ਵਿਨੀਪੈਗ ‘ਚ ਅਗਲੇ ਸਾਲ ਦਸ ਅਗਸਤ ਤੋਂ ਹੋਣਗੀਆਂ ਵਿਸ਼ਵ ਪੱਧਰੀ ਖੇਡਾਂ

ਦੁਨੀਆ ਭਰ ਤੋਂ ਅੰਗ ਦਾਨ ਕਰਨ ਵਾਲੇ ਖਿਡਾਰੀ ਲੈਣਗੇ ਹਿੱਸਾ
ਵਿਨੀਪੈਗ-ਕੈਨੇਡਾ ਭਰ ‘ਚ ਲੋਕਾਂ ਨੂੰ ਅੰਗ ਦਾਨ ਕਰਨ ਲਈ ਪ੍ਰੇਰਿਤ ਕਰਨ ਵਾਲੀ ਸੰਸਥਾ ਕੈਨੇਡੀਅਨ ਟਰਾਂਸਪਲਾਂਟ ਐਸੋਸੀਏਸ਼ਨ ਵੱਲੋਂ ਬੀਤੇ ਦਿਨੀਂ ਵਿਨੀਪੈਗ ਸਥਿਤ ਯੂਨੀਵਰਸਿਟੀ ਆਫ਼ ਮੈਨੀਟੋਬਾ ‘ਚ ਸਾਲ 2020 ‘ਚ ਹੋਣ ਵਾਲੀਆਂ ਵਿਸ਼ਵ ਪੱਧਰੀ ਖੇਡਾਂ ਦੇ ਸਬੰਧ ‘ਚ ਪਲੇਠੀ ਮੀਟਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਨੇਡੀਅਨ ਟਰਾਂਸਪਲਾਂਟ ਐਸੋਸੀਏਸ਼ਨ ਦੀ ਪ੍ਰਧਾਨ ਬਰਾਂਡਾ ਬ੍ਰਾਊਨ ਅਤੇ ਅਲਬਰਟਾ ਕੈਨੇਡੀਅਨ ਟਰਾਂਸਪਲਾਂਟ ਐਸੋਸੀਏਸ਼ਨ ਦੇ ਪ੍ਰਧਾਨ ਹਿਰਦੇ ਪਾਲ ਸਿੰਘ ਨੇ ਦੱਸਿਆ ਕਿ ਇਹ ਖੇਡਾਂ ਅਗਲੇ ਸਾਲ ਦਸ ਅਗਸਤ ਤੋਂ ਪੰਦਰਾਂ ਅਗਸਤ ਤੱਕ ਹੋਣਗੀਆਂ। ਜਿਸ ਵਿਚ ਚਾਰ ਸਾਲ ਤੋਂ ਅੱਸੀ ਸਾਲ ਦੀ ਉਮਰ ਤੱਕ ਤਕਰੀਬਨ 500 ਖਿਡਾਰੀ ਹਿੱਸਾ ਲੈਣਗੇ। ਇਨ੍ਹਾਂ ਖੇਡਾਂ ਵਿਚ ਦੁਨੀਆ ਭਰ ਤੋਂ ਉਹ ਖਿਡਾਰੀ ਹਿੱਸਾ ਲੈਣਗੇ ਜਿਨ੍ਹਾਂ ਨੇ ਆਪਣੇ ਸਰੀਰ ਦਾ ਕੋਈ ਅੰਗ ਦਾਨ ਕੀਤਾ ਹੋਵੇ ਜਾਂ ਫਿਰ ਕੋਈ ਅੰਗ ਪ੍ਰਾਪਤ ਕੀਤਾ ਹੋਵੇ ਜਾਂ ਫਿਰ ਉਕਤ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਉਨ੍ਹਾਂ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਮੌਕਾ ਮਿਲਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਖੇਡਾਂ ਕਰਾਉਣ ਦਾ ਮਕਸਦ ਇਸ ਧਾਰਨਾ ਨੂੰ ਦੂਰ ਕਰਨ ਲਈ ਕੀਤਾ ਗਿਆ ਜਿਸ ਵਿਚ ਲੋਕ ਆਮ ਹੀ ਕਹਿੰਦੇ ਹਨ ਕਿ ਅੰਗ ਦਾਨ ਕਰਨ ਬਾਅਦ ਆਦਮੀ ਪੂਰਨ ਤੌਰ ‘ਤੇ ਸਿਹਤਮੰਦ ਨਹੀਂ ਰਹਿੰਦਾ। ਇਹ ਖੇਡਾਂ ਕੈਨੇਡੀਅਨ ਟਰਾਂਸਪਲਾਂਟ ਐਸੋਸੀਏਸ਼ਨ ਵੱਲੋਂ ਵਿਨੀਪੈਗ ਸ਼ਹਿਰ ‘ਤੇ ਵਿਨੀਪੈਗ ਸੈਰ ਸਪਾਟਾ ਵਿਭਾਗ ਦੇ ਸਹਿਯੋਗ ਨਾਲ ਕਰਵਾਈਆਂ ਜਾਣਗੀਆਂ। ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਵੀ ਇਨ੍ਹਾਂ ਖੇਡਾਂ ‘ਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਵਾਸਤੇ ਸੰਸਥਾ ਦੇ ਮੈਂਬਰਾਂ ਨੇ ਵਿਸ਼ੇਸ਼ ਤੌਰ ‘ਤੇ ਗੁਰਦੁਆਰਾ ਸਿੱਖ ਸੁਸਾਇਟੀ ਆਫ਼ ਮੈਨੀਟੋਬਾ ‘ਚ ਪਹੁੰਚ ਕੇ ਲੋਕਾਂ ਨੂੰ ਅੰਗ ਦਾਨ ਕਰਨ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਇਨ੍ਹਾਂ ਖੇਡਾਂ ‘ਚ ਵਧ-ਚੜ• ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਸਥਾ ਦੇ ਮੈਂਬਰਾਂ ਨੂੰ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਇਸ ਸ਼ਲਾਘਾਯੋਗ ਕਾਰਜ ਬਦਲੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੀਟਿੰਗ ਵਿਚ ਕੈਨੇਡੀਅਨ ਟਰਾਂਸਪਲਾਂਟ ਐਸੋਸੀਏਸ਼ਨ ਦੀ ਪ੍ਰਧਾਨ ਬਰਾਂਡਾ ਬ੍ਰਾਊਨ ਅਤੇ ਮੈਨੀਟੋਬਾ ਟਰਾਂਸਪਲਾਂਟ ਐਸੋਸੀਏਸ਼ਨ ਦੇ ਡਾਇਰੈਕਟਰ ਮਾਰਕ ਮਾਈਲਜ਼ ਤੋਂ ਇਲਾਵਾ ਬਹੁਤ ਸਾਰੇ ਅਹੁਦੇਦਾਰ ਵੀ ਸ਼ਾਮਲ ਸ਼ਾਮਲ ਸਨ।