fbpx Nawidunia - Kul Sansar Ek Parivar

ਪੰਜਾਬੀ ਫ਼ਿਲਮਾਂ ਦਾ ਮੁੱਢਲਾ ਦੌਰ, ਰੇਡੀਓ ਅਤੇ ਗੀਤ-ਸੰਗੀਤ

 

ਡਾ. ਰਾਜਵੰਤ ਕੌਰ ਪੰਜਾਬੀ,+91-85678-86223

 

 

7 ਜੁਲਾਈ 1896 ਨੂੰ ਲੂਮੇਰ ਬ੍ਰਦਰਜ਼ ਵੱਲੋਂ ਬੰਬਈ ਵਿੱਚ 6 ਛੋਟੀਆਂ ਮੂਕ ਫ਼ਿਲਮਾਂ ਦਿਖਾਉਣ ਨਾਲ ਹਿੰਦੁਸਤਾਨ ਵਿੱਚ ਸਿਨਮੇ ਦਾ ਆਰੰਭ ਹੋਇਆ। ਪਹਿਲੀ ਮੂਕ ਫ਼ਿਲਮ ‘ਰਾਜਾ ਹਰੀਸ਼ ਚੰਦਰ’ 1913 ਵਿੱਚ ਅਤੇ ਪਹਿਲੀ ਬੋਲਦੀ ਫ਼ਿਲਮ ‘ਆਲਮਆਰਾ’ 1931 ਵਿੱਚ ਰਿਲੀਜ਼ ਹੋਈ। ਲੋਕ ਮਨਾਂ ‘ਤੇ ਰਾਜ ਕਰਨ ਵਾਲੇ ਪ੍ਰਸਿੱਧ ਦੁਨਿਆਵੀ ਪ੍ਰੀਤ ਜੋੜਿਆਂ, ਯੋਧਿਆਂ, ਸੂਰਬੀਰਾਂ ਅਤੇ ਭਗਤਾਂ ਨਾਲ ਸਬੰਧਤ ਮੁਢਲੀਆਂ ਪੰਜਾਬੀ ਫ਼ਿਲਮਾਂ ਨੂੰ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ। ਖ਼ਾਮੋਸ਼ ਫ਼ਿਲਮਾਂ ਦੇ ਦੌਰ ਤੋਂ ਬਾਅਦ ਹੀਰ ਰਾਂਝਾ, ਸੋਹਣੀ ਮਹੀਂਵਾਲ, ਸੱਸੀ ਪੁੰਨੂੰ, ਰਾਜਾ ਗੋਪੀਚੰਦ, ਪੂਰਨ ਭਗਤ, ਦੁੱਲਾ ਭੱਟੀ, ਲੈਲਾ ਮਜਨੂੰ, ਸਹਿਤੀ ਮੁਰਾਦ, ਜੱਗਾ ਡਾਕੂ ਅਤੇ ਯਮਲਾ ਜੱਟ ਆਦਿ ਇਤਿਹਾਸਕ-ਮਿਥਿਹਾਸਕ ਪਾਤਰਾਂ ‘ਤੇ ਬਣੀਆਂ ਆਰੰਭਿਕ ਦੌਰ ਦੀਆਂ ਬੋਲਦੀਆਂ ਫ਼ਿਲਮਾਂ ਵਿੱਚ ਦਰਸ਼ਕਾਂ ਦੇ ਮਨੋਰੰਜਨ ਲਈ ਗੀਤ-ਸੰਗੀਤ ਦੀ ਵੀ ਪ੍ਰਸਤੁਤੀ ਹੋਈ। ਨੂਰ ਜਹਾਂ, ਸ਼ਮਸ਼ਾਦ ਬੇਗ਼ਮ, ਮੁਨੱਵਰ ਸੁਲਤਾਨਾ, ਕ੍ਰਿਸ਼ਨਾ ਕੱਲੇ ਅਤੇ ਮਾਸਟਰ ਗੁਲਾਮ ਹੈਦਰ ਜਿਹੀਆਂ ਸ਼ਖ਼ਸੀਅਤਾਂ ਨੇ ਸ਼ੁਰੂਆਤੀ ਫ਼ਿਲਮਾਂ ‘ਚ ਪਿੱਠਵਰਤੀ ਗਾਇਕਾਂ ਵਜੋਂ ਆਪਣੀ ਆਵਾਜ਼ ਦਿੱਤੀ।

ਦੇਸ਼ ਵੰਡ ਉਪਰੰਤ ਬਣਨ ਵਾਲੀਆਂ ਭਾਰਤੀ ਫ਼ਿਲਮਾਂ ਉੱਪਰ ਸਰਕਾਰ ਵੱਲੋਂ ਮਨੋਰੰਜਨ ਕਰ ਨਾ ਲਾਏ ਜਾਣ ਕਾਰਨ ਫ਼ਿਲਮ ਦੀ ਕਥਾ ਨਾਲ ਵਾਬਸਤਾ ਸੰਗੀਤ-ਪ੍ਰਧਾਨ ਅਤੇ ਨ੍ਰਿਤ-ਪ੍ਰਧਾਨ ਖੇਤਰੀ ਫ਼ਿਲਮਾਂ ਦੀ ਸਿਰਜਣਾ ਹੋਣ ਲੱਗੀ। ਭਾਵੇਂ ਉਸ ਵੇਲੇ ਹਿੰਦੀ ਫ਼ਿਲਮਾਂ ਦਾ ਬੋਲਬਾਲਾ ਸੀ, ਫਿਰ ਵੀ ਕਹਾਣੀ ਦੱਸ ਕੇ ਗੀਤਕਾਰਾਂ ਤੋਂ ਪੰਜਾਬੀ ਗੀਤ ਲਿਖਵਾਏ ਜਾਣ ਦੀ ਮੰਗ ਜ਼ੋਰ ਫੜਨ ਲੱਗੀ। ਨਿਰਦੇਸ਼ਕ ਰਾਮ ਮਹੇਸ਼ਵਰੀ ਨੇ ਇਤਿਹਾਸਕ ਕਦਮ ਪੁੱਟਦਿਆਂ ਧਾਰਮਿਕ ਫ਼ਿਲਮ ‘ਨਾਨਕ ਨਾਮ ਜਹਾਜ਼ ਹੈ’ (1969) ਰਾਹੀਂ ਪੰਜਾਬੀ ਸਿਨਮਾ ਦੀ ਸਿਆਹ-ਸਫ਼ੈਦ ਫ਼ਲਿਮਾਂ ਦੀ ਥਾਂ ਰੰਗੀਨ ਫ਼ਲਿਮਾਂ ਨਾਲ ਸਾਂਝ ਪੁਆਈ ਅਤੇ ਧਾਰਮਿਕ ਫ਼ਿਲਮਾਂ ਬਣਾਉਣ ਵਿੱਚ ਵੀ ਪਹਿਲਕਦਮੀ ਕੀਤੀ। ਇਸ ਫ਼ਲਿਮ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀਆਂ ਤੋਂ ਬਾਕਾਇਦਾ ਰਾਗਾਂ ਵਿੱਚ ਸ਼ਬਦ ਗਾਇਨ ਕਰਵਾ ਕੇ ਸ਼ਾਮਿਲ ਕੀਤੇ ਗਏ। ਵੰਡ ਤੋਂ ਲਗਪਗ ਦੋ ਦਹਾਕਿਆਂ ਉਪਰੰਤ ਰਿਲੀਜ਼ ਹੋਈਆਂ ਫ਼ਿਲਮਾਂ ਵਿੱਚ ਗੀਤ-ਸੰਗੀਤ ਦੀ ਹਾਜ਼ਰੀ ਵਧੇਰੇ ਲੱਗਣ ਲੱਗੀ। ਇੱਕ ਫ਼ਿਲਮ ਵਿੱਚ ਕਈ-ਕਈ ਵਧੀਆ ਗੀਤ ਦਰਸ਼ਕਾਂ ਨੂੰ ਦੇਖਣ-ਸੁਣਨ ਨੂੰ ਮਿਲਣ ਲੱਗੇ। ਮੁਹੰਮਦ ਰਫ਼ੀ, ਦਿਲਰਾਜ ਕੌਰ ਅਤੇ ਕ੍ਰਿਸ਼ਨਾ ਕੱਲੇ ਦੇ ਗਾਏ ਗੀਤ, ਲੋਕ ਗੀਤਾਂ ਵਾਂਗ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹਨ ਲੱਗੇ। ਇਸੇ ਤਰ੍ਹਾਂ ਪਿੱਠਵਰਤੀ ਗਾਇਕਾਵਾਂ ਵੱਲੋਂ ਗਾਏ ਗੀਤਾਂ ਨੇ ਫ਼ਿਲਮੀ ਦੁਨੀਆਂ ਲਈ ਗੀਤ-ਸੰਗੀਤ ਦੀ ਲੋਕਪ੍ਰਿਯਤਾ ਨੂੰ ਹੋਰ ਪ੍ਰਚਾਰਿਆ ਤੇ ਪ੍ਰਸਾਰਿਆ। ਅਦਾਕਾਰ ਅਤੇ ਨਿਰਦੇਸ਼ਕ ਵਰਿੰਦਰ ਰਾਹੀਂ ਯੂ.ਕੇ. ਦੇ ਸੰਗੀਤਕ ਬੈਂਡ ਅਲਾਪ ਤੇ ਹੀਰਾ ਗਰੁੱਪ ਦੀ ਪੰਜਾਬੀ ਫ਼ਿਲਮਾਂ ਵਿੱਚ ਆਮਦ ਹੋਈ। ਫਿਰ ਪੰਜਾਬੀ ਗਾਇਕ-ਗਾਇਕਾਵਾਂ ਜਿਵੇਂ ਮੁਹੰਮਦ ਸਦੀਕ-ਰਣਜੀਤ ਕੌਰ, ਸਰਦੂਲ ਸਿਕੰਦਰ-ਅਮਰ ਨੂਰੀ ਆਦਿ ਦੀ ਗੀਤਾਂ ਰਾਹੀਂ ਫ਼ਿਲਮਾਂ ਵਿੱਚ ਹਾਜ਼ਰੀ ਲੱਗਣ ਲੱਗੀ। ਜਿਸ ਪ੍ਰਕਾਰ ਪਾਕਿਸਤਾਨੀ ਪੰਜਾਬੀ ਫ਼ਿਲਮਾਂ ਦੇ ਨਿਰਦੇਸ਼ਕਾਂ ਵੱਲੋਂ ਭਾਰਤੀ ਪੰਜਾਬੀ ਫ਼ਿਲਮਾਂ ਦਾ ਪ੍ਰਭਾਵ ਕਬੂਲਿਆ ਗਿਆ, ਉਸੇ ਤਰ੍ਹਾਂ ਭਾਰਤੀ ਪੰਜਾਬੀ ਫ਼ਿਲਮਾਂ ਦੇ ਨਿਰਦੇਸ਼ਕਾਂ ‘ਤੇ ਵੀ ਪਾਕਿਸਤਾਨੀ ਪੰਜਾਬੀ ਫ਼ਿਲਮਾਂ ਅਸਰਅੰਦਾਜ਼ ਹੋਈਆਂ।

ਪੰਜਾਬੀ ਸਿਨਮਾ ਦੇ ਇਤਿਹਾਸ ਵਿੱਚ ਪਾਕਿਸਤਾਨ ਵਿੱਚ ਬਣੀਆਂ ਵੱਡੀ ਗਿਣਤੀ ਵਿੱਚ ਪੰਜਾਬੀ ਫ਼ਿਲਮਾਂ ਵੀ ਖ਼ਾਸ ਮਹੱਤਵ ਰੱਖਦੀਆਂ ਹਨ ਕਿਉਂਕਿ ਪਾਕਿਸਤਾਨ ਸਰਕਾਰ ਵੱਲੋਂ ਜਾਂ ਉੱਥੋਂ ਦੀ ਪੰਜਾਬ ਸਰਕਾਰ ਵੱਲੋਂ ਪੰਜਾਬੀ ਜ਼ੁਬਾਨ ਦੇ ਪ੍ਰਚਾਰ-ਪ੍ਰਸਾਰ ਵੱਲ ਬਹੁਤੀ ਤਵੱਜੋ ਨਹੀਂ ਦਿੱਤੀ ਗਈ। 1949 ਵਿੱਚ ਪਾਕਿਸਤਾਨ ਦੀ ਪਹਿਲੀ ਪੰਜਾਬੀ ਫ਼ਲਿਮ ‘ਫੇਰੇ’ ਰਿਲੀਜ਼ ਹੋਈ ਸੀ। ਬਾਬਾ ਚਿਸ਼ਤੀ ਵੱਲੋਂ ਲਿਖੇ ਇਸ ਫ਼ਿਲਮ ਦੇ ਗੀਤਾਂ ‘ਮੈਨੂੰ ਰੱਬ ਦੀ ਸਹੁੰ ਤੇਰੇ ਨਾਲ ਪਿਆਰ ਹੋ ਗਿਆ’, ‘ਕੀ ਕੀਤਾ ਤਕਦੀਰੇ ਕਿਉਂ ਰੋਲ ਸੁੱਟੇ ਦੋ ਹੀਰੇ’ ਤੇ ‘ਵੇ ਅੱਖੀਆਂ ਲਾਵੀਂ ਨਾ’ ਨੂੰ ਮੁਨੱਵਰ ਸੁਲਤਾਨਾ ਅਤੇ ਇਨਾਇਤ ਹੁਸੈਨ ਭੱਟੀ ਨੇ ਗਾਇਆ ਸੀ। ਇਸ ਫ਼ਿਲਮ ਦੇ ਗੀਤ ਇਸ ਦੀ ਜਿੰਦ-ਜਾਨ ਮੰਨੇ ਗਏ। ਵੰਡ ਤੋਂ ਪਹਿਲਾਂ ਦੇ ਸਮੇਂ ਨੂੰ ਆਪਣੇ ਕਲੇਵੇ ਵਿੱਚ ਲੈਂਦਾ ਇੰਡੋ-ਪਾਕਿ ਮੂਵੀ ਡਾਟਾਬੇਸ 1932 ਵਿੱਚ ਲਾਹੌਰ ਵਿੱਚ ਬਣਨ ਵਾਲੀ ਫ਼ਿਲਮ ‘ਹੀਰ ਰਾਂਝਾ’ (ਨਿਰਦੇਸ਼ਕ ਅਬਦੁਲ ਰਸ਼ੀਦ ਕਾਰਦਾਰ, ਸੰਗੀਤਕਾਰ ਰਫ਼ੀਕ ਗ਼ਜ਼ਨਵੀ) ਨੂੰ ਪਾਕਿਸਤਾਨ ਦੀ ਪਹਿਲੀ, 1933 ਵਿੱਚ ਲਾਹੌਰ ਵਿੱਚ ਹੀ ਬਣੀ ਫ਼ਿਲਮ ‘ਰਾਜਾ ਗੋਪੀ ਚੰਦ’ (ਨਿਰਦੇਸ਼ਕ ਅਖ਼ਤਰ ਨਵਾਜ਼ ਤੇ ਅਬਦੁਲ ਰਸ਼ੀਦ ਕਾਰਦਾਰ, ਸੰਗੀਤਕਾਰ ਐਮ.ਸੀ.ਬਾਲੀ) ਨੂੰ ਦੂਜੀ ਅਤੇ 1933 ਵਿੱਚ ਬੰਬਈ ਵਿੱਚ ਬਣੀ ‘ਸੋਹਣੀ ਮਹੀਵਾਲ’ (ਨਿਰਦੇਸ਼ਕઠ ਐੱਚ.ਐੱਸ. ਮਹਿਤਾ) ਨੂੰ ਤੀਜੀ ਪੰਜਾਬੀ ਫ਼ਿਲਮ ਦੱਸਦਾ ਹੈ। ਇੱਕ-ਦੂਜੇ ਨਾਲ ਭਿੰਨਤਾ ਰੱਖਣ ਵਾਲੇ ਪੰਜਾਬੀ ਫ਼ਿਲਮਾਂ ਸਬੰਧੀ ਮਿਲਦੇ ਤੱਥਗਤ ਵਖਰੇਵਿਆਂ ਬਾਰੇ ਭਵਿੱਖ ਦੇ ਖੋਜੀਆਂ ਵੱਲੋਂ ਮੂਲ ਸਰੋਤਾਂ ਤਕ ਰਸਾਈ ਕਰਕੇ ਪੜਤਾਲ ਕੀਤੀ ਜਾ ਸਕਦੀ ਹੈ ਅਤੇ ਤਾਰਕਿਕ ਨਤੀਜੇ ਕੱਢੇ ਜਾ ਸਕਦੇ ਹਨ।

ਭਾਰਤ-ਪਾਕਿ ਵੰਡ ਤੋਂ ਪਹਿਲਾਂ ਪੰਜਾਬੀ ਫ਼ਿਲਮਾਂ ਦੇ ਮੁਢਲੇ ਪੜਾਅ ਦੌਰਾਨ ਪੰਜਾਬ ਦੇ ਗਾਇਕ-ਗਾਇਕਾਵਾਂ ਨੇ ਵੰਨ-ਸੁਵੰਨੇ ਵਿਸ਼ਿਆਂ ਵਾਲੇ ਗੀਤ ਗਾਏ ਪਰ ਬਟਵਾਰੇ ਵੇਲੇ ਹੋਏ ਵੱਢ-ਟੁੱਕ ਦੇ ਦੁਖਾਂਤ ਨੇ ਪਰਸਪਰ ਸਾਂਝ ਨੂੰ ਬਹੁਤ ਪ੍ਰਭਾਵਿਤ ਕੀਤਾ। ਸਿੱਟੇ ਵਜੋਂ ਚੜ੍ਹਦੇ ਪੰਜਾਬ ਦੇ ਦਰਸ਼ਕ ਲਹਿੰਦੇ ਪੰਜਾਬ ਵਿੱਚ ਨਿਰਮਿਤ ਪੰਜਾਬੀ ਫ਼ਿਲਮਾਂ ਦੇਖਣ ਤੋਂ ਮਹਿਰੂਮ ਰਹਿ ਗਏ। ਕੁਝ ਅਜਿਹਾ ਹੀ ਲਹਿੰਦੇ ਪੰਜਾਬ ਦੇ ਦਰਸ਼ਕਾਂ ਤੇ ਸਰੋਤਿਆਂ ਨਾਲ ਵੀ ਵਾਪਰਿਆ। ਬਾਅਦ ਵਿੱਚ ਆਡੀਓ-ਵੀਡੀਓ ਖੇਤਰ ਵਿੱਚ ਨਵੀਨਤਮ ਸੂਚਨਾ ਅਤੇ ਤਕਨੀਕ ਨੇ ਭਾਵੇਂ ਇਹ ਸੁਵਿਧਾ ਪ੍ਰਦਾਨ ਕਰ ਦਿੱਤੀ ਪਰ ਪੰਜਾਬੀ ਫ਼ਿਲਮੀ ਗੀਤ ਸੁਣਨ ਦੇ ਹਰ ਚਾਹਵਾਨ ਦੀ ਤਮੰਨਾ ਇਸ ਕਰਕੇ ਪੂਰੀ ਨਾ ਹੋ ਸਕੀ ਕਿਉਂਕਿ ਹਰ ਵਿਅਕਤੀ ਕੋਲ ਸੰਚਾਰ-ਸਾਧਨ ਉਪਲਬਧ ਨਹੀਂ ਸਨ। ਟੈਲੀਵਿਜ਼ਨ, ਟੇਪ ਰਿਕਾਰਡ ਦੀ ਈਜਾਦ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਦੇ ਮਨੋਰੰਜਨ ਅਤੇ ਖ਼ਬਰਾਂ ਸੁਣਨ ਲਈ ਸਿਰਫ਼ ਰੇਡੀਓ ਹੀ ਇੱਕਮਾਤਰ ਸਾਧਨ ਸੀ ਜਾਂ ਫਿਰ ਗ੍ਰਾਮੋਫੋਨ ਸੀ ਪਰ ਉਹ ਹਰ ਕਿਸੇ ਲਈ ਖ਼ਰੀਦਣਾ ਸੰਭਵ ਨਹੀਂ ਸੀ। ਓਦੋਂ ਕਿਸੇ ਪਿੰਡ ਵਿੱਚ ਹੀ ਗ੍ਰਾਮੋਫੋਨ ਹੁੰਦਾ ਸੀ। 1947 ਤੋਂ ਪਹਿਲਾਂ ਲਾਹੌਰ, ਪੰਜਾਬ ਸੂਬੇ ਦੀ ਰਾਜਨੀਤਿਕ, ਵਿਦਿਅਕ ਅਤੇ ਸਭਿਆਚਾਰਕ ਰਾਜਧਾਨੀ ਸੀ। ਬੜੀ ਛੇਤੀ ਹੀ ਇਹ ਉੱਤਰ ਪੱਛਮੀ ਭਾਰਤ ਅਤੇ ਪੰਜਾਬ ਦਾ ਫ਼ਿਲਮ ਤੇ ਥੀਏਟਰ ਕੇਂਦਰ ਬਣ ਗਿਆ। 1937 ਵਿੱਚ ਲਾਹੌਰ ਵਿਖੇ ਰੇਡੀਓ ਸਟੇਸ਼ਨ ਸਥਾਪਿਤ ਹੋਇਆ। ਉਸ ਤੋਂ ਇੱਕ ਦਹਾਕੇ ਬਾਅਦ ਹੀ ਦੇਸ਼ ਨੂੰ ਵੰਡ ਦਾ ਦੁਖਾਂਤ ਸਹਿਣਾ ਪੈ ਗਿਆ ਜਿਸ ਦੇ ਨਤੀਜੇ ਵਜੋਂ ਲਾਹੌਰ ਪਾਕਿਸਤਾਨ ਨੂੰ ਨਸੀਬ ਹੋਇਆ। ਪੂਰਵ ਸੁਤੰਤਰਤਾ ਕਾਲ ਵਿੱਚ ਸ਼ਮਸ਼ਾਦ ਬੇਗ਼ਮ, ਉਮਰਾਓ ਜ਼ਿਆ ਬੇਗ਼ਮ, ਮੁਖ਼ਤਾਰ ਬੇਗ਼ਮ, ਜ਼ੀਨਤ ਬੇਗ਼ਮ, ਨਵਾਬ ਬਾਈ, ਪ੍ਰਕਾਸ਼ ਕੌਰ, ਬੇਬੀ ਨੂਰ ਜਹਾਂ, ਸੁਰਿੰਦਰ ਕੌਰ, ਮੁਹੰਮਦ ਰਫ਼ੀ, ਅਲੀ ਬਖ਼ਸ਼ ਜ਼ਹੂਰ ਤੋਂ ਇਲਾਵਾ ਜਲੰਧਰ ਦੇ ਦੀਨ ਮੁਹੰਮਦ ਕੱਵਾਲ ਅਤੇ ਅੰਮ੍ਰਿਤਸਰ ਦੇ ਆਗਾ ਫ਼ੈਜ਼ ਆਦਿ ਕਲਾਕਾਰਾਂ ਦੇ ਨਾਂ ਲੋਕ-ਗਾਇਕਾਵਾਂ ਅਤੇ ਲੋਕ-ਗਾਇਕਾਂ ਵਜੋਂ ਸਾਹਮਣੇ ਆਏ ਜਦੋਂਕਿ ਮਲਿਕਾ ਪੁਖਰਾਜ ਨੇ ਆਲ ਇੰਡੀਆ ਰੇਡੀਓ ਲਾਹੌਰ ਤੋਂ ਗ਼ਜ਼ਲ ਗਾਇਕਾ ਵਜੋਂ ਨਾਮ ਬਣਾਉਣਾ ਸ਼ੁਰੂ ਕੀਤਾ।

 

ਵੰਡ ਉਪਰੰਤ ਨੂਰ ਜਹਾਂ, ਮੁਨੱਵਰ ਸੁਲਤਾਨਾ, ਇਕਬਾਲ ਬਾਨੋ, ਜ਼ੁਬੈਦਾ ਖ਼ਾਨੁਮ, ਸੁਰੱਈਆ ਮੁਲਤਾਨੀਕਰ ਅਲੀ ਬਖਸ਼ ਜ਼ਹੂਰ, ਇਨਾਇਤ ਹੁਸੈਨ ਭੱਟੀ, ਸਾਈਂ ਅਖ਼ਤਰ ਹੁਸੈਨ, ਤੁਫੈਲ ਨਿਆਜ਼ੀ, ਬਰਕਤ ਅਲੀ ਖ਼ਾਨ, ਕੱਵਾਲ ਮੁਬਾਰਕ ਅਲੀ ਤੇ ਫ਼ਤਹਿ ਅਲੀ ਖ਼ਾਨ ਰੇਡੀਓ ਲਾਹੌਰ ਦੀ ਪੂੰਜੀ ਬਣੇ ਜਦੋਂਕਿ ਲਾਲ ਚੰਦ ਯਮਲਾ ਜੱਟ, ਪੂਰਨ ਸ਼ਾਹਕੋਟੀ, ਅਮਰਜੀਤ ਗੁਰਦਾਸਪੁਰੀ, ਈਦੂ ਸ਼ਰੀਫ਼, ਬਰਕਤ ਸਿੱਧੂ, ਸਰਦੂਲ ਸਿਕੰਦਰ, ਸੁਰਿੰਦਰ ਛਿੰਦਾ, ਹੰਸ ਰਾਜ ਹੰਸ, ਸਾਬਰਕੋਟੀ, ਪਾਲੀ ਦੇਤਵਾਲੀਆ, ਮਾਸਟਰ ਸਲੀਮ, ਕਲੇਰ ਕੰਠ, ਪੂਰਨ ਚੰਦ ਵਡਾਲੀ ਤੇ ਪਿਆਰੇ ਲਾਲ ਵਡਾਲੀ, ਨਰਿੰਦਰ ਬੀਬਾ, ਗੁਰਮੀਤ ਬਾਵਾ, ਜਗਮੋਹਨ ਕੌਰ, ਸਰਬਜੀਤ ਕੌਰ, ਅਮਰ ਨੂਰੀ ਜਿਹੇ ਅਨੇਕ ਫ਼ਨਕਾਰ ਆਲ ਇੰਡੀਆ ਰੇਡੀਓ ਜਲੰਧਰ ਨੇ ਪੈਦਾ ਕੀਤੇ। ਰੇਡੀਓ ਸਟੇਸ਼ਨ ਲਾਹੌਰ-1 ਅਤੇ ਲਾਹੌਰ-2 ਦੇ ਪ੍ਰੋਗਰਾਮ ਦੋਵਾਂ ਪਾਸਿਆਂ ਦੇ ਪੰਜਾਬ ਵਿੱਚ ਬੜੀ ਦਿਲਚਸਪੀ ਨਾਲ ਸੁਣੇ ਜਾਂਦੇ ਰਹੇ। ਲਾਹੌਰ ਮੁੱਖ ਸਟੇਸ਼ਨ ਤੋਂ ਸਵੇਰ ਦੀ ਸਭਾ ਵਿੱਚ ਨਿਰੋਲ ਗ਼ਜ਼ਲਾਂ ‘ਤੇ ਆਧਾਰਿਤ ਪ੍ਰੋਗਰਾਮ ‘ਸੁਬਹੇ ਗ਼ਜ਼ਲ’ ਪ੍ਰਸਾਰਿਤ ਹੁੰਦਾ ਸੀ। ਇਸੇ ਰੇਡੀਓ ਸਟੇਸ਼ਨ ਤੋਂ ਹੀ ‘ਪੰਜਾਬੀ ਦਰਬਾਰ’ ਪ੍ਰੋਗਰਾਮ ਵਿੱਚ ਚੜ੍ਹਦੇ-ਲਹਿੰਦੇ ਪੰਜਾਬ ਦੇ ਸਰੋਤੇ ਖ਼ਤ-ਪੱਤਰਾਂ ਰਾਹੀਂ ਆਪਣੀ ਸ਼ਮੂਲੀਅਤ ਕਰਦੇ ਸਨ। ਲਾਹੌਰ-1 ਤੋਂ ਦੁਪਹਿਰ ਤਕ ਪ੍ਰਸਾਰਿਤ ਹੋਣ ਵਾਲੇ ਪੰਜਾਬੀ-ਉਰਦੂ ਗੀਤਾਂ ਨੂੰ ਸਰੋਤੇ ਬੜੇ ਸ਼ੌਂਕ ਨਾਲ ਸੁਣਦੇ ਸਨ। ਇੱਥੋਂ ਹੀ ਪੰਜਾਬੀ ਦੇ ਬਹੁਤ ਪੁਰਾਣੇ ਗੀਤ ਬਿਨਾਂ ਅਨਾਊਂਸਰ ਦੀ ਆਵਾਜ਼ ਤੋਂ ਚੱਲਦੇ ਸਨ। ਪ੍ਰੋਗਰਾਮ ‘ਰਾਵੀ ਰੰਗ’ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਪ੍ਰੋਗਰਾਮ ਦਾ ਅਨਾਊਂਸਰ ਮੁਦੱਸਰ ਸ਼ਰੀਫ਼ ਸਰੋਤਿਆਂ ਨਾਲ ਮਨਮੋਹਕ ਆਵਾਜ਼ ਵਿੱਚ ਜਾਣਕਾਰੀ ਭਰਪੂਰ ਖ਼ੂਬਸੂਰਤ ਗੱਲਾਂ ਕਰਦਾ ਸੀ। ਰੇਡੀਓ ਦੇ ਮਾਧਿਅਮ ਰਾਹੀਂ ਹੀ ਪੰਜਾਬੀ ਅਤੇ ਉਰਦੂ ਦੀਆਂ ਨਵੀਆਂ ਫ਼ਿਲਮਾਂ ਦੇ ਵਪਾਰਕ ਪ੍ਰੋਗਰਾਮਾਂ ਦਾ ਸਿਲਸਿਲਾ ਕਈ ਦਹਾਕੇ ਚੱਲਦਾ ਰਿਹਾ ਜਿਨ੍ਹਾਂ ਤੋਂ ਫ਼ਿਲਮਾਂ ‘ਚ ਕੰਮ ਕਰਨ ਵਾਲੇ ਅਦਾਕਾਰਾਂ ਬਾਰੇ ਪੂਰੀ ਜਾਣਕਾਰੀ ਮਿਲਦੀ, ਸੰਵਾਦ ਸੁਣਨ ਨੂੰ ਮਿਲਦੇ, ਗਾਣਿਆਂ ਦੇ ਮੁਖੜੇ ਸੁਣਨ ਨੂੰ ਮਿਲਦੇ ਅਤੇ ਇਹ ਵੀ ਪਤਾ ਲੱਗਦਾ ਰਿਹਾ ਕਿ ਕਿਹੜੀ ਫ਼ਿਲਮ ਕਿਸ ਥੀਏਟਰ ਵਿੱਚ ਲੱਗੀ ਹੋਈ ਹੈ। ਉਨ੍ਹਾਂ ਸਮਿਆਂ ਵਿੱਚ ਪਾਕਿਸਤਾਨ ਦੇ ਅਨੇਕ ਫ਼ਿਲਮੀ ਅਤੇ ਗ਼ੈਰ-ਫ਼ਿਲਮੀ ਗੀਤਾਂ ਨੇ ਭਾਰਤ ਵਿੱਚ ਬਹੁਤ ਨਾਂ ਕਮਾਇਆ, ਜਿਵੇਂ:

* ਬੋਲ ਮਿੱਟੀ ਦਿਆ ਬਾਵਿਆ

* ‘ਵਾਜਾਂ ਮਾਰੀਆਂ, ਬੁਲਾਇਆ ਲੱਖ ਵਾਰ ਮੈਂ

* ਰਾਤਾਂ ਮੇਰੀਆਂ ਬਣਾ ਕੇ ਰੱਬਾ ਨ੍ਹੇਰੀਆਂ

* ਗੱਲਾਂ ਸੁਣ ਕੇ ਮਾਹੀ ਦੇ ਨਾਲ ਮੇਰੀਆਂ

* ਵਾਸਤਾ ਈ ਰੱਬ ਦਾ, ਤੂੰ ਜਾਵੀਂ ਵੇ ਕਬੂਤਰਾ,

ਅਜੋਕੇ ਸਮੇਂ ਲਹਿੰਦੇ ਜਾਂ ਚੜ੍ਹਦੇ ਪੰਜਾਬ ਦੀ ਕੋਈ ਵੀ ਫ਼ਿਲਮ ਜਾਂ ਉਸ ਵਿਚਲੇ ਪਸੰਦੀਦਾ ਗਾਣਿਆਂ ਨੂੰ ਕਿਸੇ ਵੀ ਸਮੇਂ, ਕਿਸੇ ਵੀ ਸਥਾਨ ‘ਤੇ ਆਸਾਨੀ ਨਾਲ ਡਾਊਨਲੋਡ ਕਰਕੇ ਸੁਣਿਆ ਜਾ ਸਕਦਾ ਹੈ। ਜਿੱਥੋਂ ਤਕ ਪਾਕਿਸਤਾਨ ਦੀਆਂ ਪੰਜਾਬੀ ਫ਼ਿਲਮਾਂ ਦੇ ਭਾਰਤ ਵਿੱਚ ਲੋਕ-ਅਰਪਣ ਹੋਣ ਦਾ ਸਵਾਲ ਹੈ, ਸਿਰਫ਼ 1956 ਵਿੱਚ ਬਣੀ ਕਾਲੀ-ਚਿੱਟੀ ਫ਼ਿਲਮ ‘ਦੁੱਲਾ ਭੱਟੀ’, ਜਿਸ ਵਿੱਚ ਸੁਧੀਰ ਤੇ ਸਬੀਹਾ ਨੇ ਮੁੱਖ ਭੂਮਿਕਾ ਨਿਭਾਈ ਸੀ, ਭਾਰਤ ਵਿੱਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਦੇ ਗੀਤ ਮੁਨੱਵਰ ਸੁਲਤਾਨਾ, ਇਕਬਾਲ ਬਾਨੋ ਤੇ ਜ਼ੁਬੈਦਾ ਖ਼ਾਨਮ ਨੇ ਗਾਏ ਸਨ। ‘ਵਾਸਤਾ ਈ ਰੱਬ ਦਾ ਤੂੰ ਜਾਈਂ ਵੇ ਕਬੂਤਰਾ’ ਇਸੇ ਫ਼ਿਲਮ ਦਾ ਮਸ਼ਹੂਰ ਗੀਤ ਸੀ। ਪਾਕਿਸਤਾਨੀ ਪੰਜਾਬੀ ਫ਼ਿਲਮਾਂ ਅਤੇ ਗੀਤਾਂ ਦੇ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ ਨਿਰਮਾਤਾ, ਨਿਰਦੇਸ਼ਕ ਤੇ ਅਦਾਕਾਰ ਨਜ਼ੀਰ ਦੇ ਨਾਂ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਾਕਿਸਤਾਨ ਵਿੱਚ ਪੰਜਾਬੀ ਫ਼ਿਲਮਸਾਜ਼ੀ ਦੀ ਨੀਂਹ ਉਸ ਨੇ ਹੀ ਰੱਖੀ ਸੀ। ਪਹਿਲੀ ਪਾਕਿਸਤਾਨੀ ਪੰਜਾਬੀ ਫ਼ਿਲਮ ਦਾ ਨਿਰਮਾਤਾ, ਨਿਰਦੇਸ਼ਕ ਤੇ ਨਾਇਕ ਨਜ਼ੀਰ ਹੀ ਸੀ ਤੇ ਨਾਇਕਾ ਉਸ ਦੀ ਸ਼ਰੀਕੇ-ਹਯਾਤ ਸਵਰਨ ਲਤਾ ਸੀ। ਬਾਬਾ ਚਿਸ਼ਤੀ ਦੁਆਰਾ ਲਿਖੇ ਪਹਿਲੀ ਪੰਜਾਬੀ ਫ਼ਿਲਮ ਫੇਰੇ ਦੇ ਗੀਤਾਂ ਤੋਂ ਸ਼ੁਰੂ ਹੋਏ ਇਸ ਸਫ਼ਰ ਨੇ ਹੁਣ ਤਕ ਲੰਮਾ ਪੈਂਡਾ ਤੈਅ ਕੀਤਾ ਹੈ। ਫੇਰੇ ਫ਼ਿਲਮ ਤੋਂ ਬਾਅਦ 1949 ਵਿੱਚ ਹੀ ‘ਮੁੰਦਰੀ’ ਅਤੇ 1950 ਵਿੱਚ ‘ਲਾਰੇ’ ਅਤੇ ‘ਸ਼ਿੰਮੀ’ ਸਿਰਲੇਖ ਅਧੀਨ ਦੋ ਪੰਜਾਬੀ ਫ਼ਿਲਮਾਂ ਰਿਲੀਜ਼ ਹੋਈਆਂ।

ਪੰਜਾਬੀ ਫ਼ਿਲਮਾਂ ਲਈ ਗੀਤ ਲਿਖਣ ਵਾਲੇ ਮੁਢਲੇ ਦੌਰ ਦੇ ਗੀਤਕਾਰਾਂ ਵਿੱਚੋਂ ਬਾਬਾ ਚਿਸ਼ਤੀ, ਤੁਫ਼ੈਲ ਹੁਸ਼ਿਆਪੁਰੀ, ਐਫ਼. ਡੀ. ਸ਼ਰਫ਼, ਬਾਬਾ ਆਲਮ ਸਿਆਹਪੋਸ਼, ਹਜ਼ੀਂ ਕਾਦਰੀ, ਵਲੀ ਸਾਹਿਬ, ਉਸਤਾਦ ਦਾਮਨ,ઠ ਅਹਿਮਦ ਰਾਹੀ, ਵਾਰਿਸ ਲੁਧਿਆਣਵੀ, ਇਸਮਾਈਲ ਮਤਵਾਲਾ, ਸੈਫ਼ੂਦੀਨ ਸੈਫ਼, ਤਨਵੀਰ ਨਕਵੀ, ਤੁਫ਼ੈਲ ਹੁਸ਼ਿਆਰਪੁਰੀ ਅਤੇ ਗੀਤਾਂ ਦੀਆਂ ਤਰਜ਼ਾਂ ਬਣਾ ਕੇ ਉਨ੍ਹਾਂ ਨੂੰ ਅਮਰਤਾ ਦੀ ਪਦਵੀ ਪ੍ਰਦਾਨ ਕਰਨ ਵਾਲੇ ਸੰਗੀਤਕਾਰਾਂ ਵਿੱਚੋਂ ਬਾਬਾ ਗ਼ੁਲਾਮ ਅਲੀ ਚਿਸ਼ਤੀ, ਮਾਸਟਰ ਇਨਾਇਤ ਹੁਸੈਨ, ਰਸ਼ੀਦ ਅਤਰੇ, ਵਜਾਹਤ ਅਤਰੇ, ਫ਼ਿਰੋਜ਼ ਨਿਜ਼ਾਮੀ, ਕੁਰੈਸ਼ੀ, ਅਖ਼ਤਰ ਹੁਸੈਨ ਅੱਖੀਆਂ, ਸਲੀਮ-ਇਕਬਾਲ, ਸਫ਼ਦਰ ਹੁਸੈਨ ਅਤੇ ਨਜ਼ੀਰ ਅਲੀ ਹੋਰਾਂ ਦੇ ਨਾਂ ਵਿਸ਼ੇਸ਼ ਤਵੱਜੋ ਦੀ ਮੰਗ ਕਰਦੇ ਹਨ। ਇਸ ਸੰਦਰਭ ਵਿੱਚ ਉਨ੍ਹਾਂ ਖ਼ੁਸ਼ਨਸੀਬ ਗੁਲੂਕਾਰਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਜਿਹੀਆਂ ਸੁਰੀਲੀਆਂ ਆਵਾਜ਼ਾਂ ਕੁਦਰਤ ਕਿਸੇ ਕਿਸੇ ਨੂੰ ਹੀ ਬਖ਼ਸ਼ਿਸ਼ ਕਰਦੀ ਹੈ। ਇਸ ਸਿਰਨਾਵੇਂ ਮਲਿਕਾ-ਏ-ਤਰੁੰਨਮ ਨੂਰ ਜਹਾਂ ਦਾ ਨਾਂ ਸਭ ਤੋਂ ਉੱਘੜਵਾਂ ਹੈ। ਮੁਨੱਵਰ ਸੁਲਤਾਨਾ, ਜ਼ੁਬੈਦਾ ਖ਼ਾਨਮ, ਨਸੀਮ ਬੇਗ਼ਮ, ਕੌਸਰ ਪ੍ਰਵੀਨ, ਇਨਾਇਤ ਹੁਸੈਨ ਭੱਟੀ, ਆਲਮ ਲੁਹਾਰ, ਮਸਊਦ ਰਾਣਾ, ਸਲੀਮ ਰਜ਼ਾ, ਮਾਲਾ, ਸਾਈਂ ਅਖ਼ਤਰ, ਅਲੀ ਬਖ਼ਸ਼ ਜ਼ਹੂਰ, ਸ਼ੌਕਤ ਅਲੀ, ਮੁਨੀਰ ਹੁਸੈਨ, ਨਾਹੀਦ ਅਖ਼ਤਰ, ਅਫ਼ਸ਼ਾਂ, ਮਹਿਨਾਜ਼, ਅਜ਼ਰਾ ਜਹਾਂ, ਤਸੱਵੁਰ ਖ਼ਾਨਮ ਤੇ ਹੋਰ ਕਈ ਨਾਮੀ ਗਾਇਕਾਂ ਦੇ ਨਾਂ ਵੀ ਪੰਜਾਬੀ ਗਾਇਕੀ ਦੀ ਪਛਾਣ ਦਾ ਦਰਜਾ ਰੱਖਦੇ ਹਨ। ਇਸ ਲਈ ਗੀਤ-ਸੰਗੀਤ ਦੇ ਮਾਧਿਅਮ ਰਾਹੀਂ ਮਨੋਰੰਜਨ ਕਰਨ ਵਾਲੇ ਲੋਕ ਅੱਜ ਵੀ ਮੁਢਲੀਆਂ ਪੰਜਾਬੀ ਫ਼ਿਲਮਾਂ ਦੇ ਗੀਤ ਸੁਣ ਕੇ ਜਿੱਥੇ ਦੁਨਿਆਵੀ ਝਮੇਲਿਆਂ ਤੋਂ ਕੁਝ ਪਲ ਨਿਸ਼ਚਿੰਤ ਹੁੰਦੇ ਹਨ, ਉੱਥੇ ਆਪਣੀ ਰੂਹ ਨੂੰ ਵੀ ਸ਼ਰਸਾਰ ਹੋਇਆ ਮਹਿਸੂਸ ਕਰਦੇ ਹਨ:

ਜਦੋਂ ਹੌਲੀ ਜਿਹੀ ਲੈਨਾ ਏਂ ਮੇਰਾ ਨਾਂ,

(ਫ਼ਿਲਮ ਅੱਤ ਖ਼ੁਦਾ ਦਾ ਵੈਰ, ਸ਼ਾਇਰ ਤਨਵੀਰ ਨਕਵੀ)

ਮੈਨੂੰ ਸੋਚਾਂ ਦੀਆਂ ਦੇ ਗਿਆ ਸੁਗ਼ਾਤਾਂ, ਸੁੱਖ ਮਾਹੀ ਨਾਲ ਲੈ ਗਿਆ।

(ਫ਼ਿਲਮ ਚੂੜੀਆਂ, ਸ਼ਾਇਰ ਐਸ. ਐਮ. ਸਾਦਿਕ)

ਸੱਚ ਤਾਂ ਇਹ ਹੈ ਕਿ ਜਦੋਂ ਤਕ ਪੁਰੇ ਦੀ ਹਵਾ ਵਾਤਾਵਰਨ ਨੂੰ ਮਸਤ ਕਰਦੀ ਰਹੇਗੀ ਤੇ ਦਿਲਾਂ ਵਿੱਚ ਮੁਹੱਬਤਾਂ ਦੇ ਦੀਵੇ ਬਲਦੇ ਰਹਿਣਗੇ, ਉਦੋਂ ਤਕ ਇਹ ਗੀਤ ਪੰਜਾਬ ਦੀਆਂ ਫ਼ਿਜ਼ਾਵਾਂ ਤੇ ਪੰਜਾਬੀਆਂ ਦੇ ਮਨਾਂ ਅੰਦਰ ਗੂੰਜਦੇ ਰਹਿਣਗੇ।

 

Share this post

One Reply to “ਪੰਜਾਬੀ ਫ਼ਿਲਮਾਂ ਦਾ ਮੁੱਢਲਾ ਦੌਰ, ਰੇਡੀਓ ਅਤੇ ਗੀਤ-ਸੰਗੀਤ”

  1. ਮੇਰਾ ਆਰਟੀਕਲ ਨਵੀਂ ਦੁਨੀਆ ਵਿਚ ਪੋਸਟ ਕਰਨ ਲਈ ਸ਼ੁਕਰੀਆ। (ਡਾ. ਰਾਜਵੰਤ ਕੌਰ ਪੰਜਾਬੀ, ਅਸਿਸਟੈਂਟ ਪ੍ਰੋਫੈਸਰ ਤੇ ਸਟੇਟ ਐਵਾਰਡੀ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬ)।

Leave a Reply

Your email address will not be published. Required fields are marked *