇ ਕੁਝ ਫ਼ੌਜੀ ਫੜ ਕੇ ਮਾਰੇ…ਉਹ ਸਾਰਾ ਸੰਵੇਦਨਸ਼ੀਲ ਮੁੱਦਾ ਸੀ…ਮੇਰੇ ਸਾਹਮਣੇ ਵਾਪਰਿਆ। ਨਾਵਲ ਦੇ ਸਿਰਲੇਖ ਵਿਚਲਾ ‘ਤਿਤਲੀ’ ਦਾ ਜਿਹੜਾ ਚਿੰਨ੍ਹ ਏ…ਉਸ ਸਿੰਧੀ ਕੁੜੀ (ਸੀਰੀ ਸੁਮਰੋ) ਵੱਲ ਸੰਕੇਤ ਕਰਦਾ ਹੈ। ਟੈਂਕ, ਸੱਤਾ-ਫ਼ੌਜ ਦਾ ਸਿੰਬਲ ਹੈ…ਉਹ ਵੀ ਆਟੋਬਾਇਓਗ੍ਰਾਫ਼ੀਕਲ ਨਾਵਲ ਹੈ…ਇਹ ਇਕ ਪ੍ਰਤੀਕਾਤਮਕ ਨਾਵਲ ਸੀ…ਇਸ ਵਿਚ ਮੌਤ ਦੀ ਪਛਾਣ ਕਰਕੇ ਜਿੱਤ ਪ੍ਰਾਪਤ ਕਰਨ ਦੀ ਗੱਲ ਹੈ। ਇਸ ਦਾ ਇਕ ਪੱਧਰ ਫ਼ਿਲਾਸਫੀ ਹੈ…ਦੂਜਾ ਪੰਜਾਬ-ਸਿੰਧ ਸਬੰਧਾਂ ਬਾਰੇ ਹੈ…ਸਿੰਧ ਦੀ ਮੂਵਮੈਂਟ ਬਾਰੇ ਹੈ…ਸੱਤਾ ਬਾਰੇ ਹੈ। ਇਹ ਨਾਵਲ ਸਿੰਧੀ ਵਿਚ ਤਰਜ਼ਮਾ ਹੋ ਕੇ ਛਪ ਚੁੱਕਿਆ ਹੈ। ਸਿੰਧੀਆਂ ਤੇ ਪੰਜਾਬੀਆਂ ਵਿਚ ਅਣਲਿਖਤੀ ਸਮਝੌਤਾ ਹੈ ਕਿ ਤੁਸੀਂ ਪੰਜਾਬੀ ਬੋਲੋ…ਅਸੀਂ ਸਿੰਧੀ ਬੋਲਾਂਗੇ। ਅਸੀਂ ਇਕ-ਦੂਜੇ ਦੀ ਬੋਲੀ ਸਮਝ ਲੈਂਦੇ ਹਾਂ…ਸਾਨੂੰ ਕਿਸੇ ਤੀਜੀ ਭਾਸ਼ਾ ਦੀ ਲੋੜ ਨਹੀਂ ਹੈ। ਉਸ ਨਾਵਲਿਟ ਬਾਰੇ ਇਕ ਮਜ਼ੇਦਾਰ ਕਹਾਣੀ ਹੈ। ਹੋਇਆ ਇਹ ਕਿ ਜਦੋਂ ਫ਼ੌਜੀਆਂ ‘ਤੇ ਹਮਲਾ ਹੋਇਆ…ਮੇਰੇ ‘ਤੇ ਵੀ ਨਜ਼ਰ ਸੀ ਕਿ ਇਸ ਦੇ ਸਿੰਧੀਆਂ ਨਾਲ ਸਬੰਧ ਹਨ ਤੇ ਇਹ ਕੈਸਾ ਪੰਜਾਬੀ ਹੈ…ਜਿਸ ‘ਤੇ ਕੋਈ ਸਿੰਧੀ ਹਮਲਾ ਨਹੀਂ ਕਰਦਾ। ਫਿਰ ਮੈਂ ਵੀæਸੀæ ਨੂੰ ਕਿਹਾ, ” ਮੇਰਾ ਪ੍ਰੋਜੈਕਟ ਪੂਰਾ ਹੋ ਗਿਆ ਹੈ…ਹੁਣ ਮੈਂ ਕਰਾਚੀ ਜਾਣਾ ਹੈ…ਜਦੋਂ ਲੋੜ ਹੋਇਆ ਕਰੇਗੀ ਮੈਂ ਆ ਜਾਇਆ ਕਰਾਂਗਾ। ਇਹ 1978 ਦੀ ਗੱਲ ਏ…1979 ਵਿਚ ਭੁੱਟੋ ਨੂੰ ਫਾਂਸੀ ਲੱਗੀ। ਜਦੋਂ ਮੈਂ ਕਰਾਚੀ ਰਹਿ ਰਿਹਾ ਸੀ ਤਾਂ ਇਕ ਦਿਨ ਪੁਲੀਸ ਮੇਰੇ ਘਰ ਵਿਚ ਬੁਰੀ ਤਰ੍ਹਾਂ ਦਾਖ਼ਲ ਹੋਈ ਤੇ ਸਾਮਾਨ ਤਹਿਸ-ਨਹਿਸ ਕਰਕੇ ਤਲਾਸ਼ੀ ਲਈ। ਤੇ ਮੇਰਾ ਨਾਵਲਿਟ ਵੀ ਗੁੰਮ ਹੋ ਗਿਆ। ਮੈਂ ਆਪਣੇ ਇਕ ਦੋਸਤ ਕੋਲ ਨਾਵਲ ਦੇ ਕਾਗ਼ਜ਼ ਰੱਖ ਦਿੰਦਾ ਸਾਂ। 12-14 ਸਾਲਾਂ ਬਾਅਦ ਮੈਨੂੰ ਇਕ ਖ਼ਤ ਮਿਲਿਆ ਕਿ ਜਿਸ ਵਿਚ ਇਹ ਨਾਵਲ ਸੀ। ਬਾਅਦ ਵਿਚ ਇਹ 1990 ਦੇ ਕਰੀਬ ਨਾਵਲ ਛਪਿਆ। ਇਸ ਨਾਵਲ ਦੀ ਆਪਣੀ ਇਨਕਲਾਬੀ ਕਹਾਣੀ ਹੈ। ਇਸ ਨਾਵਲ ਦਾ ਇਕ ਚੈਪਟਰ ਲਿਖ ਕੇ ਮੈਂ ਸਿੰਧੀ ਮੁੰਡਿਆਂ ਨੂੰ ਪੜ੍ਹਾਉਂਦਾ…ਉਹ ਝੂਮਦੇ ਤੇ ਵਿਚਾਰ ਕਰਦੇ…ਇਸ ਤਰ੍ਹਾਂ ਇਹ ਨਾਵਲ ਅੱਗੇ ਵਧਿਆ ਫਿਰ ਇਹਦਾ ਖਰੜਾ ਗਵਾਚ ਗਿਆ। ਫਿਰ ਦੁਬਾਰਾ ਲੱਭਾ…ਤੇ ਮੈਂ 14 ਸਾਲਾਂ ਬਾਅਦ ਦੋ ਚੈਪਟਰ ਹੋਰ ਲਿਖ ਕੇ ਇਹ ਪੂਰਾ ਕੀਤਾ। ਇਸ ਨਾਵਲ ਦੇ ਪਹਿਲੇ ਚੈਪਟਰ ਤੇ ਅੰਤਿਮ ਚੈਪਟਰ ਵੱਖਰੇ ਲੱਗਣਗੇ…ਕਿਉਂਕਿ ਮੇਰੀ ਜ਼ਿਹਨੀ ਕੈਫ਼ੀਅਤ ਵੱਖੋ-ਵੱਖਰੀ ਸੀ।
ਹੁਣ : ‘ਸਿੰਧੀਏ ਨੀਂ ਸਾਡਾ ਫੁੱਲ ਪਰਤਾ ਦੇ’ ਨਜ਼ਮ ਨੇ ਤੁਹਾਨੂੰ ਕਿਵੇਂ ਫੜਿਆ?
ਅਹਿਮਦ ਸਲੀਮ : ਸਿੰਧੀ ਦੋਸਤ ਹਰ ਵੇਲੇ ਮੈਨੂੰ ਮਿਹਣੇ ਦਿੰਦੇ ਹੁੰਦੇ ਸਨ ਕਿ ਪੰਜਾਬ ਸਾਨੂੰ ਲੁੱਟ ਕੇ ਖਾ ਗਿਆ…ਪੰਜਾਬ ਸਾਡਾ ਸ਼ੋਸਣ ਕਰ ਰਿਹੈ…ਇੱਥੇ ਡਿਪਟੀ ਕਮਿਸ਼ਨਰ ਪੰਜਾਬੀ ਲੱਗਦੇ ਨੇ…ਇੱਥੇ ਪੰਜਾਬੀਆਂ ਕੋਲ ਅਫ਼ਸਰੀਆਂ ਨੇ…ਜ਼ਮੀਨਾਂ ਨੇ…ਮੈਂ ਕਹਿੰਦਾਂ ਤੁਸੀਂ ਠੀਕ ਹੋ…ਪਰ ਇਹ ਆਮ ਪੰਜਾਬੀਆਂ ਨੇ ਨਹੀਂ ਕੀਤਾ। ਇਹ ਤਾਂ ਪੰਜਾਬ ਦੀ ਅਮੀਰ ਕਲਾਸ ਨੇ ਕੀਤਾ ਏ…ਉਸੇ ਤਾਅਸੁਰ ਵਿਚ ਮੈਂ ਇਹ ਨਜ਼ਮ ਲਿਖੀ ਕਿ ਤੁਸੀਂ ਸੋਹਣੀ ਦੀ ਕਬਰ ‘ਤੇ ਕਬਜ਼ੇ ਕਰੀ ਬੈਠੇ ਹੋ…ਉਹ ਸਾਨੂੰ ਪਹਿਲਾਂ ਮੋੜੋ ਫਿਰ ਅਸੀਂ ਤੁਹਾਨੂੰ ਚੀਜ਼ਾਂ ਮੋੜਾਂਗੇ।
ਪਾਕਿਸਤਾਨ ‘ਚ ਨਾਵਲਕਾਰੀ
ਹੁਣ : ਪਾਕਿਸਤਾਨੀ ਨਾਵਲ ਦੀ ਸਥਿਤੀ ਕੀ ਹੈ? ਇਧਰਲੇ ਪੰਜਾਬ ਦੇ ਮੁਕਾਬਲੇ ਉਧਰਲੇ ਪੰਜਾਬ ਦੇ ਪੰਜਾਬੀ ਨਾਵਲ ਦਾ ਹਾਲ ਕੀ ਹੈ?
ਅਹਿਮਦ ਸਲੀਮ : ਜ਼ਾਹਰ ਹੈ ਕਿ ਇਧਰ ਨਾਵਲ ਦਾ ਬਹੁਤ ਵੱਡਾ ਖਲਾਰ ਹੈ। ਉਧਰ ਜਿਹੜੇ ਤਾਜ਼ਾ ਚੰਗੇ ਨਾਵਲ ਛਪੇ…ਉਨ੍ਹਾਂ ਵਿਚ ਫ਼ਰਖੰਦਾ ਲੋਧੀ ਦਾ…’ਜੰਡ ਦਾ ਅੰਗਿਆਰ’, ਫ਼ਰਜ਼ੰਦ ਅਲੀ ਦੇ ਨਾਵਲ ‘ਇਕ ਚੂੰਢੀ ਲੂਣ ਦੀ’, ‘ਭੁੱਬਲ’, ‘ਤਾਈ’ ਤੇ ‘ਧਾੜਵੀ’ ਨੇ…ਔਰ ਇਹ ਯਾਨੀ ਕਹਿ ਲਓ ਫ਼ਰਖੰਦਾ ਲੋਧੀ, ਫ਼ਰਜ਼ੰਦ ਅਲੀ, ਜੋ ਅਸੀਂ ਨਵੇਂ ਨਾਵਲਕਾਰ ਗਿਣਦੇ ਆਂ…ਪਿਛਲੇ ਜਿਹੜੇ ਸਨ…ਅਫ਼ਜ਼ਲ ਅਹਿਸਨ ਰੰਧਾਵਾ ਸਾਹਿਬ ਦੇ ਨਾਵਲਾਂ ਦਾ ਮਤਲਬ ਪਿਛਲੀ ਪੀੜ੍ਹੀ ਦੇ ਨਾਵਲ ਹਨ।  ਮਤਲਬ ਅਣਵੰਡੇ ਪੰਜਾਬ ਨਾਲ ਸਬੰਧਤ ਹਨ। ਕੁਝ ਹੋਰ ਇਕ-ਦੁੱਕਾ ਨਾਵਲ ਸਨ, ਜਿਵੇਂ ਪਿਸ਼ੌਰ ਵਾਸੀ ਨਜਮੀ ਦਾ ਨਾਵਲ ਜਾਂ ਸਲੀਮ ਖ਼ਾਨ ਗਿੰਮੀ ਦਾ ਨਾਵਲ ‘ਸਾਂਝ’ ਸੀ। ਇਹ ਨਾਵਲ ਹੈ ਨੇ ਪਰ ਸਾਰੇ ਨਾਵਲਾਂ ਦੀ ਤੁਸੀਂ ਲਿਸਟ ਬਣਾ ਲਓ…ਇਹ 15-20 ਬਣਨਗੇ। ਔਰ 15-20 ਨਾਵਲ ਕਿਸੇ ਸੱਤਰ ਸਾਲ ਦੇ ਦੇਸ਼ ਦੇ ਇਤਿਹਾਸ ਵਿਚ ਕੋਈ ਅਹਿਮੀਅਤ ਨਹੀਂ ਰੱਖਦੇ। ਔਰ ਇਹ ਨਾਵਲ ਦੀ ਘਾਟ ਦਾ ਵੀ ਇਕ ਕਾਰਨ ਨਹੀਂ ਹੈ…ਮੈਂ ਸਮਝਨਾਂ ਕਿ ਨਾਵਲ ਲਿਖਣਾ ਨਿੱਤ ਦੇ ਕੰਮ ਕਰਨ ਦਾ ਸਿਲਸਿਲਾ ਹੁੰਦੈ…ਤੇ ਜੋ ਇਸ ਤਰ੍ਹਾਂ ਇੱਧਰ ਲਿਖੇ ਗਏ ਨਾਵਲ ਜਿਵੇਂ ਕਰਤਾਰ ਸਿੰਘ ਦੁੱਗਲ ਨੇ ਨਾਵਲ ਲਿਖੇ ਨੇ…ਜਾਂ ਸ਼ੁਰੂ ਤੋਂ ਹੀ ਤੁਸੀਂ ਲੈ ਲਵੋ ਨਾਵਲਕਾਰੀ ਜਿਹੜੀ ਚਲਦੀ ਆ ਰਹੀ ਐ…(ਨਾਨਕ ਸਿੰਘ ਤੇ ਉਸ ਤੋਂ ਪਿਛੋਂ ਜਸਵੰਤ ਸਿੰਘ ਕੰਵਲ, ਸੇਖੋਂ ਸਾਹਿਬ , ਬਾਅਦ ਵਿਚ ਗੁਰਦਿਆਲ ਸਿੰਘ) ਤੇ ਉਹ ਕਰਤਾਰ ਸਿੰਘ ਦੁੱਗਲ ਦਾ ਨਾਵਲ ਐ ਜਿਹੜੀ ਤਿੰਨ ਨਾਵਲਾਂ ਦੀ ਲੜੀ ਐ…ਜਿਸ ਦਾ ਪਹਿਲਾ ਹਿੱਸਾ ਪੰਜਾਬ ਦੀ ਵੰਡ ਆ ਜਾਂਦੀ ਐ…ਹੁਣ ਉਹ ਜੋ ਮੈਂ ਸਮਝਨਾਂ…ਅਸੀਂ ਅਬਦੁੱਲਾ ਹੁਸੈਨ ਸਾਹਿਬ ਦਾ ਨਾਂ ਦੱਸਦੇ ਆਂ ਜਾਂ ਅਸੀਂ ਕੁਰੁਤਲ ਐਨ ਹੈਦਰ ਦਾ ‘ਆਗ ਕਾ ਦਰਿਆ’ ਹੈ। ਉਹਦੇ ਪੱਖ ਵਿਚ ਮੈਂ ਰੱਖਦਾ ਹਾਂ ਕਰਤਾਰ ਸਿੰਘ ਦੁੱਗਲ ਦਾ ਨਾਵਲ਼ææਤੇ ਉਹ ਸੱਤਾ ਜਿਹੜੀ ਐ, ਥੋੜ੍ਹੀ ਜਿਹੀ ਛੋਹੀ ਐ ਰੰਧਾਵਾ ਸਾਹਿਬ ਨੇ…। ‘ਦੁਆਬਾ’ ਨਾਵਲ ਉਹਦਾ ਬਹੁਤ ਹੀ ਵਧੀਆ ਨਾਵਲ ਐ ਤੇ ਮੈਂ ਸਮਝਨਾਂ ‘ਦੁਆਬਾ’ ਦੀ ਜਿਹੜੀ ਘਾਟ ਐ, ਉਹ ਅਤੀਤ ਵਿਚ ਐ। ਨਾਵਲ ਓਨਾ ਹੀ ਅਤੀਤ ਵਿਚ ਹੈ…ਲੇਕਿਨ ਨਾਵਲ ਅਤੀਤ ਵਿਚ ਹੋ ਕੇ ਵੀ ਤੁਹਾਡੀ ਸਮਕਾਲੀ ਸਥਿਤੀ ਨੂੰ ਬਿਆਨ ਕਰ ਰਿਹਾ ਹੁੰਦੈ…। ਉਹਦੇ ਵਿਚ ਰੰਧਾਵਾ ਸਾਹਿਬ ਨੇ ਸਵੀਕਾਰਿਆ ਈ ਨਹੀਂ ਪੰਜਾਬ ਦੀ ਵੰਡ ਨੂੰ। ਰੰਧਾਵਾ ਸਾਹਿਬ ਨੇ ਇਕ ਪਾਸੇ ਤਾਂ ਬਹੁਤ ਵੱਡਾ ਕੰਮ ਕੀਤਾ ਏ ਕਿ ਅਣਵੰਡੇ ਪੰਜਾਬ ਨੂੰ ਜਿਉਂਦਾ ਰੱਖਿਆ ਵੇ ਲੇਕਿਨ ਉਹਦੇ ਨਾਲ ਇਕ ਘਾਟ ਵੀ ਮਹਿਸੂਸ ਹੁੰਦੀ ਏ ਕਿ ਅੱਜ ਦੀ ਸੰਵੇਦਨਸ਼ੀਲਤਾ ਤੋਂ ਕੋਰੇ ਨੇ ਉਨ੍ਹਾਂ ਦੇ ਨਾਵਲ। ਜ਼ਾਹਿਦ ਹਸਨ ਦੀਆਂ ਕਹਾਣੀਆਂ ਸਨ…ਮੇਰਾ ਖ਼ਿਆਲ ਸੀ ਕਿ ਉਹ ਨਾਵਲ ਵੀ ਦਿੰਦੇ…ਫਿਰ ਮੁਹੰਮਦ ਮਨਸ਼ਾ ਯਾਦ ਨੇ ਇਕ ਨਾਵਲ ਦਿੱਤਾ, ‘ਟਾਵਾਂ ਟਾਵਾਂ ਤਾਰਾ’…ਲੇਕਿਨ ਉਹਦੇ ਵਿਚ ਉਨ੍ਹਾਂ ਪੱਤਰਕਾਰੀ ਦਾ ਕੰਮ ਬਹੁਤ ਕੀਤਾ। ‘ਟਾਵਾਂ ਟਾਵਾਂ ਤਾਰਾ’ ਵਿਚ ਤੇ ਬਹੁਤ ਸਾਰੇ ਫਾਲਤੂ ਵਿਸ਼ੇ ਪਾ ਦਿੱਤੇ ਤੇ ਲੰਬਾ ਕਰਨ ਵਾਸਤੇ ਤੇ ਵੱਡਾ ਕਰਨ ਵਾਸਤੇ। ਇਸੇ ਤਰ੍ਹਾਂ ਇਕ ਹੋਰ ਨਾਵਲ ਛਪਿਆ ਸੀ…ਜਿਹਦਾ ਮੈਂ ‘ਦੀਬਾਚਾ’ ਵੀ ਲਿਖਿਆ ਸੀ। ਉਨ੍ਹਾਂ ਦਾ ਨਾਂ ਮੈਨੂੰ ਚੇਤੇ  ਨਹੀਂ ਆ ਰਿਹਾ।
ਹੁਣ : ਜ਼ਾਹਿਦ ਹਸਨ ਤਾਂ ਨਹੀਂ?
ਅਹਿਮਦ ਸਲੀਮ : ਨਹੀਂ…ਨਹੀਂ…ਜ਼ਾਹਿਦ ਹਸਨ ਤਾਂ ਇਕ ਬਹੁਤ ਵੱਡੇ ਨਾਵਲਕਾਰ ਨੇ…ਉਨ੍ਹਾਂ ਦਾ ਵੀ ਬਹੁਤ ਵਧੀਆ ਨਾਵਲ ਵੇ…ਇਸ ਸਾਲ ਦਾ 2015 ਦਾ ਉਹਨੇ ਮਸਊਦ ਖੱਦਰ ਪੋਸ਼ ਐਵਾਰਡ ਵੀ ਲਿਆ ਏ। ਇਹ ਤਾਂ ਸਾਡਾ ਬਿਲਕੁਲ ਨਵਾਂ ਲਿਖਾਰੀ ਏ…ਮੈਂ ਭੁੱਲ ਰਿਹਾਂ…। ਉਹ ਕਰਾਚੀ ਤੋਂ ਇਕ ਰਸਾਲਾ ਵੀ ਕੱਢਦਾ ਸੀ…ਬੜਾ ਸਮਾਜਕ ਰਸਾਲਾ ਵੇ…ਔਰ ਉਹਦਾ ਨਾਂ ਚੇਤੇ ਨੀਂ ਆ ਰਿਹਾ। ਉਹਦੀ ਕੈਨੇਡਾ ਦੀ ਨਾਗਰਿਕਤਾ ਏ…ਵੰਡ ਬਾਰੇ ਉਹਦਾ ਨਾਵਲ ਏ, ‘ਵਾਹਗਾ’। ਹੁਣ ਇਹ ਨਾਵਲ ਪੰਜਾਬ ਦੇ ਮੁੱਢ ਦੇ ਇਤਿਹਾਸ ਤੋਂ ਲੈ ਕੇ ਅੱਜ ਤਕ ਦਾ ਦੌਰ ਵੇ…ਬਿਲਕੁਲ ਉਸ ਪੈਟਰਨ ‘ਤੇ ਜਿਸ ਤਰ੍ਹਾਂ ਕਿ ਦੂਜੇ ਨਾਵਲਾਂ ਦਾ ਮੈਂ ਨਾਂ ਲੈ ਰਿਹਾ ਵਾਂ। ਲੇਕਿਨ ‘ਵਾਹਗਾ’ ਵਿਚ ਇਤਨੀ ਗਹਿਰਾਈ ਨਹੀਂ…ਮਤਲਬ ਡੂੰਘਾਈ ਨਹੀਂ। ਉਹਦੇ ਵਿਚ ਇਉਂ ਲਗਦੈ ਜਿਵੇਂ ਬਾਹਰ ਬੈਠ ਕੇ ਤੁਸੀਂ ਪੰਜਾਬ ਦੀ ਵਕਾਲਤ ਕਰ ਰਹੇ ਓ…ਤੁਸੀਂ ਆਪ ਉਹਦਾ ਹਿੱਸਾ ਨਹੀਂ…। ਇਸ ਤਰ੍ਹਾਂ ਮਹਿਸੂਸ ਹੁੰਦੈ…ਮੈਂ ਉਹਦਾ ‘ਦੀਬਾਚਾ’ ਲਿਖਿਆ ਸੀ ਕਿ ਉਹ ਮੈਨੂੰ ਚੰਗਾ ਵੀ ਲੱਗਾ ਸੀ, ਉਹ ਬੜਾ ਹੀ ਪਾਸੇ ‘ਤੇ ਬਹਿ ਕੇ ਗੱਲ ਕਰਨ ਵਾਲਾ ਨਾਵਲ ਮੈਨੂੰ ਲਗਦੈ…ਤੇ ਇਸੇ ਹਿਸਾਬ ਨਾਲ ਦੇਖੀਏ ਤਾਂ 15-20 ਨਾਵਲਾਂ ਦੀ ਗਿਣਤੀ ਏ…ਤੇ ਇਨ੍ਹਾਂ 15-20 ਨਾਵਲਾਂ ਵਿਚ ਰੰਧਾਵਾ ਦਾ ਨਾਂ ਬਚ ਜਾਂਦੈ…। ਅੱਜ ਦੇ ਨਾਵਲਕਾਰਾਂ ਵਿਚ ਜ਼ਾਹਿਦ ਹਸਨ ਏ, ਫ਼ਰਖ਼ੰਦਾ ਲੋਧੀ ਏ ਤੇ ਆਪਣਾ ਫ਼ਰਜ਼ੰਦ ਅਲੀ।
ਹੁਣ : ਨਵੇਂ ਨਾਵਲਕਾਰਾਂ ਵਿਚ ਇਕ ਹੋਰ ਨਾਂ ਹੈ-ਅਬਦਾਲ ਬੇਲਾ, ਜੋ ਮਿਲਟਰੀ ‘ਚੋਂ ਬਤੌਰ ਡਾਕਟਰ ਰਿਟਾਇਰ ਹੋਏ ਹਨ। ਉਨ੍ਹਾਂ ਨੇ ਵੀ ਵੱਡੇ ਆਕਾਰ ਦਾ ਨਾਵਲ ਲਿਖਿਆ ਹੈ 6 ਵੌਲੀਅਮਜ਼ ਵਿਚ। ਨਾਵਲ ਹੈ ਉਨ੍ਹਾਂ ਦਾ ‘ਦਰਵਾਜ਼ਾ ਖੁਲਤਾ ਹੈ’ ਪਰ ਉਹ ਸ਼ਾਇਦ ਉਰਦੂ ਭਾਸ਼ਾ ਵਿਚ ਹੈ, ਪਰ ਹੈ ਪੰਜਾਬ ਬਾਰੇ। ਤੁਸੀਂ ਫ਼ਖ਼ਰ ਜ਼ਮਾਨ  ਤੇ ਕੁੱਝ ਹੋਰ ਨਾਵਲਕਾਰਾਂ ਬਾਰੇ ਵੀ ਜ਼ਿਕਰ ਕਰਨਾ ਚਾਹੋਗੇ।
ਅਹਿਮਦ ਸਲੀਮ : ਅੱਛਾ ਜੇਕਰ ਫ਼ਖ਼ਰ ਜ਼ਮਾਨ ਦੇ ਨਾਵਲਾਂ ਦਾ ਜ਼ਿਕਰ ਕਰੀਏ ਤਾਂ ਉਹਦੇ ਜਿਹੜੇ ਤਿੰਨ-ਚਾਰ ਨਾਵਲ ਨੇ ਜਾਂ ਹੁਣ ਹੋਰ ਜ਼ਿਆਦਾ ਹੋ ਗਏ ਨੇ…ਉਹ ਖ਼ਾਸ ਸ਼ੈਲੀ ਦੇ ਨੇ…ਔਰ ਉਨ੍ਹਾਂ ਬਾਰੇ ਅਕਸਰ ਇਹ ਕਿਹਾ ਜਾਂਦਾ ਵੇ ਕਿ ਉਨ੍ਹਾਂ ਦੀ ਜੋ ਆਪਣੀ ਸਿਆਸੀ ਸਮਝ ਐ, ਉਸ ਨੂੰ ਮੁੱਖ ਰੱਖ ਕੇ ਲਿਖੇ ਹੋਏ ਨੇ…ਜਿਵੇਂ ਕਿ ‘ਬੰਦੀਵਾਨ’ ਨਾਵਲ ਸੀ। ‘ਬੰਦੀਵਾਨ’ ਨਾਵਲ ਫਾਸ਼ੀਵਾਦ ਦੇ ਹਵਾਲੇ ਨਾਲ ਸੀ। ਉਸ ਤੋਂ ਪਹਿਲਾਂ ਜਿਹੜੇ ਦੋ ਨਾਵਲ ਨੇ, ‘ਸੱਤ ਗਵਾਚੇ ਲੋਕ’ ਜਾਂ ‘ਕਮਜ਼ਾਤ’ ਨਾਵਲ ਆਇਆ…। ‘ਸੱਤ ਗਵਾਚੇ ਲੋਕ’ ਵੀ ਬਹੁਤ ਸਿਆਸੀ ਨਾਵਲ ਸੀ…ਉਸ ਦੀ ਖ਼ਾਸੀਅਤ ਪੰਜਾਬੀ ਪਛਾਣ ਦਾ ਮਸਲਾ ਵੇ। ਅੱਛਾ, ਰੰਧਾਵਾ ਸਾਹਿਬ ਪਛਾਣ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਦੀ ਗੱਲ ਪੰਜਾਬੀ ਪਛਾਣ ਤੋਂ ਬਾਹਰ ਨਹੀਂ ਜਾਂਦੀ ਜਾਂ ਤੁਸੀਂ ਕਹਿ ਲਓ ਕਿ ਜਿਹੜਾ ਨਾਵਲ ਆਪਣੇ ਜ਼ਮਾਨੇ ਨੂੰ ਅਤੇ ਪਿਛਲੇ ਜ਼ਮਾਨੇ ਨੂੰ ਨਾਲ ਲੈ ਕੇ ਤੁਰਦਾ ਹੈ ਤੇ ਉਸ ਨੂੰ ਬੜੇ ਡੂੰਘਾਣ ਵਿਚ ਲਿਜਾ ਕੇ ਬਿਆਨ ਹੁੰਦਾ ਹੈ। ਉਹ ਗੱਲ ਸਾਡੇ ਪੰਜਾਬੀ ਨਾਵਲ ਵਿਚ ਨਹੀਂ ਹੈ। ਇਧਰ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਨੇ…ਪੂਰਬੀ ਪੰਜਾਬ ਦੇ ਨਾਵਲਾਂ ਵਿਚ ਤੇ ਪੱਛਮੀ ਪੰਜਾਬ ਦੇ ਨਾਵਲਾਂ ਵਿਚੋਂ…ਇਕ ਪਾਸੇ ਅਫ਼ਜ਼ਲ ਅਹਿਸਨ ਰੰਧਾਵਾ ਏ…ਦੂਜੇ ਪਾਸੇ ਫ਼ਖ਼ਰ ਜ਼ਮਾਨ ਏ…ਫਿਰ ਇਕ ਨਾਵਲ ਮਰੀਅਮ ਦਾ ਏ। …ਪਰ ਕੋਈ ਐਸਾ ਨਾਵਲ ਨਹੀਂ ਐ ਜਿਸ ਨੂੰ ਤੁਸੀਂ ਗਿਣ ਸਕਦੇ ਹੋ। ਨਾ ਉਹ ‘ਵਾਹਗਾ’ ਨਾਵਲ ਐ…ਨਾ ਉਹ ‘ਟਾਵਾਂ ਟਾਵਾਂ ਤਾਰਾ’ ਐ। ਫਖ਼ਰ ਜ਼ਮਾਨ ਦਾ ‘ਬੰਦੀਵਾਨ’ ਵੀ ਲਾਊਡ ਐ।
ਹੁਣ : ਪਾਕਿਸਤਾਨ ਵਿਚ ਕਹਾਣੀ ਬਹੁਤ ਚੰਗੀ ਲਿਖੀ ਜਾ ਰਹੀ ਹੈ। ਨਵੇਂ ਕਹਾਣੀਕਾਰ ਕਿਹੜੇ ਕਿਹੜੇ ਹਨ?
ਅਹਿਮਦ ਸਲੀਮ : ਨਵੇਂ ਕਹਾਣੀਕਾਰ ਬਹੁਤ ਆਏ ਨੇ ਪਰ ਇਨ੍ਹਾਂ ਬਾਰੇ ਇਕਦਮ ਗੱਲ ਕਰਨਾ ਔਖਾ ਐ…ਕਿਉਂਕਿ ਹੁਣ ਅਸੀਂ ਕਹਿੰਦੇ ਆਂ ਕਿ ਹੁਸੈਨ ਸ਼ਾਹਿਦ, ਨਵਾਜ਼ ਏ, ਨਈਮ ਮੁਜ਼ਾਰ ਜਾਂ ਜਿਵੇਂ ਫ਼ਰਹਾਦ ਧਾਲੀਵਾਲ ਐ…ਜਾਂ ਜਿਵੇਂ ਕਰਾਮਤ ਮੁਗ਼ਲ ਐ, ਤੌਕੀਰ ਚੁਗ਼ਤਾਈ ਦੀਆਂ ਕਹਾਣੀਆਂ ਵੀ ਛਪੀਆਂ ਹਨ। ਉਹ ‘ਨਾਗਮਣੀ’ ਵਿਚ ਵੀ ਛਪਦਾ ਰਿਹਾ। ਕਹਾਣੀ ਤਾਂ ਵੇਲੇ ਕੁਵੇਲੇ ਚੰਗੀ ਛਪਦੀ ਰਹੀ ਏ ਤੇ ਨਵੇਂ ਨਾਂ ਵੀ ਸਾਹਮਣੇ ਆ ਰਹੇ ਨੇ। ਜੋ ਫ਼ਿਕਸ਼ਨ ਦੀਆਂ 5-7 ਕਿਤਾਬਾਂ ਵੀ ਨੇ…ਜੋ ਸਾਲ ਵਿਚ ਆ ਜਾਂਦੀਆਂ ਨੇ ਤਾਂ ਇਸ ਤਰ੍ਹਾਂ ਯੋਗਦਾਨ ਪਾਉਂਦੀਆਂ ਨੇ ਜਿਵੇਂ ਸ਼ਾਇਰੀ ਦੀਆਂ ਕਿਤਾਬਾਂ ਨਹੀਂ ਕਰਦੀਆਂ।
ਸਿਆਸੀ ਤੇ ਸਟੇਜੀ ਸ਼ਾਇਰੀ
ਹੁਣ : ਪਾਕਿਸਤਾਨ ਦੀ ਕਵਿਤਾ ਵਿਚ ਸਿਆਸੀ ਅੰਸ਼ ਬਹੁਤ ਜ਼ਿਆਦਾ ਹਨ, ਖ਼ਾਸ ਕਰਕੇ ਜਿਸ ਨੂੰ ਅਸੀਂ ਮੰਚ ਦੀ ਸ਼ਾਇਰੀ ਕਹਿੰਦੇ ਹਾਂ?
ਅਹਿਮਦ ਸਲੀਮ : ਮੈਂ ਮੰਚ ਦੀ ਸ਼ਾਇਰੀ ਤੇ ‘ਮੁਜਾਹੀਆ’ ਸ਼ਾਇਰੀ ਨੂੰ ਵੱਖ ਵੱਖ ਕਰਕੇ ਵੇਖਾਂਗਾ। ਬਾਬਾ ਨਜ਼ਮੀ ਬੜਾ ਸੰਜੀਦਾ ਸ਼ਾਇਰ ਏ। ਅਨਵਰ ਮਸੂਦ ਜਾਂ ਇਸ ਤਰ੍ਹਾਂ ਦੇ ਮਜਾਹੀਆ ਸ਼ਾਇਰ ਵੀ ਆਏ ਨੇ…ਪਰ ਇਸ ਸ਼ਾਇਰੀ ਦੀ ਆਪਣੀ ਹੱਦਬੰਦੀ ਐ। ਇਹ ਸ਼ਾਇਰੀ ਫੱਕੜਪਣ ‘ਚ ਚਲੀ ਜਾਂਦੀ ਐ…ਔਰ ਫੱਕੜਪਣ ਤੇ ਤਹਿਜ਼ੀਬ ਵਿਚ ਬਾਰੀਕ ਜਿਹਾ ਫ਼ਰਕ ਐ। ਪਾਕਿਸਤਾਨ ਵਿਚ ਅਵਾਮੀ ਸ਼ਾਇਰੀ ਬੜੀ ਕਮਾਲ ਦੀ ਵੇ। ਅੱਜ ਦੀ ਬਿਹਤਰੀਨ ਮਿਸਾਲ ਬਾਬਾ ਨਜ਼ਮੀ ਐ…ਪਰ ਮਜਾਹੀਆ ਸ਼ਾਇਰੀ ‘ਚ ਅਨਵਰ ਮਸੂਦ ਨੇ ਤਹਿਜ਼ੀਬ ਦਾ ਦਾਮਨ ਨਹੀਂ ਛੱਡਿਆ ਲੇਕਿਨ ਉਸ ਦੀ ਨਕਲ ‘ਚ ਜੋ ਸ਼ਾਇਰ ਲਿਖ ਰਹੇ ਨੇ…ਇਹ ਉਸਤਾਦ ਮਾਮਦੀਨ ਦੇ ਪੱਧਰ ‘ਤੇ ਪਹੁੰਚ ਜਾਂਦੇ ਨੇ ਜਿਵੇਂ ਗਿੱਟੇ ਤੇ ਗੋਡੇ ਭੰਨਣ ਦੇ ਪੱਧਰ ‘ਤੇ। 1947 ਤੋਂ ਪਹਿਲਾਂ ਦੇ ਅਖਾੜੇ ਵੀ ਨੇ…ਫ਼ਿਰੋਜ਼ਦੀਨ ਸ਼ਰਫ਼, ਹਮਦਮ ਔਰ ਉਸਤਾਦ ਕੁਸ਼ਤਾ ਨੇ…ਅਖਾੜਿਆਂ ਦੀ ਸ਼ਾਇਰੀ ਬਹੁਤ ਵਧੀਆ ਸ਼ਾਇਰੀ ਸੀ।
ਹੁਣ : ਅਸੀਂ ਪਾਕਿਸਤਾਨੀ ਪੰਜਾਬੀ ਸ਼ਾਇਰੀ ‘ਚੋਂ ਮੰਚ ਦੀ ਸੰਜੀਦਾ ਸ਼ਾਇਰੀ ਦੀ ਗੱਲ ਕਰ ਰਹੇ ਹਾਂ। ਬਾਬਾ ਨਜ਼ਮੀ ਤੋਂ ਬਿਨਾਂ ‘ਸਾਈਂ ਅਖ਼ਤਰ’ ਸਨ, ਉਸਤਾਦ ਦਾਮਨ ਤੇ ਜ਼ਹੂਰ ਹੁਸੈਨ ਜ਼ਹੂਰ ਵਰਗੇ ਸ਼ਾਇਰ ਸਨ?
ਅਹਿਮਦ ਸਲੀਮ : ਸਾਈਂ ਅਖ਼ਤਰ ਤੇ ਬਾਬਾ ਨਜ਼ਮੀ ਬਹੁਤ ਸੰਜੀਦਾ ਸ਼ਾਇਰ ਨੇ…ਸਾਈਂ ਅਖ਼ਤਰ ਤਾਂ ਕਲਾ ਦੀ ਸਿਖ਼ਰ ਨੂੰ ਪਹੁੰਚਿਆ ਵੇ…ਉਨ੍ਹਾਂ ਦੀ ਕਿਤਾਬ ਏ ‘ਅੱਲਾ ਮੀਆਂ ਥੱਲੇ ਆ।’ ਉਨ੍ਹਾਂ ‘ਤੇ ਕੁਫ਼ਰ ਬੋਲਣ ਦੇ ਇਲਜ਼ਾਮ ਵੀ ਲੱਗੇ। ਉਨ੍ਹਾਂ ਦਾ ਪੱਧਰ ਜਾਂ ਉਸਤਾਦ ਦਾਮਨ ਦਾ ਪੱਧਰ ਬਹੁਤ ਘੱਟ ਲੋਕਾਂ ਨੂੰ ਨਸੀਬ ਹੁੰਦੈ…ਅਗਰ ਤੁਸੀਂ ਲਿਸਟ ਬਣਾਉਣਾ ਚਾਹੋ ਤਾਂ ਇਹ ਚਾਰ ਪੰਜ ਨਾਮ ਹੀ ਆਉਣਗੇ।
ਉਸਤਾਦ ਦਾਮਨ ਦਾ ਹੁਜਰਾ
ਹੁਣ : ਉਸਤਾਦ ਦਾਮਨ ਤੱਤੀ-ਤਿੱਖੀ ਸਿਆਸੀ ਗੱਲ ਨੂੰ ਹਾਸੇ ਵਿਚ ਕਹਿ ਦਿੰਦੇ ਸਨ ਜਿਵੇਂ ਉਨ੍ਹਾਂ ਭਾਰਤੀ ਜਮਹੂਰੀਅਤ ਤੇ ਸਮਾਜਵਾਦੀ ਹੋਣ ਦੇ ਦਾਅਵੇ ਬਾਰੇ ਨਹਿਰੂ ਨੂੰ ਚਿੱਠੀ ‘ਚ ਲਿਖਿਆ ਸੀ। ਉਸਤਾਦ ਦਾਮਨ ਬਾਰੇ ਕੋਈ ਐਸੀ ਗੱਲ ਸੁਣਾਓ, ਜੋ ਭੁਲਾਇਆਂ ਨਾ ਭੁੱਲੇ।
ਅਹਿਮਦ ਸਲੀਮ : ਉਸਤਾਦ ਦਾਮਨ ਪੇਸ਼ੇ ਦੇ ਤੌਰ ‘ਤੇ ਦਰਜ਼ੀ ਸਨ। ਉਨ੍ਹਾਂ ਨੇ ਕਿਸੇ ਸਕੂਲ, ਕਾਲਜ, ਯੂਨੀਵਰਸਿਟੀ ਵਿਚ ਜਾਏ ਬਿਨਾਂ ਆਪਣੇ ਆਪ ਨੂੰ ਕਈ ਜ਼ੁਬਾਨਾਂ ‘ਚ ਟਰੇਂਡ ਕੀਤਾ। ਉਨ੍ਹਾਂ ਨੇ ਰੂਸੀ ਭਾਸ਼ਾ ਸਿੱਖੀ…ਤੇ ਮੇਰੇ ਕੋਲੋਂ ਰੂਸੀ-ਪੰਜਾਬੀ ਡਿਕਸ਼ਨਰੀ ਬੜੇ ਚਾਅ ਨਾਲ ਮੰਗੀ…ਫਿਰ ਉਹ ਪੰਜਾਬੀ ਬਾਰੇ, ਰੂਸੀ ਵਿਚ ਲਿਖਣ ਬਾਰੇ ਪੁਛਦੇ ਰਹਿੰਦੇ ਜਿਵੇਂ ਆਈ ਸਰੇਬਰੀਆਕੋਵ ਬਾਰੇ ਪੁਛਦੇ ਜਾਂ ਨਤਾਲਿਆ ਟਾਲਸਟਾਏ ਦੇ ਕੰਮ ਬਾਰੇ ਪੁਛਦੇ…। ਉਨ੍ਹਾਂ ਨੇ ਕਦੇ ਲਫ਼ਜਾਂ ‘ਚ ਕਮਿਊਨਿਜ਼ਮ ਦਾ ਜ਼ਿਕਰ ਵੀ ਨਹੀਂ ਕੀਤਾ, ਪਰ ਉਹ ਸਹੀ ਅਰਥਾਂ ਵਿਚ ਸੱਚੇ ਕਮਿਊਨਿਸਟ ਸਨ। ਇਕ ਵਾਰ ਮੈਂ ਉਨ੍ਹਾਂ ਕੋਲ ਗਿਆ। ਉਨ੍ਹਾਂ ਨੇ ਗੋਸ਼ਤ ਭੁੰਨਿਆ  ਤੇ ਸਲਾਦ ਬਣਾ ਕੇ ਉੱਤੇ ਵਿਸਕੀ ਦਾ ਛੜਕਾਅ ਕੀਤਾ। ਮੈਂ ਸ਼ਰਾਬ ਦਾ ਕਦੇ ਸ਼ੌਕੀਨ ਨਹੀਂ ਰਿਹਾ…ਕਿਸੇ ਮਹਿਫ਼ਲ ‘ਚ ਬਹਿ ਕੇ ਦੋਸਤਾਂ ਨਾਲ ਕੰਪਨੀ ਕਰ ਲਈ…ਇਹ ਵੱਖਰੀ ਗੱਲ ਐ…ਮੈਂ ਉਨ੍ਹਾਂ ਨੂੰ ਕਿਹਾ, ‘ਉਸਤਾਦ ਜੀ ਮੈਂ ਤਾਂ ਖਾਣਾ ਖਾ ਕੇ ਆਇਆ ਹਾਂ।’ ਦੂਜੇ ਦਿਨ ਮੈਂ ਉਨ੍ਹਾਂ ਦੁਆਰਾ ਮੰਗੀ ਰੂਸੀ ਡਿਕਸ਼ਨਰੀ ਲੈ ਕੇ ਗਿਆ ਤਾਂ ਉਨ੍ਹਾਂ ਨੇ ਨਰਾਜ਼ ਹੋ ਕੇ ਕਿਹਾ, ”ਮੈਨੂੰ ਕਿਤਾਬ ਨਹੀਂ ਚਾਹੀਦੀ…ਤੂੰ ਝੂਠ ਕਿਉਂ ਬੋਲਿਆ…ਤੂੰ ਕਹਿ ਦੇਣਾ ਸੀ ਕਿ ਮੈਂ ਸਲਾਦ ਨਹੀਂ ਖਾਣਾ।” ਯਾਨੀ ਉਹ ਝੂਠ ਬਰਦਾਸ਼ਤ ਨਹੀਂ ਸਨ ਕਰਦੇ। ਉਨ੍ਹਾਂ ਕੋਲ ਰੈੱਡ ਲਾਈਟ ਇਲਾਕੇ ਦੀਆਂ ਔਰਤਾਂ ਆਉਂਦੀਆਂ ਤੇ ਉਨ੍ਹਾਂ ਦੇ ਪੈਰ ਦੱਬ ਕੇ ਉਨ੍ਹਾਂ ਤੋਂ ਦੁਆਵਾਂ ਲੈਂਦੀਆਂ। ਇਕ ਦਿਨ ਉਸਤਾਦ ਦਾਮਨ ਕਹਿਣ ਲੱਗੇ, ”ਯਾਰ ਤੁਹਾਡੀ ਕਿਹੜੀ ਤਹਿਜ਼ੀਬ ਐ…ਪੜ੍ਹੇ ਲਿਖੇ ਲੋਕਾਂ ਦੀ?” ਉਹ ਕਸਬੀ ਔਰਤਾਂ ਆਪਣੇ ਕੋਲ ਆਉਂਦੇ ਬੰਦਿਆਂ ਦਾ ਉਸਤਾਦ ਦਾਮਨ ਕੋਲ ਮਜ਼ਾਕ ਉਡਾਉਂਦੀਆਂ ਸਨ। ਦਾਮਨ ਕਹਿੰਦੇ ਕਿ ਤੁਹਾਡੇ ਪੜ੍ਹੇ-ਲਿਖੇ ਲੋਕਾਂ ਦਾ ਕਲਚਰ ਕੀ ਐ? ਸਾਰੀ ਰਾਤ ਇਕ-ਦੂਜੇ ਦਾ ਪਸੀਨਾ ਚੱਟਦੇ ਨੇ ਤੇ ਸਵੇਰੇ ਉਠ ਕੇ ਕਹਿੰਦੇ ਨੇ ‘ਡਾਰਲਿੰਗ ਮੇਰਾ ਟਾਵਲ ਕਿੱਥੇ ਐ?’ ਉਸਤਾਦ ਦਾਮਨ ਕੋਲ ਜਿਹੜੇ ਲੋਕ ਆਉਂਦੇ ਸਨ ਜਿਵੇਂ ਫ਼ੈਜ਼ ਅਹਿਮਦ ਫ਼ੈਜ਼, ਅਦਾਕਾਰ ਅਲਾਉਦੀਨ ਉਨ੍ਹਾਂ ਦਾ ਪੁੱਤਰ ਬਣਿਆ ਸੀ, ਉਸ ਦੀ ਉਨ੍ਹਾਂ ਦੀ ਜ਼ਿੰਦਗੀ ਵਿਚ ਹੀ ਮੌਤ ਹੋ ਗਈ ਸੀ ਤੇ ਉਹ ਬੜੇ ਮਾਂਦੇ ਪੈ ਗਏ ਸਨ…ਉਥੇ ਡਾæ ਨਜ਼ੀਰ ਅਹਿਮਦ ਨੇ ਆਉਣਾ…ਜਿਹੜੇ ਲਾਹੌਰ ਦੇ ਚੋਟੀ ਦੇ ਬਾਬੇ ਸਨ…ਉਨ੍ਹਾਂ ਨੇ ਉਥੇ ਆਉਣਾ ਤੇ ਮੈਨੂੰ ਕਈ ਵਾਰ ਉਨ੍ਹਾਂ ਨਾਲ ਬੈਠਣ ਦਾ ਮੌਕਾ ਮਿਲਿਆ। ਉਸਤਾਦ ਦਾਮਨ, ਫ਼ੈਜ਼ ਸਾਹਿਬ, ਖ਼ਵਾਜ਼ਾ ਖੁਰਸ਼ੀਦ, ਜਿਨ੍ਹਾਂ ਬਾਰੇ ਮੈਂ ਭਗਤ ਸਿੰਘ ਵਾਲੀ ਕਿਤਾਬ ਵਿਚ ਜ਼ਿਕਰ ਕੀਤੈ…ਭਗਤ ਸਿੰਘ ਇਨ੍ਹਾਂ ਦੇ ਸੀਨੀਅਰ ਸਨ। ਜਦ ਕਾਲਜ ਵਿਚ ਐਫ਼ਐਸ਼ਸੀæ ‘ਚ ਪੜ੍ਹਦੇ ਸਨ…ਉਦੋਂ ਭਗਤ ਸਿੰਘ ਦਾ ਮੁਕੱਦਮਾ ਚੱਲ ਰਿਹਾ ਸੀ। ਉਥੇ ਕੋਈ ਨਾ ਕੋਈ ਮਿਲਦਾ ਸੀ…ਉਥੇ ਇਨ੍ਹਾਂ ਦਾ ਸੰਪਰਕ ਬਣਿਆ ਹੋਇਆ ਸੀ। ਪਾਕਿਸਤਾਨ ਵਿਚ ਸਾਨੂੰ ਕਿਹੈ ਜਾਂਦੈ ਕਿ ਭਾਗਤ ਸਿੰਘ ਤਾਂ ਸਿੱਖ ਸਨ ਪਰ ਅਸਲ ਵਿਚ ਉਸ ਸਮੇਂ ਬਹੁਤ ਸਾਰੇ ਮੁਸਲਮਾਨ ਵੀ ਉਨ੍ਹਾਂ ਦੇ ਦੋਸਤ ਸਨ। ਜ਼ਾਹਿਦ ਡਾਰ ਵੀ ਸਨ…ਉਸ ਦੇ ਪਿਤਾ ਵੀ ਸਨ।
ਹੁਣ : ਉਸਤਾਦ ਦਾਮਨ ਦਾ ਜੋ ਹੁਜਰਾ ਸੀ, ਜਿੱਥੇ ਸਾਈਂ ਅਖ਼ਤਰ ਤੋਂ ਬਾਅਦ ਫਰਜ਼ੰਦ ਅਲੀ ਵੀ ਜਾਂਦੇ ਰਹੇ। ਕੀ ਇਹ ਸ਼ਾਹ ਹੁਸੈਨ ਵਾਲਾ ਹੁਜਰਾ ਹੀ ਤਾਂ ਨਹੀਂ ਸੀ? ਇਸ ਹੁਜਰੇ ਦੀ ਜਗ੍ਹਾ ਕਿੰਨੀ ਕੁ ਸੀ?
ਅਹਿਮਦ ਸਲੀਮ : ਇਹ ਸ਼ਾਹ ਹੁਸੈਨ ਵਾਲਾ ਹੁਜਰਾ ਹੀ ਸੀ…ਇਸ ਦੀ ਜਗ੍ਹਾ 8 ਬਾਈ 10 ਫੁੱਟ ਹੋਣੀ ਐ…ਇਹ ਹੀਰਾ ਮੰਡੀ ਦੇ ਇਲਾਕੇ ‘ਚ ਸੀ…ਇਸ ਦੇ ਪਿਛੇ ਉਨ੍ਹਾਂ ਔਰਤਾਂ ਦੇ ਮੁਹੱਲੇ ਨੇ ਜੋ ਕਸਬ ਕਰਦੀਆਂ ਨੇ। ਇਹ ਟਕਸਾਲੀ ਗੇਟ ‘ਚ ਪ੍ਰਵੇਸ਼ ਕਰਕੇ ਸ਼ੁਰੂ ਵਿਚ ਹੀ ਸੱਜੇ ਹੱਥ ਆ ਜਾਂਦੈ…ਤੇ ਫਿਰ ਅੱਗੇ ਔਰਤਾਂ ਦੇ ਬਾਜ਼ਾਰ ਨੇ। ਇਸ ਹੁਜਰੇ ‘ਤੇ ਅੱਜ-ਕੱਲ੍ਹ ਉਸਤਾਦ ਦਾਮਨ ਅਕੈਡਮੀ ਬਣ ਗਈ ਵੇ…ਉਸ ਦਾ ਕੰਮਕਾਜ ਵਕੀਲ ਇਕਬਾਲ ਸਾਹਿਬ ਕਰ ਰਹੇ ਨੇ। ਉਨ੍ਹਾਂ ਨੇ ਮੈਨੂੰ ਉਸਤਾਦ ਦਾਮਨ ਦੀ ਜੀਵਨੀ ਜਾਂ ਮੇਰੀਆਂ ਯਾਦਾਂ ਲਿਖਣ ਬਾਰੇ ਵੀ ਕਿਹੈ ਪਰ ਇਹ ਲਿਖਣ ਦਾ ਕੰਮ ਮੈਂ ਕਰ ਨਹੀਂ ਸਕਿਆ…ਹੋ ਸਕਦੈ ਕਰ ਵੀ ਲਵਾਂ…ਕਿਉਂਕਿ ਮੈਂ ਪਹਿਲਾਂ ਖ਼ਾਕਾ ਲਿਖਨਾਂ ਵਾਂ…ਫਿਰ ਜਿਵੇਂ ਗੱਲਾਂ ਯਾਦ ਆਉਂਦੀਆਂ ਨੇ…ਉਨ੍ਹਾਂ ਨੂੰ ਫੈਲਾ ਦਿੰਦਾ ਹਾਂ…ਜਿਵੇਂ ਮੈਂ ਫ਼ੈਜ਼ ਸਾਹਿਬ ਤੇ ਅਹਿਮਦ ਰਾਹੀ ਦਾ ਕੀਤਾ…ਹੋ ਸਕਦੈ ਇਸ ਨੂੰ ਵੀ ਫੈਲਾ ਦੇਵਾਂ।
ਜਵਾਨੀ, ਇਸ਼ਕ ਤੇ ਵਿਆਹ
ਹੁਣ : ਤੁਹਾਡੇ ਜਵਾਨੀ ਦੇ ਦਿਨਾਂ ਵੱਲ ਪਰਤਦੇ ਹਾਂ। ਜਵਾਨੀ ਵੇਲੇ ਦਾ ਕੋਈ ਇਸ਼ਕ? ਫ਼ਿਰ ਵਿਆਹ?
ਅਹਿਮਦ ਸਲੀਮ : ਜੀ…ਜੀ…ਜ਼ਰੂਰ…ਕੁਦਰਤੀ ਗੱਲ ਵੇ…ਜਿਸ ਵੇਲੇ ਤੁਸੀਂ 16-17 ਵਰ੍ਹਿਆਂ ਦੇ ਹੁੰਦੇ ਹੋ ਤਾਂ ਜ਼ਾਹਰ ਹੈ ਤੁਸੀਂ ਅੱਖਾਂ ਅੱਖਾਂ ਵਿਚ ਮੁਤਾਸਰ ਹੁੰਦੇ ਹੋ…ਪਰ…ਐਸਾ ਤਾਂ ਕੋਈ ਹਾਦਸਾ ਪੇਸ਼ ਨਹੀਂ ਆਇਆ ਕਿ ਮੈਂ ਕਿਸੇ ਨੂੰ ਮੁਤਾਸਰ ਕੀਤਾ ਹੋਵੇ…ਲੇਕਿਨ ਮੈਂ ਆਪ ਇਕ ਵਾਰ ਮੁਤਾਸਰ ਹੋਇਆ। ਸਾਡੀ ਪਾਰਟੀ ਦੇ ਇਕ ਕਾਮਰੇਡ ਸਨ…ਉਨ੍ਹਾਂ ਦੀ ਬੇਟੀ ਸੀ… ਉਹਦਾ ਨਾਂ ਸੀ ਜ਼ੋਇਆ। (ਇਹ ਨਾਂ ਉਨ੍ਹਾਂ ਰੂਸੀ ਕ੍ਰਾਂਤੀਕਾਰੀ ਲੜਕੀ ਦੇ ਨਾਂ ‘ਤੇ ਰੱਖਿਆ ਸੀ ਜੋ ਜਰਮਨਾਂ ਖ਼ਿਲਾਫ਼ ਲੜੀ ਸੀ।) ਮੈਂ ਉਹਦੇ ਬਹੁਤ ਨੇੜੇ ਹੋ ਗਿਆ… ਇਸ ਹੱਦ ਤਕ ਨੇੜੇ ਹੋ ਗਿਆ ਕਿ ਉਹਦੇ ਮਾਂ-ਬਾਪ ਨੇ ਸਮਝ ਲਿਆ ਕਿ ਠੀਕ ਹੈ ਅਸੀਂ ਇਸ ਨੂੰ ਵਿਆਹ ਦਿਆਂਗੇ…ਫੇਰ  ਮੈਂ ’71 ਵਿਚ ਜੇਲ੍ਹ ਚਲਾ ਗਿਆ…ਤੇ ਜਦੋਂ ਬਾਹਰ ਆਇਆ ਤਾਂ ਜ਼ਾਹਰ ਹੈ ਮੇਰੀ ਪੁਜ਼ੀਸ਼ਨ ਬਦਲ ਗਈ ਸੀ…ਮਤਲਬ ਜ਼ਿਆਦਾ ਇੱਜ਼ਤ ਦੇ ਰਹੇ ਸਨ ਲੋਕ…ਮੈਨੂੰ ਵੀ ਮਹਿਸੂਸ ਹੁੰਦਾ ਸੀ ਕਿ ਮੈਂ ਹੁਣ ਵੱਖਰਾ ਹੋ ਗਿਆ ਹਾਂ…ਕਿਉਂਕਿ ਮੈਂ ਸਟੈਂਡ ਲਿਆ ਸੀ ਤੇ ਜਦੋਂ ਬੰਦਾ ਸਟੈਂਡ ਲੈ ਕੇ ਜਾਨ ਬਚਾ ਕੇ ਬਾਹਰ ਆ ਜਾਂਦੈ ਤਾਂ ਫੇਰ ਵੱਖਰੀ ਸੂਰਤੇ-ਹਾਲ ਹੁੰਦੀ ਵੇ। ਪਰ ਥੋੜ੍ਹੇ ਅਰਸੇ ਵਿਚ ਹੀ ਮੈਨੂੰ ਲੱਗਾ…ਮਸਲਨ ਉਹ ਮੈਨੂੰ ਕਦੀ ਕਹਿਣ ਕਿ ਇਹਦੇ ਨਾਂ ਮਕਾਨ ਕਰਨੈ…ਕਦੀ ਕਹਿਣ ਇਹਦੇ ਨਾਂ ਬੈਂਕ ਖਾਤਾ ਖੁਲ੍ਹਾ ਕੇ ਦੇ…ਮੈਂ ਉਸ ਵੇਲੇ ਨੈਸ਼ਨਲ ਬੈਂਕ ਵਿਚ ਜੂਨੀਅਰ ਕਲਰਕ ਸਾਂ…ਸਮਝ ਲਓ ਦੋ-ਢਾਈ ਸੌ ਤਨਖ਼ਾਹ ਹੋਏਗੀ…ਮੇਰੇ ਮਾਪਿਆਂ ਦਾ ਘਰ ਵੀ ਸੀ…ਜ਼ਮੀਨਾਂ ਵੀ ਸਨ…ਲੇਕਿਨ ਮੇਰੇ ਤੋਂ ਇਲਾਵਾ ਤਿੰਨ ਭੈਣਾਂ ਤੇ ਤਿੰਨ ਭਰਾ ਵੀ ਸਨ…ਮੇਰੀ ਐਸੀ ਕੋਈ ਕਮਿਟਮੈਂਟ ਨਹੀਂ ਸੀ ਬਣ ਸਕਦੀ। ਮੈਨੂੰ ਇੰਜ ਲੱਗਾ ਇਹ ਸਿਰਫ਼ ਮੇਰੇ ਵਲੋਂ ਹੀ ਸੀ…ਉਧਰੋਂ ਸਿਰਫ਼ ਇਹੀ ਸੀ ਕਿ ਭਰੋਸੇਯੋਗ ਬੰਦਾ ਐ…ਸ਼ਰੀਫ਼ ਆਦਮੀ ਏ…ਕਿਸੇ ਚੱਕਰ ਵਿਚ ਨਹੀਂ ਐ…ਔਰ ਜੇ ਅਸੀਂ ਆਪਣੀ ਧੀ ਨੂੰ ਇਹਦੇ ਨਾਲ ਜੋੜ ਦਈਏ ਤਾਂ ਸੌਖੀ ਰਵੇਗੀ। ਲੇਕਿਨ ਜਦੋਂ ਉਨ੍ਹਾਂ ਨੇ ਦੇਖਿਆ ਕਿ ਇਹ ਬੰਦਾ ਦਾ ਆਪਣੇ ਭੱਵਿਖ ਪ੍ਰਤੀ ਗੰਭੀਰ ਹੀ ਨਹੀਂ ਹੈ…ਫੇਰ ਜੇਲ੍ਹ ਜਾਣ ਮਗਰੋਂ ਬੈਂਕ ਦੀ ਨੌਕਰੀ ਵੀ ਖ਼ਤਮ ਹੋ ਗਈ… ਮੈਂ ਸ਼ਾਹ ਹੁਸੈਨ ਕਾਲਜ ਆ ਤਾਂ ਗਿਆ ਪਰ ਉਹ ਵੀ ਢਾਈ ਸੌ ਰੁਪਏ ਤਨਖ਼ਾਹ ਸੀ। ਜਦੋਂ ਮੈਨੂੰ ਉਨ੍ਹਾਂ ਨੇ ਰੱਦ ਕਰ ਦਿੱਤਾ ਤਾਂ ਮਾਯੂਸ ਹੋ ਕੇ ਮੈਂ ਕੋਈ 30-40 ਕਵਿਤਾਵਾਂ ਲਿਖੀਆਂ…ਹਾ…ਹਾ…। ਔਰ ਇਸ ਦੌਰਾਨ ਮੈਨੂੰ ਇਹ ਵੀ ਪਤਾ ਚੱਲਿਆ ਕਿ ਜ਼ੋਇਆ ਵੀ ਆਪਣੇ ਮਾਪਿਆਂ ਦੇ ਨਾਲ ਹੀ ਸੀ।
ਇਸ ਵਾਕਿਆਤ ਤੋਂ ਬਾਅਦ ਮੈਂ ਕਿਸੇ ਹੋਰ ਬਾਰੇ ਨਾ ਸੋਚਿਆ। ਮੇਰੇ ਮਾਂ-ਬਾਪ ਮੇਰੇ ਵਿਆਹ ਲਈ ਚਿੰਤਤ ਸਨ। ਤਕਰੀਬਨ ਸਾਲ-ਡੇਢ ਸਾਲ ਬਾਅਦ ਮੇਰੀ ਮਾਂ ਨੇ ਮੇਰੀ ਮਰਜ਼ੀ ਦੇ ਖ਼ਿਲਾਫ਼ ਰਿਸ਼ਤਾ ਤੈਅ ਕਰ ਦਿੱਤਾ। ਹੁਣ ਮੈਂ ਕਿਉਂਕਿ ਗੰਭੀਰ ਹੀ ਨਹੀਂ ਸਾਂ ਤਾਂ ਸੋਚਿਆ ਇਹ ਆਪ ਹੀ ਸੰਭਾਲਣਗੇ…ਜੋ ਹੁੰਦੈ, ਸੋ ਹੋਣ ਦਿਓ।  ਮੈਨੂੰ ਕਈ ਵੇਰਾਂ ਲਗਦਾ ਸੀ ਕਿ ਮੈਂ ਉਹ ਬੰਦਾ ਹੀ ਨਹੀਂ ਹਾਂ ਜੋ ਘਰ-ਗ੍ਰਹਿਸਥੀ ਚਲਾ ਸਕੇ…ਇਸ ਮਾਮਲੇ ਵਿਚ ਮੇਰੇ ਤੋਂ ਜ਼ਿਆਦਾ ਫਲਾਪ ਬੰਦਾ ਕੋਈ ਨਹੀਂ ਹੋਵੇਗਾ। ਇਹ ਮੈਨੂੰ ਲਗਦਾ ਸੀ ਪਰ ਇਹ ਨਹੀਂ ਸੀ ਪਤਾ ਕਿ ਮੈਂ ਠੀਕ ਹਾਂ ਜਾਂ ਗ਼ਲਤ। ਇਹ ਵਿਆਹ ਮਹਿਜ਼ ਤਿੰਨ ਹਫ਼ਤੇ ਤਕ ਚੱਲਿਆ। ਉਹਦੇ ਮਾਪਿਆਂ ਨੇ ਕਿਹਾ ਕਿ ਸਾਡੀ ਧੀ ਇੱਥੇ ਖ਼ੁਸ਼ ਨਹੀਂ ਰਹਿ ਸਕਦੀ ਤੇ ਉਨ੍ਹਾਂ ਨੇ ਇਹ ਸਿਲਸਿਲਾ ਖ਼ਤਮ ਕਰ ਦਿੱਤਾ। ਸਾਡਾ ਤਲਾਕ ਹੋ ਗਿਆ।
ਇਸ ਤੋਂ ਕੋਈ ਢਾਈ ਕੁ ਸਾਲ ਬਾਅਦ ਮੈਂ ਇਕ ਖ਼ਾਤੂਨ ਨੂੰ ਦੇਖਿਆ ਤੇ ਮੈਨੂੰ ਲੱਗਾ ਕਿ ਜੇਕਰ ਇਸ ਨਾਲ ਸ਼ਾਦੀ ਹੋ ਜਾਏ ਤਾਂ ਵਾਹ ਵਾਹ ਹੋ ਜਾਏ। ਮੈਂ ਆਪਣੀ ਮਾਂ ਨਾਲ ਗੱਲ ਸਾਂਝੀ ਕੀਤੀ…ਜ਼ਾਹਰ ਹੈ ਉਹਨੂੰ ਤਾਂ ਚਾਹੀਦਾ ਹੀ ਕੁੱਝ ਨਹੀਂ ਸੀ ਇਸ ਤੋਂ ਇਲਾਵਾ…ਤੇ ਇਹ ਵੀ ਕੋਈ ਪਰਿਵਾਰਕ ਸਾਂਝ ਵਿਚੋਂ ਹੀ ਸੀ… ਇਕ ਨਿਕਾਹ ਵਿਚ ਅਸੀਂ ਮਿਲੇ ਸਾਂ…ਉਹਨੇ ਜਿਸ ਤਰ੍ਹਾਂ ਮੇਰੇ ਘਰਦਿਆਂ ਦੀ ਖਿਦਮਤ ਕੀਤੀ…ਦੇਖਣ ਨੂੰ ਵੀ ਉਹ ਸੋਹਣੀ ਸੀ…ਮੈਂ ਇਹ ਸਭ ਦੇਖ ਕੇ ਪ੍ਰਭਾਵਤ ਹੋਇਆ ਤੇ ਘਰਦਿਆਂ ਨੂੰ ਸਿਲਸਿਲਾ ਚਲਾਉਣ ਲਈ ਕਿਹਾ…ਖ਼ੈਰ, ਸਾਡਾ ਵਿਆਹ ਹੋ ਗਿਆ। ਪਰ ਇਹ ਵਿਆਹ ਮੈਂ ਸਿਰਫ਼ 13 ਯਾ 14 ਮਹੀਨੇ ਚਲਾ ਸਕਿਆ। ਮੇਰੀ ਬੇਟੀ ਪੈਦਾ ਹੋਈ…ਉਸ ਤੋਂ ਕੋਈ ਦੋ ਮਹੀਨੇ ਬਾਅਦ ਅਸੀਂ ਵੱਖ ਰਹਿਣ ਲੱਗੇ। ਵੱਖ ਹੋਣ ਤੋਂ ਸਾਲ-ਛੇ ਮਹੀਨੇ ਬਾਅਦ ਉਨ੍ਹਾਂ ਕਿਹਾ ਕਿ ਯਾ ਤਾਂ ਤੁਸੀਂ ਇਸ ਨੂੰ ਵਾਪਸ ਬੁਲਾ ਲਓ ਨਹੀਂ ਤਾਂ ਤਲਾਕ ਦੇ ਦਿਓ। ਪਰ ਮੈਂ ਇਸ ਸਿਲਸਿਲੇ ਨੂੰ ਖਿੱਚ ਰਿਹਾ ਸਾਂ ਕਿ ਸ਼ਾਇਦ ਮੈਂ ਆਪਣੇ ਹਾਲਾਤ ਠੀਕ ਕਰ ਲਵਾਂ…ਸ਼ਾਇਦ ਮੈਂ ਆਪਣੇ ਆਪ ਨੂੰ ਠੀਕ ਕਰ ਲਵਾਂ…ਯਾ ਉਸ ਖ਼ਾਤੂਨ ਤੋਂ ਮੈਨੂੰ ਜਿਹੜੀਆਂ ਸ਼ਿਕਾਇਤਾਂ ਨੇ ਉਹ ਦੂਰ ਕਰ ਲਵੇ…ਬਦਕਿਸਮਤੀ ਦੇ ਨਾਲ ਇਹ ਨਹੀਂ ਹੋਇਆ। ਉਨ੍ਹਾਂ ਜ਼ੋਰ ਪਾਇਆ ਕਿ ਜਲਦੀ ਤਲਾਕ ਦਿਓ ਕਿਉਂਕਿ ਸਾਨੂੰ ਇਕ ਹੋਰ ਰਿਸ਼ਤਾ ਮਿਲ ਰਿਹੈ ਜੇ ਦੇਰੀ ਕੀਤੀ ਤਾਂ ਸਾਡੇ ਕੋਲੋਂ ਉਹ ਰਿਸ਼ਤਾ ਚਲਾ ਜਾਵੇਗਾ। ਫੇਰ ਮੇਰੇ ਭਰਾਵਾਂ ਨੇ ਕਿਹਾ ਕਿ ਭਾਈ ਸਾਹਿਬ ਅਗਰ ਤੁਸੀਂ ਇੱਕਠੇ ਰਹਿਣਾ ਹੈ ਤਾਂ ਮਾਮਲਾ ਖ਼ਤਮ ਕਰੋ ਔਰ ਅਗਰ ਤੁਸੀਂ ਨਹੀਂ ਰਹਿ ਸਕਦੇ ਤਾਂ ਮਾਮਲੇ ਨੂੰ ਜ਼ਿਆਦਾ ਨਾ ਖਿੱਚੋ। ਸੋ, ਸਾਡਾ ਤਲਾਕ ਹੋ ਗਿਆ…ਉਸ ਖ਼ਾਤੂਨ ਦੀ ਦੂਸਰੀ ਜਗ੍ਹਾ ਸ਼ਾਦੀ ਹੋ ਗਈ। ਉਹ ਖ਼ਾਤੂਨ ਜਾਣ ਵੇਲੇ ਆਪਣੀ ਬੇਟੀ ਨਾਲ ਲੈ ਗਈææ ਉਸ ਤੋਂ ਬਾਅਦ ਜਿੱਥੇ ਜਿੱਥੇ ਮੈਨੂੰ ਪਤਾ ਚੱਲੇ ਕਿ ਉਹ ਫਲਾਣੇ ਫਲਾਣੇ ਸਕੂਲ ਵਿਚ ਵੇ…ਉਥੋਂ ਉਹਨੂੰ ਕੱਢ ਲਿਆ ਜਾਂਦਾ ਸੀ…ਮੈਂ ਆਪਣੀ ਧੀ ਨੂੰ ਵੀਹ ਵਰ੍ਹਿਆਂ ਮਗਰੋਂ ਦੇਖਿਆ। ਵੀਹ ਸਾਲ ਬਾਅਦ ਵੀ ਮੈਂ ਉਹਨੂੰ ਕਿਵੇਂ ਮਿਲਿਆ…ਕਿ ਮੇਰਾ ਜਿਹੜਾ ਵੱਡਾ ਭਾਈ ਸੀ…ਉਹਨੇ ਕਿਸੇ ਤਰ੍ਹਾਂ ਉਸ ਪਰਿਵਾਰ ਨਾਲ ਰਾਬਤਾ ਰੱਖਿਆ…ਦਰਅਸਲ, ਜਿਸ ਵਕਤ ਮੇਰੀ ਧੀ ਪੈਦਾ ਹੋਈ ਸੀ…ਮੇਰੇ ਭਾਈ ਨੇ ਕਿਹਾ ਸੀ ਕਿ ਇਹਨੂੰ ਮੈਂ ਆਪਣੀ ਨੂੰਹ ਬਣਾਵਾਂਗਾ। ਜ਼ਾਹਰ ਹੈ ਉਹ ਉਦੋਂ ਇਕ-ਦੋ ਮਹੀਨੇ ਦੀ ਸੀ…ਔਰ ਮੈਂ ਤਾਂ ਇਸ ਗੱਲ ਨੂੰ ਭੁਲ-ਭਲਾ ਗਿਆ ਸਾਂ…ਉਹਨੇ ਕਿਧਰੇ ਦਿਮਾਗ਼ ਵਿਚ ਰੱਖੀ ਤੇ ਫੇਰ ਉਹਨੇ ਉਸ ਖ਼ਾਤੂਨ ਨਾਲ ਸਿਲਸਿਲੇ ਬਣਾ ਕੇ ਕਿਸੀ ਤਰ੍ਹਾਂ ਰਿਸ਼ਤਾ ਲੈ ਲਿਆ…ਤੇ ਜਿਸ ਵੇਲੇ ਉਹ ਨਿਕਾਹ ਹੋਇਆ ਤਾਂ ਮੈਂ ਉਸ ਵੇਲੇ ਆਪਣੀ ਧੀ ਨੂੰ ਦੇਖਿਆ…। ਤੇ ਮਾਸ਼ਾਅੱਲਾ ਹੁਣ ਬਹੁਤ ਅੱਛੇ ਸਬੰਧ ਨੇ…ਮੈਂ ਜਦੋਂ ਵੀ ਜਾਨਾ ਵਾਂ…ਆ ਜਾਂਦੀ ਐ ਮੇਰੇ ਕੋਲ਼ææਇਸਲਾਮਾਬਾਦ ਵੀ ਆ ਜਾਂਦੀ ਐ ਕਈ ਵਾਰੀ…ਉਹਦੇ ਤਿੰਨ ਬੱਚੇ ਨੇ ਤੇ ਉਹ ਬਹੁਤ ਖ਼ੁਸ਼ ਐ…ਸੁਖੀ ਐ…ਮਜ਼ੇ ਵਿਚ ਐ। ਮੇਰੇ ਭਾਈ ਦਾ ਇੰਤਕਾਲ ਹੋ ਗਿਆ ਪਰ ਉਹਨੇ ਬਹੁਤ ਮੁਹੱਬਤ ਦਿੱਤੀ ਮੇਰੀ ਧੀ ਨੂੰ…ਬੇਪਨਾਹ ਮੁਹੱਬਤ। ਬਲਕਿ ਸ਼ਾਇਦ ਉਸੇ ਦੀਆਂ ਕੋਸ਼ਿਸ਼ਾਂ ਸਨ ਕਿ ਉਹ ਉਸ ਘਰ ਵਿਚ ਆਈ…ਯਾਨੀ ਮੇਰੀ ਧੀ ਨੂੰ ਘਰ ਵਾਪਸ ਲਿਆਉਣ ਵਾਲੇ ਮੇਰੇ ਵੱਡੇ ਭਾਈ ਸਨ।
ਖ਼ੈਰ, ਇਸ ਤਲਾਕ ਤੋਂ ਬਾਅਦ ਮੈਂ ਸੋਚਿਆ ਕਿ ਮੈਂ ਉਸ ਤਰ੍ਹਾਂ ਦਾ ਵਿਅਕਤੀ ਨਹੀਂ ਹਾਂ ਜੋ ਇਸ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰੇ। ਮੈਂ ਆਪਣੇ ਆਪ ਨੂੰ ਸਿਆਸਤ ਦੇ ਹਵਾਲੇ ਕਰ ਦਿੱਤਾ…ਔਰ ਲਿਖਣ-ਪੜ੍ਹਨ ਲਈ ਸਮਰਪਤ ਹੋ ਗਿਆ। ਲੋਕੀ ਮੈਨੂੰ ਪੁਛਦੇ ਨੇ ਕਿ ਤੇਰੀਆਂ ਏਨੀਆਂ ਕਿਤਾਬਾਂ ਕਿਵੇਂ ਨੇ…ਜ਼ਾਹਰ ਐ ਮੈਂ ਹੋਰ ਕੁਝ ਕੀਤਾ ਹੀ ਨਹੀਂ ਜ਼ਿੰਦਗੀ ਵਿਚ ਸਿਵਾਏ ਲਿਖਣ-ਪੜ੍ਹਨ ਦੇ ਯਾ ਮੈਂ ਫੇਰ ਸਿਆਸਤ ਵਿਚ ਰਿਹਾ…ਸਿਆਸਤ ਵਿਚ ਵੀ ਮੇਰਾ ਜ਼ਿਆਦਾ ਕੰਮ ਲਿਖਣ-ਪੜ੍ਹਨ ਦਾ ਹੀ ਰਿਹਾ। ਇਸ ਮਗਰੋਂ ਮੈਂ ਲਿਖਣ-ਪੜ੍ਹਨ ਦੇ ਸਿਵਾਏ ਰੁਮਾਂਸ ਦੀ ਹੋਰ ਕੋਈ ਚੀਜ਼ ਨਹੀਂ ਕੀਤੀ।
ਕੰਮ ਨਾਲ ਕਮਿਟਮੈਂਟ ਹੀ ਇਸ਼ਕ
ਹੁਣ : ਸਲੀਮ ਸਾਹਿਬ, ਤੁਸੀਂ ਮੁਹੱਬਤ ਅਤੇ ਵਿਆਹ ਦੇ ਮਾਮਲੇ ਵਿਚ ਖੁਦ ਨੂੰ ਪੂਰੀ ਤਰ੍ਹਾਂ ਫਲਾਪ ਆਖ ਰਹੇ ਹੋ, ਨੁਕਸ ਕਿਥੇ ਐ?
ਅਹਿਮਦ ਸਲੀਮ : ਹਾ…ਹਾ…ਅਸਲ ‘ਚ ਬਹੁਤੇ ਮਾਮਲਿਆਂ ਵਿਚ ਮੈਂ ਐਕਸਟਰੀਮਿਸਟ ਆਂ…ਮਸਲਨ ਹੁਣ ਤੁਸੀਂ ਮੈਨੂੰ ਕਹੋ ਨਾ ਕਿ ਫਲਾਣੀ ਜਗ੍ਹਾ ‘ਤੇ ਫਲਾਣੀ ਕਿਤਾਬ ਮਿਲ ਜਾਏਗੀ…ਪੰਝੀ ਕਿਲੋਮੀਟਰ ਟਰੈਵਲ ਕਰਕੇ ਵੀ ਮੈਂ ਉਥੇ ਪਹੁੰਚ ਜਾਵਾਂਗਾ…ਉਸ ਕਿਤਾਬ ਦੀ ਕਰੇਜ਼ ਵਿਚ ਮੈਂ ਸਭ ਕੁਝ ਛੱਡ ਦਿਆਂਗਾ…। ਆਹ ਜਿਹੜਾ ਮੇਰਾ ਅਟੈਚੀ ਵੇ…ਤੁਸੀਂ ਇਸ ਨੂੰ ਇਕ ਹੱਥ ਨਾਲ ਨਹੀਂ ਚੁੱਕ ਸਕਦੇ…ਇਹ 30 ਕਿਲੋ ਵਜ਼ਨੀ ਐ…ਇਸ ਤੋਂ ਬਾਅਦ ਇਕ ਹੋਰ ਅਟੈਚੀ ਹੈ…ਬੈਗਜ਼ ਹਨ…ਔਰ ਮੈਂ ਵਾਹਗਾ ਪਾਰ ਕਰਨਾ ਹੈ ਪੈਦਲ਼ææਮਤਲਬ ਮੈਂ ਇਸ ਤਰ੍ਹਾਂ ਦਾ ਆਦਮੀ ਆਂ ਕਿ ਜਿਸ ਚੀਜ਼ ਨਾਲ ਇਸ਼ਕ ਵੇ…ਫੇਰ ਕੋਈ ਭਾਰ ਨਹੀਂ। ਇਕ ਤਾਂ ਇਹ ਮਸਲਾ ਵੇ…ਦੂਜਾ ਸਿਆਸਤ ਨਾਲ ਮੇਰੀ ਬਹੁਤ ਸਾਂਝ ਰਹੀ ਏ…ਮੈਂ ਇਸ ਤੋਂ ਕਦੇ ਨਹੀਂ ਪਰਤਿਆ…ਕੈਦ  ਹੋਣ ‘ਤੇ ਵੀ ਆਪਣੇ ਸਟੈਂਡ ਤੋਂ ਕਦੇ ਨਹੀਂ ਪਿਛੇ ਹਟਿਆ…ਤੁਸੀਂ ਇਸ ਨੂੰ ਜ਼ਿੱਦ ਕਹਿ ਲਓ… ਇਸ ਨੂੰ ਕੱਟੜਤਾ ਕਹਿ ਲਓ…ਕਿ ’90 ਤੋਂ ਬਾਅਦ ਵੀ ਮੇਰੇ ਵਾਸਤੇ ਸਮਾਜਵਾਦ ਯਾ ਮਾਰਕਸਵਾਦ ਦਾ ਫ਼ਲਸਫ਼ਾ…ਨਜ਼ਰੀਆ…ਉਤਨਾ ਹੀ ਪਵਿੱਤਰ ਔਰ ਸੱਚਾ ਹੈ। ਮੈਂ ਸਮਝਨਾ ਅਫ਼ਸਰਸ਼ਾਹੀ ਦੀਆਂ ਜਿਹੜੀਆਂ ਗ਼ਲਤੀਆਂ ਨੇ…ਉਹਦੇ ਨਾਲ ਕਿਸੇ ਨਜ਼ਰੀਏ ਨੂੰ ਗ਼ਲਤ ਸਾਬਤ ਨਹੀਂ ਕਰਨਾ ਚਾਹੁੰਦਾ…।
ਮੇਰੀਆਂ ਇਨ੍ਹਾਂ ਗੱਲਾਂ ਨੇ ਮੇਰੇ ਨਿੱਜੀ ਜੀਵਨ ਨੂੰ ਇਕਸਾਰ ਨਹੀਂ ਹੋਣ ਦਿੱਤਾ। ਹੁਣ ਕੋਈ ਬੀਵੀ ਆ ਕੇ…ਜਿਹੜੀ ਤੁਹਾਨੂੰ ਬਹੁਤ ਅਜ਼ੀਜ਼ ਵੀ ਹੋਵੇ ਪਰ ਉਹ ਤੁਹਾਡੀਆਂ ਕਿਤਾਬਾਂ ਚੁੱਕ ਕੇ ਸੁੱਟ ਦੇਵੇ ਯਾ ਗਾਇਬ ਕਰ ਦੇਵੇ…ਤੁਹਾਡੇ ਲਿਖਣ-ਪੜ੍ਹਨ ਦਾ ਰੌਲਾ ਮੁੱਕ ਜਾਏ…ਤਾਂ ਕੀ ਬਣੇਗਾ? ਇਕ ਵੇਰਾਂ ਮੈਂ ਕੋਈ ਕੰਮ ਕਰ ਰਿਹਾ ਸਾਂ ਤੇ ਘਰੋਂ ਚਲਾ ਗਿਆ…ਤੇ ਕਿਹਾ ਕਿ ਚਾਰ ਦਿਨ ਬਾਅਦ ਘਰ ਆਵਾਂਗਾ…ਮੇਰੀ ਇਹੀ ਧੀ…ਮਸਾਂ ਇਕ ਮਹੀਨੇ ਦੀ ਸੀ…ਸ਼ਦੀਦ ਬਿਮਾਰ ਹੋਈ…ਇਤਨੀ ਜ਼ਿਆਦਾ ਕਿ 104 ਟੈਂਪਰੇਚਰ ਚਲਾ ਗਿਆ…ਔਰ ਉਹਦੇ ਬਾਰੇ ‘ਚ ਮੈਨੂੰ ਇਤਲਾਹ ਦਿੱਤੀ ਗਈ ਕਿ ਸ਼ਾਇਦ ਉਹ ਜ਼ਿੰਦਾ ਨਾ ਬਚੇ…ਜਿਸ ਵੇਲੇ ਮੈਂ ਜ਼ਿੰਦਾ ਨਾ ਬਚਣ ਦੀ ਗੱਲ ਸੁਣੀ…ਮੈਂ ਕੰਮ ਛੱਡ ਕੇ ਆਇਆ ਕਿਉਂਕਿ ਧੀ ਮੈਨੂੰ ਪਿਆਰੀ ਸੀ…ਲੇਕਿਨ ਉਹ ਕੰਮ ਫੇਰ ਵੀ ਮੈਂ ਮੁਕੰਮਲ ਕੀਤਾ…। ਇਹ ਜ਼ਿੱਦ ਦਾ ਨਹੀਂ…ਕਮਿਟਮੈਂਟ ਦਾ ਮਸਲਾ ਐ…।
ਮੈਂ ਕਰਾਚੀ ਦੇ ਵਿਚ ਅਖ਼ਬਾਰ ਦਾ ਕੰਮ ਕਰਦਾ ਸਾਂ…ਅਖ਼ਬਾਰ ਦਾ ਹੁਣ ਸਮਾਂ ਮਿਥਿਆ ਹੁੰਦੈ…ਮੈਂ ਜੋ ਕੰਮ ਕਰ ਰਿਹਾ ਸਾਂ ਉਹ ਅਗਲੇ ਦਿਨ ਪਹੁੰਚਾਉਣਾ ਸੀ…ਤੇ ਮੇਰੀ ਮਾਂ ਨੇ ਕਿਹਾ ਕਿ ਪੁੱਤਰ ਮੇਰਾ ਬਲੱਡ ਪ੍ਰੈਸ਼ਰ ਹਾਈ ਹੋ ਰਿਹੈ ਤੇ ਮੈਨੂੰ ਚੈੱਕਅਪ ਵਾਸਤੇ ਲੈ ਚੱਲ਼ææਉਨ੍ਹਾਂ ਨੂੰ ਮੈਂ ਟੈਕਸੀ ‘ਚ ਬਿਠਾਇਆ…ਮੇਰੇ ਮੋਢੇ ‘ਤੇ ਉਨ੍ਹਾਂ ਦਾ ਸਿਰ ਵੇ…ਅਚਾਨਕ ਮੈਨੂੰ ਲੱਗਾ ਕਿ ਹਾਲਾਤ ਜ਼ਿਆਦਾ ਖ਼ਰਾਬ ਹੋ ਰਹੀ ਐ…ਮੈਨੂੰ ਸ਼ੱਕ ਪਿਆ ਕਿ ਉਸ ਦੌਰਾਨ ਹਾਰਟ ਅਟੈਕ ਵੀ ਹੋਇਆ…ਕਰਾਚੀ ‘ਚ ਉਨ੍ਹੀਂ ਦਿਨੀਂ ਕਰਫਿਊ ਲੱਗਾ ਹੋਇਆ ਸੀ…ਕਦਮ ਕਦਮ ‘ਤੇ ਸਾਨੂੰ ਰੋਕ ਵੀ ਰਹੇ ਸਨ…ਅਸੀਂ ਜਿਸ ਵੇਲੇ ਹਸਪਤਾਲ ਪਹੁੰਚੇ ਤਾਂ ਡਾਕਟਰ ਨੇ ਕਿਹਾ ਕਿ ਦਸ ਮਿੰਟ ਪਹਿਲਾਂ ਉਹ ਪੂਰੇ ਹੋ ਗਏ…। ਮੈਂ ਇਸ ਵਾਕਿਆਤ ਬਾਰੇ ਬਹੁਤ ਲਿਖਿਆ ਵੀ…ਮੈਂ ਅੱਜ ਤਕ ਨਹੀਂ ਸਮਝ ਸਕਿਆ ਕਿ ਜ਼ਿੰਦਗੀ ਔਰ ਮੌਤ ਵਿਚਾਲੇ ਉਹ ਵਕਫ਼ਾ ਕਿਹੜਾ ਸੀ…ਉਹ ਕਿਹੜਾ ਪਲ ਸੀ ਜਦੋਂ ਉਹਨੇ ਮੇਰੇ ਕੰਧੇ ‘ਤੇ ਜਾਨ ਦਿੱਤੀ। ਉਧਰ ਮਾਹੌਲ ਖ਼ਰਾਬ ਹੋਵੇ…ਸ਼ਹਿਰ ‘ਚ ਕਰਫਿਊ ਲੱਗਿਐ ਤੇ ਵਾਲਿਦ ਸਾਹਿਬ ਕਹਿ ਰਹੇ ਨੇ ਕਿ ਤੂੰ ਦੇਹ ਲਾਹੌਰ ਲੈ ਕੇ ਆ…ਇਹ ਮੁਸ਼ਕਲ ਵੀ ਮਨ ‘ਚ ਘੁੰਮ ਰਹੀ ਏ…ਅਖ਼ਬਾਰ ਦਾ ਮਸਲਾ ਵੀ ਦਿਮਾਗ਼ ਵਿਚ ਏ…ਤੁਸੀਂ ਯਕੀਨ ਕਰ ਸਕਦੇ ਓ ਕਿ ਜਿਸ ਮਾਂ ਨੇ ਮੈਨੂੰ ਇਸ ਹਾਲ ਤਕ ਪਹੁੰਚਾਇਆ…ਜਿਸ ਨੇ ਮੈਨੂੰ ਪਾਲਿਆ…ਵੱਡਾ ਕੀਤਾ…ਉਹਦੀ ਮ੍ਰਿਤਕ ਦੇਹ ਕਮਰੇ ਵਿਚ ਪਈ ਏ…ਤੇ ਮੈਂ ਕਮਰੇ ਨੂੰ ਬੰਦ ਕਰਕੇ ਦੋ ਘੰਟੇ  ਵਿਚ ਆਪਣਾ ਲੇਖ ਲਿਖਿਆ… ਅਖ਼ਬਾਰ ਨੂੰ ਪਹੁੰਚਾਇਆ…। ਅਗਲੇ ਦਿਨ ਜਦੋਂ ਖ਼ਬਰ ਛਪੀ ਤਾਂ ਉਹ ਸੰਪਾਦਕ ਮੇਰੇ ਕੋਲੋਂ ਮਾਫ਼ੀ ਮੰਗਣ ਆਇਆ ਕਿ ਜਨਾਬ ਤੁਸੀਂ ਕਹਿ ਦਿੰਦੇ ਕਿ ਤੁਹਾਡੇ ਮਾਤਾ ਜੀ ਦਾ ਇੰਤਕਾਲ ਹੋ ਗਿਐ…। ਮੈਂ ਕਿਹਾ, ‘ਨਹੀਂ, ਮੈਂ ਇਹ ਸਿੱਖਿਆ ਨਹੀਂ ਹੈ।’
ਮੇਰੀ ਇਸੇ ਕਮਿਟਮੈਂਟ ਕਰਕੇ ਮੈਨੂੰ ਕੰਮ ਬਹੁਤ ਜ਼ਿਆਦਾ  ਮਿਲਦੈ…ਮੈਂ ਜਿਉਂਦਾ ਇਸ  ਆਸਰੇ ਹਾਂ…ਕਿਉਂਕਿ ਮੇਰੇ ਪਾਕਿਸਤਾਨ ਦੇ ਵਿਚ ਖ਼ਰਚੇ ਨੇ ਡੇਢ ਤੋਂ ਦੋ ਲੱਖ ਰੁਪਏ…ਇਕ ਲੱਖ ਤੇ ਮੇਰੀ ਤਨਖ਼ਾਹ ਹੋ ਗਈ…ਬਾਕੀ ਮੈਂ ਚਾਰ-ਪੰਜ ਘੰਟੇ ਮਿਹਨਤ ਮਜ਼ਦੂਰੀ ਕਰਦਾ ਆਂ ਰੋਜ਼। ਮੇਰੀ ਜਿਹੜੀ ਲਾਇਬਰੇਰੀ ਵੇ…ਉਹ ਵੱਖਰੇ ਘਰ ਵਿਚ ਏ…ਉਹ ਮੈਂ ਕਿਰਾਏ ‘ਤੇ ਲਿਆ ਹੋਇਐ…ਉਹਦਾ 40,000 ਰੁਪਏ ਮਹੀਨਾ ਕਿਰਾਇਆ ਵੇ…ਉਹ ਵੀ ਮੈਂ ਅਦਾ ਕਰਨੈ…ਲਾਹੌਰ ਦਾ ਘਰ ਵੀ ਮੈਂ ਛੱਡਿਆ ਨਹੀਂ…ਉਹਦਾ ਵੀ ਕਿਰਾਇਆ ਮੈਂ ਅਦਾ ਕਰਨਾ ਵਾਂ…ਕਿਉਂਕਿ ਮੈਂ ਜਦੋਂ ਵੀ ਜਾਨਾਂ ਉਸੇ ਘਰ ਵਿਚ ਠਹਿਰਨਾ ਹੁੰਦੈ…ਸੋ ਵਾਧੂ ਕੰਮ ਕਰ ਕਰਕੇ ਮੈਂ ਅਦਾ ਕਰਨਾ ਵਾਂ। ਫੇਰ ਕੋਈ ਜਿੰਨੀ ਮਰਜ਼ੀ ਕਿਤਾਬ ਮਹਿੰਗੀ ਹੋਵੇ, ਉਹਦੇ ਲਈ ਮੈਂ ਕੋਈ ਸਮਝੌਤਾ ਨਹੀਂ ਕਰਦਾ। ਮੇਰੇ ਬਾਰੇ ਇਹ ਕੋਈ ਯਕੀਨ ਵੀ ਨਹੀਂ ਕਰੇਗਾ ਕਿਉਂਕਿ ਮੇਰੇ ਬਾਰੇ ਕਿਹਾ ਜਾਂਦੈ ਕਿ ਡਾਲਰ ਕਮਾ ਕਮਾ ਕੇ ਇਹਨੇ ਲੁੱਟ ਖਾਧੈ ਸਾਰੀ ਦੁਨੀਆ ਨੂੰ…ਪਤਾ ਨਹੀਂ ਪੈਸੇ ਕਿੱਧਰ ਖਰਚ ਕਰਦੈ…ਬੜਾ ਕੁਝ ਕਿਹਾ ਜਾਂਦੈ ਪਰ ਮੈਂ ਜਵਾਬ ਨਹੀਂ ਦਿੰਦਾ ਕਿਸੇ ਚੀਜ਼ ਦਾ। ਖ਼ੈਰ, ਇਹ ਗੈਰਮੁਤਲਕਾ ਚੀਜ਼ਾਂ ਨੇ ਬਹੁਤ।
ਇਹੀ ਮੇਰਾ ਇਸ਼ਕ…ਮੇਰਾ ਜਨੂੰਨ ਐ…ਇਹਨੂੰ ਮੈਂ ਕਮਿਟਮੈਂਟ ਦਾ ਨਾਂ ਦੇਣਾ ਪਸੰਦ ਕਰਾਂਗਾ। ਮਿਸਾਲ ਦੇ ਤੌਰ ‘ਤੇ ਮੇਰੇ ਕੋਈ ਮਿੱਤਰ ਸੱਜਣ ਨੇ…ਕਹਿ ਦੇਣ ਕਿ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਾਸਤੇ ਫਲਾਣੇ ਗ਼ਦਰੀ ਦੀ ਤਸਵੀਰ ਚਾਹੀਦੇ ਏ…ਮੈਂ ਸਭ ਕੰਮ ਛੱਡ ਉਹ ਤਰਜੀਹੀ ਤੌਰ ‘ਤੇ ਕਰਾਂਗਾ। ਗ਼ਦਰੀ ਬਾਬਿਆਂ ਦੀਆਂ ਚੀਜ਼ਾਂ ਆਪ ਲੱਭੀਆਂ…ਦੋ-ਤਿੰਨ ਵਾਰੀ ਮੈਂ ਜਲੰਧਰ ਵੀ ਗਿਆ ਹਾਂ…ਮੇਰੀ ਜ਼ਿੰਦਗੀ ਦੇ ਜੇਕਰ ਤੁਸੀਂ ਬਹੁਤ ਵਿਸਥਾਰ ‘ਚ ਨਾ ਜਾਣਾ ਚਾਹੋ ਤਾਂ ਅੱਧੇ ਸਫ਼ੇ ਵਿਚ ਆ ਜਾਵੇਗੀ…ਕਿਉਂਕਿ ਭਟਕਣ ਨਹੀਂ ਹੈ ਮੇਰੀ ਜ਼ਿੰਦਗੀ ਵਿਚ… ।
ਹੁਣ : ਸਮਕਾਲੀ ਪਾਕਿਸਤਾਨੀ ਪੰਜਾਬੀ ਸ਼ਾਇਰੀ ਬਾਰੇ ਕੁਝ ਦੱਸੋ?
ਅਹਿਮਦ ਸਲੀਮ : ਸਮਕਾਲੀ ਸ਼ਾਇਰੀ ਬਾਰੇ ਗੱਲ ਕਰਨੀ ਇਸ ਲਈ ਔਖੀ ਵੇ…ਕਿਉਂਕਿ ਉਹ ਤੁਹਾਡਾ ਫੌਰੀ ਪ੍ਰਤੀਕਰਮ ਹੁੰਦੈ…। ਇਸ ਸ਼ਾਇਰੀ ਬਾਰੇ ਪੰਜਾਬੀ ‘ਚ ਕੋਈ ਆਲੋਚਨਾ ਨਹੀਂ ਲਿਖੀ ਗਈ। ਹੁਣ ਪੰਜਾਬ ਯੂਨੀਵਰਸਿਟੀ ‘ਚ ਕੈਸਰ ਨਵੀਂ ਨਜ਼ਮ ਬਾਰੇ ਲਿਖ ਰਹੇ ਨੇ…। ਪਿਛਲੇ 8-10 ਵਰ੍ਹਿਆਂ ‘ਚ ਅਫ਼ਜ਼ਲ ਸਾਹਿਰ ਨੂੰ ਪਰੌਮਨੈਂਸ ਮਿਲ ਗਿਐ…ਬਾਬਾ ਨਜਮੀ ਵਾਂਗ ਅਫ਼ਜ਼ਲ ਸਾਹਿਰ ਵੀ ਬਿਹਤਰੀਨ ਕਵੀ ਵੇ…ਲੇਕਿਨ ਅੱਜ ਕੱਲ੍ਹ ਉਹ ਭਾਸ਼ਾ ਕਾਰਕੁਨ ਵੀ ਬਣ ਗਿਐ…ਜਿਵੇਂ 21 ਫਰਵਰੀ ਦੇ ਸਮਾਗਮਾਂ ‘ਚ ਨਾਅਰੇ ਲਾਉਣੇ…ਜਲੂਸ ਕੱਢਣੇ। ਕਾਫ਼ੀਆਂ ਦੇ ਅੰਦਾਜ਼ ‘ਚ ਉਸ ਦੀ ਕਿਤਾਬ ‘ਨਾਲ ਸੱਜਣ ਦੇ ਰਹੀਏ ਵੋ’ ਛਪੀ ਏ। ਇਸ ਤੋਂ ਬਿਨਾਂ ਕੁਝ ਦੇ ਨਾਂ ਅੱਗੇ ਨਹੀਂ ਆ ਸਕੇ। ਸੰਜੀਦਾ ਤੇ ਚਿਰਕਾਲੀ ਸ਼ਾਇਰੀ ਦੀ ਚਰਚਾ ਸਮਾਂ ਪਾ ਕੇ ਹੋ ਸਕਦੀ ਐ। ਪੰਜਾਬੀ ਸ਼ਾਇਰੀ ‘ਚੋਂ ਅਹਿਮਦ ਰਾਹੀ ਤੇ ਨਜਮ ਹੁਸੈਨ ਸੱਯਦ ਦੇ ਨਾਂ ਸਾਡੇ ਨਾਲ ਰਹਿਣਗੇ। ਇਨ੍ਹਾਂ ਤੋਂ ਬਿਨਾਂ ਤੀਜਾ ਨਾਮ ਮੁਸ਼ਤਾਕ ਸੂਫ਼ੀ ਏ।
ਹੁਣ : ਪਾਕਿਸਤਾਨੀ ਪੰਜਾਬੀ ਲੇਖਕਾਵਾਂ ਦੀ ਗੱਲ ਵੀ ਹੋ ਜਾਵੇ?
ਅਹਿਮਦ ਸਲੀਮ : ਮੁਢਲੇ ਦਿਨਾਂ ‘ਚ ਰਿਫ਼ਤ ਨੇ ਕਹਾਣੀ ਲਿਖੀ…ਸਤਨਾਮ ਮਹਿਮੂਦ ਨੇ ਲਿਖਿਆ…ਫਿਰ ਰਸ਼ੀਦਾ ਸਲੀਮ ਮੁਢਲੀਆਂ ਕਵਿਤਰੀਆਂ ‘ਚੋਂ ਨੇ…ਫ਼ਾਤਿਮਾ ਕਹਾਣੀਕਾਰਾਂ ‘ਚੋਂ ਨੇ…1970 ਤੋਂ ਬਾਅਦ ਅਫ਼ਜ਼ਲ ਤੌਸੀਫ਼ ਦਾ ਬਹੁਤ ਨਾਂ ਵੇ…ਫ਼ਰਖ਼ੰਦਾ ਲੋਧੀ ਦਾ ਨਾਂ ਬਹੁਤ ਵੱਡਾ ਵੇ…ਇਕ ਸ਼ਾਹਿਦਾ ਦਿਲਵਾਰ ਵੇ…ਉਸ ਨੇ ਕਹਾਣੀ ਤੇ ਸ਼ਾਇਰੀ ਵਧੀਆ ਲਿਖੀ ਐ। ਪੰਜਾਬੀ ਲਿਖਾਰਨਾਂ ‘ਤੇ ਥੀਸਿਸ ਹੋ ਚੁੱਕੈ। ਸਾਰਾ ਸ਼ਗੁਫ਼ਤਾ ਦੀ ਕਿਤਾਬ ‘ਲੁਕਣਮੀਟੀ’ ਦੀ ਸਾਰੀ ਸ਼ਾਇਰੀ ਸਿੱਧੀ ਪੰਜਾਬੀ ਦੀ ਹੈ…ਉਸ ਦੀ ਬਹੁਤੀ ਸ਼ਾਇਰੀ ਅੰਮ੍ਰਿਤਾ ਪ੍ਰੀਤਮ ਨੇ ਉਰਦੂ ਤੋਂ ਅਨੁਵਾਦ ਕਰਕੇ ਲਿਖੀ ਏ। ‘ਵਾਹਗਾ’ ਮੈਗਜ਼ੀਨ ‘ਚ ਮੈਂ ਉਸ ਬਾਰੇ ਲਿਖਿਆ ਵੇ। ਉਸ ਦੀ ਜ਼ਿੰਦਗੀ ਦੇ ਅੰਤਿਮ ਵਰ੍ਹਿਆਂ ਦੀਆਂ ਗੱਲਾਂ ਤੋਂ ਉਸ ਦੀ ਜ਼ਿਹਨੀ ਹਾਲਤ ਠੀਕ ਨਹੀਂ ਲਗਦੀ…ਉਹ ਕਹਿੰਦੀ ਸੀ ਕਿ ਮੇਰਾ ਖਾਵੰਦ…ਮੇਰੇ ਬੱਚੇ ਖੋਹ ਕੇ ਲੈ ਗਿਆ ਤੇ ਮੈਂ ਉਨ੍ਹਾਂ ਕੋਲ ਮੀਆਂਵਾਲੀ ਪਹੁੰਚੀ…ਹਵਾਈ ਅੱਡੇ ਤੋਂ ਉਤਰ ਕੇ। ਮੀਆਂਵਾਲੀ ‘ਚ ਹਵਾਈ ਅੱਡਾ ਹੀ ਨਹੀਂ ਸੀ…ਉਹ ਜ਼ਿਹਨੀ ਕੈਫ਼ੀਅਤ ਵਿਚ ਆ ਗਈ ਸੀ…ਉਹ ਸੋਚਦੀ ਸੀ…ਯਾ ਸਮਝਦੀ ਸੀ ਕਿ ਉਹ ਵਾਪਰ ਹੀ ਗਿਐ। ਅੰਮ੍ਰਿਤਾ ਪ੍ਰੀਤਮ ਵੀ ਆਪਣੇ ਖ਼ਤਾਂ ਵਿਚ ਮੈਨੂੰ ਉਸ ਦਾ ਖ਼ਿਆਲ ਰੱਖਣ ਲਈ ਕਹਿੰਦੀ ਸੀ। ਉਸ ਦੇ ਖਾਵੰਦ ਨਾਲ ਵੀ ਸਾਡੇ ਦੂਰ ਦੇ ਸਬੰਧ ਸਨ…ਮੈਂ ਉਸ ਬਾਰੇ ਇਕ ਕਿਤਾਬ ‘ਮੁਰਦਾ ਆਂਖੇਂ ਜ਼ਿੰਦਾ ਹਾਥ’ ਵੀ ਛਾਪੀ ਜੋ ਉਸ ਦੇ ਇਕ ਮਿਸਰੇ ‘ਤੇ ਆਧਾਰਤ ਸੀ…ਇਸ ਵਿਚ ਮੈਂ ਆਪਣੀਆਂ ਯਾਦਾਂ ਤੇ ਮੁਲਾਕਾਤਾਂ ਛਾਪੀਆਂ। ਉਹ ਮੇਰੇ ਬਾਰੇ ਕਹਿੰਦੀ ਸੀ ਕਿ ਇਕ ਤੂੰ ਇਕੱਲਾ ਹੀ ਰਹਿ ਗਿਆਂ ਹੈ ਜਿਸ ‘ਤੇ ਮੈਂ ਅੱਖਾਂ ਬੰਦ ਕਰਕੇ ਇਤਬਾਰ ਕਰ ਸਕਨੀ ਆਂ। ਲੇਕਿਨ ਉਹਦੀ ਮੌਤ ਦਾ ਕਾਰਨ ਮੈਨੂੰ ਬਣਾ ਕੇ ਪੇਸ਼ ਕੀਤਾ ਗਿਆ…ਜਿਹੜੇ ਲੋਕ ਸਾਡੇ ‘ਤੇ ਈਰਖ਼ਾ ਕਰਦੇ ਸਨ, ਉਨ੍ਹਾਂ ਨੇ ਇਹ ਗੱਲਾਂ ਫੈਲਾਈਆਂ…ਮੈਨੂੰ ‘ਡਾਨ’ ਅਖ਼ਬਾਰ ਤੋਂ ਹੁਜ਼ੂਰ ਅਹਿਮਦ ਸ਼ਾਹ ਨੇ ਕਿਹਾ ਕਿ ਸਾਨੂੰ ਉਨ੍ਹਾਂ ਦੀ ਜ਼ਿੰਦਗੀ ਬਾਰੇ ਦੱਸੋ…ਅਸੀਂ ਖ਼ਬਰ ਲਗਾਉਣੀ ਐ। ਉਸ ਦਾ ਆਖ਼ਰੀ ਸਮੇਂ ਦਾ ਦੋਸਤ ਸਈਦ ਮੇਰੀ ਬਹੁਤ ਇੱਜ਼ਤ ਕਰਦਾ ਸੀ…ਜਿਸ ਨੇ ਮੈਨੂੰ ਉਹਦੀਆਂ ਡਾਇਰੀਆਂ ਦੇ ਕੇ ਛਾਪਣ ਲਈ ਕਿਹਾ। ਸਾਰਾ ਸ਼ਗੁਫ਼ਤਾ ਦੀ ਮੌਤ 29 ਸਾਲ 7 ਮਹੀਨੇ ਦੀ ਉਮਰ ‘ਚ ਹੋਈ ਸੀ।
ਗੁਆਚੀ ਜਿੰਦਾਂ ਗਹਿਰੇ ਜ਼ਖ਼ਮ
ਹੁਣ : ਤੁਹਾਡਾ ਗੌਹਰ ਸੁਲਤਾਨਾ ਨਾਲ ਚੰਗਾ ਮੇਲ-ਮਿਲਾਪ ਰਿਹੈ, ਫੇਰ ਉਹਦੀ ਮੌਤ ਹੋਈ ਤਾਂ ਕੁੱਝ ਪ੍ਰੇਸ਼ਾਨੀਆਂ ਵਿਚੋਂ ਤੁਹਾਨੂੰ ਵੀ ਗੁਜ਼ਰਨਾ ਪਿਆ। ਕੀ ਸੀ ਸਾਰਾ ਮਾਮਲਾ?

ਅਹਿਮਦ ਸਲੀਮ : ਸਾਰਾ ਸ਼ਗੁਫ਼ਤਾ ਦੀ ਮੌਤ ਤੋਂ ਬਾਅਦ ਗੌਹਰ ਸੁਲਤਾਨਾ ਉਜ਼ਮਾ ਨਾਲ ਮੇਰੀ ਮੁਲਾਕਾਤ ਹੋਈ। ਉਸ ਦੀ ਆਪਣੇ ਖਾਵੰਦ ਨਾਲ ਅਣਬਨ ਹੋ ਗਈ…। ਮੇਰੀ ਉਮਰ ਚਾਲ੍ਹੀਆਂ ਤੋਂ ਉਪਰ ਸੀ…ਤੇ ਗੌਹਰ ਤੀਹਾਂ ਦੇ ਕਰੀਬ ਸੀ। ਸਾਡੇ ਇਸ ਤਾਅਲੁਕ ‘ਤੇ ਵੀ ਸਵਾਲ ਉਠੇ। ਉਹ ਬਹੁਤ ਖ਼ੂਬਸੂਰਤ ਸੀ ਤੇ ਉਸ ਨੂੰ ਚਾਹੁਣ ਵਾਲਿਆਂ ਦੀ ਮੈਂ ਦੁਸ਼ਮਣੀ ‘ਚ ਆ ਗਿਆ…ਉਸ ਨੇ ਆਪਣੇ ਖਾਵੰਦ ਤੋਂ ਤਲਾਕ ਲੈ ਲਿਆ…ਜਿਸ ਦਾ ਇਲਜ਼ਾਮ ਵੀ ਮੇਰੇ ‘ਤੇ ਆਇਆ। ਉਹ ਬਹੁਤ ਦਲੇਰ ਔਰਤ ਸੀ। ਉਹ ਲਾਹੌਰ ਕਿਰਾਏ ਦੇ ਘਰ ‘ਚ ਰਹਿਣ ਲੱਗੀ ਤਾਂ ਲੈਂਡਲਾਰਡ ਦੇ ਘਰ ਦਾ 17-18 ਸਾਲ ਦਾ ਬੱਚਾ ਉਸ ‘ਤੇ ਰੀਝ ਗਿਆ…ਪਰ ਉਸ ਨੂੰ ਉਹ ਆਪਣੇ ਬੱਚੇ ਵਾਂਗ ਸਮਝਦੀ ਸੀ…ਇਕ ਦਿਨ ਤਨਹਾਈ ‘ਚ ਬੱਚੇ ਨੇ ਉਸ ਨਾਲ ਜਬਰੀ ਕਰਨ ਦੀ ਕੋਸ਼ਿਸ਼ ਕੀਤੀ ਤੇ ਵਿਰੋਧ ਕਰਨ ‘ਤੇ ਦੁੱਪਟੇ ਨਾਲ ਉਸ ਦਾ ਗਲਾ ਦਬਾ ਦਿੱਤਾ…ਉਸ ਦੀ ਮੌਤ ਤੋਂ ਬਾਅਦ ਮੇਰੇ ‘ਤੇ ਕਿਆਮਤ ਟੁੱਟ ਗਈ। ਮੈਂ ਉਸ ਦੇ ਕੇਸ ਦਾ ਮੁੱਦਈ ਬਣ ਗਿਆ…ਮੈਂ ਉਸ ਦੀ ਰਿਪੋਰਟ ਪੁਲੀਸ ਨੂੰ ਕੀਤੀ। ਐਫ਼ਆਈæਆਰ ਤਾਂ ਮਾਂ-ਬਾਪ ਕਟਵਾਉਂਦੇ ਨੇ ਪਰ ਮੈਂ ਮੁੱਦਈ ਬਣ ਗਿਆ। ਬਾਅਦ ਵਿਚ ਉਹ ਮੁੰਡਾ ਫੜਿਆ ਗਿਆ ਤੇ ਉਸ ਨੇ ਆਪਣਾ ਜੁਰਮ ਇਕਬਾਲ ਵੀ ਕਰ ਲਿਆ। ਲੜਕੇ ਦੇ ਮਾਂ-ਪਿਓ ਕਹਿਣ ਕਿ ਸਲੀਮ ਕਿਉਂ ਮੁੱਦਈ ਵੇ? ਇਹਦਾ ਕੀ ਰਿਸ਼ਤਾ ਐ? ਉਸ ਦਾ ਖਾਵੰਦ ਵੀ ਮੇਰੇ ਖ਼ਿਲਾਫ਼ ਜ਼ਹਿਰ ਉਗਲ ਰਿਹਾ ਸੀ…ਮੈਨੂੰ ਹਰ ਪਾਸਿਓਂ ਮੁਕੱਦਮਾ ਵਾਪਸ ਲੈਣ ਦਾ ਦਬਾਅ ਪਾਇਆ ਜਾ ਰਿਹਾ ਸੀ ਤੇ ਮੈਂ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ ਤੇ ਅਦਾਲਤ ਨੂੰ ਫ਼ੈਸਲਾ ਕਰਨ ਲਈ ਕਿਹਾ। ਉਸ ਕਾਰਨ ਰਾਤਾਂ ਨੂੰ ਮੈਨੂੰ ਫ਼ੋਨ ‘ਤੇ ਧਮਕੀਆਂ ਮਿਲਣੀਆਂ। ਉਹ ਮੇਰੇ ਲਈ ਬੜੇ ਔਖੇ ਦਿਨ ਸਨ। ਮੈਂ ਦੋ-ਤਿੰਨ ਸਾਲ ਤਕ ਕਿਸੇ ਔਰਤ ਨਾਲ ਗੱਲ ਹੀ ਨਹੀਂ ਕੀਤੀ…ਜੇ ਕੋਈ ਔਰਤ ਆਉਂਦੀ ਵੀ ਸੀ ਤਾਂ ਮੈਂ ਮਿਲਣ ਤੋਂ ਇਨਕਾਰ ਕਰ ਦਿੰਦਾ…ਗੌਹਰ ਨਾਲ ਵੀ ਮੇਰਾ ਸਾਫ਼ ਸੁਥਰਾ ਦੋਸਤਾਨਾ ਤੇ ਲਿਖਣ ਦਾ ਤਾਅਲੁਕ ਸੀ…ਮੇਰੇ ‘ਤੇ ਇਲਜ਼ਾਮ ਲੱਗਾ ਕਿ ਇਹਨੇ ਪਹਿਲਾਂ ਸ਼ਾਰਾ ਸ਼ਗੁਫ਼ਤਾ ਦੀ ਜ਼ਿੰਦਗੀ ਖ਼ਰਾਬ ਕੀਤੀ ਏ ਤੇ ਫਿਰ ਗੌਹਰ ਸੁਲਤਾਨਾ ਉਜ਼ਮਾ ਦੀ ਜ਼ਿੰਦਗੀ ਖ਼ਰਾਬ ਕੀਤੀ ਤੇ ਇਨ੍ਹਾਂ ਦੀਆਂ ਜਾਨਾਂ ਲਈਆਂ। ਇਹ ਮੇਰੇ ‘ਤੇ ਬਹੁਤ ਵੱਡਾ ਪ੍ਰਛਾਵਾਂ ਸੀ। ਮੈਨੂੰ ਮੂੰਹ ਮੰਗੀ ਕੀਮਤ ਬਦਲੇ ਮੁਕੱਦਮਾ ਵਾਪਸ ਲੈਣ ਲਈ ਕਿਹਾ ਗਿਆ…ਉਨ੍ਹਾਂ ਦੇ ਕਿਸੇ ਮੰਤਰੀ ਨਾਲ ਵੀ ਸਬੰਧ ਸਨ। ਜ਼ਿਆ-ਉਲ ਹਕ ਤੇ ਨਵਾਜ਼ ਸ਼ਰੀਫ਼ ਦੀ ਵਜਾਰਤ ‘ਚ ਇਕ ਮੰਤਰੀ ਨਾਲ ਉਨ੍ਹਾਂ ਦੀ ਰਿਸ਼ਤੇਦਾਰੀ ਸੀ। ਫਿਰ ਉਸ ਪਰਿਵਾਰ ਨੇ ਗੌਹਰ ਦੀ ਮਾਂ ਤੇ ਭੈਣ-ਭਰਾਵਾਂ ਕੋਲ ਪਹੁੰਚ ਕੀਤੀ…ਫਿਰ ਉਨ੍ਹਾਂ ਨੇ ਪਾਕਿਸਤਾਨ ਦੇ ਇਸਲਾਮੀ ਕਾਨੂੰਨ, ਜਿਸ ਮੁਤਾਬਕ ਮੁਆਵਜ਼ਾ ਲੈ ਕੇ ਖ਼ੂਨ ਮੁਆਫ਼ ਕੀਤਾ ਜਾ ਸਕਦੈ, ਦਾ ਆਸਰਾ ਲਿਆ। ਉਹ ਕਾਨੂੰਨ ਜ਼ਿਆ-ਉਲ ਹੱਕ ਨੇ ਪਾਸ ਕੀਤਾ ਸੀ…ਇਸ ਇਸਲਾਮੀ ਸ਼ਰੀਅਤ ਦੇ ਕਾਨੂੰਨ ਨੂੰ ‘ਖ਼ੂਨ-ਵਹਾਅ’ ਕਹਿੰਦੇ ਨੇ। ਮੈਨੂੰ ਗੌਹਰ ਦਾ ਭਾਈ ਕਹਿਣ ਲੱਗਾ, ”ਮੈਂ ਕਤਰ ਤੋਂ ਆਇਆ ਵਾਂ…ਮੇਰੀਆਂ ਭੈਣਾਂ ਤੇ ਬੁੱਢੀ ਮਾਂ ਕਿਸ ਦਰ ‘ਤੇ ਧੱਕੇ ਖਾਣਗੀਆਂ ਤੇ ਤੁਸੀਂ ਪਿਛੇ ਹਟ ਜਾਓ।” ਉਸ ਦੇ ਖਾਵੰਦ ਨੇ ਖ਼ੂਨ ਬਦਲੇ ਪੈਸਾ ਵਸੂਲਣ ਦੀ ਗੱਲ ਆਖੀ। ਇਸ ਤਰ੍ਹਾਂ ਉਸ ਦੇ ਵਾਰਸਾਂ ਸਦਕਾ ਮੈਂ ਮੁਕੱਦਮਾ ਵਾਪਸ ਲਿਆ। ਬੱਚੇ ਨੇ ਰਿਹਾਈ ਤੋਂ ਬਾਅਦ ਪਹਿਲਾ ਫ਼ਿਕਰਾ ਇਹ ਕਿਹਾ, ”ਅੱਲਾ ਨੇ ਮੈਨੂੰ ਬੇਕਸੂਰ ਹੋਣ ਦਾ ਇਨਾਮ ਦਿੱਤਾ ਵੇ।” ਇਹ ਵਾਕਿਆ ਮੇਰੀ ਜ਼ਿੰਦਗੀ ‘ਤੇ ਬਹੁਤ ਵੱਡਾ ਪ੍ਰਛਾਵਾਂ ਵੇ। ਫਿਰ ਜਦੋਂ ਸਈਦ ਸਾਹਿਬ ਸ਼ਾਰਾ ਸ਼ਗੁਫ਼ਤਾ ਬਾਰੇ ਕਿਤਾਬ ਲਿਖਵਾ ਰਹੇ ਸਨ ਤਾਂ ਕਿਤਾਬ ਕਰ ਰਹੀ ਪੱਤਰਕਾਰ ਲੜਕੀ ਨੇ ਮੈਨੂੰ ਮਿਲਣ ਦਾ ਸਮਾਂ ਮੰਗਿਆ…ਪਰ ਮੈਂ ਇਕ ਸਾਲ ਤਕ ਉਸ ਨੂੰ ਨਾ ਮਿਲਣ ਦਾ ਕਹਿੰਦਾ ਰਿਹਾ। ਤੇ 1993-94 ਵਿਚ ਮੈਂ ਇਸਲਾਮਾਬਾਦ ਆ ਗਿਆ। ਮੈਂ ਲਾਹੌਰ ਛੱਡਣ ਦਾ ਫ਼ੈਸਲਾ ਕਰ ਲਿਆ। ਮੈਂ ਇੱਥੇ ਆ ਕੇ ਸੰਘਰਸ਼ ਕੀਤਾ…ਛੋਟੀ ਜਿਹੀ ਨੌਕਰੀ ਕੀਤੀ…ਐਸ਼ਡੀæਪੀæਆਈæ ਸੰਸਥਾ ਵਿਚ ਸ਼ਾਮਲ ਹੋਇਆ…ਇਥੇ ਆ ਕੇ ਮੈਂ ਖੋਜ ਸ਼ੁਰੂ ਕੀਤੀ। ਮੈਂ ਜ਼ਾਤੀ ਜ਼ਿੰਦਗੀ ‘ਚ ਸਮਾਜਕ ਤੌਰ ‘ਤੇ ਮਹਿਦੂਦ ਹਾਂ ਪਰ ਹਰੇਕ ਦੌਰ ‘ਚ ਮੈਨੂੰ ਕੋਈ ਨਾ ਕੋਈ ਪਰਿਵਾਰ ਮਿਲਦਾ ਰਿਹਾ…ਜਿਨ੍ਹਾਂ ਨਾਲ ਜੁੜ ਕੇ ਮੈਂ ਜ਼ਿੰਦਗੀ ਗੁਜ਼ਾਰੀ ਵੇ। ਕਰਾਚੀ ‘ਚ ਜਦ ਮੈਂ 1978 ‘ਚ ਗਿਆ ਸਾਂ ਤਾਂ ਉਥੇ ਇਕ ਉਰਦੂ ਬੋਲਦੀ ਲੜਕੀ ਸਿੰਧ ਯੂਨੀਵਰਸਿਟੀ ‘ਚ ਆਉਂਦੀ ਸੀ। ਮੈਂ ਕੰਟੀਨ ‘ਤੇ ਜਦ ਖਾਣਾ ਖਾਂਦਾ ਸਾਂ…ਉਹ ਮੇਰੇ ਸੰਪਰਕ ‘ਚ ਆਈ। ਉਸ ਨੇ ਮੈਨੂੰ ਆਪਣੇ ਘਰ ਰਹਿਣ ਲਈ ਕਿਹਾ, ਜਿੱਥੇ ਮੈਂ 1978 ਤੋਂ 1988 ਤਕ ਰਿਹਾ। ਜੋ ਮੈਂ ਕਮਾਉਂਦਾ ਸਾਂ…ਉਹ ਉਨ੍ਹਾਂ ਦਾ ਹੁੰਦਾ ਸੀ ਤੇ ਜੋ ਉਹ ਕਮਾਉਂਦੇ ਸਨ…ਉਹ ਮੇਰਾ ਸੀ। ਉਨ੍ਹਾਂ ਦੀ ਇਕ ਬੇਟੀ ਟੀæਵੀæ ‘ਚ ਜਾਣ ਦੀ ਇਛੁੱਕ ਸੀ। ਮੇਰਾ ਇਕ ਲੇਖਕ ਦੋਸਤ ਜ਼ਿਆ ਜਲੰਧਰੀ ਟੀæਵੀæ ਦਾ ਐਮæਡੀæ ਬਣ ਗਿਆ। ਉਹਨੇ ਸਾਜ਼ਿਆ ਦੇ ਨਾਂ ਦੀ ਚਿੱਟ ਲਿਖ ਕੇ ਦਿੱਤੀ ਤੇ ਉਹਦੀ ਨੌਕਰੀ ਲੱਗ ਗਈ। ਮੈਨੂੰ ਪਰਿਵਾਰ ਮਿਲ ਗਿਆ। ਫਿਰ ਜਦੋਂ ਮੈਂ ਇਸਲਾਮਾਬਾਦ ਆਇਆ…ਮੇਰਾ ਪਰਿਵਾਰ ਲਾਹੌਰ ਰਹਿ ਗਿਆ।
ਹੁਣ : ਅਹਿਮਦ ਸਲੀਮ ਜੀ ਪਾਕਿਸਤਾਨ ‘ਚ ਪੰਜਾਬੀ ਨਾਟਕ ਤੇ ਥੀਏਟਰ ਦੀ ਕੀ ਸਥਿਤੀ ਹੈ?
ਅਹਿਮਦ ਸਲੀਮ : ਪਾਕਿਸਤਾਨ ਬਣਨ ਤੋਂ ਪਹਿਲਾਂ ਨਾਟਕ ਲਿਖੇ ਜਾਣ ਲੱਗ ਪਏ ਸਨ…ਲਾਹੌਰ ਤੋਂ ਰੇਡੀਓ ਡਰਾਮੇ ਹੋ ਰਹੇ ਸਨ…। ਪਾਕਿਸਤਾਨ ਬਣਨ ਤੋਂ ਬਾਅਦ ਵੀ ਇਹ ਸਿਲਸਿਲਾ ਜਾਰੀ ਰਿਹਾ। ਜੋਸ਼ੂਆ ਫ਼ਜ਼ਲਦੀਨ ਦੀ ਕਿਤਾਬ ਮੁਢਲੇ ਸਾਲਾਂ ਵਿਚ ‘ਦੋ ਡਰਾਮੇ’ ਨਾਂ ਹੇਠ ਛਪੀ। ਉਹ ਰੇਡੀਓ ਡਰਾਮੇ ਨਹੀਂ ਸਨ। ਸੱਜਾਦ ਹੈਦਰ ਨੇ ਬਹੁਤ ਵਧੀਆ ਡਰਾਮੇ ਲਿਖੇ ਜਿਹੜੇ ਬਾਅਦ ‘ਚ ਰੇਡੀਓ ਤੋਂ ਨਸ਼ਰ ਹੋਏ। ਇਨ੍ਹਾਂ ਡਰਾਮਿਆਂ ਦਾ ਸੰਗ੍ਰਹਿ ‘ਹਵਾ ਦੇ ਹਉਕੇ’ ਨਾਂ ਹੇਠ ਛਪਿਆ। ਇਨ੍ਹਾਂ ਮਿਆਰੀ ਡਰਾਮਿਆਂ ਨੂੰ ਬਹੁਤ ਸਰਾਹਿਆ ਗਿਆ। ਕਾਫ਼ੀ ਅੱਗੇ ਜਾ ਕੇ 60ਵੇਂ ਦਹਾਕੇ ‘ਚ ਲੋਕਾਂ ਦੇ ਮਸਲਿਆਂ ਨੂੰ ਪੇਸ਼ ਕਰਦਾ ਨਾਟਕ ਲਿਖਿਆ ਗਿਆ। ਇਸ ਦੌਰ ਦਾ ਪਹਿਲਾ ਨਾਮ ਨਜਮ ਹੁਸੈਨ ਸੱਯਦ ਹੈ…ਉਨ੍ਹਾਂ ਦੀ ਪੰਜਾਬੀ ‘ਚ ਕਿਤਾਬ ‘ਕਾਫ਼ੀਆ’ ਤੇ ਫਿਰ ‘ਚੰਦਨ ਰੁੱਖ ਤੇ ਵਿਹੜਾ’ ਛਪੀ…ਫਿਰ ਉਹ ਡਰਾਮੇ ਵੱਲ ਆਏ। ਉਨ੍ਹਾਂ ਦਾ ਡਰਾਮੇ ‘ਚ ਪਹਿਲਾ ਮਹਾਨ ਕੰਮ ‘ਤਖ਼ਤ ਲਾਹੌਰ’ ਸੀ। ਉਹ ਆਮ ਡਰਾਮਾ ਨਾ ਹੋ ਕੇ ਖ਼ਾਸ ਵਿਚਾਰਧਾਰਾ ਦਾ ਸੀ ਜੋ ਲੋਕਪੱਖੀ ਸੰਘਰਸ਼ ਦੀ ਹਮਾਇਤ ਕਰਦਾ ਸੀ…ਇਸ ਵਿਚ ਪੰਜਾਬੀ ਪਛਾਣ ਦਾ ਮਸਲਾ ਸੀ…ਅਕਬਰ ਦੇ ਰਾਜ ਕਾਲ ਨਾਲ ਸਬੰਧ ਰੱਖਦਾ ਇਹ ਨਾਟਕ ਦੁੱਲੇ ਭੱਟੀ ਦੀ ਬਗ਼ਾਵਤ ਬਾਰੇ ਸੀ…ਦੁੱਲੇ ਭੱਟੀ ਦੇ ਬਾਪ ਨੂੰ ਸੱਤਾ ਨੇ ਫਾਂਸੀ ਲਟਕਾ ਦਿੱਤਾ ਸੀ…ਦੁੱਲੇ ਭੱਟੀ ਨੇ ਮੁਗ਼ਲ ਸੱਤਾ ਦੇ ਖ਼ਾਤਮੇ ਲਈ ਸੱਤਾ ਨਾਲ ਟੱਕਰ ਲਈ…ਕਿਸਾਨਾਂ ਦੀ ਅਗਵਾਈ ਦੀ ਇਹ ਲੜਾਈ ਸਥਾਪਤੀ ਦੇ ਵਿਰੁੱਧ ਸੀ…ਇਸ ਵਿਚ ਸ਼ਾਹ ਹੁਸੈਨ ਇਨਕਲਾਬੀਆਂ ਦਾ ਸਾਥ ਦੇ ਰਿਹਾ ਸੀ…ਜਿਸ ਦਾ ਸਬੂਤ ਫ਼ਾਰਸੀ ਦੀ ਕਿਤਾਬ ‘ਹਕੀਕਤ ਉਲ-ਫ਼ੁਕਰਾ’ ਸੀ…ਜਿਸ ਵਿਚ ਦੁੱਲੇ ਭੱਟੀ ਨੂੰ ਦਿੱਤੀ ਗਈ ਫਾਂਸੀ ਦਾ ਜ਼ਿਕਰ ਵੇ…ਜਿਸ ਵਿਚ ਦਰਜ ਏ ਕਿ ਦੁੱਲੇ ਭੱਟੀ ਨੂੰ ਫਾਂਸੀ ‘ਤੇ ਲਟਕਾਉਣ ਸਮੇਂ ਸ਼ਾਹ ਹੁਸੈਨ ਉਸ ਜਗ੍ਹਾ ਸ਼ਾਮਲ ਸੀ…ਸ਼ਾਹ ਹੁਸੈਨ ਦਾ ਰੋਲ ਹੁਣ ਤਾਰੀਖ਼ੀ ਤੌਰ ‘ਤੇ ਦਰਜ ਵੇ। ਇਸੇ ਆਧਾਰ ‘ਤੇ ਨਜਮ ਹੁਸੈਨ ਨੇ ‘ਤਖ਼ਤ ਲਾਹੌਰ’ ਡਰਾਮਾ ਲਿਖਿਆ…ਇਹ ਡਰਾਮਾ ਬਹੁਤ ਲੰਬਾ ਸੀ…ਕਰੀਬ ਡੇਢ ਦੋ ਘੰਟਿਆਂ ਦਾ…ਇਸ ਨੂੰ ਖੇਡਣ ਲਈ ਬਹੁਤ ਸਮਾਂ ਰਿਹਰਸਲਾਂ ਹੁੰਦੀਆਂ ਰਹੀਆਂ…ਮੈਂ ਉਦੋਂ ਸ਼ਾਹ ਹੁਸੈਨ ਕਾਲਜ ਵਿਚ ਪੰਜਾਬੀ ਐਮæਏæ ਦੀਆਂ ਕਲਾਸਾਂ ਪੜ੍ਹਾਉਂਦਾ ਸਾਂ…ਉਥੇ ਨਜਮ ਹੁਸੈਨ ਸੱਯਦ ਵੀ ਪੜ੍ਹਾਉਂਦੇ ਸਨ ਤੇ ਇਹ ਕਾਲਜ ਪੰਜਾਬੀ ਲਹਿਰ ਦੀ ਪ੍ਰੇਰਨਾ ਲਈ ਥਾਂ ਬਣ ਗਈ ਸੀ। ਇਸ ਨਾਟਕ ਦੀ ਪਹਿਲੀ ਪੇਸ਼ਕਾਰੀ ਦੀ ਮਕਬੂਲੀਅਤ ਬਹੁਤ ਹੋਈ…ਦੋਹਾਂ ਪੰਜਾਬਾਂ ਵਿਚ ਇਸ ਦੀ ਸ਼ੋਹਰਤ ਪਹੁੰਚੀ। ਪੰਜਾਬੀ ਨਾਟਕ ਦੀ ਪਰੰਪਰਾ ਵਿਚ ਇਹ ਮੀਲ-ਪੱਥਰ ਸੀ। ਨਜਮ ਹੁਸੈਨ ਸੱਯਦ ਦੇ ਡਰਾਮਿਆਂ ਨੇ ਇਨਕਲਾਬੀ ਮਸਲਿਆਂ ਨੂੰ ਪੇਸ਼ ਕੀਤਾ ਤੇ ਲੋਕਾਈ ਦਾ ਬਿਰਤਾਂਤ ਸਿਰਜਿਆ। ਫਿਰ ਉਸ ਨੇ ‘ਰਾਵੀ ਦੀ ਰਾਤ’ ਡਰਾਮਾ 1857 ਦੀ ਜੰਗ-ਏ-ਆਜ਼ਾਦੀ ਬਾਰੇ ਲਿਖਿਆ…ਇਸ ਦਾ ਮਤਲਬ ਇਹ ਵੇ ਕਿ ਰਾਵੀ ਦਰਿਆ ਦੇ ਕੰਢੇ ‘ਤੇ ਅਹਿਮਦ ਖਰਲ ਤੇ ਉਸ ਦੇ ਸਾਥੀਆਂ ਨੇ 1857 ਵਿਚ ਅੰਗਰੇਜ਼ਾਂ ਵਿਰੁੱਧ ਯੁੱਧ ਲੜਿਆ ਸੀ। ਇਸ ਦਾ ਜ਼ਿਕਰ ਇਸ ਡਰਾਮੇ ਵਿਚ ਵੇ। ਇਸ ਪਿਛੋਂ ਮੇਜਰ ਇਸਹਾਕ ਮੁਹੰਮਦ ਦੇ ਡਰਾਮੇ ਸਾਹਮਣੇ ਆਉਂਦੇ ਨੇ…ਉਹ ਫ਼ੌਜ ਵਿਚ ਮੇਜਰ ਸਨ। ਫ਼ੈਜ਼ ਅਹਿਮਦ ਫ਼ੈਜ਼ ਤੇ ਉਨ੍ਹਾਂ ਸਮੇਤ ਚੌਦਾਂ-ਪੰਦਰਾਂ ਬੰਦਿਆਂ ਉਪਰ ਸਾਜ਼ਿਸ਼ ਦਾ ਕੇਸ ਚਲਾ ਕੇ ਫੜਿਆ ਗਿਆ…1955 ਵਿਚ ਜਦੋਂ ਉਹ ਜੇਲ੍ਹ ਤੋਂ ਮੇਜਰ ਸਾਰਥ ਰਿਹਾਅ ਹੋਏ ਤਾਂ ਉਹ ਸਮਾਜਕ ਤੇ ਸਭਿਆਚਾਰਕ ਗਤੀਵਿਧੀਆਂ ਵਿਚ ਹਿੱਸਾ ਲੈਣ ਲੱਗੇ…। ਉਸ ਨੇ ਆਪਣੇ ਨਾਟਕ ‘ਮਸੁੱਲੀ’ ਵਿਚ ਹੜੱਪਾ ਦੇ ਸਮੇਂ ਦੀ ਗੱਲ ਤੋਰੀ…ਜਿਸ ਵਿਚ ਹੜੱਪਾ ਦੇ ਤਬਾਹ ਹੋਣ ਤੇ ਆਰੀਆਂ ਦੇ ਹੱਲਿਆਂ ਬਾਰੇ ਦੱਸਿਆ। ਵੀਹਵੀਂ ਸਦੀ ਵਿਚ ਇਸ ਦੀ ਪ੍ਰਸੰਗਕਤਾ ਇਹ ਸੀ ਕਿ ਪੰਜਾਬ ਦੇ ਮਸੁੱਲੀ ਜਾਂ ਮੁਸਲਮਾਨ ਸ਼ੇਖ, ਉਹ ਲੋਕ ਸਨ…ਜਿਨ੍ਹਾਂ ਕੋਲੋਂ ਹੜੱਪਾ ਦੇ ਹੱਲੇ ਸਮੇਂ ਸੱਤਾ ਖੋਹੀ ਗਈ ਸੀ। ਫਿਰ ਪਛਾਣ ਦਾ ਮਸਲਾ ਸੀ ਤੇ ਇਹ ਦੱਸਿਆ ਕਿ ਇਹ ਮਸੁੱਲੀ ਪੰਜਾਬ ਦੇ ਅਸਲ ਹਾਕਮ ਸਨ…ਇਨ੍ਹਾਂ ਨੂੰ ਅੱਜ ਆਪਣੀ ਤਾਕਤ ਦਾ ਮੁਜ਼ਾਹਰਾ ਕਰਨਾ ਚਾਹੀਦਾ ਐ। ਮੇਜਰ ਸਾਹਿਬ ਤੇ ਇਨ੍ਹਾਂ ਦੀ ਇਕ ‘ਮੁਸਲਿਮ ਸ਼ੇਖ਼’ ਜਥੇਬੰਦੀ ਤਿਆਰ ਕੀਤੀ। ‘ਮਸੁੱਲੀ’ ਡਰਾਮੇ ਦਾ ਬਹੁਤ ਵੱਡਾ ਸਿਆਸੀ ਰੋਲ ਵੇ। ‘ਤਖ਼ਤ ਲਾਹੌਰ’ ਡਰਾਮੇ ਤੋਂ ਬਾਅਦ ‘ਮਸੁੱਲੀ’ ਦੂਜਾ ਮੀਲ-ਪੱਧਰ ਏ। ਫਿਰ ਉਸ ਨੇ ਮਿਥਕ ਜਾਨਵਰ ‘ਕੁਕਨਸ’ ਦੇ ਨਾਂ ‘ਤੇ ਨਾਟਕ ਲਿਖਿਆ…ਜਿਸ ਦਾ ਨਾਂ ‘ਕੁਕਨਸ’ ਸੀ…ਇਸ ਡਰਾਮੇ ਨਾਲ ਨਵੀਂ ਗੱਲ ਛਿੜਦੀ ਐ। ਨਜਮ ਹੁਸੈਨ ਅਤੇ ਮੇਜਰ ਦੇ ਡਰਾਮਿਆਂ ਨੇ ਮੀਲ ਪੱਥਰ ਦਾ ਕੰਮ ਕੀਤਾ…ਜਿਸ ਤੋਂ ਨਵੇਂ ਲਿਖਣ ਵਾਲੇ ਲਿਖਾਰੀਆਂ ਨੇ ਇਨ੍ਹਾਂ ਤੋਂ ਬਹੁਤ ਪ੍ਰੇਰਨਾ ਲਈ। ਇਸ ਤੋਂ ਬਾਅਦ ਫ਼ਖ਼ਰ ਜ਼ਮਾਨ ਦਾ ਨਾਵਲ ‘ਬੰਦੀਵਾਨ’…ਜੋ ਭੁੱਟੋ ਦੀ ਫਾਂਸੀ ‘ਤੇ ਆਧਾਰਤ ਸੀ…ਸਾਹਮਣੇ ਆਇਆ…ਉਦੋਂ ਜ਼ਿਆ-ਉਲ ਹੱਕ ਦਾ ਜ਼ੁਲਮ ਅੰਤਾਂ ‘ਤੇ ਪਹੁੰਚਿਆ ਹੋਇਆ ਸੀ…ਉਦੋਂ ਅਸੀਂ ਥੀਏਟਰ ਗਰੁੱਪ ਬਣਾਇਆ ਤੇ ਲਾਹੌਰ ਵਿਚ ਇਸ ਨਾਵਲ ਦਾ ਮੈਂ ਨਾਟਕੀ ਰੂਪਾਂਤਰਣ ਕੀਤਾ ਤੇ ਖੇਡਿਆ…ਫਿਰ ਇਸ ਨੂੰ ਸਾਂਝ ਗਰੁੱਪ ਨੇ ਖੇਡਿਆ। ਸ਼ੌਕਤ ਅਲੀ ਨੇ ਇਸ ਡਰਾਮੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ, ”ਮੇਰੀ ਸਾਰੀ ਸਿਆਸੀ ਹਯਾਤੀ ਇਕ ਪਾਸੇ ਤੇ ‘ਬੰਦੀਵਾਨ’ ਇਕ ਪਾਸੇ।” ਜ਼ਾਹਰਾ ਇਹ ਬਹੁਤ ਵੱਡੀ ਕਾਮਯਾਬੀ ਸੀ। ਇਸ ਪਿਛੋਂ ਇਸੇ ਗਰੁੱਪ ਨੇ ‘ਬੁੱਲ੍ਹੇਸ਼ਾਹ’ (ਕੰਵਲ ਮੁਸ਼ਤਾਕ) ਡਰਾਮਾ ਖੇਡਿਆ…ਇਸ ਡਰਾਮੇ ਵਿਚ ਦੱਸਿਆ ਗਿਆ ਕਿ ਬੁੱਲ੍ਹੇ ਸ਼ਾਹ ਲੁਕ ਕੇ ਕਿਸਾਨਾਂ ਦੇ ਅੰਦੋਲਨ ਦੀ ਮਦਦ ਕਰ ਰਿਹਾ ਐ। ਕਸੂਰ ਵਿਚ ਬੈਠਾ ਵੀ ਉਹ ਕਿਸਾਨਾਂ ਦੀ ਅਗਵਾਈ ਕਰਦਾ ਐ। ਇਸ ਵਿਚ ਬੁੱਲ੍ਹੇ ਸ਼ਾਹ ਕੋਲ ਇਕ ਨੱਚਣ ਵਾਲੀ ਆਉਂਦੀ ਏ ਜੋ ਕਿਸਾਨਾਂ ਤੇ ਬੁੱਲ੍ਹੇ ਸ਼ਾਹ ਦੀਆਂ ਗੱਲਾਂ ਨੂੰ ਇਕ-ਦੂਜੇ ਕੋਲ ਪਹੁੰਚਾਉਂਦੀ ਹੋਈ ਰਾਬਤੇ ਵਜੋਂ ਕੰਮ ਕਰਦੀ ਨਜ਼ਰ ਆਉਂਦੀ ਐ। ਇਸ ਡਰਾਮੇ ਨੇ ਪੰਜਾਬੀ ਡਰਾਮੇ ਨੂੰ ਅੱਗੇ ਵਧਣ ਵਿਚ ਵੱਡਾ ਰੋਲ ਅਦਾ ਕੀਤਾ। ਇਸੇ ਸਮੇਂ ਦੌਰਾਨ ‘ਅਜੋਕਾ ਥੀਏਟਰ’ ਦੇ ਨਾਂ ਤੋਂ ਇਕ ਹੋਰ ਡਰਾਮਾ ਗਰੁੱਪ ਸਾਹਮਣੇ ਆਇਆ…’ਅਜੋਕਾ ਥੀਏਟਰ’ ਵਿਚ ਸ਼ਾਹਿਦ ਨਦੀਮ ਅਤੇ ਮਦੀਹਾ ਗੌਹਰ ਨੇ ਕੰਮ ਕੀਤਾ…ਉਨ੍ਹਾਂ ਦਾ ਪਹਿਲਾ ਡਰਾਮਾ ‘ਖਸਮਾਂ ਖਾਣੀਆਂ’ ਸੀ…ਉਸ ਤੋਂ ਪਿਛੋਂ ਉਨ੍ਹਾਂ ਨੇ ‘ਬੁੱਲ੍ਹਾ’ ਖੇਡਿਆ। ਇਹ ਬਹੁਤ ਵੱਡੇ ਪੱਧਰ ‘ਤੇ ਖੇਡਿਆ ਗਿਆ ਜੋ ਬਹੁਤ ਮਸ਼ਹੂਰ ਹੋਇਆ। ਇਨ੍ਹਾਂ ਡਰਾਮਿਆਂ ਨੇ ਪਾਕਿਸਤਾਨੀ ਪੰਜਾਬੀ ਨਾਟਕ ਨੂੰ ਪਛਾਣ ਦਿੱਤੀ ਐ। ਇਨ੍ਹਾਂ ਤੋਂ ਬਿਨਾਂ ਪਾਕਿਸਤਾਨੀ ਥੀਏਟਰ ਦੀ ਹੋਂਦ ਹੀ ਨਹੀਂ ਮੰਨੀ ਜਾ ਸਕਦੀ। ਫਿਰ ਅਸੀਂ ਇਕ ਦਸਤਕ ਗਰੁੱਪ ਬਣਾਇਆ ਜੋ ਜ਼ਿਆ-ਉਲ ਹੱਕ ਨੂੰ ਸੰਬੋਧਨ ਕਰਨ ਲਈ ਕੰਮ ਕਰ ਰਿਹਾ ਸੀ। ਉਥੇ ਅਸੀਂ ਬ੍ਰੈਖ਼ਤ ਦਾ ਡਰਾਮਾ ਖੇਡ ਕੇ ਜ਼ਿਆ-ਉਲ ਹੱਕ ਨੂੰ ਕਿਹਾ ਕਿ ਅਸੀਂ ਤੇਰੀ ਸਿਆਸਤ ਨਹੀਂ ਮੰਨਦੇ। ਉਥੇ ਹੀ ਮੈਂ ਗੋਰਕੀ ਦੇ ਡਰਾਮੇ ‘ਪੈਟੀ ਬੁਰਜੂæਆ’ ਦਾ ਤਰਜ਼ਮਾ ਕੀਤਾ ਤੇ ਖੇਡਿਆ। ਫਿਰ ਜ਼ਿਆ-ਉਲ ਹੱਕ ਦੇ ਖ਼ਿਲਾਫ਼ ਜਮਹੂਰੀਅਤ ਨੂੰ ਬਰਕਰਾਰ ਰੱਖਣ ਲਈ ਸਿੰਧ ਵਿਚ ਚੱਲੀ ਤਹਿਰੀਕ ਵਿਚ ਹਿੱਸਾ ਲਿਆ ਤੇ ਸਾਹਿਤਕ ਲਿਖਤਾਂ ਦਾ ਇਕ ਸੰਗ੍ਰਹਿ ਛਾਪਿਆ…ਜਿਸ ਵਿਚ ਉਹ ਰਚਨਾਵਾਂ ਸ਼ਾਮਲ ਸਨ ਜੋ ਜ਼ਿਆ-ਉਲ ਹੱਕ ਦੇ ਵਿਰੋਧ ਵਿਚ ਸਨ। ਉਸ ਵਿਚ ਸ਼ਾਮਲ ਇਕ ਕਹਾਣੀ ‘ਅਠਵਾਂ ਆਦਮੀ’ ਦਾ ਮੈਂ ਨਾਟਕੀ ਰੂਪਾਂਤਰਣ ਕੀਤਾ…ਭਾਵੇਂ ਇਹ ਨਾਟਕ ਖੇਡਿਆ ਨਹੀਂ ਗਿਆ। ਇਸ ਪ੍ਰਕਾਰ ਮੇਰਾ ਇਸ ਵਿਚ ਨਿਮਾਣਾ ਹਿੱਸਾ ਵੇ…ਨਜਮ ਹੁਸੈਨ ਸੱਯਦ ਤੇ ਮੇਜਰ ਸਾਹਿਬ ਦੇ ਨਾਂ ਪਾਕਿਸਤਾਨੀ ਪੰਜਾਬੀ ਡਰਾਮੇ ਵਿਚ ਬਹੁਤ ਵੱਡੇ ਨੇ। ਇਨ੍ਹਾਂ ਤੋਂ ਬਿਨਾਂ ਹੋਰ ਵੱਡੇ ਨਾਂ ਸਰਮਦ ਸਹਿਬਾਈ ਦਾ ‘ਤੂੰ ਕੌਣ’ ਅਤੇ ਮੁਨੀਰ ਨਿਆਜ਼ੀ ਦਾ ਡਰਾਮਾ ‘ਕਿੱਸਾ ਦੋ ਭਰਾਵਾਂ ਦਾ’ ਸਨ…ਇਸ ਤੋਂ ਬਿਨਾਂ ਵੀ ਕੁਝ ਕਿਤਾਬੀ ਰੂਪ ਵਿਚ ਵੀ ਡਰਾਮੇ ਛਪੇ ਜਿਵੇਂ ਕਿ ‘ਨਿੰਮਾ ਨਿੰਮਾ ਦੀਵਾ ਬਲੇ’ (ਆਗ਼ਾ ਅਸ਼ਰਫ਼) ਪਰ ਖੇਡੇ ਨਹੀਂ ਗਏ।
ਹੁਣ : ਪਾਕਿਸਤਾਨੀ ਪੰਜਾਬੀ ਆਲੋਚਨਾ ਤੇ ਖੋਜ ਦੀ ਕੀ ਸਥਿਤੀ ਹੈ?
ਅਹਿਮਦ ਸਲੀਮ : ਪਾਕਿਸਤਾਨ ਬਣਨ ਤੋਂ ਬਾਅਦ ਆਲੋਚਨਾ ਦੀ ਪਹਿਲੀ ਕਿਤਾਬ ‘ਝਾਤੀਆਂ’ ਸੀ…ਇਸ ਵਿਚ ਨਵੀਂ ਪੁਰਾਣੀ ਸ਼ਾਇਰੀ ਬਾਰੇ ਲੇਖ ਸਨ…ਇਹ ਕਿਤਾਬ 1970 ਤਕ ਚੱਲਦੀ ਰਹੀ। ਉਸ ਤੋਂ ਬਾਅਦ ਨਜਮ ਹੁਸੈਨ ਸੱਯਦ ਦਾ ਨਾਂ ਆਉਂਦਾ ਏ…। ਉਹ ਪਹਿਲਾਂ ਅੰਗਰੇਜ਼ੀ ਵਿਚ ਲਿਖਦੇ ਸਨ…ਪੰਜਾਬੀ ਵਿਚ ਉਨ੍ਹਾਂ ਦੀ ਪਹਿਲੀ ਕਿਤਾਬ ‘ਸੇਧਾਂ’ ਸੀ…ਦੂਜਾ ਸੰਗ੍ਰਹਿ ‘ਸਾਰਾਂ’ ਸੀ…ਉਨ੍ਹਾਂ ਤੋਂ ਸ਼ੁਰੂ ਹੋ ਕੇ ਆਲੋਚਨਾ ਉਨ੍ਹਾਂ ‘ਤੇ ਹੀ ਮੁੱਕਦੀ ਹੈ ਕਿਉਂਕਿ ਉਨ੍ਹਾਂ ਦੇ ਮਿਆਰ ਨੂੰ ਕੋਈ ਹੋਰ ਆਲੋਚਕ ਨਹੀਂ ਛੂਹ ਸਕਿਆ। ਹੁਸੈਨ ਸੱਯਦ ਦੀ ਸੂਫ਼ੀ ਕਵਿਤਾ ਉਪਰ ਆਲੋਚਨਾ ਵੀ ਆਈ ਜੋ ਪੱਛਮੀ ਆਲੋਚਨਾ ਦੇ ਮਿਆਰ ਦੀ ਹੈ। ਨਜਮ ਹੁਸੈਨ ਸੱਯਦ ਦੀ ਆਲੋਚਨਾ ਬਾਰੇ ਕੁਝ ਆਲੋਚਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਲੋਚਨਾ ਪ੍ਰਭਾਵਵਾਦੀ ਏ ਤੇ ਉਹ ਵਿਗਿਆਨਕ ਨਹੀਂ…ਸਗੋਂ ਸਿਰਜਣਾਤਮਕ ਬਹੁਤ ਏ ਤੇ ਆਲੋਚਨਾ ਦੇ ਨਿਯਮ ਨਹੀਂ ਵਰਤੇ ਗਏ…ਲੇਕਿਨ ਇਸ ਦੇ ਬਾਵਜੂਦ ਮੈਂ ਕਹਾਂਗਾ ਕਿ ਨਜਮ ਹੁਸੈਨ ਤੋਂ ਵੱਡਾ ਕੰਮ ਕਿਸੇ ਨਹੀਂ ਕੀਤਾ। ਇਸ ਤੋਂ ਬਿਨਾਂ ਖੋਜ ਦਾ ਕੰਮ ਮੁਹੰਮਦ ਆਸਫ਼ ਖ਼ਾਂ ਨੇ ਵੀ ਕੀਤਾ ਜੋ ਪੰਜਾਬੀ ਅਦਬੀ ਬੋਰਡ ਦੇ ਬਾਨੀ ਵੀ ਨੇ। ਮੈਂ ਵੀ ਕੁਝ ਲਿਖਿਆ ਤੇ ਅਫ਼ਜ਼ਲ ਅਹਿਸਨ ਰੰਧਾਵਾ ਦੇ ‘ਦੁਆਬਾ’ ਨਾਵਲ ‘ਤੇ ਵੀ ਮੈਂ ਬੜਾ ਦਿਲ ਲਗਾ ਕੇ ਕੰਮ ਕੀਤਾ। ਇਸ ਤੋਂ ਬਿਨਾਂ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਸਹਿਜ਼ਾਦ ਕੈਸਰ ਵੀ ਨਵੀਂ ਪੰਜਾਬੀ ਸ਼ਾਇਰੀ ‘ਤੇ ਕੰਮ ਕਰ ਰਹੇ ਨੇ। ਸਈਦ ਭੁੱਟਾ ਨੇ ਵੀ ਆਲੋਚਨਾ ਦੀਆਂ ਕਿਤਾਬਾਂ ਸੰਪਾਦਤ ਕੀਤੀਆਂ ਨੇ…ਭਾਵੇਂ ਬਹੁਤੇ ਨਾਂ ਨਹੀਂ ਪਰ ਪੰਜਾਬੀ ਦੀ ਆਲੋਚਨਾ ਧੀਮੀ ਚਾਲੇ ਅੱਗੇ ਵੱਧ ਰਹੀ ਏ। ਹੁਣ ਤੇ ਨਵੇਂ ਨੌਜੁਆਨ ਆਲੋਚਕ ਵੀ ਬਹੁਤ ਆ ਗਏ ਨੇ…ਪਰ ਨਵੇਂ ਨਵੇਂ ਹੋਣ ਕਾਰਨ ਅਸੀਂ ਉਨ੍ਹਾਂ ਬਾਰੇ ਏਨੀ ਜਲਦੀ ਫ਼ੈਸਲਾ ਨਹੀਂ ਦੇ ਸਕਦੇ। ਜਦ ਇਹ ਕੰਮ ਪੱਕੀਆਂ ਲੀਹਾਂ ‘ਤੇ ਤੁਰੇਗਾ ਤਾਂ ਇਸ ਬਾਰੇ ਗੱਲ ਹੋ ਸਕੇਗੀ।
ਹੁਣ : ਪੂਰਬੀ ਪੰਜਾਬ ਦੀ ਆਲੋਚਨਾ ਖ਼ਾਸ ਤੌਰ ‘ਤੇ ਹਰਿਭਜਨ ਸਿੰਘ, ਸੰਤ ਸਿੰਘ ਸੇਖੋਂ, ਅਤਰ ਸਿੰਘ ਜਾਂ ਕਿਸ਼ਨ ਸਿੰਘ ਬਾਰੇ ਤੁਹਾਡੇ ਕੀ ਵਿਚਾਰ ਹਨ?
ਅਹਿਮਦ ਸਲੀਮ : ਇੱਧਰ ਦੀ ਜੋ ਆਲੋਚਨਾ ਹੈ…ਇਹ ਬਹੁਤ ਹੀ ਉੱਚ ਪੱਧਰੀ ਵੇ…ਔਰ ਤਕਨੀਕੀ ਤੌਰ ‘ਤੇ ਸਹੀ ਆਲੋਚਨਾ ਇਧਰ ਬਹੁਤ ਪਹਿਲਾਂ ਤੋਂ ਸ਼ੁਰੂ ਹੋ ਚੁੱਕੀ ਸੀ…ਭਾਵੇਂ ਸ਼ੁਰੂ ‘ਚ ਖੋਜ ਦਾ ਕੰਮ ਹੋਇਆ ਜਿਵੇਂ ਬਾਵਾ ਬੁੱਧ ਸਿੰਘ, ਕੁਸ਼ਤਾ ਦਾ ਕੰਮ…ਪਰ ਆਲੋਚਨਾ ਦਾ ਵਿਗਿਆਨਕ ਕੰਮ ਮਾਰਕਸਵਾਦੀ ਚਿੰਤਕ ਸੰਤ ਸਿੰਘ ਸੇਖੋਂ ਤੋਂ ਸ਼ੁਰੂ ਹੋ ਜਾਂਦੈ। ਸਾਡੇ ਉਧਰ ਸਾਹਿਤ ਨੂੰ ਮਾਰਕਸੀ ਨਜ਼ਰੀਏ ਤੋਂ ਨਹੀਂ ਵੇਖਿਆ ਗਿਆ…ਫਿਰ ਅੱਗੇ ਚੱਲ ਕੇ ਕਿਸ਼ਨ ਸਿੰਘ ਤੇ ਅਤਰ ਸਿੰਘ ਆਏ…ਜਿਨ੍ਹਾਂ ਦਾ ਕੰਮ ਬਹੁਤ ਅੱਛਾ ਹੈ। ਅਤਰ ਸਿੰਘ ਦਾ ਕੰਮ ਜਿਵੇਂ ਅਫ਼ਜ਼ਲ ਅਹਿਸਨ ਰੰਧਾਵਾ ਦੇ ‘ਦੁਆਬਾ’ ਨਾਵਲ ‘ਤੇ ਕੰਮ ਜਾਂ ‘ਦੁੱਖ ਦਰਿਆਓਂ ਪਾਰ ਦੇ’ ਦਾ ਸੰਪਾਦਨ…। ਉਨ੍ਹਾਂ ਨੇ ਪਹਿਲੀ ਵਾਰ ਪੂਰਬੀ ਤੇ ਪੱਛਮੀ ਪੰਜਾਬ ਦਾ ਸਾਹਿਤ ਪੱਖੋਂ ਵੱਡਾ ਕੰਮ ਕੀਤਾ…ਭਾਵੇਂ ਕਿ ਜਗਤਾਰ ਵੀ ਕੰਮ ਕਰ ਰਹੇ ਸਨ। ਫਿਰ ਕਰਨੈਲ ਸਿੰਘ ਥਿੰਦ ਨੇ ਕੰਮ ਕੀਤਾ…ਫਿਰ ਨੌਜੁਆਨਾਂ ‘ਚੋਂ ਜਤਿੰਦਰਪਾਲ ਜੌਲੀ ਨੇ ਬਹੁਤ ਕੰਮ ਕੀਤਾ। ਪੰਜਾਬੀ ਅਦਬ ਦੀ ਇੱਥੇ ਪਛਾਣ ਕਰਾਉਣ ‘ਚ ਇਥੋਂ ਦੇ ਆਲਚੋਕਾਂ ਦਾ ਯੋਗਦਾਨ ਬਹੁਤ ਵੇ। ਕਿਸ਼ਨ ਸਿੰਘ ਨੇ ਸੂਫ਼ੀ, ਗੁਰਬਾਣੀ ਜਾਂ ਹੀਰ ਵਾਰਿਸ ਸ਼ਾਹ ਦੀ ਇਨਕਲਾਬੀ ਸੂਝ ਦਿੱਤੀ…ਉਹ ਪਾਕਿਸਤਾਨ ਵਿਚ ਸਿਰਫ਼ ਨਜਮ ਹੁਸੈਨ ਸੱਯਦ ਦੀ ਹੋ ਸਕਦੀ ਏ।
ਹੁਣ : ਪਾਕਿਸਤਾਨ ਵਿਚਲੀ ਨਵੀਂ ਆਲੋਚਨਾ ਵਿਚੋਂ ਕੌਣ ਕੌਣ ਅੱਛਾ ਕੰਮ ਕਰ ਰਿਹਾ ਹੈ?
ਅਹਿਮਦ ਸਲੀਮ : ਨਵੇਂ ਲੋਕਾਂ ਦਾ ਕੰਮ ਸ਼ੁਰੂ ਹੋਇਐ ਤੇ ਉਹ ਅਜੇ ਇਸ ਮੁਕਾਮ ‘ਤੇ ਨਹੀਂ ਹੋਇਆ ਕਿ ਅਸੀਂ ਕੋਈ ਫ਼ੈਸਲਾ ਦੇ ਸਕੀਏ। ਸਈਦ ਭੁੱਟਾ ਓਰੀਐਂਟਲਿਜ਼ਮ ਦੇ ਨਜ਼ਰੀਏ ਤੋਂ ਕੰਮ ਕਰ ਰਿਹੈ…ਉਹ ਪੰਜਾਬੀ ਆਲੋਚਨਾ ‘ਚ ਨਵਾਂ ਕੰਮ ਐ। ਇਸੇ ਤਰ੍ਹਾਂ ਕੈਸਰ ਸ਼ਹਿਜ਼ਾਦ ਹੋਰਾਂ ਦਾ ਕੰਮ ਹੈ। ਉਹ ਵੀ ਨਵੀਂ ਪੰਜਾਬੀ ਕਵਿਤਾ ਉਪਰ ਕੰਮ ਕਰ ਰਿਹੈ…ਉਹ ਪੰਜਾਬੀ ‘ਤੇ ਵੀ ਕਿਤਾਬ ਲਿਖ ਰਹੇ ਨੇ…ਕੰਵਲ ਮੁਸ਼ਤਾਕ ਦਾ ਨਾਂ ਹੈ। ਇਸ ਤਰ੍ਹਾਂ ਨਵੇਂ ਨਾਂ ਤਾਂ ਆਏ ਨੇ…ਆ ਰਹੇ ਨੇ…ਲੇਕਿਨ ਉਨ੍ਹਾਂ ਬਾਰੇ ਅਜੇ ਕੁਝ ਆਖਣਾ ਔਖਾ ਵੇ।
ਹੁਣ : ਤੁਸੀਂ ਦੋਹਾਂ ਪੰਜਾਬਾਂ ‘ਚ ਪੁਲ ਵਾਂਗ ਹੋ। ਤੁਸੀਂ ਸਿਰਫ਼ ਦੋਹਾਂ ਪੰਜਾਬਾਂ ‘ਚ ਨਹੀਂ ਸਭ ਖਿੱਤਿਆਂ ‘ਚ ਪੁਲ ਬਣਨ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਮੁਸ਼ਕਲ ਸਥਿਤੀਆਂ ‘ਚ ਵੀ ਕੰਮ ਕੀਤਾ। ਕੀ ਮਹਿਸੂਸ ਕਰਦੇ ਓ?
ਅਹਿਮਦ ਸਲੀਮ : ਸਭ ਤੁਹਾਡੀ ਮੁਹੱਬਤ ਵੇ ਤੇ ਤੁਹਾਡੀ ਮਿਹਰਬਾਨੀ ਏ ਕਿ ਤੁਸੀਂ ਇਸ ਤਰ੍ਹਾਂ ਦੇਖਦੇ ਹੋ…ਮੇਰਾ ਤਾਂ ਬੜਾ ਨਿਮਾਣਾ ਜਿਹਾ ਕੰਮ ਵੇ। ਮੈਂ ਆਪਣੇ ਕੰਮ ‘ਤੇ ਫ਼ਖ਼ਰ ਨਹੀਂ ਕਰਦਾ ਸਿਰਫ਼ ਇਹ ਕਹਾਂਗਾ ਕਿ ਮੈਂ ਇਮਾਨਦਾਰੀ ਨਾਲ ਕੋਸ਼ਿਸ਼ ਕੀਤੀ ਏ…ਬਾਕੀ ਰਹੀਆਂ ਔਕੜਾਂ ਉਹ ਤਾਂ ਤੁਸੀਂ ਜਦ ਵਚਨਬੱਧਤਾ…ਦ੍ਰਿੜਤਾ ਨਾਲ ਕੰਮ ਕਰਦੇ ਹੋ ਤਾਂ ਔਕੜਾਂ ਤਾਂ ਆਉਂਦੀਆਂ ਹੀ ਨੇ…ਲੇਕਿਨ ਨਵੇਂ ਲੇਖਕਾਂ ਨੂੰ ਇਹੀ ਕਹਾਂਗਾ ਕਿ ਉਹ ਜੋ ਸਾਂਝ ਦੀ ਗੱਲ ਕਰਦੇ ਨੇ…ਉਹ ਇਕ-ਦੂਜੇ ਨੂੰ ਪੜ੍ਹ ਕੇ ਹੀ ਆ ਸਕਦੀ ਏ। ਇਸ ਤੋਂ ਸਾਡੇ ਪਾਸੇ ਗੁਰਮੁਖੀ ਤੇ ਇਧਰ  ਸ਼ਾਹਮੁਖੀ ਨੂੰ ਪ੍ਰਫੁੱਲਤ ਕਰਨ ਦੇ ਯਤਨ ਹੋਣੇ ਚਾਹੀਦੇ ਨੇ…ਭਾਵੇਂ ਕਿ ਸਾਡੇ ਜ਼ਿਆਦਾ ਮਿਆਰੀ ਲੇਖਣ ਨਹੀਂ ਪਰ ਨਜਮ ਹੁਸੈਨ ਸੱਯਦ ਜਾਂ ਮੁਸ਼ਤਾਕ ਸੂਫ਼ੀ ਨੂੰ ਪੜ੍ਹਨਾ ਚਾਹੀਦੈ। ਮੈਂ ਚਾਹੁੰਨਾ ਦੋਵੇਂ ਲਿਪੀਆਂ ਦਾ ਪ੍ਰਸਾਰ ਜ਼ਰੂਰੀ ਏ। ਆਮੀਨ…।

 

 

 

 

Leave a Reply

Your email address will not be published. Required fields are marked *