ਗੋਲਡਨ ਜੁਬਲੀ ਫੋਕੋਰਾਮਾ ਮੇਲਾ 4 ਅਗਸਤ ਤੋਂ ਹੋਵੇਗਾ ਸ਼ੁਰੂ

ਸਭਿਆਚਾਰਕ ਲੋਕ-ਨਾਚਾਂ ‘ਤੇ ਖਾਣਿਆਂ ਨਾਲ ਹੋਵੇਗਾ ਭਰਪੂਰ
50ਵੀਂ ਵਰ੍ਹੇ ਗੰਢ ‘ਤੇ ਸਟਰੀਟ ਦਾ ਨਾਮ ਫੋਕੋਰਾਮਾ ਵੇਅ ਰੱਖਿਆ
ਵਿਨੀਪੈੱਗ- ਇੰਟਰਨੈਸ਼ਨਲ ਕੌਂਸਲ ਆਫ਼ ਆਰਗੇਨਾਈਜੇਸ਼ਨਜ਼ ਆਫ਼ ਫੋਕੋਰਾਮਾ ਫ਼ੈਸਟੀਵਲ ਐਂਡ ਫੋਕ ਆਰਟਸ ਵੱਲੋਂ 50ਵਾਂ ਸਾਲਾਨਾ ਲੋਕਯਾਨ ਮੇਲਾ ਕਰਵਾਇਆ ਜਾਵੇਗਾ, 4 ਅਗਸਤ ਤੋਂ ਸ਼ੁਰੂ ਹੋ ਕੇ ਦੋ ਹਫ਼ਤੇ ਚਲਣ ਵਾਲੇ ਇਸ ਮੇਲੇ ਵਿਚ ਵੱਖ-ਵੱਖ ਸਭਿਆਚਾਰਾਂ ਨਾਲ ਸਬੰਧਤ ਵੰਨਗੀਆਂ ਦੇ ਨਾਲ ਨਾਲ ਵੱਖ ਵੱਖ ਦੇਸ਼ਾਂ ਦੇ ਖਾਣੇ ਵੀ ਪੇਸ਼ ਕੀਤੇ ਜਾਣਗੇ। ਫੋਕੋਰਾਮਾ ਬੋਰਡ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਅਸੀਂ ਵੱਖ-ਵੱਖ ਸਭਿਆਚਾਰਾਂ ਦੀ ਉੱਨਤੀ ਲਈ ਇਸ ਮਿਸ਼ਨ ਵਿਚ ਲੱਗੇ ਹੋਏ ਹਾਂ। ਉਨ੍ਹਾਂ ਦਾ ਕਹਿਣਾ ਸੀ ਕਿ ਤੁਸੀਂ ਇਨ੍ਹਾਂ ਦੋ ਹਫਤਿਆਂ ਵਿਚ ਦੁਨੀਆ ਭਰ ਦੇ ਖਾਣਿਆਂ ਤੇ ਕਲਚਰਲ ਪ੍ਰੋਗਰਾਮਾਂ ਦਾ ਆਨੰਦ ਮਾਣ ਸਕੋਗੇ। ਇਸ ਦੌਰਾਨ ਇਸ ਮੇਲੇ ਦੀ 50ਵੀਂ ਵਰ੍ਹੇ ਗੰਢ ਨੂੰ ਸਮਰਪਿਤ ਸਟਰੀਟ ਦਾ ਨਾਮ ਫੋਕੋਰਾਮਾ ਵੇਅ ਰੱਖਿਆ ਗਿਆ। ਇਸ ਦੌਰਾਨ ਮੈਨੀਟੋਬਾ ਦੇ ਪ੍ਰੀਮੀਅਰ ਬ੍ਰਾਇਨ ਪਲਿਸਰ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਵਿਨੀਪੈਗ ਦੇ ਮੇਅਰ ਬਰਾਊਨ ਬੋਮੈਨ ਨੇ ਇਸ ਮੇਲੇ ਨੂੰ ਆਪਣੇ ਆਪ ਵਿਚ ਵੱਖਰਾ ਮੇਲਾ ਦੱਸਦਿਆਂ ਕਿਹਾ ਕਿ ਇਸ ਮੇਲੇ ਵਿਚ 45 ਵੱਖ ਵੱਖ ਦੇਸ਼ਾਂ ਦੇ ਪਵੇਲੀਅਨ ਲਗਾਏ ਗਏ ਹਨ। ਪੰਜਾਬ ਤੇ ਇੰਡੀਆ ਮੰਚ ਤੋਂ ਇਲਾਵਾ ਬਰਾਜ਼ੀਲ, ਮੈਕਸੀਕੋ, ਜਪਾਨ, ਚੀਨ, ਇਟਲੀ ਤੇ ਮੂਲ ਵਾਸੀਆਂ ਦੇ ਮੰਚ ਹਨ। ਜਿਸ ਵਿਚ ਉਨ੍ਹਾਂ ਦੇ ਸਭਿਆਚਾਰਾਂ, ਬਸਤਰਾਂ, ਖਾਣੇ ਤੇ ਲੋਕ ਨਾਚਾਂ ਦਾ ਦਿਖਾਵਾ ਕੀਤਾ ਜਾਵੇਗਾ। ਇਹ ਦੁਨੀਆ ਵਿਚ ਆਪਣੀ ਤਰ•ਾਂ ਦਾ ਵੱਖਰਾ ਮੇਲਾ ਹੈ। ਜ਼ਿਕਰਯੋਗ ਹੈ ਕਿ ਇਸ ਮੇਲੇ ਦੀ ਸ਼ੁਰੂਆਤ 1970 ਵਿਚ ਹੋਈ ਸੀ। ਇਹ ਮੇਲਾ ਦੁਨੀਆ ਵਿਚ ਸਭ ਤੋਂ ਪੁਰਾਣਾ ‘ਤੇ ਸਭ ਤੋਂ ਲੰਬਾ ਚੱਲਣ ਵਾਲਾ ਮੇਲਾ ਹੈ। ਇਸ ਵਿਚ ਤਕਰੀਬਨ 20,000 ਵਲੰਟੀਅਰਜ਼ ਕੰਮ ਕਰਨਗੇ ਤੇ ਕੈਨੇਡਾ, ਅਮਰੀਕਾ ਤੋਂ ਇਲਾਵਾ ਹੋਰ ਮੁਲਕਾਂ ਤੋਂ ਵੀ ਕੋਈ ਚਾਰ ਲੱਖ ਤੋਂ ਵੀ ਵੱਧ ਦਰਸ਼ਕ ਸ਼ਿਰਕਤ ਕਰਨਗੇ।