ਤਾਲੇ ‘ਚ ਬੰਦ ਕਸ਼ਮੀਰ ਦੀ ਕੋਈ ਖ਼ਬਰ ਨਹੀਂ, ਪਰ ਜਸ਼ਨ ਵਿਚ ਡੁੱਬੇ ਬਾਕੀ ਭਾਰਤ ਨੂੰ ਕੋਈ ਮਤਲਬ ਨਹੀਂ..

ਰਵੀਸ਼ ਕੁਮਾਰ
ਕਸ਼ਮੀਰ ਤਾਲੇ ਵਿਚ ਬੰਦ ਹੈ। ਕਸ਼ਮੀਰ ਦੀ ਕੋਈ ਖ਼ਬਰ ਨਹੀਂ ਹੈ। ਬਾਕੀ ਭਾਰਤ ਵਿਚ ਕਸ਼ਮੀਰ ਨੂੰ ਲੈ ਕੇ ਜਸ਼ਨ ਹੈ। ਬਾਕੀ ਭਾਰਤ ਨੂੰ ਕਸ਼ਮੀਰ ਦੀ ਖਬਰ ਨਾਲ ਕੋਈ ਮਤਲਬ ਨਹੀਂ ਹੈ। ਇਕ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਹੈ। ਇਕ ਨੇ ਦਰਵਾਜ਼ਾ ਬੰਦ ਕਰ ਲਿਆ ਹੈ।
ਜੰਮੂ-ਕਸ਼ਮੀਰ ਅਤੇ ਲੱਦਾਖ ਦਾ ਪੁਨਰਗਠਨ ਬਿੱਲ ਪੇਸ਼ ਹੁੰਦਾ ਹੈ। ਜ਼ਾਹਰ ਹੈ ਕਿ ਇਹ ਮਹੱਤਵਪੂਰਨ ਹੈ ਤੇ ਇਤਿਹਾਸਕ ਵੀ। ਰਾਜ ਸਭਾ ਵਿਚ ਪੇਸ਼ ਹੁੰਦਾ ਹੈ ਤੇ ਵਿਚਾਰ ਲਈ ਵਕਤ ਵੀ ਨਹੀਂ ਦਿੱਤਾ ਜਾਂਦਾ।
ਜਿਵੇਂ ਕਸ਼ਮੀਰ ਬੰਦ ਹੈ, ਉਵੇਂ ਸੰਸਦ ਵੀ ਬੰਦ ਸੀ। ਪਰ ਕਾਂਗਰਸ ਨੇ ਵੀ ਅਜਿਹਾ ਕੀਤਾ ਸੀ ਇਸ ਲਈ ਸਾਰਿਆਂ ਨੇ ਰਾਹਤ ਦਾ ਸਾਹ ਲਿਆ। ਕਾਂਗਰਸ ਨੇ ਭਾਜਪਾ ‘ਤੇ ਬਹੁਤ ਅਹਿਸਾਨ ਕੀਤਾ ਹੈ। ਸੜਕ ‘ਤੇ ਢੋਲ-ਨਗਾੜੇ ਵੱਜ ਰਹੇ ਹਨ। ਕਿਸੇ ਨੂੰ ਪਤਾ ਨਹੀਂ ਕੀ ਹੋਇਆ ਹੈ, ਕਿਵੇਂ ਹੋਇਆ ਹੈ ਤੇ ਕਿਉਂ ਹੋਇਆ ਹੈ। ਬੱਸ ਇਕ ਲਾਈਨ ਪਤਾ ਹੈ ਜੋ ਵਰਿ•ਆਂ ਤੋਂ ਪਤਾ ਹੈ।
ਰਾਸ਼ਟਰਪਤੀ ਰਾਜਪਾਲ ਦੀ ਸਹਿਮਤੀ ਦਸਦੇ ਹਨ। ਰਾਜਪਾਲ ਦੋ ਦਿਨ ਪਹਿਲਾਂ ਤੱਕ ਕਹਿ ਰਹੇ ਹਨ ਕਿ ‘ਮੈਨੂੰ ਕੁਝ ਨਹੀਂ ਪਤਾ।” ਕੱਲ ਕੀ ਹੋਵੇਗਾ ਪਤਾ ਨਹੀਂ। ਰਾਜਪਾਲ ਕੇਂਦਰ ਦਾ ਪ੍ਰਤੀਨਿਧ ਹੁੰਦਾ ਹੈ। ਰਾਸ਼ਟਰਪਤੀ ਨੇ ਕੇਂਦਰ ਦੀ ਰਾਏ ਨੂੰ ਰਾਜ ਦੀ ਰਾਏ ਦੱਸ ਦਿੱਤਾ। ਸਾਈਨ ਕਰ ਦਿੱਤਾ।
ਜੰਮੂ-ਕਸ਼ਮੀਰ ਤੇ ਲੱਦਾਖ ਹੁਣ ਰਾਜ ਨਹੀਂ ਹਨ। ਦੋ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਵਿਚ ਵੰਡ ਦਿੱਤਾ ਗਿਆ ਹੈ। ਰਾਜਪਾਲ ਦਾ ਅਹੁਦਾ ਖ਼ਤਮ। ਮੁੱਖ ਮੰਤਰੀ ਦਾ ਅਹੁਦਾ ਖਤਮ। ਸਿਆਸੀ ਅਧਿਕਾਰ ਤੇ ਪਛਾਣ ਦੀ ਕੱਟ-ਵੱਢ ਹੋ ਜਾਂਦੀ ਹੈ। ਇਤਿਹਾਸ ਬਣ ਜਾਂਦਾ ਹੈ।
ਬਾਕੀ ਭਾਰਤ ਖ਼ਾਸ ਕਰ ਉੱਤਰ ਭਾਰਤ ਵਿਚ ਧਾਰਾ 370 ਦੀ ਆਪਣੀ ਸਮਝ ਹੈ। ਕੀ ਹੈ ਤੇ ਕਿਉਂ ਹੈ, ਇਸ ਨਾਲ ਮਤਲਬ ਨਹੀਂ ਹੈ। ਇਹ ਹਟੀ ਹੈ, ਇਸ ਲਈ ਜਸ਼ਨ ਹੈ। ਇਸ ਦੇ ਦੋ ਪ੍ਰਬੰਧ ਹਟੇ ਹਨ ਤੇ ਇਕ ਬਚਿਆ ਹੈ। ਉਹ ਵੀ ਹਟ ਸਕਦਾ ਹੈ, ਪਰ ਹੁਣ ਉਸ ਦਾ ਮਤਲਬ ਨਹੀਂ ਹੈ। ਜਸ਼ਨ ਮਨਾਉਣ ਵਾਲਿਆਂ ਵਿਚ ਇਕ ਗੱਲ ਸਾਫ਼ ਹੈ। ਉਨ•ਾਂ ਨੂੰ ਹੁਣ ਸੰਸਦੀ ਪ੍ਰਕਿਰਿਆਵਾਂ ਦੇ ਨਿਯਮਾਂ ਵਿਚ ਕੋਈ ਆਸਥਾ ਨਹੀਂ। ਉਹ ਨਾ ਨਿਆਂਪਾਲਿਕਾ ਦੀ ਪ੍ਰਵਾਹ ਕਰਦੇ ਹਨ ਤੇ ਨਾ ਕਾਰਜਪਾਲਿਕਾ ਦੀ ਤੇ ਨਾ ਵਿਧਾਇਕਾਂ ਦੀ।
ਸੰਸਥਾਵਾਂ ਦੀ ਚਿੰਤਾ ਦਾ ਸਵਾਲ ਮ੍ਰਿਤਕ ਐਲਾਨਿਆ ਜਾ ਚੁੱਕਾ ਹੈ। ਲੋਕ ਅਮਰਤਵ ਨੂੰ ਪ੍ਰਾਪਤ ਕਰ ਚੁੱਕੇ ਹਨ। ਇਹ ਹਨੇਰਾ ਨਹੀਂ ਹੈ। ਬਹੁਤ ਤੇਜ਼ ਰੌਸ਼ਨੀ ਹੈ। ਸੁਣਾਈ ਜ਼ਿਆਦਾ ਦਿੰਦਾ ਹੈ, ਦਿਖਾਈ ਘੱਟ ਦਿੰਦਾ ਹੈ। ਲੋਕ ਨੇ ਲੋਕਤੰਤਰ ਖਾਰਜ ਕਰ ਦਿੱਤਾ ਹੈ। ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਲੋਕਾਂ ਨੂੰ ਆਪਣੇ ਵਿਚੋਂ ਕੋਈ ਦੁਸ਼ਮਣ ਮਿਲ ਗਿਆ ਹੈ। ਕਦੇ ਉਹ ਮੁਸਲਮਾਨ ਹੋ ਜਾਂਦਾ ਹੈ, ਕਦੇ ਕਸ਼ਮੀਰੀ ਹੋ ਜਾਂਦਾ ਹੈ। ਨਫ਼ਰਤ ਦੇ ਕਈ ਕੋਡਾਂ ਨਾਲ ਲੋਕਾਂ ਦੀ ਪ੍ਰੋਗਰਾਮਿੰਗ ਕੀਤੀ ਜਾ ਚੁੱਕੀ ਹੈ। ਉਨ•ਾਂ ਨੂੰ ਬੱਸ ਇਸ ਨਾਲ ਸਬੰਧਤ ਸ਼ਬਦ ਦਿਖ ਜਾਣਾ ਚਾਹੀਦਾ ਹੈ, ਉਨ•ਾਂ ਦੀ ਪ੍ਰਤੀਕਿਰਿਆ ਇਕੋ ਰੂਪ ਵਿਚ ਬਾਹਰ ਆਉਣਗੀਆਂ।
ਧਾਰਾ 370 ਨੂੰ ਲੈ ਕੇ ਸਭ ਨੇ ਸਿਆਸਤ ਕੀਤੀ ਹੈ। ਭਾਜਪਾ ਤੋਂ ਪਹਿਲਾਂ ਕਾਂਗਰਸ ਨੇ ਦੁਰਵਰਤੋਂ ਕੀਤੀ। ਧਾਰਾ 370 ਦੇ ਹੁੰਦਿਆਂ ਮਰਜ਼ੀ ਚਲਾਈ, ਉਸ ਨੂੰ ਬੇਅਸਰ ਕੀਤਾ। ਇਸ ਖੇਡ ਵਿਚ ਰਾਜ ਦੀਆਂ ਸਿਆਸੀ ਧਿਰਾਂ ਵੀ ਸ਼ਾਮਲ ਰਹੀਆਂ। ਜਾਂ ਫੇਰ ਉਨ•ਾਂ ਦੀ ਨਾਕਾਮੀਆਂ ਨੂੰ ਧਾਰਾ 370 ਦੀ ਨਾਕਾਮੀ ਦੱਸਿਆ ਗਿਆ। ਕਸ਼ਮੀਰ ਦੀ ਸਮੱਸਿਆ ਨੂੰ ਕਾਫੀ ਲਪੇਟਿਆ ਗਿਆ ਤੇ ਲਟਕਾਇਆ ਗਿਆ।
ਉਸ ਵਿਚ ਬਹੁਤ ਸਾਰੇ ਘੁਟਾਲੇ ਭਾਜਪਾ ਦੇ ਆਉਣ ਤੋਂ ਪਹਿਲਾਂ ਹੋਏ। ਭਾਜਪਾ ਨੇ ਵੀ ਸਿਆਸਤ ਕੀਤੀ ਪਰ ਖੁੱਲ• ਕੇ ਕਿਹਾ ਕਿ ਹਟਾ ਦਿਆਂਗੇ ਤੇ ਹਟਾ ਦਿੱਤੀ। 35-ਏ ਤਾਂ ਹਟਾ ਹੀ ਦਿੱਤੀ। ਪਰ ਕਦੋਂ ਕਿਹਾ ਸੀ ਕਿ ਧਾਰਾ 370 ਹਟਾਵਾਂਗੇ ਤਾਂ ਰਾਜ ਹੀ ਖ਼ਤਮ ਕਰ ਦਿਆਂਗੇ? ਇਹ ਸਵਾਲ ਤਾਂ ਹੈ ਪਰ ਜਿਸ ਲਈ ਹੈ, ਉਸ ਨੂੰ ਇਸ ਨਾਲ ਮਤਲਬ ਨਹੀਂ ਹੈ। ਨੋਟਬੰਦੀ ਦੇ ਸਮੇਂ ਕਿਹਾ ਗਿਆ ਸੀ ਕਿ ਦਹਿਸ਼ਤਗਰਦੀ ਦੀ ਕਮਰ ਟੁੱਟ ਜਾਵੇਗੀ। ਨਹੀਂ ਟੁੱਟੀ। ਉਮੀਦ ਹੈ ਇਸ ਵਾਰ ਕਸ਼ਮੀਰ ਦੇ ਹਾਲਾਤ ਸੁਧਰ ਜਾਣਗੇ।
ਹੁਣ ਉਥੋਂ ਦੇ ਲੋਕਾਂ ਨਾਲ ਗੱਲਬਾਤ ਦਾ ਸਵਾਲ ਹੀ ਨਹੀਂ। ਸਾਰਿਆਂ ਲਈ ਇਕੋ ਨਾਪ ਦਾ ਸਵੈਟਰ ਬੁਣਿਆ ਗਿਆ ਹੈ, ਪਹਿਣਨਾ ਵੀ ਪਏਗਾ। ਰਾਜ ਦਾ ਫ਼ੈਸਲਾ ਹੋ ਗਿਆ। ਰਾਜ ਨੂੰ ਪਤਾ ਹੀ ਨਹੀਂ।
ਕਸ਼ਮੀਰੀ ਪੰਡਤਾਂ ਦੀ ਹੱਤਿਆ ਅਤੇ ਉਜਾੜੇ ਦਾ ਡੰਗ ਅੱਜ ਵੀ ਰੜਕ ਰਿਹਾ ਹੈ। ਉਨ•ਾਂ ਦੀ ਵਾਪਸੀ ਦੀ ਕੀ ਯੋਜਨਾ ਹੈ, ਕਿਸੇ ਨੂੰ ਨਹੀਂ ਪਤਾ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕੋਈ ਯੋਜਨਾ ਨਹੀਂ ਹੈ ਕਿਉਂਕਿ ਕਿਸੇ ਨੂੰ ਕੁਝ ਪਤਾ ਨਹੀਂ। ਇਹ ਤਾਂ ਸਵਾਲ ਹੈ ਜੋ ਸਾਰਿਆਂ ਨੂੰ ਨਿਰਉੱਤਰ ਕਰਦਾ ਹੈ। ਕਸ਼ਮੀਰੀ ਪੰਡਤ ਖ਼ੁਸ਼ ਹਨ। ਘਾਟੀ ਵਿਚ ਅੱਜ ਵੀ ਹਜ਼ਾਰਾਂ ਕਸ਼ਮੀਰੀ ਪੰਡਤ ਰਹਿੰਦੇ ਹਨ। ਵੱਡੀ ਸੰਖਿਆ ਵਿਚ ਸਿੱਖ ਰਹਿੰਦੇ ਹਨ। ਇਹ ਕਿਵੇਂ ਰਹਿੰਦੇ ਹਨ ਤੇ ਇਨ•ਾਂ ਦਾ ਕੀ ਤਜਰਬਾ ਹੈ, ਕਸ਼ਮੀਰ ਦੇ ਵਿਚਾਰ-ਵਟਾਂਦਰੇ ਵਿਚ ਇਨ•ਾਂ ਦੀ ਕੋਈ ਕਥਾ ਨਹੀਂ ਹੈ। ਅਸੀਂ ਨਹੀਂ ਜਾਣਦੇ ਹਾਂ।
ਅਮਿਤ ਸ਼ਾਹ ਨੇ ਧਾਰਾ 370 ਨੂੰ ਕਸ਼ਮੀਰ ਦੀ ਹਰ ਸਮੱਸਿਆ ਦਾ ਕਾਰਨ ਦੱਸ ਦਿੱਤਾ। ਗ਼ਰੀਬੀ ਤੋਂ ਲੈ ਕੇ ਭ੍ਰਿਸ਼ਟਾਚਾਰ ਤੱਕ ਦਾ ਕਾਰਨ। ਦਹਿਸ਼ਤਵਾਦ ਦਾ ਤਾਂ ਦੱਸਿਆ ਹੀ। ਰੁਜ਼ਗਾਰ ਮਿਲੇਗਾ। ਫੈਕਟਰੀਆਂ ਆਉਣਗੀਆਂ। ਇੰਜ ਲੱਗ ਰਿਹਾ ਹੈ 1990 ਦਾ ਆਰਥਕ ਉਦਾਰੀਕਰਨ ਲਾਗੂ ਹੋ ਰਿਹਾ ਹੈ। ਇਸ ਲਿਹਾਜ਼ ਨਾਲ ਯੂਪੀ ਵਿਚ ਬਹੁਤ ਬੇਰੁਜ਼ਗਾਰੀ ਹੈ। ਹੁਣ ਉਸ ਨੂੰ ਰੁਜ਼ਗਾਰ ਤੇ ਫ਼ੈਕਟਰੀ ਦੇ ਨਾਂ ‘ਤੇ ਪੰਜ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਕੋਈ ਨਾ ਵੰਡ ਦੇਵੇ!
ਇਕ ਅਸਥਾਈ ਪ੍ਰਬੰਧ ਹਟਾ ਕੇ ਦੂਸਰਾ ਅਸਥਾਈ ਪ੍ਰਬੰਧ ਲਿਆਂਦਾ ਗਿਆ ਹੈ। ਅਮਿਤ ਸ਼ਾਹ ਨੇ ਕਿਹਾ ਹੈ ਕਿ ਹਾਲਾਤ ਸਥਿਰ ਰਹਿਣਗੇ ਤਾਂ ਫੇਰ ਤਾਂ ਸੂਬਾ ਬਣਾ ਦੇਣਗੇ। ਭਾਵ ਹਮੇਸ਼ਾ ਲਈ ਦੋਵੇਂ ਕੇਂਦਰ ਸ਼ਾਸਤ ਪ੍ਰਦੇਸ਼ ਨਹੀਂ ਬਣੇ ਹਨ। ਇਹ ਸਾਫ਼ ਨਹੀਂ ਹੈ ਕਿ ਜਦੋਂ ਹਾਲਾਤ ਸੁਧਰਨਗੇ ਤਾਂ ਤਿੰਨਾਂ ਨੂੰ ਵਾਪਸ ਪਹਿਲਾਂ ਵਾਲੀ ਸਥਿਤੀ ਵਿਚ ਲਿਆ ਜਾਵੇਗਾ ਜਾਂ ਸਿਰਫ਼ ਜੰਮੂ-ਕਸ਼ਮੀਰ ਰਾਜ ਬਣੇਗਾ। ਪਹਿਲਾਂ ਹਾਲਾਤ ਹੀ ਅਜਿਹੇ ਕੀ ਸਨ ਕਿ ਰਾਜ ਦਾ ਦਰਜਾ ਹੀ ਖ਼ਤਮ ਕਰ ਦਿੱਤਾ। ਉਮੀਦ ਹੈ ਕਸ਼ਮੀਰ ਵਿਚ ਕਰਫਿਊ ਦੀ ਮਿਆਦ ਲੰਬੀ ਨਾ ਹੋਵੇ। ਹਾਲਾਤ ਸੁਧਰਨਗੇ। ਕਸ਼ਮੀਰ ਦੇ ਲੋਕਾਂ ਦਾ ਆਪਸੀ ਸੰਪਰਕ ਟੁੱਟ ਚੁੱਕਾ ਹੈ। ਜੋ ਕਸ਼ਮੀਰ ਤੋਂ ਬਾਹਰ ਹੈ, ਉਹ ਆਪਣੇ ਘਰਾਂ ਨਾਲ ਸੰਪਰਕ ਨਹੀਂ ਕਰ ਪਾ ਰਿਹਾ। ਇਸ ਸਥਿਤੀ ਵਿਚ ਜਸ਼ਨ ਮਨਾਉਣ ਵਾਲਿਆਂ ਦਾ ਕਲੇਜਾ ਦੱਸ ਰਿਹਾ ਹੈ ਕਿ ਅਸੀਂ ਕੀ ਹੋ ਚੁੱਕੇ ਹਾਂ।
ਇਕ ਭੀੜ ਹੈ ਜੋ ਮੰਗ ਕਰ ਰਹੀ ਹੈ ਕਿ ਤੁਸੀਂ ਸਵਾਗਤ ਕਰ ਰਹੇ ਹੋ ਜਾਂ ਨਹੀਂ। ਖ਼ੁਦ ਭਾਜਪਾ ਧਾਰਾ 370 ਦੇ ਵਿਰੋਧ ਕਰਨ ਵਾਲੇ ਜਨਤਾ ਦਲ ਯੂਨਾਇਟਡ ਨਾਲ ਐਡਜਸਟ ਕਰ ਰਹੀ ਹੈ। ਵਿਰੋਧ ਮਗਰੋਂ ਵੀ ਉਸ ਨਾਲ ਸਰਕਾਰ ਵਿਚ ਹੈ।
ਤੁਸੀਂ ਪ੍ਰਕਿਰਿਆ ‘ਤੇ ਸਵਾਲ ਉਠਾ ਦਿਓਗੇ ਤਾਂ ਗਾਲ•ਾਂ ਦੇਣ ਵਾਲਿਆਂ ਦਾ ਦਸਤਾ ਟੁੱਟ ਪਏਗਾ। ਉਧਰ ਬਿਹਾਰ ਵਿਚ ਭਾਜਪਾ ਮੰਤਰੀ ਦੇ ਅਹੁਦੇ ਦਾ ਸੁੱਖ ਮਾਣਦੀ ਰਹੇਗੀ। ਕਸ਼ਮੀਰ ਵਿਚ ਜ਼ਮੀਨ ਖ਼ਰੀਦਣ ਦੀ ਖ਼ੁਸ਼ੀ ਹੈ। ਦੂਸਰੇ ਸੂਬਿਆਂ ਵਿਚੋਂ ਵੀ ਅਜਿਹੇ ਪ੍ਰਬੰਧ ਹਟਾਉਣ ਦੀ ਖ਼ੁਸ਼ੀ ਮਨਾਉਣ ਦੀ ਮੰਗ ਕਰਨੀ ਚਾਹੀਦੀ ਹੈ। ਉਨ•ਾਂ ਆਦਿਵਾਸੀ ਇਲਾਕਿਆਂ ਵਿਚ ਜਿੱਥੇ ਪੰਜਵੀਂ ਅਨੁਸੂਚੀ ਤਹਿਤ ਜ਼ਮੀਨ ਖ਼ਰੀਦਣ ‘ਤੇ ਰੋਕਾਂ ਹਨ, ਉਥੇ ਵੀ ਨਾਅਰਾ ਲੱਗ ਸਕਦਾ ਹੈ ਕਿ ਜਦੋਂ ਤੱਕ ਇਹ ਨਹੀਂ ਹਟੇਗਾ, ਭਾਰਤ ਇਕ ਨਹੀਂ ਹੋਵੇਗਾ। ਤਾਂ ਕੀ ਭਾਰਤ ਦੀ ਮੰਗ ਕਰਨ ਵਾਲੇ ਆਪਣੇ ਇਸ ਨਾਅਰੇ ਨੂੰ ਲੈ ਕੇ ਪੂਰਬ-ਉੱਤਰੀ ਰਾਜਾਂ ਵਿਚ ਵੀ ਜਾਣਗੇ ਜਾਂ ਫੇਰ ਕਸ਼ਮੀਰ ਤੱਕ ਹੀ ਸੀਮਤ ਰਹਿਣਗੇ?
ਤਰੀਕਾ ਤਾਂ ਠੀਕ ਨਹੀਂ ਸੀ। ਦੁਆ ਕਰੋ ਨਤੀਜਾ ਚੰਗਾ ਹੋਵੇ। ਪਰ ਨੀਅਤ ਠੀਕ ਨਾ ਹੋਵੇ ਤਾਂ ਨਤੀਜਾ ਕਿਵੇਂ ਚੰਗਾ ਹੋ ਸਕਦਾ ਹੈ। ਕਸ਼ਮੀਰ ਨੂੰ ਇਸ ਦੀ ਕਾਫ਼ੀ ਕੀਮਤ ਚੁਕਾਉਣੀ ਪੈ ਰਹੀ ਸੀ।
ਸ਼ਾਇਦ ਕਸ਼ਮੀਰ ਨੂੰ ਬਾਕੀ ਭਾਰਤ ਦੀ ਅੱਧੀ-ਅਧੂਰੀ ਜਾਣਕਾਰੀ ਦੇ ਗੁੱਸੇ ਦਾ ਸ਼ਿਕਾਰ ਨਾ ਬਣਨਾ ਪੈ ਜਾਵੇ। ਕੀ ਅਜਿਹਾ ਹੋਵੇਗਾ? ਕਿਸੇ ਨੂੰ ਕੁਝ ਪਤਾ ਨਹੀਂ ਹੈ। ਕਸ਼ਮੀਰੀ ਲੋਕਾਂ ਦੀ ਚਿੰਤਾ ਕੀਤੀ ਜਾਣੀ ਚਾਹੀਦੀ ਹੈ। ਉਨ•ਾਂ ਨੂੰ ਗਲੇ ਲਾਉਣ ਦਾ ਸਮਾਂ ਹੈ।
ਤੁਸੀਂ ਜਾਣਦੇ ਹੋ। ਤੁਹਾਡੇ ਵਿਚੋਂ ਕੋਈ ਮੈਸੇਜ ਭੇਜ ਰਿਹਾ ਹੈ ਕਿ ਉਨ•ਾਂ ਦੀਆਂ ਧੀਆਂ-ਭੈਣਾਂ ਨਾਲ ਕੀ ਕਰਨਗੇ। ਜੇਕਰ ਤੁਸੀਂ ਵਾਕਿਆ ਹੀ ਆਪਣੇ ਜਸ਼ਨ ਪ੍ਰਤੀ ਇਮਾਨਦਾਰ ਹੋ ਤਾਂ ਦੱਸੋ ਇਸ ਮਾਨਸਿਕਤਾ ਦੇ ਲੋਕਾਂ ਨੂੰ ਲੈ ਕੇ ਤੁਹਾਡਾ ਜਸ਼ਨ ਕਿਵੇਂ ਸ਼ਾਨਦਾਰ ਹੋ ਸਕਦਾ ਹੈ?
ਜਸ਼ਨ ਮਨਾ ਰਹੇ ਲੋਕਾਂ ਦਾ ਦਿਲ ਬਹੁਤ ਵੱਡਾ ਹੈ। ਉਨ•ਾਂ ਕੋਲ ਬਹੁਤ ਸਾਰੇ ਝੂਠ ਤੇ ਬਹੁਤ ਸਾਰੀਆਂ ਨਾ-ਇਨਸਾਫੀਆਂ ਤੋਂ ਮੂੰਹ ਫੇਰ ਲੈਣ ਦਾ ਹੌਸਲਾ ਹੈ। ਤਰਕ ਅਤੇ ਤੱਥ ਮਹੱਤਵਪੂਰਨ ਨਹੀਂ ਹੈ। ਹਾਂ ਅਤੇ ਨਾ ਹੀ ਜ਼ਰੂਰੀ ਹੈ।
ਲੋਕ ਜੋ ਸੁਣਨਾ ਚਾਹੁੰਦੇ ਹਨ, ਉਹ ਕਹੋ। ਕਈ ਲੋਕਾਂ ਨੇ ਇਹ ਨੇਕ ਸਲਾਹ ਦਿੱਤੀ ਹੈ। ਕਸ਼ਮੀਰ ਭੀੜ ਦੀ ਪ੍ਰੋਗਰਾਮਿੰਗ ਨੂੰ ਟ੍ਰਿਗਰ ਕਰ ਸਕਦਾ ਹੈ, ਇਸ ਲਈ ਚੁੱਪ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਇਤਿਹਾਸ ਬਣ ਰਿਹਾ ਹੈ। ਇਕ ਕਾਰਖਾਨਾ ਖੁੱਲ•ਾ ਹੈ। ਉਸ ਵਿਚ ਕਦੋਂ ਕਿਹੜਾ ਇਤਿਹਾਸ ਬਣ ਕੇ ਬਾਹਰ ਆ ਜਾਵੇ ਕਿਸੇ ਨੂੰ ਪਤਾ ਨਹੀਂ ਚਲਦਾ। ਜਿੱਥੇ ਇਤਿਹਾਸ ਬਣਿਆ ਹੈ, ਉਥੇ ਖਾਮੋਸ਼ੀ ਹੈ।
ਜਿੱਥੇ ਜਸ਼ਨ ਹੈ, ਉਥੇ ਪਹਿਲਾਂ ਦੇ ਕਿਸੇ ਇਤਿਹਾਸ ਨਾਲ ਕੋਈ ਮਤਲਬ ਨਹੀਂ ਹੈ। ਜਦੋਂ ਮਤਲਬ ਹੁੰਦਾ ਹੈ ਤਾਂ ਇਤਿਹਾਸ ਨੂੰ ਆਪਣੇ ਹਿਸਾਬ ਨਾਲ ਬਣਾ ਲੈਂਦੇ ਹਨ। ਸਦਨ ਵਿਚ ਅਮਿਤ ਸ਼ਾਹ ਨੇ ਕਿਹਾ ਕਿ ਨਹਿਰੂ ਕਸ਼ਮੀਰ ਹੈਂਡਲ ਕਰ ਰਹੇ ਸਨ, ਸਰਦਾਰ ਪਟੇਲ ਨਹੀਂ। ਇਹ ਇਤਿਹਾਸ ਨਹੀਂ ਹੈ ਪਰ ਹੁਣ ਇਤਿਹਾਸ ਹੋ ਜਾਵੇਗਾ ਕਿਉਂਕਿ ਅਮਿਤ ਸ਼ਾਹ ਨੇ ਕਿਹਾ ਹੈ। ਉਨ•ਾਂ ਤੋਂ ਵੱਡਾ ਕੋਈ ਇਤਿਹਾਸਕਾਰ ਹੋ ਨਹੀਂ ਸਕਦਾ।
ਨੋਟ-ਚੁਟਕਲਾ ਬਣਾਉਣ ਵਾਲਿਆਂ ਨੂੰ ਦੱਸੋ ਕਿ ਕਸ਼ਮੀਰ ਗੰਭੀਰ ਮਸਲਾ ਹੈ। ਜਸ਼ਨ ਦਾ ਮਸਲਾ ਨਹੀਂ ਹੈ। ਇਨ•ਾਂ ਅਤੇ ਅਸ਼ਲੀਲ ਸੁਨੇਹੇ ਭੇਜਣ ਵਾਲਿਆਂ ਵਿਚ ਕੋਈ ਫ਼ਰਕ ਨਹੀਂ । ਦੋਹਾਂ ਨੂੰ ਕਸ਼ਮੀਰ ਦੇ ਲੋਕਾਂ ਨਾਲ ਮਤਲਬ ਨਹੀਂ ਹੈ।
ਐਨ.ਡੀ.ਟੀ.ਵੀ. ਤੋਂ ਧੰਨਵਾਦ ਸਹਿਤ

Leave a Reply

Your email address will not be published. Required fields are marked *