‘ਦੋ ਕੱਪ ਚਾਹ’ ਓਤਲੇ ਮਨੋ ਕੌਣ ਹੱਸ ਖੇਡ ਸਕਦਾ ਹੈ – ਗੁਰਪ੍ਰੀਤ ਤੇ ਲੇਖਕਾਂ ਦੀ ਮੰਡੀ-ਦੇਵਨੀਤ/ ‘ਹੁਣ’ ਦੇ 25ਵੇਂ ਅੰਕ ‘ਚੋਂ

ਦੋ ਕੱਪ ਚਾਹ
ਓਤਲੇ ਮਨੋ ਕੌਣ ਹੱਸ ਖੇਡ ਸਕਦਾ ਹੈ
ਗੁਰਪ੍ਰੀਤ
‘ਦੋ ਕੱਪ ਚਾਹ’ ਤੁਹਾਡੇ ਸਾਹਮਣੇ ਪਰੋਸ ਰਿਹਾ ਹਾਂ, ਇਹਦੀ ਸਕੀਮ ਵੀ ਸਾਲ ਪਹਿਲਾਂ ਬਣੀ। ਕਿਤਾਬ ਦੇ ਇਸ ਨਾਂਅ ਬਾਰੇ ਦੇਵਨੀਤ ਦਾ ਆਖਣਾ ਹੈ, “ਇਹ ਬੜਾ ਕਰੀਏਟਵ ਨਾਂ ਹੈ, ਦੁਨੀਆ ਦੀ ਸਮੁੱਚੀ ਕਲਾ ਕਾਫ਼ੀ, ਚਾਹ, ਕੈਫ਼ੇ, ਢਾਬਿਆਂ ‘ਤੇ ਤੁਰਦੀ ਰਹੀ ਹੈ। ਮੈਨੂੰ ਇਸ ਨਾਂਅ ਅੰਦਰ ਸਿਰਜਣਾ ਦੀ ਤਪਸ਼ ਨਜ਼ਰ ਆ ਰਹੀ ਹੈ। ਡਾ ਸਰਬਜੀਤ ਇਸ ਨਾਂਅ ਨੂੰ ਵੱਖਰੇ ਅਰਥਾਂ ਚ ਵੇਖਦਾ ਹੈ, ਉਹ ਕਹਿੰਦਾ ਹੈ ਕਿ ਪੂੰਜੀਵਾਦ ਨੇ ਬੰਦੇ ਅੰਦਰੋਂ ਸੰਵੇਦਨਾ ਮਾਰੀ ਹੈ। ਸੰਵਾਦ ਖ਼ਤਮ ਹੋ ਰਿਹਾ ਹੈ। ਸ਼ਾਇਰ ਕੱਲਾ ਨਹੀਂ ਹੋਣਾ ਚਾਹੁੰਦਾ। ਦੋ ਕੱਪ ਚਾਹ ਆਰਡਰ ਦਿੰਦਾ ਹੈ ਤੇ ਦੂਜੇ ਕੱਪ ਨਾਲ ਡਾਇਲਾਗ ਸਥਾਪਤ ਕਰਨਾ ਚਾਹੁੰਦਾ ਹੈ।
– ਗੁਰਪ੍ਰੀਤ
ਦੇਵਨੀਤ ਨਾਲ ਮੇਰਾ ਵਾਹ ਵੀਹ ਬਾਈ ਵਰ੍ਹਿਆਂ ਦਾ ਹੈ, ਉਦੋਂ ਉਹ ਬਿਆਲੀਆਂ ਦਾ ਸੀ ਤੇ ਮੈਂ  ਚੌਵੀਆਂ ਦਾ। ਸਬੱਬ ਨਾਲ ਮੈਂ ਬਦਲ ਕੇ ਇਹਦੇ ਸਕੂਲ ‘ਚ ਆ ਗਿਆ। ਇਹ ਅਪਣੇ ਅਸਲੀ ਨਾਂ ਬਲਦੇਵ ਸਿੰਘ ਸਿੱਧੂ ਦੇ ਨਾਮ ਨਾਲ ਮਿੰਨੀ ਕਹਾਣੀਆਂ ਤੇ ਸਿੱਖਿਆ ਨਾਲ ਜੁੜ੍ਹੇ ਲੇਖ ਲਿਖਦਾ, ਪਹਿਲੇ ਦੂਜੇ ਨੰਬਰ ‘ਤੇ ਆਉਂਦਾ। ਦੋਸਤਾਂ ਨੂੰ ਖ਼ਤ, ਡਾਇਰੀ ਅਤੇ ਖ਼ੁਸ਼ੀ ਗ਼ਮੀ ਦੇ ਸਾਹਿਤਕ ਸੱਦਾ-ਪੱਤਰ ਲਿਖਣਾ ਇਹਦਾ ਸ਼ੌਕ ਸੀ। ਜਿੱਡਾ ਵੱਡਾ ਕਵੀ ਇਹ ਹੁਣ ਹੈ, ਇਹਨੇ ਕਦੇ ਸੋਚਿਆ ਨਹੀਂ ਸੀ। ਅਸੀਂ ਮਿਲੇ ਤਾਂ ਇਹ ਵੀ ਕਵਿਤਾ ਦੇ ਰਾਹ ਪੈ ਗਿਆ। ਕਮਾਲ ਇਹ ਹੋਈ ਕਿ ਪਹਿਲੀ ਹੀ ਕਵਿਤਾ ‘ਨਾਗਮਣੀ’ ਦੇ ਪੱਤ੍ਰਿਆਂ ‘ਤੇ ਜਾ ਸਜੀ। ਅੰਮ੍ਰਿਤਾ ਪ੍ਰੀਤਮ ਦਾ ਚਹੇਤਾ ਕਵੀ ਬਣ ਗਿਆ ਦੇਵਨੀਤ। ਮੈਨੂੰ ਯਾਦ ਹੈ ਜਦੋਂ ਅਸੀਂ ਬੀਮਾਰ, ਮੰਜੇ ਨਾਲ ਮੰਜਾ ਹੋਈ ਅੰਮ੍ਰਿਤਾ ਨੂੰ ਮਿਲਣ ਗਏ ਤਾਂ ਉਹ ਵਾਰ-ਵਾਰ ਦੇਵਨੀਤ ਨੂੰ ਇਹਦੀ ਕਵਿਤਾ ਦੇ ਹਵਾਲੇ ਨਾਲ ਪੁੱਛੇ, “ਦੇਵਨੀਤ! ਮੈਂ ਸਮੁੰਦਰ ਕਦੋਂ ਹੋਵਾਂਗੀ।” ਦੇਵਨੀਤ ਛੇਤੀ ਹੀ ਪੰਜਾਬੀ ਸਾਹਿਤ ਸੰਸਾਰ ‘ਚ ਜਾਣਿਆ ਜਾਣ ਲੱਗਿਆ। ਇਸ ਲੰਮੇ ਸਫ਼ਰ ‘ਚ ਅਸੀਂ ਲੜੇ-ਭਿੜੇ, ਘੁਲੇ-ਮਿਲੇ। ਪਿਆਰ ਈਰਖਾ, ਪੱਖ ਵਿਰੋਧ ਨਾਲੋ-ਨਾਲ ਤੁਰਦੇ ਰਹੇ।
ਦੋ ਢਾਈ ਵਰ੍ਹੇ ਪਹਿਲਾਂ ਜਦੋਂ ਇਹਨੂੰ ਭੈੜੀ ਖੰਘ ਨੇ ਘੇਰਿਆ ਤਾਂ ਇਹਦੀਆਂ ਮਹਿਫ਼ਲਾਂ ਦੇ ਘੇਰੇ ‘ਚ ਮੈਂ ਨਹੀਂ ਸੀ। ਕਦੇ ਕਦਾਈਂ ਅਸੀਂ ਓਪਰਿਆਂ ਵਾਂਗ ਮਿਲਦੇ ਤੇ ਬਸ। ਇਕ ਦਿਨ ਆਥਣੇ ਸਾਡੇ ਸਾਂਝੇ ਮਿਤਰ ਅਮਨ ਨੇ ਮੈਨੂੰ ਦੇਵਨੀਤ ਦੇ ਘਰ ਬੁਲਾਇਆ। ਬਿਨ ਕੁਝ ਦੱਸਿਆਂ-ਪੁੱਛਿਆਂ ਮੈਂ ਪੌੜੀਆਂ ਚੜ੍ਹ ਗਿਆ। ਹੁਣ ਛੱਤ ‘ਤੇ ਝੂੱਲਾ ਬਣੇ ਵਾਣ ਦੇ ਮੰਜੇ ਦੀ ਥਾਂ ਸੀਮਿੰਟੀ ਥੜ੍ਹਾ ਸੀ। ਦੇਵਨੀਤ ਖੰਘਦਾ ਚਾਕੂ ਵਾਂਗ ਦੂਹਰਾ ਹੋ ਰਿਹਾ ਸੀ। ਅਮਨ ਨੂੰ ਕੱਲ੍ਹ ਹੀ ਟੈਸਟ ਕਰਵਾਉਣ ਲਈ ਕਹਿੰਦਿਆਂ ਮੈਂ ਹਰ ਪੰਜਾਬੀ ਵਾਂਗ ਡਾਇਗਨੋਜ਼ ਕੀਤਾ, “ਤੈਨੂੰ ਟੀ ਬੀ ਹੋ ਗਈ, ਦਵਾਈ ਲੈ ਲਗਾਤਾਰ, ਖ਼ਤਰਨਾਕ ਨਹੀਂ ਹੁੰਦੀ, ਠੀਕ ਹੋ ਜਾਵੇਂਗਾ ਦਵਾਈ ਸ਼ੁਰੂ ਕਰਦਿਆਂ ਹੀ..।” ਦੇਵਨੀਤ ਨੇ ਖੰਘਦਿਆਂ ਕਿਹਾ, “ਟੀ ਬੀ ਹੋਊ ਤੈਨੂੰ..।” ਮੈਂ ਉਹਦੀ ਆਦਤ ਤੋਂ ਜਾਣੂ ਸੀ, ਚੁੱਪ ਰਿਹਾ। ਜਦੋਂ ਮਹੀਨੇ ਬਾਅਦ ਲੁਧਿਆਣੇ ਕੈਂਸਰ ਹੋਣ ਦਾ ਪਤਾ ਲੱਗਿਆ ਤਾਂ ਦੇਵਨੀਤ ਬੋਲਿਆ, “ਟੀ ਬੀਆਂ ਭਾਵੇਂ ਦੋ ਹੋ ਜਾਂਦੀਆਂ…।” ਖੈਰ, ਉਹਦੇ ਹੌਸਲੇ ਦੀ ਦਾਦ ਦੇਣੀ ਬਣਦੀ ਹੈ ਕਿ ਉਹ ਅਪਣੀ ਇਛਾ ਸ਼ਕਤੀ ਤੇ ਮਹਿੰਗੀਆਂ ਦਵਾਈਆਂ ਕਰਕੇ ਬੀਮਾਰੀ ਨੂੰ ਢਾਹੀ ਬੈਠਾ ਹੈ ਤੇ ਮੁੜ ਤੋਂ ਪੜ੍ਹਨ-ਲਿਖਣ ਲੱਗਿਆ ਹੈ। ਮੈਂ ਕਈ ਵਾਰ ਸੋਚਦਾਂ ਜਿਵੇਂ ਇਹਨੂੰ ਕਿਸੇ ਨੇ ਨਜ਼ਰ ਲਾ ਦਿੱਤੀ ਹੋਵੇ। ਸੇਵਾ-ਮੁਕਤ ਹੁੰਦਿਆਂ ਹੀ ਇਹਦੇ ਅੰਦਰ ਲੋਹੜੇ ਦੀ ਊਰਜਾ ਆ ਗਈ ਸੀ। ਹਰ ਰਸਾਲੇ, ਅਖ਼ਬਾਰ ‘ਚ ਇਹਦਾ ਕੁਝ ਨਾ ਕੁਝ ਛਪਦਾ ਤੇ ਕਿਸੇ ਸਮਾਗਮ ‘ਚ ਇਹਦੀ ਕਵਿਤਾ ਦੀ ਗੱਲ ਹੋ ਰਹੀ ਹੁੰਦੀ ਤੇ ਕਿਸੇ ‘ਚ ਇਹ ਕਿਸੇ ਹੋਰ ਕਵੀ ਬਾਰੇ ਗੱਲ ਕਰ ਰਿਹਾ ਹੁੰਦਾ। ਆਥਣ ਵੇਲੇ ਸ਼ੁਰੂ ਹੁੰਦੀ ਮਹਿਫ਼ਲ, ਗਈ ਰਾਤ ਖ਼ਤਮ ਹੁੰਦੀ ਤੇ ਫ਼ਲਾਸਫ਼ੀ ਦੀਆਂ ਗਲਾਸੀਆਂ ਡੁਲ੍ਹਦੀਆਂ ਭਰਦੀਆਂ ਰਹਿੰਦੀਆਂ। ਦੇਵਨੀਤ ਲਈ ਸਭ ਤੋਂ ਹੁਸੀਨ ਵਰ੍ਹੇ ਇਹੋ ਹੋਣੇ ।
ਭੈੜੀ ਬਿਮਾਰੀ ਸੁਣਦਿਆਂ ਹੀ ਇਹਦਾ ਬੇਟਾ ਰੂਬੀ ਰਾਤੋ-ਰਾਤ ਲੰਡਨੋਂ, ਮਾਨਸਾ ਆ ਗਿਆ। ਫੈæਸਲਾ ਇਹ ਹੋਇਆ ਕਿ ਇਹਦਾ ਇਲਾਜ ਮੁੰਬਈ ਤੋਂ ਕਰਵਾਇਆ ਜਾਵੇ। ਰੂਬੀ ਪੜ੍ਹਿਆ ਵੀ ਉੱਥੋਂ ਤੇ ਕਈ ਵਰ੍ਹੇ ਨੌਕਰੀ ਵੀ ਕਰਦਾ ਰਿਹਾ ਹੈ। ਉਹਨੇ ਅਪਣੇ ਦੋਸਤਾਂ ਨੂੰ ਫ਼ੋਨ ਘੁੰਮਾਏ ਤੇ ਕਈ ਡਾਕਟਰਾਂ ਤੋਂ ਸਮਾਂ ਲੈ ਲਿਆ। ਮੈਂ ਉਨ੍ਹਾਂ ਦੇ ਨਾਲ ਜਾਣ ਲਈ ‘ਹਾਂ’ ਕਰ ਦਿੱਤੀ, ਤੇ ਅਪਣੇ ਦੁਖਦੇ ਪੈਰ ਲਈ ਦਰਦ-ਨਿਵਾਰਕ ਗੋਲੀਆਂ ਜੇਬ ‘ਚ ਪਾ ਲਈਆਂ। ਅਗਲੀ ਸਵੇਰ ਅਸੀਂ ਦਿੱਲੀ ਤੋਂ ਜਹਾਜ਼ ਫੜ੍ਹਿਆ ਤੇ ਦੋ ਘੰਟਿਆਂ ‘ਚ ਬੰਬੇ ਪਹੁੰਚ ਗਏ। ਜਹਾਜ਼ ਜਿਵੇਂ ਹਵਾ ‘ਚ ਨਹੀਂ ਇਹਦੀ ਖੰਘ ‘ਚ ਉਡਿਆ ਹੋਵੇ। ਚਿੱਟਾ ਪਰਨਾ ਇਹਦੇ ਮੂੰਹ ‘ਚੋਂ ਨਿਕਲਦੇ ਪਾਣੀ ਨਾਲ ਗੜੁੱਚ ਹੋ ਗਿਆ ਸੀ। ਦਿੱਲੀ ਤੋਂ ਚੱਲਣ ਵੇਲੇ ਦੇਵਨੀਤ ਨੇ ਕਿਹਾ ਸੀ , “ਇਹਨੂੰ ਵੀ ਅਪਣੇ ਦੂਜੇ ਟੂਰਾਂ ਵਾਂਗ ਟੂਰ ਹੀ ਸਮਝ, ਨਜ਼ਾਰੇ ਨਾਲ ਝੂਟਾ ਲੈਨੇ ਆਂ ਜਹਾਜ਼ ਦਾ..।” ਪਰ ਬੰਬੇ ਪਹੁੰਚਦਿਆਂ ਹੀ ਉਹਨੂੰ ਘਬਰਾਹਟ ਹੋਣ ਲੱਗੀ। ਉਹ ਖਿਝਿਆ ਹੋਇਆ ਸੀ, ਬੀਮਾਰੀ ਦਾ ਭੰਨਿਆਂ ਬੰਦਾ ਕਿੰਨਾ ਕੁ ਚਿਰ ਸਹਿਜ ਰਹਿ ਸਕਦਾ ਹੈ। ਅਮਨ ਨੇ ਫ਼ੋਨ ‘ਤੇ ਕੋਈ ਸਲਾਹ ਦਿੱਤੀ ਤਾਂ ਉਸ ‘ਤੇ ਵੀ ਖਿਝ ਗਿਆ। ਰੂਬੀ ਅਤੇ ਮੈਨੂੰ ਭੱਜ-ਭੱਜ ਪਵੇ। ਮੈਂ ਕਿਹਾ, “ਮੈਨੂੰ ਦੇ ਲੈ ਜਿਹੜੀਆਂ ਗਾਲਾਂ ਦੇਣੀਆਂ, ਤੇਰਾ ਦੋਸਤ ਆਂ ..ਹੋਰ ਨਾ ਕਿਸੇ ਨੂੰ ਕੁਝ ਕਹਿ, ਰੂਬੀ ਤਾਂ ਦੁਖੀ ਹੋਣ ਦੇ ਨਾਲ ਤਣਾਅ ‘ਚ ਵੀ ਹੈ…।” ਪੂਰੇ ਦਸ ਦਿਨ ਅਸੀਂ ਬੰਬੇ ਰਹੇ। ਦਸ ਦਿਨਾਂ ਦੀ ਕਥਾ ਦਸ ਹਜ਼ਾਰ ਸਫ਼ਿਆਂ ‘ਤੇ ਫੈਲ ਸਕਦੀ ਹੈ, ਪਰ ਮੇਰੀ ਇਹ ਸਮਰੱਥਾ ਨਹੀਂ। ਇਹ ਪਿਛਲੇ ਕਈ ਦਿਨਾਂ ਤੋਂ ਸੁੱਤਾ ਨਹੀਂ ਸੀ ਤੇ ਨਾ ਹੀ ਸੌਣਾ ਚਾਹੁੰਦਾ ਸੀ। ਇਹਦੇ ਮਨ ‘ਚ ਇਹ ਗੱਲ ਬੈਠ ਗਈ ਸੀ ਕਿ ਜੇ ਸੌਂ ਗਿਆ ਤਾਂ ਮਰ ਗਿਆ। ਇਕ ਰਾਤ ਇਹਦੀ ਅੱਖ ਲੱਗ ਗਈ ਤਾਂ ਤ੍ਰਭਕ ਕੇ ਉੱਠਿਆ ਤੇ ਮੇਰੇ ‘ਤੇ ਵਰ੍ਹ ਪਿਆ, “ਜੇ ਤੂੰ ਮੇਰਾ ਖ਼ਿਆਲ ਹੀ ਨਹੀਂ ਰੱਖਣਾ ਤਾਂ ਨਾਲ ਕਿਉਂ ਆਇਐਂ? ਮੈਨੂੰ ਨੀਂਦ ਆ ਗਈ ਸੀ, ਤੂੰ ਸੌਣ ਕਿਉਂ ਦਿੱਤਾ ਮੈਨੂੰ? ਤੈਨੂੰ ਪਤੈ! ਜੇ ਮੈਂ ਸੌਂ ਗਿਆ ਤਾਂ ਮਰ ਜੂੰ?” ਉਹਦਾ ਸਾਹ ਚੜ੍ਹ ਗਿਆ। ਮੈਂ ਉਹਨੂੰ ਸਮਝਾਉਣ ਲੱਗਿਆ, “ਸੌਂ ਕੇ, ਬੀਮਾਰ ਬੰਦਾ ਠੀਕ ਹੁੰਦਾ ਹੈ ਮਰਦਾ ਨਹੀਂ..” ਰੂਬੀ ਕਿਸੇ ਕੈਫੇ. ‘ਚ ਇੰਟਰਨੈਟ ‘ਤੇ ਡਾਕਟਰਾਂ ਦੀ ਭਾਲ ਲਈ ਗਿਆ ਹੋਇਆ ਸੀ। ਬੰਬੇ ‘ਚ ਕਦੇ ਰਾਤ ਨਹੀਂ ਪੈਂਦੀ। ਮੈਂ ਦੇਵਨੀਤ ਨੂੰ ਕਿਹਾ, “ਜੇ ਸੁੱਤਾ ਪਿਆ ਮਰ ਵੀ ਜਾਵੇਂ ਤਾਂ ਵੀ ਚੰਗਾ ਈ ਐ, ਸੁੱਤਾ ਪਿਆ ਬੰਦਾ ਤੁਰ ਜਾਵੇ, ਇਸ ਤੋਂ ਚੰਗੀ ਕਿਸਮਤ ਕੀਹਦੀ ਹੋਊ..।”
“ਮੇਰੀ ‘ਡੈੱਡ-ਬੌਡੀ’ ਕਿਵੇਂ ਲੈ ਕੇ ਜਾਵੋਂਗੇ ਮਾਨਸਾ, ਰੂਬੀ ਤਾਂ ਹੈ ਹੀ ਨਿਆਣਾ ਤੇ ਤੂੰ ਵੀ ਉਹੋ ਜਿਹਾ ਹੀ ਹੈਂ..।”
“ਤੂੰ ਫ਼ਿਕਰ ਨਾ ਕਰ, ਇੱਥੇ ਸਮੁੰਦਰ ‘ਚ ਸਿੱਟ ਜਾਂਗੇ ਤੇਰੀ ਲੋਥ, ਸਾਗਰੀ ਜੀਵ-ਜੰਤੂੰਆਂ ਨੂੰ ਕਵੀ ਮਿਲੂ ਭੋਜਨ ਲਈ..।” ਉਤਲੇ ਮਨੋਂ ਕੌਣ ਹੱਸ ਖੇਡ ਸਕਦਾ ਹੈ?
ਟੈਸਟਾਂ ਲਈ ਅਸੀਂ ਨਾ ਦਿਨ ਦੇਖਿਆ ਨਾ ਰਾਤ, ਤੁਰੇ ਰਹਿੰਦੇ। ਤੀਜੇ ਦਿਨ ਜਾ ਕੇ ਜਦੋਂ ਟਾਟਾ ਦੇ ਡਾਕਟਰਾਂ ਨੇ ਇਹਦੇ ਫੇਫੜ੍ਹਿਆਂ ‘ਚੋਂ ਪਾਣੀ ਕੱਢਿਆ ਤਾਂ  ਕੇਰਾਂ ਤਾਂ ਇਹਦੀ ਖੰਘ ਟਿਕ ਗਈ, ਇਕ ਰਾਤ ਇਹ ਘੂਕ ਸੁੱਤਾ। ਮੈਂ ਤੇ ਰੂਬੀ ਇਹਨੂੰ ਸੁੱਤੇ ਪਏ ਨੂੰ ਦੇਖਦੇ ਰਹੇ, ਨਾਲੇ ਇਲਾਜ ਲਈ ਸਲਾਹ ਮਸ਼ਵਰਾ ਕਰਦੇ ਰਹੇ। ਸਾਨੂੰ ਲੱਗਣ ਲੱਗਿਆ ਕਿ ਰਿਪੋਰਟਾਂ ਠੀਕ ਆਉਣਗੀਆਂ।
ਅਸੀਂ ਕਦੇ ਡਾਕਟਰ ਅਡਵਾਨੀ ਨੂੰ ਮਿਲਦੇ ਕਦੇ ਅੰਬਾਨੀ ਦੇ ਹਸਪਤਾਲ ਵਾਲੇ ਮਹਿਤੇ ਨੂੰ। ਕਦੇ ਰਿਪੋਰਟਾਂ ਡਾਕਟਰ ਗੋਸਵਾਮੀ ਨੂੰ ਦਿਖਾਉਂਦੇ ਕਦੇ ਕੁਲਕਰਣੀ ਨੂੰ। ਸਾਰੇ ਡਾਕਟਰ ਤੀਜੀ ਸਟੇਜ ਦੱਸਦੇ ਪਰ ਡਾਕਟਰ ਅਡਵਾਨੀ ਨੇ ਹੌਸਲਾ ਦਿੱਤਾ। ਰੂਬੀ ਨੂੰ ਚਾਅ ਚੜ੍ਹ ਗਿਆ, ਸਾਨੂੰ ਕਈ ਦਿਨਾਂ ਬਾਅਦ ਬੰਬੇ ਦੀਆਂ ਉੱਚੀਆਂ ਇਮਾਰਤਾਂ ਦਿਸੀਆਂ। ਪਰਸੋਂ ਨੂੰ ਪਹਿਲੀ ਕੀਮੋ ਹੋਣੀ ਸੀ। ਖੰਘ ਫਿਰ ਵਧ ਗਈ, ਅਸੀਂ ਸਮਝ ਗਏ ਫੇਫੜ੍ਹਿਆਂ ਦਾ ਪਾਣੀ ਮੁੜ ਵਧ ਗਿਆ। ਦੇਵਨੀਤ ਡਿਪਰੈਸ਼ਨ ‘ਚ ਸੀ। ਉਹ ਰੂਬੀ ਦੀ ਗ਼ੈਰ ਹਾਜ਼ਰੀ ‘ਚ ਬੇਟੀ ਨੈਨਸੀ ਨੂੰ ਯਾਦ ਕਰਦਾ ਤੇ ਮੈਨੂੰ ਆਖਦਾ, ” ਮੈਂ ਹੁਣ ਮਾਨਸਾ ਕਦੇ ਨਹੀਂ ਜਾਣਾ, ਇੱਥੇ ਹੀ ਰਹਿਣਾ ਹੈ ਬੰਬੇ, ਰੂਬੀ ਇੱਥੇ ਜਾਬ ਕਰ ਲਊ .. ਮੈਨੂੰ ਮਾਨਸਾ ਨਾਲ ਨਫ਼ਰਤ ਹੋ ਗਈ .. ਇੱਥੇ ਇਕ ਛੋਟਾ ਜਿਹਾ ਫਲੈਟ ਲੈ ਲਵਾਂਗੇ, ਅੱਠ ਕਿੱਲੇ ਨੇ.. ਵੇਚ ਦੇਵਾਂਗੇ ..ਜਦੋਂ ਖੇਤੀ ਕਰਨੀ ਹੀ ਨ੍ਹੀਂ..।”  ਉਹਦੇ ਬੀਮਾਰ ਮਨ ਦੀਆਂ ਖੇਡਾਂ। ਅੱਠਾਂ ਕਿੱਲਿਆਂ ‘ਚੋਂ ਇਕ ਇਹਦੀਆਂ ਦਵਾਈਆਂ ਲਈ ਵਿਕ ਗਿਆ। ਦੇਵਨੀਤ ਨੇ ਖਾਣਾ ਪੀਣਾ ਕਦੇ ਬੰਦ ਨਹੀਂ ਸੀ ਕੀਤਾ। ਰਸੋਈ ਤੋਂ ਉਹਦੇ ਬੈੱਡ ਤਕ ਆਉਂਦਾ ਆਂਡਾ ਠੰਢਾ ਹੋ ਜਾਂਦਾ ਤੇ ਮੈਂ ਉਹਨੂੰ ਮੁੜ ਗਰਮ ਕਰਦਾ ਮਨ ਹੀ ਮਨ ਉਹਨੂੰ ਬੁਰਾ ਭਲਾ ਕਹਿੰਦਾ। ਫਿਰ ਜਦੋਂ ਉਹਦਾ ਖਾਧਾ ਪੀਤਾ ਹਜ਼ਮ ਨਾ ਹੁੰਦਾ ਤਾਂ ਉਹ ਲੱਤਾਂ ਬਾਹਾਂ ਘੁੱਟਣ ਲਈ ਮੈਨੂੰ ਅਪਣੀ ਮੱਛਰਦਾਨੀ ‘ਚ ਬੁਲਾ ਲੈਂਦਾ। ਲੱਤਾਂ ਘੁੱਟਦਿਆਂ ਮੈਂ ਸੋਚਦਾ, “ਇਸ ਬੰਦੇ ਦਾ ਕਿਹੜਾ-ਕਿਹੜਾ ਕਰਜ਼ਾ ਦੇਣੈਂ..।”
੦੦
ਮੇਰੇ ਮਨ ‘ਚ ਆਇਆ ਕਿ ਇਸ ਬੰਦੇ ਨੂੰ ਕਿਵੇਂ ਨਾ ਕਿਵੇਂ ਸਾਂਭਿਆ ਜਾਵੇ। ਮੇਰੀ ਇੱਛਾ ਸੀ ਇਹਦੀ ਜੀਵਨੀ ਲਿਖਾਂ। ਇਹਦੇ ਲਈ ਮੇਰੇ ਸਾਹਮਣੇ ਗੀਤ ਚਤੁਰਵੇਦੀ ਵਲੋਂ ਲਿਖੀ ‘ਚਾਰਲੀ ਚੈਪਲਿਨ’ ਦੀ ਜੀਵਨੀ ਸੀ। ਇਹਦੇ ਲਈ ਖੁਲ੍ਹੇ ਸਮੇਂ ਤੇ ਮਿਹਨਤ ਦੀ ਲੋੜ ਸੀ। ਸਮਾਂ ਮੇਰੇ ਕੋਲ ਬਥੇਰਾ ਹੈ ਪਰ ਮਿਹਨਤ ਨਹੀਂ। ਮੈਂ ਇਹਦਾ ਡਜ਼ਾਇਨ ਬਦਲ ਦਿੱਤਾ। ਇਸ ਵਿਚ ਇਹਦੀਆਂ ਚੋਣਵੀਆਂ ਕਵਿਤਾਵਾਂ ਸ਼ਾਮਲ ਕਰ ਲਈਆਂ ਤੇ ਇਹਦੇ ਨਾਲ ਗੱਲਾਂ ਬਾਤਾਂ। ਕੁਝ ਖ਼ਤ ਵੀ ਪਾ ਲਏ। ਕਿਤਾਬ ਤਿਆਰ ਕਰਦਾ ਕਰਦਾ ਰੁਕ ਜਾਂਦਾ। ਮੈਨੂੰ ਇਹਦੀ ਕੋਈ ਸਾਰਥਕਤਾ ਨਾ ਲਗਦੀ। ਨੀਰੂ ਅਸੀਮ ਦਾ ਫੋਨ ਆਇਆ, ” ਗੁਰਪ੍ਰੀਤ! ਇਹ ਕਿਤਾਬ ਤੂੰ ਜ਼ਰੂਰ ਛਾਪ, ਦੇਵਨੀਤ ਦੇ ਸਾਹ ਨੇ ਇਹ ਕਿਤਾਬ..।” ਮੈਂ ਫਿਰ ਤੋਂ ਇਸ ਕਿਤਾਬ ਨੂੰ ਚੁੱਕ ਲਿਆ ਤੇ ਅਪਣੇ-ਆਪ ਨੂੰ ਕਿਹਾ, “ਜੇ ਮੈਂ ਇਹਦੇ ਜਿਉਂਦੇ ਜੀਅ ਇਹ ਕਿਤਾਬ ਨਹੀਂ ਛਪਵਾ ਸਕਦਾ, ਫਿਰ ਇਹਦੇ ਤੁਰ ਜਾਣ ਬਾਅਦ ਤਾਂ ਮਤਲਬ ਹੀ ਨਹੀਂ।” ਮੇਰੇ ਸਾਹਮਣੇ ਕਿੰਨੇ ਹੀ ਵੱਡੇ ਛੋਟੇ ਲੇਖਕ ਘੁੰਮ ਗਏ, ਜਿਹੜੇ ਤੁਰ ਗਏ ਤੇ ਬਸ ਤੁਰ ਗਏ।
ਮਨ ਕੀਤਾ ਕੁਝ ਹੋਰ ਦੋਸਤਾਂ ਨੂੰ ਇਸ ਸੰਵਾਦ ‘ਚ ਸ਼ਾਮਲ ਕਰ ਲਵਾਂ। ਕਵਿਤਾ ਦੀਆਂ ਗੱਲਾਂ ਮੈਂ ਇਹਨਾ ਦੋਸਤਾਂ ਜਿੰਮੇ ਲਾ ਦਿੱਤੀਆਂ। ਅਜਮੇਰ ਰੋਡੇ ਨੇ ਲਿਖਿਆ, “ਦੇਵਨੀਤ ਦੀ ਕਵਿਤਾ ਨਾਲ ਪੰਜਾਬੀ ਕਵਿਤਾ ਇਕ ਉਲਾਂਘ ਹੋਰ ਪੁੱਟਦੀ ਹੈ। ਬਹੁਤੀ ਕਵਿਤਾ ਪਾਣੀ ਦੇ ਬੁਲਬਲਿਆਂ ਵਾਂਗ ਹੁੰਦੀ ਹੈ, ਜਨਮਦੀ ਹੈ, ਸਮੇਂ ਅਨੁਸਾਰ ਆਪਣਾ ਕਰਤਵ ਕਰਦੀ ਹੈ ਤੇ ਮਿਟ ਜਾਂਦੀ ਹੈ। ਦੇਵਨੀਤ ਦੀ ਕਵਿਤਾ ਬੁਲਬਲਾ ਨਹੀਂ। ਇਸ ਵਿਚਲੀ ਨਮੀ ਚਿਰਕਾਲੀ ਹੈ ਜੋ ਪੰਜਾਬੀ ਪਾਠਕਾਂ ਨੂੰ ਦੂਰ ਭਵਿਖ ਵਿਚ ਵੀ ਤ੍ਰਿਪਤ ਕਰਦੀ ਰਹੇਗੀ।” ਇਸੇ ਤਰ੍ਹਾਂ ਨਵਤੇਜ ਭਾਰਤੀ ਨੇ ਚਾਹ ਦੀ ਘੁੱਟ ਭਰੀ , “ਦੇਵਨੀਤ ਕਵਿਤਾ ਵਿਚ ਹੋਣ ਨਾ ਹੋਣ ਦੀ ਖੇਡ ਖੇਡਦਾ ਹੈ। ਪਰ ਪਾਠਕ ਨੂੰ  ਪਤਾ ਨਹੀਂ ਲਗਣ ਦਿੰਦਾ। ਪਾਠਕ ਪੜ੍ਹਦਾ-ਪੜ੍ਹਦਾ ਆਪ ਖੇਡ ਵਿਚ ਰਲ਼ ਜਾਦਾ ਹੈ। ਦੇਵਨੀਤ ਕਹਿੰਦਾ ਹੈ ਇਸ ਖੇਡ ਵਿਚ “ਕਵੀ ਕੁਛ ਨਹੀਂ ਹੁੰਦਾ”। ਉਹ ਉਹੀ ਹੁੰਦਾ ਹੈ ਜੋ ਕਵਿਤਾ ਉਸਨੂੰ ਬਣਾਉਂਦੀ ਹੈ। ਕਿਸੇ ਕਵਿਤਾ ਵਿਚ ਉਹ ਸਾਬ੍ਹੀ ਤੇਲੀ ਹੈ, ਕਿਸੇ ਵਿਚ ਬਲਦੇਵ ਸਿੰਘ ਸਿੱਧੂ, ਕਿਸੇ ਵਿਚ ਜਾਮਨੀ ਸਾੜ੍ਹੀ ਵਾਲੀ ਕੁੜੀ। ਉਹਨੂੰ ਕਵਿਤਾ ਪਰਿਭਾਸ਼ਦੀ ਹੈ। ਪਰਿਭਾਸ਼ਾ ਆਰਜ਼ੀ ਹੁੰਦੀ ਹੈ। ਕਵਿਤਾ ਨਾਲ ਬਦਲ ਜਾਂਦੀ ਹੈ। ਦੇਵਨੀਤ ਕਵਿਤਾ ਤੋਂ ਕਵਿਤਾ ਤਕ ਜਿਉਂਦਾ ਹੈ।”
ਕਥਾਕਾਰ ਗੁਰਬਚਨ ਸਿੰਘ ਭੁੱਲਰ ਨਾਲ ਦੇਵਨੀਤ ਦੀ ਮੁਲਾਕਾਤ ਉਦੋਂ ਹੋਈ ਜਦੋਂ ਮੁੰਬਈ ਤੋਂ ਬਾਅਦ ਦਿੱਲੀ ਰਾਜੀਵ ਗਾਂਧੀ ਹਸਪਤਾਲ ਤੋਂ ਦਵਾਈ ਸ਼ੁਰੂ ਕੀਤੀ। ਭੁੱਲਰ ਸਾਹਬ ਨੇ ਦੇਵਨੀਤ ਦੀ ਕਵਿਤਾ ‘ਤੇ ਕਹਾਣੀ ਵਰਗਾ ਲੇਖ ਲਿਖਦਿਆਂ ਉਹਨੂੰ ਆਦਿ-ਅਨੰਤੀ ਪ੍ਰਗਤੀਵਾਦੀ ਕਵੀ ਆਖਿਆ ਹੈ। ਇਹਦੇ ਵਿਚ ਮੋਹਨਜੀਤ ਦਾ ਕਾਵਿ-ਚਿਤਰ ਵੱਖਰਾ ਹੈ ਤੇ ਪ੍ਰਮਿੰਦਰਜੀਤ ਦੀ ਗਦ ਕਵਿਤਾ ਦਾ ਰੰਗ ਦੇਵਨੀਤ ਨੂੰ ‘ਸਟਾਲਿਨ ਦੀ ਚੁੱਪ ਦਾ ਰਾਜ਼ਦਾਰ’ ਆਖਦਾ ਹੈ। ਫ਼ੇਸਬੁਕ ਤੋਂ ਪਤਾ ਲਗਦਾ ਹੈ ਕਿ ਦੇਵਨੀਤ ਦੇ ਅਨੇਕਾਂ ਪਾਠਕ ਨੇ ਜੋ ਉਸ ਦੀਆਂ ਕਿਤਾਬਾਂ ਭਾਲ ਰਹੇ ਨੇ। ਇਕ ਵਾਰ ਮੈਂ ਉਹਦੀ ਸਿਹਤ ਦੀ ਦੁਆ ਲਈ ਨਿੱਕੀ ਜਿਹੀ ਪੋਸਟ ਪਾਈ, ਦੁਆਵਾਂ ਦੇ ਸੈਂਕੜੇ ਕੁਮੈਂਟ ਆਏ। ਜਪਾਨ ਵਾਸੀ ਸ਼ਾਇਰ ਮਿਤਰ ਪਰਮਿੰਦਰ ਸੋਢੀ ਨੇ ਲਿਖਿਆ, “ਇਹ ਇੱਕੀਵੀਂ ਸਦੀ ਦਾ ਦੂਜਾ ਦਹਾਕਾ ਹੈ, ਕਵਿਤਾ ਦੀ ਕਿਸ ਨੂੰ ਲੋੜ ਹੈ ..!? ਮੈਨੂੰ ਅੰਦਾਜ਼ਾ ਨਹੀਂ ਹੈ ਕਿ ਅੱਜ ਕੱਲ ਪੰਜਾਬੀ ਵਿਚ ਕਵਿਤਾ ਦੇ ਕਿੰਨੇ ਕੁ ਪਾਠਕ ਨੇ ..! ਪਰ ਜਿੰਨੇ ਵੀ ਨੇ ਕੀ ਉਨ੍ਹਾਂ ਨੇ ਦੇਵਨੀਤ ਦਾ ਨਾਂਅ ਸੁਣਿਆ ਹੈ ..!? ਉਸ ਨੇ ਸਾਡੀ ਕਵਿਤਾ ਦੀ ਕੈਨਵਸ ‘ਤੇ ਜਿਹੜੇ ਰੰਗ ਭਰੇ ਉਹ ਵਿਲੱਖਣ ਹਨ। ਮੈਨੂੰ ਪਤਾ ਹੈ ਉਹ ਅੱਜ ਕੱਲ ਬਹੁਤ ਬੀਮਾਰ ਚੱਲ ਰਿਹਾ ਹੈ। ਮੇਰਾ ਜੀਅ ਕਿਸੇ ਧਾਰਮਕ ਸਥਾਨ ਜਾਣ ਲਈ ਨਹੀਂ, ਦੇਵਨੀਤ ਦੇ ਦਰਸ਼ਨ ਕਰਨ ਲਈ ਕਾਹਲਾ ਪੈ ਰਿਹਾ ਹੈ..।”   ਦੋਸਤ ਅਨੇਮਨ ਨੇ ਇਹਦੇ ਨਾਲ ਆਪਣੇ ਸਬੰਧਾਂ ਅਤੇ ਕਵਿਤਾ ਦੀ ਸਾਂਝ ਨੂੰ ਬਹੁਤ ਹੀ ਭਾਵੁਕ ਤਰੀਕੇ ਨਾਲ ਦਰਸਾਇਆ ਹੈ, “ਮੇਰੇ ਮਾਨਸਾ ਆਉਣ ਤਕ ਮੈਂ ਕਵਿਤਾ ਨੂੰ ਕੋਈ ਬਹੁਤੀ ਡੂੰਘਾਈ ਨਾਲ ਨਹੀਂ ਲੈਂਦਾ ਸਾਂ। ਇਥੇ ਆ ਕੇ ਮੈਂ ਕਵਿਤਾ ਨੂੰ ਧਿਆਨ ਨਾਲ ਲੈਣਾ ਸ਼ੁਰੂ ਕੀਤਾ। ਮਾਨਸਾ ਦੀ ਪੋਇਟਰੀ ਨੂੰ ਵਾਚਿਆ। ਦੇਵਨੀਤ ਮੈਨੂੰ ਸਭ ਤੋਂ ਹਟ ਕੇ ਵੱਖਰੀ ਥਾਂ ‘ਤੇ ਖੜ੍ਹਾ ਦਿਸਿਆ। ਇਹਦੀਆਂ ਕਵਿਤਾਵਾਂ ਦੇ ਸਿਰਲੇਖ ਮੈਨੂੰ ਅੰਦਰ ਤਕ ਕੁਰੇਦਦੇ ਰਹਿੰਦੇ। ਇਸ ਦੀਆਂ ਕਈ ਕਵਿਤਾਵਾਂ ਮੇਰੇ ਮਨ ‘ਤੇ ਉੱਕਰੀਆਂ ਰਹਿੰਦੀਆਂ ਹਨ। ਕਿੰਨੀਆਂ ਕਵਿਤਾਵਾਂ ਨੂੰ ਮੈਂ ਅਕਸਰ ਤੁਰਦਿਆਂ ਫਿਰਦਿਆਂ, ਸਫ਼ਰ ਕਰਦਿਆਂ ਜਾਂ ਉਦਾਸ ਵੇਲਿਆਂ ‘ਚ ਗੁਣ ਗੁਣਾਉਂਦਾ ਰਹਿੰਦਾ ਹਾਂ।” ਤਨਵੀਰ ਨੇ ਦੇਵਨੀਤ ਦੀਆਂ ਉਹਨਾਂ ਕਵਿਤਾਵਾਂ ਨਾਲ ਸੰਵਾਦ ਰਚਾਇਆ ਹੈ ਜਿਹਨਾਂ ਨੂੰ ਪਾਠਕ ਮਿਤਰਾਂ ਨੇ ਅਸਮਝੀਆਂ ਤੇ ਔਖੀਆਂ ਕਵਿਤਾਵਾਂ ਕਿਹਾ ਹੈ।
ਇਸ ਕਿਤਾਬ ‘ਚ ਕੇਵਲ ਪੰਜ-ਛੇ ਪੱਤਰਾਂ ਨੂੰ ਸ਼ਾਮਲ ਕੀਤਾ ਹੈ। ਹਰਿੰਦਰ ਸਿੰਘ ਮਹਿਬੂਬ ਦੀਆਂ ਕੁਝ ਪੰਕਤੀਆਂ ਪੜ੍ਹਦੇ ਹਾਂ, ” ਮੈਂ ਆਪਣੇ ਰਚੇ ਜਾ ਰਹੇ ਮਹਾਂਕਾਵਿ ਦੀ ਪਹਿਲੀ ਜਿਲਦ ਵਿਚ ਗੁਰੂ ਨਾਨਕ ਸਾਹਿਬ ਨੂੰ ਪੇਸ਼ ਕਰ ਰਿਹਾ ਹਾਂ। ਜਿਸ ਦਿਨ ਦੀ ਮੈਨੂੰ ਆਪ ਜੀ ਦੀ “ਕਾਗਜ਼ ਕੰਦਰਾਂ” ਮਿਲੀ ਹੈ, ਮੈਂ ਇਹਦੇ ਵਿਚਲੀ ਕਵਿਤਾ ‘ਨਾਨਕ ਨੂੰ’ ਦਿਨ ਵਿਚ ਇਕ ਵਾਰ ਜ਼ਰੂਰ ਪੜ੍ਹਦਾ ਹਾਂ। ਇਹ ਕਵਿਤਾ ਮੈਨੂੰ ਕੋਈ ਅਦੁੱਤੀ ਪ੍ਰੇਰਨਾ ਦਿੰਦੀ ਹੈ। ਮਿਹਰਬਾਨ ਰੱਬ ਸੋਹਣੇ ਨੌਜੁਆਨ ਦੀ ਕਵਿਤਾ ਦਾ ਹੁਸੀਨ ਨਖਰਾ ਕਾਇਮ ਰੱਖੇ !” ਜਸਵੰਤ ਦੀਦ , ਸਰੋਦ ਸੁਦੀਪ ਤੇ ਗ਼ਜ਼ਲਕਾਰ ਜਸਵਿੰਦਰ, ਭੁਪਿੰਦਰ, ਬਿਪਨਪ੍ਰੀਤ ਤੇ ਨੀਰੂ ਅਸੀਮ ਦੇ ਪੱਤਰਾਂ ਅੰਦਰ ਦੋਸਤੀ ਦੇ ਸੱਚ ਦਾ ਅਪਣਾ ਅੰਦਾਜ਼ ਹੈ। ‘ਦੋ ਕੱਪ ਚਾਹ’ ਹਜ਼ਾਰਾਂ ਕੱਪਾਂ ‘ਚ ਪੈ ਚੁੱਕੀ ਹੈ। ਇਹਦੇ ਹਜ਼ਾਰਾਂ ਸਵਾਦ ਤੇ ਹਜ਼ਾਰਾਂ ਰੰਗ ਨੇ। ਇਹ ਸਭ ਦੋਸਤ-ਮਿਤਰਾਂ ਦੀ ਸੰਗਤ ਨਾਲ ਹੀ ਸੰਭਵ ਹੋਏ ਨੇ। ਇਸ ਚਾਹ ‘ਤੇ ਆਪ ਸਭ ਨੂੰ ਸੱਦਾ ਹੈ ।

ਦੇਵਨੀਤ
ਲੇਖਕਾਂ ਦੀ ਮੰਡੀ
ਦੇਵਨੀਤ ਨੇ ਇਹ ਲਿਖਤ ਨਵੰਬਰ 2010 ਵਿਚ ਨਾਭਾ ਕਵਿਤਾ ਉਤਸਵ ਤੋਂ ਤੁਰੰਤ ਬਾਅਦ ‘ਹੁਣ’ ਲਈ ਲਿਖ ਭੇਜੀ ਸੀ। ਸ਼ਾਇਦ ਇਹ ਲਿਖਤ ਇਸੇ ਅੰਕ ਲਈ ਹੀ ਸਾਂਭੀ ਗਈ ਸੀ। ਸ਼ਾਇਰ ਮਿੱਤਰ ਗੁਰਪ੍ਰੀਤ ਦੀ ‘ਦੋ ਕੱਪ ਚਾਹ’ ਅਤੇ ‘ਦੇਵਨੀਤ ਦੀਆਂ ਕਵਿਤਾਵਾਂ’ ਨਾਲ ਇਹ ਲਿਖਤ ਛਾਪਣ ਦੀ ਖ਼ੁਸ਼ੀ ਲੈ ਰਹੇ ਹਾਂ। – ਸੰਪਾਦਕ
ਮੇ
ਰੇ ਪਿੰਡ ਤੋਂ ਤੀਹ ਪੈਂਤੀ ਕੋਹ ਦੂਰ ਹੁੰਦੀ ਸੀ ਰਾਮੇ ਦੀ ਮਾਲ ਮੰਡੀ, ਮੌੜਾਂ ਦੀ ਮੰਡੀ ਯਾਨੀ ਪਸ਼ੂ ਮੇਲਾ। ਹਰ ਮੰਡੀ ‘ਤੇ ਹਰ ਘਰੋਂ ਇਕ ਦੋ ਪਸ਼ੂ ਜਾਂਦੇ ਵਿਕਣ ਲਈ। ਉਨ੍ਹਾਂ ਨਾਲ ਕਈ ਆਦਮੀ ਖ਼ਾਲੀ ਹੱਥ ਜਾਂਦੇ। ਆਉਂਦੇ ਹੋਏ ਕੋਈ ਗਾਂ, ਮੱਝ ਲਿਆ ਕਿੱਲੇ ਬੰਨ੍ਹਦੇ। ਆਂਢ-ਗੁਆਂਢ ਨਵੇਂ ਜੀਅ ਨੂੰ ਵੇਖਣ ਆਉਂਦਾ। ਵਿਸਾਖੀ  ਜਿੰਨਾਂ ਚਾਅ ਹੁੰਦਾ ਪਿੰਡ ਨੂੰ ਮਾਲ ਮੰਡੀ ਜਾਣ ਦਾ। ਇਕ ਵਾਰ ਮੇਰਾ ਵੱਡਾ ਭਾਈ ਮਾਸੀ ਦੇ ਮੁੰਡੇ ਨੂੰ ਮੰਡੀ ਜਾਣ ਲਈ ਤਿਆਰ ਕਰੀ ਜਾਵੇ। ਮੇਰੇ ਬਚਪਨ ਨੇ ਸੁਆਲ ਕੀਤਾ- ਆਪਾਂ ਨਾ ਕੋਈ ਪਸ਼ੂ ਖ਼ਰੀਦਣਾ ਹੈ, ਨਾ ਵੇਚਣਾ ਹੈ- ਫੇਰ ਤੁਸੀਂ ਮਾਲ ਮੰਡੀ ਕਿਉਂ ਜਾਂਦੇ ਹੋ? ਉਤਰ ਮਿਲਿਆ- ਮੰਡੀ ਵੇਖਣ।
ਉਦੋਂ ਨਹੀਂ ਸੀ ਸਮਝ ਲੱਗੀ, ਸਾਉਣ ਦੀ ਮੰਡੀ ਦੀ ਚਰਗਲ ‘ਚ, ਗੋਹੇ ਦੀਆਂ ਲਿਬੜੀਆਂ ਪੂਛਾਂ ਖਾਂਦੇ, ਗਿੱਟਿਆਂ ਤਕ ਗਾਰੇ ਨਾਲ ਲਿਬੜੇ ਮੰਡੀ ਵਿਚ ਕੀ ਵੇਖਦੇ ਹਨ; ਮੇਰੇ ਪਿੰਡ ਦੇ ਲੋਕ। ਹੁਣ ਸਮਝ ਆਈ ਹੈ ਕਿ ਮੰਡੀ ਵੇਖਣਾ ਕੀ ਹੁੰਦਾ ਹੈ- ਨਾਭੇ ਕਵਿਤਾ ਉਤਸਵ ‘ਤੇ ਜਾ ਕੇ।
ਦੁਨੀਆ ਭਰ ਦੇ ਲੇਖਕਾਂ ਦੀ ਵੀ ਅਪਣੀ-ਅਪਣੀ ਮਾਲ ਮੰਡੀ ਹੁੰਦੀ ਹੈ, ਮੇਰੇ ਪਿੰਡ ਦੇ ਲੋਕਾਂ ਵਾਂਗ। ਉਹ ਮੰਡੀ ਖ਼ਾਲੀ ਹੱਥ ਜਾਂਦੇ ਹਨ, ਖ਼ਾਲੀ ਮੁੜ ਆਉਂਦੇ ਹਨ। ਵਾਰ-ਵਾਰ ਜਾਂਦੇ ਹਨ। ਮੇਰੇ ਬਚਪਨ ਵਾਂਗ ਘਰ ਦੇ ਜੀਅ, ਬੱਚੇ, ਪਤਨੀ ਹੈਰਾਨ ਹੁੰਦੇ ਹਨ- ਇਹ ਉਥੇ ਕੀ ਲੈਣ, ਕੀ ਵੇਖਣ ਜਾਂਦੇ ਹਨ। ਇਸ ਗੱਲ ਦਾ ਉਤਰ ਕੋਈ ਸਿੱਧਾ, ਸੌਖਾ ਵਾਕ ਨਹੀਂ ਹੋ ਸਕਦਾ। ਮੇਰੇ ਬਚਪਨ ਨੂੰ ਹੈਰਾਨ ਕਰ ਦੇਣ ਵਾਲੇ, ਮੇਰੇ ਭਾਈ ਅਜ ਆਪ ਹੈਰਾਨ ਹੁੰਦੇ ਹਨ ਜਦੋਂ ਮੈਂ ਨਾਭੇ, ਲੁਧਿਆਣੇ ਦਿੱਲੀ ਜਾਂਦਾ ਹਾਂ।  ਨਾਭੇ ਕਵਿਤਾ ਉਤਸਵ ‘ਤੇ ਬਹੁਤ ਸਾਰੇ ਲੇਖਕ ਅਜਿਹੇ ਹੁੰਦੇ ਹਨ, ਜਿਨ੍ਹਾਂ ਨੇ ਨਾ ਕਵਿਤਾ ਪੜ੍ਹਨੀ ਹੁੰਦੀ ਹੈ, ਨਾ ਸੁਣਨੀ। ਉਹ ਹਾਲ ਦੇ ਬਾਹਰ ਫਿਰਦੇ ਕਿਤਾਬਾਂ ਵੇਖਦੇ, ਬਰੈਡ ਖਾਂਦੇ, ਟੋਟਕੇ ਛੱਡਦੇ ਫਿਰਦੇ ਹਨ। ਜੇ ਗੱਲਾਂ ਗਰਮ ਹੋ ਜਾਣ ਤਾਂ ਕੁਰਸੀਆਂ ਮੱਲ ਗੋਸ਼ਟ ਸ਼ੁਰੂ ਕਰ ਦੇਂਦੇ ਹਨ। ਝੁੰਡ ਵੱਧਣ ਲੱਗ ਜਾਂਦਾ ਹੈ। ਮੈਂ ਬਹੁਤ ਸਾਰੇ ਕਵੀਆਂ ਨੂੰ ਇਹ ਕਹਿੰਦੇ ਸੁਣਿਆ ਹੈ, ”ਸ਼ੁੱਕਰ ਹੈ, ਮੇਰਾ ਨਾਂਅ ਕਵਿਤਾ ਪੜ੍ਹਨ ਵਾਲਿਆਂ ਵਿਚ ਨਹੀਂ, ਬਸ ਮੌਜ ਨਾਲ ਮੇਲਾ ਵੇਖਦੇ ਹਾਂ, ਨਈਂ ਵਾਰੀ ਉਡੀਕਣੀ ਪੈਂਦੀ, ਹਾਲ ‘ਚ ਬਹਿਣਾ ਪੈਂਦਾ, ਟਉਆ ਲੈਣਾ ਪੈਂਦਾ, ਬੁੱਟਰ ਕੀ ਦੇਵੇਗਾ ਦੋ, ਚਾਰ ਸੌ, ਗੱਲਾਂ ਦਾ ਕੀ ਮੁੱਲ ਐ, ਨਾ ਲੱਖ ਨਾ ਕਰੋੜ; ਜਿਹੜੀਆਂ ਆਪਾਂ ਕਰੀ ਜਾਂਦੇ ਹਾਂ।” ਮੈਨੂੰ ਇਹ ਗੱਲ ਕਵਿਤਾ ਉਤਸਵ ਦਾ ਹਾਸਲ ਲਗਦੀ ਹੈ। ਨਾਭੇ ਮੇਲੇ ‘ਤੇ ਮੈਂ, ਤਸਕੀਨ, ਤਨਵੀਰ, ਸਰਬਜੀਤ ਤੇ ਸੁਸ਼ੀਲ ਟੈਂਟਾਂ ਦੇ ਓਹਲੇ ਸਟੀਲ ਦੇ ਗਲਾਸਾਂ ‘ਚ ਪੇਅ-ਜਲ ਪੀ ਰਹੇ ਸਾਂ। ਸੁਸ਼ੀਲ ਬੋਲਿਆ, ”ਬਾਬਿਓ! ਓਬਾਮਾ ਦੇ ਆਉਣ ਨਾਲ ਕੁਝ ਨੀਂ ਬਦਲਣਾ, ਉਹ ਤਾਂ ਇਕ ਮਸ਼ੀਨ ਦਾ ਪੁਰਜਾ ਆ।” ਸਵੀ, ਜ਼ਫ਼ਰ ਆਏ ਕਹਿੰਦੇ, “ਚਲੋ ਅੰਦਰ ਕਵਿਤਾ ਸੁਣੀਏ।” ਮੈਂ ਕਿਹਾ, ”ਕਵਿਤਾ ਤਾਂ ਕਿਤਾਬ ‘ਚੋਂ ਵੀ ਪੜ੍ਹ ਲਾਂਗੇ-ਆਹ ਗੱਲਾਂ ਦੀ ਕਿਹੜੀ ਐਮæਬੀæਡੀæ ਛਪਦੀ ਐ।” ਸੁਸ਼ੀਲ ਮੈਨੂੰ ਕਲਿੱਕ ਕਰਦਾ ਹੈ, ”ਬਾਬਿਓ! ਵੇਖਿਓ ਪਤਾ ਨੀਂ ਕਿਤੇ ਛਪਜੇ।”
ਡਾæ ਸਰਬਜੀਤ ਮੇਰੇ ਕੰਨ ‘ਚ ਕਹਿੰਦਾ ”ਦੇਵਨੀਤ, ਦੇਖ ਬਾਬੇ (ਡਾæ ਨੂਰ) ਛੇ ਘੰਟੇ ਤੋਂ ਪ੍ਰਧਾਨਗੀ ਮੰਡਲ ਵਿਚ ਬੈਠੇ ਐ, ਹਿੱਲੇ ਨੀਂ। ਜੇ ਪ੍ਰੋਗਰਾਮ ਰਾਤ ਦੇ ਗਿਆਰ੍ਹਾਂ ਵਜੇ ਤਕ ਵੀ ਚਲਦਾ ਰਹੇ, ਐਂ ਹੀ ਬੈਠੇ ਰਹਿਣਗੇ।” ਮੈਂ ਕਿਹਾ, ”ਕਾਮਰੇਡ, ਪਰੈਕਟਿਸ ਮੇਕਸ ਏ ਮੈਨ ਪਰਫ਼ੈਕਟ।”
ਨਾਭੇ ਵਾਲੀ ਮੰਡੀ ਤਾਂ ਹਰ ਸਾਲ ਨਵੰਬਰ ਮਹੀਨੇ ਲਗਦੀ ਹੈ। ਲੁਧਿਆਣੇ ਦੋ ਸਾਲਾਂ ਬਾਅਦ ਦੋ ਮੰਡੀਆਂ ਭਰਦੀਆਂ ਹਨ-ਪੰਜਾਬੀ ਭਵਨ। ਅਕਾਦਮੀ ਤੇ ਕੇਂਦਰੀ ਦੀਆਂ ਵੋਟਾਂ ਵੇਲੇ। ਇਥੇ ਬਾਰ੍ਹਾਂ ਸੌ ਦੇ ‘ਕੱਠ ‘ਚੋਂ ਵੋਟਰ ਮਸਾਂ ਅੱਠ ਸੌ। ਅਕਾਦਮੀ ਦੀ ਚੋਣ ਮੰਡੀ ਤਪੀ ਹੋਈ ਸੀ। ਦੇਸ ਰਾਜ ਕਾਲੀ ਕੋਲ ਨਿਰਮਲ ਜਸਪਾਲ ਖੜੀ ਸੀ, ਕਹਿੰਦੀ, ”ਕਾਲੀ, ਅਹੁ ਘੁੰਮਣ ਖੜੀ ਐ, ਵੋਟ ਨੂੰ ਕਹਾਂ।” ਕਾਲੀ ਬੋਲਿਆ, ”ਕੋਈ ਲੋੜ ਨੀਂ, ਸੁਹਣੀਆਂ ਬੀਬੀਆਂ ਤਾਂ ਮੈਨੂੰ ਬਿਨਾਂ ਕਹੇ ਵੋਟ ਪਾ ਦੇਂਦੀਆਂ ਨੇ। ਜਿੱਤ ਗਿਆ ਤਾਂ ਸੋਹਣੀਆਂ ਬੀਬੀਆਂ ਨੂੰ ਦੋ-ਦੋ ਵੋਟਾਂ ਪਾਉਣ ਦਾ ਅਧਿਕਾਰ ਦਿਵਾ ਦੇਵਾਂਗਾ।”
ਇਸ ਮੰਡੀ ‘ਚ ਮਨਿੰਦਰ ਕਾਂਗ, ਗੁਰਬਚਨ, ਗੁਲ ਚੌਹਾਨ, ਤਨਵੀਰ ਅਤੇ ਮੈਂ ਗੋਲ ਘੇਰੇ ਵਿਚ ਬੈਠੇ ਸਾਂ। ਕੋਲ ਗੱਬੀ ਕੈਮਰਾ ਲਈ ਖੜਾ ਸੀ। ਕਾਂਗ ਕਹਿੰਦਾ, ”ਮੇਰਾ ਫ਼ੋਟੋ ਖਿੱਚ, ਪਰ ਢਿੱਡ ਬਿਲਕੁਲ ਨਾ ਆਵੇ।” ਫ਼ੋਟੋ ਵੇਖੀ ਤਾਂ ਫ਼ੋਟੋ ‘ਚ ਕਾਂਗ ਦਾ ਢਿੱਡ ਹੀ ਦਿਸਦਾ ਸੀ। ਕਾਂਗ ਕਹਿੰਦਾ, ”ਇਹ ਕੀ ਕੀਤਾæææ ਮਾਂæææææ। ਗੁਲ ਬੋਲਿਆ, “ਤੂੰ ਮੂੰਹ ‘ਚੋਂ ਥੋੜ੍ਹਾ ਲਿਖਦੈ, ਢਿੱਡ ‘ਚੋਂ ਹੀ ਲਿਖਦੈਂ।”
ਗੁਲ ਚੌਹਾਨ ਕਹਿੰਦਾ ਮੈਂ ਵੋਟਰ ਨਹੀਂ ਹਾਂ। ਪਹਿਲੀ ਵਾਰ ਆਇਆਂ ਇਸ ਲਈ ਕਿ ਖ਼ਬਰੇ ਕਿਹੜੇ ਲੇਖਕ ਦੀਆਂ ਆਖ਼ਰੀ ਵੋਟਾਂ ਹੋਣ। ‘ਕੱਠ ਤਾਂ ਬੜਾ ਪਰ ਲੇਖਕ ਕਿਤੇ-ਕਿਤੇ ਹੀ ਨਜ਼ਰ ਪੈਂਦਾ ਹੈ। ਅਸੀਂ ਸਾਹਮਣੇ ਵੀਹ-ਤੀਹ ਲੇਖਕਾਂ ਦਾ ਝੁੰਡ ਵੇਖ ਰਹੇ ਹਾਂ, ਉਨ੍ਹਾਂ ‘ਚ ਬਹੁਤ ਅਜਿਹੇ ਹਨ ਜੋ ਕਦੇ ਕਿਤੇ ਛਪੇ/ਪੜ੍ਹੇ ਨਹੀਂ ਹਨ। ਵੇਖਦਿਆਂ ਉਤਲਾ ਸਾਹ ਉਤੇ ਹੀ ਖੜ੍ਹਨ ਲਗਦਾ ਹੈ ਪਰ ਜਦੋਂ ਉਨ੍ਹਾਂ ਵਿਚੋਂ ਦੀ ਪਾਤਰ ਸਾਹਿਬ ਲੰਘਦੇ ਨਜ਼ਰ ਆਏ ਤਾਂ ਸਾਹ ਫਿਰ ਸਾਵਾਂ ਜਾਂਦਾ ਹੈ। ਚੋਣਾਂ ਦਾ ਨਤੀਜਾ ਆਇਆ ਤਾਂ ਮੈਂ ਦੇਸ ਰਾਜ ਕਾਲੀ ਨੂੰ ਐਸ਼ਐਮæਐਸ਼ ਕੀਤਾ, ”ਕਾਲੀ, ਮੈਂ ਅਕਾਦਮੀ ਦਾ ਵੋਟਰ ਹੋਣ ਲਈ ਸ਼ਰਮਸ਼ਾਰ ਹਾਂ।”
ਇਕ ਹੋਰ ਮੰਡੀ-ਦਿੱਲੀ ਦੇ ਪ੍ਰਗਤੀ ਮੈਦਾਨ ਵਾਲਾ ਪੁਸਤਕ ਮੇਲਾ। ਇਸ ਮੇਲੇ ਵਿਚ ਸਾਰੀਆਂ ਭਾਸ਼ਾਵਾਂ ਦੇ ਛੋਟੇ-ਵੱਡੇ ਲੇਖਕ ਆਉਂਦੇ ਹਨ ਮੇਲਾ ਵੇਖਣ। ਆਉਂਦੇ ਤਾਂ ਉਹ ਖ਼ਾਲੀ ਹੱਥ ਹਨ ਪਰ ਜਾਂਦੇ ਹਨ ਬੋਰੀਆਂ/ਬੈਗਾਂ ਨਾਲ ਲੱਦੇ। ਇਕ ਮੇਲੇ ‘ਚ ਰਾਜ਼ ਕਮਲ ਦੇ ਸਟਾਲ ‘ਤੇ ਅਲੋਕ ਧਨਵਾ ਖੜਾ ਅਪਣੀਆਂ ਕਵਿਤਾਵਾਂ ਪੜ੍ਹ ਰਿਹਾ ਸੀ। ਕਵਿਤਾਵਾਂ ਸੁਣਾਉਣ ਤੋਂ ਬਾਅਦ ਉਹ ਅਪਣੇ ਦਸਤਖ਼ਤ ਕਰ-ਕਰ ਅਪਣੀ ਕਿਤਾਬ ‘ਦੁਨੀਆ ਰੋਜ਼ ਬਨਤੀ ਹੈ’ ਗਾਹਕਾਂ ਨੂੰ ਦੇ ਰਿਹਾ ਸੀ। ਅੱਛਾ ਲੱਗਾ। ਅਸੀਂ ਮਿਲੇ।
ਮੇਲੇ ਵਿਚ ਲੇਖਕ ਤੁਰਦੇ-ਫਿਰਦੇ ਇਕ-ਦੂਜੇ ਨੂੰ ਮਿਲਦੇ ਰਹਿੰਦੇ ਹਨ। ਜੁਮਲੇ-ਚੁਟਕਲੇ ਛੱਡਦੇ ਰਹਿੰਦੇ ਹਨ। ਸਾਡੇ ਕੋਲ ਦੀ ਕਹਾਣੀਕਾਰ ਜਿੰਦਰ ਲੰਘਿਆ ਕਹਿੰਦਾ, ”ਕਿਰਾਏ ਦੇ ਪੈਸੇ ਪਹਿਲਾਂ ਹੀ ਕੱਢ ਕੇ ਅੱਡ ਪਾ ਲਵੋ।” ਇਸ ਵਾਰ ਮੈਂ ਮੇਲੇ ਤੋਂ ਆ ਕੇ ਪਤਨੀ ਨੂੰ ਕਿਹਾ, ਇਸ ਵਾਰ ਗੁਰਪ੍ਰੀਤ ਨੇ ਕੋਈ ਕਿਤਾਬ ਨਹੀਂ ਖ਼ਰੀਦੀ। ਅਗਲੀ ਵਾਰ ਤੋਂ ਮੈਂ ਵੀ ਕਿਤਾਬਾਂ ਖ਼ਰੀਦਣੀਆਂ ਬੰਦ ਕਰ ਦੇਵਾਂਗਾ।” ਪਤਨੀ ਖੁਸ਼ ਹੋਈ, ”ਚੰਗੈ ਨਾਲੇ ਘਰ ‘ਚੋਂ ਕੂੜਾ ਘਟ ਜਾਊ।”
ਅਮਰਜੀਤ ਗਰੇਵਾਲ ਅਤੇ ਪਾਤਰ ਸਾਹਿਬ ਨੇ ਕਿਤਾਬਾਂ ਦੀਆਂ ਬੋਰੀਆਂ ਤਾਂ ਭਰ ਲਈਆਂ। ਫਿਰ ਡਰ ਗਏ। ਘਰ ਕਿਵੇਂ ਵੜਾਂਗੇ। ਸਕੀਮ ਲੜਾਈ ਗਈ। ਜਦੋਂ ਗਰੇਵਾਲ ਦੇ ਘਰ ਕਿਤਾਬਾਂ ਪਹੁੰਚੀਆਂ ਤਾਂ ਗਰੇਵਾਲ ਨੇ ਪਤਨੀ ਨੂੰ ਕਿਹਾ, ”ਭਾਗਵਾਨੇ, ਤੈਨੂੰ ਕਿਹਾ ਸੀ ਨਾ, ਮੈਂ ਇਸ ਵਾਰ ਕਿਤਾਬਾਂ ਨਹੀਂ ਖ਼ਰੀਦਾਂਗਾ, ਨਹੀਂ ਖ਼ਰੀਦੀਆਂ।” ਪਤਨੀ ਚੌਂਕੀ, ”ਆਹ ਬੋਰੀਆਂ ਕਾਸਦੀਆਂ ਭਰੀਐਂ? ਇਹ ਤਾਂ ਪਾਤਰ ਸਾਹਿਬ ਦੀਆਂ ਕਿਤਾਬਾਂ ਹਨ, ਰਿਕਸ਼ੇ ਵਾਲਾ ਭੁਲੇਖੇ ਨਾਲ ਸਾਡੇ ਘਰ ਛੱਡ ਗਿਆ। ਦੋ ਤਿੰਨ ਦਿਨਾਂ ਬਾਅਦ ਦੋਹੇਂ ਪਤਨੀਆਂ ਮਿਲ ਗਈਆਂ। ਮਿਸਜ਼ ਗਰੇਵਾਲ ਕਹਿੰਦੀ, ”ਮੈਡਮ ਸਾਡੇ ਘਰ ਪਾਤਰ ਸਾਹਿਬ ਦੀਆਂ ਕਿਤਾਬਾਂ ਆ ਗੀਆਂ ਗ਼ਲਤੀ ਨਾਲ। ਤੁਸੀਂ ਮੰਗਵਾ ਲਵੋ। ਗਰੇਵਾਲ ਸਾਹਿਬ ਤਾਂ ਕੋਈ ਕਿਤਾਬ ਨਹੀਂ ਲੈ ਕੇ ਆਏ। ਮਿਸਜ਼ ਪਾਤਰ ਬੋਲੀ, ”ਭੈਣ ਜੀ, ਤੁਸੀਂ ਵੀ ਸਾਡੇ ਘਰ ਪਈਆਂ ਬੋਰੀਆਂ ਮੰਗਵਾ ਲਵੋ। ਉਹ ਵੀ ਗ਼ਲਤੀ ਨਾਲ ਸਾਡੇ ਘਰ ਪਹੁੰਚ ਗਈਆਂ।” ਚੋਰ ਫੜੇ ਗਏ। ਚੋਰੀ ਦੇ ਪੂਤ ਕਦੋਂ ਜੁਆਨ ਹੋਏ।
ਮੋਹਨਜੀਤ ਅਪਣੀ ਨੂੰਹ ਰਾਣੀ ਦੇ ਹੱਥਾਂ ਦੇ ਬਣੇ ਆਲੂਆਂ ਦੇ ਪਰੌਂਠੇ ਲੈ ਕੇ ਆਇਆ ਸਾਡੇ ਲਈ। ਅਸੀਂ ਤੁਰਦੇ ਫਿਰਦੇ ਪਰੌਂਠੇ ਖਾਂਦੇ ਰਹੇ। ਮੈਂ ਗੁਰਪ੍ਰੀਤ ਨੂੰ ਕਿਹਾ, ”ਗੁਰਪ੍ਰੀਤ! ਆਪਾਂ ਹੁਣ ਕਿਸੇ ਗਿਣਤੀ ਵਿਚ ਆਉਣ ਲੱਗ ਗਏ ਹਾਂ।” ਉਹ ਚੌਂਕਿਆ, ”ਇਹ ਕਿਵੇਂ ਪਤਾ ਲੱਗਾ।” ਮੈਂ ਬੋਲਿਆ, ”ਪੰਜਾਬੀ ਦਾ ਐਡਾ ਵੱਡਾ ਸ਼ਾਇਰ ਸਾਡੇ ਲਈ ਪਰੌਂਠੇ ਲਿਆਇਆ ਹੈ-ਇਸ ਲਈ।”
19 ਮਾਰਚ ਤੋਂ 21 ਮਾਰਚ, ਭਾਰਤ ਭਵਨ ਵਲੋਂ ਭੁਪਾਲ ‘ਚ ਕਾਵਿ ਭਾਰਤੀ-5 ਦਾ ਆਯੋਜਨ ਕੀਤਾ ਗਿਆ। 15 ਭਾਸ਼ਾਵਾਂ ਦੇ 30 ਕਵੀ ਬੁਲਾਏ ਗਏ। ਪੰਜਾਬੀ ਦੇ ਨੀਰੂ ਅਸੀਮ ਤੇ ਮੈਂ ਸਾਂ। ਮੇਰੇ ਲਈ ਇਹ ਕਵੀਆਂ ਦੀ ਨਿਵੇਕਲੀ ਤਿੰਨ ਦਿਨਾਂ ਮੰਡੀ ਸੀ। ਸਭ ਤੋਂ ਪਹਿਲਾਂ ਤਾਂ ਮੈਂ, ਮੈਨੂੰ ਬੁਲਾਏ ਜਾਣ ‘ਤੇ ਹੀ ਹੈਰਾਨ ਸਾਂ। ਮੈਂ, ਮੈਥੋਂ ਪਹਿਲਾਂ ਪਹੁੰਚ ਚੁੱਕੇ ਕਵੀ/ਆਲੋਚਕ ਸਫ਼ੀ ਸ਼ੌਕ ਦਾ ਰੂਮ-ਮੇਟ ਸਾਂ। ਨੀਰ, ਸਹਿਨਾਜ਼ ਬੇਗ਼ਮ ਦੀ ਰੂਮ-ਮੇਟ। ਰਾਤੇ ਰਾਤ ਮੈਂ ਤੇ ਸ਼ੌਕ ਗੂੜ੍ਹੇ ਮਿੱਤਰ ਬਣ ਗਏ। ਮਾਂ ਜਾਏ ਸਕੇ ਭਾਈ। ਦੂਜੇ ਦਿਨ ਮੈਨੂੰ ਸ਼ੌਕ ਨੇ ਦੱਸਿਆ ਕਿ ਮੈਂ ਤੇਰਾ ਨਾਂਅ ਸੁਣ ਕੇ ਡਰ ਗਿਆ ਸਾਂ। ਮੈਂ ਕਾਊੁਂਟਰ ‘ਤੇ ਭੱਜ-ਭੱਜ ਪੰਜ ਵਾਰੀ ਗਿਆ। ਪੰਜਾਬੀ ਨੂੰ ਮੇਰੇ ਨਾਲ ਨਾ ਠਹਿਰਾਓ। ਨਹੀਂ ਤਾਂ ਮੇਰਾ ਬਿਸਤਰਾ ਬਰਾਂਡੇ ਵਿਚ ਲਾ ਦਿਓ। ਮੈਂ ਸਿਗਰਟਾਂ ਪੀਂਦਾ ਹਾਂ। ਉਨ੍ਹਾਂ ਨੇ ਕਿਹਾ, ”ਔਖੇ-ਸੌਖੇ ਅੱਜ ਦੀ ਰਾਤ ਕੱਟ ਲਵੋ।” ਮਿਲੇ ਤਾਂ ਸ਼ੌਕ ਨਾਲ ਮੇਰਾ ਹਰ ਤਰ੍ਹਾਂ ਦਾ ਮੇਲ ਸੀ। ਮੈਂ ਕਿਹਾ ਮੈਂ ਦਾਰੂ ਪੀਂਦਾਂ, ਉਹ ਕਹਿੰਦਾ ਮੈਂ ਪੀਤੀ ਹੋਈ ਹੈ। ਮੈਂ ਕਿਹਾ, ”ਮੈਂ ਕਾਮਰੇਡ ਰਿਹਾਂ।” ਉਹ ਕਹਿੰਦਾ, “ਮੈਂ ਨੌਕਰੀ ਤੋਂ ਕੱਢਿਆਂ। ਜੇਲ੍ਹ ਕੱਟੀ ਐ।”
ਮੈਂ ਅੱਜ ਤੱਕ ਤਾਰੇ ਵਾਲੇ ਹੋਟਲਾਂ ਦੇ ਮੂਹਰਦੀ ਹੀ ਲੰਘਿਆਂ ਸਾਂ। ਪਰ ਹੁਣ ਕਵਿਤਾ ਕਾਰਨ ਵਿਚ ਰਹਿ ਰਿਹਾ ਸਾਂ। ਇਕ ਸਵੇਰ ਮੈਂ ਉਠ ਕੇ ਬਾਹਰ ਚਲਾ ਗਿਆ। ਵਾਪਸ ਆਇਆ ਤਾਂ ਸ਼ੌਕ ਬਿਸਤਰੇ ‘ਚ ਬੈਠਾ ਕਵਿਤਾ ਲਿਖ ਰਿਹਾ ਸੀ। ਮੇਜ਼ ‘ਤੇ ਪਈ, ਰਾਤ ਦੀ ਬਚੀ ਸਿਗਨੇਚਰ ਹੋਰ ਥੋੜ੍ਹੀ ਲੱਗ ਰਹੀ ਸੀ। ਉਸ ਨੇ ਕਵਿਤਾ ਪੂਰੀ ਕੀਤੀ, ”ਛੱਤ ਸੇ ਟਪਕੀ ਕਵਿਤਾ”। ਮੈਨੂੰ ਪੜ੍ਹਾਈ। ਮੈਂ ਕਿਹਾ, ”ਇਹ ਤੂੰ ਅਪਣੇ ਸੈਸ਼ਨ ‘ਚ ਪਹਿਲੀ ਕਵਿਤਾ ਪੜ੍ਹੀਂ।: ਉਸ ਕਵਿਤਾ ਦੀਆਂ ਸਤਰਾਂ ਸੁਣੋ-ਨੀਰੂ ਮੁਝੇ ਬੇਚਾਰਾ ਕਸ਼ਮੀਰੀ ਕਹਿਤੀ ਰਹੀ/ ਮੁਝੇ ਬਹੁਤ ਬੁਰਾ ਲਗਾ/ ਦੇਵਨੀਤ ਬੜਾ ਬਾਈ ਕਹਿ/ ਮੇਰੀ ਸੇਵਾ ਕਰਤਾ ਰਹਾ/ ਮੁਝੇ ਬਹੁਤ ਬੁਰਾ ਲਗਾ। ਦੂਜੇ ਦਿਨ ਬਰੇਕ ਫ਼ਾਸਟ ਵਿਚ ਮੇਜ਼ਾਂ ‘ਤੇ ਰੱਖਿਆ ਲੱਲ੍ਹ ਪੱਲ੍ਹ ਸਮਝ ਨਾ ਆਇਆ। ਮੈਂ ਸਿਰਫ਼ ਆਮਲੇਟ ਬਾਰੇ ਜਾਣਦਾ ਸਾਂ। ਕੁਝ ਟੁਕੜਾ ਲਿਆ। ਮੁਕਾ ਲਿਆ। ਸ਼ੌਕ ਮੇਰੇ ਨਾਲ ਬੈਠਾ ਖਾਈ ਜਾ ਰਿਹਾ ਸੀ। ਮੈਂ ਨੈਪਕਿਨ ਚੁੱਕਿਆ, ਕਵਿਤਾ ਲਿਖਣ ਲੱਗਾ, ‘ਕਵਿਤਾ ਕਾ ਫ਼ਾਈਵ ਸਟਾਰ’। ਇਹ ਕਵਿਤਾ ਮੈਂ ਵੀ ਅਪਣੇ ਸੈਸ਼ਨ ਵਿਚ ਪੜ੍ਹੀ। ਤਿੰਨ ਦਿਨ ਝੀਲ ਕਿਨਾਰੇ ਭਾਰਤ ਭਵਨ ਤੇ ਹੋਟਲ ਵਿਚੋਂ ਆਉਂਦਿਆਂ-ਜਾਂਦਿਆਂ ਵਿਆਹ ਵਰਗੇ ਲੰਘੇ।

ਦੇਵਨੀਤ ਦੀਆਂ ਕਵਿਤਾਵਾਂ

ਨਾਨਕ ਨੂੰ
ਜਦ ਕਦੇ
ਅੰਬਰ ਵਰ੍ਹਦਾ
ਸਾਰੇ ਦਾ ਸਾਰਾ

ਵਰ੍ਹਦਾ ਵਰ੍ਹਦਾ

ਧਰਤ ਸੰਗ ਆ ਮਿਲਦਾ

ਕਾਲੀ ਰਾਤ
ਸੱਚ ਜਨਮਦਾ

ਚਹੁੰ ਕੂੰਟਾਂ
ਖੜਾਵਾਂ ਬਣ ਜਾਂਦੀਆਂ
ਸਭ ਸਫ਼ਰ
ਉਦਾਸੀਆਂ ਬਣ ਜਾਂਦੇ

ਜਦ ਸੱਚ ਬੁੱਢਾ ਹੋਣ ਲਗਦਾ
ਸਭ ਸਫ਼ਰ
ਸੱਚ ਲੁੱਟਣ ਤੁਰ ਪੈਂਦੇ

ਖੜ੍ਹਾਵਾਂ ਖੜ੍ਹ ਖੜ੍ਹ ਜਾਂਦੀਆਂ
ਪੱਥਰ ਹੋ ਜਾਂਦੀਆਂ

ਪੂਜ-ਪੱਥਰ।।

ਗਾਮਾ ਕਿੱਥੋਂ ਪੜ੍ਹਿਆ ਹੈ
ਗਾਮਾ
ਜੱਟ-ਸਿੱਖ ਹੈ
ਅਨਪੜ੍ਹ ਹੈ
ਉਹ ਨਹੀਂ ਜਾਣਦਾ
ਆਸਤਿਕਤਾ ਦੇ ਅਰਥ

ਨਹੀਂ ਜਾਣਦਾ ਉਹ

ਸਿੱਖ ਤੱਤ-ਮਿਮਾਸਾਂ
ਸਿਖਾਲੋਜੀ ਵਿਚ
ਹੁਕਮ ਅਤੇ ਰਜ਼ਾ ਦਾ ਸਿਧਾਂਤ

ਉਸਦੀ ਪੱਕੀ ਕਣਕ ‘ਤੇ ਗੜੇ ਪੈ ਜਾਂਦੇ ਹਨ
ਉਹ
ਖਾਲੀ ਖੇਤ ਦੀ ਵੱਟ ‘ਤੇ ਜਾ ਬੈਠਦਾ ਹੈ

ਸਾਬਤ
ਘਰ ਪਰਤ ਆਉਂਦਾ ਹੈ

ਗਾਮਾ ਕਿੱਥੋਂ ਪੜ੍ਹ ਗਿਆ ਹੈ ।।

ਰਾਣੀ
ਉਹ ਔਰਤ
ਅਕਸਰ ਦੇਖੀ ਜਾ ਸਕਦੀ ਹੈ

ਚੌਕਾਂ ਵਿੱਚ , ਸੜਕਾਂ ‘ਤੇ
ਕਾਗ਼ਜ਼ਾਂ ਦੇ ਟੋਟੇ ਚੁਕਦੀ
ਕੱਚ ਚੱਪਲਾਂ ਤੇ ਹੋਰ ਸਭ ਕੁਝ
ਜੋ ਉਸ ਤੋਂ ਬਿਨਾਂ
ਸਭ ਲਈ ਫਾਲਤੂ ਹੁੰਦਾ ਹੈ

ਸੂਰਜ ਨਾਲ ਲੜਦੀ ਆ ਰਹੀ ਹੈ
ਸੜਕ ਵਰਗੀ ਉਹ ਔਰਤ

ਉਸਦੇ ਪੈਰਾਂ ਦੀਆਂ ਤਲੀਆਂ
ਉਸਦੀਆਂ ਚੱਪਲਾਂ ਬਣ ਗਈਆਂ ਹਨ
ਉਸਦੇ ਜਿਸਮ ਤੋਂ ਕੱਪੜੇ
ਫਟ ਗਏ ਹਨ
ਜਿੱਥੋਂ ਉਹਨਾਂ ਨੂੰ ਨਹੀਂ ਸੀ
ਫਟਣਾ ਚਾਹੀਂਦਾ

ਵੇਖ ਰਿਹਾਂ ਹਾਂ

ਉਸਦੀ ਮੁੰਦਰੀ ਪਹਿਨਣ ਵਾਲੀ ਉਂਗਲ
ਖਾਲੀ ਨਹੀਂ ਹੈ।।

ਮੇਰੇ ਦੋ ਘਰ
ਮੇਰੇ ਘਰ ਦੇ ਮੁੱਖ ਦੁਆਰ ਕੋਲ
ਤੁਹਾਡੇ ਲਈ
ਡੇਲੀਏ ਦਾ ਫੁੱਲ ਖਿੜਿਆ ਹੈ

ਨਾਲ ਹੀ ਹਰਾ ਕਚੂਰ ਮੈਦਾਨ

ਅੱਗੇ ਕਮਰਿਆਂ ਅੰਦਰ
ਕੂੜਾ-ਝੂਠ-ਚਾਲ-ਕਬਾੜ-ਘਿਰਣਾ

ਤੁਸੀਂ ਅੱਗੇ ਨਹੀਂ ਜਾ ਸਕਦੇ
ਹੁਣ

ਮੈਂ ਸਭ ਨੂੰ
ਘਾਹ ‘ਚ ਰੱਖਣਾ ਸਿੱਖ ਲਿਆ ਹੈ ।।

ਵੀਲ੍ਹ ਚੇਅਰ ਦੀ ਪ੍ਰਾਰਥਨਾ
ਸਕੂਲ ਦੀ ਸਵੇਰ ਸਭਾ ਹੋ ਰਹੀ ਹੈ
ਵੀਲ੍ਹ ਚੇਅਰ ‘ਚ ਬੈਠੀ ਕੁੜੀ
ਸੁਣ ਰਹੀ ਹੈ :
ਸਾਵਧਾਨ ! ਵੀਸ਼ਰਾਮ ਆਰਾਮ ਸੇ !!

ਕੁੜੀ ਆਰਾਮ ਸੇ ਦੀ ਮੁਦਰਾ ਵਿਚ ਵੀ –
ਆਰਾਮ ਸੇ ਨਹੀਂ
ਜੋ ਮਾਂਗੇ ਦੀ ਧੁਨ ‘ਤੇ ਜੁੜੇ ਹੱਥ
ਕੁੜੀ ਸੋਚਦੀ ਹੈ :

ਮੇਰੇ ਸਾਥੀ ਸਾਬਤ ਤਾਂ ਹਨ
ਉਹ ਠਾਕੁਰ ਤੋਂ ਕੀ ਮੰਗ ਰਹੇ ਹਨ ।।

ਕਣਕ ‘ਚ ਕੋਲਾ
ਪੰਜਾਬ ਦਾ ਕਿਸਾਨ
ਤਾਂ ਅੱਜ
ਰੇਲਵੇ ਟਰੈਕ ‘ਤੇ ਵਿਛਿਆ ਬੈਠਾ ਹੈ

ਮਾਹੌਲ
ਕੋਲੇ ਵਾਲੇ ਇੰਜਨ ਦਾ
ਬੁਆਇਲਰ ਬਣ ਗਿਆ ਹੈ

ਇਹ ਕੋਲਾ ਕਿੱਥੋਂ ਆ ਗਿਆ
ਸਿਆੜਾਂ ਅੰਦਰ
ਬੀਜਾਂ ਦੀ ਥਾਂ

ਬੋਹਲ ਪੁਛਦੇ ਹਨ ।।

ਨੰਜਨ ਦੀ ਭਗਤੀ ਲਹਿਰ
ਸਦੀਆਂ ਤੋਂ
ਨੰਜਨ ਮਜ਼ਦੂਰ ਘਰ ਬਣਾਉਂਦਾ ਆ ਰਿਹਾ ਹੈ
ਹਰ ਘਰ ਦੀ ਹਰ ਇੱਟ ‘ਤੇ
ਉਹਦੀ ਛੂਹ-ਛਾਪ
ਇੱਟਾਂ ਗਾਰੇ ‘ਚ ਉਹਦੀ ਜਿਸਮ ਗੰਧ
ਢੂਲੇ,ਰੱਸੇ,ਪੈੜਾਂ ਉਹਦੀਆਂ
ਹਸਤ-ਰੇਖਾਵਾਂ
ਫ਼ਰਸ਼ਾਂ ਹੇਠਾਂ ਕੁੱਟੀ ਕਰੜੀ ਮਿੱਟੀ
ਉਸਦਾ ਦਮ-ਖਮ

ਉਹ ਆਪਣੇ ਬਣਾਏ ਘਰ ਕੋਲੋਂ
ਅਭਿੱਜ ਲੰਘ ਰਿਹਾ ਹੈ

ਸਿਧਾਰਥ,ਕਬੀਰ,ਨੰਜਨ ‘ਚੋਂ ਕੌਣ
ਵੱਡਾ ਹੈ
ਮੈਂ ਨੰਜਨ ਨੂੰ ਵੱਧ ਜਾਣਦਾ ਹਾਂ ।।

Leave a Reply

Your email address will not be published. Required fields are marked *